“ਇਕ ਆਗੂ ਸਟੇਜ ਤੋਂ ਲਾਈਨ ’ਤੇ ਖੜ੍ਹੇ ਲੋਕਾਂ ਨੂੰ ਇਹ ਕਹਿ ਕਿ ਉਤਸ਼ਾਹਿਤ ਤਾਂ ਕਰਦਾ ਰਿਹਾ ...”
(23 ਅਕਤੂਬਰ 2018)
ਰੇਲ ਹਾਦਸਾ ਹੋਵੇ ਜਾਂ ਸੜਕ ਹਾਦਸਾ 95 ਫੀਸਦੀ ਹਾਦਸਿਆਂ ਲਈ ਮਨੁੱਖੀ ਗਲਤੀ ਜਾਂ ਲਾਪ੍ਰਵਾਹੀ ਹੀ ਜ਼ਿੰਮੇਵਾਰ ਹੁੰਦੀ ਹੈ। ਕੇਵਲ ਪੰਜ ਫੀਸਦੀ ਹਾਦਸਿਆਂ ਨੂੰ ਅਸੀਂ ਕੁਦਰਤ ਦੀ ਕਰੋਪੀ ਦੇ ਖਾਤੇ ਵਿੱਚ ਪਾ ਸਕਦੇ ਹਾਂ। ਦੁਸਹਿਰੇ ਵਾਲੇ ਦਿਨ ਸ਼੍ਰੀ ਅਮ੍ਰਿਤਸਰ ਵਿਖੇ ਭਿਆਨਕ ਰੇਲ ਹਾਦਸਾ ਹੋਇਆ ਜਿਸ ਵਿਚ 60 ਕੀਮਤੀ ਮਨੁੱਖੀ ਜਾਨਾਂ ਗਈਆਂ ਤੇ ਇਸ ਤੋਂ ਵੱਧ ਗਿਣਤੀ ਵਿਚ ਲੋਕ ਜ਼ਖਮੀ ਹੋਏ। ਇਸ ਹਾਦਸੇ ਨੂੰ ਅਸੀਂ ਕਿਸੇ ਵੀ ਤਰ੍ਹਾਂ ਕੁਦਰਤੀ ਕਰੋਪੀ ਦੇ ਲੇਖੇ ਨਹੀਂ ਪਾ ਸਕਦੇ। ਹਾਂ ਇਹ ਪੁਖਤਾ ਤੌਰ ’ਤੇ ਕਹਿ ਸਕਦੇ ਹਾਂ ਕਿ ਕਈ ਧਿਰਾਂ ਦੀਆਂ ਛੋਟੀਆਂ ਛੋਟੀਆਂ ਗਲਤੀਆਂ ਅਤੇ ਲਾਪ੍ਰਵਾਹੀਆਂ ਨੇ ਮਿਲ ਕੇ ਇਕ ਵੱਡੇ ਹਾਦਸੇ ਨੂੰ ਜਨਮ ਦਿੱਤਾ ਹੈ। ਬੇਸ਼ਕ ਇਸ ਹਾਦਸੇ ’ਤੇ ਸਿਆਸਤ ਵੀ ਹੋ ਰਹੀ ਹੈ ਪਰ ਜੇ ਹਾਦਸੇ ਵਿਚ ਕਿਸੇ ਸਿਆਸੀ ਆਗੂ ਦੀ ਲਾਪ੍ਰਵਾਹੀ ਉੱਭਰ ਕੇ ਸਾਹਮਣੇ ਆਉਂਦੀ ਹੈ ਤਾਂ ਉਸ ਨੂੰ ਇਸ ਅਧਾਰ ’ਤੇ ਬਰੀ ਵੀ ਨਹੀਂ ਕੀਤਾ ਜਾਣਾ ਚਾਹੀਦਾ ਕਿ ਇਸ ਮਾਮਲੇ ’ਤੇ ਉਸਦੀਆਂ ਵਿਰੋਧੀ ਪਾਰਟੀਆਂ ਸਿਆਸਤ ਕਰ ਰਹੀਆਂ ਹਨ।
ਇਸ ਹਾਦਸੇ ਲਈ ਸਾਰਿਆਂ ਤੋਂ ਵੱਧ ਉਂਗਲਾਂ ਕੇਂਦਰੀ ਮੰਤਰੀ ਬੀਬੀ ਨਵਜੋਤ ਕੋਰ ਸਿੱਧੂ ਵੱਲ ਉੱਠ ਰਹੀਆਂ ਹਨ। ਭਾਵੇਂ ਬੀਬੀ ਨੇ ਇਸ ਹਾਦਸੇ ਦੀ ਕਲਪਨਾ ਵੀ ਨਹੀਂ ਸੀ ਕੀਤੀ ਪਰ ਉਸ ਦੀਆਂ ਕੁਝ ਲਾਪ੍ਰਵਾਹੀਆਂ ਨੇ ਇਸ ਹਾਦਸੇ ਨੂੰ ਵੱਡਾ ਕਰਨ ਵਿਚ ਯੋਗਦਾਨ ਜ਼ਰੂਰ ਪਾਇਆ ਹੈ। ਅਜਿਹਾ ਮੰਦਭਾਗਾ ਹਾਦਸਾ ਮੁੜ ਨਾ ਵਾਪਰੇ ਅਤੇ ਹੋਰ ਆਗੂ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸਬੰਧਤ ਹੋਣ ਇਹਨਾਂ ਲਾ ਪ੍ਰਵਾਹੀਆਂ ਤੇ ਗਲਤੀਆਂ ਨੂੰ ਮੁੜ ਨਾ ਦੁਹਰਾਉਣ, ਇਸ ਲਈ ਇਹਨਾਂ ਉੱਤੇ ਚਰਚਾ ਕਰਨਾ ਜ਼ਰੂਰੀ ਵੀ ਹੈ। ਜੇ ਇਹ ਲਾਪ੍ਰਵਾਹੀ ਸਿੱਧੂ ਪਰਿਵਾਰ ਦੇ ਕਿਸੇ ਵਿਰੋਧੀ ਪਾਰਟੀ ਦੇ ਮੈਂਬਰ ਨੇ ਕੀਤੀ ਹੁੰਦੀ ਤਾਂ ਦੋਵੇਂ ਮੀਆਂ ਬੀਵੀ ਨੇ ਇਸ ਦੀ ਨਿਖੇਧੀ ਕਰਨ ਵੇਲੇ ਅਸਮਾਨ ਨੂੰ ਸਿਰ ’ਤੇ ਚੱਕ ਲੈਣਾ ਸੀ।
ਰਾਵਣ ਦੇ ਪੁਤਲੇ ਨੂੰ ਅੱਗ ਲਾਉਣ ਦਾ ਸਮਾਂ ਨਿਸਚਿਤ ਹੁੰਦਾ ਹੈ, ਕੀ ਬੀਬੀ ਨਵਜੋਤ ਸਿੱਧੂ ਵੱਲੋਂ ਇੱਕੋ ਸਮੇਂ ਛੇ ਦੁਸਹਿਰਾ ਕਮੇਟੀਆਂ ਦੇ ਸੱਦੇ ਕਬੂਲ ਕਰਨਾ ਠੀਕ ਹੈ? ਜੇ ਰੇਲ ਹਾਦਸਾ ਨਾ ਵੀ ਵਾਪਰਦਾ ਤਾਂ ਵੀ ਬੀਬੀ ਨੇ ਇਕ ਘੰਟੇ ਤੋਂ ਵੀ ਘੱਟ ਸਮੇਂ ਵਿਚ ਛੇ ਵੱਖ ਵੱਖ ਥਾਵਾਂ ’ਤੇ ਹਫੜਾ ਦਫੜੀ ਵਿਚ ਪਹੁੰਚਣਾ ਸੀ। ਬੀਬੀ ਸਿੱਧੂ ਵੱਡੀ ਲੀਡਰ ਹੈ, ਇਸ ਨਾਲ ਸਕਿਊਰਟੀ ਤੋਂ ਇਲਾਵਾ ਵੀ ਉਸਦੇ ਸਮਰਥਕਾਂ ਦਾ ਵੱਡਾ ਕਾਫਲਾ ਜ਼ਰੂਰ ਉਸ ਦੇ ਨਾਲ ਹੋਵੇਗਾ। ਇਕ ਹਫੜਾ ਦਫੜੀ ਦੇ ਮਾਹੌਲ ਵਿਚ ਦੁਸਹਿਰੇ ਵਾਲੇ ਸਥਾਨ ’ਤੇ ਪਹੁੰਚਣ ਦੀ ਕਾਹਲ ਅਤੇ ਦੂਸਰਾ ਤਿਉਹਾਰ ਦੀ ਭੀੜ, ਅਜਿਹੀ ਹਾਲਤ ਵਿਚ ਕੋਈ ਹੋਰ ਹਾਦਸਾ ਵੀ ਵਾਪਰ ਸਕਦਾ ਸੀ। ਕੀ ਇਹ ਬੀਬੀ ਸਿੱਧੂ ਵੱਲੋਂ ਜਾਣ ਬੁੱਝ ਕੇ ਕੀਤੀ ਲਾਪਵਾਹੀ ਨਹੀਂ? ਜੇ ਬੀਬੀ ਛੇ ਥਾਵਾਂ ’ਤੇ ਜਾਣ ਦਾ ਰਾਜਸੀ ਹਿਤਾਂ ਤੋਂ ਪ੍ਰੇਰਤ ਲਾਲਚ ਨਾ ਕਰਦੀ ਤਾਂ ਸ਼ਾਇਦ ਏਡਾ ਵੱਡਾ ਹਾਦਸਾ ਨਾ ਵਾਪਰਦਾ। ਬੀਬੀ ਆਪਣੀ ਜ਼ਿੰਮੇਵਾਰੀ ਕਿਸੇ ਨਾਲ ਵੰਡ ਵੀ ਸਕਦੀ ਸੀ। ਨਾਲੇ ਸਿਆਸੀ ਆਗੂ ਹੀ ਰਾਵਨ ਦੇ ਪੁਤਲੇ ਨੁੰ ਅੱਗ ਲਾਉਣਾ ਆਪਣਾ ਏਕਾ ਅਧਿਕਾਰ ਕਿਉਂ ਸਮਝਦੇ ਹਨ। ਜਿਸ ਪਾਰਟੀ ਦੀ ਸਰਕਾਰ ਹੁੰਦੀ ਹੈ ਉਸ ਪਾਰਟੀ ਦੇ ਆਗੂ, ਮੰਤਰੀ ਅਤੇ ਵਿਧਾਇਕ ਹੀ ਆਮ ਤੌਰ ’ਤੇ ਇਹ ਕਾਰਜ ਕਰਦੇ ਹਨ। ਰਾਜਨੀਤੀ ਨੇ ਸਾਡੇ ਤਿਉਹਾਰਾਂ ਦਾ ਵੀ ਸਿਆਸੀਕਰਨ ਕਰ ਦਿੱਤਾ ਹੈ। ਜੇ ਇਹ ਪਰੰਪਰਾ ਨਾ ਹੁੰਦੀ ਤਾਂ ਸ਼ਾਇਦ ਬੀਬੀ ਸਿੱਧੂ ਨੂੰ ਵੀ ਛੇ ਥਾਵਾਂ ’ਤੇ ਜਾਣ ਦੀ ਖੇਚਲ ਨਾ ਕਰਨੀ ਪੈਂਦੀ। ਸਿਆਸਤ ਧਰਮ ’ਤੇ ਹਾਵੀ ਹੈ ਇਸ ਲਈ ਸ਼ਾਇਦ ਇਹ ਪਰੰਪਰਾ ਅਜੇ ਨਹੀਂ ਬਦਲੇਗੀ ਪਰ ਏਨਾ ਕੁ ਤਾਂ ਕੀਤਾ ਜਾ ਸਕਦਾ ਹੈ ਕਿ ਇਕ ਨੇਤਾ ਨੂੰ ਇਕ ਰਾਵਨ ਦੇ ਪੁਤਲੇ ਨੂੰ ਸਾੜਣ ਦੀ ਆਗਿਆ ਹੀ ਦਿੱਤੀ ਜਾਵੇ।
ਹਿੰਦੂ ਸੰਸਕ੍ਰਿਤੀ ਅਨੁਸਾਰ ਮੁਰਦੇ ਦਾ ਸਸਕਾਰ ਚਾਹੇ ਉਹ ਦੁਸ਼ਮਣ ਵੀ ਕਿਉਂ ਨਾ ਹੋਵੇ) ਸੂਰਜ ਛਿਪਣ ਤੋ ਪਹਿਲਾਂ ਕੀਤਾ ਜਾਂਦਾ ਹੈ। ਜੇ ਸੂਰਜ ਛਿਪਦਾ ਹੋਵੇ ਤਾਂ ਉਸਦੇ ਧੀ ਪੁੱਤ ਨੂੰ ਵੀ ਨਹੀਂ ਉਡੀਕਿਆ ਜਾਂਦਾ। ਰਾਵਣ ਵਰਗੇ ਮਹਾਂ ਪੰਡਤ ਦਾ ਸਸਕਾਰ ਕਰਨ ਲਈ ਕਮੇਟੀ ਵਾਲੇ ਸੂਰਜ ਛਿਪਣ ਤੋਂ ਬਾਦ ਵੀ ਬੀਬੀ ਸਿੱਧੂ ਦਾ ਇੰਤਜ਼ਾਰ ਕਰਦੇ ਰਹੇ, ਕੀ ਇਹ ਹਿੰਦੂ ਸੰਸਕ੍ਰਿਤੀ ਦਾ ਅਪਮਾਨ ਨਹੀਂ? ਸਿੱਧੂ ਪਰਿਵਾਰ ਨੇ ਭਾਰਤੀ ਜਨਤਾ ਪਾਰਟੀ ਵਿਚ ਰਹਿੰਦਿਆਂ ਵੀ ਧਰਮ ਅਧਾਰਿਤ ਰਾਜਨੀਤੀ ਕੀਤੀ ਹੈ ਤੇ ਹੁਣ ਕਾਂਗਰਸ ਵਿਚ ਰਹਿੰਦਿਆ ਵੀ ਉਹ ਇਹੀ ਕੁਝ ਕਰ ਰਹੇ ਹਨ। ਇਸ ਲਈ ਉਹਨਾਂ ਤੋਂ ਇਹ ਆਸ ਰੱਖੀ ਜਾਣੀ ਵਾਜਿਬ ਹੈ ਕਿ ਜੇ ਉਹਨਾਂ ਧਰਮ ਅਧਾਰਤ ਸਿਆਸਤ ਕਰਨੀ ਹੈ ਤਾਂ ਧਾਰਮਿਕ ਮਰਿਆਦਾਵਾਂ ਦਾ ਵੀ ਖਿਆਲ ਰੱਖਣ।
ਤਿੰਨ ਦਿਨ ਬੀਤ ਜਾਣ ’ਤੇ ਵੀ ਅਮ੍ਰਿਤਸਰ ਪ੍ਰਸ਼ਾਸਨ ਵੱਲੋਂ ਇਹ ਸਪਸ਼ਟੀਕਰਨ ਨਹੀਂ ਦਿੱਤਾ ਗਿਆ ਕਿ ਰੇਲਵੇ ਲਾਈਨ ਦੇ ਨੇੜੇ ਦੁਸਹਿਰਾ ਮਨਾਉਣ ਦੀ ਮਨਜ਼ੂਰੀ ਲਈ ਗਈ ਸੀ ਜਾਂ ਨਹੀਂ। ਸਿੱਧੂ ਸਮਥਰਕ ਰਾਜਸੀ ਆਗੂਆਂ ਦੀ ਇਹ ਦਲੀਲ ਹੋਰ ਵੀ ਸੰਦੇਹ ਪੈਦਾ ਕਰਦੀ ਹੈ ਕਿ ਇਸ ਥਾਂ ’ਤੇ ਦੁਸਹਿਰਾ ਕਈ ਸਾਲਾਂ ਤੋਂ ਮਨਾਇਆ ਜਾ ਰਿਹਾ ਹੈ। ਠੀਕ ਹੈ, ਪਿਛਲੇ ਸਾਲਾਂ ਵਿਚ ਕੋਈ ਹਾਦਸਾ ਨਹੀਂ ਵਾਪਰਿਆ ਪਰ ਲਗਾਤਾਰ ਗਲਤੀ ਦੁਹਰਾਏ ਜਾਣ ਨਾਲ ਪ੍ਰਸ਼ਾਸਨ ਦਾ ਦੋਸ਼ ਹੋਰ ਵੀ ਵੱਡਾ ਹੋ ਜਾਂਦਾ ਹੈ। ਜੇ ਪ੍ਰਸ਼ਾਸਨ ਨੇ ਮਨਜ਼ੂਰੀ ਦਿੱਤੀ ਹੈ ਤਾਂ ਉਸਨੇ ਰੇਲਵੇ ਵਿਭਾਗ ਨੂੰ ਇਸ ਬਾਰੇ ਸੂਚਿਤ ਕਿਉਂ ਨਹੀਂ ਕੀਤਾ ਤੇ ਰੇਲਵੇ ਲਾਈਨ ਖਾਲੀ ਕਰਾਉਣ ਦੇ ਪਰਬੰਧ ਕਿਉਂ ਨਹੀਂ ਕੀਤੇ। ਜੇ ਇਹ ਤਿਉਹਾਰ ਪ੍ਰਸ਼ਾਸਨ ਦੀ ਮਨਜ਼ੂਰੀ ਤੋਂ ਬਗੈਰ ਕਈ ਸਾਲਾਂ ਤੋਂ ਇਸ ਥਾਂ ’ਤੇ ਮਨਾਇਆ ਜਾ ਰਿਹਾ ਹੈ ਤਾਂ ਉਨ੍ਹਾਂ ਇਸ ਬਾਰੇ ਐਕਸ਼ਨ ਕਿਉਂ ਨਹੀਂ ਲਿਆ? ਪ੍ਰਸ਼ਾਸ਼ਨ ਕਿਸੇ ਵੀ ਪਾਸਿਉਂ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦਾ।
ਦੁਸਹਿਰੇ ’ਤੇ ਵੱਡੀ ਭੀੜ ਇੱਕਠੀ ਹੋਣ ਦੇ ਸਮਾਚਾਰ ਹਨ। ਜਦੋਂ ਸਰਕਾਰੀ ਧਿਰ ਨਾਲ ਸਬੰਧਤ ਬੀਬੀ ਸਿੱਧੂ ਵਰਗੇ ਵੱਡੇ ਲੀਡਰ ਨੇ ਆਉਣਾ ਹੋਵੇ ਤਾਂ ਸੁਰੱਖਿਆ ਦੇ ਪੁਖ਼ਤਾ ਇੰਤਜਾਮ ਕੀਤੇ ਜਾਂਦੇ ਹਨ। ਜ਼ਾਹਰ ਹੈ ਕਿ ਦੁਸਹਿਰਾ ਗਰਾਊਂਡ ਵਿਚ ਵੀ ਪੰਜਾਹ ਸੱਠ ਪੁਲੀਸ ਮੁਲਾਜ਼ਮ ਜਰੂਰ ਹਾਜ਼ਰ ਹੋਣਗੇ। ਇੱਕਠ ਨੂੰ ਕਾਬੂ ਵਿਚ ਰੱਖਣ ਲਈ ਦੁਸਹਿਰਾ ਕਮੇਟੀ ਦੇ ਆਪਣੇ ਵੀ ਵਲੰਟੀਅਰ ਹੁੰਦੇ ਹਨ। ਕੀ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਸੀ ਕਿ ਉਹ ਰੇਲਵੇ ਲਾਈਨ ਨੂੰ ਖਾਲੀ ਕਰਾਉਣ ਲਈ ਆਪਣੀ ਜ਼ਿੰਮੇਵਾਰੀ ਨਿਭਾਉਂਦੇ। ਕੀ ਪੁਲੀਸ ਦਾ ਫਰਜ਼ ਕੇਵਲ ਨੇਤਾ ਲੋਕਾਂ ਦੀ ਜਾਨ ਦੀ ਰੱਖਿਆ ਕਰਨਾ ਹੀ ਹੁੰਦਾ ਹੈ? ਦੁਸਹਿਰਾ ਕਮੇਟੀ ਦੇ ਸਾਰੇ ਅਹੁਦੇਦਾਰ ਇਸ ਸ਼ਹਿਰ ਦੇ ਹੀ ਵਸਨੀਕ ਸਨ। ਕੀ ਕਿਸੇ ਵੀ ਮੈਂਬਰ ਦੇ ਜ਼ਿਹਨ ਵਿਚ ਇੱਥੋਂ ਲੰਘਣ ਵਾਲੀਆਂ ਗੱਡੀਆਂ ਦਾ ਫਿਕਰ ਨਹੀਂ ਸੀ?ਇਕ ਆਗੂ ਸਟੇਜ ਤੋਂ ਲਾਈਨ ’ਤੇ ਖੜ੍ਹੇ ਲੋਕਾਂ ਨੂੰ ਇਹ ਕਹਿ ਕਿ ਉਤਸ਼ਾਹਿਤ ਤਾਂ ਕਰਦਾ ਰਿਹਾ ਕਿ ਵੇਖੋ ਇਹ ਲੋਕ ਸਿੱਧੂ ਜੋੜੀ ਨੂੰ ਕਿੰਨਾ ਪਿਆਰ ਕਰਦੇ ਹਨ ਕਿ ਇਹਨਾਂ ਨੂੰ ਆਪਣੀਆ ਜਾਨਾਂ ਦੀ ਵੀ ਪ੍ਰਵਾਹ ਨਹੀਂ ਹੈ ਪਰ ਲਾਈਨ ਖਾਲੀ ਕਰਨ ਦੀ ਇਕ ਵੀ ਅਪੀਲ ਸਟੇਜ ਤੋਂ ਸੁਣਾਈ ਨਹੀਂ ਦਿੱਤੀ।
ਰੇਲਵੇ ਵਿਭਾਗ ਦੀ ਗਲਤੀ ਨੂੰ ਵੀ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਸੂਰਜ ਛਿਪ ਜਾਣ ਤੋਂ ਬਾਦ ਵੀ ਗੱਡੀ ਦੀ ਉੱਪਰਲੀ ਤੇਜ਼ ਲਾਈਟ ਨਹੀਂ ਸੀ ਜਲ ਰਹੀ, ਇਸ ਲਈ ਡਰਾਈਵਰ ਉਸ ਦੂਰੀ ਤੋਂ ਭੀੜ ਨੂੰ ਨਹੀਂ ਵੇਖ ਸਕਿਆ ਜਿਸ ਦੂਰੀ ਤੋਂ ਰੇਲ ਦੀ ਰਫਤਾਰ ਘੱਟ ਕਰਕੇ ਬਰੇਕ ਮਾਰੇ ਜਾ ਸਕਦੇ ਸਨ। ਨੇੜਲੇ ਰੇਲਵੇ ਫਾਟਕ ਦੇ ਵਾਚਮੈਨ ਦੀ ਗੈਰਹਾਜ਼ਰੀ ਵੀ ਰੇਲ ਵਿਭਾਗ ਦੀ ਗਲਤੀ ਦਾ ਸ਼ਰੇਆਮ ਖੁਲਾਸਾ ਕਰਦੀ ਹੈ। ਹੁਣ ਰੇਲਵੇ ਵਿਭਾਗ ਅਤੇ ਅਮ੍ਰਿਤਸਰ ਦਾ ਸਿਵਲ, ਪੁਲੀਸ ਪ੍ਰਸ਼ਾਸਨ ਸਾਰਾ ਦੋਸ਼ ਦੂਜੇ ’ਤੇ ਮੜ੍ਹ ਕੇ ਆਪ ਸੁਰਖਰੂ ਹੋਣ ਦੀ ਕੋਸ਼ਿਸ਼ ਕਰਨਗੇ, ਜਦੋਂਕਿ ਘੱਟ ਜਾਂ ਵੱਧ ਕਸੂਰ ਦੋਹਾਂ ਧਿਰਾਂ ਦਾ ਹੈ। ਭਾਵੇਂ ਮੁੱਖ ਮੰਤਰੀ ਨੇ ਇਸ ਸਬੰਧੀ ਜਾਂਚ ਕਮਿਸ਼ਨ ਬਣਾਉਣ ਦਾ ਐਲਾਨ ਕਰਕੇ ਹਾਦਸੇ ਲਈ ਜ਼ਿੰਮੇਵਾਰ ਧਿਰਾਂ ਦੀ ਸਨਾਖ਼ਤ ਚਾਰ ਹਫਤਿਆਂ ਵਿਚ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ ਪਰ ਜਿਸ ਜਾਂਚ ਕਮੀਸ਼ਨ ਦੀ ਰਿਪੋਰਟ ਤੋਂ ਸੱਤਧਾਰੀ ਧਿਰ ਨੂੰ ਸਿਆਸੀ ਲਾਭ ਦੀ ਥਾਂ ਨੁਕਸਾਨ ਹੁੰਦਾ ਹੋਵੇ, ਜਾਂ ਤਾਂ ਉਹ ਰਿਪੋਰਟ ਜਾਰੀ ਹੀ ਨਹੀਂ ਕੀਤੀ ਜਾਂਦੀ ਤੇ ਜੇ ਜਾਰੀ ਹੋ ਜਾਵੇ ਤਾਂ ਉਸ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ।
*****
(1359)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)







































































































