GurtejSingh7ਲੋਕੋ ਹੁਣ ਤਾਂ ਆਪਣੀ ਸੋਚ ਬਦਲੋ! ਦੁਨੀਆਂ ਚੰਦ ’ਤੇ ਪਹੁੰਚ ਗਈ ਤੇ ਅਸੀਂ ਅਜੇ ਵੀ ...
(18 ਮਾਰਚ 2021)
(ਸ਼ਬਦ: 1090)


ਲੁਧਿਆਣਾ ਵਿੱਚ ਇੱਕ ਨਵਜੰਮੀ ਬੱਚੀ ਕੂੜੇ ਦੇ ਢੇਰ ਵਿੱਚ ਮਿਲਣ ਪਿੱਛੋਂ ਸ਼ਹਿਰ ਅਤੇ ਮੀਡੀਆ ਵਿੱਚ ਹਲਚਲ ਹੋਈ। ਬੱਚੀ ਦੇ ਮਾਪਿਆਂ ਨੇ ਉਸ ਨੂੰ ਧੀ ਹੋਣ ਕਾਰਨ ਲਾਵਾਰਿਸ ਛੱਡ ਦਿੱਤਾ ਸੀ। ਪਤਾ ਨਹੀਂ ਅਜਿਹੀ ਕਿਹੜੀ ਮਜਬੂਰੀ ਸੀ ਜਿਸ ਕਾਰਨ ਉਸਦੇ ਨਿਰਦਈ ਮਾਪਿਆਂ ਨੇ ਅਜਿਹੇ ਘਿਨਾਉਣੇ ਕਾਰੇ ਨੂੰ ਅੰਜਾਮ ਦਿੱਤਾ। ਪੂਰੀ ਯੋਜਨਾ ਨਾਲ ਇਹ ਕੰਮ ਕੀਤਾ ਗਿਆ ਸੀ ਤੇ ਬੱਚੀ ਦੇ ਬਚਣ ਦੀ ਕੋਈ ਉਮੀਦ ਨਹੀਂ ਸੀ ਪਰ ਜਾ ਕੋ ਰਾਖੈ ਸਾਈਆਂ
, ਇੱਕ ਭਲੇ ਪੁਰਸ਼ ਨੇ ਉਸਦੀ ਚੀਕ ਸੁਣੀ ਅਤੇ ਇਸਦੀ ਇਤਲਾਹ ਪੁਲਿਸ ਨੂੰ ਦਿੱਤੀ। ਕੂੜੇ ਦੇ ਢੇਰ ਵਿੱਚੋਂ ਬੱਚੀ ਨੂੰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ। ਸਮੇਂ ਸਿਰ ਇਲਾਜ ਮਿਲਣ ਕਾਰਨ ਉਸ ਬੱਚੀ ਦੀ ਜਾਨ ਬਚ ਗਈ ਪਰ ਇਹ ਘਟਨਾ ਸਮਾਜ ਅਤੇ ਬੁੱਧੀਜੀਵੀਆਂ ਲਈ ਬਹੁਤ ਵੱਡੇ ਸਵਾਲ ਵੀ ਖੜ੍ਹੇ ਕਰ ਗਈ। ਅਗਰ ਇਹੀ ਬੱਚਾ ਲੜਕਾ ਹੁੰਦਾ ਤਾਂ ਸ਼ਾਇਦ ਉਹ ਮਾਪੇ ਉਸ ਨੂੰ ਕੂੜੇ ਦੇ ਢੇਰ ਵਿੱਚ ਇਸ ਤਰ੍ਹਾਂ ਲਾਵਾਰਿਸ ਛੱਡ ਕੇ ਨਾ ਜਾਂਦੇ। ਧੀ ਹੋਣ ਕਾਰਨ ਉਸ ਨੂੰ ਇੰਨੀ ਵੱਡੀ ਸਜ਼ਾ ਦਿੱਤੀ ਗਈ, ਜਿਸ ਵਿੱਚ ਉਸਦਾ ਕੋਈ ਕਸੂਰ ਨਹੀਂ ਸੀ। ਕੀ ਪਤਾ ਉਹ ਕਲਪਨਾ ਚਾਵਲਾ, ਮਦਰ ਟੈਰੇਸਾ ਬਣੇਗੀ ਜਾਂ ਕਿਸੇ ਸੂਰਬੀਰ ਯੋਧੇ ਨੂੰ ਜਨਮ ਦੇਵੇਗੀ।

ਹਰ ਰੋਜ਼ ਵਾਪਰਦੀਆਂ ਅਜਿਹੀਆਂ ਮੰਦਭਾਗੀ ਘਟਨਾਵਾਂ ਵਾਪਰ ਰਹੀਆਂ ਹਨ। ਕਿਧਰੇ ਧੀ ਕੁੱਤਿਆਂ, ਸੂਰਾਂ ਦਾ ਖਾਣਾ ਬਣੀ ਮਿਲਦੀ ਹੈ ਅਤੇ ਕਿਤੇ ਕੂੜੇ ਢੇਰ ਜਾਂ ਝਾੜੀਆਂ ਵਿੱਚ ਛੁਪਾਈ ਮਿਲਦੀ ਹੈ। ਬੇਗਾਨਿਆਂ ਤੋਂ ਧੀਆਂ ਦੀ ਸੁਰੱਖਿਆ ਦੀ ਆਸ ਕਿਸ ਤਰ੍ਹਾਂ ਕੀਤੀ ਜਾਵੇ ਜਦ ਆਪਣੇ ਹੀ ਆਪਣੇ ਖੂਨ ਨੂੰ ਇਸ ਤਰ੍ਹਾਂ ਰੋਲਣ ਲੱਗੇ ਹਨ। ਅਜੋਕੇ ਮਨੁੱਖ ਦੀ ਸੋਚ ਨੂੰ ਕੀ ਹੋ ਗਿਆ ਹੈ ਜੋ ਆਪਣੇ ਬਿਗਾਨੇ ਦੀ ਪਰਖ ਕਰਨਾ ਭੁੱਲ ਗਈ ਹੈ। ਇਹ ਮੰਨਿਆ ਜਾਂਦਾ ਹੈ ਕਿ ਨਾਗਿਨ ਆਪਣੇ ਬੱਚਿਆਂ ਨੂੰ ਵੀ ਖਾ ਜਾਂਦੀ ਹੈ ਪਰ ਅਜੋਕਾ ਮਨੁੱਖ ਵੀ ਉਸੇ ਰਾਹ ’ਤੇ ਨਿੱਕਲ ਪਿਆ ਲਗਦਾ ਹੈ। ਅਜਿਹੀਆਂ ਕਿਝ ਰਿਪੋਰਟਾਂ ਤਸਵੀਰਾਂ ਸਮੇਤ ਸੋਸ਼ਲ ਮੀਡੀਆ ’ਤੇ ਨਸ਼ਰ ਹੋਈਆਂ ਹਨ ਕਿ ਕਈ ਦੇਸ਼ਾਂ ਵਿੱਚ ਮਨੁੱਖੀ ਭਰੂਣ ਨੂੰ ਭੋਜਨ ਦੇ ਤੌਰ ’ਤੇ ਖਾਧਾ ਜਾਣ ਲੱਗਾ ਹੈ। ਲੋਕ ਚਟਕਾਰੇ ਲੈ ਕੇ ਖਾਂਦੇ ਦਿਖਾਏ ਹਨ ਜੋ ਨਾਗਿਨ ਦਾ ਰੂਪ ਜਾਪਦੇ ਹਨ। ਇਹ ਕਿਹੋ ਜਿਹੀ ਆਧੁਨਿਕਤਾ ਹੈ ਜਿਸ ਨੇ ਇਨਸਾਨ ਨੂੰ ਸ਼ੈਤਾਨ ਬਣਾ ਕੇ ਰੱਖ ਦਿੱਤਾ। ਅਜਿਹੇ ਲੋਕ ਇਨਸਾਨੀਅਤ ਦੇ ਨਾਂਅ ਉੱਪਰ ਕਲੰਕ ਹਨ ਤੇ ਮਨੁੱਖਤਾ ਦਾ ਮੂੰਹ ਚਿੜਾਉਂਦੇ ਹਨ।

ਮਹਾਰਾਜਾ ਰਣਜੀਤ ਸਿੰਘ ਦਾ ਨਾਂਅ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ ਹੈ। ਉਹ ਹਰ ਵਰਗ ਦਾ ਹਰਮਨ ਪਿਆਰਾ ਰਾਜਾ ਹੋਇਆ ਹੈ। ਉਸਦੇ ਰਾਜ ਵਿੱਚ ਸਾਰੇ ਲੋਕ ਖੁਸ਼ਹਾਲ ਸਨ ਤੇ ਦੀਨ ਦੁਖੀਆਂ ਦੀ ਪੁਕਾਰ ਉਹ ਵਿਸ਼ੇਸ਼ ਤੌਰ ’ਤੇ ਸੁਣਦਾ ਸੀ। ਉਸਦੀ ਮਾਤਾ ਰਾਜ ਕੌਰ ਪੰਜਾਬ ਦੇ ਮਾਲਵੇ ਇਲਾਕੇ ਦੀ ਜੰਮਪਲ ਸੀ ਜਿਸ ਕਰਕੇ ਇਤਿਹਾਸ ਵਿੱਚ ਉਸ ਨੂੰ ਮਾਈ ਮਲਵੈਣ ਕਹਿ ਕੇ ਸੱਦਿਆ ਜਾਂਦਾ ਹੈ। ਉਸ ਸਮੇਂ ਨਵਜੰਮੀਆਂ ਧੀਆਂ ਨੂੰ ਮਾਰਨ ਦਾ ਆਮ ਰਿਵਾਜ ਸੀ। ਜ਼ਿਆਦਾ ਅਫੀਮ ਖਵਾ ਕੇ ਜਾਂ ਪਾਣੀ ਵਿੱਚ ਡੋਬ ਕੇ ਮਾਰ ਦਿੱਤਾ ਜਾਂਦਾ ਸੀ। ਜਾਂ ਘੜੇ ਵਿੱਚ ਪਾ ਕੇ ਧਰਤੀ ਵਿੱਚ ਦੱਬ ਦਿੱਤਾ ਜਾਂਦਾ ਸੀ। ਜਦੋਂ ਰਾਜ ਕੌਰ ਦਾ ਜਨਮ ਹੋਇਆ ਤਾਂ ਰਿਵਾਜ ਅਨੁਸਾਰ ਉਸਦੇ ਪਰਿਵਾਰ ਨੇ ਵੀ ਉਸ ਨੂੰ ਮਾਰਨ ਦੀ ਤਰਕੀਬ ਸੋਚੀ। ਉਸ ਨੂੰ ਘੜੇ ਵਿੱਚ ਪਾ ਕੇ ਜਦੋਂ ਧਰਤੀ ਵਿੱਚ ਦੱਬਣ ਲੱਗੇ ਤਾਂ ਅਚਨਚੇਤ ਬਾਹਰੋਂ ਆ ਕੇ ਕਿਸੇ ਪਰਿਵਾਰਕ ਮੈਂਬਰ ਨੇ ਉਸ ਬੱਚੀ ਨੂੰ ਘੜੇ ਵਿੱਚੋਂ ਬਾਹਰ ਕੱਢ ਲਿਆ ਤੇ ਸਾਰਿਆਂ ਨੂੰ ਬਹੁਤ ਲਾਹਨਤਾਂ ਪਾਈਆਂ। ਉਹ ਬੱਚੀ ਬਚ ਗਈ ਤੇ ਉਸਦਾ ਨਾਮ ਰਾਜ ਕੌਰ ਰੱਖਿਆ ਗਿਆ। ਰਾਜ ਕੌਰ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਜਨਮ ਦਿੱਤਾ, ਜਿਸਦੀ ਦੁਨੀਆਂ ਦੇ ਇਤਿਹਾਸ ਵਿੱਚ ਵੱਖਰੀ ਪਹਿਚਾਣ ਹੈ। ਜੇਕਰ ਉਸ ਸਮੇਂ ਰਾਜ ਕੌਰ ਨੂੰ ਮਾਰ ਦਿੱਤਾ ਜਾਂਦਾ ਤਾਂ ਕੀ ਅਜਿਹਾ ਮਹਾਨ ਰਾਜਾ ਪੈਦਾ ਹੁੰਦਾ? ਇਸੇ ਤਰ੍ਹਾਂ ਪਤਾ ਨਹੀਂ ਸਾਡੀ ਕਿਹੜੀ ਬੱਚੀ ਮਾਂ ਬਣਕੇ ਮਹਾਰਾਣਾ ਪ੍ਰਤਾਪ, ਸ. ਭਗਤ ਸਿੰਘ, ਡਾ. ਕਲਾਮ ਵਰਗੇ ਯੁਗ ਬਦਲੂ ਮਹਾਨ ਲੋਕਾਂ ਨੂੰ ਜਨਮ ਦੇਵੇ। ਸੋਚਣ ਦੀ ਹੀ ਗੱਲ ਹੈ ਅਗਰ ਮਹਾਨ ਲੋਕਾਂ ਦੀਆਂ ਮਾਵਾਂ ਨੂੰ ਜੰਮਣ ਸਾਰ ਮਾਰ ਦਿੱਤਾ ਜਾਂਦਾ ਤਾਂ ਮਹਾਨਤਾ ਦੀ ਮਿਸਾਲ ਕਿਸਨੇ ਬਣਨਾ ਸੀ। ਇਹੀ ਗੱਲ ਅਸੀਂ ਆਪਣੇ ਆਪ ਉੱਤੇ ਲਾਗੂ ਕਰਕੇ ਵੀ ਦੇਖ ਸਕਦੇ ਹਾਂ। ਸਾਡੀਆਂ ਮਾਵਾਂ ਤੋਂ ਬਿਨਾਂ ਸਾਡਾ ਕੋਈ ਵਜੂਦ ਨਹੀਂ ਹੋਣਾ ਸੀ।

ਧੀਆਂ ਮਾਰਨ ਦੀ ਮੰਦਭਾਗੀ ਰੀਤ ਪ੍ਰਾਚੀਨ ਕਾਲ ਤੋਂ ਪ੍ਰਚਲਿਤ ਹੈ। ਗੁਰੂਆਂ ਪੀਰਾਂ ਤੇ ਸਮਾਜ ਸੁਧਾਰਕਾਂ ਨੇ ਸਮੇਂ ਸਮੇਂ ’ਤੇ ਇਸਦੇ ਖਿਲਾਫ ਅਵਾਜ਼ ਬੁਲੰਦ ਕੀਤੀ ਹੈ। ਸਿੱਖ ਰਹਿਤਨਾਮਿਆਂ ਵਿੱਚ ਗੁਰੂ ਸਾਹਿਬਾਨ ਵੱਲੋਂ ਕੁੜੀਮਾਰ ਨਾਲ ਵਰਤਣ ਦੀ ਸਖਤ ਮਨਾਹੀ ਹੈ। ਉਸ ਸਮੇਂ ਜੰਮਦੀ ਕੁੜੀ ਨੂੰ ਮਾਰਿਆ ਜਾਂਦਾ ਸੀ ਪਰ ਅਜੋਕੇ ਸਮੇਂ ਅੰਦਰ ਵਿਗਿਆਨ ਦੀ ਕਾਢ ਅਲਟਰਾਸਾਊਂਡ, ਜੋ ਮਨੁੱਖੀ ਭਲੇ ਲਈ ਕੀਤੀ ਗਈ ਸੀ, ਇਸਦਾ ਗਲਤ ਪ੍ਰਯੋਗ ਮਰੀ ਜ਼ਮੀਰ ਵਾਲੇ ਲੋਕਾਂ ਵੱਲੋਂ ਕੀਤਾ ਜਾਂਦਾ ਹੈ। ਸੰਨ 1979 ਵਿੱਚ ਅਲਟਰਾਸਾਊਂਡ ਦੀ ਆਮਦ ਦੇਸ਼ ਵਿੱਚ ਹੋਈ ਸੀ ਅਤੇ ਸੰਨ 1990 ਵਿੱਚ ਬੱਚੇ ਦੇ ਲਿੰਗ ਨਿਰਧਾਰਨ ਜਾਂਚ ਸ਼ੁਰੂ ਹੋ ਕੇ ਸਿਖਰ ’ਤੇ ਪਹੁੰਚ ਗਈ ਸੀ। ਗਰਭ ਵਿੱਚ ਪਲ ਰਹੇ ਬੱਚੇ ਦਾ ਲਿੰਗ ਅਸਾਨੀ ਨਾਲ ਪਤਾ ਲੱਗ ਜਾਂਦਾ ਹੈ ਤੇ ਬੱਚੀ ਹੋਣ ਦੀ ਸੂਰਤ ਵਿੱਚ ਉਸ ਨੂੰ ਗਰਭ ਵਿੱਚ ਹੀ ਮਾਰਿਆ ਜਾਂਦਾ ਹੈ ਜਾਂ ਫਿਰ ਧੀ ਕੂੜੇ ਦੇ ਢੇਰਾਂ ਜਾਂ ਝਾੜੀਆਂ ਵਿੱਚ ਜ਼ਿੰਦਗੀ ਮੌਤ ਦੀ ਲੜਾਈ ਲੜਦੀ ਹੋਈ ਮਿਲਦੀ ਹੈ।

ਸੰਸਾਰ ਵਿੱਚ ਭਰੂਣ ਹੱਤਿਆ ਅੱਜ ਭਿਆਨਕ ਰੂਪ ਧਾਰਨ ਕਰ ਚੁੱਕੀ ਹੈ। ਪੜ੍ਹੇ ਲਿਖੇ ਅਤੇ ਅਗਾਂਹਵਧੂ ਕਹਾਉਂਦੇ ਲੋਕ ਇਸ ਸ਼ਰਮਨਾਕ ਕਾਰੇ ਨੂੰ ਸਰੇਆਮ ਅੰਜਾਮ ਦੇ ਰਹੇ ਹਨ। ਦੇਸ਼ ਪੱਧਰ ’ਤੇ ਸੰਨ 1901 ਵਿੱਚ ਪੁਰਸ਼ ਔਰਤ ਅਨੁਪਾਤ 1000 : 972 ਸੀ ਜੋ ਲਗਾਤਾਰ ਗਿਰਦਾ ਜਾ ਰਿਹਾ ਹੈ। ਸੌ ਸਾਲ ਬਾਅਦ ਭਾਵ ਸੰਨ 2001 ਇਹ ਅਨੁਪਾਤ 1000: 933 ਰਹਿ ਗਿਆ ਹੈ। ਸੰਨ 2011 ਦੀ ਜਨਗਣਨਾ ਅਨੁਸਾਰ ਦੇਸ਼ ਪੱਧਰ ’ਤੇ 1000: 940 ਅਨੁਪਾਤ ਪਾਇਆ ਗਿਆ ਹੈ। ਇਸ ਤਰ੍ਹਾਂ ਦੇਸ਼ ਵਿੱਚ 3.7 ਕਰੋੜ ਔਰਤਾਂ ਦੀ ਘਾਟ ਹੈ। ਪੰਜਾਬ ਅਤੇ ਹਰਿਆਣਾ ਵਿੱਚ ਇਹ ਅਨੁਪਾਤ ਕ੍ਰਮਵਾਰ 1000 : 846 ਅਤੇ 1000 : 830 ਹੈ। ਹਰਿਆਣਾ ਦੇ ਇੱਕ ਸੰਪਰਦਾਇ ਦੇ ਲੜਕਿਆਂ ਨੂੰ ਵਿਆਹ ਲਈ ਕੁੜੀ ਨਹੀਂ ਮਿਲ ਰਹੀ ਤੇ ਦੂਜੇ ਸੂਬਿਆਂ ਵਿੱਚ ਲੜਕੀਆਂ ਲਈ ਪਹੁੰਚ ਕਰਨੀ ਪੈ ਰਹੀ ਹੈ।

ਇੱਕ ਗੈਰ ਸਰਕਾਰੀ ਸੰਸਥਾ ਅਨੁਸਾਰ ਦੇਸ਼ ਅੰਦਰ ਵੱਖ ਵੱਖ ਥਾਵਾਂ ’ਤੇ ਹਰ ਰੋਜ਼ 271 ਬੱਚੇ ਲਾਵਾਰਸ ਛੱਡੇ ਜਾਂਦੇ ਹਨ, ਜਿਨ੍ਹਾਂ ਵਿੱਚੋਂ 90 ਫੀਸਦੀ ਕੁੜੀਆਂ ਹੁੰਦੀਆਂ ਹਨ। ਲਾਵਾਰਿਸ ਥਾਵਾਂ ਤੋਂ ਚੁੱਕ ਕੇ ਇਨ੍ਹਾਂ ਨੂੰ ਅਨਾਥ ਆਸ਼ਰਮਾਂ ਵਿੱਚ ਪਹੁੰਚਾ ਦਿੱਤਾ ਜਾਂਦਾ ਹੈ। ਇਹ ਬੱਚੇ ਜ਼ਿਆਦਾਤਰ ਅਨਾਥ ਆਸ਼ਰਮਾਂ ਵਿੱਚ ਨਰਕਮਈ ਜ਼ਿੰਦਗੀ ਜਿਊਂਦੇ ਹਨ। ਉੱਥੇ ਤਾਇਨਾਤ ਵਾਰਡਨ ਜਾਂ ਹੋਰ ਅਮਲਾ ਇਨ੍ਹਾਂ ਨਾਲ ਜਾਨਵਰਾਂ ਵਰਗਾ ਸਲੂਕ ਕਰਦਾ ਹੈ। ਛੋਟੀਆਂ ਛੋਟੀਆਂ ਬੱਚੀਆਂ ਦਾ ਜਿਸਮਾਨੀ ਸ਼ੋਸ਼ਣ ਤਕ ਕੀਤਾ ਜਾਂਦਾ ਹੈ। ਮੀਡੀਆ ਨੇ ਅਜਿਹੇ ਅਣਗਿਣਤ ਕੇਸਾਂ ਦਾ ਖੁਲਾਸਾ ਕੀਤਾ ਹੈ। ਧੀਆਂ ਦੀ ਸੁਰੱਖਿਆ ਲਈ ਲੋਕਾਂ ਨੂੰ ਖੁਦ ਅੱਗੇ ਆਉਣਾ ਪਵੇਗਾ। ਲੋਕਾਂ ਨੂੰ ਜਾਗਰੂਕ ਕਰਨ ਦੀ ਬਹੁਤ ਲੋੜ ਹੈ। ਉਸ ਤੋਂ ਜ਼ਿਆਦਾ ਪੜ੍ਹੇ ਲਿਖੇ ਅਨਪੜ੍ਹਾਂ ਨੂੰ ਜਗਾਉਣ ਦੀ ਅਹਿਮ ਜ਼ਰੂਰਤ ਹੈ। ਇਹ ਹੈਰਾਨੀਜਨਕ ਤੱਥ ਹੈ ਕਿ ਕੁੜੀ ਮਾਰਨ ਅਤੇ ਧੀ ਨੂੰ ਲਾਵਾਰਿਸ ਛੱਡਣ ਵਿੱਚ ਸਾਰੇ ਪੜ੍ਹੇ ਲਿਖੇ ਲੋਕ ਸ਼ਾਮਿਲ ਹਨ। ਸਮਾਜ ਅੰਦਰ ਅਜਿਹਾ ਮਾਹੌਲ ਸਿਰਜਣ ਦੀ ਲੋੜ ਹੈ ਤਾਂ ਜੋ ਧੀਆਂ ਉੱਪਰ ਹੁੰਦੇ ਜ਼ੁਲਮਾਂ ਦਾ ਅੰਤ ਹੋ ਸਕੇ। ਲੋਕੋ ਹੁਣ ਤਾਂ ਆਪਣੀ ਸੋਚ ਬਦਲੋ! ਦੁਨੀਆਂ ਚੰਦ ’ਤੇ ਪਹੁੰਚ ਗਈ ਤੇ ਅਸੀਂ ਅਜੇ ਵੀ ਰੂੜੀਵਾਦੀ ਖਿਆਲਾਂ ਵਿੱਚ ਉਲਝੇ ਹੋਏ ਹਾਂ। ਜੇ ਹੋਰ ਦੀ ਧੀ ਦੀ ਸੁਰੱਖਿਆ ਨਹੀਂ ਕਰ ਸਕਦੇ, ਘੱਟੋ ਘੱਟ ਆਪਣੀ ਬੱਚੀ ਨੂੰ ਸੁਰੱਖਿਅਤ ਜਿਊਣ ਦਾ ਹੱਕ ਤਾਂ ਜ਼ਰੂਰ ਦਿਉ। ਆਓ ਹਰ ਧੀ ਦੇ ਦਿਲ ਨੂੰ ਝੰਜੋੜਨ ਵਾਲੇ ਇਹ ਬੋਲ “ਧੀ ਨਾ ਮੈਂਨੂੰ ਜਾਣੀ ਬਾਬਲਾ, ਬਣ ਪੁੱਤ ਮੈਂ ਵੰਡਾਊਂ ਦੁੱਖ ਤੇਰੇ’ ਸੁਣਨ ਦੀ ਕੋਸ਼ਿਸ਼ ਕਰੀਏ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2652)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਡਾ. ਗੁਰਤੇਜ ਸਿੰਘ

ਡਾ. ਗੁਰਤੇਜ ਸਿੰਘ

Chak Bakhtu, Bathinda, Punjab, India.
Phone: (91 - 94641 - 72783)

Email: (gurtejsingh72783@gmail.com)

More articles from this author