NiranjanBoha7ਉਸ ਜਾਂਦੀ ਵਾਰ ਵੀ ਸਰਕਾਰ ਦਾ ਅਹਿਸਾਨ ਨਹੀਂ ਲਿਆ ਤੇ ਇਹ ਐਲਾਨ ...MohinderSathi2
(17 ਮਈ 2021)

MohinderSathi2ਆਖਰ ਉਹੀ ਹੋਇਆ ਜਿਸਦਾ ਡਰ ਮੇਰੇ ਮਨ ਵਿੱਚ ਪਿਛਲੇ ਡੇਢ ਕੁ ਮਹੀਨੇ ਤੋਂ ਬੈਠਿਆ ਹੋਇਆ ਸੀਐਤਵਾਰ ਵਾਲੇ ਦਿਨ ਸਵੇਰੇ ਹੀ ਜਦੋਂ ਵਟਸਐਪ ਤੇ ਸੰਦੀਪ ਦਾਖਾ ਦਾ ਮੈਸਿਜ਼ ਵੇਖਿਆ ਤਾਂ ਮਨ ਦਹਿਲ ਜਿਹਾ ਗਿਆਲੋਕ ਸ਼ਾਇਰ ਮਹਿੰਦਰ ਸਾਥੀ ਦੇ ਬਿਮਾਰ ਹੋਣ ’ਤੇ ਸੰਦੀਪ ਵੱਲੋਂ ਉਸ ਨੂੰ ਆਪਣੇ ਕੋਲ ਲੈ ਜਾਣ ਦੀਆਂ ਗੱਲਾਂ ਰਾਤੀਂ ਪਰਿਵਾਰ ਵਿੱਚ ਹੋਈਆਂ ਸਨ ਕਿ ਸਵੇਰੇ ਹੀ ਉਸਦੇ ਇਸ ਰੰਗਲੀ ਦੁਨੀਆ ਤੋਂ ਤੁਰ ਜਾਣ ਦਾ ਸੁਨੇਹਾ ਆ ਗਿਆ‘ਮਸ਼ਾਲਾਂ ਬਾਲ ਕੇ ਚੱਲਣਾ, ਜਦੋਂ ਤਕ ਰਾਤ ਬਾਕੀ ਹੈ’ ਵਰਗੇ ਇਨਕਲਾਬੀ ਰਾਸ਼ਟਰੀ ਗਾਣ ਲਿਖਣ ਵਾਲੇ ਇਸ ਅਣਖੀਲੇ ਲੇਖਕ ਨਾਲ ਡੇਢ ਮਹਿਨਾ ਪਹਿਲਾ ਹੋਈ ਮੁਲਾਕਾਤ ਸਮੇਂ ਹੀ ਇਸ ਗੱਲ ਦਾ ਅਭਾਸ ਤਾਂ ਹੋ ਗਿਆ ਕਿ ਉਹ ਸਾਡੇ ਕੋਲੋਂ ਵਿਦਾ ਹੋਣ ਲਈ ਮਾਨਸਿਕ ਰੂਪ ਵਿੱਚ ਤਿਆਰੀ ਕਰ ਰਿਹਾ ਹੈ, ਪਰ ਇਹ ਨਹੀਂ ਸੀ ਸੋਚਿਆ ਕਿ ਉਹ ਐਨੀ ਛੇਤੀ ਤੁਰ ਜਾਵੇਗਾਭਾਵੇਂ ਮਹਿੰਦਰ ਸਾਥੀ ਆਪਣੇ ਅੰਤਿਮ ਸਵਾਸਾਂ ਤਕ ਮਾਰਕਸਵਾਦੀ ਫਲਸਫੇ ਨਾਲ ਆਪਣੀ ਪ੍ਰਤੀਬੱਧਤਾ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦਾ ਤੁਰਿਆ ਹੈ ਪਰ ਮੇਰੀ ਮੋਗਾ ਫੇਰੀ ਸਮੇਂ ਮੈਂਨੂੰ ਉਸਦੀ ਅਵਾਜ਼ ਵਿੱਚੋਂ ਪਹਿਲਾਂ ਵਾਲੀ ਗੜ੍ਹਕ ਨਹੀਂ ਸੀ ਸੁਣਾਈ ਦਿੱਤੀ

“ਬੋਹੇ ਯਾਰ, ਹੁਣ ਤਾਂ ਮੈਂਨੂੰ ਇਕੱਲਤਾ ਨੇ ਹੀ ਖਾ ਜਾਣਾ ਹੈ ਉਚਾਟ ਜਿਹਾ ਰਹਿਣ ਲੱਗ ਪਿਆ ਹੈ ਮਨ ...” ਸਾਥੀ ਦੇ ਇਹਨਾਂ ਬੋਲਾਂ ਨੂੰ ਮੈਂ ਉਸਦੇ ਸਾਹਮਣੇ ਤਾਂ ਮੈਂ ਹੱਸ ਕੇ ਟਾਲ ਦਿੱਤਾ, ਪਰ ਅੰਦਰੋਂ ਮੈਂ ਪੂਰੀ ਤਰ੍ਹਾਂ ਝੰਜੋੜਿਆ ਗਿਆ ਸੱਚਮੁੱਚ ਉਹ ਜ਼ਿੰਦਗੀ ਦੇ ਆਖਰੀ ਸਾਲਾਂ ਵਿੱਚ ਇਕੱਲਾ ਪੈ ਗਿਆ ਸੀਪਤਨੀ ਗੰਭੀਰ ਬਿਮਾਰੀ ਦੀ ਹਾਲਤ ਵਿੱਚ ਬੇਟੀ ਕੋਲ ਇਲਾਜ ਕਰਵਾ ਰਹੀ ਸੀ ਤੇ ਇਸ ਵੇਲੇ ਉਹ 86 ਸਾਲ ਦੀ ਉਮਰ ਵਿੱਚ ਆਪਣੇ ਘਰ ਵਿੱਚ ਆਪਣੇ ਨਾਲ ਹੀ ਗੱਲਾਂ ਕਰਕੇ ਵਕਤ ਗੁਜ਼ਾਰ ਰਿਹਾ ਸੀਰਾਤ ਬਰਾਤੇ ਕੋਈ ਦੁੱਖ ਤਕਲੀਫ ਹੋ ਜਾਵੇ ਤਾਂ ਕੀ ਕਰੇਗਾ ਬੰਦਾ? ਭਾਵੇਂ ਨਵੇਂ ਗ਼ਜ਼ਲਕਾਰ ਆਪਣੇ ਸ਼ੇਅਰਾਂ ਵਿੱਚ ਸੋਧ ਸੁਧਾਈ ਲਈ ਉਸ ਕੋਲ ਆਉਂਦੇ ਜਾਂਦੇ ਰਹਿੰਦੇ ਤੇ ਉਸਦੀ ਸੇਵਾ ਸੰਭਾਲ ਕਰਕੇ ਉਸ ਨੂੰ ਕੁਝ ਸਮੇਂ ਲਈ ਉਸ ਨੂੰ ਇਕੱਲਤਾ ਦੇ ਇਹਸਾਸ ਤੋਂ ਮੁਕਤ ਕਰਾਉਣ ਦੀ ਕੋਸ਼ਿਸ਼ ਵੀ ਕਰਦੇ ਪਰ ਜਦੋਂ ਉਹ ਚਲੇ ਜਾਂਦੇ ਤਾਂ ਉਹ ਤੇ ਉਸਦੀ ਤਨਹਾਈ ਫਿਰ ਇੱਕ ਦੂਜੇ ਦੇ ਗਲ ਲੱਗ ਕੇ ਇੱਕ ਦੂਜੇ ਨੂੰ ਢਾਰਸ ਦੇਣ ਲੱਗਦੇ

ਬੱਸ ਗਿਣਤੀ ਦੇ ਲੇਖਕ ਹੀ ਨੇ ਜੋ ਮਹਿੰਦਰ ਸਾਥੀ ਵਾਂਗ ਸਾਰੀ ਉਮਰ ਵਿਚਾਰਧਾਰਕ ਪ੍ਰਤੀਬੱਧਤਾ ਨਿਭਾਉਣ ਵਿੱਚ ਸਫਲ ਹੁੰਦੇ ਹਨਤਿੰਨ ਕੁ ਸਾਲ ਪਹਿਲਾਂ ਉਸਦਾ ਫੋਨ ਆਇਆ ਤਾਂ ਉਸ ਹੱਸਦਿਆਂ ਦੱਸਿਆ ਸੀ, “ਇਸ ਤੋਂ ਵੱਧ ਆਪਣੇ ਖੱਬੇ ਪੱਖੀ ਹੋਣ ਦਾ ਕੀ ਸਬੂਤ ਹੋ ਸਕਦਾ ਹੈ ਕਿ ਮੇਰੇ ਸੱਜੇ ਕੰਨ ਨੇ ਸੁਣਨਾ ਹੀ ਬੰਦ ਕਰ ਦਿੱਤਾ ਹੈ ਤੇ ਹੁਣ ਕੇਵਲ ਮੇਰਾ ਖੱਬੇ ਕੰਨ ਨਾਲ ਹੀ ਸੁਣਦਾ ਹੈ ਡੇਢ ਮਹੀਨਾ ਪਹਿਲਾਂ ਜਦੋਂ ਮੈਂ ਉਸ ਨੂੰ ਮਿਲਣ ਗਿਆ ਤਾਂ ਉਸਦਾ ਖੱਬਾ ਕੰਨ ਵੀ ਜਵਾਬ ਦਿੰਦਾ ਲੱਗਦਾ ਸੀ ਤੇ ਉਸ ਨੂੰ ਗੱਲ ਸਮਝਾਉਣ ਲਈ ਮੈਂਨੂੰ ਉੱਚੀ ਤੇ ਹਰ ਸ਼ਬਦ ਨੂੰ ਟਿਕਾ ਕੇ ਬੋਲਣਾ ਪੈ ਰਿਹਾ ਸੀਉੱਚਾ ਸੁਣਨ ਦੇ ਰੋਗ ਨੇ ਵੀ ਉਸ ਨੂੰ ਇਕੱਲਿਆਂ ਪਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀਪਹਿਲਾਂ ਉਹ ਸਾਹਿਤਕ ਮੀਟਿੰਗਾਂ ਅਤੇ ਸਮਾਗਮਾਂ ਉੱਤੇ ਚੱਲਿਆ ਜਾਂਦਾ ਸੀ ਪਰ ਹੁਣ ਉਸਦੇ ਉੱਚਾ ਸੁਣਨ ਦੀ ਬਿਮਾਰੀ ਕਈ ਵਾਰ ਉਸ ਨੂੰ ਮਜ਼ਾਕ ਦਾ ਪਾਤਰ ਬਣਾ ਦਿੰਦੀ ਸੀ ਇਸ ਲਈ ਉਸਨੇ ਹੁਣ ਘਰ ਤੋਂ ਬਾਹਰ ਜਾਣਾ ਵੀ ਲਗਭਗ ਛੱਡ ਦਿੱਤਾ ਹੈ

ਹੁਣ ਮਹਿੰਦਰ ਸਾਥੀ ਕੋਲ ਆਪਣੀ ਇਕੱਲਤਾ ਦੂਰ ਕਰਨ ਲਈ ਕੇਵਲ ਕਿਤਾਬਾਂ ਦਾ ਸਾਥ ਰਹਿ ਗਿਆਉਸ ਨੂੰ ਪਤਾ ਸੀ ਕਿ ਉਸ ਤੋਂ ਬਾਦ ਉਸਦੀਆਂ ਕਿਤਾਬਾਂ ਦੀ ਕਿਸੇ ਨੇ ਸੰਭਾਲ ਨਹੀਂ ਕਰਨੀ ਇਸ ਲਈ ਉਸ ਕੁਝ ਚੋਣਵੀਆਂ ਕਿਤਾਬਾਂ ਆਪਣੇ ਪੜ੍ਹਨ ਲਈ ਰੱਖ ਕੇ ਬਾਕੀ ਦੋਸਤਾਂ ਨੂੰ ਵੰਡ ਦਿੱਤੀਆਂਜਿਹੜਾ ਵੀ ਲੇਖਕ ਸਾਥੀ ਨੂੰ ਮਿਲਣ ਜਾਂਦਾ, ਉਹ ਆਪਣੀ ਤੁਰ ਜਾਣ ਦੀ ਤਿਆਰੀ ਦੇ ਸੰਕੇਤ ਵਜੋਂ ਉਸ ਨੂੰ ਉਸਦੇ ਪਸੰਦ ਦੀਆਂ ਕਿਤਾਬਾਂ ਲੈ ਕੇ ਜਾਣ ਦੀ ਗੱਲ ਆਖਦਾਉਸਦੀ ਸਾਰੀ ਉਮਰ ਦੀ ਕਮਾਈ ਅਤੇ ਜਾਇਦਾਦ ਤਾਂ ਇਹੀ ਕਿਤਾਬਾਂ ਹੀ ਸਨ ਤੇ ਆਪਣੇ ਜਾਣ ਤੋਂ ਪਹਿਲਾਂ ਉਹ ਆਪਣੀ ਇਸ ਕਮਾਈ ਨੂੰ ਕਦਰਦਾਨ ਹੱਥਾਂ ਵਿੱਚ ਸੌਂਪਣਾ ਚਾਹੁੰਦਾ ਸੀ ਇਕੱਲਤਾ ਦਾ ਇਹਸਾਸ ਹੰਡਾਉਂਦੇ ਮਹਿੰਦਰ ਸਾਥੀ ਨੂੰ ਕਈ ਵਾਰ ਕਿਤਾਬਾਂ ਵੀ ਢਾਰਸ ਦੇਣ ਤੋਂ ਇਨਕਾਰੀ ਹੋ ਜਾਂਦੀਆਂਕੇਵਲ ਵਕਤ ਕਟੀ ਲਈ ਕਿਤਾਬਾਂ ਦਾ ਪਾਠ ਕਈ ਵਾਰ ਅਕਾਊ ਜਿਹਾ ਕਾਰਜ ਬਣ ਜਾਂਦਾ ਹੈ

ਸਾਥੀ ਨਾਲ ਹੋਈ ਆਖਰੀ ਮੁਲਾਕਾਤ ਵੇਲੇ ਦੇ ਇਹ ਬੋਲ ਮੈਂਨੂੰ ਕਦੇ ਨਹੀਂ ਭੁਲਣਗੇ, “ਕਿਤਾਬਾਂ ਦੇ ਪਾਠ ਵਿੱਚੋਂ ਵੀ ਉਸ ਵੇਲੇ ਵਧੇਰੇ ਰਸ ਆਉਂਦਾ ਹੈ ਜਦੋਂ ਬੰਦੇ ਨੂੰ ਆਪਣੇ ਭਵਿੱਖ ਦੇ ਹੋਰ ਚੰਗੇ ਹੋਣ ਦੀ ਆਸ ਹੋਵੇਕਿਤਾਬਾਂ ਵੀ ਕੋਈ ਕਿੰਨਾ ਕੁ ਚਿਰ ਪੜ੍ਹ ਸਕਦਾ ਹੈ ...।”

ਆਪਣੀ ਜਵਾਨੀ ਵੇਲੇ ਦੀ ਫੋਟੋ ਨੂੰ ਹੱਥ ਵਿੱਚ ਫੜ ਕੇ ਸਾਥੀ ਆਪਣੇ ਅਤੀਤ ਨਾਲ ਜੁੜਨ ਦੀ ਕੋਸ਼ਿਸ਼ ਕਰਦਾ, ਪਰ ਵਰਤਮਾਨ ਦਾ ਯਥਾਰਥ ਉਸ ਨੂੰ ਫਿਰ ਇਹਸਾਸ ਕਰਾਉਣ ਲੱਗਦਾ ਸੀ ਕਿ ਉਹ ਇਕੱਲਾ ਹੈ ਤੇ ਇਹ ਇਕੱਲਤਾ ਹੁਣ ਅੰਤਲੇ ਸਾਹਾਂ ਤਕ ਤੋੜ ਉਸ ਨੂੰ ਭੋਗਣੀ ਹੀ ਪਵੇਗੀ

ਮੋਗੇ ਤੋਂ ਵਾਪਸੀ ’ਤੇ ਮੈਂ ਆਪਣੀ ਫੇਸਬੁੱਕ ਉੱਤੇ ‘ਸਾਥੀ ਉਦਾਸ ਤੇ ਇਕੱਲਾ ਹੈ’ ਲਿਖ ਕੇ ਪੋਸਟ ਵੀ ਪਾਈ ਤੇ ਇਸ ਸਿਰਲੇਖ ਹੇਠ ਇੱਕ ਪੰਜਾਬੀ ਅਖਬਾਰ ਵਿੱਚ ਲੇਖ ਵੀ ਛਪਵਾਇਆਲੇਖ ਪੜ੍ਹ ਕੇ ਸੰਦੀਪ ਦਾਖੇ ਦਾ ਫੋਨ ਆਇਆ ਕਿ ਮੈਂ ਸਾਥੀ ਹੁਰਾਂ ਦੀ ਆਪਣੇ ਬਾਪ ਤੋਂ ਵੀ ਵੱਧ ਕਦਰ ਕਰਦਾ ਹਾਂਮੈਂ ਉਨ੍ਹਾਂ ਨੂੰ ਕਈ ਵਾਰ ਮੇਰੇ ਕੋਲ ਕੀਰਤਪੁਰ ਆ ਕੇ ਰਹਿਣ ਦੀ ਬੇਨਤੀ ਕਰ ਚੁੱਕਾ ਹਾਂ ਪਰ ਉਹ ਟਾਲ-ਮਟੋਲ ਕਰ ਦਿੰਦੇ ਹਨ ਤੁਸੀਂ ਉਨ੍ਹਾਂ ਨੂੰ ਮਨਾ ਕੇ ਵੇਖੋ, ਮੈਂ ਉਨ੍ਹਾਂ ਨੂੰ ਲੈਣ ਲਈ ਕਾਰ ਭੇਜ ਦਿੰਦਾ ਹਾਂ

ਮੈਂ ਸਾਥੀ ਨਾਲ ਗੱਲ ਕੀਤੀ ਤੇ ਉਹ ਮੰਨ ਵੀ ਗਿਆਕਹਾਣੀਕਾਰ ਅਤਰਜੀਤ ਨੇ ਵੀ ਮੈਂਨੂੰ ਕਿਹਾ ਕਿ ਜੇ ਸਾਥੀ ਬਠਿੰਡੇ ਆ ਸਕਦੇ ਹਨ ਤਾਂ ਮੈਂ ਉਨ੍ਹਾਂ ਦੀ ਸੇਵਾ ਸੰਭਾਲ ਵਿੱਚ ਕੋਈ ਕਸਰ ਬਾਕੀ ਨਹੀਂ ਰੱਖਾਂਗਾਪਰ ਉਸਦਾ ਮਨ ਉਸ ਨਾਲ ਰੂਹ ਤੋਂ ਜੁੜੇ ਮੂੰਹ ਬੋਲੇ ਬੇਟੇ ਸੰਦੀਪ ਕੋਲ ਜਾਣ ਦਾ ਹੀ ਸੀਸੰਦੀਪ ਦੇ ਨਾਲ ਨਾਲ ਸ਼ਲਾਘਾ ਕਰਨੀ ਬਣਦੀ ਹੈ ਅਫਸਰ ਲੇਖਕ ਗੁਰਮੀਤ ਕੜਿਆਲਵੀ, ਅਮਰ ਸੂਫੀ, ਰਣਜੀਤ ਸਰਾਂਵਾਲੀ, ਧਾਮੀ ਗਿੱਲ, ਮੁਰੀਦ ਸੰਧੂ, ਗੁਰਪ੍ਰੀਤ ਸਿੰਘ ਤੇ ਮੋਗੇ ਦੇ ਹੋਰ ਲੇਖਕਾਂ ਦੀ, ਜਿਹੜੇ ਆਪਣੇ ਵਿਚਾਰਧਾਰਕ ਸਾਥੀ ਦੇ ਸਾਹਾਂ ਦੀ ਡੋਰ ਨੂੰ ਲੰਮਾ ਖਿੱਚਣ ਲਈ ਉਸਦੇ ਆਖਰੀ ਸਾਹ ਤਕ ਲੜਦੇ ਰਹੇਉਸਦੇ ਲੇਖਕ ਦੋਸਤਾਂ ਨੇ ਨਾ ਪੈਸੇ ਦੀ ਪ੍ਰਵਾਹ ਕੀਤੀ ਤੇ ਨਾ ਕਰੋਨਾ ਮਹਾਂਮਾਰੀ ਦੀ, ਸਗੋਂ ਜੀਅ ਜਾਨ ਨਾਲ ਉਸਦੀ ਸੰਭਾਲ ਵਿੱਚ ਜੁਟੇ ਰਹੇਸੰਦੀਪ ਦਾਖਾ ਨਾਲ ਖੂਨ ਦਾ ਰਿਸ਼ਤਾ ਨਾ ਹੋਣ ’ਤੇ ਵੀ ਉਸ ਇਸ ਵਿਚਾਰਧਾਰਕ ਰਿਸ਼ਤੇ ਨੂੰ ਉਸ ਸ਼ਿੱਦਤ ਨਾਲ ਨਿਭਾਇਆ, ਜਿਸ ਸ਼ਿੱਦਤ ਨਾਲ ਸ਼ਾਇਦ ਖੂਨ ਦੇ ਰਿਸ਼ਤੇ ਵਾਲਾ ਸੱਕਾ ਪੁੱਤਰ ਵੀ ਨਾ ਨਿਭਾਅ ਸਕੇ

ਸਾਥੀ ਨੇ ਆਪਣੀ ਜ਼ਿੰਦਗੀ ਵਿੱਚ ਮਾੜੇ ਤੋਂ ਮਾੜੇ ਸਮੇਂ ਵੇਖੇ ਸਨਕਿਸੇ ਸਮੇਂ ਉਸਦੀਆਂ ਫੌਲਾਦੀ ਬਾਹਾਂ ਨੇ ਕਾਰਖਾਨਿਆਂ ਵਿੱਚ ਕਰੜੀ ਮੁਸ਼ੱਕਤ ਕੀਤੀ ਸੀ ਤੇ ਕੁਅੰਟਲਾਂ ਦੇ ਕੁਅੰਟਲ ਲੋਹਾ ਆਪਣੇ ਫੌਲਾਦੀ ਹੱਥਾਂ ਨਾਲ ਕੁੱਟਿਆ ਸੀਉਹ ਲੋਕਾਂ ਲਈ ਜੇਲਾਂ ਵਿੱਚ ਵੀ ਗਿਆ, ਤੇ ਪੁਲਿਸ ਵੱਲੋਂ ਦਿੱਤੇ ਅਣ ਮਨੁੱਖੀ ਤਸੀਹੇ ਵੀ ਸਹਿਣ ਕੀਤੇਸਾਰੀ ਜ਼ਿੰਦਗੀ ਨਾ ਤਾਂ ਉਹ ਆਪਣੇ ਅਸੂਲਾਂ ਤੋਂ ਥਿੜਕਿਆ ਸੀ ਤੇ ਨਾ ਹੀ ਕਦੇ ਲਚਕਦਾਰ ਨੀਤੀ ਅਪਣਾਈ ਸੀਆਪਣੇ ਲੋਕ ਪੱਖੀ ਅਕੀਦਿਆਂ ਤੋਂ ਥਿੜਕਿਆ ਤਾਂ ਉਹ ਆਪਣੀ ਉਮਰ ਦੇ ਆਖਰੀ ਸਾਲਾਂ ਵਿੱਚ ਵੀ ਨਹੀਂ ਸੀ ਪਰ ਆਪਣੇ ਅੰਤਲੇ ਦਿਨਾਂ ਵਿੱਚ ਉਹ ਉਦਾਸ ਤੇ ਨਿਰਾਸ਼ ਜ਼ਰੂਰ ਸੀ ਕਿ ਸਾਰੀ ਉਮਰ ਦੀ ਲੋਕ ਘਾਲਣਾ ਦੇ ਬਦਲੇ ਉਸਦੀ ਆਖਰੀ ਉਮਰ ਦੇ ਹਿੱਸੇ ਇਕੱਲਤਾ ਤੇ ਉਦਾਸੀ ਹੀ ਆਈ ਹੈਉਸਦੇ ਕਮਰੇ ਦੀ ਕੰਧ ’ਤੇ ਟੰਗੇ ਸਨਮਾਨ ਪੱਤਰ ਉਸਦੇ ਆਖਰੀ ਦਿਨਾਂ ਵਿੱਚ ਉਸ ਨੂੰ ਹੌਸਲਾ ਸਨ ਨਹੀਂ ਦਿੰਦੇ ਸਗੋਂ ਇਹ ਸੋਚ ਕੇ ਉਹ ਹੋਰ ਵੀ ਉਦਾਸ ਹੋ ਜਾਂਦਾ ਸੀ ਕਿ ਮੇਰੇ ਤੁਰ ਜਾਣ ਤੋਂ ਬਾਦ ਇਹ ਕਾਗਜ਼ ਦੇ ਟੁਕੜੇ ਹੀ ਬਣ ਜਾਣਗੇ

ਸਾਥੀ ਨਾਲ ਮੇਰਾ ਵਾਹ ਵਾਸਤਾ ਘੱਟੋ ਘੱਟ ਚਾਰ ਦਹਾਕੇ ਪੁਰਾਣਾ ਹੈਮੇਰਾ ਵੱਡਾ ਭਰਾ ਮੋਗੇ ਰਹਿੰਦਾ ਹੈਅਜਿਹਾ ਕਦੇ ਵੀ ਨਹੀਂ ਹੋਇਆ ਕਿ ਮੈਂ ਮੋਗੇ ਆਪਣੇ ਭਰਾ ਨੂੰ ਮਿਲਣ ਗਿਆ ਹੋਵਾਂ ਤੇ ਸਾਥੀ ਨੂੰ ਨਾ ਮਿਲ ਕੇ ਆਇਆ ਹੋਵਾਂਮੈਂ ਜਦੋਂ ਵੀ ਉਸ ਨੂੰ ਮਿਲਣ ਗਿਆ ਹਾਂ, ਹਰ ਵਾਰ ਨਵੀਂ ਸਾਹਿਤਕ ਊਰਜਾ ਲੈ ਕੇ ਪਰਤਿਆਂ ਹਾਂਸਾਥੀ ਜਦੋਂ ਵੀ ਮਿਲਿਆ, ਚੜ੍ਹਦੀ ਕਲਾ ਵਿੱਚ ਮਿਲਿਆਹਰ ਵਾਰ ਮੈਂ ਉਸਦੇ ਮੂੰਹੋਂ ਲੋਕ ਸੰਘਰਸ਼ਾਂ ਦੀ ਮਸ਼ਾਲ ਬਲਦੀ ਰੱਖਣ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਸ਼ੇਅਰ ਸੁਣ ਕੇ ਆਉਂਦਾਚਾਰ ਕੁ ਸਾਲ ਸਾਲ ਪਹਿਲਾਂ ਉਸ ਆਪਣੀ ਨਵੀਂ ਕਿਤਾਬ ਮੈਂਨੂੰ ਦਿੰਦਿਆਂ ਸਖਤ ਤਾਗੀਦ ਕੀਤੀ ਕਿ ਇਸ ਬਾਰੇ ਜ਼ਰੂਰ ਲਿਖਾਂਮੈਥੋਂ ਘੌਲ ਹੋ ਗਈ ਤਾਂ ਉਸ ਅਗਲੀ ਵਾਰ ਮੈਂਨੂੰ ਮਿਲਣ ਗਏ ਨੂੰ ਗੋਡੇ ਜਿੱਡਾ ਉਲਾਂਭਾ ਦਿੱਤਾ ਸੀ, “ਤੂੰ ਹੁਣ ਬੁਰਜੂਆ ਜਮਾਤ ਵਿੱਚ ਪੈਰ ਧਰਨ ਲੱਗ ਪਿਆ ਹੈਂਇਸ ਲਈ ਮੇਰੀ ਲੋਕ ਪੱਖੀ ਸ਼ਾਇਰੀ, ਮੇਰੀ ਕਿਤਾਬ ਬਾਰੇ ਤੂੰ ਇੱਕ ਅੱਖਰ ਵੀ ਨਹੀਂ ਲਿਖਿਆ।”

ਮੋਗੇ ਦੀ ਨਵੀਂ ਫੇਰੀ ਸਮੇਂ ਮੈਂ ਉਸ ਨੂੰ ਮਿਲਣ ਗਿਆ ਤਾਂ ਪਹਿਲੀ ਵਾਰ ਹੋਇਆ ਕਿ ਉਸ ਮੇਰਾ ਮੋਢਾ ਫੜ ਕੇ ਮੈਂਨੂੰ ਇਹ ਨਹੀਂ ਕਿਹਾ ਕਿ ਬੋਹੇ ਯਾਰ ਮੇਰੀ ਨਵੀਂ ਗ਼ਜ਼ਲ ਸੁਣ ਕੇ ਜਾਈਂਅੱਗੇ ਉਹ ਮੇਰੇ ਵਾਪਸ ਜਾਣ ਵੇਲੇ ਮੈਂਨੂੰ ਗਲੀ ਦੇ ਮੋੜ ਤਕ ਛੱਡਣ ਜ਼ਰੂਰ ਆਉਂਦਾ ਪਰ ਇਸ ਵਾਰ ਉਸ ਇਹ ਉਚੇਚ ਵੀ ਨਹੀਂ ਸੀ ਕੀਤਾ ਇੱਕ ਸਿਰਜਕ ਮਨੁੱਖ ਨੂੰ ਉਦਾਸੀ ਤੇ ਇਕੱਲਤਾ ਵਿੱਚ ਘਿਰੇ ਵੇਖ ਕੇ ਮੈਂ ਵੀ ਉਦਾਸ ਹੋ ਕੇ ਹੀ ਘਰ ਪਰਤਿਆਵੀਹ ਕੁ ਸਾਲ ਪਹਿਲਾਂ ਮੈਂ ਸਾਥੀ ਦੇ ਜੁਝਾਰੂ ਜ਼ਜ਼ਬੇ ਤੋਂ ਪ੍ਰਭਾਵਿਤ ਜੋ ਕੇ ਇੱਕ ਕਹਾਣੀ ਲਿਖੀ ਸੀ ‘ਨਵੇਂ ਦਿਸਹੱਦੇ’ ਪਰ ਇਸ ਵਾਰ ਪਰਤਦਿਆਂ ਉਹ ਦਿਸਹੱਦੇ ਮੈਂਨੂੰ ਹਨੇਰੇ ਵਿੱਚ ਗੁੰਮਦੇ ਜਾਪ ਰਹੇ ਸਨ ਤੇ ਮੇਰੇ ਮਨ ਵਿੱਚ ਉਸਦੇ ਛੇਤੀ ਤੁਰ ਜਾਣ ਦਾ ਡਰ ਬੈਠ ਗਿਆ ਸੀ

ਪਿਛਲੇ ਦਿਨੀਂ ਭਾਸ਼ਾ ਵਿਭਾਗ ਨੇ ਥੋਕ ਵਿੱਚ ‘ਸ਼੍ਰੋਮਣੀ ਸਾਹਿਤਕਾਰਾਂ’ ਦਾ ਐਲਾਨ ਕੀਤਾ ਪਰ ਸਾਰੀ ਉਮਰ ਲੋਕਾਂ ਲਈ ਲਿਖਣ ਵਾਲੇ ਲੇਖਕ ਨੂੰ ਪਤਾ ਨਹੀਂ ਵਿਭਾਗ ਕਿਉਂ ਭੁੱਲ ਗਿਆ? ਲਗਦਾ ਹੈ ਉਸਦੀ ਲੋਕ ਪ੍ਰਤੀਬੱਧਤਾ ਹੀ ਉਸਦੇ ਆੜ੍ਹੇ ਆ ਗਈਭਾਵੇਂ ਉਸਦੀ ਮੌਤ ਤੋਂ ਕੁਝ ਘੰਟੇ ਪਹਿਲਾਂ ਪੰਜਾਬ ਸਰਕਾਰ ਨੇ ਉਸਦੇ ਇਲਾਜ ’ਤੇ ਆਉਣ ਵਾਲਾ ਸਾਰਾ ਖਰਚਾ ਦੇਣ ਦਾ ਐਲਾਨ ਕੀਤਾ ਸੀ ਪਰ ਜਿਸ ਅਣਖੀਲੇ ਲੋਕ ਸ਼ਾਇਰ ਨੇ ਸਾਰੀ ਉਮਰ ਸੱਤਾ ਦੀ ਅੱਖ ਵਿੱਚ ਅੱਖ ਵਿੱਚ ਕੇ ਗੱਲ ਕੀਤੀ ਸੀ, ਉਸ ਜਾਂਦੀ ਵਾਰ ਵੀ ਸਰਕਾਰ ਦਾ ਅਹਿਸਾਨ ਨਹੀਂ ਲਿਆ ਤੇ ਇਹ ਐਲਾਨ ਹੋਣ ਤੋਂ ਕੁਝ ਘੰਟੇ ਬਾਅਦ ਹੀ ਆਪਣੀ ਅਣਖੀਲੀ ਤੋਰ ਸਮੇਤ ਸੱਜੇ ਹੱਥ ਦਾ ਮੁੱਕਾ ਤਾਣੀ ਤੁਰ ਗਿਆਅਮੋਲਕ ਸਿੰਘ ਤੇ ਉਸਦੀ ਸੋਚ ਦੇ ਹੋਰ ਆਗੂਆਂ ਸਾਥੀਆਂ ਵਾਲੋਂ ਫੇਸਬੁੱਕ ’ਤੇ ਪਾਈ ਉਸਦੀ ਵੈਂਟੀਲੇਟਰ ਤੇ ਮੁੱਕਾ ਤਾਣੀ ਪਏ ਦੀ ਫੋਟੋ ਸਾਰੀ ਦੁਨੀਆਂ ਨੂੰ ਦੱਸ ਰਹੀ ਹੈ ਕਿ ਆਹ ਹੁੰਦੇ ਨੇ ਲੋਕ ਸ਼ਾਇਰਆਪਣੇ ਜਾਣ ਤੋਂ ਪਹਿਲਾਂ ਉਹ ਆਪਣੀ ਇਸ ਗੱਲ ਰਾਹੀਂ ਲੋਕ ਸੰਗਰਾਮੀਆਂ ਨੂੰ ਸੰਦੇਸ਼ ਦੇ ਕਿ ਗਿਆ ਕਿ ਮੇਰੇ ਜਾਣ ਤੋਂ ਬਾਅਦ ਵੀ ਮਸ਼ਾਲਾ ਬਾਲ ਕੇ ਹੀ ਰੱਖਣੀਆਂ ਹਨਜਾਂਦੇ ਹੋਏ ਇਹ ਸਤੁੰਸ਼ਟੀ ਉਸ ਨੂੰ ਜ਼ਰੂਰ ਸੀ ਕਿ ਉਸ ਤੋਂ ਬਾਅਦ ਦੀ ਪੀੜ੍ਹੀ ਹੱਕ ਇਨਸਾਫ ਦੀ ਮਸ਼ਾਲ ਨੂੰ ਬੁਝਣ ਨਹੀਂ ਦੇਵੇਗੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2786)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਨਿਰੰਜਨ ਬੋਹਾ

ਨਿਰੰਜਨ ਬੋਹਾ

Phone: (91 - 89682 - 82700)
Email: (niranjanboha@yahoo.com)

More articles from this author