“ਦੇਸ ਦੀ ਜ਼ਿਆਦਾਤਰ ਸੰਪਤੀ ਚੰਦ ਘਰਾਣਿਆਂ ਦੇ ਹੱਥਾਂ ਵਿੱਚ ਹੈ ਜੋ ਅਰਬਪਤੀ ਹਨ ...”
(2 ਨਵੰਬਰ 2018)
ਪਿਛਲੇ ਸਮੇਂ ਦੌਰਾਨ ਸਾਡੇ ਰਾਜਨੀਤਕ ਨੇਤਾਵਾਂ ਦੇ ਬੇਤੁਕੇ ਬਿਆਨ ਸਨ ਕਿ ਲੋਕ ਦਿੱਲੀ ਵਿਚ ਪੰਜ ਰੁਪਏ ਵਿੱਚ ਰੱਜ ਕੇ ਰੋਟੀ ਖਾ ਸਕਦੇ ਹਨ। ਉਦੋਂ ਉਨ੍ਹਾਂ ਨੂੰ ਪੁੱਛ ਲਿਆ ਜਾਣਾ ਚਾਹੀਦਾ ਸੀ ਕਿ ਅਜਿਹੀ ਜਗ੍ਹਾ ਦਾ ਪਤਾ ਜਨਤਕ ਕਰੋ ਤਾਂ ਜੋ ਭੁੱਖਮਰੀ ਦੇ ਸ਼ਿਕਾਰ ਲੋਕ ਉੱਥੇ ਜਾਕੇ ਆਪਣਾ ਪੇਟ ਭਰ ਸਕਣ। ਬੀਤੇ ਦਿਨੀਂ ਮੀਡੀਆ ਵਿਚ ਨਸ਼ਰ ਇਸ ਸ਼ਰਮਨਾਕ ਅਤੇ ਦੁੱਖਭਰੀ ਖਬਰ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਕਿ ਭੁੱਖਮਰੀ ਨੇ ਤਿੰਨ ਮਾਸੂਮ ਬੱਚਿਆਂ ਦੀ ਬਲੀ ਲੈ ਲਈ ਹੈ। ਇਹ ਖਬਰ ਭਾਰਤ ਦੇ ਕਿਸੇ ਦੂਰ ਦੁਰਾਡੇ ਇਲਾਕੇ ਦੀ ਨਹੀਂ ਸਗੋਂ ਦੇਸ਼ ਦੀ ਰਾਜਧਾਨੀ ਦਿੱਲੀ ਦੀ ਹੈ ਅਤੇ ਉਪਰੋਕਤ ਬਿਆਨ ਦੇਣ ਵਾਲੇ ਨੇਤਾਵਾਂ ਦੀ ਕਰਮਭੂਮੀ ਸੰਸਦ ਦੇ ਬਿਲਕੁਲ ਨੇੜੇ ਪੈਂਦੀ ਜਗ੍ਹਾ ਦੀ ਹੈ ਜਿੱਥੇ ਇੱਕ ਗਰੀਬ ਬਦਨਸੀਬ ਬਾਪ ਆਪਣੇ ਮਾਸੂਮ ਬੱਚਿਆਂ ਲਈ ਇੱਕ ਸਮੇਂ ਦਾ ਖਾਣਾ ਵੀ ਨਹੀਂ ਜੁਟਾ ਸਕਿਆ। ਰਿਕਸ਼ਾ ਚਾਲਕ ਇਹ ਬਾਪ ਲੁਟੇਰਿਆਂ ਦੀ ਲੁੱਟ ਦਾ ਸ਼ਿਕਾਰ ਹੋਣ ਤੋਂ ਬਾਅਦ ਆਪਣੇ ਪਰਿਵਾਰ ਲਈ ਰੋਟੀ ਦਾ ਪ੍ਰਬੰਧ ਕਰਨ ਲਈ ਨਿੱਕਲਿਆ ਸੀ, ਪਰ ਵਾਪਸ ਨਹੀਂ ਪਰਤਿਆ। ਇਸੇ ਦੌਰਾਨ ਉਨ੍ਹਾਂ ਮਾਸੂਮਾਂ ਨੇ ਦਮ ਤੋੜਿਆ ਅਤੇ ਪੋਸਟਮਾਰਟਮ ਦੀ ਰਿਪੋਰਟ ਨੇ ਇਹ ਖੁਲਾਸਾ ਕੀਤਾ ਕਿ ਕਈ ਦਿਨਾਂ ਤੋਂ ਬੱਚਿਆਂ ਦੇ ਪੇਟ ਅੰਦਰ ਅੰਨ ਦਾ ਦਾਣਾ ਤੱਕ ਨਹੀਂ ਗਿਆ ਸੀ।
ਪਿਛਲੇ ਸਾਲ ਪੱਛਮੀ ਬੰਗਾਲ ਵਿੱਚ ਆਧਾਰ ਕਾਰਡ ਨਾ ਹੋਣ ਕਾਰਨ ਰਾਸ਼ਨ ਡਿਪੂ ਵਿੱਚੋਂ ਰਾਸ਼ਨ ਨਾ ਮਿਲਣ ਕਾਰਨ ਇੱਕ ਪਰਿਵਾਰ ਦੇ ਕਈ ਜੀਆਂ ਦੀ ਭੁੱਖਮਰੀ ਨਾਲ ਮੌਤ ਹੋ ਗਈ ਸੀ। ਹਰ ਰੋਜ਼ ਵਾਪਰ ਰਹੀਆਂ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਡਿਜੀਟਲ ਭਾਰਤ ਦਾ ਮੂੰਹ ਚਿੜਾਉਂਦੀਆਂ ਹਨ ਅਤੇ ਧਾਰਮਿਕ-ਸਮਾਜਿਕ ਸੰਸਥਾਵਾਂ ਨੂੰ ਬਹੁਤ ਵੱਡੀ ਵੰਗਾਰ ਪਾਉਂਦਿਆਂ ਚੁਣੌਤੀ ਦਿੰਦੀਆਂ ਹਨ।
ਦੱਖਣੀ ਏਸ਼ੀਆ ਭੁੱਖਮਰੀ ਕਾਰਨ ਲੰਮੇ ਸਮੇਂ ਤੋਂ ਸੁਰਖੀਆਂ ਵਿੱਚ ਹੈ ਜਿੱਥੇ ਔਰਤਾਂ ਅਤੇ ਬੱਚੇ ਵੱਡੀ ਸੰਖਿਆ ਵਿਚ ਕੁਪੋਸ਼ਣ ਦਾ ਸ਼ਿਕਾਰ ਹਨ ਅਤੇ ਭੁੱਖਮਰੀ ਅਤੇ ਪੌਸ਼ਟਿਕ ਆਹਾਰ ਦੀ ਅਣਹੋਂਦ ਕਾਰਨ ਵੱਖ ਵੱਖ ਤਰ੍ਹਾਂ ਦੀਆਂ ਬੀਮਾਰੀਆਂ ਨਾਲ ਮਰਨ ਲਈ ਮਜਬੂਰ ਹਨ।
ਸੰਯੁਕਤ ਰਾਸਟਰ ਦੀ ਰਿਪੋਰਟ ਅਨੁਸਾਰ ਸਾਡੇ ਦੇਸ਼ ਦੀ 17.5 ਫੀਸਦੀ ਜਨਸੰਖਿਆ ਭਾਵ 21 ਕਰੋੜ ਲੋਕ ਭੁੱਖਮਰੀ ਦੇ ਸ਼ਿਕਾਰ ਹਨ। ਇੱਕ ਅੰਦਾਜ਼ੇ ਮੁਤਾਬਕ ਭਾਰਤ ਵਿੱਚ ਵਿਸ਼ਵ ਦੀ ਸਭ ਤੋਂ ਜ਼ਿਆਦਾ ਭੁੱਖਮਰੀ ਹੈ। ਦੁਨੀਆਂ ਦੀ ਕੁੱਲ ਭੁੱਖਮਰੀ ਨਾਲ ਪੀੜਿਤ ਅਬਾਦੀ ਦਾ 25 ਫੀਸਦੀ ਭਾਗ ਭਾਰਤ ਵਿੱਚ ਨਿਵਾਸ ਕਰਦਾ ਹੈ। 2017 ਦੀ ਇੱਕ ਰਿਪੋਰਟ ਅਨਸਾਰ ਭੁੱਖਮਰੀ ਸੂਚਕ ਅੰਕ ਵਿੱਚ 119 ਵਿੱਚੋਂ ਭਾਰਤ ਦਾ ਸਥਾਨ 100ਵਾਂ ਹੈ।
ਵਿਸ਼ਵ ਬੈਂਕ ਅਨੁਸਾਰ ਦੁਨੀਆਂ ਦੇ 49 ਫੀਸਦੀ ਬੱਚੇ ਕੁਪੋਸ਼ਣ ਦਾ ਸ਼ਿਕਾਰ ਹਨ ਜਿਨ੍ਹਾਂ ਵਿੱਚੋਂ 34 ਫੀਸਦੀ ਬੱਚੇ ਭਾਰਤ ਵਿੱਚ ਹਨ। ਯੂਨੀਸੈੱਫ ਦੀ ਤਾਜ਼ਾ ਰਿਪੋਰਟ ਅਨੁਸਾਰ 42 ਫੀਸਦੀ ਬੱਚੇ ਭਾਰਤ ਵਿੱਚ ਕੁਪੋਸ਼ਣ ਦਾ ਸ਼ਿਕਾਰ ਹਨ ਜਿਨ੍ਹਾਂ ਦੀ ਉਮਰ ਪੰਜ ਸਾਲ ਤੋਂ ਘੱਟ ਹੈ।
ਹਰੀ ਕ੍ਰਾਂਤੀ ਦੀ ਆਮਦ ਨਾਲ ਸਾਡੇ ਮੁਲਕ ਵਿਚ ਅੰਨ ਦੇ ਉਤਪਾਦਨ ਵਿਚ ਰਿਕਾਰਡ ਤੋੜ ਵਾਧਾ ਹੋਇਆ ਹੈ ਜਿਸਨੇ ਦੇਸ਼ ਦੀ ਅੰਨ ਭੰਡਾਰਨ ਸਮਰੱਥਾ ਨੂੰ ਲਬਰੇਜ਼ ਕੀਤਾ। ਬੇਤਹਾਸ਼ਾ ਅੰਨ ਦੀ ਪੈਦਾਵਾਰ ਹੋਣ ਦੇ ਬਾਵਜੂਦ ਗਰੀਬੀ ਦੀ ਦਲਦਲ ਕਾਰਨ ਦੇਸ਼ ਦੇ ਕਈ ਕਰੋੜ ਦੇਸ਼ ਵਾਸੀਆਂ ਦੀ ਪਹੁੰਚ ਤੋਂ ਦੂਰ ਹੈ ਜਿਸਦੀ ਗਵਾਹੀ ਦੇਸ਼ ਅੰਦਰ ਭੁੱਖਮਰੀ ਦੀਆਂ ਵਾਪਰਦੀਆਂ ਘਟਨਾਵਾਂ ਭਰਦੀਆਂ ਹਨ। ਪਿਛਲੇ ਕਈ ਸਾਲਾਂ ਤੋਂ ਆਸਮਾਨ ਥੱਲੇ ਭੰਡਾਰ ਕੀਤਾ ਅਨਾਜ ਸੜ ਰਿਹਾ ਹੈ ਜਾਂ ਇੰਝ ਕਹਿ ਲਉ ਕਿ ਅਨਾਜ ਭੰਡਾਰਨ ਲਈ ਜਗ੍ਹਾ ਦੀ ਕਮੀ ਹੈ। ਸੜਿਆ ਅਨਾਜ ਨਦੀਆਂ ਨਹਿਰਾਂ ਵਿਚ ਵਹਾਇਆ ਜਾ ਰਿਹਾ ਹੈ, ਜਿਸਨੇ ਜਲ ਜੀਵ ਜਗਤ ਲਈ ਨਵੇਂ ਖਤਰੇ ਪੈਦਾ ਕੀਤੇ ਹਨ। ਇਸ ਪੂਰੇ ਘਟਨਾਕ੍ਰਮ ਦਾ ਨੋਟਿਸ ਲੈਂਦਿਆਂ ਦੇਸ ਦੀ ਸਰਵ ਉੱਚ ਅਦਾਲਤ ਨੇ ਸਰਕਾਰ ਤੋਂ ਪੁੱਛਿਆ ਸੀ ਕਿ ਸੜ ਰਿਹਾ ਅਨਾਜ ਸਸਤੇ ਦਰ ’ਤੇ ਗਰੀਬਾਂ ਨੂੰ ਕਿਉਂ ਨਹੀਂ ਵੰਡਿਆ ਜਾ ਰਿਹਾ ਹੈ। ਮਾਣਯੋਗ ਅਦਾਲਤ ਦੀ ਇਸ ਟਿੱਪਣੀ ਨੂੰ ਨਕਾਰਿਆ ਨਹੀਂ ਜਾ ਸਕਦਾ। ਬਾਅਦ ਵਿਚ ਚਾਹੇ ਰਾਸ਼ਨ ਨਾਲ ਕਈ ਸਕੀਮਾਂ ਸਰਕਾਰਾਂ ਨੇ ਲਾਗੂ ਕੀਤੀਆਂ ਹਨ ਜੋ ਅਜੇ ਵੀ ਲੋੜਵੰਦਾਂ ਦੀ ਪਹੁੰਚ ਤੋਂ ਦੂਰ ਹਨ। ਅਗਰ ਉਹ ਉਨ੍ਹਾਂ ਲੋਕਾਂ ਤੱਕ ਪਹੁੰਚੀਆਂ ਹੁੰਦੀਆਂ ਤਾਂ ਭੁੱਖਮਰੀ ਵਾਲਾ ਧੱਬਾ ਦੇਸ਼ ਦੇ ਮੱਥੇ ਤੋਂ ਕਦੋਂ ਦਾ ਧੋਤਾ ਜਾ ਚੁੱਕਿਆ ਹੋਣਾ ਸੀ। ਗਰੀਬੀ ਅਤੇ ਅਨਪੜ੍ਹਤਾ ਨੇ ਇਸ ਦਲਦਲ ਵਿੱਚੋਂ ਲੋਕਾਂ ਨੂੰ ਬਾਹਰ ਹੀ ਨਹੀਂ ਨਿੱਕਲਣ ਦਿੱਤਾ।
ਗਰੀਬੀ ਦੇ ਅਰਥ ਗੁਲਾਮੀ ਹਨ ਤੇ ਗੁਲਾਮੀ ਦੇ ਅਰਥ ਨਰਕ ਹੋ ਨਿੱਬੜਦੇ ਹਨ। ਗਰੀਬ ਲੋਕਾਂ ਦਾ ਨਾ ਤਾਂ ਸਰੀਰਕ ਵਿਕਾਸ ਹੁੰਦਾ ਹੈ ਤੇ ਨਾ ਹੀ ਮਾਨਸਿਕ। ਉਹ ਸਾਰੀ ਉਮਰ ਰੋਟੀ ਲਈ ਖਪਦੇ ਮਰ ਜਾਂਦੇ ਹਨ। ਗਰੀਬੀ ਨੂੰ ਭਾਵੇਂ ਧਰਮਾਂ ਨੇ ਸਲਾਹਿਆ ਹੈ ਪਰ ਅਸਲ ਵਿੱਚ ਇਹ ਬੜੀ ਖੌਫਨਾਕ ਹੈ। ਜਿਸ ਤਰ੍ਹਾਂ ਫਿਲਮਾਂ ਵਿੱਚ ਜੰਗਲ ਦੀ ਰਾਤ ਬੜੀ ਰਮਣੀਕ ਦਿਖਾਈ ਜਾਂਦੀ ਹੈ, ਉਂਝ ਜੰਗਲ ਦੀ ਰਾਤ ਬੜੀ ਭਿਆਨਕ ਹੁੰਦੀ ਹੈ। ਸਾਡੇ ਮੁਕਾਬਲੇ ਪੱਛਮ ਦੇ ਲੋਕ ਜ਼ਿਆਦਾ ਧਾਰਮਿਕ ਨਹੀਂ ਹਨ ਪਰ ਉੱਥੇ ਖੁਸ਼ਹਾਲੀ ਸਾਡੇ ਨਾਲੋਂ ਜ਼ਿਆਦਾ ਹੈ। ਭਾਰਤ ਇੱਕ ਧਾਰਮਿਕ ਦੇਸ ਹੈ ਜਿਸ ਕਰਕੇ ਲੋਕ ਭਾਵੁਕਤਾ ਦੀ ਪਕੜ ਹੇਠ ਹਨ। ਧਰਮਾਂ ਨੇ ਪੈਸੇ ਨੂੰ ਰੁਹਾਨੀਅਤ ਦੇ ਰਾਹ ਦਾ ਰੋੜਾ ਦੱਸਿਆ ਹੈ ਤੇ ਮਾਇਆ ਨਾਗਣੀ ਜਿਹੇ ਸ਼ਬਦਾਂ ਦਾ ਇੰਦਰਜਾਲ ਬੁਣਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਗਰੀਬ ਦੇਸ ਦੇ ਲੋਕਾਂ ਦੇ ਦੇਵਤੇ, ਸੰਤ ਮਹਾਂਪੁਰਸ਼ ਬੜੇ ਅਮੀਰ ਹਨ। ਲੋਕਾਂ ਨੂੰ ਗਰੀਬੀ ਉੱਤਮ ਦੱਸਦੇ ਹੋਏ ਰੱਬ ਨੂੰ ਮਿਲਣ ਦੀ ਪਹਿਲੀ ਪੌੜੀ ਦੱਸਣ ਵਾਲੇ ਬਾਬਿਆਂ ਦੀ ਖੁਦ ਦੀ ਪ੍ਰਤੀਦਿਨ ਕਮਾਈ ਲੱਖਾਂ ਰੁਪਏ ਹੈ ਤੇ ਠਾਠ ਵਾਲਾ ਜੀਵਨ ਜਿਉਂਦੇ ਹਨ। ਇੱਕ ਅੰਦਾਜ਼ੇ ਮੁਤਾਬਕ ਅਗਰ ਧਾਰਮਿਕ ਸਥਾਨਾਂ ਦੇ ਸਰਮਾਏ ਨੂੰ ਹੀ ਲੋਕ ਭਲਾਈ ਹਿਤ ਵਰਤ ਲਿਆ ਜਾਵੇ ਤਾਂ ਲੋਕਾਂ ਦੇ ਬੁਰੇ ਦਿਨ ਅਸਾਨੀ ਨਾਲ ਖਤਮ ਹੋ ਸਕਦੇ ਹਨ।
ਜ਼ਿੰਦਗੀ ਬਸਰ ਕਰਨ ਲਈ ਪੈਸੇ ਦੀ ਲੋੜ ਅਹਿਮ ਹੈ। ਗੋਲ ਧਰਤੀ ਉੱਤੇ ਰਿੜ੍ਹਨ ਲਈ ਪੈਸੇ ਦੀ ਜ਼ਰੂਰਤ ਹੈ। ਸੰਸਾਰ ਵਿੱਚ ਪੈਸੇ ਤੋਂ ਬਿਨਾਂ ਕੁਝ ਵੀ ਸੰਭਵ ਨਹੀਂ ਹੈ। ਪੈਸੇ ਦੀ ਅਹਿਮੀਅਤ ਨੂੰ ਸਮਝਣ ਦੀ ਲੋੜ ਹੈ। ਜਿਹੜੇ ਲੋਕ ਪੈਸੇ ਦੀ ਕਦਰ ਕਰਦੇ ਹਨ ਪੈਸਾ ਵੀ ਉਨ੍ਹਾਂ ਦੀ ਕਦਰ ਕਰਦਾ ਹੈ। ਕੌਮੀ ਨਮੂਨਾ ਸਰਵੇਖਣ ਸੰਗਠਨ ਅਨੁਸਾਰ ਭਾਰਤ ਦੇ 35 ਕਰੋੜ ਲੋਕ ਗਰੀਬੀ ਰੇਖਾ ਤੋਂ ਹੇਠਾਂ ਹਨ। ਇਨ੍ਹਾਂ ਦੀ ਗਿਣਤੀ ਪਿੰਡਾਂ ਵਿਚ ਜ਼ਿਆਦਾ ਹੈ। ਪਿੰਡਾਂ ਵਿੱਚ 17 ਰੁਪਏ ਅਤੇ ਸ਼ਹਿਰਾਂ ਵਿੱਚ 23 ਰੁਪਏ ਵਿੱਚ ਦੈਨਿਕ ਜੀਵਨ ਦੀਆਂ ਲੋੜਾਂ ਪੂਰਦੇ ਹਨ। ਜੁਲਾਈ 2014 ਵਿੱਚ ਰੰਗਰਾਜਨ ਕਮੇਟੀ ਨੇ ਗਰੀਬੀ ਦੇ ਸਬੰਧ ਵਿੱਚ ਇੱਕ ਰਿਪੋਰਟ ਪੇਸ਼ ਕੀਤੀ ਸੀ ਜੋ ਕੌਮੀ ਨਮੂਨਾ ਸਰਵੇਖਣ ਸੰਗਠਨ ਦੁਆਰਾ ਕੀਤੇ ਅਧਿਐਨ ’ਤੇ ਅਧਾਰਿਤ ਸੀ। ਇਸ ਰਿਪੋਰਟ ਅਨੁਸਾਰ ਦੇਸ਼ ਅੰਦਰ ਦਸ ਲੋਕਾਂ ਵਿੱਚੋਂ ਤਿੰਨ ਗਰੀਬ ਹਨ। ਗਰੀਬੀ ਰੇਖਾ ਦਾ ਨਵਾਂ ਮਾਪਦੰਡ ਤੈਅ ਕਰਦਿਆਂ ਰਿਪੋਰਟ ਵਿੱਚ ਸ਼ਹਿਰੀ ਖੇਤਰ ਵਿੱਚ 47 ਰੁਪਏ ਅਤੇ ਪੇਂਡੂ ਖੇਤਰਾਂ ਵਿੱਚ 32 ਰੁਪਏ ਤੋਂ ਘੱਟ ਕਮਾਉਣ ਵਾਲੇ ਨੂੰ ਗਰੀਬੀ ਰੇਖਾ ਤੋਂ ਹੇਠਾਂ ਰੱਖਿਆ ਗਿਆ ਹੈ। ਇਹ ਰਿਪੋਰਟ ਸੰਨ 2013 ਦੀ ਤੇਂਦੁਲਕਰ ਕਮੇਟੀ ਦੀ ਰਿਪੋਰਟ ਦਾ ਸਿਰਫ ਰੀਵਿਊ ਸੀ। ਵਿਸ਼ਵ ਬੈਂਕ ਦੀ ਸੰਨ 2010 ਦੀ ਇੱਕ ਰਿਪੋਰਟ ਅਨੁਸਾਰ ਭਾਰਤ ਦੇ 32.7 ਫੀਸਦੀ ਭਾਰਤੀ ਲੋਕ ਅੰਤਰਰਾਸ਼ਟਰੀ ਗਰੀਬੀ ਰੇਖਾ ਤੋਂ ਹੇਠਾਂ ਹਨ। ਉਨ੍ਹਾਂ ਦਾ ਰੋਜ਼ਾਨਾ ਖਰਚ 1.25 ਡਾਲਰ ਹੈ ਅਤੇ 68.7 ਫੀਸਦੀ ਲੋਕਾਂ ਦਾ ਰੋਜ਼ਾਨਾ ਦਾ ਖਰਚ ਕੇਵਲ ਦੋ ਡਾਲਰ ਹੈ। ਦੁਨੀਆਂ ਦੇ ਇੱਕ ਚੌਥਾਈ ਗਰੀਬ ਲੋਕ ਭਾਰਤ ਵਿੱਚ ਹਨ। ਗਰੀਬੀ, ਭੁੱਖਮਰੀ ਤੋਂ ਤੰਗ ਆਕੇ ਲੋਕ ਹਰ ਤਰ੍ਹਾਂ ਦਾ ਕੰਮ ਕਰਨ ਲਈ ਮਜਬੂਰ ਹੋ ਜਾਂਦੇ ਹਨ ਜੋ ਉਨ੍ਹਾਂ ਨੂੰ ਲੋਕਾਂ ਦਾ ਗੁਲਾਮ ਬਣਾਉਂਦਾ ਹੈ। ਗਲੋਬਲ ਸਲੇਵਰੀ ਇੰਡੈਕਸ 2016 ਅਨੁਸਾਰ ਵਿਸ਼ਵ ਵਿਚ 4 ਕਰੋੜ 50 ਲੱਖ ਗੁਲਾਮ ਹਨ। ਦੁਨੀਆਂ ਦੇ 167 ਦੇਸ਼ਾਂ ਵਿੱਚ ਭਾਰਤ ਨੂੰ ਸਭ ਤੋਂ ਵੱਧ ਗੁਲਾਮਾਂ ਵਾਲਾ ਦੇਸ਼ ਐਲਾਨਿਆ ਹੈ। ਭਾਰਤ ਵਿੱਚ 1.83 ਕਰੋੜ ਲੋਕ ਗੁਲਾਮ ਹਨ। ਇਹ ਦੇਸ਼ ਦੀ ਕੁੱਲ ਅਬਾਦੀ ਦਾ 1.4 ਫੀਸਦੀ ਹੈ। ਦਾਸ ਪ੍ਰਥਾ ਨੂੰ ਖਤਮ ਕਰਨ ਲਈ ਐਕਟ 1976 ਹੋਂਦ ਵਿੱਚ ਆਇਆ। ਧਾਰਮਿਕਤਾ ਹੋਣ ਦੇ ਬਾਵਜੂਦ ਗਰੀਬ ਲੋਕ ਭੁੱਖ, ਗਰਮੀ ਸਰਦੀ, ਇਲਾਜ ਤੋਂ ਬਿਨਾਂ ਮਰਨ ਲਈ ਮਜਬੂਰ ਹਨ। ਇਨ੍ਹਾਂ ਦੀ ਸਾਰ ਲੈਣ ਵਾਲਾ ਕੋਈ ਨਜ਼ਰ ਨਹੀਂ ਆਉਂਦਾ। ਗਰੀਬੀ ਮਿਟਾਉਣ ਦੇ ਨਾਅਰੇ ਲਗਾਉਣ ਵਾਲੇ ਖੁਦ ਮਿਟ ਗਏ ਪਰ ਇਸ ਦੈਂਤ ਨੂੰ ਨਹੀਂ ਮਾਰ ਸਕੇ। ਦੇਸ ਅੰਦਰ ਇੱਕ ਪਾਸੇ ਲੋਕ ਜ਼ਿਆਦਾ ਖਾਣ ਕਰਕੇ ਮੋਟਾਪਾ ਅਤੇ ਇਸ ਤੋਂ ਪੈਦਾ ਹੁੰਦੀਆਂ ਬੀਮਾਰੀਆਂ ਤੋਂ ਪ੍ਰੇਸ਼ਾਨ ਹਨ। ਇਸਦੇ ਇਲਾਜ ਲਈ ਕਸਰਤ ਜਾਂ ਹੋਰ ਤਰੀਕੇ ਅਪਣਾਉਂਦੇ ਹਨ। ਦੂਜੇ ਪਾਸੇ ਗਰੀਬ ਲੋਕ ਹਨ ਜਿਨ੍ਹਾਂ ਨੂੰ ਖਾਣ ਨੂੰ ਪੂਰਾ ਖਾਣਾ ਵੀ ਨਸੀਬ ਨਹੀਂ ਹੁੰਦਾ। ਦੇਸ਼ ਅੰਦਰ ਇਹ ਬੜੀ ਹਾਸੋਹੀਣੀ ਸਥਿਤੀ ਹੈ। ਗਰੀਬੀ ਰੂਪੀ ਡਾਇਣ ਗਰੀਬ ਬੱਚਿਆਂ ਦੀ ਪੜ੍ਹਾਈ ਸ਼ਰੇਆਮ ਨਿਗਲ ਰਹੀ ਹੈ ਤੇ ਉਹ ਸੁਪਨੇ ਮਾਰ ਕੇ ਖੁਦਕੁਸ਼ੀਆਂ ਦੇ ਰਾਹ ਪੈ ਗਏ ਹਨ, ਜਿਸਦੀਆਂ ਗਵਾਹ ਰੋਜ਼ ਦੀਆਂ ਨਸ਼ਰ ਹੁੰਦੀਆਂ ਖਬਰਾਂ ਹਨ। ਸਾਡੇ ਅਮੀਰ ਅਤੇ ਹਮਦਰਦ ਲੋਕਾਂ ਦੀ ਜੁਰਅਤ ਨਹੀਂ ਪੈਂਦੀ ਕਿ ਗਰੀਬ ਬੱਚਿਆਂ ਨੂੰ ਉਨ੍ਹਾਂ ਦਾ ਹੱਕ ਦਿਵਾ ਸਕਣ।
ਸਾਡਾ ਦੇਸ ਵਿਕਾਸਸ਼ੀਲ ਦੇਸ਼ਾਂ ਦੀ ਕਤਾਰ ਵਿੱਚ ਹੈ ਤੇ ਵਿਕਸਿਤ ਦੇਸ਼ਾਂ ਦੇ ਬਰਾਬਰ ਜਾਣ ਲਈ ਤਤਪਰ ਹੈ। ਗਰੀਬੀ, ਭੁੱਖਮਰੀ, ਗੁਲਾਮੀ ਅਤੇ ਭ੍ਰਿਸ਼ਟਾਚਾਰ ਸਾਰੇ ਵਿਕਾਸਸ਼ੀਲ ਦੇਸ਼ਾਂ ਦੀ ਸਮੱਸਿਆ ਹੈ। ਇਨ੍ਹਾਂ ਦੇ ਹੱਲ ਲਈ ਸੂਝਵਾਨ ਨੇਤਾ, ਪ੍ਰਬੰਧਕ, ਈਮਾਨਦਾਰੀ ਨਾਲ ਚੰਗੀਆਂ ਨੀਤੀਆਂ ਲਾਗੂ ਕਰਨ ਲਈ ਪੂਰੇ ਦੇਸ ਦੀ ਇੱਕਜੁਟਤਾ ਲਾਜ਼ਮੀ ਹੈ। ਸੋਨੇ ਦੀ ਚਿੜੀ ਇਸ ਦੇਸ ਨੂੰ ਵਿਦੇਸ਼ੀ ਹਮਲਾਵਰਾਂ ਅਤੇ ਇੱਥੋਂ ਦੇ ਭ੍ਰਿਸ਼ਟ ਹਾਕਮਾਂ ਨੇ ਨੋਚ ਨੋਚ ਖਾ ਲਿਆ, ਇਸ ਕਰਕੇ ਕੁਦਰਤੀ ਨਿਆਮਤਾਂ ਨਾਲ ਲਬਰੇਜ਼ ਹੋਣ ਦੇ ਬਾਵਜੂਦ ਦੇਸ ਦੇ ਲੋਕ ਗੁਰਬਤ ਦੇ ਦਿਨ ਕੱਟਣ ਲਈ ਮਜ਼ਬੂਰ ਹਨ। ਇੱਥੋਂ ਦੇ ਲੋਕਾਂ ਦੀ ਗਰੀਬੀ ਦਾ ਮੁੱਖ ਕਾਰਨ ਅਨਪੜ੍ਹਤਾ, ਬੇਰੁਜ਼ਗਾਰੀ, ਸਹੀ ਨੀਤੀਆਂ ਦੀ ਕਮੀ, ਸਰਕਾਰਾਂ ਦੀ ਕਮਜ਼ੋਰ ਇੱਛਾ ਸ਼ਕਤੀ, ਭ੍ਰਿਸ਼ਟਾਚਾਰ ਆਦਿ ਹੈ। ਭ੍ਰਿਸ਼ਟਾਚਾਰ ਕਾਰਨ ਦੇਸ ਦਾ ਅਰਬਾਂ ਰੁਪਇਆ ਵਿਦੇਸ਼ੀ ਬੈਕਾਂ ਵਿੱਚ ਜਮ੍ਹਾਂ ਪਿਆ ਹੈ ਤੇ ਹੁਣ ਹੋਰ ਵੀ ਜਮ੍ਹਾਂ ਹੋ ਰਿਹਾ ਹੈ। ਇਹ ਦੇਸ਼ ਤੋਂ ਬਾਹਰ ਜਾ ਰਿਹਾ ਅਤੇ ਬਿਦੇਸ਼ਾਂ ਵਿੱਚ ਪਿਆ ਕਾਲਾ ਧਨ ਦੇਸ ਦੇ ਲੋਕਾਂ ਦੀ ਜ਼ਿੰਦਗੀ ਦੇ ਅਹਿਮ ਦਿਨ ਕਾਲੇ ਕਰ ਰਿਹਾ ਹੈ।
ਸਾਡੇ ਦੇਸ ਦੀ ਆਰਥਿਕ ਸਥਿਤੀ ਬੜੀ ਨਿਰਾਲੀ ਹੈ, ਭਾਰਤ ਅਮੀਰ ਤੇ ਗਰੀਬ ਦੋ ਤਰ੍ਹਾਂ ਦੇ ਲੋਕਾਂ ਵਿੱਚ ਵੰਡਿਆ ਹੋਇਆ ਹੈ। ਦੇਸ ਦੀ ਜ਼ਿਆਦਾਤਰ ਸੰਪਤੀ ਚੰਦ ਘਰਾਣਿਆਂ ਦੇ ਹੱਥਾਂ ਵਿੱਚ ਹੈ ਜੋ ਅਰਬਪਤੀ ਹਨ ਅਤੇ ਸੰਸਾਰ ਦੇ ਗਿਣੇ ਚੁਣੇ ਅਮੀਰ ਲੋਕਾਂ ਵਿਚ ਉਨ੍ਹਾਂ ਦੇ ਨਾਮ ਸ਼ੁਮਾਰ ਹਨ। ਦੂਜੇ ਪਾਸੇ ਉਹ ਲੋਕ ਹਨ ਜੋ ਦੋ ਵਕਤ ਦੀ ਰੋਟੀ ਤੋਂ ਵੀ ਆਹਰੀ ਹਨ। ਦੇਸ਼ ਦੀ ਜ਼ਿਆਦਾਤਰ ਅਬਾਦੀ ਗਰੀਬੀ ਰੂਪੀ ਕੋਹੜ ਤੋਂ ਪੀੜਿਤ ਹੈ। ਪਾਪੀ ਪੇਟ ਦੀ ਅੱਗ ਬੁਝਾਉਣ ਲਈ ਲੋਕ ਖੂਨ, ਸਰੀਰ ਦੇ ਅੰਗ ਸਸਤੇ ਭਾਆਂ ’ਤੇ ਵੇਚਣ ਲਈ ਮਜਬੂਰ ਹਨ। ਔਰਤਾਂ ਮਜਬੂਰੀ ਵਸ ਜਿਸਮ ਫਰੋਸ਼ੀ ਦੀ ਗੰਦੀ ਦਲਦਲ ਵਿੱਚ ਧਸਦੀਆਂ ਜਾ ਰਹੀਆਂ ਹਨ। ਛੋਟੀਆਂ ਛੋਟੀਆਂ ਬੱਚੀਆਂ ਕੋਠਿਆਂ ’ਤੇ ਪਹੁੰਚ ਜਾਦੀਆਂ ਹਨ। ਛੋਟੇ ਛੋਟੇ ਬੱਚੇ ਸਕੂਲ ਜਾਣ ਦੀ ਉਮਰੇ ਮਜ਼ਦੂਰੀ ਕਰਦੇ ਹਨ। ਇਨ੍ਹਾਂ ਸਭ ਸਮੱਸਿਆਵਾਂ ਦੀ ਜੜ੍ਹ ਗਰੀਬੀ ਹੈ। ਸਾਡੇ ਨੇਤਾ ਗਰੀਬੀ ਹਟਾਉਣ ਦੀ ਥਾਂ ਗਰੀਬਾਂ ਦਾ ਮਜ਼ਾਕ ਉਡਾਉਂਦੇ ਹਨ।
*****
(1374)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)