NiranjanBoha7ਇਹ ਅਰੋੜਾ ਪਰਿਵਾਰ ਹੀ ਹਨ ਜਿਹਨਾਂ ਵਿਚ ਇੱਕ ਭਰਾ ਸਿੱਖ ਰਹਿਤ ਮਰਿਆਦਾ ਦਾ ਧਾਰਨੀ ਹੁੰਦਾ ਹੈ ਤਾਂ ਦੂਜਾ ਭਰਾ ਹਿੰਦੂ ਰਹੁ-ਰੀਤਾਂ ਅਨੁਸਾਰ ਜੀਵਨ ਜਿਉਂਦਾ ਹੈ ...
(ਅਕਤੂਬਰ 7,2015)

 

ਭਾਰਤੀ ਸਮਾਜ ਦੀ ਵਿਕਾਸ ਪ੍ਰਕਿਰਿਆ ਜਿੱਥੇ ਵੱਖ ਵੱਖ ਕੌਮਾਂ, ਫਿਰਕਿਆਂ, ਜਾਤੀਆਂ, ਉਪ ਜਾਤੀਆਂ ਅਤੇ ਖੇਤਰੀ-ਭਾਸ਼ਾਈ ਧਰਾਤਲ ਤੇ ਵੱਖਰੀ ਪਹਿਚਾਣ ਰੱਖਣ ਵਾਲੀਆਂ ਸਮਾਜਿਕ ਵਿਵਸਥਾਵਾਂ ਨੂੰ ਇਕ ਲੜੀ ਵਿਚ ਪਰੋਣ ਦਾ ਕੰਮ ਕਰਦੀ ਹੈ, ਉੱਥੇ ਇਹ ਇਹਨਾਂ ਵਿਵਸਥਾਵਾਂ ਨੂੰ ਆਪਣੀ ਵੱਖਰੀ ਸੰਸਕ੍ਰਿਤਿਕ ਪਹਿਚਾਣ ਤੇ ਵਿਸ਼ੇਸ਼ਤਾਈਆਂ ਨੂੰ ਬਰਕਰਾਰ ਰੱਖਣ ਦਾ ਵੀ ਪੂਰਾ ਹੱਕ ਦੇਂਦੀ ਹੈ। ਇਸ ਸੰਦਰਭ ਵਿਚ ਅਰੋੜਾ ਸਮਾਜ ਭਾਵੇਂ ਮੂਲ ਰੂਪ ਵਿਚ ਭਾਰਤੀ ਸਮਾਜ ਦਾ ਹਿੱਸਾ ਹੈ ਪਰ ਇਸਦਾ ਇਤਿਹਾਸਕ ਤੇ ਪੂਰਵਜੀ ਪਿਛੋਕੜ ਇਸਦੀ ਸਮਾਜਿਕ ਤੇ ਸੰਸਕ੍ਰਿਤਿਕ ਦਿੱਖ ਨੂੰ ਦੂਜੀਆਂ ਸਮਾਜਿਕ ਤੇ ਸਭਿਆਚਾਰਕ ਇਕਾਈਆਂ ਨਾਲੋਂ ਨਿਖੇੜਦਾ ਵੀ ਹੈ ਇਸ ਸਮਾਜ ਨੂੰ ਆਪਣੀ ਸਮਾਜਿਕ ਹੋਂਦ ਬਣਾਈ ਰੱਖਣ ਲਈ ਅਨੇਕਾਂ ਸੰਘਰਸ਼ਾਂ, ਤਣਾਵਾਂ ਅਤੇ ਟਕਰਾਵਾਂ ਵਿੱਚੋਂ ਲੰਘਣਾ ਪਿਆ ਹੈ। ਦੋ ਮੁਲਕਾਂ ਦੀ ਵੰਡ ਦੇ ਨਾਂ ’ਤੇ ਹੋਏ ਵੱਡੇ ਪੱਧਰ ਦੇ ਲੋਕ ਉਜਾੜੇ ਦਾ ਵੱਡਾ ਸੰਤਾਪ ਵੀ ਇਸਦੇ ਹਿੱਸੇ ਹੀ ਆਇਆ ਹੈ। ਇਸ ਲਈ ਲਗਾਤਾਰ ਜੀਵਨ ਦੇ ਬਿੱਖੜੇ ਪੈਂਡਿਆਂ ਉੱਤੇ ਤੁਰਨ ਦੇ ਅਮਲ ਨੇ ਇਸ ਨੂੰ ਮੂਲ ਰੂਪ ਹੀ ਸੰਘਰਸ਼ੀ, ਮਿਹਨਤੀ ਤੇ ਕਰਮਯੋਗੀ ਸਮਾਜ ਬਣਾ ਦਿੱਤਾ ਹੈ

ਜੇ ਭਾਰਤ ਪਾਕਿ ਵੰਡ ਦੀ ਭੇਟ ਚੜ੍ਹੇ ਨਿਰਦੋਸ਼ ਲੋਕਾਂ ਨੂੰ ਸ਼ਹੀਦਾਂ ਦਾ ਦਰਜ਼ਾ ਦੇਈਏ ਤਾਂ ਅਰੋੜਾ ਕੌਮ ਨੇ ਲੱਖਾਂ ਦੀ ਗਿਣਤੀ ਵਿਚ ਸ਼ਹਾਦਤਾਂ ਦਿੱਤੀਆਂ ਹਨ। ਇਸ ਵੰਡ ਤੋਂ ਪਹਿਲਾਂ ਇਸ ਸਮਾਜ ਦੀ ਵਧੇਰੇ ਅਬਾਦੀ ਪਾਕਿਸਤਾਨੀ ਪੰਜਾਬ ਵਾਲੇ ਪਾਸੇ ਅਮਨ ਚੈਨ ਦੀ ਜ਼ਿੰਦਗੀ ਬਸਰ ਕਰ ਰਹੀ ਸੀ। ਦੋਵੇਂ ਪਾਸੀਂ ਰਾਜ ਸੱਤਾ ਸੰਭਾਲਣ ਲਈ ਕਾਹਲੇ ਹੋਏ ਲੀਡਰਾਂ ਨੇ ਧਰਮ ਦੇ ਨਾਂ ’ਤੇ ਹੋਣ ਵਾਲੇ ਅਬਾਦੀ ਦੇ ਵੱਡੇ ਤਬਾਦਲੇ ਲਈ ਬਿਨਾਂ ਪ੍ਰਭਾਵੀ ਵਿਉਂਤਬੰਦੀ ਕੀਤੇ, ਸੱਤਾ ਸੰਭਾਲਣ ਦੀ ਕਾਹਲ ਵਿਖਾਈ ਤਾਂ ਲੱਖਾਂ ਲੋਕਾਂ ਦੀਆਂ ਕੀਮਤੀ ਜਾਨਾਂ ਅਜਾਈਂ ਚਲੀਆਂ ਗਈਆਂ। ਦੋਵੇਂ ਪਾਸੀਂ ਭਾਵੇਂ ਉੱਜੜੇ ਲੋਕਾਂ ਦੇ ਹੋਏ ਮਾਲੀ ਨੁਕਸਾਨ ਦਾ ਤਾਂ ਕੁਝ ਮੁਆਵਜ਼ਾ ਦਿੱਤਾ ਗਿਆ ਪਰ ਜਾਨੀ ਨੁਕਸਾਨ ਦਾ ਮੁੱਲ ਪਾਉਣ ਦੀ ਕਿਸੇ ਵੀ ਗੱਲ ਨਹੀਂ ਕੀਤੀ। ਭਾਰਤ ਅਤੇ ਪਾਕਸਤਾਨ ਦੀ ਅਜ਼ਾਦੀ ਦੇ ਮੱਥੇ ਉੱਤੇ ਲੱਗਾ ਲੱਖਾਂ ਲੋਕਾਂ ਦੇ ਕਤਲੇਆਮ ਦਾ ਕਲੰਕ ਮਿਟਾਇਆਂ ਵੀ ਮਿਟ ਨਹੀਂ ਸਕੇਗਾ।

ਭਾਰਤ ਪਾਕਿ ਵੰਡ ਵੇਲੇ ਹੋਏ ਉਜਾੜੇ ਤੇ ਕਤਲੇਆਮ ਦਾ ਦਰਦ ਹੰਢਾ ਚੁੱਕੀਆਂ ਤੇ ਇਸਦੀਆਂ ਪ੍ਰਤੱਖਦਰਸ਼ੀ ਗਵਾਹ ਰਹੀਆਂ ਇਸ ਸਮਾਜ ਨਾਲ ਸੰਬੰਧਤ ਦਾਦੀਆਂ ਤੇ ਨਾਨੀਆਂ ਹੁਣ ਵੀ ਜਦੋਂ ਆਪਣੇ ਪੋਤਿਆਂ ਤੇ ਦੋਹਤਿਆਂ ਨੂੰ ਉਜਾੜੇ ਸਮੇਂ ਸ਼ੈਤਾਨੀਅਤ ਦੇ ਹੋਏ ਨੰਗੇ ਨਾਚ ਦੀ ਦਾਸਤਾਨ ਸੁਣਾਉਂਦੀਆਂ ਹਨ ਤਾਂ ਸੁਣਨ ਵਾਲੇ ਦੇ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ। ਮੈਂ ਖੁਦ ਆਪਣੀ ਮਾਂ ਕੋਲੋਂ ਆਪਣੇ ਪਰਿਵਾਰ ਵੱਲੋਂ ਹੁਣ ਦੇ ਪਾਕਸਤਾਨੀ ਪਿੰਡ ਭਿੰਡਾ ਸਮੰਦ ਖਾਂ ਵਿਚਲਾ ਘਰ ਛੱਡਣ ਵੇਲੇ ਦੀ ਉਹ ਵਾਰਤਾ ਕਈ ਵਾਰ ਸੁਣੀ ਹੈ ਕਿ ਕਿਸ ਤਰ੍ਹਾਂ ਸਾਡੇ ਖਾਨਦਾਨ ਦੇ ਵਡੇਰਿਆਂ ਨੇ ਧਾੜਵੀਆਂ ਕੋਲੋਂ ਧੀਆਂ ਭੈਣਾਂ ਦੀ ਇੱਜ਼ਤ ਬਚਾਉਣ ਲਈ ਉਹਨਾਂ ਦਾ ਆਪਣੇ ਹੱਥੀਂ ਕਤਲ ਕਰਨ ਦਾ ਫੈਸਲਾ ਲੈ ਲਿਆ ਸੀ, ਪਰ ਕਿਸਮਤ ਨੇ ਉਹਨਾਂ ਨੂੰ ਹੱਥ ਦੇ ਕੇ ਰੱਖ ਲਿਆ। ਮੈਂ ਅਕਸਰ ਸੋਚਦਾ ਹਾਂ ਕਿ ਮਨੁੱਖੀ ਮਜਬੂਰੀ ਤੇ ਬੇਵਸੀ ਦੀ ਇਹ ਇੰਤਹਾ ਹੀ ਸੀ ਕਿ ਕੋਈ ਉਹਨਾਂ ਮਾਸੂਮਾਂ ਨੂੰ ਆਪਣੇ ਹੱਥੀਂ ਕਤਲ ਕਰਨ ਲਈ ਮਜਬੂਰ ਹੋ ਜਾਵੇ, ਜਿਹਨਾਂ ਨੂੰ ਉਹ ਆਪਣੀ ਜਾਨ ਤੋਂ ਵੱਧ ਚਾਹੁੰਦਾ ਹੋਵੇ। ਦੁੱਖ ਦੀ ਗੱਲ ਹੈ ਕਿ ਅਜ਼ਾਦੀ ਦਾ ਏਡਾ ਵੱਡਾ ਮੁਆਵਜ਼ਾ ਚੁਕਾਉਣ ਵਾਲੇ ਅਰੋੜਾ ਸਮਾਜ ਦੀ ਸਮੇਂ ਦੀਆਂ ਸਰਕਾਰਾਂ ਨੇ ਕੋਈ ਕਦਰ ਨਹੀਂ ਪਾਈ।

ਉਜਾੜੇ ਤੋਂ ਬਾਦ ਪੁਨਰ ਵਸੇਬੇ ਦੀ ਪ੍ਰਕਿਰਿਆ ਕਿਸੇ ਵੀ ਸਮਾਜ ਦੇ ਸੁਭਾ, ਸੋਚ, ਵਰਤੋਂ ਵਿਵਹਾਰ ਤੇ ਅਮਲ ਵਿਚ ਵਿਆਪਕ ਤਬਦੀਲੀਆਂ ਲਿਆਉਣ ਦੇ ਸਮਰੱਥ ਹੁੰਦੀ ਹੈ। ਸੁਭਾਵਿਕ ਤੌਰ ’ਤੇ ਇਹ ਤਬਦੀਲੀਆਂ ਅਰੋੜਾ ਸਮਾਜ ਵਿਚ ਵੀ ਆਈਆਂ ਹਨ। ਪੁਨਰ ਵਸੇਬੇ ਸਮੇਂ ਇਸ ਸਮਾਜ ਦੀ ਰੋਟੀ ਕੱਪੜਾ ਅਤੇ ਮਕਾਨ ਦੀ ਸਮੱਸਿਆ ਹੱਲ ਕਰਨ ਲਈ ਸਰਕਾਰੀ ਪੱਧਰ ’ਤੇ ਕੀਤੇ ਯਤਨ ਬਹੁਤ ਨਿਗੂਣੇ ਸਿੱਧ ਹੋਏ। ਨਵੀਂ ਥਾਂ ਵਿਚ ਆਪਣੀਆਂ ਆਰਥਿਕ ਜੜ੍ਹਾਂ ਲਾਉਣ ਲਈ ਇਹਨਾਂ ਨੂੰ ਕਰੜਾ ਸੰਘਰਸ਼ ਕਰਨਾ ਪਿਆ, ਜਿਸ ਕਾਰਨ ਇਹਨਾਂ ਦੀ ਪਹਿਚਾਣ ਇਕ ਮਿਹਨਤੀ ਤੇ ਸੰਘਰਸ਼ੀ ਸਮਾਜ ਵਜੋਂ ਬਣ ਗਈ।

ਭਾਵੇਂ ਪਾਕਿਸਤਾਨੀ ਪੰਜਾਬ ਵਿਚ ਜ਼ਮੀਨਾਂ ਜਾਇਦਾਦਾਂ ਦੇ ਮਾਲਕ ਰਹੇ ਅਰੋੜਿਆਂ ਦੀ ਅਬਾਦੀ ਦਾ ਇਕ ਹਿੱਸਾ ਭਾਰਤ ਵਿਚ ਮੁਕਾਬਲੇ ਦੇ ਕਲੇਮ ਹਾਸਿਲ ਕਰਕੇ ਆਪਣੇ ਪੁਨਰ ਵਸੇਬੇ ਦੀ ਸਮੱਸਿਆ ਛੇਤੀ ਹੱਲ ਕਰਨ ਵਿਚ ਕਾਮਯਾਬ ਹੋ ਗਿਆ ਪਰ ਬਹੁਗਿਣਤੀ ਅਰੋੜਾ ਸਮਾਜ ਨੂੰ ਰੋਟੀ ਰੋਜ਼ੀ ਦਾ ਢੁੱਕਵਾਂ ਜੁਗਾੜ ਕਰਨ ਲਈ ਕਈ ਦਹਾਕਿਆਂ ਦਾ ਸਮਾਂ ਲੱਗ ਗਿਆ। ਅਰੋੜਿਆਂ ਦੇ ਸੰਘਰਸ਼, ਮਿਹਨਤ, ਸਿਦਕ ਤੇ ਲਗਨ ਨੂੰ ਵੇਖ ਹੀ ਸੁਭਾਵਿਕ ਰੂਪ ਵਿਚ ‘ਲੱਕ ਬੱਧਾ ਅਰੋੜਿਆਂ - ਮੁੰਨਾ ਕੋਹ ਲਾਹੌਰ’ ਦੀ ਕਹਾਵਤ ਲੋਕ ਜ਼ੁਬਾਨ ’ਤੇ ਚੜ੍ਹ ਗਈ। ਇਹ ਕਹਾਵਤ ਅਰੋੜਿਆਂ ਦੀ ਇਸ ਮੂਲ ਭੂਤ ਵਿਸ਼ੇਸ਼ਤਾ ਨੂੰ ਸਪਸ਼ਟ ਕਰਦੀ ਹੈ ਕਿ ਜੇ ਇਹ ਲੋਕ ਲੱਕ ਬੰਨ੍ਹ ਲੈਣ ਤਾਂ ਮੁਸ਼ਕਲ ਤੋਂ ਮੁਸ਼ਕਲ ਕੰਮ ਵੀ ਅਸਾਨ ਹੋ ਜਾਂਦਾ ਹੈ ਅਤੇ ਲਾਹੌਰ ਦਾ ਮੀਲਾਂ ਲੰਬਾ ਪੈਂਡਾ ਮੁੰਨੇ (ਪੌਣੇ) ਕੋਹ ਵਿਚ ਬਦਲ ਜਾਂਦਾ ਹੈ

ਸੰਨ ਸੰਤਾਲੀ ਦੀ ਵੰਡ ਤੋਂ ਬਾਦ ਭਾਰਤ ਪਹੁੰਚੇ ਅਰੋੜਾ ਲੋਕਾਂ ਨੇ ਜੀਵਨ ਦੀਆਂ ਮੁਢਲੀਆਂ ਲੋੜਾਂ ਦੀ ਪੂਰਤੀ ਲਈ ਜਿਹੜਾ ਵੀ ਕਿੱਤਾ ਨਜ਼ਰੀਂ ਪਿਆ, ਬਿਨਾਂ ਹੀਲ ਹੁੱਜਤ ਤੋਂ ਅਪਣਾ ਲਿਆ। ਵਣਜ ਵਿਉਪਾਰ ਕਰਨ ਵਾਲੇ ਇਸ ਸਮਾਜ ਦੇ ਲੋਕਾਂ ਵੱਲੋਂ ਉਸ ਮੌਕੇ ’ਤੇ ਛੋਟੇ ਤੋਂ ਛੋਟੇ ਕੰਮਾਂ ਨੂੰ ਅਪਣਾਉਣਾ ਉਹਨਾਂ ਦੀ ਜ਼ਰੂਰਤ ਵੀ ਸੀ ਤੇ ਮਜਬੂਰੀ ਵੀ। ਪਰ ਵੇਖਦਿਆਂ ਹੀ ਵੇਖਦਿਆਂ ਇਹਨਾਂ ਆਪਣੇ ਵੱਲੋਂ ਅਪਣਾਏ ਛੋਟੇ ਕਿੱਤਿਆਂ ਨੂੰ ਆਪਣੀ ਮਿਹਨਤ ਤੇ ਲਗਨ ਨਾਲ ਵੱਡੇ ਉਦਯੋਗਾਂ ਵਿਚ ਬਦਲ ਦਿੱਤਾ। ਹੁਣ ਵੀ ਬਹੁਤ ਸਾਰੇ ਅਰੋੜੇ ਖੁੱਲ੍ਹੇ ਮਨ ਨਾਲ ਸਵੀਕਾਰਦੇ ਹਨ ਕਿ ਸਬਜ਼ੀ ਵੇਚਣ ਜਾਂ ਛੋਲੇ ਭਟੂਰਿਆਂ ਦੀ ਰੇੜ੍ਹੀ ਲਾਉਣ ਵਰਗੇ ਛੋਟੇ ਕਹੇ ਜਾਂਦੇ ਕਿੱਤਿਆਂ ਨੇ ਹੀ ਉਹਨਾਂ ਨੂੰ ਕੋਠੀਆਂ-ਕਾਰਾਂ ਦੇ ਮਾਲਕ ਬਣਾਇਆ ਹੈ। ਅੱਜ ਵੀ ਸਾਨੂੰ ਇਸ ਬਰਾਦਰੀ ਦੇ ਅਜਿਹੇ ਬਹੁਤ ਸੱਜਣ ਮਿਲ ਜਾਣਗੇ ਜਿਹੜੇ ਵੱਡੇ ਵੱਡੇ ਬੰਗਲਿਆਂ ਵਿਚ ਰਹਿੰਦੇ ਹੋਏ ਵੀ ਆਲੂ ਟਿੱਕੀ ਦੀ ਰੇਹੜੀ ਲਾਉਣ ਤੋਂ ਸ਼ਰਮ ਮਹਿਸੂਸ ਨਹੀਂ ਕਰਦੇ ਤੇ ਕੰਮ ਨੂੰ ਹੀ ਪੂਜਾ ਸਮਝਦੇ ਹਨ। ਜਿੰਨੀ ਗਿਣਤੀ ਵਿਚ ਕਿੱਤੇ ਕਰਨ ਦੀ ਨਿਪੁੰਨਤਾ ਅਰੋੜਾ ਸਮਾਜ ਦੇ ਲੋਕ ਰੱਖਦੇ ਹਨ, ਉੰਨੇ ਕਿੱਤੇ ਸ਼ਾਇਦ ਹੀ ਕਿਸੇ ਹੋਰ ਸਮਾਜ ਦੇ ਹਿੱਸੇ ਆਏ ਹੋਣ। ਪ੍ਰਸ਼ਾਸਨਿਕ ਖੇਤਰ ਵਿਚ ਵੀ ਚਪੜਾਸੀ ਤੋਂ ਲੈ ਕੇ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਇਹਨਾਂ ਦੀ ਪਹੁੰਚ ਹੈ।

ਅਰੋੜਾ ਸਮਾਜ ਸਦਾ ਬਹਾਰ ਸਮਾਜ ਦੇ ਤੌਰ ’ਤੇ ਜਾਣਿਆ ਜਾਂਦਾ ਹੈ। ‘ਖਾਧਾ ਪੀਤਾ ਲਾਹੇ ਦਾ ਤੇ ਬਾਕੀ ਅਹਿਮਦ ਸ਼ਾਹੇ ਦਾ’ ਕਹਾਵਤ ਅਨੁਸਾਰ ਇਹ ਸਮਾਜ ਰੱਜ ਕੇ ਕਮਾਉਣਾ ਵੀ ਜਾਣਦਾ ਹੈ ਤੇ ਕਮਾਏ ਪੈਸੇ ਨੂੰ ਖਰਚਣਾ ਵੀ ਜਾਣਦਾ ਹੈ। ਇਸ ਬਰਾਦਰੀ ਦੇ ਲੋਕ ਖਾਣ ਪੀਣ ਤੇ ਪਹਿਨਣ ਦੇ ਮਾਮਲੇ ਵਿਚ ਬਹੁਤ ਘੱਟ ਕੰਜੂਸੀ ਕਰਦੇ ਹਨ। ਇਸ ਵੇਲੇ ਬਹੁਗਿਣਤੀ ਅਰੋੜਾ ਪਰਿਵਾਰ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਰਹੇ ਹਨ ਪਰ ਆਰਥਿਕ ਤੌਰ ’ਤੇ ਕੁਝ ਕਮਜ਼ੋਰ ਰਹਿ ਜਾਣ ਵਾਲੇ ਪਰਿਵਾਰ ਵੀ ਆਪਣੀ ਮਨ ਮਰਜ਼ੀ ਦਾ ਖਾਣ ਤੇ ਮਨ ਮਰਜ਼ੀ ਦਾ ਪਹਿਨਣ ਦੀ ਆਦਤ ਦਾ ਤਿਆਗ ਕਰਨ ਲਈ ਤਿਆਰ ਨਹੀਂ ਹਨ। ਆਪਣੇ ਘਰਾਂ ਨੂੰ ਸਾਫ ਸੁਥਰਾ ਰੱਖਣ ਦੇ ਮਾਮਲੇ ਵਿਚ ਵੀ ਇਸ ਸਮਾਜ ਦੀ ਰੀਸ ਨਹੀਂ ਹੈ। ਘਰ ਦਾ ਸਮਾਨ ਸਜਾਉਣ ਦੀ ਜਿਹੜੀ ਤਰਤੀਬ ਤੇ ਵਿਉਂਤਬੰਦੀ ਇਸ ਸਮਾਜ ਦੀਆਂ ਸੁਆਣੀਆਂ ਕੋਲ ਹੈ, ਉਹ ਤਰਤੀਬ ਆਮ ਘਰਾਂ ਵਿਚ ਘੱਟ ਹੀ ਵੇਖਣ ਨੂੰ ਮਿਲਦੀ ਹੈ। ਮੁਸ਼ਕਲ ਹਾਲਾਤ ਵਿਚ ਵੀ ਇਹਨਾਂ ਦੇ ਘਰ ਹਸੂੰ ਹਸੂੰ ਕਰਦੇ ਹਨ ਤੇ ਇਹ ਆਪ ਵੀ। ਕੁਦਰਤ ਨੇ ਉਂਜ ਵੀ ਇਹਨਾਂ ਲੋਕਾਂ ਨੂੰ ਸੁਹੱਪਣ ਦੀ ਦਾਤ ਨਾਲ ਮਾਲਾਮਾਲ ਕੀਤਾ ਹੋਇਆ ਹੈ।

ਧਰਮ ਨਿਰਪੱਖਤਾ ਤੇ ਫਿਰਕੂ ਸਦਭਾਵਨਾ ਦੇ ਮਾਮਲੇ ਵਿਚ ਅਰੋੜਾ ਸਮਾਜ ਹੋਰਨਾਂ ਦਾ ਰਾਹ ਵਿਖਾਊ ਬਣਨ ਦੀ ਸਮਰੱਥਾ ਰੱਖਦਾ ਹੈ। ਧਰਾਮਿਕ ਕੱਟੜਤਾ ਤੋਂ ਕੋਹਾਂ ਦੂਰ ਰਹਿ ਕੇ ਇਸ ਸਮਾਜ ਨਾਲ ਸੰਬੰਧਤ ਲੋਕ ਸਾਰੇ ਧਰਮਾਂ ਦਾ ਬਰਾਬਰ ਦਾ ਸਤਿਕਾਰ ਕਰਨ ਦਾ ਰਾਹ ਵਿਖਾਉਂਦੇ ਹਨ। ਇਹ ਅਰੋੜਾ ਪਰਿਵਾਰ ਹੀ ਹਨ ਜਿਹਨਾਂ ਵਿਚ ਇੱਕ ਭਰਾ ਸਿੱਖ ਰਹਿਤ ਮਰਿਆਦਾ ਦਾ ਧਾਰਨੀ ਹੁੰਦਾ ਹੈ ਤਾਂ ਦੂਜਾ ਭਰਾ ਹਿੰਦੂ ਰਹੁ-ਰੀਤਾਂ ਅਨੁਸਾਰ ਜੀਵਨ ਜਿਉਂਦਾ ਹੈ। ਕਿਸੇ ਅਰੋੜਾ ਪਰਿਵਾਰ ਵਿਚ ਜੇ ਇਕ ਲੜਕੇ ਦਾ ਵਿਆਹ ਅਨੰਦ ਕਾਰਜ਼ ਰਾਹੀਂ ਸੰਪੰਨ ਹੁੰਦਾ ਹੈ ਤਾਂ ਦੂਜੇ ਲੜਕੇ ਜਾਂ ਲੜਕੀ ਦੇ ਵਿਆਹ ਵੇਲੇ ਵੈਦਿਕ ਰੀਤ ਅਨੁਸਾਰ ਅਗਨੀ ਦੁਆਲੇ ਫੇਰੇ ਕਰਵਾ ਲਏ ਜਾਂਦੇ ਹਨ। ਹਰ ਫਿਰਕੇ ਦੇ ਧਰਮ ਅਸਥਾਨ ਤੇ ਇੱਕੋ ਜਿਹੀ ਸ਼ਰਧਾ ਨਾਲ ਸਿਰ ਝੁਕਾਉਣਾ ਇਸ ਸਮਾਜ ਦਾ ਵਿਸ਼ੇਸ਼ ਧਰਮ ਵੀ ਹੈ ਤੇ ਖਾਸਾ ਹੈ।

ਇਸ ਸੱਚ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਵੱਡਾ ਸਭਿਆਚਾਰ ਹੌਲੀ ਹੌਲੀ ਛੋਟੇ ਸਭਿਆਚਾਰਾਂ ਨੂੰ ਆਪਣੇ ਵਿਚ ਹੀ ਸਮੋ ਲੈਂਦਾ ਹੈ। ਸੰਨ ਸੰਤਾਲੀ ਤੋਂ ਪਹਿਲਾਂ ਅਰੋੜਾ ਸਮਾਜ ਕੋਲ ਆਪਣੀਆਂ ਵਿਸ਼ੇਸ਼ ਸਭਿਆਚਾਰਕ ਰਵਾਇਤਾਂ ਤੇ ਰੀਤੀ ਰਿਵਾਜ਼ ਸਨ, ਆਪਣੀ ਬੋਲੀ ਸੀ ਤੇ ਆਪਣਾ ਹੀ ਪਹਿਰਾਵਾ। ਪਾਕਿਸਤਾਨ ਤੋਂ ਭਾਰਤ ਵੱਲ ਪਰਵਾਸ ਕਰਨ ਵਾਲੇ ਅਰੋੜਾ ਸਭਿਆਚਾਰ ਨੇ ਇੱਥੋਂ ਦੇ ਵੱਡੇ ਸਭਿਆਚਾਰਾਂ ਦਾ ਪ੍ਰਭਾਵ ਕਬੂਲ ਕੇ ਆਪਣੀ ਮੂਲ ਸਭਿਆਚਾਰਕ ਪਹਿਚਾਣ ਲਗਪਗ ਗੁਆ ਲਈ ਹੈ। ਖਾਸ ਕਰਕੇ ਪਾਕਿਸਤਾਨ ਵਾਲੇ ਪਾਸੇ ਉਹਨਾਂ ਵੱਲੋਂ ਬੋਲੀ ਜਾਂਦੀ ਲਹਿੰਦੀ ਪੰਜਾਬੀ ਤਾਂ ਹੁਣ ਇੱਧਰ ਆਪਣੀ ਹੋਂਦ ਹੀ ਗੁਆਉਂਦੀ ਜਾ ਰਹੀ ਹੈ। ਪਾਕਿਸਤਾਨ ਵਾਲੇ ਪਾਸੇ ਇਹ ਬੋਲੀ ਅਜੇ ਵੀ ਬੋਲੀ ਜਾਂਦੀ ਹੈ ਤੇ ਇਸ ਵਿਚ ਸਾਹਿਤ ਵੀ ਰਚਿਆ ਜਾ ਰਿਹਾ ਹੈ। ਭਾਰਤੀ ਪੰਜਾਬ ਵਾਲੇ ਪਾਸੇ ਇਸਦਾ ਬੋਲਣਾ ਵਰਜਿਤ ਤਾਂ ਨਹੀਂ ਪਰ ਮਜ਼ਾਕ ਉਡਾਏ ਜਾਣ ਦਾ ਵਿਸ਼ਾ ਜ਼ਰੂਰ ਹੈ। ਭਾਰਤ ਦੇ ਜਿਹਨਾਂ ਖੇਤਰਾਂ ਵਿਚ ਅਰੋੜਾ ਸਮਾਜ ਬਹੁ ਗਿਣਤੀ ਵਿਚ ਹੈ (ਜਿਵੇਂ ਗੰਗਾ ਨਗਰ, ਅਬੋਹਰ, ਫਾਜ਼ਲਿਕਾ ਆਦਿ) ਉੱਥੇ ਕੁਝ ਘਰਾਂ ਵਿਚ ਅਜੇ ਵੀ ਇਹ ਬੋਲੀ ਬੋਲੀ ਜਾਂਦੀ ਹੈ। ਪਰ ਬਾਕੀ ਭਾਰਤ ਵਿਚ ਇਹ ਬੋਲੀ ਲਗਭਗ ਅਲੋਪ ਹੀ ਹੋ ਚੁੱਕੀ ਹੈ। ਸੰਨ ਸੰਤਾਲੀ ਤੋਂ ਪਹਿਲਾਂ ਦੀ ਇਸ ਸਮਾਜ ਦੀ ਬਜ਼ੁਰਗ ਪੀੜ੍ਹੀ ਜਿਉਂ ਜਿਉਂ ਸਰੀਰਕ ਰੂਪ ਵਿਚ ਸੰਸਾਰ ਤੋਂ ਰੁਖ਼ਸਤ ਹੁੰਦੀ ਜਾਂਦੀ ਹੈ, ਤਿਉਂ ਤਿਉਂ ਅਰੋੜਾਂ ਘਰਾਂ ਵਿੱਚੋਂ ਲਹਿੰਦੀ ਪੰਜਾਬੀ ਵੀ ਰੁਖ਼ਸਤ ਹੁੰਦੀ ਜਾਂਦੀ ਹੈ। ਇਸ ਸਮਾਜ ਦੀ ਨਵੀਂ ਪੀੜ੍ਹੀ ਘਰ ਦੇ ਬਜੁਰਗਾਂ ਨੂੰ ਵੀ ਇਹ ਬੋਲੀ ਬੋਲਣ ਤੋਂ ਇਸ ਲਈ ਵਰਜਦੀ ਰਹਿੰਦੀ ਹੈ ਕਿ ਕਿਤੇ ਉਹਨਾਂ ਦੇ ਦੋਸਤ ਉਹਨਾਂ ਦਾ ਮਜ਼ਾਕ ਨਾ ਉਡਾਉਣ ਅਤੇ ਬਜ਼ੁਰਗਾਂ ਦੀਆਂ ਨਕਲਾਂ ਨਾ ਉਤਾਰਨ

ਮੈਂ ਅਕਸਰ ਸੋਚਦਾ ਹਾਂ ਕਿ ਆਪਣੇਪਣ ਦਾ ਅਹਿਸਾਸ ਜਗਾਉਣ ਵਾਲੀ ਇਸ ਮਾਂ ਬੋਲੀ ਦਾ ਤਿਆਗ ਕਰਕੇ ਅਸੀ ਕਿੰਨੇ ਘਾਟੇ ਵਿਚ ਹਾਂ। ਕਰਸਾਂ, ਜਾਸਾਂ, ਮਿਲਸਾਂ ਵਰਗੇ ਸ਼ਬਦ ਬੋਲਦਿਆਂ ਜਿਹੜੀ ਮਿਠਾਸ ਸਾਡੇ ਮੂੰਹ ਵਿਚ ਘੁਲ਼ਦੀ ਸੀ, ਉਸਦੀ ਰੀਸ ਨਹੀਂ ਕੀਤੀ ਜਾ ਸਕਦੀ। ਜਿਹੜੀ ਬੋਲੀ ਨੂੰ ਗੁਰੂ ਸਹਿਬਾਨ ਤੇ ਹੋਰ ਭਗਤਾਂ ਨੇ ਆਪਣੀ ਬਾਣੀ ਵਿਚ ਵਰਤਿਆ ਹੈ, ਉਸ ਨੂੰ ਬੋਲਣ ਵਿਚ ਕਿਹੀ ਸੰਗ?

ਕੁਝ ਸਾਲ ਪਹਿਲਾਂ ਮੈਂ ਉੱਘੇ ਫਿਲਮੀ ਕਲਾਕਾਰ ਬਲਰਾਜ ਸਾਹਨੀ ਦੀ ਪੁਸਤਕ ‘ਮੇਰਾ ਪਾਕਿਸਤਾਨੀ ਸਫਰਨਾਮਾ’ ਪੜ੍ਹੀ। ਸਾਰੀ ਪੁਸਤਕ ਵਿੱਚੋਂ ਉਸ ਦਾ ਪਹਿਲਾ ਚੈਪਟਰ ਮੈਨੂੰ ਇਸ ਲਈ ਵਿਸ਼ੇਸ਼ ਤੌਰ ’ਤੇ ਪਸੰਦ ਆਇਆ ਕਿ ਸਾਹਨੀ ਜੀ ਨੇ ਪਾਕਿਸਤਾਨ ਜਾਣ ਦੀ ਤਿਆਰੀ ਕਰਦਿਆਂ ਆਪਣੀ ਮਾਂ ਨਾਲ ਇਸ ਲਹਿੰਦੀ ਬੋਲੀ ਵਿਚ ਗੱਲਾਂ ਕੀਤੀਆਂ ਸਨ। ਇਹ ਚੈਪਟਰ ਮੈਂ ਵਾਰ ਵਾਰ ਪੜ੍ਹਿਆ। ਮੈਨੂੰ ਸਾਹਨੀ ਹੁਰਾਂ ਦਾ ਵੱਡਾਪਣ ਲੱਗਾ ਕਿ ਏਡਾ ਰੁਤਬਾ ਰੱਖਦੇ ਹੋਏ ਵੀ ਉਹਨਾਂ ਆਪਣੇ ਘਰ ਵਿਚ ਆਪਣੀ ਮਾਂ ਬੋਲੀ ਦਾ ਤਿਆਗ ਨਹੀਂ ਸੀ ਕੀਤਾ ਤੇ ਇਸ ਨੂੰ ਪੁਸਤਕ ਵਿਚ ਦੇਣ ਦੀ ਹਿੰਮਤ ਵੀ ਵਿਖਾਈ। ਮੈਂ ਸੋਚਦਾ ਹਾਂ ਕਿ ਜੇ ਅਸੀਂ ਘੱਟੋ ਘੱਟ ਆਪਣੇ ਘਰਾਂ ਵਿਚ ਇਸ ਬੋਲੀ ਨੂੰ ਜਿਉਂਦਾ ਰੱਖੀਏ ਤਾਂ ਅਸੀਂ ਪੰਜਾਬੀ ਭਾਸ਼ਾ ਦੇ ਸ਼ਬਦ ਭੰਡਾਰ ਵਿਚ ਮਾਣਮੱਤਾ ਵਾਧਾ ਕਰ ਸਕਦੇ ਹਾਂ। ਹਿਸਾਰ ਖੇਤਰ ਵਿਚ ਪੰਜਾਬੀ ਬਰਾਦਰੀ ਦੇ ਨਾਂ ਨਾਲ ਜਾਣੇ ਜਾਂਦੇ ਅਰੋੜਾ ਸਮਾਜ ਨੇ ਇਸ ਪਾਸੇ ਕੁਝ ਸੁਚੇਤ ਤੇ ਸੰਗਠਿਤ ਯਤਨ ਵੀ ਕੀਤੇ ਹਨ। ਉਹਨਾਂ ਵੱਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਤ੍ਰੈ ਮਾਸਿਕ ਸਾਹਿਤ ਪੱਤਰ ‘ਪੰਜਾਬੀ ਸੰਸਕ੍ਰਿਤੀ’ ਦਾ ਇਕ ਨਿਸਚਿਤ ਭਾਗ ਇਸ ਬੋਲੀ ਵਿਚ ਰਚੀਆਂ ਰਚਨਾਵਾਂ ਨੂੰ ਛਾਪ ਕੇ ਨਵੇਂ ਪੁਰਾਣੇ ਲੇਖਕਾਂ ਨੂੰ ਇਸ ਬੋਲੀ ਵਿਚ ਲਿਖਣ ਲਈ ਉਤਸ਼ਾਹ ਪ੍ਰਦਾਨ ਕਰਦਾ ਹੈ।

ਬੇਸ਼ਕ ਸਮੇਂ ਦੀ ਤੋਰ ਨਾਲ ਅਸੀਂ ਹੁਣ ਏਨੇ ਅੱਗੇ ਲੰਘ ਚੁੱਕੇ ਹਾਂ ਕਿ ਆਪਣੇ ਬਜ਼ੁਰਗਾਂ ਦੇ ਰਵਾਇਤੀ ਪਹਿਰਾਵੇ ਨੂੰ ਅਪਣਾਉਣਾ ਸਾਡੇ ਲਈ ਸੰਭਵ ਨਹੀਂ ਹੈ ਤੇ ਨਾ ਹੀ ਅਜਿਹਾ ਕਰਨਾ ਤਰਕਸੰਗਤ ਹੈ, ਪਰ ਸਾਨੂੰ ਉਹਨਾਂ ਦੀ ਸਰਵ ਮਨੁੱਖ ਜਾਤੀ ਦਾ ਭਲਾ ਮੰਗਣ ਵਾਲੀ ਸੋਚ ਨੂੰ ਅਪਣਾਉਣ ਦਾ ਯਤਨ ਜ਼ਰੂਰ ਕਰਨਾ ਚਾਹੀਦਾ ਹੈ। ਸਾਡੇ ਵੱਲੋਂ ਤਿਆਗੀਆਂ ਜਾ ਚੁੱਕੀਆਂ ਉਹਨਾਂ ਦੀਆਂ ਬਹੁਤ ਸਾਰੀਆਂ ਸਮਾਜਿਕ ਰਵਾਇਤਾਂ ਨੂੰ ਵੀ ਪੁਨਰ ਸੁਰਜੀਤ ਕੀਤੇ ਜਾਣ ਦੀ ਲੋੜ ਹੈ। ਸਾਂਝਾ ਭੋਜ ਸਮੇਤ ਬਹੁਤ ਸਾਰੀਆਂ ਸਮਾਜਿਕ ਰਿਵਾਇਤਾਂ ਹੁਣ ਵੀ ਸਾਨੂੰ ਅਵਾਜ਼ਾਂ ਮਾਰ ਰਹੀਆਂ ਹਨ ਕਿ ਅਸੀਂ ਇਹਨਾਂ ਨੂੰ ਦੁਬਾਰਾ ਅਪਣਾ ਕੇ ਸਮਾਜਿਕ ਭਾਈਚਾਰੇ ਨੂੰ ਹੰਢਣਸਾਰ ਬਣਾਉਣ ਵਿਚ ਆਪਣਾ ਯੋਗਦਾਨ ਪਾਈਏ।

**

ਨਿਰੰਜਣ ਬੋਹਾ
ਚੇਅਰਮੈਨ
, ਅਰੋੜਾ ਵੰਸ਼ ਸਭਾ, ਜ਼ਿਲ੍ਹਾ ਮਾਨਸਾ।
ਮੋਬਾਇਲ: 89682-82700

(76)

ਵਿਚਾਰ ਭੇਜਣ ਲਈ: (This email address is being protected from spambots. You need JavaScript enabled to view it.)

About the Author

ਨਿਰੰਜਨ ਬੋਹਾ

ਨਿਰੰਜਨ ਬੋਹਾ

Phone: (91 - 89682 - 82700)
Email: (niranjanboha@yahoo.com)

More articles from this author