MohanSharma7ਹਾੜ੍ਹਾ ਜੀਸਾਡੇ ’ਤੇ ਤਰਸ ਕਰੋ। ਇਹ ਜਵਾਕ ਰੁਲ ਜਾਣਗੇ ...
(25 ਜਨਵਰੀ 2018)

 

ਕੁਝ ਸਮਾਂ ਪਹਿਲਾਂ ਪੰਜਾਬ ਦੇ ਇੱਕ ਪਿੰਡ ਦਾ ਨੌਜਵਾਨ ਮੇਰੇ ਸੰਪਰਕ ਵਿੱਚ ਆਇਆ। ਨਸ਼ਿਆਂ ਕਾਰਨ ਹੱਡੀਆਂ ਦੀ ਮੁੱਠ ਬਣੇ ਵੀਹ ਕੁ ਵਰ੍ਹਿਆਂ ਦੇ ਉਸ ਨੌਜਵਾਨ ਨੇ ਭਰੇ ਹੋਏ ਮਨ ਨਾਲ ਦੱਸਿਆ, “ਮੈਂ ਨਸ਼ਿਆਂ ਦੀ ਦਲਦਲ ਵਿੱਚ ਧਸ ਕੇ ਸਿਰਫ ਆਪਣਾ ਆਪ ਹੀ ਬਰਬਾਦ ਨਹੀਂ ਕੀਤਾ ਸਗੋਂ ਆਪਣੇ ਮਾਪਿਆਂ ਨੂੰ ਵੀ ਖੁੰਗਲ ਕਰ ਦਿੱਤਾ ਹੈ। ਮੇਰੇ ਮਾਪਿਆਂ ਨੇ ਮੇਰੀ ਚਿੰਤਾ ਕਾਰਨ ਕਦੇ ਚੱਜ ਨਾਲ ਹੱਸ ਕੇ ਵੀ ਨਹੀਂ ਵੇਖਿਆ...” ਉਸ ਨੌਜਵਾਨ ਦੇ ਨੈਣਾਂ ਦੇ ਕੋਇਆਂ ਵਿੱਚੋਂ ਵਹਿੰਦੇ ਅੱਥਰੂਆਂ ਤੋਂ ਲੱਗਦਾ ਸੀ ਕਿ ਉਹ ਨਸ਼ਿਆਂ ਦੀ ਦਲਦਲ ਤੋਂ ਸੱਚ-ਮੁੱਚ ਮੁਕਤੀ ਚਾਹੁੰਦਾ ਹੈ।

“ਕਿਹੜਾ-ਕਿਹੜਾ ਨਸ਼ਾ ਕਰਦਾ ਹੈਂ ਤੂੰ?” ਦੇ ਜਵਾਬ ਵਿੱਚ ਉਸਨੇ ਦੱਸਿਆ ਕਿ ਉਹ ਨਸ਼ੇ ਦੇ ਟੀਕੇ ਲਾਉਂਦਾ ਹੈ। ਥਾਂ-ਥਾਂ ਸਿਰੰਜਾਂ ਨਾਲ ਵਿੰਨ੍ਹੀਆਂ ਬਾਹਾਂ ਦੇ ਨਾਲ-ਨਾਲ ਦੋਨੋਂ ਲੱਤਾਂ ਅਤੇ ਪੈਰਾਂ ਤੇ’ ਆਏ ਸੋਜੇ ਤੋਂ ਲਗਦਾ ਸੀ ਕਿ ਹੁਣ ਲੱਤਾਂ ਅਤੇ ਬਾਹਾਂ ’ਤੇ ਟੀਕਾ ਲਾਉਣ ਤੋਂ ਨਾੜਾਂ ਵੀ ਜਵਾਬ ਦੇ ਗਈਆਂ ਹਨ। ਉਹਦੀ ਤਰਸਯੋਗ ਹਾਲਤ ਨੂੰ ਵੇਖ ਕੇ ਜਿੱਥੇ ਨਸ਼ਿਆਂ ਕਾਰਨ ਸਿਵਿਆਂ ਵੱਲ ਵੱਧ ਰਹੇ ਉਸ ਨੌਜਵਾਨ ਦੀ ਚਿੰਤਾ ਮੇਰੇ ਸਾਹਮਣੇ ਸੀ, ਉੱਥੇ ਹੀ ਅਜਿਹੇ ਹੋਰ ਅਨੇਕਾਂ ਨੌਜਵਾਨਾਂ ਦਾ ਨਸ਼ਿਆਂ ਵਿਚ ਧਸ ਕੇ ਜਵਾਨੀ ਦਾ ਘਾਣ ਕਰਨਾ, ਨੈਤਿਕ ਕਦਰਾਂ ਕੀਮਤਾਂ ਨੂੰ ਸਿੱਕੇ ਟੰਗ ਕੇ ਨਸ਼ਿਆਂ ਦੀ ਪ੍ਰਾਪਤੀ ਲਈ ਅਨੈਤਿਕ ਕੰਮ ਕਰਨੇ, ਮਾਪਿਆਂ ਦੇ ਗਲ ਗੂਠਾ ਦੇ ਕੇ ਪੈਸੇ ਪ੍ਰਾਪਤ ਕਰਨੇ ਅਤੇ ਹਰਲ-ਹਰਲ ਕਰਦੀ ਜਵਾਨੀ ਦੇ ਬਰਬਾਦੀ ਦੇ ਰਾਹ ’ਤੇ ਜਾਣ ਦੀਆਂ ਅਨੇਕਾਂ ਘਟਨਾਵਾਂ ਮੇਰੇ ਸਾਹਮਣੇ ਆ ਰਹੀਆਂ ਸਨ। ਨਸ਼ੇ ਦੀ ਪ੍ਰਾਪਤੀ ਲਈ ਨਸ਼ਈ ਤੋਂ ਕੋਈ ਵੀ ਨਜਾਇਜ਼ ਕੰਮ 5-7 ਹਜ਼ਾਰ ਰੁਪਏ ਦੇ ਕੇ ਕਰਵਾਇਆ ਜਾ ਸਕਦਾ ਹੈ। ਪਰ ਉਸ ਨੌਜਵਾਨ ਦੀ ਸਥਿਤੀ ਇਸ ਤੋਂ ਵੱਖਰੀ ਸੀ। ਉਹ ਜਿੱਥੇ ਨਸ਼ਾ ਮੁਕਤ ਹੋਣ ਲਈ ਤਰਲੇ ਕਰ ਰਿਹਾ ਸੀ, ਉੱਥੇ ਹੀ ਜਿਸ ਮੈਡੀਕਲ ਸਟੋਰ ਤੋਂ ਉਹ ਨਸ਼ੇ ਦੇ ਟੀਕੇ ਮਹਿੰਗੇ ਭਾਅ ਖਰੀਦਦਾ ਸੀ, ਉਸ ਬੰਦੇ ਨੂੰ ਵੀ ਉਹ ਸਬਕ ਸਿਖਾਉਣਾ ਚਾਹੁੰਦਾ ਸੀ।

“ਸਰ, ਮੇਰੀ ਜ਼ਿੰਦਗੀ ਤਾਂ ਉਸ ਨੇ ਖਰਾਬ ਕਰ ਹੀ ਦਿੱਤੀ ਐ, ਪਰ ਹੋਰ ਤਾਂ ਬਚ ਜਾਣ ...ਮੈਂ ਖੁਲ੍ਹੇ ਆਮ ਸਾਹਮਣੇ ਆ ਕੇ ਉਹਨੂੰ ਫੜਾਉਣਾ ਚਾਹੁੰਦਾ ਹਾਂ ਤਾਂ ਜੋ ਕੋਈ ਹੋਰ ਮਾਂ ਦਾ ਪੁੱਤ ਮੇਰੇ ਵਾਂਗੂ ...” ਉਹਦੇ ਅੱਥਰੂਆਂ ਦੀ ਭਾਸ਼ਾ ਤੋਂ ਉਹਦੇ ਦ੍ਰਿੜ੍ਹ ਸੰਕਲਪ ਦਾ ਪ੍ਰਗਟਾਵਾ ਹੋ ਰਿਹਾ ਸੀ।

ਮੈਂ ਉਸ ਨੂੰ ਡਿਪਟੀ ਕਮਿਸ਼ਨਰ ਕੋਲ ਲੈ ਗਿਆ ਅਤੇ ਉਹਦੀ ਦੁੱਖ ਭਰੀ ਕਹਾਣੀ ਦਾ ਵਰਣਨ ਕਰਕੇ ਦੱਸਿਆ ਕਿ ਹੁਣ ਇਹ ਨੌਜਵਾਨ ਸਾਹਮਣੇ ਆ ਕੇ ਨਸ਼ਾ ਵੇਚਣ ਵਾਲੇ ਮੈਡੀਕਲ ਸਟੋਰ ਦੇ ਮਾਲਕ ਨੂੰ ਰੰਗੇ ਹੱਥੀਂ ਫੜਾਉਣਾ ਚਾਹੁੰਦਾ ਹੈ। ਡਿਪਟੀ ਕਮਿਸ਼ਨਰ ਨੇ ਤੁਰੰਤ ਟੀਮ ਦਾ ਗਠਨ ਕਰਕੇ ਵਿਉਂਤਬੰਦੀ ਬਣਾ ਲਈ ਅਤੇ ਉਸ ਨੌਜਵਾਨ ਨੂੰ ਸਮਝਾਇਆ ਕਿ ਮੈਡੀਕਲ ਸਟੋਰ ਤੋਂ ਨਸ਼ੇ ਦੇ ਟੀਕੇ ਖਰੀਦਣ ਉਪਰੰਤ ਉਹ ਸਿਰ ਉੱਤੇ ਦੋ-ਤਿੰਨ ਵਾਰ ਹੱਥ ਫੇਰ ਕੇ ਇਸ਼ਾਰਾ ਕਰੇਗਾ ਅਤੇ ਫਿਰ ਟੀਮ ਵੱਲੋਂ ਅਗਲੀ ਕਾਰਵਾਈ ਕੀਤੀ ਜਾਵੇਗੀ।

ਉਸ ਟੀਮ ਵਿਚ ਮੈਨੂੰ ਵੀ ਸ਼ਾਮਲ ਕੀਤਾ ਗਿਆ। ਸਾਡਾ ਸਾਰਾ ਮਿਸ਼ਨ ਗੁਪਤ ਰੱਖਿਆ ਗਿਆ। ਚਾਰ ਮੈਂਬਰਾਂ ਦੀ ਟੀਮ ਨਾਲ ਪੁਲਿਸ ਕਰਮਚਾਰੀ ਸਾਦੇ ਕਪੜਿਆਂ ਵਿਚ ਇੱਧਰ-ਉੱਧਰ ਖੜ੍ਹ ਗਏ। ਜਦੋਂ ਉਹ ਨੌਜਵਾਨ ਦੁਕਾਨ ਤੇ ਗਿਆ ਤਾਂ ਦੁਕਾਨ ਬੰਦ ਸੀ। ਪੁਰਾਣਾ ਗਾਹਕ ਹੋਣ ਕਾਰਨ ਉਸ ਨੇ ਟੈਲੀਫੋਨ ’ਤੇ ਆਪਣਾ ਥਹੁ-ਟਿਕਾਣਾ ਦੱਸਣ ਉਪਰੰਤ ‘ਸਮਾਨ’ ਦੀ ਮੰਗ ਕੀਤੀ ਤਾਂ ਦੁਕਾਨ ਮਾਲਕ ਦਾ ਜਵਾਬ ਸੀ ਕਿ ਮੈਂ ਪਰਿਵਾਰ ਸਮੇਤ ਦੋਂਹ ਦਿਨਾਂ ਲਈ ਘੁੰਮਣ ਜਾ ਰਿਹਾ ਹਾਂ, ਫਿਰ ਆ ਕੇ ਲੈ ਲਵੀਂ। ਪਰ ਉਸ ਨੌਜਵਾਨ ਦੇ ਇਹ ਕਹਿਣ ’ਤੇ ਕਿ ਮੈਂ 15 ਦਿਨਾਂ ਦਾ ਇਕੱਠਾ ਸਮਾਨ ਖਰੀਦਣਾ ਹੈ, ਪੈਸੇ ਨਗਦ ਦੇਵਾਂਗਾ, ਦੇ ਜਵਾਬ ਵਿਚ ਦੁਕਾਨਦਾਰ ਨੇ “ਹੁਣੇ ਆਉਂਦਾ ਹਾਂਦਾ ਗਰੀਨ ਸਿਗਨਲ ਦੇ ਦਿੱਤਾ।

ਕੁਝ ਹੀ ਸਮੇਂ ਬਾਅਦ ਦੁਕਾਨਦਾਰ ਦੀ ਗੱਡੀ ਆ ਗਈ। ਉਸ ਦਾ ਪਰਿਵਾਰ ਗੱਡੀ ਵਿਚ ਹੀ ਬੈਠਾ ਰਿਹਾ ਅਤੇ ਉਹ ਛੇਤੀ ਨਾਲ ਕਾਰ ਵਿੱਚੋਂ ਉੱਤਰ ਕੇ ਦੁਕਾਨ ਖੋਲ੍ਹਣ ਉਪਰੰਤ ਜਿਉਂ ਹੀ ਉਸ ਨੌਜਵਾਨ ਦੀ ਮੰਗ ਅਨੁਸਾਰ ਉਸ ਨੂੰ ਨਸ਼ੇ ਦੇ ਟੀਕੇ ਨਿਰਧਾਰਿਤ ਕੀਮਤ ਤੋਂ ਅੰਦਾਜ਼ਨ ਪੰਜ ਗੁਣਾ ਵੱਧ ਕੀਮਤ ’ਤੇ ਦੇਣ ਉਪਰੰਤ ਪੈਸੇ ਆਪਣੀ ਜੇਬ ਵਿਚ ਪਾਉਣ ਲੱਗਿਆ ਤਾਂ ਨੌਜਵਾਨ ਦੇ ਆਪਣੇ ਸਿਰ ਉੱਪਰ ਹੱਥ ਫੇਰਨ ਦੇ ਇਸ਼ਾਰੇ ਨਾਲ ਉਸ ਨੂੰ ਤੁਰੰਤ ਦਬੋਚ ਲਿਆ। ਟੀਮ ਵਿਚ ਡਰੱਗ ਇੰਸਪੈਕਟਰ ਵੀ ਨਾਲ ਹੀ ਸੀ। ਜਦੋਂ ਦੁਕਾਨ ਦੀ ਤਲਾਸ਼ੀ ਲਈ ਗਈ ਤਾਂ ਉੱਥੋਂ ਗੈਰ ਕਾਨੂੰਨੀ ਰੱਖੀਆਂ ਨਸ਼ੇ ਦੀ ਸ਼ੀਸ਼ੀਆਂ, ਟੀਕੇ ਅਤੇ ਦਵਾਈਆਂ ਦਾ ਮਿਲਿਆ ਭੰਡਾਰ ਵੇਖ ਕੇ ਲੱਗਦਾ ਸੀ ਕਿ ਅਜਿਹਾ ਵਰਤਾਰਾ ਬਿਨਾਂ ਕਿਸੇ ਡਰ-ਭੈਅ ਤੋਂ ਜਾਰੀ ਰਹਿਣ ਪਿੱਛੇ ਕੁਝ ਹੋਰ ‘ਤਾਕਤਾਂ’ ਦਾ ਵੀ ਥਾਪੜਾ ਹੋ ਸਕਦਾ ਹੈ।

ਇਸ ਸਫਲ ਮਿਸ਼ਨ ਦੀ ਸੂਚਨਾ ਡਿਪਟੀ ਕਮਿਸ਼ਨਰ ਸਾਹਿਬ ਨੂੰ ਦਿੱਤੀ ਗਈ ਤਾਂ ਉਹ ਵੀ ਮੌਕੇ ’ਤੇ ਪਹੁੰਚ ਗਏ। ਉਸ ਸਮੇਂ ਸੀਨ ਬਹੁਤ ਹੀ ਭਾਵੁਕ ਹੋ ਗਿਆ ਜਦੋਂ ਮੈਡੀਕਲ ਸਟੋਰ ਦੇ ਮਾਲਕ ਦੀ ਪਤਨੀ ਕਾਰ ਵਿੱਚੋਂ ਉੱਤਰੀ ਅਤੇ ਉਸ ਨੇ ਡਿਪਟੀ ਕਮਿਸ਼ਨਰ ਦੇ ਪੈਰਾਂ ਵਿਚ ਡਿੱਗ ਕੇ ਰਹਿਮ ਦੀ ਅਪੀਲ ਕੀਤੀ। ਉਹ ਆਪਣੇ ਦੋ ਮਾਸੂਮ ਬੱਚਿਆਂ ਵੱਲ ਇਸ਼ਾਰਾ ਕਰਦਿਆਂ ਗਿੜਗਿੜਾਈ, “ਹਾੜ੍ਹਾ ਜੀ, ਸਾਡੇ ’ਤੇ ਤਰਸ ਕਰੋ। ਇਹ ਜਵਾਕ ਰੁਲ ਜਾਣਗੇ।”

ਉਹਦੇ ਤਰਲੇ ’ਤੇ ਡਿਪਟੀ ਕਮਿਸ਼ਨਰ ਨੇ ਉਸ ਹੱਡੀਆਂ ਦੇ ਮੁੱਠ ਬਣੇ ਨੌਜਵਾਨ ਵੱਲ ਇਸ਼ਾਰਾ ਕਰਦਿਆਂ ਕਿਹਾ, “ਬੀਬੀ, ਤੈਨੂੰ ਆਪਣੇ ਬੱਚਿਆਂ ਦਾ ਤਾਂ ਖਿਆਲ ਹੈ, ਇਹ ਵੀ ਕਿਸੇ ਦਾ ਪੁੱਤ ਹੈ। ਪਤਾ ਨਹੀਂ ਇਹੋ-ਜਿਹੇ ਹੋਰ ਕਿੰਨੇ ਇਸ ਤਰ੍ਹਾਂ ਦੇ ਗੰਦੇ ਕਾਰਿਆਂ ਕਾਰਨ ਬਰਬਾਦ ਹੋ ਹਰੇ ਨੇ।ਇਹ ਕਹਿੰਦਿਆਂ ਸਿਹਤ ਅਧਿਕਾਰੀਆਂ ਅਤੇ ਪੁਲਿਸ ਕਰਮਚਾਰੀਆਂ ਨੂੰ ਬਣਦੀ ਕਾਰਵਾਈ ਦਾ ਆਦੇਸ਼ ਦੇ ਕੇ ਡਿਪਟੀ ਕਮਿਸ਼ਨਰ ਗੱਡੀ ਵਿਚ ਬਹਿ ਗਏ।

ਨੌਜਵਾਨ ਦੇ ਚਿਹਰੇ ’ਤੇ ਕੁਝ ਚੰਗਾ ਕਰਨ ਦਾ ਸਕੂਨ ਡੁੱਲ੍ਹ-ਡੁੱਲ੍ਹ ਪੈਂਦਾ ਸੀ। ਉਸ ਵੇਲੇ ਮੈਂ ਗੰਭੀਰ ਹੋ ਕੇ ਸੋਚ ਰਿਹਾ ਸੀ, “ਨਸ਼ਾ ਮੁਕਤ ਸਮਾਜ ਸਿਰਜਣ ਲਈ ਇਸ ਤਰ੍ਹਾਂ ਦੇ ਪੀੜਤ ਨੌਜਵਾਨ, ਨਸ਼ਿਆਂ ਦਾ ਕਾਲਾ ਧੰਦਾ ਕਰਨ ਵਾਲਿਆਂ ਦੀ ਗਿੱਚੀ ਨੱਪਣ ਵਾਲੇ ਅਧਿਕਾਰੀ ਅਤੇ ਪਬਲਿਕ ਦੀ ਗੰਦੇ ਨੂੰ ਗੰਦਾ ਕਹਿਣ ਦੀ ਬੁਲੰਦ ਆਵਾਜ਼ ਦਾ ਜਦੋਂ ਸੁਮੇਲ ਹੋ ਗਿਆ, ਤਦ ਹੀ ਪੰਜਾਬ ਦੇ ਪਿੰਡੇ ’ਤੇ ਨਸ਼ਿਆਂ ਦੀ ਜੰਮੀ ਧੂੜ ਨੂੰ ਧੋਤਾ ਜਾ ਸਕਦਾ ਹੈ।

*****

(984)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author