NiranjanBoha7ਲੇਖਕਾਂ ਵਿਚਲੀ ਕੋਈ ਵੀ ਵੰਡ ਸਾਹਿਤ ਲਈ ਹੀ ਨਹੀਂ, ਮਨੁੱਖਤਾ ਲਈ ਵੀ ਘਾਤਕ ਹੈ ...
(ਮਈ 1, 2016)


ਜਦੋਂ ਪੰਜਾਬੀ ਸਾਹਿਤ ਦੀ ਕਿਸੇ ਵੀ ਵਿਧਾ ਵਿਚ ਹਾਸ਼ੀਆ ਕ੍ਰਿਤ ਲੋਕਾਂ ਦੀ ਗੱਲ ਤੁਰਦੀ ਹੈ ਤਾਂ ਇਕ ਦਮ ਸਮਾਜਿਕ ਅਤੇ ਆਰਥਿਕ ਪਛੜੇਵੇਂ ਦਾ ਦੁਖਾਂਤ ਭੋਗਣ ਦੇ ਨਾਲ ਨਾਲ ਜਾਤੀ ਉਤਪੀੜਨ ਦੇ ਸ਼ਿਕਾਰ ਲੋਕਾਂ ਦੇ ਚਿਹਰੇ ਸਾਡੀਆਂ ਨਜ਼ਰਾਂ ਅੱਗੇ ਆ ਜਾਂਦੇ ਹਨ। ਇਹਨਾਂ ਦੱਬੇ ਕੁਚਲੇ ਲੋਕਾਂ ਦੀ ਜੀਵਨ ਬਿਹਤਰੀ ਲਈ ਸੰਵਿਧਾਨਕ ਹੱਦਾਂ ਵਿਚ ਰਹਿ ਕੇ ਸੰਘਰਸ਼ ਕਰਨ ਵਾਲੇ ਅੰਬੇਦਕਾਰੀ ਚਿੰਤਕ ਅਤੇ ਤਿੱਖੇ ਜਮਾਤੀ ਸੰਘਰਸ਼ ਦੇ ਹਾਮੀ ਮਾਰਕਸਵਾਦੀ ਚਿੰਤਕ ਇਹਨਾਂ ਨੂੰ ਅਕਸਰ ਦਲਿਤ ਲੋਕਾਂ ਦਾ ਨਾਂ ਦੇਂਦੇ ਹਨ
ਦਲਿਤ ਕਹਾਉਂਦੇ ਇਹਨਾਂ ਲੋਕਾਂ ਦੇ ਜੀਵਨ ਬਾਰੇ ਚਰਚਾ ਕਰਨ ਅਤੇ ਇਹਨਾਂ ਨੂੰ ਆਪਣੇ ਪਾਤਰ ਬਣਾਉਣ ਵਾਲੀਆਂ ਸਾਹਿਤਕ ਰਚਨਾਵਾਂ ਨੂੰ ਵੀ ਅਕਸਰ ਦਲਿਤ ਸਾਹਿਤ ਕਹਿ ਦਿੱਤਾ ਜਾਂਦਾ ਹੈਜਦੋਂ ਕਿ ਸਾਹਿਤ ਆਪਣੇ ਆਪ ਵਿਚ ਕਦੇ ਦਲਿਤ ਜਾਂ ਦੱਬਿਆ ਕੁਚਲਿਆ ਨਹੀਂ ਹੁੰਦਾ। ਦਲਿਤ ਲੋਕਾਂ ਦੇ ਹੱਕਾਂ ਅਤੇ ਹਿਤਾਂ ਦੀ ਪੈਰਵਾਈ ਕਰਨ ਅਤੇ ਉਹਨਾਂ ਨੂੰ ਜੀਵਨ ਦੇ ਧਨਾਤਮਕ ਅਰਥਾਂ ਤੋਂ ਜਾਣੂ ਕਰਵਾਉਣ ਵਾਲੇ ਕਿਸੇ ਸਿਰਜਣਾਤਮਕ ਮਾਧਿਅਮ ਨੂੰ ਦਲਿਤ ਨਾਂ ਦੇਣਾ ਇਕ ਵੱਡੀ ਤਕਨੀਕੀ ਉਕਾਈ ਹੈ। ਸਿਰਜਣਾ ਅਤੇ ਪ੍ਰੇਰਣਾ ਦਾ ਕੋਈ ਸੋਮਾ ਦਲਿਤ ਹੋ ਵੀ ਕਿਵੇਂ ਹੋ ਸਕਦਾ ਹੈ? ਪੰਜਾਬੀ ਸਾਹਿਤ ਦੀ ਹਰ ਵਿਧਾ ਨੇ ਦਲਿਤ ਲੋਕਾਂ ਦੀ ਜੀਵਨ ਪੱਧਤੀ ਦਾ ਬਹੁਪ੍ਰਤੀ, ਬਹੁ-ਦਿਸ਼ਾਵੀਬਹੁ-ਪੜਾਵੀ ਅਤੇ ਬਹੁ-ਮੰਤਵੀ ਅਧਿਐਨ ਕਰਕੇ ਇਹਨਾਂ ਲੋਕਾਂ ਦੇ ਸਮਾਜਿਕ, ਆਰਥਿਕਰਾਜਨੀਤਕ ਅਤੇ ਸਭਿਆਚਾਰਕ ਉਥਾਨ ਲਈ ਲੋੜੀਂਦਾ ਵਾਤਾਵਰਨ ਤਿਆਰ ਕਰਨ ਲਈ ਬਹੁਤ ਅਹਿਮ ਭੂਮਿਕਾ ਨਿਭਾਈ ਹੈਇਸ ਲਈ ਇਹ ਦਲਿਤ ਦੀ ਬਜਾਇ ਸਿਰਜਕ ਸਾਹਿਤ ਕਹਾਉਣ ਦਾ ਹੱਕਦਾਰ ਹੈ।

ਦਲਿਤਾਂ ਬਾਰੇ ਲਿਖੇ ਪੰਜਾਬੀ ਸਾਹਿਤ ਦੀਆਂ ਵੀ ਆਪਣੀਆਂ ਸੀਮਾਵਾਂ ਅਤੇ ਸਮਰਥਾਵਾਂ ਹਨ। ਅਜਿਹਾ ਸਾਹਿਤ ਸਮਾਜ ਦੇ ਬਹੁ-ਗਿਣਤੀ ਦੱਬੇ-ਕੁਚਲੇ ਲੋਕਾਂ ਦੀ ਪ੍ਰਤੀਨਿਧਤਾ ਕਰਦਾ ਹੈ ਫਿਰ ਵੀ ਅਤਿ ਹਾਸ਼ੀਆਂ ਕ੍ਰਿਤ ਬਹੁਤ ਸਾਰੇ ਲੋਕ ਇਸ ਦੇ ਦਾਇਰੇ ਵਿੱਚੋਂ ਬਾਹਰ ਰਹਿ ਜਾਂਦੇ ਹਨ ਜਾਤੀਗਤ ਸੰਸਕਾਰਾਂ ਕਾਰਨ ਇਹ ਸਾਹਿਤ ਡੂੰਘੇ ਆਰਥਿਕ ਸੰਕਟ ਵਿਚ ਫਸੀ ਛੋਟੀ ਕਿਸਾਨੀਛੋਟੀ ਦੁਕਾਨਦਾਰੀ, ਛੋਟੀ ਮੁਲਾਜ਼ਮਤ ਅਤੇ ਸਵਰਨ ਜਾਤੀ ਕਹੇ ਜਾਂਦੇ ਲੋਕਾਂ ਵਿਚਲੇ ਮਜ਼ਦੂਰ ਵਰਗ ਨਾਲ ਸਬੰਧਤ ਮਸਲੇ ਉੰਨੀ ਗੰਭੀਰਤਾ ਨਾਲ ਨਹੀਂ ਵਿਚਾਰਦਾਜਿੰਨੀ ਹਮਦਰਦੀ ਇਹ ਜਾਤੀ ਉਤਪੀੜਨ ਦੇ ਸ਼ਿਕਾਰ ਲੋਕਾਂ ਨਾਲ ਰੱਖਦਾ ਹੈ। ਸਮਾਜ ਦੇ ਅਤਿ ਹਾਸ਼ੀਆਂ ਕ੍ਰਿਤ ਲੋਕ ਜਿਵੇਂ ਖੁਸਰੇ, ਵੇਸਵਾਵਾਂ, ਮੁੱਲ ਦੀਆਂ ਔਰਤਾਂ, ਸਮਲਿੰਗੀ ਅਤੇ ਛੜੇ ਆਦਿ ਵੀ ਇਸ ਦੇ ਦਾਇਰੇ ਤੋਂ ਬਾਹਰ ਰਹਿ ਜਾਂਦੇ ਹਨ। ਦਲਿਤਾਂ ਬਾਰੇ ਰਚੇ ਗਏ ਜਾਂ ਰਚੇ ਜਾ ਰਹੇ ਸਾਹਿਤ ਦਾ ਮੈਂ ਪੂਰਾ ਸਨਮਾਨ ਕਰਦਾ ਹਾਂ ਪਰ ਮੇਰਾ ਮਤ ਇਹ ਵੀ ਹੈ ਕਿ ਕਿ ਸਾਹਿਤ ਦੀਆਂ ਸੀਮਾਵਾਂ ਤੋਂ ਬਾਹਰ ਰਹੇ ਅਤਿ ਹਾਸ਼ੀਆ ਕ੍ਰਿਤ ਲੋਕਾਂ ਨੂੰ ਵੀ ਮਨੁੱਖੀ ਹਮਦਰਦੀ ਦਾ ਪਾਤਰ ਬਣਾਉਣ। ਵੇਸਵਾਵਾਂ, ਖੁਸਰੇ ਅਤੇ ਮੁੱਲ ਦੀਆਂ ਔਰਤਾਂ ਅਜਿਹੇ ਅਤਿ ਹਾਸ਼ੀਆ ਕ੍ਰਿਤ ਤੇ ਸੰਤਾਪੇ ਲੋਕ ਹਨ ਜਿਹੜੇ ਆਪਣੀ ਸਮਾਜਿਕ ਸਥਿਤੀ ਵਿਚ ਕੋਸ਼ਿਸ਼ ਕਰਨ ਤੇ ਵੀ ਅਹਿਮ ਤਬਦੀਲੀ ਨਹੀਂ ਲਿਆ ਸਕਦੇ।

ਕਈ ਅਰਥਾਂ ਵਿਚ ਤਾਂ ਇਹਨਾਂ ਲੋਕਾਂ ਦਾ ਮਾਨਸਿਕ ਸੰਤਾਪ ਦਲਿਤ ਕਹੇ ਜਾਂਦੇ ਲੋਕਾਂ ਤੋਂ ਵੀ ਵੱਡਾ ਹੈ। ਲਗਭਗ ਸਮਾਜ ਵਿੱਚੋਂ ਛੇਕੇ ਹੋਣ ਦੀ ਤ੍ਰਾਸਦੀ ਭੋਗਦੇ ਇਹ ਲੋਕ ਬਿਨਾਂ ਕਸੂਰ ਤੋਂ ਹੀ ਸਮਾਜਿਕ ਤੌਰ ’ਤੇ ਭਾਰੀ ਅਪਮਾਨ ਦਾ ਸਾਹਮਣਾ ਕਰ ਰਹੇ ਹਨ। ਹੈਰਾਨੀ ਦੀ ਗੱਲ ਹੈ ਕਿ ਹਮੇਸ਼ਾ ਦੀਨ-ਦੁਖੀਆਂ ਅਤੇ ਮਜ਼ਲੂਮਾਂ ਦੇ ਹੱਕ ਵਿਚ ਖੜ੍ਹਨ ਵਾਲੇ ਸਾਹਿਤਕ ਖੇਤਰ ਵੱਲੋਂ ਵੀ ਇਹਨਾਂ ਨੂੰ ਬਣਦੀ ਹਮਦਰਦੀ ਨਹੀਂ ਦਿੱਤੀ ਜਾ ਰਹੀ ਕੇਵਲ ਪੰਜਾਬੀ ਸਾਹਿਤ ਵਿਚ ਹੀ ਨਹੀਂ, ਸਗੋਂ ਸਮੁੱਚੇ ਭਾਰਤੀ ਸਾਹਿਤ ਵਿਚ ਵੀ ਇਹਨਾਂ ਲੋਕਾਂ ਬਾਰੇ ਰਚੇ ਸਾਹਿਤ ਦੀ ਘਾਟ ਪਾਈ ਜਾ ਰਹੀ ਹੈ। ਪੰਜਾਬੀ ਸਾਹਿਤ ਦੇ ਖੇਤਰ ਵਿਚ ਹਰ ਸਾਲ ਹਜ਼ਾਰਾਂ ਦੀ ਤਾਦਾਦ ਵਿਚ ਸਾਹਿਤਕ ਪੁਸਤਕਾਂ ਛਪਦੀਆਂ ਹਨ ਪਰ ਉਹਨਾਂ ਪੁਸਤਕਾਂ ਦੀ ਗਿਣਤੀ ਆਟੇ ਵਿਚ ਲੂਣ ਦੇ ਬਰਾਬਰ ਹੈ, ਜਿਹੜੀਆਂ ਅਜਿਹੇ ਲੋਕਾਂ ਨੂੰ ਮਨੁੱਖੀ ਹਮਦਰਦੀ ਦਾ ਪਾਤਰ ਬਣਾਉਂਦੀਆ ਹੋਣ। ਹਾਸ਼ੀਆ ਕ੍ਰਿਤ ਅਤੇ ਦਲਿਤ ਲੋਕਾਂ ਦੀ ਪਹਿਚਾਣ ਬਾਰੇ ਆਪਣੀ ਸੋਚ ਦਾ ਦਾਇਰਾ ਵੱਡਾ ਕਰਕੇ ਹੀ ਅਸੀਂ ਸਹੀ ਅਰਥਾਂ ਵਿਚ ਦਲਿਤ ਪੱਖੀ ਕਹਾਉਣ ਦਾ ਹੱਕ ਹਾਸਿਲ ਕਰ ਸਕਦੇ ਹਾਂ।

ਬੀਤੇ ਦਿਨੀਂ ਪੰਜਾਬੀ ਯੂਨੀਵਰਸਟੀ ਵਿਚ ਪੰਜਾਬ ਦੇ ਹਾਸ਼ੀਆਂ ਕ੍ਰਿਤ ਲੋਕਾਂ ਬਾਰੇ ਕਰਾਏ ਗਏ ਸੈਮੀਨਾਰ ਸਮੇਂ ਇਕ ਖੋਜ ਵਿਦਿਆਰਥੀ ਨੇ ਇਹ ਸਵਾਲ ਵੀ ਉਠਾਇਆ ਸੀ ਕਿ ਕੀ ਦਲਿਤਾਂ ਬਾਰੇ ਚੰਗੀ ਸਾਹਿਤ ਰਚਨਾ ਕੇਵਲ ਦਲਿਤ ਸ਼੍ਰੇਣੀ ਨਾਲ ਸਬੰਧਤ ਲੇਖਕ ਹੀ ਲਿਖ ਸਕਦਾ ਹੈ। ਨਿਰਸੰਦੇਹ ਗੈਰ ਦਲਿਤ ਸ਼੍ਰੇਣੀ ਨਾਲ ਸਬੰਧਤ ਲੇਖਕਾਂ ਦੇ ਮੁਕਾਬਲੇ ਦਲਿਤ ਸ਼੍ਰੇਣੀ ਨਾਲ ਸਬੰਧਤ ਲੇਖਕ ਦਲਿਤ ਲੋਕਾਂ ਦੀ ਵੇਦਨਾ ਅਤੇ ਸੰਵੇਦਨਾ ਦਾ ਵੱਧ ਸ਼ਿੱਦਤ ਨਾਲ ਚਿਤਰਣ ਕਰ ਸਕਦੇ ਹਨ ਦਲਿਤ ਮਸਲਿਆਂ ਬਾਰੇ ਲਿਖਣ ਵਾਲੇ ਵਧੇਰੇ ਲੇਖਕਾਂ ਦੇ ਬਚਪਨ ਨੇ ਤਤਕਲੀਨ ਸਮੇਂ ਦੇ ਯਥਾਰਥ ਦੀ ਕਰੂਰਤਾਂ ਨੂੰ ਆਪਣੇ ਨੰਗੇ ਪਿੰਡੇ ਤੇ ਹੰਢਾਇਆ ਹੁੰਦਾ ਹੈ, ਇਸ ਲਈ ਉਹਨਾਂ ਦੀਆਂ ਲਿਖਤਾਂ ਦਲਿਤ ਵੇਦਨਾ ਦੀ ਸਜੀਵਤਾ ਨੂੰ ਪੂਰੀ ਤਰ੍ਹਾਂ ਬਰਕਰਾਰ ਰੱਖ ਸਕਦੀਆਂ ਹਨ। ਪਰ ਗੈਰ ਦਲਿਤ ਸ਼੍ਰੇਣੀ ਦੇ ਲੇਖਕਾਂ ਕੋਲੋਂ ਦਲਿਤ ਮਸਲਿਆਂ ਤੇ ਲਿਖਣ ਦਾ ਹੱਕ ਖੋਹਣਾ ਵੀ ਕਿਸੇ ਲਿਹਾਜ਼ ਨਾਲ ਤਰਕਸੰਗਤ ਨਹੀਂ ਹੈ। ਸਾਹਿਤ ਦਾ ਕੋਈ ਵੀ ਵਿਸ਼ਾ ਕਿਸੇ ਖਾਸ ਲੇਖਕ ਵਰਗ ਲਈ ਰਾਖਵਾਂ ਨਹੀਂ ਰੱਖਿਆ ਜਾ ਸਕਦਾ ਹੈ।

ਕੁਝ ਲੇਖਕਾਂ ਵੱਲੋਂ ਦਲਿਤ ਲੋਕਾਂ ਬਾਰੇ ਲਿਖਣ ਦਾ ਹੱਕ ਕੇਵਲ ਆਪਣੇ ਲਈ ਹੀ ਰਾਖਵਾਂ ਰੱਖਣ ਦੀਆਂ ਕੋਸ਼ਿਸ਼ਾਂ ਉਸ ਵੇਲੇ ਸਾਹਮਣੇ ਆਉਂਦੀਆਂ ਹਨ ਜਦੋਂ ਉਹ ਗੈਰ ਦਲਿਤ ਸ਼੍ਰੇਣੀ ਨਾਲ ਸਬੰਧਤ ਲੇਖਕਾਂ ਵੱਲੋਂ ਦਲਿਤ ਵਿਸ਼ੇ ’ਤੇ ਲਿਖੀ ਗਈ ਕਿਸੇ ਰਚਨਾ ਦਾ ਵਿਰੋਧ ਕਰਨਾ ਸ਼ੁਰੂ ਕਰ ਦੇਂਦੇ ਹਨ। ਸਮਰੱਥ ਕਹਾਣੀਕਾਰ ਵਰਿਆਮ ਸੰਧੂ ਦੀ ਕਹਾਣੀ ਨੌਂ, ਬਾਰਾਂ, ਦਸ’ ਦਾ ਵੀ ਇਸੇ ਆਧਾਰ ’ਤੇ ਵਿਰੋਧ ਹੋਇਆ ਹੈ। ਵਿਰੋਧ ਕਰਤਾਵਾਂ ਦੀ ਇਸ ਦਲੀਲ ਵਿਚ ਦਮ ਹੈ ਕਿ ਗੈਰ ਦਲਿਤ ਲੇਖਕ ਦਲਿਤ ਲੋਕਾਂ ਦੇ ਦਰਦਾਂ ਦੀ ਥਾਹ ਨਹੀਂ ਪਾ ਸਕਦਾ। ਜੇ ਉਹਨਾਂ ਦੀ ਗੱਲ ਮੰਨ ਵੀ ਲਈਏ ਤਾਂ ਦੂਸਰੇ ਪਾਸੇ ਸਾਹਿਤ ਦੀ ਯਥਾਰਥਿਕਤਾ ਇਹ ਵੀ ਮੰਗ ਕਰਦੀ ਹੈ ਕਿ ਕਿਸੇ ਸੱਮਸਿਆ ਪ੍ਰਤੀ ਭਾਵੁਕ ਪਹੁੰਚ ਅਪਨਾਉਣ ਦੀ ਬਜਾਇ ਥੋੜ੍ਹਾ ਵਿੱਥ ਤੋਂ ਖੜ੍ਹ ਕੇ ਵੇਖਣ ਪਰਖਣ ਨਾਲ ਹੀ ਸੰਤੁਲਿਤ ਨਤੀਜੇ ਹਾਸਿਲ ਕੀਤੇ ਜਾ ਸਕਦੇ ਹਨ। ਦਲਿਤ ਸ਼੍ਰੇਣੀ ਨਾਲ ਸਬੰਧਤ ਰਿਹਾ ਸਾਹਿਤ ਵੀ ਕਈ ਵਾਰ ਦਲਿਤਾਂ ਉੱਤੇ ਹੁੰਦੇ ਜ਼ਬਰ ਜ਼ੁਲਮ ਨੂੰ ਇੰਨੇ ਭਾਵੁਕ ਨਜ਼ਰੀਏ ਤੋਂ ਪੇਸ਼ ਕਰਦਾ ਹੈ ਕਿ ਮਸਲਾ ਜਮਾਤੀ ਤੋਂ ਜਾਤੀ ਰੰਗਣ ਲੈ ਲੈਂਦਾ ਹੈ ਤੇ ਨਫਰਤ ਨੂੰ ਪਨਾਹ ਦੇਣ ਵਾਲੀਆਂ ਨਵੀਆਂ ਸਮਾਜਿਕ ਵੰਡੀਆਂ ਪੈਦਾ ਹੋ ਜਾਂਦੀਆਂ ਹਨ।

ਦਲਿਤ ਲੋਕਾਂ ਬਾਰੇ ਲਿਖੇ ਜਾਣ ਵਾਲੇ ਸਾਹਿਤ ਦੀਆ ਸੀਮਾਵਾਂ ਨੂੰ ਵਿਸਥਾਰ ਦੇਣ ਲਈ ਸਾਨੂੰ ਦਲਿਤ ਅਤੇ ਗੈਰ ਦਲਿਤ ਲੇਖਕਾਂ ਦੇ ਨਾਂ ’ਤੇ ਪੈ ਰਹੀਆਂ ਵੰਡੀਆਂ ਨੂੰ ਰੋਕਣਾ ਹੀ ਪਵੇਗਾ ਲੇਖਕਾਂ ਵਿਚਲੀ ਕੋਈ ਵੀ ਵੰਡ ਸਾਹਿਤ ਲਈ ਹੀ ਨਹੀਂ, ਮਨੁੱਖਤਾ ਲਈ ਵੀ ਘਾਤਕ ਹੈ ਜੇ ਦਰਸ਼ਨ ਜੋਗਾ ਵਰਗਾ ਸਧਾਰਣ ਸ਼੍ਰੇਣੀ ਨਾਲ ਸਬੰਧਤ ਲੇਖਕ ਕਹਾਣੀ ਕੱਚੀਆਂ ਇੱਟਾਂ’ ਲਿਖ ਕੇ ਕੱਚੀਆਂ ਇੱਟਾਂ ਦੇ ਘਰਾਂ ਵਿਚ ਰਹਿਣ ਵਾਲੇ ਲੋਕਾਂ ਦੇ ਦੁੱਖਾਂ ਦਰਦਾਂ ਨਾਲ ਉਸੇ ਤਰ੍ਹਾਂ ਦੀ ਸਾਂਝ ਪਾਉਂਦਾ ਹੈ, ਜਿਸ ਤਰ੍ਹਾਂ ਦੀ ਸਾਂਝ ਦਲਿਤ ਸ਼੍ਰੇਣੀ ਨਾਲ ਸਬੰਧਤ ਲੇਖਕ ਇਹਨਾਂ ਲੋਕਾਂ ਨਾਲ ਰੱਖਦੇ ਹਨ ਤਾਂ ਉਸਦਾ ਸੁਆਗਤ ਕਰਨਾ ਬਣਦਾ ਹੈ। ਚੰਗਾ ਹੋਵੇ ਜੇ ਲੇਖਕ ਨੂੰ ਜਾਤਾਂ ਗੋਤਾਂ ਵਿਚ ਵੰਡਣ ਦੀ ਥਾਂ ਕੇਵਲ ਲੇਖਕ ਹੀ ਰਹਿਣ ਦਿੱਤਾ ਜਾਵੇ। ਜੇ ਲੇਖਕ ਹੀ ਜਾਤਾਂ ਗੋਤਾਂ ਜਾਂ ਦਲਿਤ ਅਤੇ ਗੈਰ ਦਲਿਤ ਦੇ ਸਵਾਲਾਂ ਵਿਚ ਉਲਝਿਆ ਹੈ ਤਾਂ ਫਿਰ ਇਸ ਕਲੰਕਿਤ ਬਿਮਾਰੀ ਨੂੰ ਖਤਮ ਕਰਨ ਲਈ ਪਹਿਲਕਦਮੀ ਕੌਣ ਕਰੇਗਾ?

*****

(273)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਨਿਰੰਜਨ ਬੋਹਾ

ਨਿਰੰਜਨ ਬੋਹਾ

Phone: (91 - 89682 - 82700)
Email: (niranjanboha@yahoo.com)

More articles from this author