NiranjanBoha7ਭਾਵੇਂ ਅੰਗਰੇਜ਼ ਹਾਕਮਾਂ ਵੱਲੋਂ ਇਸ ਲਹਿਰ ਨੂੰ ਸਖਤੀ ਨਾਲ ਦਬਾ ਦਿੱਤਾ ਗਿਆ ਪਰ ਕਿਸੇ ਲਹਿਰ ਦੇ ਅਸਫਲ ਹੋ ਜਾਣ ਨਾਲ ...
(3 ਫਰਵਰੀ 2017)

 

ਅੱਜ ਸਤਿਗੁਰੂ ਰਾਮ ਸਿੰਘ ਦੇ ਜਨਮ ਦਿਹਾੜੇ ’ਤੇ ਵਿਸ਼ੇਸ਼

ਜਦੋਂ ਅਸੀਂ ਭਾਰਤ ਦੀ ਅਜ਼ਾਦੀ ਲਹਿਰ ਦੇ ਇਤਿਹਾਸ ਤੇ ਪਿਛਲ ਝਾਤ ਮਾਰਦੇ ਹਾਂ ਤਾਂ ਸਾਨੂੰ ਮਾਣ ਹੁੰਦਾ ਹੈ ਕਿ ਪੰਜਾਬ ਵਿੱਚ ਅਜ਼ਾਦੀ ਪੱਖੀ ਸਿਆਸੀ ਚੇਤਨਾ ਦਾ ਪਸਾਰ ਦੇਸ਼ ਦੇ ਦੂਜੇ ਹਿੱਸਿਆਂ ਨਾਲੋਂ ਵੱਧ ਰਿਹਾ ਹੈ। ਭਾਰਤ ਦੀ ਖੜਗ ਭੁਜਾ ਹੋਣ ਕਾਰਨ ਵਿਦੇਸ਼ੀ ਹਮਾਲਾਵਰਾਂ ਦਾ ਸਭ ਤੋਂ ਵੱਧ ਸਾਹਮਣਾ ਪੰਜਾਬ ਖੇਤਰ ਦੇ ਲੋਕਾਂ ਨੂੰ ਹੀ ਕਰਨਾ ਪਿਆ ਹੈ ਇਸ ਲਈ ਸੁਭਾਵਿਕ ਤੌਰ ’ਤੇ ਇਸ ਖੇਤਰ ਦੀ ਸਿਆਸੀ ਚੇਤਨਾ ਜੁਝਾਰੂ ਖਾਸਾ ਰੱਖਦੀ ਹੈ। ਇਹ ਖੇਤਰ ਮੁੱਢ ਤੋਂ ਹੀ ਲੋਕ ਘੋਲਾਂ ਦੇ ਅਗਵਾਨੂੰ ਰਹੇ ਯੋਧਿਆਂ ਦੀ ਕਰਮ ਭੂਮੀ ਰਿਹਾ ਹੈ ਪੰਜਾਬ ਖੇਤਰ ਦੀ ਲੋਕ ਮੁਖੀ ਸਿਆਸੀ ਚੇਤਨਾ ਕਾਰਨ ਹੀ ਅੰਗਰੇਜ਼ ਸਾਮਰਾਜ ਸਾਰੇ ਭਾਰਤ ’ਤੇ ਕਬਜ਼ਾ ਕਰਨ ਤੋਂ ਬਾਦ ਹੀ ਪੰਜਾਬ ਨੂੰ ਆਪਣੇ ਵਿਚ ਸ਼ਾਮਿਲ ਕਰਨ ਵਿਚ ਕਾਮਯਾਬ ਹੋ ਸਕਿਆ ਪੰਜਾਬ ਵਿਚ ਹਰ ਇਕ ਦੋ ਦਹਾਕਿਆਂ ਬਾਦ ਲੋਕ ਚੇਤਨਾ ਨੂੰ ਪ੍ਰਚੰਡ ਕਰਨ ਵਾਲੀ ਕੋਈ ਨਾ ਕੋਈ ਲਹਿਰ ਪੈਦਾ ਹੁੰਦੀ ਰਹਿੰਦੀ ਹੈ ਇਸ ਖੇਤਰ ਨਾਲ ਸਬੰਧਤ ਬਜ਼ੁਰਗਾਂ ਨੇ ਅਜ਼ਾਦੀ ਪੱਖੀ ਚੇਤਨਾ ਰੱਖਣ ਵਾਲੀ ਗੁਰਦੁਆਰਾ ਸੁਧਾਰ ਲਹਿਰ, ਕੂਕਾ ਲਹਿਰ, ਗਦਰ ਲਹਿਰ ਤੇ ਪਰਜਾ ਮੰਡਲ ਲਹਿਰ ਤੇ ਵਿੱਚ ਵਧ ਚੜ੍ਹ ਕੇ ਹਿੱਸਾ ਪਾਇਆ ਹੈ। ਗੁਰਦੁਆਰਾ ਸੁਧਾਰ ਲਹਿਰ ਤੇ ਕੂਕਾ ਲਹਿਰ ਦਾ ਸ਼ੁਮਾਰ ਭਾਵੇਂ ਧਾਰਮਿਕ ਖੇਤਰ ਨਾਲ ਜੋੜ ਕੇ ਹੀ ਕੀਤਾ ਜਾਂਦਾ ਹੈ ਪਰ ਇਹਨਾਂ ਦੋਵਾਂ ਲਹਿਰਾਂ ਵੱਲੋਂ ਦੇਸ਼ ਵਿਚ ਜਿਹੜੀ ਰਾਜਸੀ ਚੇਤਨਾ ਪੈਦਾ ਕੀਤੀ ਗਈ, ਉਸ ਨੇ ਭਾਰਤ ਦੇ ਅਜ਼ਾਦੀ ਸੰਗਰਾਮ ਨੂੰ ਹੋਰ ਭਖਦਾ ਹੀ ਨਹੀਂ ਕੀਤਾ ਸਗੋਂ ਜੇਤੂ ਮੁਕਾਮ ਤੱਕ ਪਹੁੰਚਾਉਣ ਲਈ ਵੀ ਅਸਰਦਾਰ ਭੂਮਿਕਾ ਨਿਭਾਈ ਹੈ ਇਹਨਾਂ ਲਹਿਰਾਂ ਵਿਚਲਾ ਜੋਸ਼ ਅਜ਼ਾਦੀ ਸੰਗਰਾਮ ਨੂੰ ਭਖਦਾ ਰੱਖਣ ਲਈ ਵਿਸ਼ੇਸ਼ ਪ੍ਰੇਰਣਾ ਦਾ ਸਰੋਤ ਹੋ ਨਿੱਬੜਿਆ ਪਰ ਅਫਸੋਸ ਦੀ ਗੱਲ ਹੈ ਕਿ ਭਾਰਤ ਤੇ ਪੰਜਾਬ ਦਾ ਇਤਿਹਾਸ ਲਿਖਣ ਵਾਲੇ ਵਿਦਵਾਨਾਂ ਨੇ ਭਾਰਤ ਦੀ ਅਜ਼ਾਦੀ ਲਹਿਰ ਦੇ ਉਭਾਰ ਵਿਚ ਵਿੱਚ ਕੂਕਾ ਲਹਿਰ ਵੱਲੋਂ ਪਾਏ ਯੋਗਦਾਨ ਨੂੰ ਲਗਭਗ ਨਜ਼ਰਅੰਦਾਜ਼ ਹੀ ਕਰੀ ਰੱਖਿਆ ਹੈ। ਜੇ ਮਹਾਨ ਸ਼ਹਾਦਤਾਂ ਵਾਲੀ ਇਸ ਲਹਿਰ ਦਾ ਕਿਤੇ ਜ਼ਿਕਰ ਵੀ ਹੋਇਆ ਹੈ ਤਾਂ ਬਿਗਾਨਿਆ ਵਾਂਗ ਹੀ ਕੀਤਾ ਗਿਆ ਹੈ। ਕੂਕਾ ਲਹਿਰ ਦੇ ਇਤਿਹਾਸ ਨੂੰ ਬਰਤਾਨਵੀ ਹਾਕਮਾਂ ਦੀ ਨਜ਼ਰ ਨਾਲ ਵੇਖਣ ਵਾਲੇ ਉਸ ਦੌਰ ਦੇ ਇਤਿਹਾਸਕਾਰਾਂ ਨੇ ਤਾਂ ਇਸ ਲਹਿਰ ਨੂੰ ਅੰਤਕੀ ਲਹਿਰ ਠਹਿਰਾਉਣ ਵਿਚ ਵੀ ਕੋਈ ਕਸਰ ਬਾਕੀ ਨਹੀਂ ਸੀ ਛੱਡੀ।

ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿਚ ਸੇਵਾਵਾਂ ਨਿਭਾਉਣ ਵੇਲੇ ਹੀ ਇਸ ਲਹਿਰ ਦੇ ਸੰਚਾਲਕ ਸਤਿਗੁਰੂ ਰਾਮ ਸਿੰਘ ਨਾਮਧਾਰੀ ਨੇ ਦੇਸ਼ ਨੂੰ ਬਰਤਾਨਵੀ ਸਾਮਰਾਜ ਦੀ ਕੈਦ ਤੋਂ ਮੁਕਤ ਕਰਾਉਣ ਦਾ ਸੰਕਲਪ ਲੈ ਲਿਆ ਸੀ ਇਸ ਸੰਕਲਪ ਦੀ ਦ੍ਰਿੜ੍ਹਤਾ ਕਾਰਨ ਹੀ ਉਹਨਾਂ ਦਾ ਸਾਰਾ ਜੀਵਨ ਤੇ ਸ਼ਖਸ਼ੀਅਤ ਪੰਜਾਬ ਦੀ ਸਿਆਸੀ ਚੇਤਨਾ ਤੇ ਅਜ਼ਾਦੀ ਲਹਿਰ ਨੂੰ ਨਵਾਂ ਜਾਗ ਲਾਉਣ ਦੇ ਸਮਰੱਥ ਬਣੀ ਭਜਨ ਬੰਦਗੀ ਕਰਨ ਵਾਲੀ ਜ਼ਿੰਦਗੀ ਜਿਉਣ ਵਾਲੇ ਇਸ ਇਨਕਲਾਬੀ ਪੁਰਸ਼ ਨੂੰ ਦੇਸ਼ ਭਗਤੀ ਦਾ ਅਜਿਹਾ ਖੁਮਾਰ ਚੜ੍ਹਿਆ ਕਿ ਦੇਸ਼ ਨੂੰ ਅਜ਼ਾਦ ਹੋਇਆ ਵੇਖਣਾ ਹੀ ਉਸਦਾ ਵੱਡਾ ਸੁਪਨਾ ਤੇ ਜੀਵਨ ਦਾ ਅੰਤਿਮ ਲਖਸ਼ ਬਣ ਗਿਆ। ਦੇਸ਼ ਭਗਤੀ ਦੀਆਂ ਪ੍ਰਬਲ ਭਾਵਨਾਵਾਂ ਨੇ ਹੀ ਨਾਮ ਸਿਮਰਨ ਨਾਲ ਜੁੜੇ ਨਾਮਧਾਰੀਆਂ ਦੀ ਪਹਿਚਾਣ ਦੇਸ਼ ਭਗਤੀ ਯੁਕਤ ਸਿਆਸੀ ਸਰਗਰਮੀਆਂ ਕਰਨ ਵਾਲੇ ਜੁਝਾਰੂ ਸੰਗਠਨ ਵਜੋਂ ਕਰਵਾਈ। ਵਿਦੇਸ਼ੀ ਹਾਕਮਾ ਖਿਲਾਫ ਨਾ-ਮਿਲਵਰਤਣ ਲਹਿਰ ਦਾ ਅਰੰਭ ਕਰਨ ਤੇ ਆਪਣੇ ਘਰਾਂ ਦੀਆ ਛੱਤਾਂ ’ਤੇ ਬਗਾਵਤ ਦੇ ਝੰਡੇ ਝੁਲਾਉਣ ਕਾਰਨ ਉਹ ਪੂਰੀ ਤਰ੍ਹਾਂ ਅੰਗਰੇਜ਼ ਸਾਮਰਾਜੀਆਂ ਦੀਆਂ ਅੱਖਾਂ ਦੀ ਰੜਕਣ ਬਣ ਗਏ ਜਦੋਂ ਦੇਸ਼ ਦੀ ਅਜ਼ਾਦੀ ਲਈ ਲੜਾਈ ਹੀ ਉਹਨਾਂ ਦਾ ਧਰਮ ਬਣ ਗਈ ਤਾਂ ਅੰਗਰੇਜ਼ ਹਾਕਮਾਂ ਤੇ ਉਹਨਾਂ ਦੇ ਭਾਰਤੀ ਦਲਾਲ ਉਹਨਾਂ ਨੂੰ ਪੂਰੀ ਤਰ੍ਹਾਂ ਆਪਣਾ ਦੁਸ਼ਮਣ ਸਮਝਣ ਲੱਗੇ।

ਭਾਰਤ ਦੀ ਅਜ਼ਾਦੀ ਲਹਿਰ ਵਿਚ ਸਤਿਗੁਰੂ ਰਾਮ ਸਿੰਘ ਵੱਲੋਂ ਪਾਏ ਵੱਡਮੁੱਲੇ ਯੋਗਦਾਨ ਦਾ ਪ੍ਰਤੱਖ ਪ੍ਰਮਾਣ ਸ਼ਹੀਦ ਭਗਤ ਸਿੰਘ ਵੱਲੋਂ ਸੰਨ 1928 ਵਿਚ ਦਿੱਲੀ ਦੇ ਹਿੰਦੀ ਮਾਸਿਕ ਪੱਤਰ ‘ਮਹਾਰਥੀ‘ ਵਿਚ ਇਸ ਲਹਿਰ ਬਾਰੇ ਲਿਖੇ ਲੇਖ ਤੋਂ ਮਿਲਦਾ ਹੈ ਸਰਦਾਰ ਭਗਤ ਸਿੰਘ ਇਸ ਲੇਖ ਵਿਚ ਕੂਕਾ ਲਹਿਰ ਦੇ ਬਾਨੀ ਸਤਿਗੁਰੂ ਰਾਮ ਸਿੰਘ ਨੂੰ ਕੱਟੜ ਇਨਕਲਾਬੀ ਤੇ ਇਸ ਲਹਿਰ ਨੂੰ ਪੰਜਾਬ ਦੀ ਪਹਿਲੀ ਮਹਾਨ ਇਨਕਲਾਬੀ ਲਹਿਰ ਦਾ ਦਰਜ਼ਾ ਦੇਂਦੇ ਹਨ। ਭਾਵੇਂ ਸ਼ਹੀਦ ਭਗਤ ਸਿੰਘ ਸਮੇਤ ਬਹੁਤ ਸਾਰੇ ਵਿਦਵਾਨ ਉਹਨਾਂ ਵੱਲੋਂ ਲੜੇ ਅਜ਼ਾਦੀ ਘੋਲ ਦੇ ਢੰਗ ਤਰੀਕਿਆਂ ਨਾਲ ਸਹਿਮਤ ਨਹੀਂ ਸਨ ਪਰ ਜਿਸ ਉੱਚੀ ਸੁੱਚੀ ਭਾਵਨਾ ਨਾਲ ਕੂਕਿਆਂ ਨੇ ਕੁਰਬਾਨੀਆਂ ਕੀਤੀਆ, ਉਸ ਭਾਵਨਾ ਦੇ ਉਹ ਪੂਰੇ ਕਦਰਦਾਨ ਸਨ ਕੁਝ ਇਤਿਹਾਸਕਾਰ ਕੂਕਿਆਂ ਦੇਸ਼ ਭਗਤੀ ਦੇ ਅੰਨ੍ਹੇ ਜੋਸ਼ ਵਿਚ ਅੰਗਰੇਜ਼ ਸਾਮਰਾਜ ਵਿਰੁੱਧ ਕੀਤੀਆਂ ਕਾਰਵਾਈਆ ਨੂੰ ਆਤਮਘਾਤੀ ਤੇ ਮੂਰਖਤਾ ਭਰਪੂਰ ਕਰਾਰ ਦੇਂਦੇ ਹਨ ਪਰ ਸ਼ਹੀਦ ਭਗਤ ਸਿੰਘ ਦਾ ਮੰਨਣਾ ਹੈ ਕਿ ਉਹਨਾਂ ਦੀ ਕਥਿਤ ਮੂਰਖਤਾ ਵਿਚ ਵੀ ਦੇਸ਼ ਭਗਤੀ ਕੁੱਟ ਕੁੱਟ ਕੇ ਭਰੀ ਹੋਈ ਸੀ ਭਾਵੇਂ ਅੰਗਰੇਜ਼ ਹਾਕਮਾਂ ਵੱਲੋਂ ਇਸ ਲਹਿਰ ਨੂੰ ਸਖਤੀ ਨਾਲ ਦਬਾ ਦਿੱਤਾ ਗਿਆ ਪਰ ਕਿਸੇ ਲਹਿਰ ਦੇ ਅਸਫਲ ਹੋ ਜਾਣ ਨਾਲ ਉਸ ਲਹਿਰ ਦੇ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਮੁੱਲ ਘਟ ਨਹੀਂ ਜਾਂਦਾ। ਇਸ ਲਈ ਸ਼ਹੀਦ ਭਗਤ ਸਿੰਘ ਵੱਲੋਂ ਪੰਜਾਬ ਵਾਸੀਆਂ ਨੂੰ ਇਹ ਲਿਖਤੀ ਸਲਾਹ ਦਿੱਤੀ ਗਈ ਹੈ ਕਿ ਪੰਜਾਬ ਵਿਚ ਮਾਨਵਤਾ ਅਤੇ ਅਜ਼ਾਦੀ ਪੱਖੀ ਸਿਆਸੀ ਚੇਤਨਾ ਦੇ ਪਸਾਰ ਵਿਚ ਕੂਕੇ ਨਾਮਧਾਰੀਆਂ ਵੱਲੋਂ ਪਾਏ ਯੋਗਦਾਨ ਨੂੰ ਕਦੇ ਵੀ ਭੁਲਾਉਣਾ ਨਹੀਂ ਚਾਹੀਦਾ।

ਕੀ ਇਹ ਸਾਡੇ ਇਤਿਹਾਸਕਾਰਾਂ ਦੀ ਵੱਡੀ ਭੁੱਲ ਤੇ ਕੁਤਾਹੀ ਨਹੀਂ ਕਿ ਉਹਨਾਂ ਸਤਿਗੁਰੂ ਰਾਮ ਸਿੰਘ ਵੱਲੋਂ ਅੰਗਰੇਜ਼ ਸਾਮਾਰਾਜ ਵਿਰੁੱਧ ਸ਼ੁਰੂ ਕੀਤੀ ਨਾਮਿਲਵਰਤਨ ਲਹਿਰ ਨੂੰ ਮਹਾਤਮਾ ਗਾਂਧੀ ਵੱਲੋਂ ਸੰਨ 1920 ਵਿਚ ਚਲਾਈ ਨਾ ਮਿਲਵਰਤਨ ਲਹਿਰ ਦੇ ਮੁਕਾਬਲੇ ਦਾ ਸਤਿਕਾਰ ਦੇਣ ਵੇਲੇ ਹਮੇਸ਼ਾ ਸੰਕੋਚ ਹੀ ਵਰਤਿਆ ਹੈ। ਜਦੋਂ ਕਿ ਕੂਕਿਆ ਵੱਲੋਂ ਚਲਾਈ ਨਾ ਮਿਲਵਰਤਨ ਲਹਿਰ ਆਪਣੇ ਅਕੀਦਿਆਂ ਤੇ ਕੱਟੜਤਾ ਦੀ ਹੱਦ ਤੱਕ ਪਹਿਰਾ ਦੇਣ ਵਾਲੀ ਸੀ ਤੇ ਦੇਸ਼ ਭਗਤੀ ਦੀ ਭਾਵਨਾ ਨਾਲ ਪੂਰੀ ਤਰ੍ਹਾਂ ਲਬਰੇਜ਼ ਸੀ। ਅੰਗਰੇਜ਼ਾਂ ਦੀ ਸਿੱਖਿਆ ਪ੍ਰਣਾਲੀ ਦਾ ਮਕੁੰਮਲ ਬਾਈਕਾਟ, ਉਹਨਾਂ ਦੀ ਨਿਆਂ ਪ੍ਰਨਾਲੀ ਦਾ ਬਾਈਕਾਟ, ਰੇਲ ਸੇਵਾਵਾਂ ਤੇ ਡਾਕ ਵਰਗੀਆਂ ਸਹੂਲਤਾਂ ਦਾ ਮਕੁੰਮਲ ਬਾਈਕਾਟ ਵਰਗਆਂ ਕਈ ਔਖੀਆਂ ਸ਼ਰਤਾਂ ਕੂਕਿਆਂ ਦੀ ਨਾਮਿਲਵਰਤਣ ਲਹਿਰ ਨੂੰ ਵੱਡੀ ਇਤਿਹਾਸਕ ਮਹੱਤਤਾ ਹਾਸਿਲ ਕਰਨ ਦੇ ਯੋਗ ਬਣਾਉਂਦੀਆਂ ਹਨ ਪਰ ਅੰਗਰੇਜ਼ ਪ੍ਰਸਤ ਇਤਿਹਾਸਕਾਰਾਂ ਨੇ ਇਸ ਲਹਿਰ ਨੂੰ ਇਸਦੇ ਹਿੱਸੇ ਆਉਂਦੇ ਸਨਮਾਨ ਤੇ ਚਰਚਾ ਦੇਣ ਦੇ ਮਾਮਲੇ ਵਿੱਚ ਹਮੇਸ਼ਾ ਪੱਖਪਾਤ ਹੀ ਕੀਤਾ ਹੈ।

ਕੂਕਿਆਂ ਨੇ ਆਪਣੀ ਨਾਮਿਲਵਰਤਣ ਲਹਿਰ ਲਈ ਨਿਰਧਾਤਰ ਕੀਤੀਆਂ ਸ਼ਰਤਾਂ ਦੀ ਬਹੁਤ ਕਰੜਾਈ ਨਾਲ ਪਾਲਣਾ ਕੀਤੀ ਉਹਨਾਂ ਨੇ ਨਾ ਕੇਵਲ ਪੇਂਡੂ ਖੇਤਰਾਂ ਦਾ ਅੰਗਰੇਜ਼ੀ ਸਾਮਰਾਜ ਨਾਲੋਂ ਵੱਖਰਾ ਪ੍ਰਸ਼ਾਸਕੀ ਢਾਂਚਾ ਤਿਆਰ ਕਰਨ ਲਈ ਆਪਣੀਆਂ ਪੰਚਾਇਤਾਂ ਸਥਾਪਿਤ ਕੀਤੀਆਂ ਸਗੋਂ ਉਹਨਾਂ ਆਪਣਾ ਵੱਖਰਾ ਡਾਕ ਪ੍ਰਬੰਧ ਵੀ ਸਥਾਪਿਤ ਕਰ ਲਿਆ ਸੀ ਉਹਨਾਂ ਦਾ ਨਾਮਿਲਵਰਤਣ ਅੰਦੋਲਣ ਅੰਗਰੇਜ਼ਾਂ ਨਾਲ ਕਿਸੇ ਵੀ ਤਰ੍ਹਾਂ ਦੇ ਸੰਵਾਦ ਦੀ ਗੁਜਾਇੰਸ਼ ਨਹੀਂ ਸੀ ਰੱਖਦਾ ਤੇ ਤਨੋਂ ਮਨੋਂ ਵਿਦੇਸ਼ੀ ਹਾਕਮਾਂ ਨੂੰ ਆਪਣਾ ਦੁਸ਼ਮਣ ਮੰਨ ਕੇ ਉਹਨਾਂ ਦਾ ਮੁਕੰਮਲ ਬਾਈਕਾਟ ਕੀਤੇ ਜਾਣ ਦਾ ਹਾਮੀ ਸੀ

ਦੇਸ਼ ਦੀ ਸਿਆਸੀ ਚੇਤਨਾ ਦੇ ਪਾਸਾਰ ਵਿਚ ਸਤਿਗੁਰੂ ਰਾਮ ਸਿੰਘ ਵੱਲੋਂ ਪਾਏ ਜਾਣ ਵਾਲੇ ਇਨਕਲਾਬੀ ਯੋਗਦਾਨ ਦੀ ਗੰਭੀਰਤਾ ਨੂੰ ਪਹਿਚਾਣ ਕੇ ਹੀ ਵਿਦੇਸ਼ੀ ਸਰਕਾਰ ਉਹਨਾਂ ’ਤੇ ਕਰੜੀ ਨਜ਼ਰ ਰੱਖਣ ਲੱਗੀ ਸੀ ਇਸ ਲਹਿਰ ਦੇ ਭਵਿੱਖ ਮੁੱਖੀ ਪ੍ਰਭਾਵਾਂ ਨੂੰ ਪਹਿਚਾਨਣ ਵਾਲੇ ਉਸ ਸਮੇਂ ਦੇ ਪੰਜਾਬ ਸਰਕਾਰ ਦੇ ਚੀਫ ਸੱਕਤਰ ਟੀ. ਫੋਰਥਸਾਈਥ ਨੇ ਆਪਣੀ ਆਤਮ ਕਥਾ ਵਿਚ ਲਿਖਿਆ ਹੈ ਕਿ ਮੈਂ ਸੰਨ 1863 ਵਿਚ ਹੀ ਇਸ ਲਹਿਰ ਦੀ ਤਹਿ ਤੱਕ ਪਹੁੰਚ ਗਿਆ ਸੀ ਤੇ ਸਮਝ ਗਿਆ ਸੀ ਕਿ ਇਹ ਕਿਹੜੇ ਖਤਰਨਾਕ ਨਤੀਜੇ ਲਿਆ ਸਕਦੀ ਹੈ ਇਸ ਲਈ ਮੈਂ ਉਹਨਾਂ ਦੇ ਪ੍ਰਚਾਰ ਉੱਤੇ ਸਾਰੀਆਂ ਪਾਬੰਦੀਆਂ ਲਾ ਦਿੱਤੀਆ ਸਨ, ਜਿਸ ਨਾਲ ਉਹਨਾਂ ਦੇ ਪ੍ਰਚਾਰ ਦੀ ਰਫਤਾਰ ਕਾਫੀ ਘਟ ਗਈ ਸੀ ਬਾਦ ਵਿੱਚ ਅੰਗਰੇਜ਼ ਹਾਕਮਾਂ ਨੇ ਇਸ ਲਹਿਰ ਨੂੰ ਸਖਤੀ ਨਾਲ ਕੁਚਲਿਆ ਤਾਂ ਦੇਸ਼ ਦੀਆਂ ਉਸ ਸਮੇਂ ਕਾਰਜਸ਼ੀਲ ਸਿਆਸੀ ਪਾਰਟੀਆਂ ਦੇ ਕੁਝ ਅੰਗਰੇਜ਼ ਪੱਖੀ ਆਗੂ ਵੀ ਇਸ ਸ਼ਾਜਿਸ਼ ਵਿਚ ਸ਼ਾਮਿਲ ਰਹੇ।

ਸਾਕਾ ਮਲੇਰ ਕੋਟਲਾ ਨਾਮਧਾਰੀ ਲਹਿਰ ਵੱਲੋਂ ਅੰਗਰੇਜ਼ ਹਾਕਮਾਂ ਖਿਲਾਫ ਕੀਤੇ ਸੰਘਰਸ਼ ਦਾ ਸ਼ਿਖਰ ਹੈ। ਇਹ ਇਤਿਹਾਸ ਦੀ ਅਜਿਹੀ ਅਦੁੱਤੀ ਘਟਨਾ ਹੈ ਜਿਸ ਨੁ ਅੰਗਰੇਜ਼ ਸਾਮਰਾਜ ਦੇ ਪੈਰਾਂ ਹੇਠੋਂ ਮਿੱਟੀ ਖਿਸਕਾ ਦਿੱਤੀ ਸੀ। ਕੂਕਾ ਲਹਿਰ ਦੇ ਖੋਜੀ ਸਵਰਨ ਸਿੰਘ ਸਨੇਹੀ ਇਸ ਲਹਿਰ ਬਾਰੇ ਲਿਖਦੇ ਹਨ ਕੇ ਜੇ ਅਸੀਂ ਜ਼ਰਾ ਕੇ ਉਦਾਰ ਦਿਲੀ ਤੇ ਦੀਰਘ ਦ੍ਰਿਸ਼ਟੀ ਨਾਲ ਵੇਖੀਏ ਤਾਂ ਵਿਸ਼ਵ ਇਤਿਹਾਸ ਵਿਚ ਸ਼ਾਇਦ ਹੀ ਕੋਈ ਅਜਿਹੀ ਉਦਾਹਰਣ ਮਿਲ ਸਕੇ ਕਿ ਕਿਸੇ ਧਾਰਮਿਕ ਆਗੂ ਵੱਲੋਂ ਅਰੰਭੀ ਲਹਿਰ ਨੇ ਰਾਜਸੀ ਚੇਤਨਾ ਪੈਦਾ ਕਰ ਕੇ ਅਜਿਹੇ ਅੰਦੋਲਨ ਦਾ ਰੂਪ ਧਾਰਿਆ ਹੋਵੇ ਕਿ ਵੇਲੇ ਦੀ ਸਰਕਾਰ ਨੂੰ ਉਸ ਲਹਿਰ ਦੇ ਅਨੁਆਈਆਂ ਨੂੰ ਏਡੀ ਵੱਡੀ ਗਿਣਤੀ ਵਿੱਚ ਤੋਪਾਂ ਨਾਲ ਉਡਾਉਣ ਦੀ ਲੋੜ ਪੈ ਜਾਵੇ। ਭਾਵੇਂ ਸਾਕਾ ਮਲੇਰ ਕੋਟਲਾ ਵਾਪਰਣ ਦਾ ਬਹਾਨਾ ਮਲੇਰ ਕੋਟਲੇ ਦੇ ਕੁਝ ਗਊ ਬੱਧ ਕਰਨ ਵਾਲੇ ਬੁੱਚੜਾਂ ਦਾ ਨਾਮਧਾਰੀਆਂ ਵੱਲੋਂ ਕੀਤਾ ਖਾਤਮਾ ਬਣਿਆ ਪਰ ਜਿਸ ਬਰਬਰਤਾ ਤੇ ਜ਼ਾਲਮਾਨਾ ਢੰਗ ਨਾਲ ਅੰਗਰੇਜ਼ ਹਾਕਮਾਂ ਨੇ ਸਤਿਗੁਰ ਰਾਮ ਸਿੰਘ ਦੇ ਪੈਰੋਕਾਰਾਂ ’ਤੇ ਜ਼ੁਲਮ ਕੀਤੇ ਤੇ ਉਹਨਾਂ ਦਾ ਖੁਰਾ ਖੋਜ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ, ਉਸ ਤੋਂ ਲੱਗਦਾ ਹੈ ਕਿ ਹਾਕਮ ਕੂਕਾ ਲਹਿਰ ਤੋਂ ਇੰਨੇ ਭੈਭੀਤ ਸਨ ਤੇ ਉਹਨਾਂ ਦੇ ਅੰਦੋਲਨ ਨੂੰ ਕੁਚਲਣ ਲਈ ਕਿਸੇ ਹੀ ਹੱਦ ਤੱਕ ਜਾ ਸਕਦੇ ਸਨ।

ਸਾਕਾ ਮਲੇਰ ਕੋਟਲਾ ਧਰਮ ਮਾਨਵਤਾ ਤੇ ਅਜ਼ਾਦੀ ਲਈ ਕੁਰਬਾਨ ਹੋਣ ਲਈ ਜਾਨੂੰਨ ਦੀ ਹੱਦ ਤੱਕ ਪਹੁੰਚੀ ਮਨੁੱਖੀ ਭਾਵਨਾ ਦੀ ਤਰਜ਼ਮਾਨੀ ਵੀ ਕਰਦਾ ਹੈ। ਛੋਟੇ ਸਹਿਬਜ਼ਾਦਿਆਂ ਦੀ ਧਰਮ, ਕੌਮ, ਦੇਸ਼ ਤੇ ਮਾਨਵਤਾ ਲਈ ਕੀਤੀ ਲਾ-ਮਿਸਾਲ ਕੁਰਬਾਨੀ ਤੋਂ ਇਲਾਵਾ ਸੰਸਾਰ ਇਤਿਹਾਸ ਵਿੱਚ ਕਿੰਨੀਆਂ ਕੁ ਉਦਾਹਰਣਾਂ ਮਿਲਦੀਆਂ ਹਨ ਜਦੋਂ ਇੱਕ 12 ਸਾਲ ਦੇ ਬੱਚੇ ਨੇ ਆਪਣੇ ਧਰਮ ’ਤੇ ਮਾਨਵਤਾ ਲਈ ਹੱਸ ਕੇ ਜਾਨ ਕੁਰਬਾਨ ਕੀਤੀ ਹੋਵੇ। ਸਾਕਾ ਮਲੇਰਕੋਟਲਾ ਵੇਲੇ ਵੀ ਨਾਮਧਾਰੀ ਬਾਲਕ ਬਿਸ਼ਨ ਸਿੰਘ ਕੋਲ ਜੀਵਨ ਤੇ ਮੌਤ ਵਿੱਚੋਂ ਇਕ ਦੀ ਚੋਣ ਕਰਨ ਦਾ ਪੂਰਾ ਮੌਕਾ ਸੀ ਪਰ ਉਸ ਗੁਲਾਮੀ ਦੇ ਜੀਵਨ ਨਾਲੋਂ ਅਣਖ ਭਰੀ ਮੌਤ ਦੀ ਹੀ ਚੋਣ ਕੀਤੀ ਇਸੇ ਤਰ੍ਹਾਂ ਨਾਮਧਾਰੀ ਵਰਿਆਮ ਸਿੰਘ ਨੇ ਵੀ ਕੁਰਬਾਨੀ ਦੇ ਤੀਬਰ ਜ਼ਜ਼ਬੇ ਦੀ ਇਕ ਵੱਖਰੀ ਹੀ ਮਿਸਾਲ ਪੇਸ਼ ਕੀਤੀ ਆਪਣੇ ਮੱਧਰੇ ਕੱਦ ਕਾਰਨ ਉਹ ਤੋਪਾਂ ਦੇ ਨਿਸ਼ਾਨੇ ਤੇ ਨਹੀਂ ਸੀ ਆ ਰਿਹਾ ਸੀ ਤਾਂ ਉਸ ਵੇਲੇ ਦੇ ਨਿਆਂਇਕ ਨਿਯਮਾਂ ਅਨੁਸਾਰ ਉਸਦੀ ਜਾਨ ਬਖਸ਼ੀ ਹੋ ਸਕਦੀ ਸੀ ਪਰ ਵੱਖਰੀ ਹੀ ਮਿੱਟੀ ਦੇ ਬਣੇ ਇਸ ਯੋਧੇ ਨੇ ਲਾਗਲੇ ਵਾਹਣ ਵਿੱਚੋ ਇੱਟਾਂ ਤੇ ਢੀਮਾਂ ਇਕੱਠੀਆ ਕੀਤੀਆਂ ਤੇ ਆਪਣਾ ਕੱਦ ਤੋਪਾਂ ਦੇ ਮੂੰਹ ਦੇ ਬਰਾਬਰ ਕਰ ਲਿਆ, ਤਾਂ ਕੇ ਤੋਪਚੀ ਕੋਲ ਉਸਦੀ ਜਾਨ ਬਖਸ਼ੀ ਦਾ ਕੋਈ ਬਹਾਨਾ ਨਾ ਰਹੇ। ਮਲੇਰਕੋਟਲਾ ਸਾਕੇ ਵੇਲੇ 68 ਨਾਮਧਾਰੀ ਤੋਪਾ ਨਾਲ ਉਡਾਏ ਗਏ ਇਹਨਾਂ ਵਿੱਚੋਂ ਕਿਸੇ ਨੇ ਵੀ ਮੁਆਫੀ ਮੰਗ ਕੇ ਤੋਪਾਂ ਵੱਲ ਪਿੱਠ ਨਹੀਂ ਕੀਤੀ ਸਗੋਂ ਹੱਸ ਹੱਸ ਕੇ ਸੀਨੇ ਵਿਚ ਗੋਲੀਆਂ ਖਾਧੀਆਂ ਸਾਕੇ ਤੋਂ ਬਾਦ ਲਹਿਰ ਦੇ ਮੋਢੀ ਸਤਿਗੁਰੂ ਰਾਮ ਸਿੰਘ ਤੇ ਉਸਦੇ ਬਹੁਤ ਸਾਰੇ ਸੂਬੇਦਾਰਾਂ ਨੂੰ ਦੂਰ ਦੁਰਾਡੇ ਦੀਆਂ ਧਰਤੀਆਂ ’ਤੇ ਜਲਾਵਤਨ ਕਰ ਦਿੱਤਾ ਗਿਆ ਪਰ ਸਿਰਾਂ ’ਤੇ ਕਫਨ ਬੰਨ੍ਹ ਕੇ ਨਿਕਲੇ ਕੂਕਿਆਂ ਨੂੰ ਇਹ ਜਲਾਵਤਨੀਆਂ ਕਿਵੇਂ ਆਪਣੇ ਇਰਾਦੇ ਤੋਂ ਮੋੜ ਸਕਦੀਆ ਸਨ?

ਵਿਸ਼ਵੀਕਰਨ ਦੌਰ ਦੇ ਮੌਜੂਦਾ ਪੜਾਅ ’ਤੇ ਲੋਕ ਇਤਿਹਾਸ ਤੇ ਇਸ ਵਿਚਲੀ ਸਿਆਸੀ ਚੇਤਨਾ ਸਾਡੇ ਲਈ ਬੀਤੇ ਦੀ ਅਜਿਹੀ ਗੱਲ ਬਣਦੀ ਜਾ ਰਹੀ ਹੈ ਜਿਸ ਨਾਲ ਸਾਡਾ ਕੋਈ ਵੀ ਸਰੋਕਾਰ ਨਾ ਹੋਵੇ। ਦੇਸ਼ ਦੀ ਨੌਜਵਾਨ ਪੀੜ੍ਹੀ ਤਾਂ ਇਸ ਇਤਿਹਾਸ ਤੋਂ ਬਹੁਤ ਹੀ ਦੂਰੀ ਬਣਾ ਕੇ ਰੱਖਦੀ ਹੈ ਜੇ ਅਸੀਂ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਹੈ ਤਾਂ ਸਾਨੂੰ ਇਸਦੇ ਇਤਿਹਾਸ ਦਾ ਗੰਭੀਰ ਪਾਠਕਾ ਬਣਨਾ ਪਵੇਗਾ ਤੇ ਇਸ ਤੋਂ ਪ੍ਰੇਰਣਾ ਵੀ ਲੈਣੀ ਪਵੇਗੀ। ਸਤਿਗੁਰੂ ਰਾਮ ਸਿੰਘ ਤੇ ਕੂਕਾ ਲਹਿਰ ਦੀਆਂ ਕੁਰਬਾਨੀਆਂ ਦੇ ਸਨਮਾਨ ਸਹਿਤ ਜ਼ਿਕਰ ਤੋਂ ਬਿਨਾਂ ਪੰਜਾਬ ਦਾ ਲੋਕ ਪੱਖੀ ਇਤਿਹਾਸ ਅਧੂਰਾ ਹੈ ਇਸ ਲਈ ਇਤਿਹਾਸ ਦੀ ਸ਼ੁੱਧ ਪੇਸ਼ਕਾਰੀ ਲਈ ਸਮਾਜਿਕ ਤੇ ਧਾਰਮਿਕ ਮੱਤਭੇਦਾਂ ਤੋ ਉੱਪਰ ਉੱਠ ਕੇ ਕੂਕਾ ਲਹਿਰ ਦੇ ਪਿੱਛੇ ਕਾਰਜ਼ਸ਼ੀਲ ਰਹੀ ਲੋਕ ਪੱਖੀ ਤੇ ਮਾਨਵਤਾਵਾਦੀ ਭਾਵਨਾ ਇਸ ਦੇ ਹਿੱਸੇ ਆਉਂਦਾ ਸਤਿਕਾਰ ਦੇਣਾ ਸਾਡਾ ਕੌਮੀ ਫਰਜ਼ ਹੈ।

*****

(587)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਨਿਰੰਜਨ ਬੋਹਾ

ਨਿਰੰਜਨ ਬੋਹਾ

Phone: (91 - 89682 - 82700)
Email: (niranjanboha@yahoo.com)

More articles from this author