“ਇਹ ਤਾਂ ਸਾਹਿਤਕ ਬਦ-ਇਖਲਾਕੀ ਦੀ ਹੱਦ ਹੈ ਕਿ ...”
(ਜੂਨ 2, 2016)
ਸੰਗਰੂਰ ਜ਼ਿਲ੍ਹੇ ਦੇ ਇਕ ਸ਼ਹਿਰ ਵਿਚ ਮੈਂ ਆਪਣੇ ਭੂਆ ਦੇ ਪੁੱਤਰ ਨੂੰ ਮਿਲਣ ਗਿਆ ਸਾਂ। ਸ਼ਾਮੀ ਚਾਰ ਕੁ ਵਜੇ ਮੈਂ ਘਰ ਵਾਪਸੀ ਦੀ ਤਿਆਰੀ ਕੀਤੀ ਤਾਂ ਉਹ ਰਾਤ ਠਹਿਰਣ ਲਈ ਜ਼ੋਰ ਪਾਉਣ ਲੱਗਿਆ। ਮੈਨੂੰ ਰੋਕਣ ਦੀ ਪੁਰਜ਼ੋਰ ਕੋਸ਼ਿਸ਼ ਕਰਦਿਆ ਉਸ ਕਿਹਾ, “ਵੀਰ ਜੀ, ਅੱਜ ਅਸੀਂ ਤੁਹਾਨੂੰ ਜਾਣ ਨਹੀਂ ਦੇਣਾ। ਤੁਹਾਨੂੰ ਬੋਰ ਬਿਲਕੁਲ ਨਹੀਂ ਹੋਣ ਦੇਵਾਂਗੇ, ਤੁਹਾਡੀ ਦਿਲਚਸਪੀ ਦਾ ਸਮਾਨ ਹੈ ਸਾਡੇ ਕੋਲ।”
“ਮੇਰੀ ਦਿਲਚਸਪੀ ਦਾ ਕਿਹੜਾ ਸਮਾਨ ਹੈ ਬਈ?” ਉਸ ਦੀ ਬੁਝਾਰਤ ਮੇਰੀ ਸਮਝ ਨਹੀਂ ਪਈ।
“ਹੁਣੇ ਲਿਆਉਂਦਾ ਹਾਂ।”ਕਹਿ ਕੇ ਉਹ ਦੂਸਰੇ ਕਮਰੇ ਅੰਦਰ ਚਲਿਆ ਗਿਆ। ਵਾਪਸੀ ’ਤੇ ਉਹਦੇ ਹੱਥ ਵਿਚ ਨਾਵਲ ਕਹਾਣੀਆਂ ਅਤੇ ਕਵਿਤਾਵਾਂ ਦੀਆਂ ਪੰਜ ਛੇ ਕਿਤਾਬਾਂ ਸਨ। ਮੈਂ ਹੈਰਾਨ ਸਾਂ ਕਿ ਸਾਰਾ ਦਿਨ ਦੁਕਾਨ ’ਤੇ ਗ੍ਰਾਹਕ ਭੁਗਤਾਉਣ ਤੋਂ ਇਲਾਵਾ ਕੋਈ ਹੋਰ ਰੁਝੇਵਾਂ ਨਾ ਰੱਖਣ ਵਾਲਾ ਮੇਰਾ ਇਹ ਭਰਾ ਸਾਹਿਤਕ ਕਿਤਾਬਾਂ ਦਾ ਪਾਠਕ ਕਦੋਂ ਤੋਂ ਬਣ ਗਿਆ ਹੈ।
“ਬਈ ਵਾਹ! ਆਹ ਤਾਂ ਕਮਾਲ ਕਰ ਦਿੱਤੀ!” ਮੈਂ ਪਹਿਲਾਂ ਉਹ ਕਿਤਾਬ ਚੁੱਕੀ, ਜਿਹੜੀ ਮੇਰੇ ਖੇਤਰ ਦੇ ਇਕ ਨਵੇਂ ਪਰ ਪ੍ਰਤਿਭਾਸ਼ਾਲੀ ਨੌਜਵਾਨ ਲੇਖਕ ਦੀ ਸੀ। ਉਸ ਵੇਲੇ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀਂ ਜਦੋਂ ਮੇਰੀ ਨਜ਼ਰ ਇਸ ਪੁਸਤਕ ਦੇ ਪਹਿਲੇ ਪੰਨੇ ’ਤੇ ਉਸ ਲੇਖਕ ਵੱਲੋਂ ਇਹ ਪੁਸਤਕ ਪੰਜਾਬੀ ਦੇ ਕਿਸੇ ਨਾਮਵਰ ਲੇਖਕ ਨੂੰ ਤਹਿ ਦਿਲੋਂ ਕਿਤਾਬ ਭੇਟ ਕੀਤੇ ਜਾਣ ਸਬੰਧੀ ਸੁੰਦਰ ਅੱਖਰਾਂ ਵਿਚ ਲਿਖੀ ਇਬਾਰਤ ’ਤੇ ਪਈ।
“ਬਈ ਇਹ ਕਿਤਾਬ ਤੇਰੇ ਕੋਲ ਕਿਵੇਂ ਪਹੁੰਚੀ, ਇਹ ਤਾਂ ਕਿਸੇ ਨੇ ... ਜੀ ਨੂੰ ਭੇਟ ਕੀਤੀ ਹੋਈ ਹੈ।” ਮੈਂ ਬੜੀ ਉਤਸੁਕਤਾ ਨਾਲ ਆਪਣੇ ਭਰਾ ਤੋਂ ਪੁੱਛਿਆ।
“ਜੀ ਸੰਗਰੂਰ ਮੇਰੇ ਚਾਚੇ ਦੀ ਕਬਾੜ ਦੀ ਦੁਕਾਨ ਹੈ। ਅਜਿਹੀਆਂ ਬਹੁਤ ਸਾਰੀਆਂ ਪੁਸਤਕਾਂ ਕੋਈ ਰੱਦੀ ਵਿਚ ਵੇਚ ਗਿਆ ਸੀ। ਕੁਝ ਕਿਤਾਬਾਂ ਮੈਂ ਇਹ ਸੋਚ ਕੇ ਚੁੱਕ ਲਿਆਇਆ ਕਿ ਵੀਰ ਜੀ ਨੂੰ ਕਿਤਾਬਾਂ ਪੜ੍ਹਨ ਦਾ ਸੌਕ ਹੈ।ਮੈਂ ਵੀ ਇਹਨਾਂ ਵਿੱਚੋਂ ਇਕ ਨਾਵਲ ਪੜ੍ਹਿਐ, ਬਹੁਤ ਚੰਗਾ ਲੱਗਾ ਮੈਨੂੰ।” ਉਸ ਖੁਲਾਸਾ ਕੀਤਾ।
ਭਰਾ ਦੀ ਗੱਲ ਸੁਣ ਕੇ ਮੇਰੀ ਹੈਰਾਨੀ ਪ੍ਰੇਸ਼ਾਨੀ ਵਿਚ ਬਦਲ ਗਈ। ਹੁਣ ਮੇਰੇ ਲਈ ਸੋਚਣ ਦਾ ਵਿਸ਼ਾ ਇਹ ਸੀ ਕਿ ਨਵੇਂ ਲੇਖਕ ਬੜੇ ਚਾਅ-ਮਲਾਰ ਤੇ ਸਤਿਕਾਰ ਨਾਲ ਪੁਰਾਣੇ ਅਤੇ ਸਥਾਪਿਤ ਲੇਖਕਾਂ ਦੀ ਨਜ਼ਰੀਂ ਚੜ੍ਹਨ ਲਈ ਆਪਣੀਆਂ ਪੁਸਤਕਾਂ ਉਹਨਾਂ ਨੂੰ ਭੇਟ ਕਰਦੇ ਨੇ ਪਰ ਉਹਨਾਂ ਦੇ ਦਿਲੀ ਸਤਿਕਾਰ ਦਾ ਹਸ਼ਰ ਏਨਾ ਮਾੜਾ ਹੁੰਦਾ ਹੈ। ਮੈਂ ਸੋਚ ਰਿਹਾ ਸਾਂ ਕਿ ਕੋਈ ਕਿਤਾਬ ਪੜ੍ਹਨੀ ਜਾਂ ਨਾ ਪੜ੍ਹਨੀ ਤਾਂ ਲੇਖਕਾਂ ਦੀ ਮਰਜ਼ੀ ਹੈ ਪਰ ਕਿਸੇ ਸਾਹਿਤਕ ਪੁਸਤਕ ਨੂੰ ਬਣਦਾ ਸਤਿਕਾਰ ਦੇਣਾ ਤਾਂ ਹਰ ਲੇਖਕ ਦਾ ਇਖਲਾਕੀ ਫਰਜ਼ ਹੈ। ਮੈਨੂੰ ਭੇਟ ਵਿੱਚ ਪ੍ਰਾਪਤ ਕੀਤੀਆਂ ਪੁਸਤਕਾਂ ਕਬਾੜੀਏ ਕੋਲ ਵੇਚਣ ਵਾਲੇ ਉਸ ਕਥਿਤ ਵੱਡੇ ਲੇਖਕ ’ਤੇ ਰਹਿ ਰਹਿ ਕੇ ਗੁੱਸਾ ਆ ਰਿਹਾ ਸੀ। ਜੇ ਉਸ ਲਈ ਇਹ ਕਿਤਾਬਾਂ ਫਾਲਤੂ ਸਨ ਤਾਂ ਉਹ ਇਹਨਾਂ ਨੂੰ ਅੱਗੇ ਕਿਸੇ ਕਦਰਦਾਨ ਲੇਖਕ ਜਾਂ ਪਾਠਕ ਨੂੰ ਦੇ ਦੇਂਦਾ। ਇਹ ਪੁਸਤਕਾਂ ਕਿਸੇ ਲਾਇਬਰੇਰੀ ਨੂੰ ਵੀ ਦਾਨ ਦਿੱਤੀਆਂ ਜਾ ਸਕਦੀਆਂ ਸਨ। ਇਹ ਤਾਂ ਸਾਹਿਤਕ ਬਦ-ਇਖਲਾਕੀ ਦੀ ਹੱਦ ਹੈ ਕਿ ਕਿਸੇ ਨਵੇਂ ਲੇਖਕ ਵੱਲੋਂ ਪੁਰਾਣੇ ਲੇਖਕ ਨੂੰ ਦਿੱਤਾ ਦਿਲੀ ਸਤਿਕਾਰ ਅੱਠ ਰੁਪਏ ਕਿਲੋ ਦੇ ਭਾਅ ਨਾਲ ਕਬਾੜੀਏ ਦੀ ਦੁਕਾਨ ਤੇ ਵੇਚ ਦਿੱਤਾ ਜਾਵੇ। ਜੇ ਉਸ ਵੱਡੇ ਲੇਖਕ ਦੀ ਆਪਣੀ ਪੁਸਤਕ ਕਿਸੇ ਕਬਾੜੀਏ ਦੀ ਦੁਕਾਨ ਵਿਚ ਪੈਰਾਂ ਹੇਠ ਰੁਲਦੀ ਹੋਵੇ ਤਾਂ ਕੀ ਉਸ ਦੇ ਦਿਲ ਨੂੰ ਠੇਸ ਨਹੀਂ ਪੁੱਜੇਗੀ? ਜੇ ਅਸੀਂ ਲੇਖਕ ਹੀ ਸਾਹਿਤਕ ਪੁਸਤਕਾਂ ਦੀ ਇੰਨੀ ਦੁਰਗਤੀ ਕਰਾਂਗੇ ਤਾਂ ਹੋਰ ਲੋਕਾਂ ਤੋਂ ਕਿਵੇਂਕ ਆਸ ਰੱਖੀ ਜਾ ਸਕਦੀ ਹੈ ਕਿ ਉਹ ਸਾਹਿਤ ਅਤੇ ਸਾਹਿਤਕ ਕਿਤਾਬਾਂ ਦੀ ਕਦਰ ਕਰਨ।
ਸਾਰੇ ਵੱਡੇ ਅਤੇ ਨਾਮਵਰ ਲੇਖਕਾਂ ਨੂੰ ਨਵੇਂ ਲੇਖਕਾਂ ਨਾਲ ਹਾਸ਼ੀਆ ਕ੍ਰਿਤ ਲੋਕਾਂ ਵਰਗਾ ਸਲੂਕ ਕਰਨ ਲਈ ਦੋਸ਼ੀ ਨਹੀਂ ਮੰਨਿਆ ਜਾ ਸਕਦਾ। ਕੁਝ ਗਿਣਤੀ ਦੇ ਵੱਡੇ ਲੇਖਕ ਨਵੇਂ ਲੇਖਕ ਨੂੰ ਅਗਵਾਈ ਤੇ ਹੱਲਾਸ਼ੇਰੀ ਦੇਣ ਦਾ ਨੇਕ ਕਾਰਜ਼ ਵੀ ਕਰ ਰਹੇ ਹਨ। ਪਰ ਇਹ ਗੱਲ ਮੇਰੇ ਅਨੁਭਵ ਦਾ ਵਿਸ਼ੇਸ਼ ਤੌਰ ਤੇ ਹਿੱਸਾ ਬਣੀ ਹੋਈ ਹੈ ਕਿ ਪ੍ਰਸਿੱਧ ਹੋ ਚੁੱਕੇ ਲੇਖਕ ਨਵੇਂ ਲੇਖਕਾਂ ਦੀ ਭੇਟ ਕੀਤੀਆਂ ਕਿਤਾਬਾਂ ਘੱਟ ਹੀ ਪੜ੍ਹਦੇ ਹਨ। ਉਹ ਹੋਰ ਵੱਡੇ ਲੇਖਕਾਂ ਦੀ ਬਹੁ ਚਰਚਿਤ ਕਿਤਾਬਾਂ ਪੜ੍ਹ ਕੇ ਹੀ ਆਪਣੇ ਪਾਠਕ ਹੋਣ ਦਾ ਫਰਜ਼ ਪੂਰਾ ਕਰ ਲੈਂਦੇ ਹਨ। ਨਵੇਂ ਲੇਖਕਾਂ ਦੀਆਂ ਕਿਤਾਬਾਂ ਪੜ੍ਹਨਾ ਉਹ ਆਪਣੀ ਸ਼ਾਨ ਦੇ ਖਿਲਾਫ ਵੀ ਸਮਝਦੇ ਹਨ ਤੇ ਇਸ ਨੂੰ ਆਪਣੀ ਸਮੇਂ ਦੀ ਬਰਬਾਦੀ ਵੀ ਮੰਨਦੇ ਹਨ। ਹਾਂ! ਨਵੇਂ ਲੇਖਕ ਦੀ ਪੁਸਤਕ ’ਤੇ ਹੋਣ ਵਾਲੀ ਗੋਸ਼ਟੀ ਦੀ ਪ੍ਰਧਾਨਗੀ ਕਰਨ ਵੇਲੇ ਉਹਨਾਂ ਨੂੰ ਕੋਈ ਸੰਕੋਚ ਨਹੀਂ ਹੁੰਦਾ। ਇਸ ਮੌਕੇ ’ਤੇ ਵੀ ਉਹਨਾਂ ਦੇ ਮੂੰਹੋਂ ਸਾਨੂੰ ਅਕਸਰ ਇਹੀ ਸੁਣਨ ਨੂੰ ਮਿਲਦਾ ਹੈ ਕਿ ਕਿਤਾਬ ਤਾਂ ਮੈਂ ਅਜੇ ਪੜ੍ਹ ਨਹੀਂ ਸਕਿਆ ਪਰ ਪਰਚਾ ਲੇਖਕ ਤੇ ਹੋਰ ਬੁਲਾਰਿਆ ਪਾਸੋਂ ਇਸ ਪੁਸਤਕ ਬਾਰੇ ਬਹੁਤ ਜਾਣਕਾਰੀ ਮਿਲ ਗਈ ਹੈ।
ਕਿਸੇ ਵੱਡੇ ਲੇਖਕ ਵੱਲੋਂ ਨਵੇਂ ਲੇਖਕ ਦੀ ਕਿਤਾਬ ਪੜ੍ਹ ਕੇ ਉਸ ਨੂੰ ਲਿਖਿਆ ਉਤਸ਼ਾਹੀ ਖ਼ਤ ਜਾ ਪ੍ਰਸ਼ੰਸਾ ਭਰੇ ਦੋ ਬੋਲਾਂ ਵਾਲਾਂ ਫੋਨ ਨਵੇਂ ਲੇਖਕ ਨੂੰ ਉਮਰ ਭਰ ਲਈ ਆਪਣਾ ਮੁਰੀਦ ਬਣਾ ਸਕਦਾ ਹੈ। ਨਵੇਂ ਲੇਖਕ ਵੱਡੇ ਲੇਖਕਾਂ ਦੇ ਖ਼ਤਾਂ ਨੂੰ ਆਪਣੇ ਜੀਵਨ ਦੀ ਕੀਮਤੀ ਪੂੰਜੀ ਵਾਂਗ ਸੰਭਾਲਦੇ ਵੀ ਹਨ ਅਤੇ ਆਪਣੇ ਦਾਇਰੇ ਦੇ ਹਰੇਕ ਬੰਦੇ ਕੋਲ ਉਸ ਲੇਖਕ ਦੀ ਮਹਾਨਤਾ ਦਾ ਵਿਖਿਆਨ ਵੀ ਕਰਦੇ ਹਨ। ਕੀ ਨਵੇਂ ਲੇਖਕਾਂ ਨੂੰ ਨਜ਼ਰ ਅੰਦਾਜ਼ ਕਰਕੇ ਉਹ ਆਪ ਵੀ ਘਾਟੇ ਵਾਲੀ ਸਥਿਤੀ ਵਿਚ ਨਹੀਂ ਹਨ? ਇਹ ਵੀ ਸੱਚ ਹੈ ਕਿ ਉਹ ਵੀ ਕਦੇਂ ਨਵੇਂ ਲੇਖਕ ਸਨ ਅਤੇ ਅੱਜ ਦੇ ਨਵੇਂ ਲੇਖਕਾਂ ਦੇ ਮੁਕਾਬਲਤਨ ਹੀ ਉਹ ਵੱਡੇ ਲੇਖਕ ਹਨ। ਲੇਖਕ ਭਾਈਚਾਰੇ ਵਿਚ ਵੱਡੇ ਛੋਟੇ ਜਾਂ ਨਵੇਂ ਪੁਰਾਣੇ ਦਾ ਫਰਕ ਇਸ ਭਾਈਚਾਰੇ ਨੂੰ ਕੰਮਜ਼ੋਰ ਕਰ ਰਿਹਾ ਹੈ। ਯਾਦ ਰੱਖਣ ਵਾਲੀ ਗੱਲ ਇਹ ਵੀ ਹੈ ਕਿ ਹੈ ਕਿ ਨਵੇਂ ਲੇਖਕ ਹੀ ਆਪਣੇ ਤੋਂ ਸੀਨੀਅਰ ਲੇਖਕਾਂ ਦੀ ਪੁਸਤਕਾਂ ’ਤੇ ਚਰਚਾ ਕਰਕੇ ਉਹਨਾਂ ਨੂੰ ਹੋਰ ਚਰਚਿਤ ਕਰਨ ਵਿਚ ਅਹਿਮ ਯੋਗਦਾਨ ਪਾਉਂਦੇ ਹਨ। ਪੁਸਤਕ ਮੇਲਿਆ ਵਿੱਚ ਹੋਰਨਾਂ ਸ਼੍ਰੇਣੀਆਂ ਦੇ ਪਾਠਕਾਂ ਦੇ ਮੁਕਾਬਲੇ ਵਿਚ ਨਵੇਂ ਲੇਖਕਾਂ ਵੱਲੋਂ ਹੀ ਵੱਡੇ ਲੇਖਕਾਂ ਦੀਆਂ ਪੁਸਤਕਾਂ ਵੱਧ ਗਿਣਤੀ ਵਿਚ ਖਰੀਦੀਆਂ ਜਾਂਦੀਆਂ ਹਨ। ਇਹ ਵੀ ਸੱਚ ਹੈ ਕਿ ਵੱਡੇ ਲੇਖਕਾਂ ਨੂੰ ਜਿੰਨਾ ਸਤਿਕਾਰ ਨਵੇਂ ਲੇਖਕਾਂ ਪਾਸੋਂ ਮਿਲਦਾ ਹੈ ਉੰਨਾ ਸਤਿਕਾਰ ਸ਼ਾਇਦ ਉਹਨਾਂ ਨੂੰ ਆਪਣੇ ਘਰੋਂ ਵੀ ਨਾ ਮਿਲਦਾ ਹੋਵੇ।
ਮੈ ਨਵੇਂ ਲੇਖਕਾਂ ਨੂੰ ਅਕਸਰ ਹੀ ਇਹ ਸਲਾਹ ਦੇਂਦਾ ਹਾਂ ਕਿ ਜੇ ਉਹਨਾਂ ਨੇ ਆਪਣੀਆਂ ਪੁਸਤਕਾਂ ਦੀ ਕਦਰ ਪਵਾਉਣੀ ਹੈ ਤਾਂ ਉਹ ਜਿਹੜੀਆ ਕਿਤਾਬਾਂ ਨਾਮਵਰ ਲੇਖਕਾਂ ਨੂੰ ਮਹਾਨ ਤੇ ਹੋਰ ਪਤਾ ਨਹੀਂ ਕਿੰਨੇ ਵਿਸ਼ੇਸ਼ਣ ਲਾ ਕੇ ਭੇਂਟ ਕਰਦੇ ਹਨ ਉਹ ਆਪਣੇ ਵਰਗੇ ਹੋਰ ਲੇਖਕਾਂ ਅਤੇ ਪਾਠਕਾਂ ਨੂੰ ਭੇਟ ਕਰਨ। ਤੁਹਾਡੀ ਕਿਤਾਬ ਦੀ ਜਿੰਨੀ ਕਦਰ ਤੁਹਾਡੇ ਬਰਾਬਰ ਦੇ ਹੋਰ ਲੇਖਕ ਜਾਂ ਪਾਠਕ ਕਰ ਸਕਦੇ ਹਨ, ਕਰਦੇ ਹਨ, ਉੰਨੀ ਕਦਰ ਦੀ ਉਮੀਦ ਵੱਡੇ ਲੇਖਕਾਂ ਤੋਂ ਨਹੀਂ ਰੱਖੀ ਜਾ ਸਕਦੀ। ਆਮ ਪਾਠਕ ਨੇ ਹੀ ਤੁਹਾਡੀਆਂ ਕਿਤਾਬਾਂ ਦਾ ਮੁੱਲ ਪਾ ਕੇ ਤੁਹਾਨੂੰ ਭਵਿੱਖ ਦੇ ਵੱਡੇ ਲੇਖਕ ਬਣਾਉਣਾ ਹੈ। ਹਰ ਲੇਖਕ ਨੂੰ ਇਹ ਗੱਲ ਵੀ ਜ਼ਰੂਰ ਯਾਦ ਰੱਖਣੀ ਚਾਹੀਦੀ ਹੈ ਕਿ ਕੋਈ ਵੀ ਲੇਖਕ ਮਾਂ ਦੇ ਪੇਟ ਵਿੱਚੋਂ ਹੀ ਵੱਡਾ ਲੇਖਕ ਨਹੀਂ ਜੰਮਦਾ ਸਗੋਂ ਪ੍ਰਸਿੱਧੀ ਦੀ ਮੰਜ਼ਿਲ ਮਿਹਨਤ ਦੀਆਂ ਕਈ ਪੌੜੀਆਂ ਚੜ੍ਹ ਕੇ ਹੀ ਮਿਲਦੀ ਹੈ। ਇਸ ਲਈ ਨਵੇਂ ਲੇਖਕਾਂ ਨੂੰ ਵੀ ਭਵਿੱਖ ਦੇ ਵੱਡੇ ਲੇਖਕ ਮੰਨ ਕੇ ਉਹਨਾਂ ਨੂੰ ਉਹਨਾਂ ਦੇ ਹਿੱਸੇ ਆਉਂਦਾ ਸਤਿਕਾਰ ਜਰੂਰ ਦੇਣਾ ਚਾਹੀਦਾ ਹੈ।
*****
(306)
ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)