NiranjanBoha7ਇਸ ਸੰਗ੍ਰਹਿ ਦੀਆਂ ਕਹਾਣੀਆਂ ਦੇ ਪਾਤਰਾਂ ਦੀ ਵਾਰਤਾਲਾਪੀ ਭਾਸ਼ਾ ਉਹਨਾਂ ਦੀਆਂTriptaKSingh2
(5 ਅਕਤੂਬਰ 2021)

 

ਮਨੁੱਖੀ ਚੇਤਨ ਤੇ ਅਵਚੇਤਨ ਵਿਚਲੇ ਦਵੰਦਾਤਮਕ ਸੰਬੰਧਾਂ ਦੀ ਸਾਜੀਵ ਪੇਸ਼ਕਾਰੀ ਕਰਦਾ ਕਹਾਣੀ ਸੰਗ੍ਰਹਿ: ਇਕ ਦਿਨ

BookIkkDin1ਤ੍ਰਿਪਤਾ ਕੇ ਸਿੰਘ ਪੰਜਾਬੀ ਕਹਾਣੀਕਾਰਾਂ ਦੀ ਪੰਜਵੀ ਪੀੜ੍ਹੀ ਦੀ ਪ੍ਰਤੀਨਿਧਤਾ ਕਰਨ ਵਾਲੀ ਉਹ ਸਮਰੱਥ ਕਹਾਣੀਕਾਰਾ ਹੈ ਜਿਸ ਆਪਣੀ ਮੌਲਿਕ ਕਹਾਣੀਆਂ ਦੀ ਪੁਸਤਕ ਛਪਣ ਤੋਂ ਪਹਿਲਾਂ ਹੀ ਪੰਜਾਬੀ ਕਹਾਣੀ ਦੇ ਖੇਤਰ ਵਿਚ ਆਪਣੀ ਵੱਖਰੀ ਤੇ ਉੱਘੜਵੀਂ ਪਛਾਣ ਬਣਾ ਲਈ ਸੀਉਸ ਦੇ ਪਲੇਠੇ ਕਹਾਣੀ ਸੰਗ੍ਰਹਿ ‘ਇਕ ਦਿਨ’ ਨੇ ਜਿੱਥੇ ਉਸਦੀ ਸਾਹਿਤਕ ਪਛਾਣ ਦੇ ਰੰਗ ਹੋਰ ਗੂੜ੍ਹੇ ਕੀਤੇ ਹਨ ਉੱਤੇ ਆਪਣੀ ਨਿਵੇਕਲੀ ਕਿਸਮ ਦੀ ਮਨੋ ਵਿਸ਼ਲੇਸ਼ਣੀ ਬਿਰਤਾਂਤਕਾਰੀ ਰਾਹੀਂ ਪੰਜਾਬੀ ਕਹਾਣੀ ਵਿਚ ਹੋਰ ਵੀ ਨਵਾਂਪਣ ਲਿਆਂਦਾ ਹੈ। ਉਸਦੀਆਂ ਕਹਾਣੀਆਂ ਮਨੁੱਖੀ ਚੇਤਨ ਤੇ ਅਵਚੇਤਨ ਅਵਸਥਾ ਵਿਚਲੇ ਦਵੰਦਾਤਮਕ ਸਬੰਧਾਂ ਦੀ ਪੇਸ਼ਕਾਰੀ ਭਾਵੇਂ ਚੇਤੰਨ ਹੋ ਕੇ ਹੀ ਕਰਦੀਆਂ ਹਨ ਪਰ ਇਸ ਪੇਸ਼ਕਾਰੀ ਦਾ ਬਿਰਤਾਂਤ ਵਧੇਰੇ ਕਰਕੇ ਮਨੁੱਖੀ ਅਵਚੇਤਨ ਵਿਚ ਪਈਆਂ ਅਪੂਰਨ ਇੱਛਾਵਾਂ, ਦੁਬਿਧਾਵਾਂ, ਸ਼ੰਕਾਵਾਂ, ਤਣਾਵਾਂ ਤੇ ਭਟਕਨਾਵਾਂ ਦੀ ਤਰਜ਼ਮਾਨੀ ਕਰਨ ਵਾਲਾ ਹੀ ਹੁੰਦਾ ਹੈ। ਇਹ ਕਹਾਣੀਆਂ ਉਹਨਾਂ ਮਨੋ ਸਮਾਜਿਕ ਕਾਰਨਾਂ ਦੀ ਨਿਸ਼ਾਨਦੇਹੀ ਉਚੇਚੇ ਤੌਰ ’ਤੇ ਕਰਦੀਆਂ ਹਨ ਜੋ ਔਰਤ ਤੇ ਮਰਦ ਦੇ ਸਹਿਜ ਸਬੰਧਾਂ ਨੂੰ ਪੇਚੀਦਾ ਤੇ ਗੁੰਝਲਦਾਰ ਬਣਾਉਂਦੇ ਹਨ ਸਮਾਜ ਦੀ ਪੁਰਸ਼ ਪ੍ਰਧਾਨਤਾ ਵਾਲੀ ਬਣਤਰ ਜਦੋਂ ਔਰਤ ਨੂੰ ਦੁਜੈਲੇ ਸਥਾਨ ’ਤੇ ਰੱਖਣ ਦੀ ਸੁਚੇਤ ਕੋਸ਼ਿਸ਼ ਕਰਦੀ ਹੈ ਤਾਂ ਉਸਦੀਆਂ ਕਹਾਣੀਆਂ ਔਰਤ ਦਾ ਪੱਖ ਪੂਰਦਿਆਂ ਉਹਨਾਂ ਦੀ ਧਿਰ ਬਨਣ ਵਿਚ ਵਿਸ਼ਵਾਸ ਰੱਖਦੀਆਂ ਹਨ। ਔਰਤ ਤੇ ਮਰਦ ਵਿਚਲੇ ਪ੍ਰਵਾਨਿਤ ਜਾਂ ਵਰਜਿਤ ਰਿਸ਼ਤਿਆਂ ਦੇ ਵਿਗਿਆਨ ਨੂੰ ਪੇਸ਼ ਕਰਨ ਵੇਲੇ ਉਹ ਦੋਹੇਂ ਧਿਰਾਂ ਦੀਆਂ ਮਾਨਸਿਕ ਅਤੇ ਸਰੀਰਕ ਲੋੜਾਂ ਦਾ ਵੀ ਪੂਰਾ ਧਿਆਨ ਰੱਖਦੀ ਹੈ

ਇਸ ਸੰਗ੍ਰਹਿ ਵਿਚਲੀਆਂ ਕਹਾਣੀਆਂ ਔਰਤ ਤੇ ਪੁਰਸ਼ ਦੀਆਂ ਮਾਨਸਿਕ ਲੋੜਾਂ ਅਤੇ ਭੋਗੀ ਬਿਰਤੀਆਂ ਵਿਚਲਾ ਨਿਖੇੜਾ ਵੀ ਸਪਸ਼ਟ ਰੂਪ ਵਿਚ ਕਰਦੀਆਂ ਹਨ ਕਹਾਣੀਆਂ ਵਿਚਲੇ ਔਰਤ ਜਾਂ ਮਰਦ ਪਾਤਰ ਜਦੋਂ ਕਾਮ ਭਾਵਨਾਵਾਂ ਦੇ ਅੰਨ੍ਹੇ ਵੇਗ ਕਾਰਨ ਘਰ ਦੀ ਲਛਮਣ ਰੇਖਾ ਨੂੰ ਉਲੰਘਦੇ ਹਨ ਤਾਂ ਉਹ ਇਸ ਉਲੰਘਣਾ ਦੇ ਸਵੈ ਘਾਤਕ ਨਤੀਜਿਆਂ ਬਾਰੇ ਉਹਨਾਂ ਨੂੰ ਅਗਾਹ ਕਰਨਾ ਆਪਣਾ ਸਾਹਿਤਕ ਫਰਜ਼ ਸਮਝਦੀ ਹੈ। ਇਹ ਕਹਾਣੀਆਂ ਆਪਣੀਆਂ ਭੋਗੀ ਬਿਰਤੀਆਂ ਕਾਰਨ ਘਰ ਤੇ ਸਮਾਜ ਦੇ ਨੈਤਿਕ ਜ਼ਾਬਤੇ ਨੂੰ ਤੋੜਣ ਵਾਲੇ ਔਰਤ ਜਾਂ ਪੁਰਸ਼ ਪਾਤਰਾਂ ਨੂੰ ‘ਘਰ” ਦੀ ਅਹਿਮੀਅਤ ਦਾ ਅਹਿਸਾਸ ਕਰਵਾ ਕੇ ਉਨ੍ਹਾਂ ਦੀ ਘਰ ਵਾਪਸੀ ਦਾ ਰਾਹ ਵੀ ਤਿਆਰ ਕਰਦੀਆਂ ਹਨ। ਉਹ ਕੁਝ ਪਲਾਂ ਲਈ ਦੇਹਿਕ ਸੁੱਖ ਦੇਣ ਵਾਲੇ ਵਰਜਿਤ ਰਿਸ਼ਤਿਆਂ ਦੇ ਸਮਾਂਤਰ ਚਿਰ ਸਥਾਈ ਆਤਮਿਕ ਸੁੱਖ ਦੇ ਸਕਦੇ ਪ੍ਰਵਾਨਿਤ ਰਿਸ਼ਤਿਆਂ ਦਾ ਸੁਚੇਤ ਤੌਰ ’ਤੇ ਪੱਖ ਪੂਰਦੀ ਹੈ ਭਾਵੇਂ ਉਸਦੀ ਕਿਸੇ ਕਹਾਣੀ ਦੀ ਸ਼ੁਰੂਆਤ ਵਰਜਿਤ ਰਿਸ਼ਤੇ ਦੇ ਬਿਰਤਾਂਤ ਸਿਰਜਣ ਨਾਲ ਹੀ ਹੋਵੇ ਪਰ ਅੰਤ ਵਿਚ ਉਹ ਕਹਾਣੀ ਦੇਹਵਾਦੀ ਭੋਗ ਆਨੰਦ ਤੋਂ ਪਾਰ ਜਾ ਕੇ ਆਪਣੇ ਸਮਾਜਿਕ ਸਰੋਕਾਰਾਂ ਨਾਲ ਜੁੜ ਜਾਂਦੀ ਹੈ।

ਇਸ ਸਦੰਰਭ ਵਿਚ ਹੀ ਉਸਦੀ ਪਹਿਲੀ ਕਹਾਣੀ “ਕੰਧ ਤੇ ਟੰਗਿਆ ਸਕੈਚ” ਭੋਗੀ ਤੇ ਆਤਮਿਕ ਰਿਸ਼ਤਿਆਂ ਦੇ ਦਵੰਦ ਵਿਚ ਉਲਝੀ ਮਨੁੱਖੀ ਮਾਨਸਿਕਤਾ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਦੀ ਹੈ ਤਾਂ ਮਾਨਵੀ ਧਰਾਤਲ ਦੇ ਇਕ ਹੰਢਣਸਾਰ ਤੇ ਟਿਕਾਊ ਰਿਸ਼ਤੇ ਦਾ ਜਨਮ ਹੁੰਦਾ ਹੈ। ਰਿਸ਼ਤਿਆਂ ਨੂੰ ਭੋਗਣ ਵਿਚ ਵਿਸ਼ਵਾਸ ਰੱਖਦਾ ਕਹਾਣੀ ਵਿਚਲਾ ਚਿੱਤਰਕਾਰ ਤੇ ਫ੍ਰੀਲਾਂਸ ਪੱਤਰਕਾਰ ਆਪਣੇ ਸੰਪਰਕ ਵਿਚ ਆਈਆਂ ਹੋਰ ਦੋਸਤ ਕੁੜੀਆਂ ਵਾਂਗ ਨਵੀਂ ਦੋਸਤ ਬਣੀ ਸ਼ਾਲੂ ਉਰਫ ਸ਼ਾਲਿਨੀ ਨੂੰ ਵੀ ਸਰੀਰਕ ਤੌਰ ’ਤੇ ਭੋਗਣਾ ਚਾਹੁੰਦਾ ਹੈ ਪਰ ਇਸ ਦੇ ਉਲਟ ਸ਼ਾਲੂ ਦੋਸਤੀ ਦੇ ਅਰਥਾਂ ਨੂੰ ਦੇਹਵਾਦੀ ਮਾਨਸਿਕਤਾ ਤੋਂ ਮੁਕਤ ਰੱਖਣ ਦੀ ਹਾਮੀ ਹੈ। ਉਸ ਨੂੰ ਇਸ ਗੱਲ ’ਤੇ ਮਾਣ ਹੈ ਕਿ ਉਹ ਕਿਸੇ ਮਰਦ ਨਾਲ ਦੋਸਤੀ ਰੱਖਣ ਦੇ ਬਾਵਜੂਦ ਆਪਣੇ ਘਰ ਵਿਚ ਸਿਰ ਉੱਚਾ ਕਰਕੇ ਹੀ ਦਾਖਿਲ ਹੁੰਦੀ ਹੈ ਇਸ ਲਈ ਉਹ ਆਪਣੇ ਦੋਸਤ ਤੋਂ ਵੀ ਇਹ ਵਾਅਦਾ ਮੰਗਦੀ ਹੈ ਕਿ ਉਹ ਉਸਦਾ ਇਹ ਮਾਣ ਬਣਾਈ ਰੱਖੇ

ਚੱਲ ਰਹੀ ਦੋਸਤੀ ਵਿਚ ਕੁਝ ਭਾਵੁਕ ਪਲ ਅਜਿਹੇ ਵੀ ਆਉਂਦੇ ਹਨ ਜਦੋ ਦੋਹੇਂ ਬਹਿਕ ਜਾਂਦੇ ਹਨ ਦੋਸਤੀ ਦੀਆਂ ਸੀਮਾਵਾਂ ਪਾਰ ਕਰਨ ਤੋਂ ਪਹਿਲਾਂ ਉਸਦਾ ਅਵਚੇਤਨ ਉਸਨੂੰ ਸੁਚੇਤ ਕਰਦਾ ਹੈ ਕਿ ਕੁਝ ਪਲਾਂ ਦੇ ਦੈਹਿਕ ਅਨੰਦ ਲਈ ਉਹ ਦੋਸਤੀ ਦੇ ਸਦੀਵੀ ਅਨੰਦ ਨੂੰ ਗੁਆ ਲਵੇਗਾ ਅਜਿਹੀ ਮਾਨਸਿਕਤਾ ਵਿੱਚੋਂ ਗੁਜਰਦਿਆਂ ਉਹ ਦੋਸਤੀ ਦੀ ਮਰਿਆਦਾ ਬਣਾਈ ਰੱਖਣ ਲਈ ਪਹਿਲਾਂ ਆਪ ਸੁਚੇਤ ਹੁੰਦਾ ਹੈ ਤੇ ਫਿਰ ਸ਼ਾਲੂ ਨੂੰ ਵੀ ਸੁਚੇਤ ਕਰਦਾ ਹੈ। ਉਸਦੀ ਇਹ ਪਹਿਲ ਕਦਮੀ ਉਸ ਨੂੰ ਇਸ ਸਦੀਵੀ ਆਨੰਦ ਦਾ ਅਹਿਸਾਸ ਕਰਵਾਉਣ ਵਿਚ ਸਫਲ ਰਹਿੰਦੀ ਹੈ ਕਿ ਉਸਦੀ ਦੋਸਤ ਇਕ ਵਾਰ ਫਿਰ ਆਪਣੇ ਪਤੀ ਅਤੇ ਬੱਚਿਆਂ ਸਾਹਮਣੇ ਸਿਰ ਉੱਚਾ ਕਰਕੇ ਆਪਣੇ ਘਰ ਵਿਚ ਦਾਖਿਲ ਹੋ ਸਕੇਗੀ

ਕਹਾਣੀ “ਸੀਸ਼ੇ ਵਿਚਲਾ ਆਦਮੀ” ਵਿਚਲਾ ਅੱਧਖੜ ਅਫਸਰ ਭਾਵੇਂ ਆਪਣੀ ਪਤਨੀ ਅੰਮ੍ਰਿਤ ਨੂੰ ਦਿਲੋਂ ਪਿਆਰ ਕਰਦਾ ਹੈ ਤੇ ਉਸਨੂੰ ਵਫਾਦਾਰ ਬੀਵੀ ਵਜੋਂ ਵੀ ਸਨਮਾਨ ਦੇਂਦਾ ਹੈ ਪਰ ਇਕ ਪੁਰਸ਼ ਵਜੋਂ ਉਸਦੀ ਭੋਗੀ ਬਿਰਤੀ ਆਪਣੀ ਨੌਜਵਾਨ ਸਟੈਨੋ ਨਵਨੀਤ ਦੇ ਆਕਰਸ਼ਨ ਤੋਂ ਬਚ ਨਹੀਂ ਸਕਦੀ ਇਹ ਆਕਰਸ਼ਨ ਉਸ ਦੀਆਂ ਸੋਚਾਂ ’ਤੇ ਏਨਾ ਹਾਵੀ ਪ੍ਰਭਾਵੀ ਹੋ ਜਾਂਦਾ ਹੈ ਕਿ ਪਤਨੀ ਨਾਲ ਹਮਬਿਸਤਰ ਹੋਣ ਵੇਲੇ ਵੀ ਉਹ ਆਪਣੀ ਕਲਪਣਾ ਵਿਚ ਨਵਨੀਤ ਨੂੰ ਭੋਗ ਰਿਹਾ ਹੁੰਦਾ ਹੈ। ਆਖਿਰ ਇਹ ਤਲਿਸਮ ਉਸ ਵੇਲੇ ਟੁੱਟਦਾ ਹੈ ਜਦੋਂ ਉਹ ਦਫ਼ਤਰੀ ਕੰਮ ਦੇ ਬਹਾਨੇ ਨਵਨੀਤ ਨੂੰ ਸ਼ਿਮਲਾ ਵੱਲ ਦੇ ਕਿਸੇ ਗੈਸਟ ਰੂਮ ਵਿਚ ਲੈ ਜਾਂਦਾ ਹੈ ਨਸ਼ੇ ਦੀ ਹਾਲਤ ਉਸ ਨੂੰ ਨਵਨੀਤ ਦੀਆ ਅੱਖਾਂ ਵਿੱਚੋਂ ਆਪਣੀ ਪਤਨੀ ਅੰਮ੍ਰਿਤ ਦੀਆਂ ਅੱਖਾਂ ਦਿਖਾਈ ਦੇਣ ਲੱਗਦੀਆਂ ਹਨ ਤੇ ਨਵਨੀਤ ਦਾ ਸਰੀਰ ਵੀ ਅੰਮ੍ਰਿਤ ਦੇ ਸਰੀਰ ਵਿਚ ਬਦਲ ਜਾਂਦਾ ਹੈ। ਇਸ ਸਮੇਂ ਉਸ ਅੰਦਰ ਨਵਨੀਤ ਤੇ ਅੰਮ੍ਰਿਤ ਵਿੱਚੋਂ ਇਕ ਦੀ ਚੋਣ ਕਰਨ ਦਾ ਦਵੰਦ ਪੈਦਾ ਹੁੰਦਾ ਹੈ ਤਾਂ ਸਾਹਮਣੇ ਲੱਗੇ ਸ਼ੀਸ਼ੇ ਵਿੱਚੋਂ ਉਸ ਨੂੰ ਆਪਣਾ ਚਿਹਰਾ ਵੀ ਧੋਖੇਬਾਜ਼ ਤੇ ਘਿਣਾਉਣਾ ਲੱਗਣ ਲੱਗ ਪੈਂਦਾ ਹੈ ਉਸਦੀਆਂ ਸੋਚਾਂ ਵਿਚ ਨਿਰਣਾਇਕ ਮੋੜ ਆਉਂਦਾ ਹੈ ਤਾਂ ਉਹ ਨਵਨੀਤ ਤੋਂ ਇਕ ਵਿੱਥ ਬਣਾ ਕੇ ਆਉਣ ਵਾਲੀ ਨਵੀਂ ਸਵੇਰ ਦਾ ਇੰਤਜ਼ਾਰ ਕਰਨ ਲੱਗ ਪੈਂਦਾ ਹੈ

ਕਹਾਣੀ “ਮਰੀਆਂ ਹੋਈਆਂ ਮੱਛਲੀਆਂ” ਉੱਪਰਲੀਆਂ ਕਹਾਣੀਆਂ ਦੇ ਕੁਝ ਹੋਰ ਵਿਸਥਾਰ ਤਲਾਸ਼ਦੀ ਹੈ ਆਪਣੀ ਨਰਸ ਪਤਨੀ ਠੰਢੇ ਪੈ ਚੁੱਕੇ ਤੇ ਢਲਦੀ ਉਮਰ ਦੇ ਸਰੀਰ ਤੋਂ ਉਕਤਾ ਚੁੱਕੇ ਪਤੀ ਨੂੰ ਲੱਗਦਾ ਹੈ ਕਿ ਉਹ ਆਪਣੇ ਮਾਲੀ ਦੀ ਪਤਨੀ ਸਿਤਾਰਾ ਨਾਲ ਸਰੀਰਕ ਸਬੰਧ ਜੋੜ ਕੇ ਆਪਣੇ ਜੀਵਨ ਵਿਚ ਫਿਰ ਗਰਮਾਹਟ ਪੈਦਾ ਕਰ ਸਕਦਾ ਹੈ ਸਿਤਾਰਾ ਨੂੰ ਉਸਦੇ ਪਤੀ ਦੀ ਕੱਚੀ ਨੌਕਰੀ ਨੂੰ ਪੱਕੇ ਕਰਨ ਦੀ ਫਾਈਲ ਨੂੰ ਅੱਗੇ ਤੋਰਨ ਦਾ ਲਾਲਚ ਦੇ ਕੇ ਉਹ ਆਪਣੇ ਇਸ ਮਕਸਦ ਵਿਚ ਕਾਮਯਾਬ ਵੀ ਹੋ ਜਾਂਦਾ ਹੈ ਪਰ ਉਸ ਨਾਲ ਹਮਬਿਸਤਰ ਹੁੰਦਿਆਂ ਉਸਦਾ ਸਪਾਟ ਤੇ ਭਾਵ ਰਹਿਤ ਚਿਹਰਾ ਵੇਖ ਕੇ ਉਸ ਨੂੰ ਲੱਗਦਾ ਹੈ ਕਿ ਕੋਈ ਔਰਤ ਮਜਬੂਰੀ ਵੱਸ ਤਾਂ ਉਸ ਨਾਲ ਕੁਝ ਪਲਾਂ ਲਈ ਸਰੀਰਕ ਤੌਰ ’ਤੇ ਜੁੜ ਸਕਦੀ ਹੈ ਪਰ ਆਤਮਿਕ ਅਤੇ ਮਾਨਸਿਕ ਤੌਰ ’ਤੇ ਉਸ ਨਾਲ ਜੁੜਣ ਦੀ ਯੋਗਤਾ ਕੇਵਲ ਉਸਦੀ ਪਤਨੀ ਕੋਲ ਹੀ ਹੈ। ਉਸਦੇ ਪੱਟਾਂ ’ਤੇ ਪੈਂਦੀਆਂ ਮੱਛਲੀਆਂ ਦੇ ਸਿਤਾਰਾ ਲਈ ਕੋਈ ਅਰਥ ਨਹੀਂ ਹਨ ਇਸ ਲਈ ਜਦੋਂ ਉਹ ਭਾਵ ਰਹਿਤ ਸ਼ਬਦ ਵਿਚ ‘ਜਲਦੀ ਕਰੋ’ ਆਖਦੀ ਹੈ ਤਾਂ ਉਸ ਨੂੰ ਮਹਿਸੂਸ ਹੁੰਦਾ ਹੈ ਕਿ ਉਹ ਆਤਮਿਕ ਅਨੰਦ ਨਹੀਂ ਮਾਣ ਰਿਹਾ, ਸਗੋਂ ਕੋਈ ਨਿਤਾਪ੍ਰਤੀ ਦਾ ਕੋਈ ਕੰਮ ਹੀ ਨਿਪਟਾ ਰਿਹਾ ਹੈ ਇਸੇ ਤਰ੍ਹਾਂ ਕਹਾਣੀ “ਸੈਵਨਥ ਸੈਂਸ” ਵੀ ਘਰ ਬਾਹਰੀ ਵਰਜਿਤ ਰਿਸ਼ਤਿਆਂ ਰਾਹੀਂ ਅਨੰਦਿਤ ਹੋਣ ਦਾ ਭਰਮ ਪਾਲੀ ਬੈਠੇ ਮਿਸਟਰ ਕਪੂਰ ਦੀ ਘਰ ਵਾਪਸੀ ਕਰਾਉਣ ਵਿਚ ਅਸਰਦਾਰ ਭੂਮਿਕਾ ਨਿਭਾਉਂਦੀ ਹੈ।

ਕਹਾਣੀ ‘ਭਲਾ ਆਦਮੀ’ ਬੁਢਾਪੇ ਦੀ ਅਵਸਥਾ ਵਿਚ ਪਹੁੰਚੇ ਉਸ ਵਿਅਕਤੀ ਦੀ ਮਨੋ-ਤ੍ਰਾਸਦੀ ਨੂੰ ਰੂਪਮਾਨ ਕਰਦੀ ਹੈ, ਜਿਸ ਅੰਦਰਲੇ ਹਾਰਮੋਨਜ਼ ਉਸਦੀਆਂ ਕਾਮ ਸੁੱਖ ਭੋਗਣ ਦੀਆਂ ਇੱਛਾਵਾਂ ਨੂੰ ਬਰਕਾਰਾਰ ਰੱਖਦੇ ਹਨ ਪਰ ਉਸਦਾ ਸਰੀਰ ਇਸ ਕਾਰਜ ਵਿਚ ਉਸਦਾ ਸਾਥ ਨਹੀਂ ਦੇਂਦਾ ਆਪਣੀ ਹਿਰਸ ਪੂਰੀ ਕਰਨ ਲਈ ਉਹ ਝਾੜੂ ਪੋਚੇ ਦਾ ਕੰਮ ਕਰਨ ਵਾਲੀ ਮੰਗਲਾ ਨੂੰ ਇਸ ਸ਼ਰਤ ਤੇ ’ਤੇ ਘਰ ਦਾ ਕੰਮ ਕਰਨ ਲਈ ਰੱਖਦਾ ਹੈ ਕਿ ਉਹ ਕੁਝ ਪੈਸਿਆਂ ਦੇ ਬਦਲੇ ਉਸਦੀਆਂ ਅਤ੍ਰਿਪਤ ਕਾਮ ਇੱਛਾਵਾਂ ਨੂੰ ਵੀ ਤ੍ਰਿਪਤ ਕਰਦੀ ਰਹੇ ਜਦੋਂ ਉਹ ਆਪਣੀ ਸਰੀਰਕ ਸਮਰੱਥਾ ਤੇ ਕਾਮ ਇੱਛਾਵਾਂ ਵਿਚਕਾਰ ਸਤੁੰਲਣ ਬਣਾਈ ਰੱਖਣ ਵਿਚ ਅਸਫਲ ਰਹਿੰਦਾ ਹੈ ਤਾਂ ਉਸਦੀਆਂ ਪਿੰਡਲੀਆਂ ਦੀ ਕਾਮ ਉਕਸਾਊ ਢੰਗ ਨਾਲ ਮਾਲਸ਼ ਕਰ ਰਹੀ ਮੰਗਲਾ ਨੂੰ ਇਹ ਕਹਿਣਾ ਉਸਦੀ ਮਜਬੂਰੀ ਬਣ ਜਾਂਦਾ ਹੈ ਕਿ ਉਹ ਉਹੋ ਜਿਹਾ ਆਦਮੀ ਨਹੀਂ ਹੈ, ਜਿਹੋ ਜਿਹਾ ਉਹ ਉਸਨੂੰ ਸਮਝ ਰਹੀ ਹੈ

ਮੰਗਲਾ ਵੱਲੋਂ ਬਿਨਾਂ ਉਸਦੀ ਇੱਛਾ ਪੂਰਤੀ ਹੋਏ ਬਿਨਾਂ ਉਸ ਤੋਂ ਪੈਸੇ ਲੈਣ ਤੋਂ ਇਨਕਾਰ ਵੀ ਕਰਨ ਤੇ ਹਾਸੇ ਹਾਸੇ ਵਿਚ ਇਹ ਕਟਾਖਸ਼ ਕਰਨ ਕਿ “ਹਮ ਜਾਨਤੇ ਹੈਂ ਬਾਬੂ ਜੀ ਆਪ ਕੈਸੇ ਆਦਮੀ ਹੈਂ” ਉਸ ਨੂੰ ਸ਼ਰਮਿੰਦਗੀ ਭਰਿਆ ਇਹ ਅਹਿਸਾਸ ਕਰਵਾਉਂਦੇ ਹਨ ਕਿ ਉਹ ਹੁਣ ਕਿਸੇ ਔਰਤ ਨਾਲ ਸਰੀਰਕ ਸਬੰਧ ਬਣਾਉਣ ਦੇ ਯੋਗ ਨਹੀਂ ਰਿਹਾਜਦੋਂ ਮੰਗਲਾ ਦਾ ਹਾਸਾ ਉਸਦੇ ਦਿਮਾਗ ਵਿਚ ਖੌਰੂ ਪਾਉਣ ਲੱਗਦਾ ਹੈ ਤਾਂ ਕਹਾਣੀ ਬੜੀ ਤੇਜ਼ੀ ਨਾਲ ਆਪਣੇ ਮੰਤਵੀ ਉਦੇਸ਼ ਵੱਲ ਵਧਦੀ ਹੈ। ਕਾਲ ਬੈੱਲ ਵਿਚ ਫੀਡ ਕੀਤੇ ਭਜਨ ਦੇ ਬੋਲ “ਚਾਦਰ ਹੋ ਗਈ ਬਹੁਤ ਪੁਰਾਣੀ, ਕੁਝ ਸੋਚ ਚਮਝ ਰੇ ਪ੍ਰਾਣੀ” ਵੀ ਉਸ ਨੂੰ ਭਰਮਾਊ ਸਥਿਤੀ ਵਿੱਚੋਂ ਕੱਢਣ ਅਤੇ ਅਸਲੀਅਤ ਦੇ ਨੇੜੇ ਲਿਜਾਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ

ਭਾਵੇਂ ਕਹਾਣੀ “ਹਿਰਸ” ਦਾ ਪਾਤਰ ਬਾਬਾ ਵੀ ਕਾਮ ਹਿਰਸ ਦਾ ਸ਼ਿਕਾਰ ਹੈ ਪਰ ਉਸਦੇ ਇਸ ਕਰਮ ਲਈ ਲਈ ਉਸਦੀ ਬਜਾਇ ਉਸਦਾ ਚੁਗਿਰਦੇ ਦਾ ਸਮਾਜ ਵੱਧ ਦੋਸ਼ੀ ਵਿਖਾਈ ਦਿੰਦਾ ਹੈ। ਉਸਦੀ ਪਤਨੀ ਦੀ ਮੌਤ ਤੋਂ ਬਾਅਦ ਜੇ ਉਸਦੇ ਬਾਕੀ ਪਰਿਵਾਰ ਵੱਲੋਂ ਉਸ ਨੂੰ ਆਪਣੇਪਣ ਦਾ ਅਹਿਸਾਸ ਕਰਵਾਇਆ ਜਾਂਦਾ ਤਾਂ ਉਸ ਅੰਦਰਲਾ ਖਲਾਅ ਆਪਣੇ ਆਪ ਭਰਿਆ ਜਾਣਾ ਸੀ। ਪਰਿਵਾਰਕ ਤੌਰ ’ਤੇ ਬੇ-ਕਦਰੀ ਹੋਣ ’ਤੇ ਉਸਦੀ ਬੇਚੈਨੀ ਆਪਣੀ ਚਰਮ ਸੀਮਾ ’ਤੇ ਪਹੁੰਚ ਜਾਂਦੀ ਹੈ ਤਾਂ ਉਸ ਦਾ ਸ਼ੁਮਾਰ ਮਨੋ ਰੋਗੀਆਂ ਵਿਚ ਹੋਣ ਲੱਗਦਾ ਹੈ। ਅਜਿਹੇ ਸਮੇਂ ਉਹ ਮਾਨਸਿਕ ਤੌਰ ’ਤੇ ਚੇਤਨ ਤੇ ਅਵਚੇਤਨ ਅਵਸਥਾ ਦੇ ਰੂਪ ਵਿਚ ਦੋ ਹਿੱਸਿਆਂ ਵਿਚ ਵੰਡਿਆ ਜਾਂਦਾ ਹੈ ਪਰਿਵਾਰ ਮੈਬਰਾਂ ਦੇ ਸਾਹਮਣੇ ਉਹ ਚੇਤਨ ਅਵਸਥਾ ਵਿਚ ਵਿਚਰਦਾ ਹੈ ਪਰ ਇੱਕਲਾ ਪੈਣ ’ਤੇ ਉਹ ਆਪਣੇ ਅਵਚੇਤਨ ਵਿਚ ਪਈਆਂ ਅਪੂਰਣ ਇੱਛਾਵਾਂ ਦੀ ਤ੍ਰਿਪਤੀ ਕਰਨ ਲੱਗਦਾ ਹੈ। ਸਿਰਹਾਣੇ ਨੂੰ ਪਤਨੀ ਮੰਨਦਿਆਂ ਗਿਲਾਫ ਉਤਾਰ ਕੇ ਨੰਗਾ ਕਰਨ, ਆਪਣੇ ਕੱਪੜੇ ਉਤਾਰਣ ਤੇ ਗੁਆਂਢ ਦੀਆਂ ਔਰਤਾਂ ਨੂੰ ਵੇਖ ਕੇ ਬਾਲੋ ਮਾਹੀਏ ਦੇ ਟੱਪੇ ਗਾਉਣ ਦੀਆਂ ਕਿਰਿਆਵਾਂ ਵਿੱਚੋਂ ਉਸਦੀ ਮਾਨਸਿਕ ਅਤ੍ਰਿਪਤੀ ਸਾਫ ਤੌਰ ’ਤੇ ਝਲਕਦੀ ਹੈ ਪਰਿਵਾਰਕ ਮੈਬਰਾਂ ਲਈ ਉਹ ਪਾਗਲ ਹੈ ਪਰ ਉਸਦੀ ਪੋਤ ਨੂੰਹ ਨਿਸ਼ਾ ਆਪਣਾਪਣ ਰੂਪੀ ਟਰੀਟਮੈਂਟ ਦੇ ਕੇ ਉਸਨੂੰ ਸਹਿਜ ਅਵਸਥਾ ਵਿਚ ਲੈ ਆਉਂਦੀ ਹੈ। ਨਿਸ਼ਾ ਦੇ ਇਹਨਾਂ ਬੋਲਾਂ “ਤੀਵੀਂ ਦੀ ਛੋਹ ਤੇ ਪਿਆਰ ਦੀ ਛੋਹ ਵਿਚ ਵੱਡਾ ਫਰਕ ਹੈ” ਵਿਚ ਪਰਿਵਾਰਕ ਰਿਸ਼ਤਿਆਂ ਨੂੰ ਤਣਾਉ ਮੁਕਤ ਬਣਾਉਣ ਵਿਚ ਸਹਾਈ ਬਣ ਸਕਦੀ ਪ੍ਰਭਾਵੀ ਮਨੋ ਵਿਗਿਆਨਕ ਜੁਗਤ ਛੁਪੀ ਹੈ।

ਕਹਾਣੀ ‘ਜਾਇਆਵੱਢੀ’ ਵਿਚਲੀ ਜੀਤੋ ਓਪਰੀ ਨਜ਼ਰ ਨਾਲ ਆਪਣੇ ਹੀ ਪੁੱਤ ਦਾ ਕਤਲ ਕਰਨ ਵਾਲੀ ਡੈਣ ਜਾਪਦੀ ਹੈ ਪਰ ਜਦੋਂ ਪਾਠਕ ਕਹਾਣੀ ਦੇ ਮਾਧਿਅਮ ਰਾਹੀਂ ਉਸਦੇ ਧੁਰ ਅੰਦਰ ਝਾਕਦਾ ਹੈ ਤਾਂ ਉਸਨੂੰ ਉਸਦੀ ਬਜਾਇ ਇਕ ਮਾਂ ਨੂੰ ਪੁੱਤਰ ਦਾ ਕਾਤਲ ਬਣਾਉਣਾ ਵੀ ਸਮਾਜਿਕ ਤੇ ਆਰਥਿਕ ਵਿਵਸਥਾ ਹੀ ਕਸੂਰਵਾਰ ਜਾਪਦੀ ਹੈ। ਬਾਪੂ ਦੀ ਮੌਤ ਤੋਂ ਬਾਅਦ ਜਦੋਂ ਉਸਦੀ ਮਾਂ ਉਸਦੇ ਚਾਚੇ ਚਿਮਨੇ ਦੇ ਘਰ ਬੈਠ ਜਾਂਦੀ ਹੈ ਤਾਂ ਚਾਚੇ ਤੋਂ ਬਾਪੂ ਬਣਿਆ ਪਸ਼ੂ ਬਿਰਤੀ ਦਾ ਉਹ ਬੰਦਾ ਆਪਣੀ ਧੀ ਨੂੰ ਹੀ ਆਪਣੀ ਕਾਮ ਭੁੱਖ ਦਾ ਸ਼ਿਕਾਰ ਬਣਾ ਲੈਂਦਾ ਹੈ। ਪਿਉ ਦਾ ਗਰਭ ਧਾਰਨ ਕਰਨ ਤੋਂ ਬਾਅਦ ਉਸ ਦੀ ਮਾਂ ਇਸ ਸਮੱਸਿਆ ਦਾ ਹੱਲ ਉਸਦਾ ਛੇਤੀ ਵਿਆਹ ਕਰਕੇ ਉਸ ਨੂੰ ਘਰੋਂ ਕੱਢਣ ਵਿੱਚੋਂ ਤਲਾਸ਼ਦੀ ਹੈ। ਉਸ ਤੋਂ ਤਿੱਗਣੀ ਉਮਰ ਦਾ ਨਸ਼ੇੜੀ ਪਤੀ ਭਜਨਾ ਉਸ ’ਤੇ ਮਾੜੀ ਅੱਖ ਰੱਖਦੇ ਆਪਣੇ ਯਾਰਾਂ ਨੂੰ ਤਾੜਣ ਦੀ ਬਜਾਇ ਉਨ੍ਹਾਂ ਰਾਹੀ ਹੁੰਦੀ ਆਪਣੇ ਨਸ਼ੇ ਦੀ ਪੂਰਤੀ ਨੂੰ ਵੱਧ ਮਹੱਤਵ ਦੇਂਦਾ ਹੈ ਤੇ ਉੱਤੋਂ ਪਤੀ ਦੀ ਮੌਤ ਹੋ ਜਾਣ ’ਤੇ ਅਨੇਕਾ ਮੁਸੀਬਤਾਂ ਸਹਿਣ ਕਰ ਕੇ ਪਾਲਿਆ ਪੁੱਤਰ ਸ਼ਿੰਦਾ ਵੀ ਨਸ਼ੇੜੀ ਬਣ ਜਾਂਦਾ ਹੈ। ਜਦੋਂ ਇਕ ਪੁੱਤਰ ਆਪਣੀ ਮਾਂ ਦੀ ਮਿਹਨਤ ਮਜ਼ਦੂਰੀ ਦੀ ਕਮਾਈ ਖੋਹਣ ਦੇ ਇਰਾਦੇ ਨਾਲ ਉਸ ਨੂੰ ਬਦਚਲਣ ਸਿੱਧ ਕਰਕੇ ਭੰਡੀ ਪ੍ਰਚਾਰ ਕਰਨ ਦੀ ਧਮਕੀ ਦੇਂਦਾ ਹੈ ਤਾਂ ਮਾਂ ਨੂੰ ਵੀ ਉਹ ਆਪਣਾ ਪੁੱਤਰ ਨਹੀਂ ਸਗੋਂ ਗੰਦੀ ਸੋਚ ਵਾਲੇ ਆਪਣੇ ਬਾਪ ਦਾ ਗੰਦਾ ਖੂਨ ਵਿਖਾਈ ਦੇਣ ਲੱਗਦਾ ਹੈ। ਜੇ ਜੀਤੋ ਵੱਲੋਂ ਭੋਗੀਆਂ ਮਾਨਸਿਕ ਯਾਤਨਾਵਾਂ ਵੱਲ ਵੇਖਿਆ ਜਾਵੇ ਤਾਂ ਗੁੱਸੇ ਵਿਚ ਸ਼ਿੰਦੇ ਵੱਲ ਪੱਥਰ ਦਾ ਚੱਕਲਾ ਸੁੱਟਣਾ ਇਕ ਸੁਭਾਵਿਕ ਪ੍ਰਤੀਕਰਮ ਹੀ ਵਿਖਾਈ ਦੇਂਦਾ ਹੈ।

ਇਸ ਸੰਗ੍ਰਹਿ ਦੀ ਟਾਈਟਲ ਕਹਾਣੀ ‘ਇਕ ਦਿਨ’ ਹਰ ਉਸ ਭਾਰਤੀ ਔਰਤ ਦੇ ਜ਼ਜ਼ਬਿਆਂ ਦੀ ਤਰਜ਼ਮਾਨੀ ਕਰਨ ਦੇ ਸਮਰੱਥ ਹੈ ਜਿਸ ਦੇ ਮਨੁੱਖੀ ਅਧਿਕਾਰ ਖੋਹਣ ਲਈ ਪੁਰਸ਼ ਪ੍ਰਧਾਨ ਸਮਾਜਿਕ ਵਿਵਸਥਾ ਵੱਲੋਂ ਕਈ ਤਰ੍ਹਾਂ ਦੇ ਸਾਜਿਸ਼ੀ ਬਹਾਨੇ ਘੜੇ ਜਾਂਦੇ ਹਨ ਤੇ ਉਹ ਸਭ ਕੁਝ ਸਮਝਦੀ ਹੋਈ ਵੀ ਚੁੱਪ ਰਹਿਣ ਲਈ ਮਜਬੂਰ ਹੈ। ਘਰ ਵਿਚ ਨਵੀਂ ਵਿਆਹੀ ਆਈ ਆਸ਼ੂ ਆਪਣੇ ਪਤੀ ਨੂੰ ਖੁਸ਼ ਰੱਖਣ ਲਈ ਵਾਰ ਵਾਰ ਆਪਣੀਆਂ ਇੱਛਾਵਾਂ ਤੇ ਸੁਪਨਿਆਂ ਦੀ ਕੁਰਬਾਨੀ ਦੇਂਦੀ ਹੈ ਪਰ ਪਤੀ ਲਈ ਇਹ ਕੁਰਬਾਨੀਆਂ ਮਹਿਜ ਇਕ ਔਰਤ ਵਜੋਂ ਉਸਦੇ ਫਰਜ਼ਾਂ ਦੀ ਪੂਰਤੀ ਹੀ ਹਨ ਵਿਆਹੇ ਜਾਣ ਤੋਂ ਬਾਅਦ ਉਸ ਤੋਂ ਉਸਦਾ ਸੰਗੀਤ ਨਾਲ ਲਗਾਓ ਤੇ ਸਿਨੇਮਾ ਜਾਣ ਦਾ ਸ਼ੌਕ ਹੀ ਨਹੀਂ ਖੋਹਿਆ ਜਾਂਦਾ ਸਗੋਂ ਉਸਦੀ ਅੱਗੇ ਪੜ੍ਹਨ ਦੀ ਇੱਛਾ ਵੀ ਇਹ ਕਹਿ ਕੇ ਦਬਾ ਦਿੱਤੀ ਜਾਂਦੀ ਹੈ ਕਿ ਚੰਗਾ ਵਰ ਘਰ ਮਿਲਣ ਤੋਂ ਬਾਅਦ ਉਸ ਅੱਗੇ ਪੜ੍ਹ ਕੇ ਕੀ ਕਰਨਾ ਹੈ। ਆਪਣਾ ਹਨੀਮੂਨ ਨੈਨੀਤਾਲ ਜਾ ਕੇ ਮਣਾਉਣ ਸਬੰਧੀ ਉਸਦੀ ਇੱਛਾ ਦੀ ਕਾਟ ਪਤੀ ਦੀ ਮਨਾਲੀ ਜਾਣ ਦੀ ਇੱਛਾ ਕਰ ਦੇਂਦੀ ਹੈ ਘਰੇਲੂ ਖਰੀਦਦਾਰੀ ਵੇਲੇ ਵੀ ਉਸਦੀ ਪਸੰਦ ਜਾਂ ਨਾ ਪਸੰਦ ਤਾ ਕੋਈ ਖਿਆਲ ਨਹੀਂ ਰੱਖਿਆ ਜਾਂਦਾ ਇਸ ਤਰ੍ਹਾਂ ਪਤੀ ਦੀ ਇੱਛਾਵਾਂ ਦੀ ਪੂਰਤੀ ਕਰਦਿਆਂ ਉਸ ਦੀਆਂ ਆਪਣੀਆਂ ਸਾਰੀਆਂ ਇੱਛਾਵਾਂ ਦਮ ਤੋੜ ਜਾਦੀਆਂ ਹਨ।

ਉਸਦਾ ਪਤੀ ਉਸਦੇ ਜਨਮ ਦਿਨ ’ਤੇ ਹੀਰੇ ਜੜ੍ਹੀ ਸੋਨੇ ਦੀ ਨੱਥ ਦੇ ਕੇ ਉਸ ਨਾਲ ਹੋ ਰਹੇ ਅਨਿਆਂ ਦੀ ਭਰ ਪੂਰਤੀ ਕਰਨਾ ਕਰਨਾ ਚਾਹੁੰਦਾ ਹੈ ਪਰ ਪਤਨੀ ਵੱਲੋਂ ਇਕ ਪਰਚੀ ’ਤੇ ਲਿਖੀ ਇਹ ਇਬਾਰਤ “ਮੈਂ ਤੁਹਾਡੇ ਤੋਂ ਕੇਵਲ ਇਕ ਦਿਨ ਅਜਿਹਾ ਮੰਗਦੀ ਹਾਂ ਕਿ ਜਿਸ ਦਿਨ ਨਾ ਮੈਂ ਤੁਹਾਡੀ ਪਤਨੀ ਹੋਵਾਂ, ਨਾ ਕਿਸੇ ਦੀ ਮਾਂ ਹੋਵਾਂ, ਨਾ ਕਿਸੇ ਦੀ ਬੇਟੀ ਤੇ ਬਹੂ ਹੋਵਾਂ ਉਸ ਦਿਨ ਮੈਂ ਸਿਰਫ ਮੈਂ ਹੋਵਾਂ, ਸਿਰਫ ਮੈਂ ਆਸ਼ੂ ਉਹ ਦਿਨ ਮੈਂ ਕਿੱਥੇ, ਕਿਸ ਨਾਲ ਗੁਜਾਰਿਆ ਹੈ, ਇਸ ਗੱਲ ਦੀ ਜਾਣਕਾਰੀ ਮੈਥੋਂ ਸਾਰੀ ਜ਼ਿੰਦਗੀ ਕਦੇ ਨਹੀਂ ਮੰਗੋਗੇ” ਉਸ ਨੂੰ ਪੂਰੀ ਤਰ੍ਹਾਂ ਝੰਜੋੜ ਕੇ ਰੱਖ ਦੇਂਦੀ ਹੈ। ਭਾਵੇਂ ਆਪਣੇ ਅਹੰਮ ਅਧੀਨ ਉਹ ਉਸਦੀ ਇਹ ਮੰਗ ਸਵੀਕਾਰ ਨਹੀਂ ਕਰਦਾ ਪਰ ਕਹਾਣੀ ਦੇ ਪਾਠਕਾਂ ਦੀ ਸੋਚ ਇਸ ਨੁਕਤੇ ’ਤੇ ਜ਼ਰੂਰ ਕੇਂਦਰਿਤ ਹੋ ਜਾਂਦੀ ਹੈ ਕਿ ਧੀ, ਭੈਣ, ਜਾਂ ਪਤਨੀ ਦਾ ਰੋਲ ਨਿਭਾਅ ਰਹੀ ਔਰਤ ਦੀ ਜ਼ਿੰਦਗੀ ਵਿਚ ਉਹ ਦਿਨ ਕਿਹੜਾ ਹੈ ਜਦੋਂ ਆਪਣੇ ਹਿੱਸੇ ਦੀ ਜ਼ਿੰਦਗੀ ਨੂੰ ਆਪਣੇ ਹੀ ਮਰਜ਼ੀ ਅਨੁਸਾਰ ਜਿਉਂ ਸਕਦੀ ਹੋਵੇ।

ਕਹਾਣੀ ‘ਕਵਿਤਾ ਕਵੀ ਤੇ ਮੈਂ’ ਵਿਚਲੀ ਰਾਵੀ ਵੀ ਉੱਪਰਲੀ ਕਹਾਣੀ ਦੀ ਪਾਤਰ ਆਸ਼ੂ ਵਾਂਗ ਸਮਾਜ ਵਿਚ ਵਿਚਰਣ ਸੰਬੰਧੀ ਆਪਣੇ ਮਨੁੱਖੀ ਅਧਿਕਾਰਾਂ ਨੂੰ ਸੁਤੰਤਰ ਤੌਰ ’ਤੇ ਮਾਨਣਾ ਚਾਹੁੰਦੀ ਹੈ ਆਪਣੇ ਮਨ ਪਸੰਦ ਕਵੀ ਦੀਆਂ ਕਵਿਤਾਵਾਂ ਵਿਚ ਨਾਰੀ ਵੇਦਨਾ ਤੱਕ ਪਹੁੰਚਣ ਦੀ ਸਮੱਰਥਾ ਵੇਖ ਕੇ ਉਸ ਨੂੰ ਲੱਗਦਾ ਹੈ ਕਿ ਉਹ ਨਾਰੀ ਦੇ ਮਨੁੱਖੀ ਅਧਿਕਾਰਾਂ ਦਾ ਦਿਲੋਂ ਹਾਮੀ ਹੈ ਜਦੋਂ ਉਸ ਨੂੰ ਆਪਣੇ ਇਸ ਦੋਸਤ ਕਵੀ ਤੋਂ ਪੁੱਛੇ ਇਸ ਸਵਾਲ ਦਾ ਸਤੁੰਸ਼ਟੀਜਨਕ ਜੁਆਬ ਨਹੀਂ ਮਿਲਦਾ ਕਿ ਕੀ ਉਸਦੀ ਪਤਨੀ ਵੀ ਆਪਣੇ ਕਿਸੇ ਮਰਦ ਮਿੱਤਰ ਨਾਲ ਆਪਣਾ ਸਮਾਂ ਆਪਣੀ ਮਰਜ਼ੀ ਨਾਲ ਗੁਜਾਰ ਸਕਦੀ ਹੈ ਤਾਂ ਉਹ ਸਹਿਜੇ ਹੀ ਇਸ ਨਤੀਜੇ ’ਤੇ ਪਹੁੰਚ ਜਾਂਦੀ ਹੈ ਕਿ ਆਪਣੇ ਲਈ ਹਰ ਤਰ੍ਹਾਂ ਦੀ ਅਜ਼ਾਦੀ ਚਾਹੁਣ ਵਾਲੀ ਮਰਦ ਮਾਨਸਿਕਤਾ ਔਰਤ ਨੂੰ ਉਸਦੇ ਹਿੱਸੇ ਦੀ ਅੰਸ਼ਿਕ ਅਜ਼ਾਦੀ ਦੇਣ ਲਈ ਵੀ ਤਿਆਰ ਨਹੀ ਹੈ।

ਕਹਾਣੀ “ਮਾਂਵਾਂ ਤੇ ਧੀਆਂ ਰਲ ਬੈਠੀਆਂ’ ਨਵੇਂ ਯੁਗ ਦੀ ਵਿਅਕਤੀਗਤ ਚੇਤਨਾ ਦੀ ਦਖਲਅੰਦਾਜ਼ੀ ਕਾਰਨ ਪਰਿਵਾਰਕ ਰਿਸ਼ਤਿਆਂ ਵਿਚ ਵਧ ਰਹੇ ਟਕਰਾਉ ਤੇ ਤਣਾਉ ਨੂੰ ਆਪਣੀ ਅਭਿਵਿਅਕਤੀ ਦਾ ਮਾਧਿਅਮ ਬਣਾਉਂਦੀ ਹੈ। ਇਹ ਕਹਾਣੀ ਕਿਸੇ ਲੋਕ ਗੀਤ ਵਾਂਗ ਮਾਂ ਧੀ ਦੇ ਰਿਸ਼ਤੇ ਵਿਚਲੀ ਮੋਹ ਮੁਹੱਬਤ ਦਾ ਗੁਣ ਗਾਣ ਨਹੀਂ ਕਰਦੀ ਸਗੋਂ ਇਸ ਕੌੜੇ ਸੱਚ ’ਤੇ ਨਜ਼ਰਸਾਨੀ ਕਰਦੀ ਹੈ ਕਿ ਆਧੁਨਿਕ ਯੁਗ ਵਿਚ ਵਿਚ ਮਾਂ ਧੀ ਦਾ ਹੰਢਣਸਾਰ ਰਿਸ਼ਤਾ ਵੀ ਸੂਖਮ ਈਰਖਾ ਦੀ ਸਿਉਂਕ ਦਾ ਸ਼ਿਕਾਰ ਹੁੰਦਾ ਜਾ ਰਿਹਾ ਹੈ। ਸੁੰਦਰ ਅਤੇ ਗੋਰੇ ਰੰਗ ਦੀ ਮਾਂ ਆਪਣੀ ਬੇਟੀ ਦੇ ਕਾਲੇ ਰੰਗ ਕਾਰਨ ਹੀਣ ਭਾਵਨਾ ਮਹਿਸੂਸ ਕਰਦੀ ਤੇ ਆਪਣੀ ਬੇਟੀ ਨੂੰ ਵਾਰ ਵਾਰ ਇਸ ਗੱਲ ਦਾ ਅਹਿਸਾਸ ਕਰਾਉਂਦੀ ਹੈ ਕਿ ਉਸਦੀ ਸ਼ਕਲ ਮਾਂ ਨਾਲ ਮੇਲ ਖਾਣ ਦੀ ਬਜਾਇ ਆਪਣੀ ਭੂਆ ਨਾਲ ਮੇਲ ਖਾਂਦੀ ਹੈ ਮਾਂ ਦੇ ਇਸ ਤਰ੍ਹਾਂ ਦੇ ਵਿਵਹਾਰ ਕਾਰਨ ਬੇਟੀ ਅੰਦਰ ਪੈਦਾ ਹੋਈ ਨਫਰਤ ਉਸ ਨੂੰ ਮਾਂ ਤੋਂ ਹੀ ਬਦਲਾ ਲੈਣ ਲਈ ਉਕਸਾਉਂਦੀ ਹੈ ਉਹ ਮਾਂ ਦੀ ਚਾਹਤ ਰਹੇ ਆਪਣੇ ਟਿਊਟਰ ਵਿਕਾਸ ’ਤੇ ਕਬਜ਼ਾ ਕਰਕੇ ਆਪਣੀ ਮਾਂ ਨੂੰ ਅਸਿੱਧੇ ਢੰਗ ਨਾਲ ਹਰਾ ਵੀ ਦੇਂਦੀ ਹੈ ਪਰ ਇਹ ਜਿੱਤ ਕਿਸੇ ਔਰਤ ਦੀ ਰੂਹ ਨੂੰ ਸਕੂਨ ਦੇਣ ਵਾਲੀ ਅਸਲ ਜਿੱਤ ਨਹੀਂ ਹੈ ਕਹਾਣੀ ਇਹ ਵੀ ਸਾਬਿਤ ਕਰਦੀ ਹੈ ਕਿ ਮਨੁੱਖੀ ਸ਼ਖਸੀਅਤ ਕੇਵਲ ਬਾਹਰੀ ਸੁੰਦਰਤਾ ਦੀ ਮੁਥਾਜ਼ ਨਹੀਂ ਹੁੰਦੀ ਸਗੋਂ ਉਸਦੀ ਅੰਤਰੀਵੀ ਸੁੰਦਰਤਾ ਵੀ ਦੂਸਰਿਆਂ ਨੂੰ ਆਪਣੇ ਵੱਲ ਖਿੱਚਣ ਦੇ ਸਮਰੱਥ ਹੁੰਦੀ ਹੈ

ਕਹਾਣੀ ‘ਬਿਨਾਂ ਧੁੱਪ ਪਰਛਾਵੇਂ’ ਔਲਾਦ ਦੀ ਅਣਹੋਂਦ ਕਾਰਨ ਮਾਨਸਿਕ ਕੁੰਠਾ ਦੇ ਸ਼ਿਕਾਰ ਹੋਏ ਸੁਧੀਰ ਤੇ ਵਸੁਧਾ ਅੰਦਰਲੇ ਦਰਦ ਦੀ ਸ਼ਿੱਦਤ ਬਿਆਨੀ ਕਰਦੀ ਹੈ ਅਧੇੜ ਉਮਰ ਵਿਚ ਵਸੁਧਾ ਅੰਦਰਲੀ ਮਾਨਸਿਕ ਕੁੰਠਾ ਉਸ ਨੂੰ ਕਲਪਿਤ ਤੌਰ ’ਤੇ ਗਰਭਵਤੀ ਹੋਣ ਦੇ ਮਨੋ ਰੋਗ ਦਾ ਸ਼ਿਕਾਰ ਬਣਾ ਦੇਂਦੀ ਹੈ ਮਨੋ-ਚਤਿਕਸਕ ਦੀ ਸਲਾਹ ’ਤੇ ਸੁਧੀਰ ਵੀ ਉਸਦੇ ਭਰਮ ਨੂੰ ਬਣਾਈ ਰੱਖਦਾ ਹੈ ਜਦੋਂ ਉਹ ਇਕ ਪਲਾਸਟਿਕ ਦੇ ਗੁੱਡੇ ਨੂੰ ਆਪਣਾ ਬੇਟਾ ਸਮਝ ਕੇ ਸਾਰਾ ਦਿਨ ਉਸਦੀ ਸੰਭਾਲ ਵਿਚ ਲੱਗੀ ਰਹਿੰਦੀ ਹੈ ਤਾਂ ਉਸਦੀ ਇਹ ਤਰਸਯੋਗ ਮਨੋ ਦਸ਼ਾ ਸੁਧੀਰ ਦੇ ਨਾਲ ਕਹਾਣੀ ਦੇ ਪਾਠਕਾਂ ਨੂੰ ਵੀ ਮਾਨਸਿਕ ਤੌਰ ’ਤੇ ਵਿਚਲਿਤ ਕਰਦੀ ਹੈ ਚਲਦੇ ਡਾਕਟਰੀ ਇਲਾਜ ਅਤੇ ਸੁਧੀਰ ਵੱਲੋਂ ਕੀਤੀ ਸੇਵਾ ਸੰਭਾਲ ਸਦਕਾ ਵਸੁਧਾ ਤਾਂ ਮਾਨਸਿਕ ਤੌਰ ਠੀਕ ਹੋ ਜਾਂਦੀ ਹੈ ਪਰ ਪਤਨੀ ਦੀ ਖੁਸ਼ੀ ਲਈ ਬੱਚਿਆਂ ਦੇ ਕਪੜਿਆਂ ਅਤੇ ਖਿਡਾਉਣਿਆਂ ਨਾਲ ਘਰ ਭਰਨ ਵਾਲਾ ਸੁਧੀਰ ਅਜਿਹੇ ਵਾਤਾਵਰਣ ਵਿਚ ਆਪ ਮਨੋ-ਰੋਗੀ ਬਣ ਜਾਂਦਾ ਹੈ। ਪਤੀ ਪਤਨੀ ਦੋਹਾਂ ਦੇ ਮਨੋ-ਰੋਗੀ ਬਣਨ ਦੀ ਗੱਲ ਭਾਵੇਂ ਕੁਝ ਗੈਰ ਸੁਭਾਵਿਕ ਲੱਗਦੀ ਹੈ ਪਰ ਇਸ ਤਰ੍ਹਾਂ ਕਰਕੇ ਕਹਾਣੀ ਪਾਠਕੀ ਮਾਨਸਿਕਤਾ ਉੱਤੇ ਬੱਝਵਾਂ ਪ੍ਰਭਾਵ ਪਾਉਣ ਵਿਚ ਸਫਲ ਹੋ ਜਾਂਦੀ ਹੈ।

ਤ੍ਰਿਪਤਾ ਕੇ ਸਿੰਘ ਵੱਲੋਂ ਕੀਤੀ ਵਰਜਿਤ ਤੇ ਪ੍ਰਵਾਨਿਤ ਰਿਸ਼ਤਿਆਂ ਦੀ ਪਰਿਭਾਸ਼ਾ ਪਰੰਪਰਕ ਅਰਥਾਂ ਵਾਲੀ ਨਹੀਂ ਸਗੋਂ ਮਨੁੱਖੀ ਲੋੜਾਂ ਅਨੁਸਾਰ ਇਹ ਬਦਲਵੇਂ ਅਰਥ ਵੀ ਗ੍ਰਹਿਣ ਕਰ ਲੈਂਦੀ ਹੈ ਕਹਾਣੀ ‘ਇਕ ਸਦੀਵੀ ਪਲ’ ਵਿਚਲੀ ਪ੍ਰਵਾਨਿਤ ਰਿਸ਼ਤੇ ਵਿਚ ਬੱਝੀ ਪਤਨੀ ਦੀਆਂ ਮਾਨਸਿਕ ਲੋੜਾਂ ਦਾ ਦਮਨ ਉਸਦੇ ਆਪਣੇ ਹੀ ਪਤੀ ਵੱਲੋਂ ਕੀਤਾ ਜਾ ਰਿਹਾ ਹੈ ਤਾਂ ਉਸਦਾ ਵਰਜਿਤ ਰਿਸ਼ਤੇ ਵੱਲ ਝੁਕਾਉ ਸੁਭਾਵਿਕ ਤੇ ਪ੍ਰਵਾਨ ਕਰਨ ਯੋਗ ਹੀ ਲੱਗਦਾ ਹੈ ਵਿਆਹ ਤੋਂ ਚਾਰ ਦਿਨ ਪਹਿਲਾਂ ਘਰ ਤੋਂ ਭੱਜਣ ਤੇ ਵੈਦ ਵੱਲੋਂ ਦਿੱਤੀਆਂ ਪੁੜੀਆਂ ਦੇ ਸਹਾਰੇ ਸੁਹਾਗ ਰਾਤ ਮਨਾਉਣ ਵਾਲੇ ਪਤੀ ਨੂੰ ਹਰ ਵੇਲੇ ਸ਼ੱਕ ਰਹਿੰਦਾ ਹੈ ਕਿ ਉਹ ਕਿਸੇ ਹੋਰ ਪੁਰਸ਼ ਨਾਲ ਸੰਬੰਧ ਨਾ ਜੋੜ ਲਵੇ ਇਸ ਲਈ ਉਹ ਕਿਸੇ ਵੀ ਥਾਂ ਜਾਂ ਰਿਸ਼ਤੇਦਾਰੀ ਵਿਚ ਉਸ ਨੂੰ ਇਕੱਲੀ ਨਹੀਂ ਜਾਣ ਦੇਂਦਾ ਪਤੀ ਦਾ ਆਧੂਰਾਪਣ ਤੇ ਸ਼ੱਕੀ ਮਿਜ਼ਾਜ ਸੁਭਾਅ ਹੌਲੀ ਹੌਲੀ ਉਸ ਨੂੰ ਇਛਾਵਾਂ ਰਹਿਤ ਖਾਮੋਸ਼ ਬੁੱਤ ਬਣਨ ਲਈ ਮਜਬੂਰ ਕਰ ਦੇਂਦਾ ਹੈ ਉਨ੍ਹਾਂ ਦੀ ਜੁਆਨ ਹੋ ਰਹੀ ਬੇਟੀ ਨੂੰ ਮਾਂ ਦੀ ਤ੍ਰਾਸਦਿਕ ਦਸ਼ਾ ਨਾਲ ਹਮਦਰਦੀ ਹੈ ਇਸ ਲਈ ਉਹ ਉਸਦੀ ਜ਼ਿੰਦਗੀ ਵਿੱਚੋਂ ਗੁਆਚੇ ਰੰਗਾ ਨੂੰ ਵਾਪਸ ਲਿਆਉਣ ਲਈ ਆਪਣੇ ਗਵਾਲੀਅਰ ਗਏ ਪਿਤਾ ਦੀ ਗੈਰਹਾਜਰੀ ਵਿਚ ਉਸ (ਆਪਣੀ ਮਾਂ) ਤੇ ਗੁਆਂਢੀ ਅੰਕਲ ਪਾਲ ਵਿਚਕਾਰ ਬਣੇ ਸਬੰਧਾਂ ਨੂੰ ਆਪਣਾ ਪੂਰਾ ਨੈਤਿਕ ਸਮਰਥਨ ਦਿੰਦੀ ਹੈ।

ਕਹਾਣੀ “ਭੋਰਾ ਕੇ ਥਿੰਦਾ’ ਬਾਕੀ ਕਹਾਣੀਆਂ ਤੋਂ ਥੋੜ੍ਹਾ ਹਟ ਕੇ ਜਾਤੀਗਤ ਰਿਸ਼ਤਿਆਂ ਦੇ ਜਮਾਤੀ ਰਿਸ਼ਤਿਆਂ ਵਿਚ ਤਬਦੀਲ ਹੋਣ ਦੀ ਕਹਾਣੀ ਹੈ ਕਹਾਣੀ ਵਿਚਲਾ ਦਲਿਤ ਸ਼੍ਰੇਣੀ ਨਾਲ ਸਬੰਧਤ ਬਾਪੂ ਆਪਣੇ ਵੱਡੇ ਪੁੱਤਰ ਦਾ ਹੱਕ ਮਾਰ ਕੇ ਛੋਟੇ ਪੁੱਤਰ ਨੂੰ ਇਸ ਆਸ ਨਾਲ ਪੜ੍ਹਾਉਂਦਾ ਲਿਖਾਉਂਦਾ ਹੈ ਕਿ ਉਸਦੇ ਨੌਕਰੀ ’ਤੇ ਲੱਗਣ ਤੋਂ ਬਾਅਦ ਘਰ ਦੀ ਹਾਲਤ ਸੁਧਰ ਜਾਵੇਗੀ ਪਰ ਨੌਕਰੀ ਲੱਗਣ ਤੇ ਸ਼ਹਿਰ ਵਿਚ ਨਿਵਾਸ ਕਰਨ ਤੋਂ ਬਾਅਦ ਉਹ ਕਿਰਤੀ ਜਮਾਤ ਦੇ ਖਾਸੇ ਨੂੰ ਤਿਆਗ ਕੇ ਨਵੇਂ ਯੁਗ ਦੇ ਪੂੰਜੀਵਾਦੀ ਖਾਸੇ ਨੂੰ ਅਪਣਾ ਲੈਂਦਾ ਹੈ ਅਜਿਹਾ ਕਰਨ ਨਾਲ ਪਿੰਡ ਵਿਚਲੇ ਮਾਂ ਬਾਪ ਤੇ ਭਰਾ ਨਾਲ ਉਸਦੇ ਸਬੰਧ ਰਸਮੀ ਹੀ ਰਹਿ ਜਾਂਦੇ ਹਨ ਉਸ ਦਾ ਪਿੰਡ ਰਹਿੰਦਾ ਭਤੀਜਾ ਕਾਲਾ ਇਸ ਨਵੇਂ ਵਰਤਾਰੇ ਨੂੰ ਚੰਗੀ ਸਮਝਦਾ ਹੈਇਸ ਲਈ ਉਹ ਆਪਣੇ ਪੁੱਤਰ ਦੀਪੂ ਦੇ ਹੱਕ ਦੀ ਰਾਖੀ ਲਈ ਚਾਚੇ ਦੇ ਪੋਤੇ ਹੱਥੋਂ ਮੱਖਣ ਦੀ ਕੌਲੀ ਖੋਹ ਕੇ ਆਪਣੇ ਅੰਦਰਲੇ ਗੁੱਸੇ ਦਾ ਸੰਕੇਤਕ ਪ੍ਰਗਟਾਵਾ ਕਰਦਿਆਂ ਆਖਦਾ ਹੈ, “ਉਏ ਸਾਰੀ ਕਰੀਮ ਤੁਸੀਂ ’ਕੱਲਿਆਂ ਨੇ ਹੀ ਖਾ ਜਾਣੀ ਹੈ? ਭੋਰਾ ਕੁ ਥਿੰਦਾ ਸਾਡੇ ਲਈ ਵੀ ਛੱਡ ਦਿਉ” ਇਹ ਪ੍ਰਗਟਾਵਾ ਭਾਵੇ ਸੰਕੇਤਕ ਹੈ ਪਰ ਜਮਾਤੀ ਦ੍ਰਿਸ਼ਟੀ ਤੋਂ ਬਹੁਤ ਅਰਥਵਾਨ ਹੈ।

ਕਹਾਣੀ “ਸੁਪਨ ਸੰਸਾਰ” ਮਨੁੱਖ ਦੀਆਂ ਦਮਿਤ ਇੱਛਾਵਾਂ ਅਤੇ ਉਸਦੇ ਸੁਪਨਿਆਂ ਦੀ ਅੰਤਰ ਸਬੰਧਤਾ ਨੂੰ ਬਿਆਨਦੀ ਹੈ। ਕਹਾਣੀ ਵਿਚਲਾ ਲਾਲਚੀ ਪਿਉ ਸਰਕਾਰੀ ਨੌਕਰੀ ’ਤੇ ਲੱਗੀ ਆਪਣੀ ਧੀ ਦੀ ਤਨਖਾਹ ਆਪਣੇ ਕੋਲ ਰੱਖਣ ਦੇ ਮਕਸਦ ਨਾਲ ਉਸ ਲਈ ਆਇਆ ਹਰ ਰਿਸ਼ਤਾ ਕਿਸੇ ਨਾ ਕਿਸੇ ਬਹਾਨੇ ਨਾਲ ਮੋੜ ਦੇਂਦਾ ਹੈ ਆਪਣੀਆਂ ਮਾਨਸਿਕ ਤੇ ਸਰੀਰਕ ਲੋੜਾਂ ਦੀ ਪੂਰਤੀ ਦੇ ਰਾਹ ਵਿਚ ਵਾਰ ਵਾਰ ਰੁਕਾਵਟ ਪਾਏ ਜਾਣ ’ਤੇ ਧੀ ਅੰਦਰ ਖਿਝ ਤਾਂ ਪੈਦਾ ਹੁੰਦੀ ਹੈ ਪਰ ਆਪਣੇ ਮਨੋਭਾਵਾਂ ਨੂੰ ਆਪਣੇ ਪਿਉ ਤੱਕ ਪੁੱਜਦਾ ਕਰਨ ਵੇਲੇ ਰੂੜ੍ਹੀਵਾਦੀ ਸੰਸਕਾਰ ਉਸਦੇ ਰਾਹ ਦੀ ਰੁਕਾਵਟ ਬਣ ਜਾਂਦੇ ਹਨ। ਬੱਸ ਸਫਰ ਦੌਰਾਨ ਜਦੋਂ ਨਾਲ ਬੈਠਾ ਨੌਜਵਾਨ ਮੁੰਡਾ ਉਸ ਨਾਲ ਸਰੀਰਕ ਛੇੜ ਛਾੜ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਮਨੋਂ ਚਾਹੁੰਦੀ ਹੈ ਕਿ ਉਸ ਮੁੰਡੇ ਦੀ ਛੇੜਛਾੜ ਤੇ ਬੱਸ ਦਾ ਸਫਰ ਨਿਰੰਤਰ ਜਾਰੀ ਰਹੇ ਭਾਵੇਂ ਲੋਕ ਲੱਜ ਦੇ ਚਲਦਿਆਂ ਉਹ ਉਪਰੇ ਮਨੋਂ ਉਸ ਨੂੰ ਸਿੱਧਾ ਹੋ ਕੇ ਬੈਠਣ ਲਈ ਆਖਦੀ ਹੈ ਪਰ ਉਸਦਾ ਮਨ ਸਰੀਰਕ ਤੌਰ ’ਤੇ ਨੌਜਵਾਨ ਮੁੰਡੇ ਨਾਲ ਹੋਰ ਨੇੜਤਾ ਹਾਸਿਲ ਕਰਨੀ ਚਾਹੁੰਦਾ ਹੈ।

ਜਦੋਂ ਅਰਧ ਚੇਤਨ ਅਵਸਥਾ ਵਿਚ ਵੇਖੇ ਸੁਪਨੇ ਵਿਚ ਉਹ ਮਰਦ ਛੋਹ ਰਾਹੀਂ ਪ੍ਰਾਪਤ ਹੋਏ ਮਹਾਂ ਆਨੰਦ ਨੂੰ ਮਾਣਦੀ ਹੈ ਤਾਂ ਉਸਦਾ ਮਨ ਅਸਲ ਮਰਦ ਛੋਹ ਨੂੰ ਪ੍ਰਾਪਤ ਕਰਨ ਲਈ ਕਾਹਲਾ ਪੈ ਜਾਂਦਾ ਹੈ ਕਹਾਣੀ ਦੇ ਪਾਠ ਬਾਅਦ ਪਾਠਕ ਦੇ ਮਨ ਵਿਚ ਇਹ ਸਵਾਲ ਪੈਦਾ ਹੋਣਾ ਸੁਭਾਵਿਕ ਹੈ ਕਿ ਜੇ ਪੜ੍ਹੀ ਲਿਖੀ ਤੇ ਨੌਕਰੀ ਸ਼ੁਦਾ ਕੁੜੀ ਵੀ ਆਪਣੀਆਂ ਇੱਛਾਵਾਂ ਦੇ ਦਮਨ ਦਾ ਵਿਰੋਧ ਨਹੀਂ ਕਰੇਗੀ ਤਾਂ ਨਾਰੀ ਚੇਤਨਾ ਦਾ ਵਿਕਾਸ ਕਿਵੇਂ ਹੋਵੇਗਾ? ਇਸ ਬਾਰੇ ਮੇਰਾ ਵਿਚਾਰ ਇਹ ਹੈ ਕਿ ਸਿੱਧੇ ਰੂਪ ਵਿਚ ਨਾ ਸਹੀ ਪਰ ਉਸ ਨੂੰ ਸੰਕੇਤਕ ਰੂਪ ਵਿਚ ਆਪਣਾ ਵਿਰੋਧ ਜ਼ਰੂਰ ਦਰਜ਼ ਕਰਾਉਣਾ ਚਾਹੀਦਾ ਸੀ।

ਕਹਾਣੀ ‘ਜਿੱਤੀ ਹੋਈ ਬਾਜੀ’ ਪੀੜ੍ਹੀ ਦਰ ਪੀੜ੍ਹੀ ਸਮਾਜਿਕ ਜਬਰ ਜ਼ੁਲਮ ਦੀ ਚੱਕੀ ਵਿਚ ਪਿਸਦੀ ਆ ਰਹੀ ਔਰਤ ਅੰਦਰ ਸਮੇਂ ਨਾਲ ਪੈਦਾ ਹੋ ਰਹੀ ਜਬਰ ਵਿਰੋਧੀ ਚੇਤਨਾ ਦੀ ਨਿਸ਼ਾਨਦੇਹੀ ਉੱਭਰਵੇ ਰੂਪ ਵਿਚ ਕਰਦੀ ਹੈ। ਜਦੋਂ ਹਵੇਲੀ ਵਾਲਾ ਵੱਡਾ ਸਰਦਾਰ ਰਾਣੋ ਦੀ ਮਾਂ ਨੂੰ ਆਪਣੀ ਕਾਮ ਹਾਬੜੇ ਦਾ ਸ਼ਿਕਾਰ ਬਣਾਉਂਦਾ ਹੈ ਤਾਂ ਪੇਟ ਦੀ ਪੂਰਤੀ ਦੇ ਲਾਲਚ ਵੱਸ ਉਸਦੀ ਨਾਨੀ ਵੀ ਇਸ ਕੁਕਰਮ ਨੂੰ ਆਪਣੀ ਮੂਕ ਸਹਿਮਤੀ ਦਿੰਦੀ ਹੈ ਵਹਿਸ਼ਤ ਦਾ ਇਹ ਸਿਲਸਲਾ ਮਾਂ ਤੋਂ ਚੱਲ ਕੇ ਰਾਣੋ ਤੱਕ ਪਹੁੰਚਦਾ ਹੈ ਤਾਂ ਉਹ ਆਪਣੀ ਮਾਂ ਤੇ ਨਾਨੀ ਵਾਂਗ ਚੁੱਪ ਰਹਿਣ ਦੀ ਬਜਾਇ ਬਗਾਵਤੀ ਸੁਰ ਅਪਣਾ ਲੈਂਦੀ ਹੈ। ਇਸ ਵੇਲੇ ਰਾਣੋਂ ਦੀ ਮਾਂ ਨੂੰ ਆਪਣੀ ਧੀ ’ਤੇ ਮਾਣ ਹੁੰਦਾ ਹੈ ਕਿ ਜਿਹੜੀ ਬਾਜ਼ੀ ਉਸਦੀਆਂ ਦੋ ਪੀੜ੍ਹੀਆਂ ਹਾਰ ਚੁੱਕੀਆਂ ਸਨ, ਉਹ ਬਾਜ਼ੀ ਨਵੀਂ ਪੀੜ੍ਹੀ ਦੇ ਰੂਪ ਵਿਚ ਉਸਦੀ ਧੀ ਨੇ ਜਿੱਤ ਲਈ ਹੈ। ਸਮਾਜ ਦਾ ਇਕ ਸੱਚ ਇਹ ਹੈ ਕਿ ਪੜ੍ਹੀਆਂ ਲਿਖੀਆਂ ਤੇ ਬਾ-ਰੁਜ਼ਗਾਰ ਹੋਣ ਦੇ ਬਾਵਜੂਦ ਵੀ ਕੁਝ ਔਰਤਾਂ ਸਮਾਜਿਕ ਜ਼ਿਆਦਤੀਆਂ ਨੂੰ ਚੁੱਪ ਚਾਪ ਸਹਿਣ ਕਰ ਲੈਂਦੀਆਂ ਹਨ ਹੈ ਤਾਂ ਦੂਜਾ ਸੱਚ ਇਹ ਵੀ ਹੈ ਕਿ ਕਈ ਵਾਰ ਰਾਣੋ ਵਰਗੀਆਂ ਅਣਪੜ੍ਹ ਤੇ ਅੱਖੜ ਸੁਭਾਅ ਦੀ ਕੁੜੀਆਂ ਵੀ ਇਹਨਾਂ ਜਿਆਦਤੀਆਂ ਦਾ ਮੂੰਹ ਤੋੜ ਜੁਆਬ ਦੇਣ ਵਿਚ ਸਫਲ ਹੋ ਜਾਂਦੀਆਂ ਹਨ

ਇਸ ਸੰਗ੍ਰਹਿ ਦੀਆਂ ਕਹਾਣੀਆਂ ਦੇ ਪਾਤਰਾਂ ਦੀ ਵਾਰਤਾਲਾਪੀ ਭਾਸ਼ਾ ਉਹਨਾਂ ਦੀਆਂ ਅੰਤਰਦਵੰਦੀ ਮਨੋ ਸਥਿਤੀਆਂ ਦਾ ਸਾਜੀਵ ਵਰਨਣ ਪੇਸ਼ ਕਰਨ ਵਿਚ ਸਫ਼ਲ ਵਿਖਾਈ ਦੇਂਦੀ ਹੈ। ਇਹ ਵਾਰਤਲਾਪੀ ਭਾਸ਼ਾ ਪਾਤਰਾਂ ਦੀ ਸਮਾਜਿਕ ਹੋਂਦ ਅਨੁਸਾਰ ਹੀ ਆਪਣਾ ਮੁਹਾਵਰਾ ਤੇ ਲਹਿਜਾ ਧਾਰਨ ਕਰਦੀ ਹੈ ਇਹ ਕਹਾਣੀਆਂ ਪਾਠ ਦੀ ਸਮਾਪਤੀ ਤੋਂ ਬਾਦ ਵੀ ਪਾਠਕਾਂ ਦੇ ਸੋਚਣ ਲਈ ਬਹੁਤ ਕੁਝ ਛੱਡ ਜਾਂਦੀਆਂ ਹਨ। ਤ੍ਰਿਪਤਾ ਕੇ ਸਿੰਘ ਆਪਣੀ ਕਹਾਣੀ ਨੂੰ ਕਲਾਮਈ ਢੰਗ ਨਾਲ ਸਿਮੇਟਣਾ ਜਾਣਦੀ ਹੈ ਤੇ ਸਿੱਧੀਆਂ ਰਾਜਨੀਤਕ ਟਿੱਪਣੀਆਂ ਕਰਨ ਤੋਂ ਗੁਰੇਜ਼ ਕਰਦਿਆਂ ਕਹਾਣੀ ਦੇ ਕਲਾਤਮਿਕ ਸੁਹਜ ਨੂੰ ਬਣਾਈ ਰੱਖਦੀ ਹੈ। ਇਨ੍ਹਾਂ ਕਹਾਣੀਆਂ ਦੇ ਪਾਠ ਰਾਹੀਂ ਨਵੀਂ ਪੰਜਾਬੀ ਕਹਾਣੀ ਦੀਆਂ ਵਿਸ਼ੇਸ਼ ਪ੍ਰਵਿਰਤੀਆਂ ਤੇ ਝੁਕਾਵਾਂ ਬਾਰੇ ਭਲੀਭਾਂਤ ਜਾਣਿਆ ਜਾ ਸਕਦਾ ਹੈ ਨਿਰਸੰਦੇਹ ਤ੍ਰਿਪਤਾ ਕੇ ਸਿੰਘ ਦੇ ਇਸ ਸੰਗ੍ਰਹਿ ਦੇ ਪ੍ਰਕਾਸ਼ਿਤ ਹੋਣ ਨਾਲ ਨਵੀਂ ਸੋਚ, ਨਵੇਂ ਅਨੁਭਵਾਂ ਦੀਆਂ ਨਵੀਆਂ ਜੁਗਤਾ ਨੂੰ ਹੋਰ ਵਿਸਥਾਰ ਮਿਲਿਆ ਹੈ ਵੱਡੀ ਗੱਲ ਇਹ ਕਿ ਜਿੱਥੇ ਨਵੀਂ ਕਹਾਣੀ ਦੇ ਬੌਧਿਕ ਵਿਵਹਾਰ ਨੂੰ ਸੰਚਾਰ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਇਸ ਕਹਾਣੀ ਸੰਗ੍ਰਹਿ ਦਾ ਪਾਠ ਬਹੁਤ ਸਹਿਜਤਾ ਨਾਲ ਕੀਤਾ ਜਾ ਸਕਦਾ ਹੈ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(3060)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਨਿਰੰਜਨ ਬੋਹਾ

ਨਿਰੰਜਨ ਬੋਹਾ

Phone: (91 - 89682 - 82700)
Email: (niranjanboha@yahoo.com)

More articles from this author