“ਦੋ ਦਰਜਣ ਮੌਲਿਕ ਤੇ ਇੰਨੀਆਂ ਹੀ ਸੰਪਾਦਿਤ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਉਣ ਵਾਲਾ ...”
(6 ਮਾਰਚ 2019)
ਅੱਜ (6 ਮਾਰਚ) ਐੱਸ. ਤਰਸੇਮ ਦੇ ਭੋਗ ’ਤੇ ਵਿਸ਼ੇਸ਼)
ਜਿੰਨਾ ਇਹ ਸੱਚ ਹੈ ਕਿ ਡਾ.ਐੱਸ.ਤਰਸੇਮ ਲੰਘੀ 23 ਫਰਵਰੀ ਨੂੰ ਸਰੀਰਕ ਰੂਪ ਵਿੱਚ ਸਾਨੂੰ ਵਿਛੋੜਾ ਦੇ ਗਏ ਹਨ, ਉੰਨਾ ਹੀ ਸੱਚ ਇਹ ਵੀ ਹੈ ਕਿ ਮੁਲਾਜ਼ਮ ਮੁਹਾਜ਼, ਜਨਤਕ ਜਥੇਬੰਦੀਆਂ ਤੇ ਸਾਹਿਤ ਦੇ ਫਰੰਟ ’ਤੇ ਕੀਤਾ ਉਨ੍ਹਾਂ ਦਾ ਵੱਡਮੁੱਲਾ ਕਾਰਜ ਵਿਚਾਰਧਾਰਕ ਤੌਰ ’ਤੇ ਉਨ੍ਹਾਂ ਨੂੰ ਜਿਉਂਦਾ ਰੱਖਣ ਦੇ ਪੂਰੀ ਤਰ੍ਹਾਂ ਸਮਰੱਥ ਹੈ। ਸਰੀਰਕ ਮੌਤ ਮਰਨ ਵਾਲੇ ਲੋਕਾਂ ਵਿੱਚੋਂ ਮਸਾਂ ਅੱਧਾ ਫੀਸਦੀ ਲੋਕ ਹੀ ਵਿਚਾਰਧਾਰਕ ਤੌਰ ’ਤੇ ਜਿਉਂਦੇ ਰਹਿੰਦੇ ਤੇ ਸਾਡਾ ਤਰਸੇਮ ਮਰ ਕੇ ਜਿਉਂਦੇ ਰਹਿਣ ਵਾਲੇ ਲੋਕਾਂ ਵਿੱਚ ਇੱਕ ਹੈ। ਸੰਘਰਸ਼ਾ ਦਾ ਸਿਰਨਾਵਾਂ ਦੱਸਦੀ ਉਸਦੀ ਸ਼ਾਇਰੀ ਲੋਕਾਂ ਸੰਘਰਸ਼ਾਂ ਨਾਲ ਜੁੜੇ ਲੋਕਾਂ ਵਿੱਚ ਉਸਨੂੰ ਚਿਰਾਂ ਤੱਕ ਜਿਉਂਦਾ ਰੱਖੇਗੀ। ਉਨ੍ਹਾਂ ਨਾਲ ਜੁੜੀਆਂ ਜਿਉਣ ਜੋਗੀਆਂ ਤੇ ਬਲਸ਼ਾਲੀ ਯਾਦਾਂ ਉਨ੍ਹਾਂ ਸਾਰੇ ਲੋਕਾਂ ਦੇ ਅੰਗ ਸੰਗ ਹਨ ਜਿਨ੍ਹਾਂ ਨਾਲ ਉਸਦਾ ਕਿਸੇ ਵੀ ਤਰ੍ਹਾਂ ਦਾ ਵਾਹ ਵਾਸਤਾ ਰਿਹਾ ਹੈ। ਜਦੋਂ ਮੈਂ ਸ਼ਰਧਾਜਲੀ ਨੁਮਾ ਇਹ ਲਿਖਤ ਲਿਖ ਰਿਹਾ ਹਾਂ, ਉਸਦੀ ਵਿਚਾਰਧਾਰਕ ਮੌਜੂਦਗੀ ਮੈਂਨੂੰ ਉਨ੍ਹਾਂ ਦੇ ਨਾਂ ਨਾਲ ਸਨ ਲਿਖਣ ਤੋਂ ਰੋਕ ਰਹੀ ਹੈ ਪਰ ਸਰੀਰਕ ਤੌਰ ’ਤੇ ਸਾਥ ਛੱਡ ਜਾਣ ਵਾਲੇ ਆਪਣੇ ਪਿਆਰਿਆਂ ਨਾਲ ਸਨ ਜਾਂ ਸੀ ਲਾਉਣ ਦੀ ਰਵਾਇਤ ਨੂੰ ਤੋੜਿਆ ਵੀ ਤਾਂ ਨਹੀਂ ਜਾ ਸਕਦਾ।
ਡਾ. ਐੱਸ. ਤਰਸੇਮ ਉਮਰ ਵਿੱਚ ਤਾਂ ਮੇਰੇ ਨਾਲੋਂ 15 ਕੁ ਸਾਲ ਵੱਡੇ ਸਨ ਪਰ ਹੰਢਾਏ ਜੀਵਨ ਦੇ ਅਨੁਭਵਾਂ ਅਤੇ ਸਾਹਿਤ ਦੇ ਖੇਤਰ ਵਿੱਚ ਘਾਲੀ ਘਾਲਣਾ ਦੇ ਮਾਮਲੇ ਵਿੱਚ ਮੈਂ ਉਨ੍ਹਾਂ ਤੋਂ ਹੋਰ ਵੀ ਬਹੁਤ ਛੋਟਾ ਹਾਂ। ਸਾਡੇ ਆਪਸੀ ਸਬੰਧ ਹਮ ਉਮਰ ਦੋਸਤਾਂ ਵਾਲੇ ਤਾਂ ਨਹੀਂ ਸਨ ਪਰ ਨਿੱਘੇ ਤੇ ਮਿੱਠੇ ਜ਼ਰੂਰ ਸਨ। ਇਹ ਕਹਿ ਸਕਦੇ ਹਾਂ ਕਿ ਮੈਂ ਉਨ੍ਹਾਂ ਨੂੰ ਹਮੇਸ਼ਾ ਵੱਡੇ ਭਰਾਵਾਂ ਵਾਲਾ ਸਤਿਕਾਰ ਦੇਂਦਾ ਰਿਹਾ ਤੇ ਉਹ ਮੋੜਵੇਂ ਰੂਪ ਵਿੱਚ ਮੈਂਨੂੰ ਛੋਟੇ ਭਰਾਵਾਂ ਵਾਲਾ ਪਿਆਰ ਵੰਡਦੇ ਰਹੇ। ਸਾਡੇ ਆਮ ਜਿਹੀ ਜਾਣ ਪਛਾਣ ਵਾਲੇ ਸਬੰਧਾਂ ਵਿੱਚ ਨੇੜਤਾ ਤੇ ਨਿੱਘ ਪੈਦਾ ਕਰਨ ਵਿੱਚ ਮੇਰੇ ਮਲੇਰਕੋਟਲਾ ਰਹਿੰਦੇ ਮੇਰੇ ਹਮ ਉਮਰ ਤੇ ਹਮ ਖਿਆਲ ਦੋਸਤ ਮਹਿਤਾਬ-ਉਦ ਦੀਨ ਦਾ ਵਿਸ਼ੇਸ਼ ਯੋਗਦਾਨ ਰਿਹਾ। 1987-88 ਦੇ ਨੇੜ ਤੇੜ ਮਹਿਤਾਬ ਉਨ੍ਹਾਂ ਨਾਲ ਸਹਾਇਕ ਦੇ ਤੌਰ ’ਤੇ ਕੰਮ ਕਰਦਾ ਸੀ ਤੇ ਉਹ ਉਸਨੂੰ ਆਪਣੇ ਪੁੱਤਰ ਦਾ ਹੀ ਦਰਜ਼ਾ ਦੇਂਦੇ ਸਨ। ਉਨ੍ਹਾਂ ਨੂੰ ਬੋਹਾ ਦੇ ਨੇੜਲੀ ਹਰਿਆਣਾ ਦੀ ਰਤੀਆ ਮੰਡੀ ਵਿਖੇ ਕੋਈ ਕੰਮ ਸੀ। ਜਦੋਂ ਮਹਿਤਾਬ ਨੇ ਇਸ ਬਾਰੇ ਗੱਲ ਕੀਤੀ ਤਾਂ ਮੈਂ ਤੇ ਮੇਰੇ ਕਹਾਣੀਕਾਰ ਦੋਸਤ ਗੁਲਵੰਤ ਮਲੌਦਵੀ ਨੇ ਉਨ੍ਹਾਂ ਦੀ ਆਮਦ ਦਾ ਲਾਹਾ ਲੈਣ ਲਈ ਖੜ੍ਹੇ ਪੈਰ ਗੰਢੂ ਕਲਾਂ ਦੇ ਸਕੂਲ ਵਿੱਚ ਇੱਕ ਸਾਹਿਤਕ ਸਮਾਗਮ ਰੱਖ ਲਿਆ।
ਜਦੋਂ ਅਸੀਂ ਪਿੰਡ ਦੇ ਲੋਕਾਂ ਨਾਲ ਡਾ. ਤਰਸੇਮ ਦੀ ਜਾਣ ਜਾਣ ਪਛਾਣ ਇਹ ਕਹਿ ਕਿ ਕਰਵਾਈ ਕਿ ਉਹ ਆਪਣੀਆਂ ਬਾਹਰੀ ਦੋ ਅੱਖਾਂ ਦੀ ਬਜਾਇ ਆਪਣੇ ਮੱਥੇ ਵਿਚਲੀ ਤੀਸਰੀ ਅੱਖ ਤੋਂ ਵਧੇਰੇ ਕੰਮ ਲੈਂਦੇ ਹਨ ਅਤੇ ਮਲੇਰ ਕੋਟਰਲਾ ਦੇ ਸਰਕਾਰੀ ਕਾਲਜ ਵਿੱਚ ਪ੍ਰੋਫੈਸਰ ਹਨ ਤਾਂ ਕਿਸੇ ਨੂੰ ਸਾਡੀ ਗੱਲ ਤੇ ਇਤਬਾਰ ਹੀ ਨਾ ਆਵੇ ਕਿ ਕੀ ਅਜਿਹਾ ਵੀ ਹੋ ਸਕਦਾ ਹੈ? ਜਦੋਂ ਪਿੰਡ ਦੇ ਲੋਕਾਂ ਤੇ ਉਨ੍ਹਾਂ ਦੀ ਵਿਦਵਤਾ ਨੂੰ ਨੇੜਿਉਂ ਮਾਣਿਆ ਤਾਂ ਜਿਵੇਂ ਸਾਰਾ ਪਿੰਡ ਉਨ੍ਹਾਂ ਦਾ ਮੁਰੀਦ ਹੋ ਗਿਆ। ਦੋ ਕੁ ਘੰਟੇ ਉਨ੍ਹਾਂ ਦਾ ਸਾਥ ਮਾਨਣ ਵਾਲਾ ਸਾਰੇ ਪਿੰਡ ਵਾਸੀ ਚਾਹੁੰਦੇ ਸਨ ਕਿ ਉਹ ਉਸਨੂੰ ਆਪਣੇ ਘਰ ਲਿਜਾ ਕਿ ਚਾਹ ਦੁੱਧ ਦੀ ਸੇਵਾ ਜਰੂਰ ਕਰਨ। ਰਾਤੀਂ ਉਹ ਤੇ ਮਹਿਤਾਬ ਬੋਹਾ ਸਾਡੇ ਕੋਲ ਹੀ ਰਹੇ ਤੇ ਅੱਧੀ ਰਾਤ ਤੱਕ ਸਾਹਿਤਕ ਚੁੰਝ ਚਰਚਾ ਚਲਦੀ ਰਹੀ।
ਸੰਨ 87 ਤੋਂ ਲੈ ਕੇ ਉਨ੍ਹਾਂ ਦੇ ਸਦੀਵੀ ਵਿਛੋੜਾ ਦੇਣ ਤੱਕ ਮੇਰੀ ਨੇੜਤਾ ਕਦੇ ਘੱਟ ਤੇ ਕਦੇ ਵੱਧ ਰੂਪ ਵਿੱਚ ਉਨ੍ਹਾਂ ਨਾਲ ਬਣੀ ਰਹੀ। ਮਲੇਰ ਕੋਟਲੇ ਮਹਿਤਾਬ ਕੋਲ ਜਾਂਦਾ ਤਾਂ ਉਨ੍ਹਾਂ ਨੂੰ ਮਿਲੇ ਬਗੈਰ ਵਪਾਸ ਨਾ ਆਉਂਦਾ। ਦਸ ਪੰਦਰਾਂ ਸਾਲ ਉਨ੍ਹਾਂ ਦੀ ਛਪੀ ਹਰ ਕਿਤਾਬ ਵੀ ਮੇਰੇ ਕੋਲ ਪਹੁੰਚਦੀ ਰਹੀ, ਫਿਰ ਕੁਝ ਵਕਫ਼ਾ ਪੈ ਗਿਆ। ਕੇਂਦਰੀ ਪੰਜਾਬੀ ਲੇਖਕ ਸਭਾ ਦਾ ਦੋ ਹਿੱਸਿਆ ਵਿੱਚ ਵੰਡੇ ਜਾਣਾ ਤੇ ਮੇਰਾ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਨਾਲ ਜੁੜਨਾ ਵੀ ਇਸ ਗੈਪ ਦਾ ਇੱਕ ਕਾਰਨ ਸੀ। 2015 ਉਹਨਾਂ ਦੀ ਸਾਹਿਤਕ ਸਵੈ ਜੀਵਨੀ ‘ਕਲਮ ਤੇ ਕਾਲਮ’ ਕਿਸੇ ਪਰਚੇ ਵੱਲੋਂ ਮੇਰੇ ਕੋਲ ਸਮੀਖਿਆ ਹਿਤ ਆਈ ਤੇ ਮੈਂ ਇਸ ਬਾਰੇ ਨਿੱਠ ਕੇ ਲਿਖਿਆ ਤਾਂ ਸਾਡੇ ਸਬੰਧਾਂ ਵਿੱਚ ਆਈ ਖੜੋਤ ਟੁੱਟ ਗਈ। ਡਾ.ਤਰਸੇਮ ਨੇ ਨੈਸ਼ਨਲ ਬੁੱਕ ਟਰੱਸਟ ਵੱਲੋਂ ਛਾਪੀ ਆਪਣੀ ਸਵੈ-ਜੀਵਨੀ ‘ਧ੍ਰਿਤਰਾਸ਼ਟਰ’ ਦਾ ਹਿੰਦੀ ਸੰਸਕਰਨ ਮੈਂਨੂੰ ਭੇਜਦਿਆਂ ਕਿਹਾ ਕਿ ਇਸ ਬਾਰੇ ਵੀ ਮੈਂ ਆਪਣੀ ਰਾਇ ਮੈਂਨੂੰ ਜਰੂਰ ਉਨ੍ਹਾਂ ਤੱਕ ਪੁੱਜਦੀ ਕਰਾਂ। ਉਨ੍ਹਾਂ ਦੀ ਸੰਪਾਦਨਾ ਹੇਠ ਛਪਦਾ ਪਰਚਾ ‘ਨਜ਼ਰੀਆ’ ਵੀ ਨਿਰੰਤਰ ਮੇਰੀ ਨਜ਼ਰ ਚੜ੍ਹਦਾ ਰਿਹਾ। ਵਧਦੀ ਉਮਰ ਕਰਕੇ ਸਾਹਿਤਕ ਸਮਾਗਮਾਂ ਤੇ ਉਨ੍ਹਾਂ ਦੀ ਹਾਜ਼ਰੀ ਘੱਟ ਰਹਿਣ ਲੱਗੀ ਪਰ ਇਸਦੀ ਕਸਰ ਅਸੀਂ ਫੋਨ ’ਤੇ ਗੱਲ ਕਰਕੇ ਪੂਰੀ ਕਰ ਲੈਂਦੇ।
ਲੇਖਕਾਂ ਦਾ ਆਪਣਾ ਇੱਕ ਵੱਖਰਾ ਸਮਾਜ ਹੁੰਦਾ ਹੈ, ਭਾਈਚਾਰਾ ਹੁੰਦਾ ਹੈ ਜਿਸ ਵਿੱਚ ਵਿਚਰਦਿਆਂ ਉਹ ਆਪਣੀਆਂ ਸਾਹਿਤਕ ਰੁਚੀਆਂ ਅਨੁਸਾਰ ਆਪਣੀਆਂ ਦੋਸਤੀਆਂ ਤੇ ਨਿੱਜੀ ਸਬੰਧਾਂ ਦਾ ਨਿਰਮਾਣ ਕਰਦੇ ਹਨ। ਉਹ ਦੂਸਰੇ ਲੇਖਕਾਂ ਨਾਲ ਰਿਸ਼ਤੇਦਾਰੀ ਵਰਗੇ ਪਰਿਵਾਰਕ ਤੇ ਨਿੱਜੀ ਸਬੰਧ ਵੀ ਪੈਦਾ ਕਰਦੇ ਹਨ ਤੇ ਕੁਝ ਸ਼ਰੀਕੇਬਾਜੀਆਂ ਵੀ ਉਨ੍ਹਾਂ ਦੇ ਹਿੱਸੇ ਆਉਂਦੀਆਂ ਹਨ। ਡਾ. ਐੱਸ.ਤਰਸੇਮ ਨੂੰ ਵੀ ਜਿੱਥੇ ਲੇਖਕਾਂ ਪਾਠਕਾ ਦਾ ਮਣਾਂ ਮੂੰਹੀਂ ਪਿਆਰ ਤੇ ਸਤਿਕਾਰ ਮਿਲਿਆ ਉੱਥੇ ਕੁਝ ਮਨ ਮੁਟਾਵ ਵੀ ਚਾਹੇ ਜਾਂ ਅਣਚਾਹੇ ਰੂਪ ਵਿੱਚ ਉਨ੍ਹਾਂ ਦੇ ਹਿੱਸੇ ਆਏ। ਇਹ ਉਨ੍ਹਾਂ ਦੇ ਸੁਭਾਉ ਦੀ ਖਾਸੀਅਤ ਸੀ ਕਿ ਉਹ ਦੂਸਰੇ ਲੇਖਕਾਂ ਪ੍ਰਤੀ ਆਪਣੇ ਮਨ ਵਿੱਚ ਪੈਦਾ ਹੋਏ ਕਿਸੇ ਗਿਲੇ ਸ਼ਿਕਵੇ ਜਾਂ ਰੋਸ ਨੂੰ ਆਪਣੇ ਦਿਲ ਦਿਮਾਗ ਵਿੱਚ ਸਥਾਈ ਪਨਾਹ ਨਹੀਂ ਸਨ ਦੇਂਦੇ। ਸੰਨ 2011 ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਚੋਣ ਸਮੇਂ ਜਦੋਂ ਪ੍ਰਗਤੀਸ਼ੀਲ ਧਿਰ ਕਹਾਉਂਦੇ ਲੇਖਕ ਦੋ ਧੜਿਆਂ ਵਿੱਚ ਵੰਡੇ ਗਏ ਤਾਂ ਇੱਕ ਧਿਰ ਦੇ ਲੇਖਕਾਂ ਨੇ ਡਾ. ਐੱਸ ਤਰਸੇਮ ਨੂੰ ਉਸ ਭਾਅ ਗੁਰਸ਼ਰਨ ਸਿੰਘ ਦੇ ਮੁਕਾਬਲੇ ਵਿੱਚ ਪ੍ਰਧਾਨਗੀ ਦਾ ਉਮੀਦਵਾਰ ਐਲਾਨ ਦਿੱਤਾ, ਜਿਸਨੂੰ ਉਹ ਸੱਚੇ ਦਿਲੋਂ ਲੋਕਾਂ ਦਾ ਵੱਡਾ ਤੇ ਮਹਾਨ ਲੇਖਕ ਮੰਨਦਾ ਰਹੇ ਸਨ। ਭਾਵੇਂ ਉਹ ਭਾਅ ਜੀ ਤੋਂ 56 ਵੋਟਾਂ ਵੱਧ ਲੈ ਚੋਣ ਜਿੱਤ ਗਏ ਪਰ ਉਨ੍ਹਾਂ ਦੇ ਦਿਲ ਵਿੱਚ ਭਾਅ ਜੀ ਦੇ ਖਿਲਾਫ਼ ਚੋਣ ਲੜਨ ਦਾ ਮਲਾਲ ਰਿਹਾ। ਚੋਣ ਜਿੱਤਣ ਤੋਂ ਬਾਦ ਉਹ ਭਾਅ ਜੀ ਦੇ ਘਰ ਗਏ ਤੇ ਇਸ ਗੱਲੋਂ ਆਪਣੀ ਬੇ-ਵਸੀ ਜ਼ਾਹਰ ਕੀਤੀ ਕਿ ਦੋ ਧਿਰਾਂ ਵਿਚਕਾਰ ਸਿੱਧੀ ਟੱਕਰ ਹੋਣ ਕਾਰਨ ਉਨ੍ਹਾਂ ਲਈ ਚੋਣ ਮੈਦਾਨ ਤੋਂ ਪਿੱਛੇ ਹਟਣਾ ਸੰਭਵ ਨਹੀਂ ਸੀ। ਵੱਡੇ ਦਿਲ ਵਾਲੇ ਭਾਅ ਜੀ ਨੇ ਉਨ੍ਹਾਂ ਨੂੰ ਸ਼ਾਬਾਸ਼ੀ ਵੀ ਦਿੱਤੀ ਤੇ ਪੂਰਾ ਸਹਿਯੋਗ ਦੇਣ ਦਾ ਵਿਸਵਾਸ਼ ਵੀ ਦਿਵਾਇਆ ਤੇ ਇਸ ਤਰ੍ਹਾਂ ਦੋਹਾਂ ਦਾ ਇੱਕ ਦੂਜੇ ਲਈ ਪਿਆਰ ਸਤਿਕਾਰ ਬਣਿਆ ਰਿਹਾ।
ਡਾ. ਐੱਸ. ਤਰਸੇਮ ਬਹੁ ਵਿਧਾਈ ਲੇਖਕ ਸਨ। ਉਨ੍ਹਾਂ ਆਪਣਾ ਸਾਹਿਤਕ ਸਫਰ ਕਵਿਤਾ ਤੋਂ ਸ਼ੁਰੂ ਕੀਤਾ ਤੇ ਫਿਰ ਕਵਿਤਾ ਤੋਂ ਕਹਾਣੀ, ਕਹਾਣੀ ਤੋਂ ਆਲੋਚਨਾ ਤੇ ਆਲੋਚਨਾ ਤੋਂ ਵਾਰਤਕ ਤੱਕ ਦਾ ਸਫਰ ਕਰਦਿਆਂ ਆਪਣੀ ਕਲਮ ਦੀ ਨੋਕ ਹੇਠ ਆਈ ਹਰ ਸਾਹਿਤਕ ਵਿਧਾ ਨਾਲ ਪੂਰਾ ਇਨਸਾਫ ਕੀਤਾ। ਗਜ਼ਲ ਦੇ ਅਰੂਜ਼ ਤੇ ਪਿੰਗਲ ਬਾਰੇ ਉਸਦੀ ਸੂਝ ਅਤੇ ਮੁਹਾਰਤ ਕਈ ਉਸਤਾਦ ਗਜ਼ਲਗੋ ਨਾਲੋਂ ਵੀ ਵੱਧ ਸੀ ਪਰ ਉਨ੍ਹਾਂ ਉਸਤਾਦ ਸ਼ਾਗਿਰਦ ਪਰੰਪਰਾਂ ਤੋਂ ਦੂਰੀ ਹੀ ਬਣਾਈ ਰੱਖੀ।
ਨੇਤਰਹੀਣ ਹੋਣ ਕਾਰਨ ਉਨ੍ਹਾਂ ਨੂੰ ਪੜ੍ਹਨ ਲਿਖਣ ਵਿੱਚ ਮਦਦ ਕਰਨ ਲਈ ਕੋਈ ਨਾ ਕੋਈ ਸਹਾਇਕ ਜਰੂਰ ਰੱਖਣਾ ਪੈਂਦਾ ਸੀ। ਇਹ ਉਹਨਾਂ ਦੀ ਵਿਦਵਤਾ ਤੇ ਸੰਗਤ ਦਾ ਹੀ ਕਮਾਲ ਸੀ ਕਿ ਉਨ੍ਹਾਂ ਦੇ ਸਹਾਇਕ ਰਹੇ ਨੌਜਵਾਨ ਵੀ ਹੁਣ ਸਾਹਿਤ ਦੇ ਖੇਤਰ ਵਿੱਚ ਬਹੁਤ ਉੱਘੜਵੀਂ ਪਛਾਣ ਬਣਾ ਚੁੱਕੇ ਹਨ। ਦੋ ਦਰਜਣ ਮੌਲਿਕ ਤੇ ਇੰਨੀਆਂ ਹੀ ਸੰਪਾਦਿਤ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਉਣ ਵਾਲਾ ਇਹ ਅਲਬੇਲਾ ਸਾਹਿਤਕਾਰ ਸਾਡੇ ਚੇਤਿਆਂ ਦਾ ਹਮੇਸ਼ਾ ਹਿੱਸਾ ਬਣਿਆ ਰਹੇ, ਇਹੀ ਦੁਆ ਮੰਗਦਾ ਹਾਂ।
*****
(ਨੋਟ: ਹਰ ਲੇਖਕ ਆਪਣੀ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1500)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)