“ਮਨੁੱਖ ਅੰਦਰਲੀ ਮਾਨਵੀ ਸੋਚ ਨਾ ਤਾਂ ਕਦੇ ਪੂਰਨ ਤੌਰ ’ਤੇ ਮਰੀ ਹੈ ਤੇ ਨਾ ਹੀ ਕਦੇ ਮਰੇਗੀ। ਕਈ ਵਾਰ ਤਾਂ ...”
(12 ਅਕਤੂਬਰ 2023)
ਹਰਿਆਣਾ ਪੰਜਾਬੀ ਸਾਹਿਤ ਤੇ ਸੱਭਿਆਚਾਰਕ ਮੰਚ ਰਤੀਆ (ਹਰਿਆਣਾ) ਵੱਲੋਂ ਆਯੋਜਿਤ ਇੱਕ ਗੋਸ਼ਟੀ ਸਮੇਂ ਮੈਂ ‘ਪੰਜਾਬੀ ਮਿੰਨੀ ਕਹਾਣੀ ਵਿੱਚ ਪਰਿਵਾਰਕ ਅਤੇ ਸਮਾਜਿਕ ਰਿਸ਼ਤਿਆਂ ਦਾ ਬੋਧ’ ਵਿਸ਼ੇ ’ਤੇ ਬੋਲ ਰਿਹਾ ਸਾਂ ਕਿ ਇੱਕ ਗੰਭੀਰ ਕਿਸਮ ਦੇ ਪਾਠਕ ਨੇ ਵਿਚਾਲਿਉਂ ਹੀ ਸਵਾਲ ਕਰ ਦਿੱਤਾ ਕਿ ਪੰਜਾਬੀ ਲੇਖਕ ਕੇਵਲ ਸਮਾਜ ਦੀ ਡਰਾਉਣੀ ਤਸਵੀਰ ਹੀ ਕਿਉਂ ਪੇਸ਼ ਕਰ ਰਹੇ ਹਨ ਤੇ ਇਹ ਲੇਖਕ ਸਮਾਜਕ ਰਿਸ਼ਤਿਆਂ ਪ੍ਰਤੀ ਨਿਰਾਸ਼ ਕਿਉਂ ਹਨ? ਉਸ ਪਾਠਕ ਦਾ ਤਰਕ ਸੀ ਕਿ ਸਾਡੇ ਸਮਾਜਿਕ ਅਤੇ ਪਰਿਵਾਰਕ ਰਿਸ਼ਤੇ ਅਜੇ ਇੰਨੇ ਵੀ ਸਵਾਰਥੀ ਨਹੀਂ ਬਣੇ, ਜਿੰਨੀ ਵਧਾ ਚੜ੍ਹਾ ਕੇ ਪੰਜਾਬੀ ਲੇਖਕਾਂ ਵੱਲੋਂ ਇਨ੍ਹਾਂ ਦੀ ਤਸਵੀਰ ਪੇਸ਼ ਕੀਤੀ ਜਾ ਰਹੀ ਹੈ। ਪਾਠਕ ਦਾ ਸਵਾਲ ਇੱਕ ਦੋ ਨਹੀਂ, ਸਗੋਂ ਪੰਜਾਬੀ ਦੇ ਸਾਰੇ ਹੀ ਲੇਖਕਾਂ ਨੂੰ ਜਵਾਬਦੇਹ ਬਣਾਉਂਦਾ ਸੀ। ਆਪਣੀ ਸੂਝ ਦੀ ਸਮਰੱਥਾ ਮੁਤਾਬਿਕ ਉਸ ਵੇਲੇ ਤਾਂ ਮੈਂ ਆਜੋਕੇ ਪੂੰਜੀਵਾਦੀ ਪ੍ਰਬੰਧ ਦੇ ਮਨੁੱਖਤਾ ਵਿਰੋਧੀ ਖਾਸੇ ਨੂੰ ਇਸ ਤਰ੍ਹਾਂ ਦੇ ਵਰਤਾਰੇ ਲਈ ਦੋਸ਼ੀ ਠਹਿਰਾ ਕੇ ਉਠਾਏ ਸਵਾਲ ਦਾ ਜਵਾਬ ਦੇ ਤਾਂ ਦਿੱਤਾ ਪਰ ਸਵਾਲ ਵਿਚਲੀ ਗੰਭੀਰਤਾ ਅਤੇ ਸੰਜੀਦਗੀ ਕਾਰਨ ਮੈਂ ਆਪਣੇ ਵੱਲੋਂ ਦਿੱਤੇ ਜਵਾਬ ਤੋਂ ਆਪ ਵੀ ਪੂਰੀ ਤਰ੍ਹਾਂ ਸਤੁੰਸ਼ਟ ਨਹੀਂ ਸਾਂ। ਉਸ ਪਾਠਕ ਦੇ ਸਵਾਲ ਨੇ ਮੇਰੇ ਅੰਦਰ ਕਈ ਹੋਰ ਵੀ ਸਵਾਲ ਪੈਦਾ ਕਰ ਦਿੱਤੇ।
ਮੈਂ ਬਹੁਤ ਸਮੇਂ ਤੋਂ ਖੁਦ ਵੀ ਇਹ ਮਹਿਸੂਸ ਕਰ ਰਿਹਾ ਸਾਂ ਕਿ ਅਜੋਕਾ ਪੰਜਾਬੀ ਲੇਖਕ, ਖਾਸ ਕਰਕੇ ਮਿੰਨੀ ਕਹਾਣੀਕਾਰ, ਮਨੁੱਖ ਵਿੱਚੋਂ ਮਨੁੱਖੀ ਸੰਵੇਦਨਾ ਦੇ ਮਰ ਜਾਣ ਦੀ ਗੱਲ ਤਾਂ ਬਹੁਤ ਉੱਚੀ ਸੁਰ ਵਿੱਚ ਕਰ ਰਿਹਾ ਹੈ ਪਰ ਪ੍ਰਤੀਕੂਲ ਹਾਲਾਤ ਵਿੱਚ ਮਨੁੱਖਤਾ ਦੇ ਵੀ ਜਿਉਂਦੇ ਹੋਣ ਦੀ ਗਵਾਹੀ ਦੇਣ ਵਾਲੀ ਸੋਚ ਨੂੰ ਉਸ ਤਰ੍ਹਾਂ ਨਾਲ ਉਤਸ਼ਾਹਿਤ ਨਹੀਂ ਕਰ ਰਿਹਾ, ਜਿਸ ਤੋਂ ਪਾਠਕ ਵੀ ਉਸ ਵਰਗੀ ਮਨੁੱਖਤਾਵਾਦੀ ਸੋਚ ਅਪਣਾਉਣ ਦੀ ਪ੍ਰੇਰਣਾ ਲੈ ਸਕੇ। ਪੰਜਾਬੀ ਲੇਖਕਾਂ ਦਾ ਸਮਾਜਿਕ ਨਜ਼ਰੀਆ ਲਗਾਤਾਰ ਇੱਕ ਪਾਸੜ ਬਣਦਾ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਸਮਾਜ ਤੇ ਸਮਾਜਿਕ ਰਿਸ਼ਤਿਆਂ ਵਿੱਚ ਕੇਵਲ ਕਮੀਆਂ ਹੀ ਕਮੀਆਂ ਵਿਖਾਈ ਦਿੰਦੀਆਂ ਹਨ। ਅੱਜ ਦਾ ਲੇਖਕ ਗੈਰਮਨੁੱਖੀ ਸਮਾਜਿਕ ਵਰਤਾਰੇ ਅਤੇ ਸਮਾਜਿਕ ਰਿਸ਼ਤਿਆਂ ਵਿੱਚ ਵਧ ਰਹੀ ਬਿਗਾਨਗੀ ਦੀ ਭਾਵਨਾ ਨੂੰ ਇਸ ਤਰ੍ਹਾਂ ਉਭਾਰ ਕੇ ਪੇਸ਼ ਕਰ ਰਿਹਾ ਹੈ, ਜਿਵੇਂ ਇਨ੍ਹਾਂ ਰਿਸ਼ਤਿਆਂ ਵਿੱਚੋਂ ਆਪਣੇਪਣ ਦੀ ਭਾਵਨਾ ਬਿਲਕੁਲ ਹੀ ਖਤਮ ਹੋ ਗਈ ਹੋਵੇ ਤੇ ਕੋਈ ਵੀ ਸਮਾਜਿਕ ਰਿਸ਼ਤਾ ਭਰੋਸੇਯੋਗ ਨਾ ਰਿਹਾ ਹੋਵੇ।
ਇਹ ਤਰਕ ’ਤੇ ਅਧਾਰਿਤ ਸਚਾਈ ਹੈ ਕਿ ਸਮਾਜਿਕ ਸਥਿਤੀਆਂ ਵਿੱਚ ਆਉਣ ਵਾਲੇ ਬਦਲਾਵ ਨਾਲ ਮਨੁੱਖੀ ਚਿੰਤਨ ਅਤੇ ਵਿਚਾਰਧਾਰਾ ਵਿੱਚ ਵੀ ਬਦਲਾਵ ਆਉਂਦਾ ਰਹਿੰਦਾ ਹੈ। ਹਰ ਮਨੁੱਖ ਅੰਦਰ ਚੰਗੇ ਅਤੇ ਬੁਰੇ ਵਿਚਾਰ ਇੱਕੋ ਸਮੇਂ ਮੌਜੂਦ ਰਹਿੰਦੇ ਹਨ ਤੇ ਅਜਿਹੇ ਪਰਸਪਰ ਵਿਰੋਧੀ ਵਿਚਾਰਾਂ ਦਾ ਦੰਵਦਾਤਮਕ ਯੁੱਧ ਵੀ ਉਸ ਅੰਦਰ ਹਮੇਸ਼ਾ ਚਲਦਾ ਰਹਿੰਦਾ ਹੈ। ਭਾਵੇਂ ਅਜੋਕੇ ਪੂੰਜੀਵਾਦੀ ਯੁਗ ਨੇ ਮਨੁੱਖ ਨੂੰ ਇਸ ਹੱਦ ਤਕ ਵਿਅਕਤੀਵਾਦੀ ਬਣਾ ਦਿੱਤਾ ਹੈ ਕਿ ਸਵਾਰਥ-ਸਿੱਧੀ ਹੀ ਉਸਦੇ ਜੀਵਨ ਦਾ ਉਦੇਸ਼ ਬਣ ਗਈ ਹੈ ਪਰ ਮੈਂ ਸੋਚਦਾ ਹਾਂ ਕਿ ਲੇਖਕ ਨੂੰ ਪੂੰਜੀਵਾਦੀ ਕੀਮਤਾਂ ਦਾ ਵਿਰੋਧ ਜਾਰੀ ਰੱਖਦਿਆਂ ਵੀ ਮਨੁੱਖ ਅੰਦਰ ਸੁੱਤੀ ਪਈ ਇਨਸਾਨੀਅਤ ਨੂੰ ਜਗਾਉਣ ਦੇ ਯਤਨ ਕਰਦੇ ਰਹਿਣਾ ਚਾਹੀਦਾ ਹੈ। ਕਿਸੇ ਵੀ ਮਨੁੱਖ ਅੰਦਰ ਮਨੁੱਖਤਾ ਤੇ ਚੰਗਿਆਈ ਕਦੇ ਵੀ ਪੂਰਨ ਤੌਰ ’ਤੇ ਨਹੀਂ ਮਰਦੀ ਸਗੋਂ ਕੁਝ ਸਮੇਂ ਲਈ ਹੈਵਾਨੀਅਤ ਅਤੇ ਬੁਰਾਈ ਦੇ ਭਾਰ ਹੇਠ ਦੱਬ ਜ਼ਰੂਰ ਜਾਂਦੀ ਹੈ। ਇਸ ਲਈ ਮੈਂ ਜ਼ਰੂਰੀ ਸਮਝਦਾ ਹਾਂ ਕਿ ਪੰਜਾਬੀ ਲੇਖਕ ਸਮਾਜਿਕ ਬੁਰਾਈਆਂ ਅਤੇ ਸਮਾਜਿਕ ਰਿਸ਼ਤਿਆਂ ਵਿੱਚ ਆ ਰਹੇ ਨਿਘਾਰ ’ਤੇ ਉਂਗਲ ਰੱਖਣ ਦੇ ਨਾਲ ਨਾਲ ਮਨੁੱਖ ਅੰਦਰਲੀਆਂ ਚੰਗਿਆਈਆਂ ਦੀ ਅਭਿਵਿਅਕਤੀ ਵੀ ਬਰਾਬਰ ਦੀ ਸ਼ਿੱਦਤ ਨਾਲ ਕਰੇ। ਮੇਰਾ ਇਹ ਮੰਨਣਾ ਹੈ ਕਿ ਮਨੁੱਖਤਾ ਅਤੇ ਚੰਗਿਆਈ ਘੱਟ ਜਾ ਵੱਧ ਰੂਪ ਵਿੱਚ ਹਰ ਹਾਲ ਤੇ ਹਰ ਕਾਲ ਵਿੱਚ ਆਪਣੀ ਹੋਂਦ ਬਣਾਈ ਰੱਖਦੀ ਹੈ। ਇਸ ਲਈ ਇਹ ਵੀ ਪੰਜਾਬੀ ਲੇਖਕ ਦਾ ਫਰਜ਼ ਹੈ ਸਰਬੱਤ ਦਾ ਭਲਾ ਮੰਗਣ ਵਾਲੀ ਸੋਚ ਨੂੰ ਥਾਪੜਾ ਦੇ ਕੇ ਇਸ ਸੋਚ ਦੇ ਫੈਲਾਉ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਵੇ।
ਪਿਛਲੇ ਦਿਨੀਂ ਮੈਂ ਛਿੰਦਰ ਕੌਰ ਸਿਰਸਾ ਦੀ ਪੁਸਤਕ ‘ਕਨੇਡਾ ਦੇ ਸੁਪਨਮਈ ਦਿਨ’ ਪੜ੍ਹ ਰਿਹਾ ਸਾਂ। ਇਸ ਪੁਸਤਕ ਵਿੱਚ ਲੇਖਕਾ ਵੱਲੋਂ ਹੰਢਾਏ ਗਏ ਅਨੇਕਾਂ ਪਰਿਵਾਰਕ ਤੇ ਸਮਾਜਿਕ ਰਿਸ਼ਤਿਆਂ ਦਾ ਵਿਸਥਾਰਤ ਵਰਣਨ ਹੈ। ਲੇਖਿਕਾ ਦਾ ਮਾਨਵੀ ਭਾਵਨਾਵਾਂ ਨਾਲ ਲਬਰੇਜ਼ ਸੁਭਾਅ ਜਿੱਥੇ ਪਹਿਲਾਂ ਦੇ ਪਰਿਵਾਰਕ ਰਿਸ਼ਤਿਆਂ ਵਿਚਲੇ ਨਿੱਘ ਨੂੰ ਬਰਕਰਾਰ ਰੱਖਦਾ ਹੈ, ਉੱਥੇ ਉਹ ਪੂੰਜੀਵਾਦੀ ਚੇਤਨਾ ਦਾ ਸਿਖ਼ਰ ਸਮਝੇ ਜਾਣ ਵਾਲੇ ਦੇਸ਼ ਕੈਨੇਡਾ ਵਿੱਚ ਜਾ ਕੇ ਵੀ ਪਰਿਵਾਰਕ ਰਿਸ਼ਤਿਆਂ ਦਾ ਨਿੱਘ ਵੀ ਮਾਣਦੀ ਹੈ, ਭਾਰਤ ਤੇ ਪਾਕਿਸਤਾਨ ਦੇ ਅਦੀਬਾਂ ਨਾਲ ਨਵੇਂ ਮਨੁੱਖੀ ਰਿਸ਼ਤੇ ਵੀ ਪੈਦਾ ਕਰਦੀ ਹੈ। ਛਿੰਦਰ ਕੌਰ ਵੱਲੋਂ ਹੰਢਾਏ ਤੇ ਨਵੇਂ ਬਣਾਏ ਜਾ ਰਹੇ ਕਿਸੇ ਵੀ ਰਿਸ਼ਤੇ ਵਿੱਚ ਨਿੱਘ ਹੀ ਨਿੱਘ ਤੇ ਮਿਠਾਸ ਹੀ ਮਿਠਾਸ ਵਿਖਾਈ ਦਿੰਦੀ ਹੈ। ਪੇਕੇ, ਸਹੁਰੇ ਤੇ ਆਲੇ ਦੁਆਲੇ ਦੇ ਸਮਾਜ ਦਾ ਹਰ ਰਿਸ਼ਤਾ ਉਸ ਨੂੰ ਰਾਹਤ ਅਤੇ ਮਾਨਸਿਕ ਸਕੂਨ ਦੇਣ ਵੱਲ ਹੀ ਸੇਧਤ ਵਿਖਾਈ ਦਿੰਦਾ ਹੈ। ਪੁਸਤਕ ਪੜ੍ਹਦਿਆਂ ਮੈਂਨੂੰ ਲੱਗਿਆ ਕਿ ਜਿਹੜੇ ਪੰਜਾਬੀ ਲੇਖਕ ਰਿਸ਼ਤਿਆ ਦੇ ਟੁੱਟਣ, ਤਿੜਕਣ ਅਤੇ ਸਵਾਰਥੀ ਹੋਣ ਦੇ ਦੋਸ਼ ਵਧੇਰੇ ਹੀ ਤਲਖ ਸੁਰ ਵਿੱਚ ਲਾਉਂਦੇ ਹਨ, ਕਿਤੇ ਨਾ ਕਿਤੇ ਉਨ੍ਹਾਂ ਦੀ ਆਪਣੀ ਸੋਚ ਵੀ ਤਿੜਕੀ ਹੋਈ ਹੁੰਦੀ ਹੈ। ਜੇ ਛਿੰਦਰ ਕੌਰ ਵਾਂਗ ਸਾਡੇ ਅੰਦਰ ਰਿਸ਼ਤੇ ਨਿਭਾਉਣ ਦਾ ਤੀਬਰ ਜਜ਼ਬਾ ਤੇ ਕੁਰਬਾਨੀ ਦਾ ਭਾਵ ਹੋਵੇ ਤਾਂ ਰਿਸ਼ਤਿਆਂ ਦੇ ਸਵਾਰਥੀ ਹੋਣ ਸਬੰਧੀ ਸਾਡੀਆਂ ਸ਼ਿਕਾਇਤਾਂ ਬਹੁਤ ਹੱਦ ਤਕ ਘਟ ਸਕਦੀਆਂ ਹਨ। ਅਸਲ ਵਿੱਚ ਜਦੋਂ ਅਸੀਂ ਸਮਾਜਿਕ ਰਿਸ਼ਤਿਆਂ ਦੇ ਟੁੱਟਣ ਅਤੇ ਤਿੜਕਣ ਦੀ ਸ਼ਿਕਾਇਤ ਕਰਦੇ ਹਾਂ ਤਾਂ ਸਾਰਾ ਦੋਸ਼ ਦੂਸਰਿਆਂ ’ਤੇ ਮੜ੍ਹ ਕੇ ਆਪ ਸਾਰੇ ਦੋਸ਼ਾਂ ਤੋਂ ਸੁਰਖਰੂ ਹੋ ਜਾਂਦੇ ਹਾਂ।
ਮੈਂ ਇਸ ਦਲੀਲ ਨਾਲ ਵੀ ਸਹਿਮਤ ਹਾਂ ਕਿ ਸਮਾਜ ਦੇ ਨਕਾਰਤਮਕ ਪਹਿਲੂਆਂ ’ਤੇ ਲਿਖੀਆਂ ਜਾ ਰਹੀਆਂ ਸਾਹਿਤਕ ਰਚਨਾਵਾਂ ਦਾ ਉਦੇਸ਼ ਗੈਰ ਮਨੁੱਖੀ ਸਮਾਜਿਕ ਵਾਤਾਵਰਣ ਵਿਰੁੱਧ ਨਫਰਤ ਦੇ ਭਾਵ ਪੈਦਾ ਕਰਕੇ ਪਾਠਕਾਂ ਅੰਦਰ ਇਸਦੇ ਬਦਲਾਵ ਲਈ ਸੋਚ ਪੈਦਾ ਕਰਨਾ ਹੈ ਪਰ ਮੇਰੀ ਸਮਝ ਹੈ ਕਿ ਸਮਾਜਿਕ ਯਥਾਰਥ ਨੂੰ ਮਨੁੱਖੀ ਹਿਤਾਂ ਅਨੁਸਾਰ ਢਾਲਣ ਲਈ ਕਾਰਜਸ਼ੀਲ ਵਿਅਕਤੀਆਂ ਦੇ ਜੀਵਨ ਦੇ ਸਕਾਰਾਤਮਕ ਸੱਭਿਅਕ ਤੇ ਲੋਕ ਹਿਤੈਸ਼ੀ ਪੱਖ ਵੀ ਸਾਡੀਆਂ ਸਾਹਿਤਕ ਰਚਨਾਵਾਂ ਰਾਹੀਂ ਪਾਠਕਾਂ ਲਈ ਪ੍ਰੇਰਕ ਸ਼ਕਤੀ ਬਣ ਸਕਦੇ ਹਨ। ਜੇ ਸਮਾਜ ਵਿੱਚ ਬਹੁਤ ਕੁਝ ਮਾੜਾ ਵਾਪਰ ਰਿਹਾ ਹੈ ਤਾਂ ਉਸਦਾ ਬਦਲ ਪੇਸ਼ ਕਰਨ ਦਾ ਕਾਰਜ ਵੀ ਲੇਖਕ ਵਰਗ ਦੇ ਹਿੱਸੇ ਹੀ ਆਉਂਦਾ ਹੈ। ਮਨੁੱਖ ਅੰਦਰਲੀ ਮਾਨਵੀ ਸੰਵੇਦਨਾ ਨੂੰ ਉਭਾਰਨ ਵਾਲੀਆਂ ਸਾਹਿਤਕ ਰਚਨਾਵਾਂ ਨੂੰ ਭਾਵੇਂ ਕਈ ਵਾਰ ਸਾਡੇ ਆਲੋਚਕਾਂ ਵੱਲੋਂ ਆਦਰਸ਼ਵਾਦੀ ਵੀ ਐਲਾਨ ਦਿੱਤਾ ਜਾਂਦਾ ਹੈ ਪਰ ਉਹ ਇਹ ਭੁੱਲ ਜਾਂਦੇ ਹਨ ਕਿ ਕੋਈ ਆਦਰਸ਼ ਸਿਰਜੇ ਬਿਨਾਂ ਮਾਨਵਤਾ ਅੱਗੇ ਨਹੀਂ ਵਧ ਸਕਦੀ। ਸਮਾਜ ਵਿੱਚ ਵਾਪਰਦੇ ਸਕਾਰਾਤਮਕ ਵਰਤਾਰਿਆਂ ਤੇ ਕੁਝ ਨਿੱਘੇ ਮਿੱਠੇ ਰਿਸ਼ਤਿਆਂ ਦਾ ਜ਼ਿਕਰ ਕਰਨ ਵਾਲੀਆਂ ਸਾਹਿਤਕ ਰਚਨਾਵਾਂ ਪਾਠਕਾਂ ਦੀ ਸ਼ੰਵੇਦਨਸ਼ੀਲਤਾ ’ਤੇ ਅਸਰ ਅੰਦਾਜ਼ ਹੋ ਕੇ ਸੋਚਣ ਪ੍ਰਕ੍ਰਿਆ ਨੂੰ ਗਹਿਰ ਗੰਭੀਰ ਬਣਾਉਣ ਵਿੱਚ ਵਧੇਰੇ ਸਮਰੱਥ ਹਨ। ਜੇ ਸਾਡੇ ਸਮਾਜਿਕ ਰਿਸ਼ਤੇ ਕੁਝ ਹੱਦ ਤਕ ਵਿਅਕਤੀਵਾਦੀ ਹਨ ਤਾਂ ਇਸਦਾ ਅਰਥ ਇਹ ਨਹੀਂ ਹੈ ਕਿ ਇਨ੍ਹਾਂ ਵਿੱਚ ਮੋਹ ਪਿਆਰ, ਅਪਣੱਤ ਤੇ ਕੁਰਬਾਨੀ ਦੇ ਭਾਵ ਬਿਲਕੁਲ ਹੀ ਮਨਫੀ ਹੋ ਗਏ ਹਨ। ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਤਕ ਕੇਵਲ ਰਿਸ਼ਤਿਆਂ ਦੇ ਟੁੱਟਣ, ਤਿੜਕਣ ਤੇ ਨਿਘਰਣ ਦਾ ਪੱਖ ਹੀ ਪਹੁੰਚਾਉਣਾ ਨਾ ਤਾਂ ਨਿਆਂ ਪੂਰਨ ਹੈ ਤੇ ਨਾ ਹੀ ਤਰਕ ਸੰਗਤ। ਮਨੁੱਖ ਅੰਦਰਲੀ ਮਾਨਵੀ ਸੋਚ ਨਾ ਤਾਂ ਕਦੇ ਪੂਰਨ ਤੌਰ ’ਤੇ ਮਰੀ ਹੈ ਤੇ ਨਾ ਹੀ ਕਦੇ ਮਰੇਗੀ। ਕਈ ਵਾਰ ਤਾਂ ਲਗਦਾ ਹੈ ਕਿ ਆਪਣੇ ਮਨੁੱਖੀ ਖਾਸੇ ਨੂੰ ਤਿਆਗ ਕੇ ਆਪਣੇ ਵਿਅਕਤੀਗਤ ਹਿਤਾਂ ਲਈ ਜਿਊਣ ਵਾਲੇ ਵਿਅਕਤੀ ਹੀ ਆਪਣੇ ਵਿਅਕਤੀਗਤ ਤੇ ਸਵਾਰਥੀ ਕਾਰਵਾਈਆਂ ਦਾ ਪੱਖ ਪੂਰਨ ਲਈ ਮਾਨਵਤਾ ਦੇ ਮਰ ਜਾਣ ਦਾ ਪ੍ਰਚਾਰ ਵੱਧ ਚੜ੍ਹ ਕੇ ਕਰ ਰਹੇ ਹਨ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4285)
(ਸਰੋਕਾਰ ਨਾਲ ਸੰਪਰਕ ਲਈ: (