NiranjanBoha7ਪ੍ਰਕਾਸ਼ਕ ਲੇਖਕ ਤੋਂ ਮੂੰਹ ਮੰਗੀ ਕੀਮਤ ਵਸੂਲ ਕੇ ਕੱਚ ਘਰੜ ਸਾਹਿਤ ਸ਼ਰੇਆਮ ਛਾਪ ਰਹੇ ਹਨ ...
(14 ਸਤੰਬਰ 2016)


ਮੇਰੇ ਹਿੱਸੇ ਦਾ ਅਦਬੀ ਸੱਚ’ ਕਾਲਮ ਅਧੀਨ ਲਿਖਿਆ ਮੇਰਾ ਲੇਖ ‘ਕਿਵੇਂ ਪਿੰਡ ਪਿੰਡ ਪਹੁੰਚੇ ਸਾਹਿਤਕ ਲਹਿਰ’ ਛਪਣ ਤੋਂ ਬਾਦ ਮੇਰੇ ਕੋਲ ਇਸ ਬਾਰੇ ਬਹੁਤ ਸਾਰੇ ਲੇਖਕਾਂ ਪਾਠਕਾ ਦੇ ਪ੍ਰਤੀਕ੍ਰਮ ਪਹੁੰਚੇ। ਇਹ ਲੇਖ ਪੜ੍ਹ ਕੇ ਜਿਹੜਾ ਅਹਿਮ ਪ੍ਰਤੀਕਰਮ ਨੌਜਵਾਨ ਨਾਵਲਕਾਰ ਪਰਗਟ ਸਤੌਜ ਨੇ ਫੋਨ ਕਰਕੇ ਮੇਰੇ ਤੱਕ ਪਹੁੰਚਾਇਆ, ਉਹ ਮੇਰੇ ਸੋਚਣ ਵਿਚਾਰਣ ਲਈ ਏਨਾ ਕੁਝ ਛੱਡ ਗਿਆ ਕਿ ਇਸ ਸੋਚ ਵਿਚਾਰ ਵਿੱਚੋਂ ਹੀ ਲੇਖ ਲੜੀ ਦੇ ਇਸ ਹੱਥਲੇ ਲੇਖ ਨੇ ਜਨਮ ਲੈ ਲਿਆ ਛਪੇ ਲੇਖ ਰਾਹੀਂ ਮੈਂ ਪੇਂਡੂ ਪਿਛੋਕੜ ਰੱਖਣ ਵਾਲੇ ਲੇਖਕ ਦੋਸਤਾਂ ਨੂੰ ਅਪੀਲ ਕੀਤੀ ਸੀ ਕਿ ਉਹ ਸਥਾਨਕ ਪੰਚਾਇਤਾਂ ਨੂੰ ਆਪਣੇ ਅਸਰ ਰਸੂਖ ਰਾਹੀਂ ਪ੍ਰਭਾਵਿਤ ਕਰਕੇ ਪਿੰਡਾਂ ਵਿਚ ਲਾਇਬਰੇਰੀਆਂ ਸਥਾਪਿਤ ਕਰਨ ਲਈ ਪ੍ਰੇਰਿਤ ਕਰਨ। ਮੈਂ ਨੌਜਵਾਨ ਵਰਗ ਨੂੰ ਵੀ ਗੁਜ਼ਾਰਿਸ਼ ਕੀਤੀ ਸੀ ਕਿ ਉਹ ਲਾਇਬਰੇਰੀਆਂ ਸਥਾਪਿਤ ਕਰਨ ਦੇ ਕਾਰਜ ਨੂੰ ਇਕ ਲਹਿਰ ਦਾ ਰੂਪ ਦੇਣ ਲਈ ਆਪਣਾ ਸਕਾਰਾਤਮਕ ਯੋਗਦਾਨ ਜ਼ਰੂਰ ਪਾਉਣ ਪਰਗਟ ਨੇ ਮੇਰੀ ਮਨਸ਼ਾ ਦੀ ਤਾਰੀਫ ਤਾਂ ਕੀਤੀ ਪਰ ਨਾਲ ਹੀ ਉਸਦਾ ਇਹ ਵੀ ਕਹਿਣਾ ਸੀ ਕਿ ਪਿੰਡਾਂ ਵਿਚ ਲਾਇਬਰੇਰੀ ਸਥਾਪਿਤ ਕਰਨ ਦਾ ਕਾਰਜ ਤਾਂ ਹੀ ਇੱਛਤ ਸਿੱਟੇ ਦੇ ਸਕੇਗਾ ਜੇ ਇਹਨਾਂ ਨੂੰ ਚਲਦੇ ਰੱਖਣ ਲਈ ਕਾਰਗਰ ਯੋਜਨਾ ਵੀ ਤਿਆਰ ਕੀਤੀ ਜਾਵੇ।

ਪਰਗਟ ਸਤੌਜ ਨੇ ਇਸ ਗੱਲ ’ਤੇ ਚਿੰਤਾ ਪ੍ਰਗਟ ਕੀਤੀ ਸੀ ਕਿ ਪ੍ਰਕਾਸ਼ਕਾਂ ਦੀ ਵਧ ਰਹੀ ਮੁਨਾਫਾਖੋਰੀ ਦੀ ਰੁਚੀ ਕਾਰਨ ਬੇਲੋੜਾ ਅਤੇ ਬੇਮਕਸਦਾ ਅਸਾਹਿਤ ਧੜਾਧੜ ਕਿਤਾਬੀ ਰੂਪ ਧਾਰਨ ਕਰਦਾ ਜਾ ਰਿਹਾ ਹੈ ਕਿਸੇ ਲੇਖਕ ਨੂੰ ਆਪਣੀ ਕੱਚੀ ਰਚਨਾ ਦੇ ਮਿਆਰੀ ਹੋਣ ਦਾ ਭੁਲੇਖਾ ਪੈ ਸਕਦਾ ਹੈ ਪਰ ਪ੍ਰਕਾਸ਼ਕ ਨੂੰ ਪੁਸਤਕ ਦੇ ਘਟੀਆ ਮਿਆਰ ਬਾਰੇ ਚੰਗੀ ਤਰ੍ਹਾਂ ਪਤਾ ਹੁੰਦਾ ਹੈ ਪ੍ਰਕਾਸ਼ਕ ਲੇਖਕ ਤੋਂ ਮੂੰਹ ਮੰਗੀ ਕੀਮਤ ਵਸੂਲ ਕੇ ਕੱਚ ਘਰੜ ਸਾਹਿਤ ਸ਼ਰੇਆਮ ਛਾਪ ਰਹੇ ਹਨ। ਉਹ ਅਜਿਹੀਆਂ ਪੁਸਤਕਾਂ ਪਾਠਕਾਂ ਨੂੰ ਸਿੱਧੇ ਰੂਪ ਵਿਚ ਨਹੀਂ ਵੇਚਦੇ ਸਗੋਂ ਮੋਟਾ ਕਮਿਸ਼ਨ ਦੇ ਕੇ ਲਾਇਬਰੇਰੀਆਂ ਵਿਚ ਧੱਕ ਦੇਂਦੇ ਹਨ ਜਿਹੜੇ ਪ੍ਰਕਾਸ਼ਕਾਂ ਦਾ ਨਾਂ ਥਾਂ ਮਿਆਰੀ ਪੁਸਤਕਾਂ ਛਾਪਣ ਕਰਕੇ ਹੀ ਬਣਿਆ ਹੈ ਉਹ ਵੀ ਹੁਣ ਲੇਖਕਾਂ ਪਾਠਕਾਂ ਨੂੰ ਦੋਵੇਂ ਹੱਥੀ ਲੁੱਟਣ ਦੇ ਰਾਹ ਪੈ ਗਏ ਹਨ ਅਤੇ ਆਪਣੇ ਪ੍ਰਕਾਸ਼ਨ ਦਾ ਕੋਈ ਹੋਰ ਨਾਂ ਰੱਖ ਕੇ ਗੈਰ ਮਿਆਰੀ ਪੁਸਤਕਾਂ ਛਾਪ ਰਹੇ ਹਨ ਪ੍ਰਕਾਸ਼ਕਾਂ ਵੱਲੋਂ ਆਪਣੇ ਅਸਰ ਰਸੂਖ ਅਤੇ ਕਮੀਸ਼ਨ ਦੇ ਜ਼ੋਰ ’ਤੇ ਲਾਇਬਰੇਰੀਆਂ ਵਿੱਚ ਧੱਕੀਆਂ ਅਜਿਹੀਆਂ ਪੁਸਤਕਾਂ ਪਾਠਕਾਂ ਦਾ ਸਾਹਿਤ ਨਾਲੋਂ ਮੋਹ ਭੰਗ ਹੀ ਕਰਦੀਆਂ ਹਨ ਪੇਂਡੂ ਲਾਇਬਰੇਰੀ ਵਿਚ ਪੁੱਜੀਆਂ ਅਜਿਹੀਆਂ ਪੁਸਤਕਾਂ ਤਾਂ ਪੂਰੀ ਤਰ੍ਹਾਂ ਸਾਹਿਤ ਦੇ ਪ੍ਰਚਾਰ ਅਤੇ ਪਸਾਰ ਦੇ ਰਾਹ ਵਿਚ ਵੱਡੀ ਰੁਕਾਵਟ ਸਾਬਿਤ ਹੁੰਦੀਆਂ ਹਨ।

ਜਦੋ ਅਸੀਂ ਪੇਂਡੂ ਲਾਇਬਰੇਰੀਆਂ ਲਈ ਕਿਤਾਬਾਂ ਦੀ ਖਰੀਦ ਕਰਨੀ ਹੈ ਤਾਂ ਪਾਠਕਾਂ ਦੇ ਆਮ ਗਿਆਨ ਅਤੇ ਰੁਚੀਆਂ ਦਾ ਪੂਰਾ ਖਿਆਲ ਰੱਖਣਾ ਚਾਹੀਦਾ ਹੈ ਪਿੰਡਾਂ ਵਿਚ ਸਾਹਿਤ ਦੇ ਨਵੇਂ ਪਾਠਕ ਉਹੀ ਪੁਸਤਕਾਂ ਪੈਦਾ ਕਰ ਸਕਦੀਆਂ ਹਨ ਜਿਹੜੀਆਂ ਉਹਨਾਂ ਦੇ ਸੁਹਜ ਸੁਆਦ ਦੇ ਮੇਚ ਦੀਆਂ ਹੋਣ ਨਵੇਂ ਪੇਂਡੂ ਪਾਠਕ ਆਮ ਕਰਕੇ ਪੁਰਾਣੇ ਅਤੇ ਸਕੂਲੀ ਸਿਲੇਬਸਾਂ ਦਾ ਹਿੱਸਾ ਬਣੇ ਰਹੇ ਲੇਖਕਾਂ ਦੇ ਨਾਂ ਹੀ ਜਾਣਦੇ ਹਨ ਇਸ ਲਈ ਜਰੂਰੀ ਹੈ ਕਿ ਨਵੇਂ ਪਾਠਕਾਂ ਨੂੰ ਸਾਹਿਤ ਨਾਲ ਜੋੜਣ ਲਈ ਪਹਿਲੇ ਪੜਾਅ ’ਤੇ ਪ੍ਰਸਿੱਧ ਅਤੇ ਪਹਿਲੀ ਪੀੜ੍ਹੀ ਦੇ ਲੇਖਕਾਂ ਦੀਆਂ ਕਹਾਣੀ ਰਸ ਨਾਲ ਭਰਪੂਰ ਲਿਖਤਾਂ ਹੀ ਪੜ੍ਹਾਈਆ ਜਾਣ। ਨਾਨਕ ਸਿੰਘਗੁਰਦਿਆਲ ਸਿੰਘ, ਜਸਵੰਤ ਸਿੰਘ ਕੰਵਲ, ਅਤੇ ਰਾਮ ਸਰੂਪ ਦੇ ਨਾਵਲ ਅਤੇ ਕਹਾਣੀਆਂ ਦੀਆਂ ਪੁਸਤਕਾਂ ਪੇਂਡੂ ਪਾਠਕੀ ਬਿਰਤੀਆਂ ਨੂੰ ਅਸਾਨੀ ਨਾਲ ਆਪਣੇ ਨਾਲ ਜੋੜਣ ਵਿੱਚ ਕਾਮਯਾਬ ਹਨ। ਸੰਤ ਰਾਮ ਉਦਾਸੀ ਦੀ ਲੋਕਾਂ ਦੀਆਂ ਸਮੱਸਿਆਵਾ ਬਾਰੇ ਉਹਨਾਂ ਦੀ ਹੀ ਭਾਸ਼ਾ ਵਿੱਚ ਲਿਖੀਆਂ ਕਵਿਤਾਵਾਂ ਵੀ ਪੇਂਡੂ ਪਾਠਕਾਂ ਦੇ ਅਸਾਨੀ ਨਾਲ ਹਜ਼ਮ ਹੋ ਸਕਦੀਆਂ ਹਨ ਜੇ ਪਹਿਲੇ ਹੀ ਪੜਾਅ ਤੇ ਅਸੀਂ ਆਧੁਨਿਕ ਝੁਕਾਵਾਂ ਵਾਲਾ ਅੰਤਰ ਮੁਖੀ ਸਾਹਿਤ ਉਹਨਾਂ ਅੱਗੇ ਪਰੋਸ ਦਿੱਤਾ ਤਾਂ ਸੁਭਾਵਿਕ ਹੈ ਉਹ ਸਾਹਿਤ ਨਾਲ ਟੁੱਟ ਕੇ ਫੇਸ ਬੁੱਕ ਜਾਂ ਵੱਟਸਐਪ ਵਰਗੇ ਸੰਚਾਰ ਮਾਧਿਅਮਾ ਨਾਲ ਜੁੜਣਗੇ।

ਪੇਂਡੂ ਲਾਇਬਰੇਰੀਆਂ ਦੇ ਕੁਝ ਸੰਚਾਲਕ ਲਾਇਬਰੇਰੀਆਂ ਲਈ ਅਜਿਹੀਆਂ ਪੁਸਤਕਾਂ ਦੀ ਖਰੀਦ ਨੂੰ ਪਹਿਲ ਦੇਂਦੇ ਹਨ ਜਿਹਨਾਂ ਨੂੰ ਪੜ੍ਹਨ ਦੀ ਉਹ ਆਪ ਰੁਚੀ ਰੱਖਦੇ ਹਨ। ਯੂਨੀਵਰਸਟੀ ਪੱਧਰ ਦੀ ਆਲੋਚਨਾ ਦੀਆਂ ਪੁਸਤਕਾਂ ਨਾਲ ਪੇਂਡੂ ਲਾਇਬਰੇਰੀਆਂ ਦੀਆਂ ਅਲਮਾਰੀਆਂ ਭਰ ਦੇਣਾ ਸਿਆਣਪ ਵਾਲਾ ਕੰਮ ਨਹੀਂ ਹੈ। ਜਿਹੜੀਆਂ ਪੁਸਤਕਾਂ ਦੇ ਤੱਤਸਾਰ ਨੂੰ ਸਮਝਣ ਲਈ ਪਾਠਕਾਂ ਨੂੰ ਆਪਣੀ ਬੁੱਧੀ ਪ੍ਰੀਖਿਆ ਦੇਣੀ ਪਵੇ ਭਲਾ ਉਹਨਾਂ ਪੁਸਤਕਾਂ ਨੂੰ ਪੜ੍ਹਨ ਦੀ ਉਹਨਾਂ ਨੂੰ ਗਰਜ਼ ਵੀ ਕੀ ਹੈ? ਕਈ ਵਾਰੀ ਪੇਂਡੂ ਲਾਇਬਰੇਰੀ ਵਿਚ ਅਜਿਹਾ ਲਾਇਬਰੇਰੀਅਨ ਰੱਖ ਲਿਆ ਜਾਂਦਾ ਹੈ ਜਿਸ ਦਾ ਸਾਹਿਤ ਨਾਲ ਕੋਈ ਲਗਾ ਹੀ ਨਹੀਂ ਹੁੰਦਾ ਇਸ ਲਈ ਇਹ ਉਹ ਅਕਸਰ ਨਵੇਂ ਪਾਠਕਾਂ ਦੇ ਬੌਧਿਕ ਪੱਧਰ ਅਤੇ ਉਨ੍ਹਾਂ ਦੀਆਂ ਸਾਹਿਤਕ ਰੁਚੀਆ ਤੋਂ ਉਲਟ ਜਾਂਦੀਆਂ ਕਿਤਾਬਾਂ ਆਰੀ ਕਰਕੇ ਉਹਨਾਂ ਨੂੰ ਸਾਹਿਤ ਨਾਲੋਂ ਤੋੜਨ ਦੀ ਭੂਮਿਕਾ ਅਚੇਤ ਰੂਪ ਹੀ ਨਿਭਾ ਜਾਂਦਾ ਹੈ। ਜੇ ਅਸੀਂ ਸਾਹਿਤ ਦੇ ਨਵੇਂ ਪਾਠਕ ਪੈਦਾ ਕਰਨੇ ਹਨ ਤਾਂ ਪਾਠਕਾਂ ਦੇ ਮਨੋ ਵਿਗਿਆਨ ਨੂੰ ਸਮਝਣ ਲਈ ਵੀ ਸਾਨੂੰ ਉਚੇਚੇ ਯਤਨ ਕਰਨੇ ਹੀ ਪੈਣਗੇ।

ਕਈ ਪਿੰਡਾਂ ਵਿਚ ਲਾਇਬਰੇਰੀਆਂ ਉੱਥੇ ਰਹਿਣ ਵਾਲੇ ਲੇਖਕਾਂ ਦੀ ਪਹਿਲਕਦਮੀ ’ਤੇ ਖੁੱਲ੍ਹੀਆਂ ਹਨ। ਇਹਨਾਂ ਲਾਇਬਰੇਰੀਆਂ ਦੇ ਸੰਚਾਲਕ ਇਹਨਾਂ ਵਿਚ ਪੁਸਤਕਾਂ ਦੀ ਗਿਣਤੀ ਵਧਾਉਣ ਦੇ ਮਕਸਦ ਨਾਲ ਅਕਸਰ ਲੇਖਕਾਂ ਪਾਠਕਾਂ ਨੂੰ ਵੀ ਕਿਤਾਬਾਂ ਦਾਨ ਕਰਨ ਦੀ ਅਪੀਲ ਕਰ ਦੇਂਦੇ ਹਨ। ਪੰਜਾਬੀ ਲੇਖਕ ਕਿਤਾਬਾਂ ਦਾਨ ਕਰਨ ਦੇ ਮਾਮਲੇ ਵਿਚ ਬਹੁਤ ਦਾਨਵੀਰ ਹਨ ਪਰ ਇਹ ਲੇਖਕ ਲਾਇਬਰੇਰੀਆਂ ਨੂੰ ਉਹੀ ਕਿਤਾਬਾਂ ਦਾਨ ਕਰਦੇ ਹਨ ਜੋ ਨਵੇਂ ਪਾਠਕਾਂ ਨੂੰ ਸਾਹਿਤ ਨਾਲ ਜੋੜਦੀਆਂ ਘੱਟ ਤੇ ਤੋੜਦੀਆਂ ਵਧੇਰੇ ਹਨ। ਵਧੇਰੇ ਲੇਖਕ ਲਾਇਬਰੇਰੀਆਂ ਨੂੰ ਕੇਵਲ ਉਹੀ ਪੁਸਤਕਾਂ ਦਾਨ ਕਰਦੇ ਹਨ ਜਿਹਨਾਂ ਨੂੰ ਉਹ ਬਿਲਕੁਲ ਫਾਲਤੂ ਸਮਝਦੇ ਹਨ। ਪਾਠਕੀ ਦਿਲਚਸਪੀ ਨੂੰ ਆਪਣੇ ਨਾਲ ਜੋੜਣ ਦੇ ਸਮਰੱਥ ਚੰਗੀਆਂ, ਦਿਲਚਸਪ, ਗਿਆਨ ਵਰਧਕ ਅਤੇ ਮਿਆਰੀ ਪੁਸਤਕਾਂ ਨੂੰ ਤਾਂ ਉਹ ਆਪਣੀ ਨਿੱਜੀ ਲਾਇਬਰੇਰੀ ਤੋਂ ਬਾਹਰਲੀ ਹਵਾ ਵੀ ਨਹੀਂ ਲਵਾਉਂਦੇ ਪਰਗਟ ਸਤੌਜ ਨੇ ਆਪਣੇ ਨਿੱਜੀ ਅਨੁਭਵ ਦਾ ਹਵਾਲਾ ਦੇ ਕੇ ਦੱਸਿਆ ਕਿ ਜਦੋਂ ਉਸ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਪਿੰਡ ਵਿਚ ਲਾਇਬਰੇਰੀ ਸਥਾਪਿਤ ਕਰਨ ਤੋਂ ਬਾਦ ਲੇਖਕਾਂ ਨੂੰ ਕਿਤਾਬਾਂ ਦਾਨ ਵਿਚ ਦੇਣ ਦੀ ਬੇਣਤੀ ਕੀਤੀ ਤਾਂ ਲੇਖਕ ਨੇ ਦਿਲ ਖੋਲ੍ਹ ਕੇ ਬੋਰਿਆਂ ਦੇ ਬੋਰੇ ਕਿਤਾਬਾਂ ਦਾਨ ਵਿਚ ਭੇਜ ਦਿੱਤੀਆਂ ਜਦੋਂ ਲਾਇਬਰੇਰੀ ਦੇ ਸੰਚਾਲਕਾਂ ਨੇ ਇਹ ਅਕਾਊ ਕਿਤਾਬਾਂ ਨਵੇਂ ਪਾਠਕਾਂ ਦੇ ਹੱਥਾਂ ਵਿਚ ਪਹੁੰਚਾਈਆਂ ਤਾਂ ਇਕ ਵਾਰ ਕਿਤਾਬ ਲੈ ਕੇ ਜਾਣ ਵਾਲੇ ਪਾਠਕ ਨੇ ਦੂਸਰੀ ਵਾਰ ਲਾਇਬਰੇਰੀ ਵੱਲ ਦਾ ਮੂੰਹ ਵੀ ਨਾ ਕੀਤਾ

ਪਰਗਟ ਦੀ ਗੱਲ ਵਿਚ ਮੈਨੂੰ ਬਹੁਤ ਦਮ ਲੱਗਿਆ ਮੈਂ ਆਪਣੇ ਅੰਦਰ ਝਾਤ ਮਾਰੀ ਮੈਂ ਵੀ ਕਈ ਵਾਰ ਲਾਇਬਰੇਰੀਆਂ ਨੂੰ ਕਿਤਾਬਾਂ ਦਾਨ ਵਿਚ ਦਿੱਤੀਆਂ ਹਨ। ਆਪਣੇ ਹਿੱਸੇ ਦਾ ਅਦਬੀ ਸੱਚ ਬੋਲਦਿਆਂ ਮੈਂ ਇਸ ਸੱਚ ਤੋਂ ਮੁਨਕਰ ਨਹੀਂ ਹੋਵਾਂਗਾ ਕਿ ਕਿ ਮੈਂ ਵੀ ਲਾਇਬਰੇਰੀਆਂ ਨੂੰ ਛਾਂਟ ਕੇ ਉਹੀ ਕਿਤਾਬਾਂ ਦਿੱਤੀਆਂ ਸਨ ਜਿਹਨਾਂ ਬਾਰੇ ਮੇਰਾ ਵਿਚਾਰ ਸੀ ਕਿ ਇਹਨਾਂ ਨੇ ਮੇਰੀ ਨਿੱਜੀ ਲਾਇਬਰੇਰੀ ਵਿਚ ਵਾਧੂ ਦੀ ਥਾਂ ਰੋਕੀ ਹੋਈ ਹੈ। ਹਾਂ, ਜਿਹੜੀ ਚੰਗੀ ਕਿਤਾਬ ਦੀਆਂ ਮੇਰੇ ਕੋਲ ਦੋ ਕਾਪੀਆਂ ਸਨਉਹਨਾਂ ਵਿੱਚੋ ਇੱਕ ਇੱਕ ਕਾਪੀ ਮੈਂ ਦਾਨ ਵਾਲੀਆਂ ਕਿਤਾਬਾਂ ਵਿਚ ਪਾਉਣ ਦੀ ਦਰਿਆਦਿਲੀ ਮੈਂ ਜ਼ਰੂਰ ਵਿਖਾਈ ਸੀ ਜੇ ਮੈਂ ਪਾਠਕੀ ਦਿਲਚਸਪੀ ਤੋਂ ਰਹਿਤ ਕਿਤਾਬਾਂ ਲਾਇਬਰੇਰੀਆਂ ਨੂੰ ਦਾਨ ਕਰਦਾ ਹਾਂ ਤਾਂ ਦੂਜੇ ਵੀ ਮੇਰੇ ਵਾਂਗ ਹੀ ਕਰਦੇ ਹੋਣਗੇ

*****

(428)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਨਿਰੰਜਨ ਬੋਹਾ

ਨਿਰੰਜਨ ਬੋਹਾ

Phone: (91 - 89682 - 82700)
Email: (niranjanboha@yahoo.com)

More articles from this author