NiranjanBoha7“ਜਿੰਨਾ ਇਕੱਠ ਬਰਨਾਲੇ ਉਹਨਾਂ ਨੂੰ ਭਾਈ ਲਾਲੋ ਪੁਰਸਕਾਰ ਦੇਣ ਵੇਲੇ ਸੀ, ਉੰਨਾ ਇਕੱਠ ਹੀ ...”
(20 ਜੂਨ 2017)

 

ਭਾਈ ਲਾਲੋ ਦੇ ਕਿਰਤੀ ਵਿਰਸੇ ਦਾ ਵਾਰਸ ਸੀ ਨਾਟਕਕਾਰ - ਅਜਮੇਰ ਸਿੰਘ ਔਲਖ

AjmerAulakhA2


ਪੂਰੀ ਜਿੰਦਗੀ ਲੋਕਾਂ ਦੇ ਲੇਖੇ ਲਾਉਣ ਤੇ ਪਿੰਡ ਪਿੰਡ ਜਾ ਕੇ ਲੋਕ ਚੇਤਨਾ ਦਾ ਸੁਨੇਹਾ ਵੰਡਣ ਵਾਲੇ ਪੰਜਾਬੀ ਨਾਟਕ ਦੇ ਸ਼ਾਹ ਅਸਵਾਰ ਪ੍ਰੋ. ਅਜਮੇਰ ਸਿੰਘ ਔਲਖ ਦੇ ਜੀਵਨ ਨੂੰ ਬਚਾਉਣ ਲਈ ਕੀਤੀਆਂ ਕੋਸ਼ਿਸ਼ਾਂ ਤੇ ਦੁਆਵਾਂ ਆਖਿਰ ਮੌਤ ਤੋਂ ਹਾਰ ਹੀ ਗਈਆਂ
ਲੰਘੀ ਮਿਤੀ 15 ਜੂਨ ਨੂੰ ਸਵੇਰ ਸਾਢੇ ਪੰਜ ਕੁ ਵਜੇ ਉਹਨਾਂ ਦੇ ਤੁਰ ਜਾਣ ਦੀ ਖ਼ਬਰ ਸੁਣੀ ਤਾਂ ਸਰੀਰ ਵਿੱਚੋਂ ਸੀਤ ਜਿਹਾ ਨਿਕਲ ਗਿਆ ਸੋਸ਼ਲ ਮੀਡੀਆ ’ਤੇ ਪੰਦਰਾਂ ਕੁ ਦਿਨ ਪਹਿਲਾਂ ਵੀ ਉਹਨਾਂ ਦੇ ਸਦੀਵੀ ਵਿਛੋੜਾ ਦੇ ਜਾਣ ਦੀ ਅਫਵਾਹ ਬੜੀ ਤੇਜ਼ੀ ਨਾਲ ਫੈਲੀ ਸੀ ਪਰ ਕੁਝ ਹੀ ਸਮੇਂ ਬਾਦ ਉਹਨਾਂ ਦੇ ਪਰਿਵਾਰਕ ਸੂਤਰਾਂ ਨੇ ਇਸ ਅਫਵਾਹ ਦਾ ਖੰਡਨ ਕਰਕੇ ਉਹਨਾਂ ਨੂੰ ਚਾਹੁਣ ਵਾਲਿਆਂ ਦੇ ਚਿਹਰਿਆਂ ਤੋਂ ਗੁਆਚੀ ਮੁਸਕਾਨ ਫਿਰ ਵਾਪਸ ਲੈ ਆਂਦੀ ਸੀ ਹੁਣ ਜਦੋਂ ਸਾਡੇ ਦਿਲ ਦਿਮਾਗ ਵਿਚ ਇਹ ਗੱਲ ਬੈਠ ਗਈ ਸੀ ਕਿ ਇਸ ਜੀਵਨ ਸੰਗਰਾਮੀ ਨੇ ਆਪਣੇ ਅੰਦਰਲੀ ਇੱਛਾ ਸ਼ਕਤੀ ਰਾਹੀਂ ਇਕ ਵਾਰ ਫਿਰ ਮੌਤ ਨੂੰ ਹਰਾ ਦਿੱਤਾ ਹੈ ਤਾਂ ਸੋਚਾਂ ਦੇ ਉਲਟ ... ਅਚਿੰਤੇ ਬਾਜ਼ ਦਾ ਦਾਅ ਚੱਲ ਗਿਆ

ਉਹਨਾਂ ਦੇ ਤੁਰ ਦੀ ਖਬਰ ਸੁਣੀ ਤਾਂ ਆਪਣੇ ਆਪ ਨੂੰ ਰਾਹਤ ਦੇਣ ਲਈ ਇਕ ਪਲ ਲਈ ਸੋਚਿਆ ਕਿ ਸੰਭਵ ਹੈ ਇਸ ਵਾਰ ਵੀ ਇਹ ਖਬ਼ਰ ਅਫਵਾਹ ਹੀ ਹੋਵੇ ਪਰ ਕਹਾਣੀਕਾਰ ਅਤਰਜੀਤ ਵਰਗੇ ਪੁਖਤਾ ਸੂਤਰ ਤੋਂ ਮਿਲੀ ਦੁੱਖਦਾਈ ਜਾਣਕਾਰੀ ਕਾਰਨ ਇਸ ਕੌੜੀ ਹਕੀਕਤ ਨੂੰ ਸਵੀਕਾਰਣਾ ਹੀ ਪਿਆ। ਮੈ ਸੋਚ ਰਿਹਾ ਸਾਂ ਕਿ ਉਹਨਾਂ ਦੇ ਤੁਰ ਜਾਣ ਨਾਲ ਪੰਜਾਬੀ ਨਾਟਕ ਦੇ ਇਕ ਯੁਗ ਦਾ ਅੰਤ ਹੀ ਨਹੀਂ ਹੋਇਆ ਸਗੋਂ ਵਿਚਾਰਧਾਰਕ ਪ੍ਰਤੀਬੱਧਤਾ ਵਾਲੀ ਨਾਟਕ ਲਹਿਰ ਦੇ ਜਾਰੀ ਰਹਿਣ ’ਤੇ ਵੀ ਇਕ ਸਵਾਲੀਆ ਚਿੰਨ੍ਹ ਲੱਗ ਗਿਆ ਹੈ ਭਾਅ ਜੀ ਗੁਰਸ਼ਰਨ ਸਿੰਘ ਤੋਂ ਬਾਦ ਲੋਕ ਪੱਖੀ ਰੰਗ ਮੰਚ ਨੂੰ ਇੱਕ ਲਹਿਰ ਵਜੋਂ ਉਭਾਰਨ ਵਾਲਾ ਦੂਜਾ ਮੋਢੀ ਨਾਟਕਕਾਰ ਵੀ ਤੁਰ ਗਿਆ ਹੈ ਤਾਂ ਇਸ ਲਹਿਰ ਦੇ ਵਾਰਸਾਂ ਲਈ ਲਹਿਰ ਨੂੰ ਜਿਉਂਦਾ ਰੱਖਣ ਦੀ ਚਣੌਤੀ ਬਹੁਤ ਵੱਡੀ ਹੋ ਗਈ ਹੈ। ਜਦੋਂ ਸਾਹਿਤ ਦੀ ਹਰ ਵਿਧਾ ਵਿਸ਼ਵੀ ਮੰਡੀ ਦੀ ਮੰਗ ਅਨੁਸਾਰ ਆਪਣੇ ਲੋਕ ਪੱਖੀ ਖਾਸੇ ਨਾਲੋਂ ਟੁੱਟਣ ਦੇ ਰਾਹ ਪਈ ਹੋਈ ਹੈ ਤਾਂ ਅਜਿਹੇ ਸਮੇਂ ਔਲਖ ਵਰਗੇ ਸਿਰੜੀ ਤੇ ਲੋਕ ਪ੍ਰਤੀਬੱਧ ਨਾਟਕਕਾਰ ਦਾ ਤੁਰ ਜਾਣਾ ਸੱਚਮੁੱਚ ਹੀ ਬਹੁਤ ਘਾਟੇ ਵਾਲੀ ਗੱਲ ਹੈ

ਵੱਡੇ ਲੇਖਕਾਂ ਦੇ ਘਰਾਂ ਦੇ ਦਰਵਾਜ਼ੇ ਆਮ ਕਰਕੇ ਨਵੇਂ ਲੇਖਕਾਂ ਤੇ ਆਮ ਲੋਕਾਂ ਲਈ ਬਹੁਤ ਭੀੜੇ ਹੁੰਦੇ ਹਨ ਤੇ ਉਹ ਕਈ ਵਾਰ ਸਮਾਂ ਲੈਣ ਦੇ ਬਾਵਜੂਦ ਵੀ ਕਿਸੇ ਰੁਝੇਵੇਂ ਦਾ ਬਹਾਨਾ ਬਣਾ ਕੇ ਨਵੇਂ ਲੇਖਕਾਂ ਨੂੰ ਨਹੀਂ ਮਿਲਦੇ ਪਰ ਇਹ ਪ੍ਰੋਫੈਸਰ ਅਜਮੇਰ ਸਿੰਘ ਔਲਖ ਹੀ ਸੀ ਜਿਹੜਾ ਘਰ ਆਏ ਹਰ ਬੰਦੇ ਨੂੰ ਬਿਲਕੁਲ ਆਮ ਪੇਂਡੂ ਮੁਹਾਂਦਰੇ ਵਾਲੇ ਅੰਦਾਜ਼ ਵਿਚ ਖਿੜ ਕੇ ਮਿਲਦਾ ਸੀ ਕੇਵਲ ਮਿਲਦਾ ਹੀ ਨਹੀਂ ਸੀ ਸਗੋਂ ਉਹਨਾਂ ਨੂੰ ਉਡੀਕਦਾ ਵੀ ਸੀ ਤੇ ਆਪ ’ਵਾਜਾਂ ਵੀ ਮਾਰਦਾ ਸੀ ਵੱਡੇ ਤੇ ਨਾਮਵਰ ਲੇਖਕਾਂ ਨੂੰ ਕਿਸੇ ਸਮਾਗਮ ’ਤੇ ਬੁਲਾਉਣਾ ਹੋਵੇ ਤਾਂ ਉਹਨਾਂ ਲਈ ਮਹਿੰਗੀ ਕਾਰ ਦਾ ਪ੍ਰਬੰਧ ਕਰਨਾ ਪੈਂਦਾ ਹੈ ਪਰ ਇਹ ਪ੍ਰੋ. ਅਜਮੇਰ ਔਲਖ ਦੀ ਨਿਰਮਾਨਤਾ ਦਾ ਸਿਖ਼ਰ ਸੀ ਕਿ ਉਹ ਮਾਨਸਾ ਖੇਤਰ ਦੇ ਲੇਖਕਾਂ ਨੂੰ ਆਪ ਫੋਨ ਕਰਦਾ ਸੀ ਕਿ ਮੇਰੀ ਕਾਰ ਵਿਚ ਏਨੀਆਂ ਸੀਟਾਂ ਖਾਲੀ ਹਨ, ਜੇ ਤੁਸੀਂ ਸਮਾਗਮ ’ਤੇ ਜਾਣਾ ਹੈ ਤਾਂ ਸਵੇਰੇ ਮੇਰੇ ਘਰ ਪਹੁੰਚ ਜਾਇੳਉਸਦਾ ਫੋਨ ਆਉਣ ’ਤੇ ਮੈਂ ਵੀ ਉਹਨਾਂ ਨਾਲ ਕਈ ਸਾਹਿਤ ਸਮਾਗਮਾਂ ’ਤੇ ਗਿਆ ਸਾਂ ਮੇਰੇ ਲਈ ਇਹ ਗੱਲ ਬਹੁਤ ਲਾਹੇਵੰਦ ਸੀ ਕਾਰ ਦੇ ਸਫਰ ਦੌਰਾਨ ਉਹ ਸਾਹਿਤ ਦੀਆਂ ਤੇ ਆਪਣੇ ਨਾਟਕੀ ਖੇਤਰ ਦੇ ਤਜ਼ਰਬਿਆਂ ਦੀਆਂ ਗੱਲਾਂ ਮੁੱਕਣ ਨਹੀਂ ਸਨ ਦੇਂਦੇ ਕਿਸੇ ਯੁਗ ਪੁਰਸ਼ ਤੋਂ ਅਜਿਹੀਆਂ ਗੱਲਾਂ ਸੁਣਨਾ ਭਲਾ ਕਿਸ ਨੂੰ ਚੰਗਾ ਨਹੀਂ ਲੱਗੇਗਾ।

ਔਲਖ ਦਾ ਆਪਣਾ ਪਰਿਵਾਰਕ ਪਿਛੋਕੜ ਨਿਮਨ ਕਿਸਾਨੀ ਨਾਲ ਜੁੜਿਆ ਹੋਇਆ ਸੀ ਇਸ ਲਈ ਹੀ ਉਹ ਛੋਟੀ ਕਿਸਾਨੀ ਦੇ ਦੁੱਖਾਂ ਦਰਦਾਂ ਦੀ ਬਾਤ ਦੀ ਆਪਣੇ ਨਾਟਕਾਂ ਵਿਚ ਏਨੀ ਸ਼ਿੱਦਤ ਬਿਆਨੀ ਕਰ ਸਕੇ ਸਨ। ਇੰਕਾਗੀ ਸੰਗ੍ਰਹਿ ‘ਅਰਬਦ ਨਰਬਦ ਧੂੰਦੂਕਾਰਾ ਤੋਂ ਲੈ ਕੇ ‘ਨਿਉਂ ਜੜ੍ਹ’ ਤਕ ਉਹਨਾਂ ਡੇਢ ਦਰਜਣ ਦੇ ਲੱਗ ਭੱਗ ਨਾਟਕ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਵਿਚ ਪਾਈਆਂ ਤੇ ਉਸਦੀ ਹਰ ਪੁਸਤਕ ਨੂੰ ਪਾਠਕਾਂ ਨੇ ਰੱਜਵਾਂ ਮਾਣ ਸਤਿਕਾਰ ਦਿੱਤਾ ਉਸਦੇ ਹਰ ਨਾਟਕ ਦੀਆਂ ਸੈਕੜਿਆਂ ਦੀ ਗਿਣਤੀ ਵਿਚ ਸਟੇਜੀ ਪੇਸ਼ਕਾਰੀਆਂ ਹੋਈਆ ਪਰ ਨਾਟਕ ‘ਬਿਗਾਨੇ ਬੋਹੜ ਦੀ ਛਾਂ’ ਦੇ ਸਟੇਜ਼ੀ ਮੰਚਨ ਦੀ ਗਿਣਤੀ ਦੱਸ ਸਕਣਾ ਕਿਸੇ ਲਈ ਹੁਣ ਸੰਭਵ ਹੀ ਨਹੀਂ ਜਾਪਦਾ। ਇਸ ਨਾਟਕ ਨੂੰ ਨਿਮਨ ਕਿਸਾਨੀ ਦੇ ਜੀਵਨ ਦੇ ਪ੍ਰਤੀਨਿਧ ਦਸਤਾਵੇਜ਼ ਵਜੋਂ ਸਵੀਕਾਰਿਆ ਗਿਆ ਤਾਂ ਪੰਜਾਬੀ ਦੇ ਕਿੰਨੇ ਹੀ ਨਾਟਕਕਾਰਾਂ ਨੇ ਇਸ ਤਰਜ਼ ’ਤੇ ਨਾਟਕ ਲਿਖਣ ਤੇ ਖੇਡਣ ਦੀ ਕੋਸ਼ਿਸ਼ ਕੀਤੀ ਪਰ ਕੋਈ ਵੀ ਨਾਟਕ ਆਪਣੀ ਹਰ ਮਨ ਪਿਆਰਤਾ ਪੱਖੋਂ ਇਸ ਨਾਟਕ ਦੇ ਨੇੜੇ ਨਾ ਢੁੱਕ ਸਕਿਆ।

ਆਪਣੇ ਚਾਰ ਦਹਾਕਿਆਂ ਦੇ ਸਾਹਿਤਕ ਸਫਰ ਦੌਰਾਨ ਮੈਂ ਉਹਨਾਂ ਜਿਹਾ ਕੋਈ ਨਿਰ ਵਿਵਾਦ ਲੇਖਕ ਨਹੀਂ ਵੇਖਿਆ। ਭਾਵੇਂ ਉਹਨਾਂ ਦੀ ਵਿਚਾਰਧਾਰਾ ਤੇ ਚਿੰਤਨ ਪੂਰੀ ਤਰ੍ਹਾਂ ਲੋਕ ਪੱਖੀ ਸੀ ਪਰ ਇਸ ਵਿਚਾਰਧਾਰਾ ਤੇ ਕਿਸੇ ਖਾਸ ਰਾਜਨੀਤਕ ਧਿਰ ਦਾ ਠੱਪਾ ਕਦੇ ਨਹੀਂ ਸੀ ਲੱਗਾ ਉਹ ਕੇਂਦਰੀ ਲੇਖਕ ਸਭਾ ਦੇ ਪ੍ਰਧਾਨ ਰਹੇ ਤਾਂ ਕੇਂਦਰੀ ਸਭਾ ਦੇ ਕਿਸੇ ਧੜੇ ਨਾਲ ਆਪਣਾ ਵੱਖਰਾ ਮੋਹ ਨਹੀਂ ਜਤਾਇਆ ਸਗੋਂ ਸਾਰਿਆਂ ਦੇ ਸਾਂਝੇ ਪ੍ਰਧਾਨ ਦੇ ਤੌਰ ’ਤੇ ਹੀ ਵਿਚਰਦੇ ਰਹੇ। ਡਾਕਟਰ ਤੇਜਵੰਤ ਮਾਨ ਵਾਲੀ ਕੇਂਦਰੀ ਸਭਾ ਨਾਲ ਵੀ ਉਹਨਾਂ ਆਪਣੇ ਦੋਸਤਾਨਾ ਸਬੰਧ ਕਾਇਮ ਰੱਖੇ ਕੇਂਦਰੀ ਸਭਾ ਦੀ ਪ੍ਰਧਾਨਗੀ ਦੇ ਉਹ ਆਪ ਇੱਛੁਕ ਨਹੀਂ ਸਨ ਪਰ ਉਹਨਾਂ ਦੀ ਨਿਰ ਵਿਵਾਦ ਸ਼ਖ਼ਸੀਅਤ ਕਾਰਨ ਹੀ ਉਹਨਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਸੀ ਉਹ ਵਿਰੋਧੀ ਵਿਚਾਰਧਾਰਾ ਰੱਖਣ ਵਾਲੇ ਲੇਖਕਾਂ ਤੇ ਸਾਹਿਤ ਚਿੰਤਕਾਂ ਨਾਲ ਐਵੇਂ ਹੀ ਉਲਝ ਕੇ ਸਮਾਂ ਖਰਾਬ ਕਰਨ ਦੀ ਬਜਾਇ ਆਪਣੀ ਵਿਚਾਰਧਾਰਾ ਦੇ ਪ੍ਰਚਾਰ ਤੇ ਪਸਾਰ ਨੂੰ ਸਮਾਂ ਦੇਣ ਵਿਚ ਵਧੇਰੇ ਵਿਸ਼ਵਾਸ ਰੱਖਦੇ ਸਨ। ਸਾਹਿਤਕ ਗੋਸ਼ਟੀਆਂ ਸਮੇਂ ਜਦੋਂ ਕਦੇ ਦੋ ਵਿਚਾਰਧਾਰਕ ਵਿਰੋਧੀਆਂ ਦੇ ਸਿੰਘ ਫਸ ਜਾਂਦੇ ਤਾਂ ਉਹ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਨਪੇ ਤੁਲੇ ਸ਼ਬਦਾਂ ਰਾਹੀਂ ਗੋਸ਼ਟੀ ਦੇ ਅਸ਼ਾਂਤ ਹੋਏ ਮਾਹੌਲ ਨੂੰ ਸ਼ਾਂਤ ਤੇ ਸਾਵਾਂ ਬਣਾਉਣ ਦੀ ਕਲਾ ਵਿਚ ਵੀ ਮਾਹਰ ਸਨ

ਅਜਮੇਰ ਸਿੰਘ ਔਲਖ ਅੰਦਰੋਂ ਬਾਹਰੋਂ ਇੱਕ ਸਨ ਉਹ ਅਕਸਰ ਕਿਹਾ ਕਰਦੇ ਸਨ ਕਿ ਜੇ ਮੈਂ ਤਿੰਨ ਧੀਆਂ ਦੀ ਥਾਂ ਤਿੰਨ ਪੁੱਤਰਾਂ ਦਾ ਬਾਪ ਹੁੰਦਾ ਤਾਂ ਪੰਜਾਬੀ ਨਾਟਕ ਦੇ ਖੇਤਰ ਵਿਚ ਅੱਜ ਵਾਲਾ ਨਾਂ ਥਾਂ ਕਦੇ ਨਾ ਬਣਾ ਸਕਦਾ ਇਹ ਮੇਰੀ ਪਤਨੀ ਤੇ ਧੀਆਂ ਹੀ ਸਨ ਜਿਹਨਾਂ ਮੇਰੇ ਨਾਟਕਾਂ ਵਿਚ ਉਸ ਸਮੇਂ ਰੋਲ ਨਿਭਾਏ ਜਦੋਂ ਔਰਤ ਦਾ ਸਟੇਜ ’ਤੇ ਆਉਣਾ ਅੱਲੋਕਾਰੀ ਗੱਲ ਸੀਉਹਨਾਂ ਦੀ ਇਹ ਵੀ ਖਾਹਸ਼ ਸੀ ਕਿ ਉਹਨਾਂ ਦੀ ਮੌਤ ਤੋਂ ਬਾਦ ਵੀ ਉਹਨਾਂ ਦਾ ਪਰਿਵਾਰ ਉਹਨਾਂ ਦੀ ਯੁਗ ਪਲਟਾਊ ਸੋਚ ’ਤੇ ਡੱਟ ਕੇ ਪਹਿਰਾ ਦੇਵੇ, ਇਸ ਲਈ ਸੰਨ 2013 ਵਿਚ ਕੈਂਸਰ ਦੀ ਬਿਮਾਰੀ ਦੇ ਵੱਡੇ ਹਮਲੇ ਦਾ ਸਾਹਮਣਾ ਕਰਨ ਵੇਲੇ ਉਹਨਾਂ ਆਪਣੀ ਆਖਰੀ ਇੱਛਾ ਦਾ ਲਿਖਤੀ ਪ੍ਰਗਟਾਵਾ ਕੀਤਾ ਕਿ ਉਹਨਾਂ ਦੀ ਮੌਤ ਤੋਂ ਬਾਦ ਉਹਨਾਂ ਦੀ ਚਿਖਾ ਨੂੰ ਅਗਨੀ ਉਹਨਾਂ ਦੀਆਂ ਧੀਆਂ ਵੱਲੋਂ ਹੀ ਦਿੱਤੀ ਜਾਵੇ। ਇਸ ਅੰਤਿਮ ਇੱਛਾ ਨੋਟ ਵਿਚ ਮੌਤ ਤੋਂ ਕੋਈ ਧਾਰਮਿਕ ਰਸਮ ਨਾ ਕਰਨ ਦਾ ਅਦੇਸ਼ ਸਪਸ਼ਟ ਕਰਦਾ ਹੈ ਕਿ ਉਹਨਾਂ ਦਾ ਧਰਮ ਕੇਵਲ ਮਾਨਵਤਾ ਸੀ ਤੇ ਹੋਰ ਅਖੌਤੀ ਧਰਮਾਂ ਵਿਚ ਉਹਨਾਂ ਦਾ ਕੋਈ ਵਿਸ਼ਵਾਸ ਨਹੀਂ ਸੀ।

ਅਜਿਹੇ ਉੱਚੀ ਸੱਚੀ ਮਹਾਨ ਸੋਚ ਵਾਲੇ ਲੋਕ ਕਦੇ ਮਰਿਆ ਨਹੀਂ ਕਰਦੇ ਤੇ ਪ੍ਰੋ. ਅਜਮੇਰ ਸਿੰਘ ਔਲਖ ਵੀ ਮਰਿਆ ਨਹੀਂ ਹੈ ਸਗੋਂ ਲੋਕ ਵਿਰਾਸਤ ਦਾ ਹਿੱਸਾ ਬਣ ਕੇ ਆਪਣੀ ਵਿਚਾਰਧਾਰਕ ਉਮਰ ਹੋਰ ਲੰਮੀ ਕਰ ਗਿਆ ਹੈ। ਉਹ ਸਾਡੇ ਚੇਤਿਆਂ ਵਿਚ ਹਮੇਸ਼ਾ ਜਿਉਂਦਾ ਰਹੇਗਾ ਹੁਣੇ ਉਹਨਾਂ ਦੀ ਅੰਤਿਮ ਯਾਤਰਾ ਵਿਚ ਭਾਗ ਲੈ ਕੇ ਪਰਤਿਆ ਹਾਂ ਜਿੰਨਾ ਇਕੱਠ ਬਰਨਾਲੇ ਉਹਨਾਂ ਨੂੰ ਭਾਈ ਲਾਲੋ ਪੁਰਸਕਾਰ ਦੇਣ ਵੇਲੇ ਸੀ, ਉੰਨਾ ਇਕੱਠ ਹੀ ਉਹਨਾਂ ਦੀ ਅੰਤਿਮ ਯਾਤਰਾ ਵੇਲੇ ਸੀ। ਪ੍ਰੋ. ਔਲਖ ਅਮਰ ਰਹਿਣ ਦੇ ਗੂੰਜਵੇਂ ਨਾਹਰੇ ਉਹਨਾਂ ਦੇ ਅਮਰ ਰਹਿਣ ਦੀ ਗਵਾਹੀ ਉਹਨਾਂ ਦੇ ਸਨਮਾਨ ਸਮਾਰੋਹ ਵਾਂਗ ਹੀ ਭਰ ਰਹੇ ਸਨ ਉਹ ਪਹਿਲਾਂ ਵੀ ਜ਼ਿੰਦਾਬਾਦ ਸੀ ਤੇ ਹੁਣ ਵੀ ਜ਼ਿੰਦਾਬਾਦ ਹੈ।

*****

(738)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਨਿਰੰਜਨ ਬੋਹਾ

ਨਿਰੰਜਨ ਬੋਹਾ

Phone: (91 - 89682 - 82700)
Email: (niranjanboha@yahoo.com)

More articles from this author