“ਯਾਰ ਫਿਰ ਇਹ ਕਿਵੇਂ ਹੋ ਗਿਆ! ਵੀਹ ਸਾਲ ਪਹਿਲਾਂ ਤਾਂ ਕੋਟਕਪੂਰੇ ਦੇ ਇੱਕ ਕਵੀ ਕਰਨੈਲ ਬਾਗੀ ਨੇ ਤੁਹਾਡੀ ਇਹ ਕਵਿਤਾ ਚੋਰੀ ਕਰਕੇ ...”
(ਸਤੰਬਰ 6, 2015)
ਪਿਛਲੇ ਚਾਰ ਦਹਾਕਿਆਂ ਤੋਂ ਪੰਜਾਬੀ ਸਾਹਿਤ ਦੀ ਰੀਵੀਊਕਾਰੀ ਦੇ ਖੇਤਰ ਵਿਚ ਪੂਰੀ ਗੰਭੀਰਤਾ ਨਾਲ ਕਾਰਜਸ਼ੀਲ ਰਹਿਣ ਕਾਰਨ ਜਿੱਥੇ ਸਾਹਿਤ ਦੀਆਂ ਨਵੀਆਂ ਤੇ ਪੁਰਾਣੀਆਂ ਪ੍ਰਵਿਰਤੀਆਂ ਨੂੰ ਨੇੜਿਓਂ ਜਾਨਣ ਤੇ ਸਮਝਣ ਦਾ ਮੌਕਾ ਮਿਲਿਆ ਹੈ, ਉੱਥੇ ਬਹੁਤ ਸਾਰੇ ਨਵੇਂ ਪੁਰਾਣੇ ਲੇਖਕਾਂ ਨਾਲ ਨੇੜਲੇ ਸਬੰਧ ਬਣਾਉਣ ਜਾਂ ਵਿਗਾੜਣ ਦੇ ਵੀ ਅਵਸਰ ਵੀ ਪ੍ਰਾਪਤ ਹੋਏ ਹਨ। ਰੀਵੀਊਕਾਰੀ ਦੇ ਖੇਤਰ ਨੇ ਮੇਰਾ ਮੇਲ ਸਾਹਿਤ ਨੂੰ ਪੂਰੀ ਤਰ੍ਹਾਂ ਸਮਰਪਿਤ ਤੇ ਨਾਮਵਰ ਲੇਖਕਾਂ ਨਾਲ ਵੀ ਕਰਾਇਆ ਹੈ ਪਰ ਕਈ ਵਾਰ ਨਾ ਚਾਹੁੰਦਿਆਂ ਵੀ ਮੇਰਾ ਵਾਹ ਸਾਹਿਤ ਦੇ ਚੋਰ ਲੇਖਕਾਂ-ਅਲੇਖਕਾਂ ਨਾਲ ਪੈ ਜਾਂਦਾ ਹੈ। ਜਦੋਂ ਕਿਸੇ ਪੁਸਤਕ ਦਾ ਰੀਵੀਊ ਹਿਤ ਪਾਠ ਕਰਦਿਆਂ ਮੈਨੂੰ ਉਸ ਵਿੱਚੋਂ ਸੰਬੰਧਤ ਲੇਖਕ ਵੱਲੋਂ ਕਿਸੇ ਦੀ ਚੋਰੀ ਕੀਤੀ ਹੋਈ ਰਚਨਾ ਲੱਭ ਪਵੇ ਤਾਂ ਕੁਝ ਪਲ ਲਈ ਮੈਂ ਬੇਚੈਨ ਜਿਹਾ ਹੋ ਜਾਂਦਾ ਹਾਂ ਤੇ ਜਿੰਨਾ ਚਿਰ ਉਸ ਚੋਰ ਤੇ ਚੋਰੀ ਦਾ ਖੁਰਾ ਖੋਜ ਨਹੀਂ ਲੱਭ ਲੈਂਦਾ, ਮੈਨੂੰ ਚੈਨ ਨਹੀਂ ਆਉਂਦੀ।
ਭਾਵੇਂ ਸਾਹਿਤ ਚੋਰ ਲੇਖਕਾਂ ਨੂੰ ਸਜ਼ਾ ਸੁਣਾਉਣ ਲਈ ਮੇਰੇ ਕੋਲ ਕੋਈ ਨਿਆਂਇਕ ਸ਼ਕਤੀ ਨਹੀਂ ਹੈ, ਫਿਰ ਵੀ ਮੈਂ ਲਗਦੀ ਵਾਹ ਉਨ੍ਹਾਂ ਵੱਲੋਂ ਕੀਤੀ ਚੋਰੀ ਨੂੰ ਸਾਹਿਤਕ ਖੇਤਰ ਦੇ ਵੱਧ ਤੋਂ ਵੱਧ ਲੋਕਾਂ ਵਿਚ ਨਸ਼ਰ ਕਰਕੇ ਉਨ੍ਹਾਂ ਨੂੰ ਇਹ ਅਹਿਸਾਸ ਕਰਾਉਣ ਦੀ ਕੋਸ਼ਿਸ਼ ਜਰੂਰ ਕਰਦਾ ਹਾਂ ਕਿ ਉਹਨਾਂ ਕਿੰਨਾ ਸ਼ਰਮਨਾਕ ਕਾਰਾ ਕੀਤਾ ਹੈ। ਸਾਹਿਤਕ ਚੋਰੀਆਂ ਨੂੰ ਫੜਨ ਅਤੇ ਇਹਨਾਂ ਨੂੰ ਸਾਹਿਤਕ ਹਲਕਿਆਂ ਵਿਚ ਨਸ਼ਰ ਕਰਨ ਦੀਆਂ ਕੁਝ ਘਟਨਾਵਾਂ ਬਹੁਤ ਦਿਲਚਸਪ ਹਨ, ਜਿਹੜੀਆਂ ਮੈਂ ਤੁਹਾਡੇ ਨਾਲ ਵੀ ਸਾਂਝੀਆਂ ਕਰਨੀਆਂ ਚਾਹੁੰਦਾ ਹਾਂ। ਇਹਨਾਂ ਸਾਹਿਤ ਚੋਰਾਂ ਨਾਲ ਨਜਿੱਠਦਿਆਂ ਮੈਂ ਇਸ ਨਤੀਜੇ ਉੱਤੇ ਪੁੱਜਾ ਹਾਂ ਕਿ ਸਾਹਿਤਕ ਚੋਰੀਆਂ ਵਧੇਰੇ ਕਰਕੇ ਸਰੀਰਕ ਤੌਰ ’ਤੇ ਵਿਛੋੜਾ ਦੇ ਗਏ ਲੇਖਕਾਂ ਦੀਆਂ ਲਿਖਤਾਂ ਦੀਆਂ ਹੁੰਦੀਆਂ ਹਨ। ਸ਼ਾਇਦ ਸਾਹਿਤ ਚੋਰਾਂ ਦੇ ਮਨ ਵਿਚ ਇਹ ਧਾਰਨਾ ਬਣੀ ਹੋਈ ਹੁੰਦੀ ਹੈ ਕਿ ਵੀਹ ਤੀਹ ਸਾਲ ਪਹਿਲੋਂ ਦੁਨੀਆਂ ਤੋਂ ਜਾ ਚੁੱਕੇ ਲੇਖਕਾਂ ਦੀਆਂ ਰਚਨਾਵਾਂ ਹੁਣ ਕਿਸ ਦੇ ਚੇਤੇ ਹੋਣੀਆਂ ਹਨ? ਦੂਜਾ ਉਹਨਾਂ ਨੂੰ ਇਹ ਵੀ ਡਰ ਨਹੀਂ ਹੁੰਦਾ ਕਿ ਅਸਲ ਰਚਨਾ ਵਾਲਾ ਲੇਖਕ ਹੁਣ ਉਹਨਾਂ ਨੂੰ ਅਦਾਲਤੀ ਚੱਕਰ ਵਿਚ ਘਸੀਟ ਸਕਦਾ ਹੈ।
ਮੈਂ ‘ਨਵਾਂ ਜ਼ਮਾਨਾ’ ਵੱਲੋਂ ਰੀਵੀਊ ਹਿਤ ਆਈ ਬਚਨ ਸਿੰਘ ਬੁਰਜ ਹਮੀਰਾ ਦੀ ਪੁਸਤਕ ‘ਇਰਦ ਗਿਰਦ’ ਪੜ੍ਹ ਰਿਹਾ ਸਾਂ। ਇਸ ਪੁਸਤਕ ਵਿਚ ਮਿਲਗੋਭਾ ਰੂਪ ਵਿਚ ਚਾਰ ਕਹਾਣੀਆਂ, ਕੁਝ ਮਿੰਨੀ ਲੇਖ ਤੇ ਸ਼ਬਦੀ ਨੁਸਖੇ ਸ਼ਾਮਿਲ ਸਨ। ਜਦੋਂ ਮੈਂ ਸੰਗ੍ਰਹਿ ਦੀ ਪਹਿਲੀ ਕਹਾਣੀ ਪੜ੍ਹੀ ਤਾਂ ਇਕ ਦਮ ਲੇਖਕ ਦਾ ਪ੍ਰਸ਼ੰਸਕ ਬਣ ਗਿਆ। ‘ਸਾਂਝਾ ਖਾਤਾ’ ਸਿਰਲੇਖ ਹੇਠ ਦਰਜ ਇਹ ਕਹਾਣੀ ਕੱਥ ਤੇ ਵੱਥ ਪੱਖੋਂ ਏਨੀ ਕਲਾਤਮਿਕ ਸੀ ਕਿ ਮੈਂ ਇਹ ਸੋਚਣ ਲਈ ਮਜਬੂਰ ਹੋ ਗਿਆ ਕਿ ਏਨੀਆਂ ਸ਼ਾਨਦਾਰ ਕਹਾਣੀਆਂ ਲਿਖਣ ਵਾਲਾ ਇਹ ਕਹਾਣੀਕਾਰ ਸਾਹਿਤ ਦੇ ਖੇਤਰ ਵਿਚ ਚਰਚਿਤ ਕਿਉਂ ਨਹੀਂ ਹੈ? ਅੱਜ ਦਾ ਪਾਠਕ ਵਰਗ ਤਾਂ ਬਹੁਤ ਸੁਚੇਤ ਹੈ ਤੇ ਹਰ ਚੰਗੀ ਰਚਨਾ ਦਾ ਨੋਟਿਸ ਲੈ ਰਿਹਾ ਹੈ, ਫਿਰ ਇਹ ਕਹਾਣੀਕਾਰ ਹੁਣ ਤੱਕ ਅਣਗੌਲਿਆ ਕਿਵੇਂ ਰਹਿ ਗਿਆ?
ਕਹਾਣੀ ਦੀਆਂ ਹੋਰ ਲੁਕਵੀਆਂ ਪਰਤਾਂ ਫਰੋਲਣ ਲਈ ਮੈਂ ਇਸ ਦਾ ਦੂਜੀ ਵਾਰ ਪਾਠ ਕੀਤਾ ਤਾਂ ਮੇਰੀ ਯਾਦ ਸ਼ਕਤੀ ਦਾ ਇਕ ਹਿੱਸਾ ਜਾਗ ਪਿਆ ਤੇ ਮੈਨੂੰ ਅਹਿਸਾਸ ਹੋਣ ਲੱਗਾ ਕਿ ਇਹ ਕਹਾਣੀ ਮੈਂ ਪਹਿਲਾਂ ਵੀ ਕਿਤੇ ਪੜ੍ਹੀ ਹੋਈ ਹੈ। ਆਪਣੀ ਯਾਦ ਸ਼ਕਤੀ ’ਤੇ ਵਧੇਰੇ ਜ਼ੋਰ ਪਾਉਣ ਤੋਂ ਪਹਿਲਾਂ ਮੈਂ ਪੁਸਤਕ ਦੀ ਦੂਜੀ ਕਹਾਣੀ ‘ਭਿਖਾਰੀ ਤੇ ਭਖਦੇ ਜਿਸਮ’ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ। ਜਿਉਂ ਜਿਉਂ ਮੈਂ ਇਹ ਕਹਾਣੀ ਪੜ੍ਹਦਾ ਗਿਆ, ਤਿਉਂ ਤਿਉਂ ਮੇਰੇ ਦਿਲ ਵਿਚ ਪੈਦਾ ਹੋਏ ਇਸ ਲੇਖਕ ਲਈ ਪ੍ਰਸ਼ੰਸਾ ਦੇ ਭਾਵ ਹੈਰਾਨੀ ਅਤੇ ਗੁੱਸੇ ਵਿੱਚ ਬਦਲਦੇ ਗਏ। ਇਹ ਕਹਾਣੀ ਤਾਂ ਪੰਜਾਬੀ ਦੇ ਸਿਰਮੌਰ ਕਹਾਣੀਕਾਰ ਸਵ. ਗੁਰਚਰਨ ਚਾਹਲ ਭੀਖੀ ਦੀ ਬਹੁ ਚਰਚਿਤ ਕਹਾਣੀ ‘ਜ਼ਿੰਦਗੀ ਦੇ ਨਰਮ ਤੇ ਕੂਲੇ ਪਲ’ ਦੀ ਹੂ-ਬਹੂ ਨਕਲ ਸੀ। ਲੇਖਕ ਨੇ ਏਨੀ ਕੁ ਖੇਚਲ ਜ਼ਰੂਰ ਕੀਤੀ ਸੀ ਕਿ ਕਹਾਣੀ ਦੇ ਪਾਤਰਾਂ ਦੇ ਨਾਂ ਅਤੇ ਘਟਨਾ ਸਥਾਨ ਬਦਲ ਦਿੱਤੇ ਸਨ।
ਸੰਗ੍ਰਹਿ ਵਿਚ ਸ਼ਾਮਿਲ ਤੀਜੀ ਕਹਾਣੀ ‘ਜੱਟ ਸਣੇ ਭਰਾਵਾਂ ਮਾਰਿਆ’ ਪੜ੍ਹਦਿਆਂ ਮੇਰੀ ਹੈਰਾਨੀ ਡੂੰਘੀ ਮਾਨਸਿਕ ਪ੍ਰੇਸ਼ਾਨੀ ਵਿਚ ਬਦਲ ਗਈ। ਇਹ ਕਹਾਣੀ ਵੀ ਚਾਹਲ ਭੀਖੀ ਦੀ ਕਹਾਣੀ ‘ਰਾਜੀ ਬੰਦਾ’ ਦਾ ਨਵਾਂ ਰੂਪਾਂਤਰਣ ਸੀ। ਫਿਰ ਮੈਂ ਸੰਗ੍ਰਹਿ ਦੀ ਚੌਥੀ ਕਹਾਣੀ ‘ਸਾਹਿਬ ਸੱਚੇ ਵੇਖ’ ਵਿੱਚੋਂ ਭੀਖੀ ਦੀ ਅਮਰ ਕਹਾਣੀ ‘ਗਾਥਾ ਥੱਕੇ ਜਿਸਮਾਂ ਦੀ’ ਦੇ ਨਕਸ਼ ਅਸਾਨੀ ਨਾਲ ਤਲਾਸ਼ ਲਏ। ਇਹ ਕਹਾਣੀ ਪੁਸਤਕ ਵਿਚ ਸ਼ਾਮਿਲ ਕਰਨ ਵੇਲੇ ਲੇਖਕ ਨੇ ਵਧੇਰੇ ਹੀ ਉਦਾਰਤਾ ਤੇ ਦਲੇਰੀ ਵਿਖਾਈ ਸੀ ਕਿ ਉਸ ਨੇ ਭੀਖੀ ਦੀ ਅਸਲ ਕਹਾਣੀ ਦੇ ਮੁੱਖ ਪਾਤਰ ਹਰੀਆ ਤੇ ਰਾਮ ਕਲੀ ਦੇ ਨਾਵਾਂ ਨੂੰ ਵੀ ਆਪਣੇ ਵੱਲੋਂ ਮਾਨਤਾ ਪ੍ਰਦਾਨ ਕਰ ਦਿੱਤੀ। ਭੀਖੀ ਦੀ ਕਹਾਣੀਆਂ ਦੀ ਕਿਤਾਬ ਫਰੋਲਦਿਆਂ ਮੈਨੂੰ ਉਹ ਕਹਾਣੀ ਵੀ ਲੱਭ ਪਈ, ਜਿਸ ਨੂੰ ਪੜ੍ਹ ਕੇ ਮੈਂ ਬੁਰਜ ਹਮੀਰਾ ਦਾ ਪ੍ਰਸ਼ੰਸਕ ਬਣਿਆ ਸਾਂ। ਇਹ ਕਹਾਣੀ ਭੀਖੀ ਦੀ ਕਹਾਣੀ ‘ਉਮਰ ਕੈਦ’ ਦੀ ਜਿਉਂਦੀ ਜਾਗਦੀ ਨਕਲ ਸੀ।
ਇਸ ਸਬੰਧੀ ਮੈਂ ਬਚਨ ਸਿੰਘ ਬੁਰਜ ਹਮੀਰਾ ਨੂੰ ਫੋਨ ਕੀਤਾ ਤਾਂ ਉਸ ਕੇਵਲ ਇੰਨਾ ਹੀ ਕਿਹਾ ਕਿ ਉਹ ਤੇ ਗੁਰਚਰਨ ਚਾਹਲ ਇੱਕੋ ਸਕੂਲ ਵਿਚ ਪੜ੍ਹਾਉਂਦੇ ਰਹੇ ਹਨ ਇਸ ਲਈ ਉਸਦੀਆਂ ਕਹਾਣੀਆਂ ’ਤੇ ਗੁਰਚਰਨ ਚਾਹਲ ਭੀਖੀ ਦੀਆਂ ਕਹਾਣੀਆਂ ਦਾ ਕਾਫੀ ਪ੍ਰਭਾਵ ਹੈ। ਇਸ ਦੇ ਜੁਆਬ ਵਿਚ ਮੈਂ ਕਿਹਾ ਕਿ ਅਸ਼ਕੇ ਜਾਈਏ ਇਹੋ ਜਿਹੇ ਪ੍ਰਭਾਵ ਦੇ, ਜਿਸ ਨੇ ਦੋ ਲੇਖਕਾਂ ਦੀਆਂ ਕਹਾਣੀਆਂ ਵਿਚਲਾ ਫਰਕ ਬਿਲਕੁਲ ਹੀ ਮੇਟ ਹੀ ਦਿੱਤਾ। ਭਾਵੇਂ ਗੁਰਚਰਨ ਚਾਹਲ ਤਿੰਨ ਦਹਾਕੇ ਪਹਿਲੋਂ ਸਾਨੂੰ ਸਦੀਵੀ ਵਿਛੋੜਾ ਦੇ ਗਿਆ ਹੈ ਪਰ ਬੁਰਜ ਹਮੀਰਾ ਨੂੰ ਜਾਣ ਲੈਣਾ ਚਾਹੀਦਾ ਸੀ ਕਿ ਉਸ ‘ਮਰ ਜਾਣੇ’ ਦੀਆਂ ਕਹਾਣੀਆਂ ਸਦਾ ਲਈ ਜਿਉਣ ਜੋਗੀਆਂ ਹਨ ਤੇ ਪਾਠਕਾਂ ਦੇ ਜ਼ਿਹਨ ਵਿਚ ਅਜੇ ਵੀ ਸੁਰੱਖਿਅਤ ਹਨ। ਇਸ ਪੁਸਤਕ ਬਾਰੇ ਮੇਰਾ ਰੀਵੀਊ (ਚੋਰੀ ਦੇ ਜ਼ਿਕਰ ਸਮੇਤ) 'ਨਵਾਂ ਜ਼ਮਾਨਾ' ਵਿਚ ਛਪਣ ’ਤੇ ਬਹੁਤ ਸਾਰੀਆਂ ਚਿੱਠੀਆਂ ‘ਨਵਾਂ ਜ਼ਮਾਨਾ’ ਵਿਚ ਛਪੀਆਂ, ਜਿਹਨਾਂ ਬੁਰਜ ਹਮੀਰਾ ਜੀ ਨੂੰ ਸੱਚ ਬੋਲਣ ਲਈ ਮਜਬੂਰ ਕਰ ਦਿੱਤਾ। ਉਹਨਾਂ ਵੱਲੋਂ ਇਹ ਕਹਾਣੀਆਂ ਆਪਣੀਆਂ ਨਾ ਹੋਣ ਦਾ ਕਬੂਲਨਾਮਾ 'ਨਵਾਂ ਜ਼ਮਾਨਾ’ ਨੇ ਡੱਬੀ ਲਾ ਕੇ ਛਾਪਿਆ।
ਮਹਿੰਦਰ ਸਿੰਘ ਤਤਲਾ ਦੇ ਕਹਾਣੀ ਸੰਗ੍ਰਹਿ ‘47-ਏ ਦਿੱਲੀ’ ਦਾ ਪਾਠ ਕਰਦਿਆਂ ਮੈਨੂੰ ਉਸ ਦੀ ਕਹਾਣੀ ‘ਤਾਰੋ’ ਰਾਮ ਸਰੂਪ ਅਣਖੀ ਦੀ ਚਰਚਿਤ ਕਹਾਣੀ ‘ਮੁੱਲ’ ਦਾ ਹੀ ਰੂਪਾਂਤਰਣ ਲੱਗੀ। ਇਸ ਕਹਾਣੀ ਵਿਚਲਾ ਭਰਾ ਵੀ ਅਣਖੀ ਦੀ ਕਹਾਣੀ ਵਾਂਗ ਪੈਸੇ ਖਾਤਰ ਆਪਣੀ ਭੈਣ ਦਾ ਸੁਹਾਗ ਉਜਾੜਣ ਦੀ ਕੋਸ਼ਿਸ਼ ਕਰਦਾ ਹੈ ਪਰ ਕਹਾਣੀ ਦੀ ਨਾਇਕਾ ਦੀ ਸੁਚੇਤਤਾ ਤੇ ਬਹਾਦਰੀ ਆਪਣੇ ਪਤੀ ਨੂੰ ਮੌਤ ਦੇ ਮੂੰਹ ਵਿੱਚੋਂ ਕੱਢ ਲੈਂਦੀ ਹੈ। ਇੱਕ ਤਾਂ ਇਸ ਕਹਾਣੀ ਦੀਆਂ ਕਥਾਤਮਕ, ਸੰਗਠਨਾਤਕ ਤੇ ਸਰੰਚਨਾਤਮਕ ਜੁਗਤਾਂ ਅਣਖੀ ਜੀ ਦੀ ਕਥਾ ਸ਼ੈਲੀ ਨਾਲੋਂ ਵੱਖਰੀਆਂ ਸਨ ਅਤੇ ਦੂਜਾ ਲੇਖਕ ਨੇ ਇਹ ਕਹਾਣੀ ਅਣਖੀ ਹੁਰਾਂ ਦੇ ਰਿਹਾਇਸ਼ੀ ਸ਼ਹਿਰ ਬਰਨਾਲਾ ਤੋਂ ਹੀ ਨਿਕਲਦੇ ਪਰਚੇ ‘ਮੁਹਾਂਦਰਾ’ ਵਿਚ ਵੀ ਛਪਵਾਈ ਹੈ, ਇਸ ਲਈ ਮੈਂ ਤਤਲਾ ਹੁਰਾਂ ਵੱਲੋਂ ਦਿੱਤੇ ਸ਼ਪਸਟੀਕਰਨ ਨਾਲ ਛੇਤੀ ਸਹਿਮਤ ਹੋ ਗਿਆ। ਮੈਂ ਸੋਚਿਆ ਕਿ ਜੇ ਇਹ ਕਹਾਣੀ ਚੋਰੀ ਦੀ ਹੁੰਦੀ ਤਾਂ ਲੇਖਕ ਇਸ ਨੂੰ ਬਰਨਾਲਾ ਖੇਤਰ ਦੇ ਪਰਚੇ ਵਿੱਚੋਂ ਛਪਵਾਉਣ ਦੀ ਹਿੰਮਤ ਨਾ ਕਰਦਾ। ਇਸ ਕਹਾਣੀ ਨੂੰ ਮੈਂ ਅਣਖੀ ਦੀ ਕਹਾਣੀ ਦੇ ਪਲਾਟ ਨਾਲ ਸਵੱਬੀਂ ਮੇਲ ਖਾ ਜਾਣ ਦੀ ਗੱਲ ਅਧੂਰੇ ਮਨ ਨਾਲ ਮੰਨ ਲਈ ਪਰ ਮੈਂ ਇਹ ਛੋਟ ਮੈਂ ਅਵਤਾਰ ਸਿੰਘ ਮਹਿਤਾ ਪੁਰੀ ਵੱਲੋਂ ਸੰਪਾਦਿਤ ਪੁਸਤਕ ‘ਤੇ ਬੱਸ ਚੱਲ ਪਈ’ ਵਿਚ ਸ਼ਾਮਿਲ ਜਸਪਾਲ ਸਿੰਘ ਕੰਵਲ ਦੀ ਕਹਾਣੀ ‘ਜਾ ਕੋ ਰਾਖੇ ਸਾਈਆਂ’ ਨੂੰ ਨਹੀਂ ਦੇ ਸਕਦਾ। ਇਹ ਕਹਾਣੀ ਵੀ ਅਣਖੀ ਹੁਰਾਂ ਦੀ ‘ਮੁੱਲ’ ਕਹਾਣੀ ਦੇ ਪਲਾਟ ਦਾ ਹੀ ਥੋੜ੍ਹੇ ਜਿਹੇ ਫਰਕ ਨਾਲ ਬਦਲਿਆ ਰੂਪ ਹੈ। ਭਾਵੇਂ ਮੇਰੇ ਫੋਨ ਦੇ ਜੁਆਬ ਵਿਚ ਉਸ ਇਹ ਕਹਾਣੀ ਦੇ ਮੌਲਿਕ ਹੋਣ ਦਾ ਦਾਅਵਾ ਕੀਤਾ ਹੈ ਪਰ ਮੇਰੇ ਲਈ ਉਹਨਾਂ ਦੀਆਂ ਦਲੀਲਾਂ ਨਾਲ ਸਹਿਮਤ ਹੋਣਾ ਮੁਸ਼ਕਲ ਹੈ। ਇਸ ਪਸਤਕ ਦਾ ਪੰਜਾਬੀ ਜਾਗਰਣ ਲਈ ਰੀਵੀਊ ਕਰਦਿਆਂ ਮੈਂ ‘ਜਾ ਕੋ ਰਾਖੇ ਸਾਈਆਂ’ ਕਹਾਣੀ ਦੀ ਅਣਖੀ ਦੀ ਕਹਾਣੀ ਨਾਲ ਏਨੀ ਨੇੜਤਾ ਹੋਣ ਦੇ ਸੁਆਲ ਨੂੰ ਵੀ ਪ੍ਰਮੁੱਖਤਾ ਨਾਲ ਉਭਾਰਿਆ ਹੈ।
ਸਾਹਿਤ ਸਭਾ ਦੀ ਮੀਟਿੰਗ ਵਿਚ ਮੇਰੇ ਆਪਣੇ ਖੇਤਰ ਦੇ ਇਕ ਕਵੀ ਨੇ ਕਵਿਤਾ ਪੜ੍ਹੀ ਤੇ ਦੂਸਰੇ ਲੇਖਕਾਂ/ਪਾਠਕਾਂ ਕੋਲੋਂ ਚੰਗੀ ਦਾਦ ਵੀ ਲੈ ਗਿਆ। ਉਹ ਮੇਰੀ ਹਾਜ਼ਰੀ ਵਿਚ ਮੇਰੇ ਹੀ ਨੇੜਲੇ ਦੋਸਤ ਰਹੇ ਸਵ. ਇਨਕਲਾਬੀ ਕਵੀ ਕਰਨੈਲ ਬਾਗੀ ਦੀ ਕਵਿਤਾ ‘ਉੱਠੋ ਗੋਕਲ ਦੇ ਕਿਰਤੀ?’ ਪੜ੍ਹਨ ਦੀ ਗਲਤੀ ਕਰ ਬੈਠਾ। ਸਾਰਿਆਂ ਦੇ ਸਾਹਮਣੇ ਉਸ ਨੂੰ ਨੰਗਾ ਕਰਨ ਦੀ ਬਜਾਇ ਮੈਂ ਉਸ ਨੂੰ ਇਕ ਪਾਸੇ ਲੈ ਗਿਆ।
“ਲੱਗਦੈ ਇਹ ਕਵਿਤਾ ਤੁਸੀਂ ਕਈ ਸਾਲ ਪਹਿਲੋਂ ਲਿਖੀ ਹੈ।” ਮੈਂ ਕਿਹਾ।
”ਨਹੀਂ ਜੀ, ਇਹ ਤਾਂ ਪਿਛਲੇ ਹਫ਼ਤੇ ਹੀ ਲਿਖੀ ਹੈ।” ਉਹ ਬੋਲਿਆ।
‘ਯਾਰ ਫਿਰ ਇਹ ਕਿਵੇਂ ਹੋ ਗਿਆ! ਵੀਹ ਸਾਲ ਪਹਿਲਾਂ ਤਾਂ ਕੋਟਕਪੂਰੇ ਦੇ ਇੱਕ ਕਵੀ ਕਰਨੈਲ ਬਾਗੀ ਨੇ ਤੁਹਾਡੀ ਇਹ ਕਵਿਤਾ ਚੋਰੀ ਕਰਕੇ ਆਪਣੀ ਪੁਸਤਕ ਵਿਚ ਵੀ ਛਪਵਾ ਲਈ ਸੀ।” ਮੈਂ ਆਪਣੇ ਚਿਹਰੇ ’ਤੇ ਹੈਰਾਨੀ ਦੇ ਬਨਾਵਟੀ ਪ੍ਰਭਾਵ ਲਿਆ ਕੇ ਉਸ ਉੱਤੇ ਲੁਕਵਾਂ ਵਿਅੰਗ ਬਾਣ ਚਲਾਇਆ ਤਾਂ ਉਸਦੇ ਪੈਰਾਂ ਹੇਠੋਂ ਧਰਤੀ ਨਿੱਕਲ ਗਈ। ਉਸ ਦੀ ਨੀਵੀਂ ਪੈ ਗਈ। ਉਸ ਤੋਂ ਬਾਦ ਨਾ ਤਾਂ ਉਹ ਸਾਹਿਤ ਸਭਾ ਦੀ ਮੀਟਿੰਗ ਵਿਚ ਆਇਆ ਅਤੇ ਨਾ ਹੀ ਉਸ ਨੇ ਕਦੇ ਦੁਬਾਰਾ ਆਪਣੇ ਕਵੀ ਹੋਣ ਦਾ ਦਾਅਵਾ ਪੇਸ਼ ਕੀਤਾ।
ਬਾਘਾ ਪੁਰਾਣਾ ਵਿਖੇ ਮੈਂ ਸਾਹਿਤ ਸਭਾ ਵੱਲੋਂ ਕਰਵਾਏ ਜਾ ਰਹੇ ਇਕ ਕਵੀ ਦਰਬਾਰ ਦੀ ਸਟੇਜ ਸਕੱਤਰੀ ਕਰ ਰਿਹਾ ਸਾਂ। ਇਕ ਕਵੀ ਵਾਰ ਵਾਰ ਆਪਣਾ ਨਾਂ ਦੂਜਿਆਂ ਤੋਂ ਪਹਿਲਾਂ ਪੇਸ਼ ਕਰਨ ਦੀ ਸਿਫਾਰਸ਼ ਕਰ ਰਿਹਾ ਸੀ। ਉਸਦੇ ਹੋਰ ਦੋਸਤ ਵੀ ਉਸ ਦੇ ਵੱਡਾ ਕਵੀ ਹੋਣ ਦਾ ਹਵਾਲਾ ਦੇ ਕੇ ਮੇਰੇ ਨਾਲ ਔਖੇ ਭਾਰੇ ਹੋ ਰਹੇ ਸਨ। ਜਦੋਂ ਉਸਦੀ ਵਾਰੀ ਆਈ ਤਾਂ ਉਸ ਵੱਲੋਂ ਪੇਸ਼ ਗ਼ਜ਼ਲ ਨੇ ਸਮਾਗਮ ਵਿਚ ਚੰਗਾ ਰੰਗ ਬੰਨ੍ਹਿਆ ਪਰ ਅਗਲੇ ਦਿਨ ਜਿਹੜਾ ਸਾਹਿਤਕ ਮੈਗਜ਼ੀਨ ਮੈਨੂੰ ਡਾਕ ਰਾਹੀਂ ਪ੍ਰਾਪਤ ਹੋਇਆ, ਉਸ ਕਵੀ ਵੱਲੋਂ ਪੜ੍ਹੀ ਗ਼ਜ਼ਲ ਉਸਦੇ ਪਿਤਾ ਦੇ ਨਾਂ ’ਤੇ ਛਪੀ ਹੋਈ ਸੀ। ਸਟੇਜ ਸਕੱਤਰੀ ਕਰਦੇ ਉਸ ਵੱਲੋਂ ਵਾਰ ਵਾਰ ਪ੍ਰੇਸ਼ਾਨ ਕੀਤੇ ਜਾਣ ’ਤੇ ਮੈਨੂੰ ਉਸ ਨਾਲ ਖੁੰਦਕ ਜਿਹੀ ਹੋ ਗਈ ਸੀ, ਇਸ ਲਈ ਮੈਂ ਪੰਜਾਬੀ ਉਸਤਾਦ ਗ਼ਜ਼ਲਕਾਰ ਵਜੋਂ ਜਾਣੇ ਜਾਂਦੇ ਉਸ ਦੇ ਪਿਤਾ ਨੂੰ ਲਿਖ ਭੇਜਿਆ ਕਿ ਤੁਹਾਡਾ ਪੁੱਤਰ ਤੁਹਾਡੀਆਂ ਗ਼ਜ਼ਲਾਂ ਆਪਣੇ ਨਾਂ ਹੇਠ ਪੇਸ਼ ਕਰਕੇ ਵਾਹਵਾ-ਵਾਹਵਾ ਕਰਵਾ ਰਿਹਾ ਹੈ। ਉਸਦੇ ਪਿਤਾ ਨੇ ਇਹ ਸੂਚਨਾ ਦੇਣ ਲਈ ਮੇਰਾ ਧੰਨਵਾਦ ਕਰਦਿਆਂ ਲਿਖ ਭੇਜਿਆ ਕਿ ਪਰਿਵਾਰਕ ਜਾਇਦਾਦ ਵਿਚ ਤਾਂ ਮੇਰੇ ਦੋਵੇਂ ਪੁੱਤਰ ਬਰਾਬਰ ਦੇ ਹੱਕਦਾਰ ਹਨ ਪਰ ਸਾਹਿਤਕ ਰਚਨਾਵਾਂ ਸਾਡੀਆਂ ਆਪੋ ਆਪਣੀਆਂ ਹਨ। ਇਹ ਮੇਰੇ ਪੁੱਤਰ ਦੀ ਗਲਤੀ ਹੈ ਤੇ ਮੈਂ ਉਸ ਨੂੰ ਅੱਗੇ ਲਈ ਅਜਿਹਾ ਨਾ ਕਰਨ ਦੀ ਤਾੜਨਾ ਕਰ ਦਿੱਤੀ ਹੈ। ਗ਼ਜ਼ਲ ਚੋਰ ਉਸ ਕਵੀ ਵੱਲੋਂ ਮੈਨੂੰ ਫਿਰ ਉਲਾਂਭਾ ਮਿਲਿਆ ਤਾਂ ਮੈਂ ਹੱਸਦਿਆਂ ਕਿਹਾ, “ਯਾਰ ਮੈਂ ਠੀਕ ਕੀਤਾ ਹੈ ਜਾਂ ਗਲਤ, ਇਸ ਗੱਲ ਦਾ ਫੈਸਲਾ ਪਹਿਲਾਂ ਤੁਸੀਂ ਪਿਉ ਪੁੱਤਰ ਆਪਸ ਵਿੱਚ ਕਰ ਲਵੋ, ਮੈਨੂੰ ਵਿਚ ਕਿਉਂ ਘੜੀਸਦੇ ਹੋ?” ਇਸ ਘਟਨਾ ਨੂੰ ਪੱਚੀ ਸਾਲ ਬੀਤ ਗਏ ਨੇ ਪਰ ਉਹ ਕਵੀ ਅੱਜ ਵੀ ਮੇਰੇ ਤੋਂ ਅੱਖਾਂ ਚੁਰਾਉਂਦਾ ਹੈ।
ਸਾਹਿਤਕ ਚੋਰੀਆਂ ਦੀ ਭਾਲ ਕਰਦਿਆਂ ਮੇਰੀਆਂ ਆਪਣੀਆਂ ਵੀ ਕੁਝ ਰਚਨਾਵਾਂ ਚੋਰੀ ਹੋਈਆਂ ਹਨ। ਪੰਜਾਬੀ ਦੇ ਇਕ ਨਾਮਵਰ ਆਲੋਚਕ ਨੇ ‘ਨਵਾਂ ਜ਼ਮਾਨਾ’ ਵਿਚ ਤੇਜਾ ਸਿੰਘ ਅਕਾਲੀ ਦੀ ਕਵੀਸ਼ਰੀ ਦੀ ਪੁਸਤਕ ‘ਕਿੱਸਾ ਪੰਜਾ ਸਾਹਿਬ’ ਦਾ ਰੀਵੀਊ ਕਰਦਿਆਂ ਪੁਸਤਕ ਵਿਚ ਸ਼ਾਮਿਲ ਮੇਰੇ ਮੁੱਖ ਬੰਦ ਵਜੋਂ ਲਿਖੇ ਲੇਖ ਨੂੰ ਹੀ ਵਰਤ ਲਿਆ। ਲੇਖ ਦੀਆਂ ਦੋ ਚਾਰ ਲਾਈਨਾਂ ਇੱਧਰ ਉੱਧਰ ਕਰਕੇ ਉਸ ਬਿਨਾਂ ਪੁਸਤਕ ਪੜ੍ਹੇ ਹੀ ਰੀਵਿਊ ਲਿਖ ਦਿੱਤਾ। ਇਸ ਦੇ ਪ੍ਰਤੀਕਰਮ ਵਜੋਂ ਮੈਂ ‘ਨਵਾਂ ਜ਼ਮਾਨਾ’ ਨੂੰ ਖਤ ਲਿਖਿਆ ਕਿ ਜਦੋਂ ਵੀ ਉਸ ਆਲੋਚਕ ਨੂੰ ਰੀਵਿਊ ਹਿਤ ਪੁਸਤਕਾਂ ਭੇਜੀਆ ਜਾਣ, ਉਹਨਾਂ ਪੁਸਤਕਾਂ ਵਿਚ ਦਰਜ਼ ਮੁੱਖਬੰਦ ਦੇ ਪੰਨੇ ਜ਼ਰੂਰ ਪਾੜ ਲਏ ਜਾਣ ਤਾਂ ਕਿ ਉਸ ਆਲੋਚਕ ਨੂੰ ਰੀਵਿਊ ਲਈ ਆਈਆਂ ਪੁਸਤਕਾਂ ਨੂੰ ਪੜ੍ਹਨ ਦੀ ਆਦਤ ਪੈ ਸਕੇ। ਮੇਰਾ ਇਹ ਖਤ ਨਵਾਂ ਜ਼ਮਾਨਾ ਨੇ ਉਚੇਚੇ ਤੌਰ ’ਤੇ ਛਾਪਿਆ, ਭਾਵੇਂ ਉਸ ਤੋਂ ਬਾਦ ਉਹ ਆਲੋਚਕ ਸਾਹਿਬ ਅੱਜ ਤਾਈਂ ਮੇਰੇ ਨਾਲ ਨਰਾਜ਼ ਹਨ।
ਜਲੰਧਰ ਦੇ ਇਕ ਪੰਜਾਬੀ ਅਖਬਾਰ ਵਿਚ ਕੰਮ ਕਰਦੇ ਸਹਾਇਕ ਸੰਪਾਦਕ ਨੇ ਤਾਂ ਕਮਾਲ ਹੀ ਕਰ ਦਿੱਤੀ। ਉਸ ਦੇ ਨਾਂ ’ਤੇ ਆਪਣਾ ਲੇਖ ‘ਕੀ ਹੈ ਪੰਜਾਬ ਵਿਚ 'ਆਪ' ਦਾ ਭਵਿੱਖ’ ‘ਨਵਾਂ ਜ਼ਮਾਨਾ’ ਵਿਚ ਛਪਿਆ ਵੇਖ ਕੇ ਮੈਂ ਹੈਰਾਨ ਰਹਿ ਗਿਆ। ਇਹ ਲੇਖ ਮੈਂ ਉਸ ਅਖਬਾਰ ਨੂੰ ਭੇਜਿਆ ਸੀ, ਜਿੱਥੇ ਉਹ ਨਿਊਜ਼ ਸੈਕਸ਼ਨ ਵਿਚ ਕੰਮ ਕਰਦਾ ਸੀ। ਉਸ ਆਪਣੇ ਅਖਬਾਰ ਵਿੱਚੋਂ ਹੀ ਮੇਰਾ ਲੇਖ ਲੈ ਕੇ ਆਪਣੇ ਨਾਂ ’ਤੇ ‘ਨਵਾਂ ਜ਼ਮਾਨਾ’ ਵਿਚ ਛਪਣ ਲਈ ਭੇਜ ਦਿੱਤਾ। ਲੇਖ ਦੇ ਹੇਠ ਛਪੇ ਉਸ ਦੇ ਟੈਲੀਫੋਨ ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਫੋਨ ਨੰਬਰ ਵੀ ਗਲਤ ਨਿੱਕਲਿਆ। ਜਦੋਂ ਕਿਸੇ ਹੋਰ ਮਿੱਤਰ ਤੋਂ ਉਸਦਾ ਅਸਲੀ ਮੁਬਾਈਲ ਨੰਬਰ ਲੈ ਕੇ ਉਸ ਨਾਲ ਗੱਲ ਕੀਤੀ ਤਾਂ ਉਸ ਦਾ ਸਪਸ਼ਟੀਕਰਨ ਸੀ ਕਿ ਉਸ ਨੇ ਤਾਂ ‘ਨਵਾਂ ਜ਼ਮਾਨਾ’ ਨੂੰ ਇਹ ਲੇਖ ਭੇਜਿਆ ਹੀ ਨਹੀਂ ਪਰ ਪਤਾ ਨਹੀਂ ਕਿਵੇਂ ਇਹ ਉਸਦੇ ਨਾਂ ’ਤੇ ਛਪ ਗਿਆ। ਉਸਦੇ ਕਿਸੇ ਰਾਹ ’ਤੇ ਨਾ ਆਉਣ ਤੇ ਆਖਿਰ ਮੈਨੂੰ ਉਸ ਦੀ ਸ਼ਕਾਇਤ ਉਸ ਦੇ ਅਖਬਾਰ ਦੇ ਸੰਪਾਦਕ ਨੂੰ ਕਰਨੀ ਨੂੰ ਪਈ। ਜੇ ਮੇਰਾ ਇਹ ਲੇਖ ਪਹਿਲੋਂ ਮੇਰੇ ਨਾਂ ’ਤੇ ‘ਪੰਜਾਬੀ ਜਾਗਰਣ’ ਵਿਚ ਨਾ ਛਪਿਆ ਹੁੰਦਾ ਤਾਂ ਸ਼ਾਇਦ ਉਸਨੇ ਮੇਰੇ ਉੱਤੇ ਹੀ ਚੋਰੀ ਦਾ ਇਲਜ਼ਾਮ ਲਾ ਦੇਣਾ ਸੀ।
ਜਦੋਂ ਹਰੇਕ ਸਮਾਜਿਕ ਖੇਤਰ ਵਿਚ ਚੋਰ ਪੈਦਾ ਹੋ ਗਏ ਹਨ ਤਾਂ ਸਾਹਿਤ ਦਾ ਖੇਤਰ ਵੀ ਇਸ ਤੋਂ ਅਛੂਤਾ ਕਿਵੇਂ ਰਹਿ ਸਕਦਾ ਹੈ? ਰੋਜ਼ਾਨਾ ਅਖਬਾਰਾਂ ਅਤੇ ਸਾਹਿਤਕ ਪਰਚਿਆਂ ਵਿਚ ਅਜਿਹੇ ਖ਼ਤ ਅਕਸਰ ਛਪਦੇ ਹਨ ਜਿਨ੍ਹਾਂ ਵਿਚ ਕਿਸੇ ਰਚਨਾ ਦੇ ਚੋਰੀ ਦੀ ਹੋਣ ਦਾ ਇਲਜ਼ਾਮ ਲਾਇਆ ਹੁੰਦਾ ਹੈ। ਸਾਹਿਤ ਦੇ ਖੇਤਰ ਵਿਚ ਅੱਜ ਕਲ ਮਿੰਨੀ ਕਹਾਣੀ ਲੇਖਕਾਂ ਦੀ ਵਧੇਰੇ ਘੜਮੱਸ ਹੈ, ਇਸ ਕਰਕੇ ਚੋਰੀ ਦਾ ਵਧੇਰੇ ਇਲਜ਼ਾਮ ਵੀ ਇਸ ਖੇਤਰ ਦੇ ਲੇਖਕਾਂ ਉੱਤੇ ਹੀ ਲੱਗ ਰਿਹਾ ਹੈ। ਸ਼ਬਦਾਂ ਦੇ ਮਾਮੂਲੀ ਹੇਰ ਫੇਰ ਨਾਲ ਕੁਝ ਅਲੇਖਕ ਧੜੱਲੇ ਨਾਲ ਸਾਹਿਤ ਚੋਰੀ ਕਰ ਰਹੇ ਹਨ। ਹਿੰਦੀ ਅੰਗਰੇਜ਼ੀ ਦੀਆਂ ਰਚਨਾਵਾਂ ਨੂੰ ਪੰਜਾਬੀ ਵਿਚ ਢਾਲ ਕੇ ਆਪਣੇ ਨਾਂ ’ਤੇ ਪੇਸ਼ ਕੀਤਾ ਜਾ ਰਿਹਾ ਹੈ। ਮੈਂ ਇਸ ਘਟਨਾ ਦਾ ਚਸ਼ਮਦੀਦ ਗਵਾਹ ਹਾਂ ਕਿ ਇੱਕ ਮਿੰਨੀ ਕਹਾਣੀ ਮੁਕਾਬਲੇ ਵਿਚ ਪਹਿਲਾ ਇਨਾਮ ਪ੍ਰਾਪਤ ਕਰਨ ਵਾਲੀ ਕਹਾਣੀ ਉੱਤੇ ਜਦੋਂ ਖੜ੍ਹੇ ਪੈਰੀਂ ਹੀ ਚੋਰੀ ਦੀ ਹੋਣ ਦਾ ਇਲਜ਼ਾਮ ਲੱਗ ਗਿਆ ਤਾਂ ਉਸ ਮਿੰਨੀ ਕਹਾਣੀਕਾਰ ਨੂੰ ਇਨਾਮ ਦੀ ਬਜਾਇ ਹਰ ਪਾਸਿਉਂ ਲਾਹਣਤ ਹੀ ਮਿਲੀ। ਇੰਟਰਨੈੱਟ ਵੀ ਹੁਣ ਸਾਹਿਤ ਚੋਰਾਂ ਦੀ ਬਹੁਤ ਮਦਦ ਕਰ ਰਿਹਾ ਹੈ। ਇਸ ਵਿੱਚੋਂ ਦੂਜੀਆਂ ਭਾਸ਼ਾਵਾਂ ਵਿਚ ਲਿਖਿਆ ਅਜਿਹਾ ਬਹੁਤ ਕੁਝ ਮਿਲ ਜਾਂਦਾ ਹੈ, ਜਿਸਦੀ ਅਸਾਨੀ ਨਾਲ ਨਕਲ ਕੀਤੀ ਜਾ ਸਕੇ। ਅਜਿਹੀਆਂ ਚੋਰੀ ਦੀਆਂ ਲਿਖਤਾਂ ਛੇਤੀ ਫੜੀਆਂ ਵੀ ਨਹੀਂ ਜਾਦੀਆਂ।
ਸਾਹਿਤ ਚੋਰਾਂ ਨੂੰ ਸਜ਼ਾ ਦਿਵਾਉਣ ਵਾਲੀ ਅਦਾਲਤੀ ਪ੍ਰਕਿਰਿਆ ਲੰਬੀ ਵੀ ਹੈ ਤੇ ਮਹਿੰਗੀ ਵੀ। ਕੋਈ ਵੀ ਲੇਖਕ ਇਸ ਪ੍ਰਕਿਰਿਆ ਵਿਚ ਪੈ ਕੇ ਖੁਸ਼ ਨਹੀਂ। ਪਰ ਪਾਠਕਾਂ ਦੀ ਅਦਾਲਤ ਇਸਦਾ ਫੈਸਲਾ ਤਰੁੰਤ ਸੁਣਾ ਦੇਂਦੀ ਹੈ। ਮੇਰਾ ਇਹ ਤਜ਼ਰਬਾ ਹੈ ਕਿ ਸੱਤਰ ਫੀਸਦੀ ਸਾਹਿਤਕ ਚੋਰੀਆਂ ਅੰਤ ਨੰਗੀਆਂ ਹੋ ਜਾਂਦੀਆਂ ਹਨ। ਜਦੋਂ ਕੋਈ ਸਾਹਿਤਕ ਚੋਰੀ ਫੜੀ ਜਾਂਦੀ ਹੈ ਤਾਂ ਸੰਬੰਧਤ ਚੋਰ ਨੂੰ ਲੇਖਕਾਂ ਦੀ ਬਰਾਦਰੀ ਵਿੱਚੋਂ ਇਕ ਤਰ੍ਹਾਂ ਛੇਕ ਹੀ ਦਿੱਤਾ ਜਾਂਦਾ ਹੈ। ਦਾਦ ਦੇਣੀ ਪਵੇਗੀ ਚੋਰਾਂ ਦੇ ਹੌਸਲੇ ਦੀ, ਜਿਹੜੇ ਫਿਰ ਵੀ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ।
*****
(59)