“ਸ਼ਹਿਰ ਦੇ ਲੋਕਾਂ ਨੇ ਇੰਨਾ ਸਾਦਗੀ ਪਸੰਦ, ਸੱਚਾ ਤੇ ਇਮਾਨਦਾਰ ਐੱਮ. ਐੱਲ. ਏ. ...”
(8 ਦਸੰਬਰ 2019)
ਅੱਜ ਸਾਥੀ ਬੂਟਾ ਸਿੰਘ ਨੂੰ ਅੰਤਿਮ ਅਰਦਾਸ ਸਮੇਂ ਯਾਦ ਕਰਦਿਆਂ ...
ਸਮਾਜ ਦੀ ਇਤਿਹਾਸਕ ਵਿਕਾਸ ਪ੍ਰੀਕਿਰਿਆ ਉਨ੍ਹਾਂ ਲੋਕਾਂ ਦੇ ਨਾਵਾਂ ਨੂੰ ਹੀ ਉੱਘੜਵੀਂ ਪਹਿਚਾਣ ਦਿੰਦੀ ਹੈ, ਜਿਨ੍ਹਾਂ ਸਮਾਜ ਤੋਂ ਲਿਆ ਘੱਟ ਤੇ ਮੋੜਿਆ ਵਧੇਰੇ ਹੁੰਦਾ ਹੈ। ਲੋਕ-ਘੋਲਾਂ ਦੇ ਸਿਰੜੀ ਘੁਲਾਟੀਏ, ਸਾਬਕਾ ਵਿਧਾਇਕ, ਖੱਬੇ ਪੱਖੀ ਰਾਜਨੀਤੀ ਵਾਨ ਤੇ ਲੋਕ ਨਾਟ ਮੰਚ ਦੇ ਮੁੱਢਲੇ ਉਸਰੱਈਏ ਕਾਮਰੇਡ ਬੂਟਾ ਸਿੰਘ ਕੋਲ ਭਾਵੇਂ ਅਜੋਕੇ ਸਫੈਦਪੋਸ਼ ਰਾਜਨੀਤੀਵਾਨਾਂ ਵਰਗੀਆਂ ਪਦਾਰਥਕ ਸੁਖ ਸਹੂਲਤਾਂ ਦੀ ਸਾਰੀ ਉਮਰ ਘਾਟ ਰਹੀ ਹਨ ਪਰ ਲੋਕ ਸਤਿਕਾਰ ਹਾਸਿਲ ਕਰਨ ਦੇ ਮਾਮਲੇ ਵਿੱਚ ਉਹ ਉਨ੍ਹਾਂ ਤੋਂ ਬਹੁਤ ਅਮੀਰ ਰਿਹਾ। ਉਹ ਸਾਰੀ ਉਮਰ ਭਾਰਤੀ ਕਮਿਊਨਿਸ਼ਟ ਪਾਰਟੀ ਨਾਲ ਜੁੜੀ ਆਪਣੀ ਵਿਚਾਰਧਾਰਾ ਤੋਂ ਥਿੜਕਿਆਂ ਨਹੀਂ ਤੇ ਉਸਦੀ ਇਸ ਵਿਚਾਰਧਾਰਕ ਪ੍ਰਤੀਬੱਧਤਾ ਦਾ ਸਤਿਕਾਰ ਗੈਰ ਕਮਿਊਨਿਸਟ ਵਿਚਾਰਧਾਰਾ ਦੇ ਲੋਕ ਵੀ ਕਰਦੇ ਸਨ। ਜਦੋਂ ਮਾਨਸਾ ਸ਼ਹਿਰ ਵਿੱਚ ਇਹ ਸੋਗੀ ਖਬਰ ਬੜੀ ਤੇਜ਼ੀ ਨਾਲ ਫੈਲੀ ਕਿ ਹਰਮਨ ਪਿਆਰਾ ਸਾਬਕਾ ਵਿਧਾਇਕ ਬੂਟਾ ਸਿੰਘ ਤੁਰ ਗਿਆ ਹੈ ਤਾਂ ਸਾਰਾ ਸ਼ਹਿਰ ਹੀ ਸ਼ੋਕ ਵਿੱਚ ਡੁੱਬ ਗਿਆ। ਸ਼ਹਿਰ ਦੇ ਲੋਕਾਂ ਨੇ ਇੰਨਾ ਸਾਦਗੀ ਪਸੰਦ, ਸੱਚਾ ਤੇ ਇਮਾਨਦਾਰ ਐੱਮ. ਐੱਲ. ਏ. ਆਪਣੀ ਤਮਾਮ ਜ਼ਿੰਦਗੀ ਵਿੱਚ ਨਹੀਂ ਸੀ ਵੇਖਿਆ। ਕਮਿਊਨਿਸਟ ਸੋਚ ਭਾਵੇਂ ਕਿੰਨੇ ਹੀ ਧੜਿਆਂ ਵਿੱਚ ਵੰਡੀ ਗਈ ਹੋਵੇ ਪਰ ਇਸ ਸੋਚ ਨਾਲ ਜੁੜਿਆ ਹਰ ਕਾਮਰੇਡ ਧੜੇਬੰਦੀ ਤੋਂ ਉੱਪਰ ਉੱਠ ਕਿ ਉਨ੍ਹਾਂ ਨੂੰ ਸਤਿਕਾਰ ਦਿੰਦਾ ਸੀ।
ਮੈਂ ਕਈ ਸਾਲ ਭਾਰਤੀ ਕਮਿਊਨਿਸਟ ਪਾਰਟੀ ਦਾ ਕਾਰਡ ਹੋਲਡਰ ਮੈਂਬਰ ਰਿਹਾ ਹਾਂ। ਇਸ ਕਰਕੇ ਕਾਮਰੇਡ ਬੂਟਾ ਸਿੰਘ ਨਾਲ ਮੇਰੀ ਸਰਸਰੀ ਮੁਲਾਕਾਤ ਪਹਿਲਾਂ ਵੀ ਹੁੰਦੀ ਰਹੀ ਸੀ। ਪਰ ਨਵਾਂ ਜ਼ਮਾਨਾਂ ਵਿੱਚ ਛਪੀ ਮੇਰੀ ਮੁਲਾਕਾਤ ਪੜ੍ਹਨ ਤੋਂ ਬਾਦ ਉਨ੍ਹਾਂ ਦੇ ਆਏ ਫੋਨ ਨੇ ਸਾਡੀਆਂ ਸਰਸਰੀ ਮੁਲਾਕਾਤਾਂ ਨੂੰ ਨੇੜਤਾ ਵਿੱਚ ਬਦਲ ਦਿੱਤਾ। ਮਾਨਸਾ ਚੱਕਰ ਲੱਗਣ ਉੱਤੇ ਮੈਂ ਸੀ. ਪੀ. ਆਈ. ਦੇ ਜ਼ਿਲ੍ਹਾ ਦਫਤਰ ਉਨ੍ਹਾਂ ਦੇ ਦਰਸ਼ਨ ਕਰ ਆਉਂਦਾ ਸਾਂ ਤੇ ਸਮਕਾਲੀ ਰਾਜਨੀਤੀ ਬਾਰੇ ਉਨ੍ਹਾਂ ਦੇ ਵਿਚਾਰਾਂ ਦੀ ਰੋਸ਼ਨੀ ਵਿੱਚ ਆਪਣੇ ਗਿਆਨ ਵਿੱਚ ਵੀ ਕਾਫੀ ਵਾਧਾ ਕਰ ਲੈਂਦਾ ਸਾਂ। ਖੁਸ਼ੀ ਜਾਂ ਗਮੀ ਦੇ ਸਮਾਗਮਾਂ ’ਤੇ ਹਾਜ਼ਰੀ ਭਰਨ ਲਈ ਬੋਹਾ ਖੇਤਰ ਵਿੱਚ ਆਉਣ ਉੱਤੇ ਉਹ ਦੋ ਤਿੰਨ ਵਾਰ ਮੇਰੇ ਘਰ ਵੀ ਆਏ। ਸਤਪਾਲ ਭੀਖੀ ਵੱਲੋਂ ਉਹਨਾਂ ਦੇ ਜੀਵਨ ਪੰਧ ਬਾਰੇ ਲਿਖੀ ਕਿਤਾਬ ‘ਕਾਲੇ ਪਾਣੀਆਂ ਤੋਂ ਸੂਹੇ ਸਫਰ ਤੱਕ’ ਬਾਰੇ ਸੀ. ਪੀ. ਆਈ. ਦਫਤਰ ਦੇ ਤੇਜਾ ਸਿੰਘ ਸਤੁੰਤਰ ਹਾਲ ਵਿੱਚ ਗੋਸ਼ਟੀ ਰੱਖੀ ਗਈ ਤਾਂ ਇਸ ਪੁਸਤਕ ਉੱਤੇ ਪੇਪਰ ਪੜ੍ਹਨ ਦਾ ਸੁਭਾਗ ਵੀ ਮੈਂ ਪ੍ਰਾਪਤ ਕੀਤਾ। ਸਾਹਿਤਕ ਸਮਾਗਮਾਂ ਉੱਤੇ ਅਕਸਰ ਪੇਪਰ ਪੜ੍ਹਦਾ ਪਰ ਕਾਮਰੇਡਾਂ ਦੇ ਸਮਾਗਮ ’ਤੇ ਪੇਪਰ ਪੜ੍ਹਨ ਦਾ ਇਹ ਮੇਰਾ ਪਹਿਲਾ ਮੌਕਾ ਸੀ। ਸਮਾਗਮ ਦੀ ਸਮਾਪਤੀ ਤੇ ਉਨ੍ਹਾਂ ਮੈਂਨੂੰ ਨਿੱਘੀ ਜੱਫੀ ਪਾ ਕੇ ਜਿਹੜਾ ਪਿਆਰ ਦਿੱਤਾ, ਉਹ ਮੇਰੇ ਲਈ ਅੱਜ ਵੀ ਮੇਰੀਆਂ ਯਾਦਾਂ ਨੇ ਸੰਭਾਲਿਆ ਹੋਇਆ ਹੈ।
ਕਾ. ਬੂਟਾ ਸਿੰਘ ਨੇ ਪੜ੍ਹਨ, ਲਿਖਣ ਤੇ ਖੇਡਣ ਕੁੱਦਣ ਦੀ ਉਮਰੇ ਹੀ ਜੀਵਨ ਸੰਘਰਸ਼ ਦੀਆਂ ਕਠਨਾਈਆਂ ਨੂੰ ਨੇੜਿਉਂ ਜਾਣ ਲਿਆ ਸੀ। ਇੱਕ ਕਤਲ ਕੇਸ ਵਿੱਚ ਫਸੇ ਉਸਦੇ ਪਿਤਾ ਨੂੰ ਕਾਲੇ ਪਾਣੀਆਂ ਦੀ ਸਜ਼ਾ ਮਿਲੀ ਤਾਂ ਇਹ ਸਜ਼ਾ ਸਾਰੇ ਪਰਿਵਾਰ ਨੂੰ ਹੀ ਬਰਾਬਰ ਰੂਪ ਵਿੱਚ ਭੁਗਤਣੀ ਪਈ। ਦੂਸਰੀ ਸੰਸਾਰ ਜੰਗ ਵੇਲੇ ਬਰਤਾਨੀਆਂ ਅਤੇ ਜਪਾਨੀ ਫਾਸ਼ਿਸਟਾਂ ਦੇ ਆਪਸੀ ਟਕਰਾਉ ਕਾਰਨ ਮਾਂ ਬਾਪ ਤੇ ਤਿੰਨ ਭਰਾ ਗੁਆ ਕੇ ਵਾਪਸ ਪਰਤੇ ਬਾਲ ਬੂਟਾ ਸਿੰਘ ਕੋਲ ਦੀਵਾਨ ਸਿੰਘ ਕਾਲੇ ਪਾਣੀ ਨਾਲ ਜੁੜੀਆਂ ਉਨ੍ਹਾਂ ਯਾਦਾਂ ਤੋਂ ਇਲਾਵਾ ਕੁਝ ਵੀ ਨਹੀਂ ਸੀ, ਜਿਨ੍ਹਾਂ ਉਸਦੇ ਜੀਵਨ ਨੂੰ ਫਿਰ ਤੋਂ ਸਕਾਰਾਤਮਕ ਦਿਸ਼ਾ ਦਿੱਤੀ। ਡਾ. ਦੀਵਾਨ ਸਿੰਘ ਤੋਂ ਪ੍ਰਾਪਤ ਕੀਤੀ ਗੁਰਬਾਣੀ ਦੇ ਪਾਠ ਕਰਨ ਦੀ ਮੁਹਾਰਤ ਸੰਤਾਲੀ ਦੇ ਉਜਾੜੇ ਤੋਂ ਬਾਦ ਉਸਨੂੰ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਗਰੰਥੀ ਵਜੋਂ ਬਾ-ਰੁਜ਼ਗਾਰ ਬਣਾਉਣ ਵਿੱਚ ਸਹਾਈ ਬਣੀ। ਫਿਰ ਇਸ ਗੁਰਦੁਆਰਾ ਸਾਹਿਬ ਦੇ ਜ਼ਰੀਏ ਹੀ ਉਸ ਦਾ ਰਾਬਤਾ ਗੁਪਤਵਾਸ ਦਾ ਜੀਵਨ ਬਸਰ ਕਰ ਰਹੇ ਕਾ. ਗੁਰਚਰਨ ਸਿੰਘ ਰੰਧਾਵਾ ਵਰਗੇ ਚੋਟੀ ਦੇ ਕਮਿਊਨਿਸਟ ਆਗੂਆਂ ਨਾਲ ਜੁੜਿਆਂ ਤੇ ਉਨ੍ਹਾਂ ਵੱਲੋਂ ਇਤਿਹਾਸਕ ਪਦਾਰਥਵਾਦ ਅਤੇ ਜਮਾਤੀ ਸੰਘਰਸ਼ ਬਾਰੇ ਕੀਤੀ ਜਾਂਦੀ ਸਕੂਲਿੰਗ ਤੋਂ ਪ੍ਰੇਰਣਾ ਲੈ ਕੇ ਉਹ ਭਾਰਤੀ ਕਮਿਊਨਿਸਟ ਪਾਰਟੀ ਨਾਲ ਜੁੜ ਗਿਆ ਤੇ ਆਪਣੇ ਅੰਤਮ ਸਾਹਾਂ ਤੱਕ ਇਸ ਪਾਰਟੀ ਨਾਲ ਜੁੜਿਆ ਰਿਹਾ। ਅੰਤਰ ਵਿਰੋਧੀ ਵਿਚਾਰਧਾਰਕ ਲੜਾਈਆਂ ਵਿੱਚ ਉਲਝੀ ਕਮਿਊਨਿਸਟ ਲਹਿਰ ਕਈ ਹਿੱਸਿਆਂ ਵਿੱਚ ਵੰਡੀ ਗਈ ਪਰ ਉਸ ਦੀ ਵਿਚਾਰਧਾਰਕ ਪ੍ਰਤੀਬੱਧਤਾ ਆਪਣੀ ਮੂਲ ਪਾਰਟੀ ਨਾਲ ਹੀ ਰਹੀ।
ਅਨਪੜ੍ਹ ਕਿਸਾਨ ਮੋਹਨ ਸਿੰਘ ਦੇ ਪੁੱਤਰ ਬਲਿਹਾਰ ਉਰਫ ਬੂਟਾ ਸਿੰਘ ਦੇ ਰਾਹਾਂ ਵਿੱਚ ਭਾਵੇਂ ਤੱਤਕਲੀਨ ਸਮਾਜਿਕ ਆਰਥਿਕ ਤੇ ਰਾਜਨੀਤਕ ਵਿਵਸਥਾ ਨੇ ਕਿੰਨੇ ਹੀ ਕੰਡੇ ਵਿਛਾਏ ਹੋਏ ਸਨ ਪਰ ਉਹ ਨਿੱਜੀ ਸੁਖ ਅਰਾਮ ਨੂੰ ਤਿਆਗ ਕੇ ਇਸ ਵਿਵਸਥਾ ਨੂੰ ਲੋਕ ਪੱਖੀ ਦਿਸ਼ਾ ਦੇਣ ਲਈ ਸਾਰੀ ਉਮਰ ਦ੍ਰਿੜ੍ਹ ਇਰਾਦੇ ਨਾਲ ਜੂਝਦਾ ਰਿਹਾ। ਵਿਧਾਨ ਸਭਾ ਖੇਤਰ ਮਾਨਸਾ ਤੋਂ ਇੱਕ ਵਿਧਾਇਕ ਵਜੋਂ ਆਪਣੀ ਜਿੱਤ ਨੂੰ ਉਸ ਕਦੇ ਆਪਣੀ ਨਿੱਜੀ ਜਿੱਤ ਨਹੀਂ ਸੀ ਸਮਝਿਆ ਸਗੋਂ ਇਸ ਨੂੰ ਲੋਕਾਂ ਦੀ ਜਿੱਤ ਹੀ ਆਖਦਾ ਰਿਹਾ। ਸੰਨ 1986 ਦੀ ਉਸ ਦੀ ਮਾਸਕੋ ਫੇਰੀ ਦੌਰਾਨ ਉਸ ਨੂੰ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਮਾਨਸਾ ਤੋਂ ਚੋਣ ਲੜਨ ਦਾ ਆਦੇਸ਼ ਦਿੱਤਾ ਤਾਂ ਉਹ ਆਪਣਾ ਦੌਰਾ ਵਿਚਾਲੇ ਛੱਡ ਕੇ ਮਾਨਸਾ ਪਰਤ ਆਇਆ। ਇਸ ਤੋਂ ਵੱਡੀ ਲੋਕ ਜਿੱਤ ਹੋਰ ਹੋ ਵੀ ਕੀ ਸਕਦੀ ਹੈ ਕਿ ਇੱਕ ਸਾਈਕਲ ਸਵਾਰ ਕਾਮਰੇਡ ਨੇ 126 ਕਾਰਾਂ ਦੇ ਕਾਫਲੇ ਵਾਲੇ ਘਾਗ ਸਿਆਸਤਦਾਨ ਤੇ ਮੁੱਖ ਮੰਤਰੀ ਦੀ ਕੁਰਸੀ ਦੇ ਦਾਅਵੇਦਾਰ ਤਰਲੋਚਨ ਸਿੰਘ ਰਿਆਸਤੀ ਨੂੰ 8000 ਵੋਟਾਂ ਦੇ ਵੱਡੇ ਫਰਕ ਨਾਲ ਹਾਰ ਦੇ ਦਿੱਤੀ। ਭਾਵੇਂ 1992 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸੱਤਾਧਾਰੀ ਧਿਰ ਨੇ 64 ਵੋਟਾਂ ਨਾਲ ਜਿੱਤੇ ਹੋਏ ਕਾਮਰੇਡ ਨੂੰ ਧੱਕੇ ਨਾਲ ਹਰਿਆ ਕਰਾਰ ਦੇ ਦਿੱਤਾ ਪਰ ਉਹ ਲੋਕ ਸ਼ਕਤੀ ਵਿੱਚ ਉਸਦੇ ਵਿਸ਼ਵਾਸ ਨੂੰ ਹਰਾ ਨਾ ਸਕੀ। ਉਸਦੇ ਅੰਤਿਮ ਸਸਕਾਰ ਵੇਲੇ ਇਲਾਕੇ ਭਰ ਦੇ ਲੋਕਾਂ ਦਾ ਵਿਸ਼ਾਲ ਇਕੱਠ ਉਸਦੀ ਹਰਮਨ ਪਿਆਰਤਾ ਦਾ ਮੂੰਹ ਬੋਲਦਾ ਸਬੂਤ ਸੀ। ਕਾਸ਼! ਸਾਡੇ ਅੱਜ ਦੇ ਵਿਧਾਇਕ ਕਾਮਰੇਡ ਬੂਟਾ ਸਿੰਘ ਦੇ ਜੀਵਨ ਤੋਂ ਰੱਤੀ ਭਰ ਹੀ ਸਿੱਖਿਆ ਲੈ ਸਕਣ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1836)
(ਸਰੋਕਾਰ ਨਾਲ ਸੰਪਰਕ ਲਈ: