“ਪ੍ਰਧਾਨ ਮੰਤਰੀ ਦਫਤਰ ਨੂੰ ‘ਤੀਰਥ ਭਵਨ’ ਦਾ ਨਾਂਅ ਦੇ ਦਿੱਤਾ ਗਿਆ। ਇਸ ਨਾਲ ਸ਼ਾਇਦ ਇਹ ...”
(20 ਦਸੰਬਰ 2025)
ਬਿਨਾਂ ਸ਼ੱਕ ਇਹ ਗੱਲ ਕਹਿਣ ਤੋਂ ਕਈ ਲੋਕ ਝਿਜਕਦੇ ਹਨ,ਪਰ ਆਪਸੀ ਨਿੱਜੀ ਪੱਧਰ ਦੀ ਗੱਲਬਾਤ ਵਿੱਚ ਮੰਨ ਲੈਂਦੇ ਹਨ ਕਿ ਅੱਜ ਦਾ ਭਾਰਤ ਉਹ ਦੇਸ਼ ਬਿਲਕੁਲ ਨਹੀਂ, ਜਿਹੜਾ ਦੇਸ਼ਭਗਤੀ ਲਹਿਰ ਦੇ ਸ਼ਹੀਦਾਂ ਅਤੇ ਕੁਰਬਾਨੀ ਵਾਲੇ ਹੋਰ ਪ੍ਰਵਾਨਿਆਂ ਨੇ ਚਿਤਵਿਆ ਸੀ। ਉਨ੍ਹਾਂ ਦੇ ਚਿਤਵੇ ਭਾਰਤ ਦਾ ਸਮਾਜ ਇੱਕ ਨਵੀਂ ਵਿਕਸਿਤ ਬੁਲੰਦੀ ਦਾ ਸੁਪਨਾ ਪੂਰਾ ਕਰਦਾ ਦਿਖਾਈ ਦਿੰਦਾ ਹੋਣਾ ਸੀ, ਅਮਨ-ਕਾਨੂੰਨ ਦੀ ਹਾਲਤ ਇੰਨੀ ਵਿਗੜੀ ਹੋਈ ਉਨ੍ਹਾਂ ਨੇ ਕਦੀ ਸੁਪਨੇ ਵਿੱਚ ਨਹੀਂ ਸੋਚੀ ਹੋਣੀ ਅਤੇ ਰਾਜਨੀਤੀ ਅਤੇ ਗੁੰਡਿਆਂ-ਬਦਮਾਸ਼ਾਂ ਦੇ ਤਾਲਮੇਲ ਦੀ ਅੱਜ ਵਾਲੀ ਤਸਵੀਰ ਸੋਚਣ ਦਾ ਸਵਾਲ ਕਦੇ ਨਹੀਂ ਉੱਠਿਆ ਹੋਣਾ। ਅੱਜ ਇਹ ਸਾਰੀਆਂ ਬੁਰਾਈਆਂ ਸਾਡੇ ਭਾਰਤ ਵਿੱਚ ਮੌਜੂਦ ਹਨ। ਸ਼ਾਇਦ ਹੀ ਕੋਈ ਐਬ ਬਾਕੀ ਹੋਵੇ, ਜਿਸਦੀਆਂ ਜੜ੍ਹਾਂ ਹਾਲੇ ਤਕ ਇਸ ਦੇਸ਼ ਵਿੱਚ ਨਹੀਂ ਲੱਗ ਸਕੀਆਂ, ਵਰਨਾ ਇਸ ਦੇਸ਼ ਦੀ ਰਾਜਨੀਤੀ ਨੇ ਤਾਂ ਕਾਰੋਬਾਰ ਦੇ ਪੱਖੋਂ ਭਾਵੇਂ ਕਈ ਤਰ੍ਹਾਂ ਦੀ ਪਛੇਤ ਵਿਖਾਈ ਹੋਵੇ, ਬੁਰਾਈਆਂ ਦੇ ਸਵਾਗਤ ਵਿੱਚ ਇਸਨੇ ਕਦੇ ਕੋਈ ਦੇਰ ਕੀਤੀ ਹੀ ਨਹੀਂ।
ਸਾਡਾ ਮੀਡੀਆ, ਅਤੇ ਚਸਕੇ ਲੈਣ ਗਿੱਝ ਚੁੱਕਾ ਸਾਡਾ ਮੀਡੀਆ, ਹੱਦੋਂ ਵੱਧ ਜ਼ਾਲਮਾਨਾ ਕਿਸਮ ਵਾਲੀਆਂ ਮੌਤਾਂ ਦੀ ਪੇਸ਼ਕਾਰੀ ਇੰਜ ਕਰਦਾ ਹੈ, ਜਿਵੇਂ ਭਾਰਤ ਮਾਤਾ ਦੇ ਪੁੱਤਰਾਂ ਨੇ ਕੋਈ ਵੱਡਾ ਕਾਰਨਾਮਾ ਕਰ ਵਿਖਾਇਆ ਹੋਵੇ ਅਤੇ ਇਸ ਨਾਲ ਦੁਨੀਆ ਵਿੱਚ ਭਾਰਤ ਦਾ ਸਿਰ ਉੱਚਾ ਹੋ ਜਾਣਾ ਹੋਵੇ। ਕਿਸੇ ਥਾਂ ਕੋਈ ਵਿਅਕਤੀ ਕਤਲ ਕਰਨ ਦੀ ਖਬਰ ਆਉਂਦੀ ਹੈ, ਜੇ ਉਹ ਸਧਾਰਨ ਮੌਤ ਹੋਵੇ, ਫਿਰ ਸਾਡਾ ਮੀਡੀਆ ਉਸ ਨੂੰ ਪੇਸ਼ਕਾਰੀ ਕਰਨ ਯੋਗ ਮੰਨਣ ਦੀ ਥਾਂ ਕੋਈ ਹੋਰ ਖਬਰ ਲੱਭਣ ਲਗਦਾ ਹੈ, ਪਰ ਜੇ ਕਤਲ ਬੜੀ ਬੇਰਹਿਮੀ ਨਾਲ ਕੀਤਾ ਗਿਆ ਹੋਵੇ ਤਾਂ ਉਸ ਖਬਰ ਨੂੰ ਮੀਡੀਆ ਦੇ ਲੋਕ ਭੱਜ ਕੇ ਬੋਚਦੇ ਅਤੇ ਫਿਰ ਕਈ ਦਿਨ ਉਸਦੀ ਵਾਰ-ਵਾਰ ਰਟ ਲਾਉਂਦੇ ਹਨ। ਇਸਦੀ ਥਾਂ ਕਿਸੇ ਕਾਲਜ ਜਾਂ ਸਕੂਲ ਦੇ ਬੱਚਿਆਂ ਨੇ ਕੋਈ ਚੰਗਾ ਕੰਮ ਕੀਤਾ ਹੋਵੇ, ਕਿਸੇ ਸਮਾਜੀ ਜੀਵ ਨੇ ਕਿਸੇ ਦੇ ਭਲੇ ਦਾ ਕੋਈ ਕਾਰਜ ਕਰਨ ਬਾਰੇ ਸੂਚਨਾ ਦਿੱਤੀ ਹੋਵੇ ਜਾਂ ਸੱਦਾ-ਸੁਨੇਹਾ ਹੀ ਕਿਉਂ ਨਾ ਦਿੱਤਾ ਹੋਵੇ, ਉਹ ਪੇਸ਼ ਕੀਤੇ ਜਾਣ ਦੇ ਯੋਗ ਨਹੀਂ ਲਗਦਾ। ਇਹੋ ਜਿਹੀ ਤਸਵੀਰ ਪੇਸ਼ ਕਰਦੇ ਰਹਿਣ ਨੇ ਸਾਡੇ ਦੇਸ਼ ਦੇ ਲੋਕਾਂ ਦੀ ਮਾਨਸਿਕਤਾ ਇਹੋ ਜਿਹੀ ਕਰ ਦਿੱਤੀ ਹੈ ਕਿ ਉਹ ਹਰ ਸਾਈਟ ਜਾਂ ਚੈਨਲ ਤੋਂ ਇੱਦਾਂ ਦੀਆਂ ਖਬਰਾਂ ਅਤੇ ਰਿਪੋਰਟਾਂ ਲੱਭਣ ਲੱਗੇ ਰਹਿੰਦੇ ਹਨ। ਇਹ ਭਾਰਤ ਦੀ ਅੱਜ ਦੀ ਤਸਵੀਰ ਹੈ। ਕਿਉਂਕਿ ਅੱਜ ਤਕ ਭਾਰਤ ਨੇ ਕੋਈ ਸਾਰਥਿਕ ਮੋੜਾ ਕੱਟਣ ਦੇ ਸੰਕੇਤ ਬੜੇ ਘੱਟ ਦਿੱਤੇ ਹਨ। ਇਸ ਕਰ ਕੇ ਇਹ ਆਸ ਕਰਨੀ ਫਜ਼ੂਲ ਹੈ ਕਿ ਇਸ ਵਿਗੜ ਚੁੱਕੀ ਅਤੇ ਆਏ ਦਿਨ ਹੋਰ ਵਿਗੜਦੀ ਜਾਂਦੀ ਮਾਨਸਿਕਤਾ ਦੇ ਸੁਧਾਰ ਲਈ ਕੋਈ ਯਤਨ ਹੋਣਗੇ।
ਫਿਰ ਇਹ ਯਤਨ ਕਰਨੇ ਵੀ ਕਿਸਨੇ ਹਨ! ਕੀ ਉਹ ਸਾਧ-ਸੰਤ ਇਹ ਸਭ ਕਰਨਗੇ, ਜਿਹੜੇ ਦੁਨੀਆਦਾਰੀ ਨਾਲ ਨਿਭਣ ਲਈ ਰੋਟੀ-ਰੋਜ਼ੀ ਵਾਲੇ ਯਤਨ ਕਰਨ ਦੀ ਥਾਂ ਜ਼ਿੰਦਗੀ ਤੋਂ ਭਗੌੜੇ ਹੋ ਗਏ ਸਨ? ਕੀ ਉਹ ਸਿਆਸੀ ਲੀਡਰ ਇਹ ਕੁਝ ਕਰਨਗੇ, ਜਿਨ੍ਹਾਂ ਵਿੱਚੋਂ ਬਹੁਤਿਆਂ ਦਾ ਆਪਣਾ ਕਾਰੋਬਾਰ ਕੋਈ ਨਹੀਂ, ਸਿਰਫ ਰਾਜਨੀਤੀ ਉਨ੍ਹਾਂ ਦਾ ਕਾਰੋਬਾਰ ਹੈ ਤੇ ਇਸ ਕਾਰੋਬਾਰ ਵਿੱਚ ਨੋਟਾਂ ਦੀ ਫਸਲ ਹਰ ਰੁੱਤ ਵਿੱਚ ਹੋਰ ਤੋਂ ਹੋਰ ਮੁਨਾਫੇ ਵਾਲੀ ਹੁੰਦੀ ਰਹਿੰਦੀ ਹੈ। ਰਿਸ਼ਵਤ ਲੈਣ ਦੇ ਦੋਸ਼ ਹੇਠ ਸੀ ਬੀ ਆਈ ਜਾਂਚ ਏਜੰਸੀ ਵੱਲੋਂ ਫੜੇ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਵਰਗੇ ਬੰਦੇ ਨਾਲ ਜਿਹੜੇ ਕਿਸੇ ਟਾਊਟ ਦੀ ਅੱਖ ਮਿਲ ਜਾਇਆ ਕਰਦੀ ਸੀ, ਉਸਦੇ ਪਰਿਵਾਰ ਦੇ ਲਈ ਲਹਿਰਾਂ ਲੱਗ ਜਾਂਦੀਆਂ ਹਨ। ਬਿਨਾਂ ਕੋਈ ਕੰਮ ਕੀਤੇ ਤੋਂ ਇਨ੍ਹਾਂ ਦੀ ਕਮਾਈ ਪੰਜਾਬੀ ਦੇ ਅਖਾਣ ‘ਹਿੰਗ ਲੱਗੇ ਨਾ ਫਟਕੜੀ, ਰੰਗ ਵੀ ਚੋਖਾ’ ਦੀ ਸਾਰਥਿਕਤਾ ਸਮਝ ਲੈਣ ਬਾਲੇ ਬੰਦੇ ਜਦੋਂ ਕੁਝ ਕਰਨ ਦੀ ਥਾਂ ਮੰਗ-ਖਾਣੇ ਤੇ ਲੁੱਟ-ਖਾਣੇ ਬਣ ਚੁੱਕੇ ਹਨ ਤਾਂ ਇਨ੍ਹਾਂ ਤੋਂ ਕਿਸੇ ਭਲੇ ਦੀ ਆਸ ਰੱਖਣੀ ਆਪਣੇ ਆਪ ਨੂੰ ਧੋਖਾ ਦੇਣ ਵਾਲੀ ਗੱਲ ਹੈ। ਇਹ ਸੱਚ ਸਾਰੇ ਲੋਕਾਂ ਨੂੰ ਪਤਾ ਹੋਣ ਦੇ ਬਾਵਜੂਦ ਇਸ ਕਿਸਮ ਦੇ ਟਾਊਟਾਂ ਅਤੇ ਵਿਚੋਲਿਆਂ ਦਾ ਧੰਦਾ ਜਾਰੀ ਹੈ ਅਤੇ ਹਰ ਸਰਕਾਰ ਦੇ ਰਾਜ ਵਿੱਚ ਇਸੇ ਤਰ੍ਹਾਂ ਚੱਲਦਾ ਰਹਿੰਦਾ ਹੈ।
ਸਮਾਜ ਜਿਹੜੇ ਦੌਰ ਵਿੱਚ ਡਿੱਕੋਡੋਲੇ ਖਾਂਦੀ ਕਿਸ਼ਤੀ ਵਾਲੀ ਹਾਲਤ ਵਿੱਚ ਫਸਿਆ ਜਾਪਦਾ ਹੈ, ਬਹੁਤ ਸਾਰੇ ਦੇਸ਼ਾਂ ਵਿੱਚ ਇੱਦਾਂ ਦੇ ਵਕਤ ਨਿਆਂ ਪਾਲਿਕਾ ਕੁਝ ਸਖਤ ਕਦਮ ਚੁੱਕਣ ਵਾਸਤੇ ਖੁਦ ਅੱਗੇ ਆਉਂਦੀ ਅਤੇ ਦੇਸ਼ ਦੀ ਸਰਕਾਰ ਨੂੰ ਵੀ ਇਸ ਉੱਤੇ ਜ਼ੋਰ ਦਿੰਦੀ ਹੈ। ਭਾਰਤ ਦੀ ਨਿਆਂ ਪਾਲਿਕਾ ਵੀ ਇਸ ਮਾਮਲੇ ਵਿੱਚ ਨਿਘਾਰ ਦੀ ਸ਼ਿਕਾਰ ਹੈ। ਇਸ ਮੁਲਕ ਦੀ ਸਭ ਤੋਂ ਵੱਡੀ ਅਦਾਲਤ ਵਿੱਚ ਜਿਹੜਾ ਵੀ ਮੁਖੀ ਜੱਜ ਬਣਾਇਆ ਜਾਣ ਲਗਦਾ ਹੋਵੇ, ਉਸਦੀ ਨਿਯੁਕਤੀ ਕੀਤੇ ਜਾਣ ਤੋਂ ਪਹਿਲਾਂ ਹੀ ਉਸ ਬਾਰੇ ਚਰਚੇ ਚੱਲ ਨਿਕਲਦੇ ਹਨ ਕਿ ਇਹ ਫਲਾਣੀ ਸੋਚ ਨਾਲ ਜੁੜਿਆ ਜਾਂ ਫਲਾਣੀ ਪਾਰਟੀ ਦੇ ਨਾਲ ਨੇੜਤਾ ਹੀ ਨਹੀਂ, ਅੰਦਰ-ਖਾਤੇ ਅੱਖ ਮਿਲਾਈ ਰੱਖਦਾ ਹੈ। ਹਰ ਅਦਾਲਤੀ ਫੈਸਲੇ ਉੱਤੇ ਟਿੱਪਣੀਆਂ ਦੀ ਇੱਦਾਂ ਝੜੀ ਲੱਗੀ ਹੁੰਦੀ ਹੈ ਕਿ ਲੋਕਾਂ ਦਾ ਇਨਸਾਫ ਦੇ ਮੰਦਰਾਂ ਤੋਂ ਭਰੋਸਾ ਉੱਠ ਗਿਆ ਲਗਦਾ ਹੈ। ਭਾਰਤ ਦੇ ਕੁਝ ਜੱਜਾਂ ਖਿਲਾਫ ਮਹਾਂਦੋਸ਼ ਦੇ ਮਤੇ ਪਾਰਲੀਮੈਂਟ ਵਿੱਚ ਪੇਸ਼ ਹੋ ਜਾਂਦੇ ਰਹੇ ਅਤੇ ਇੱਕ ਜੱਜ ਦੇ ਖਿਲਾਫ ਮਤਾ ਇੱਕ ਹਾਊਸ ਤੋਂ ਪਾਸ ਹੋਣ ਪਿੱਛੋਂ ਉਸ ਲਈ ਖਹਿੜਾ ਛਡਾਉਣ ਵਾਸਤੇ ਅਸਤੀਫਾ ਦੇਣ ਤੋਂ ਬਿਨਾਂ ਕੋਈ ਚਾਰਾ ਨਹੀਂ ਸੀ ਰਹਿ ਗਿਆ। ਅੱਜਕੱਲ੍ਹ ਫਿਰ ਇੱਕ ਜੱਜ ਇਸੇ ਕਿਸਮ ਦੀ ਮੰਝਧਾਰ ਵਿੱਚ ਹੈ ਅਤੇ ਉਸਦੇ ਖਿਲਾਫ ਮਹਾਂਦੋਸ਼ ਦੇ ਮਤੇ ਦਾ ਨੋਟਿਸ ਦਿੱਤਾ ਹੋਣ ਦੀ ਖਬਰ ਨਾਲ ਇਹ ਖਬਰ ਵੀ ਆਈ ਹੈ ਕਿ ਕਈ ਦਰਜਨਾਂ ਸਾਬਕਾ ਜੱਜਾਂ ਨੇ ਉਸਦੇ ਪੱਖ ਵਿੱਚ ਚਿੱਠੀ ਲਿਖ ਦਿੱਤੀ ਹੈ। ਉੱਧਰ ਦੂਸਰਾ ਪੱਖ ਵੀ ਪਿੱਛੇ ਨਹੀਂ ਰਹਿਣ ਵਾਲਾ, ਕਈ ਸਾਬਕਾ ਜੱਜਾਂ ਨੇ ਉਸ ਜੱਜ ਤੇ ਉਸਦੀ ਹਿਮਾਇਤ ਕਰਨ ਵਾਲੇ ਜੱਜਾਂ ਵਿਰੁੱਧ ਚਿੱਠੀ ਲਿਖ ਕੇ ਇਸ ਵਿਵਾਦ ਨੂੰ ਹੋਰ ਅੱਗੇ ਵਧਾ ਦਿੱਤਾ ਹੈ। ਇਸੇ ਦੌਰਾਨ ਇਹ ਖਬਰ ਆ ਗਈ ਕਿ ਕੋਲਕਾਤਾ ਹਾਈ ਕੋਰਟ ਦਾ ਇੱਕ ਫੈਸਲਾ ਪਿਛਲੇ ਦਿਨੀਂ ਪਲਟ ਦਿੱਤਾ ਗਿਆ ਹੈ, ਪਰ ਖਬਰ ਇਹ ਨਹੀਂ ਕਿ ਫੈਸਲਾ ਪਲਟਿਆ ਹੈ, ਸਗੋਂ ਇਹ ਹੈ ਕਿ ਫੈਸਲਾ ਉਸ ਜੱਜ ਦਾ ਕੀਤਾ ਹੋਇਆ ਸੀ, ਜਿਸਨੇ ਉਹ ਕੇਸ ਉਸ ਕੋਲ ਨਾ ਹੋਣ ਦੇ ਬਾਵਜੂਦ ਉਹ ਫੈਸਲਾ ਸੁਣਾਇਆ ਅਤੇ ਅਗਲੇ ਦਿਨ ਅਦਾਲਤ ਵਾਲੀ ਨੌਕਰੀ ਛੱਡ ਕੇ ਭਾਜਪਾ ਵੱਲੋਂ ਉਮੀਦਵਾਰ ਬਣ ਗਿਆ ਸੀ।
ਕੁਝ ਦਹਾਕੇ ਪਹਿਲਾਂ ਇੱਕ ਵਿਵਾਦਤ ਕੇਸ ਬਾਰੇ ਇੱਕ ਹਾਈ ਕੋਰਟ ਦੇ ਜੱਜ ਨੇ ਉਹ ਫੈਸਲਾ ਦਿੱਤਾ ਸੀ, ਜਿਹੜਾ ਹਿੰਦੂਤਵ ਦੀਆਂ ਝੰਡਾ-ਬਰਦਾਰ ਜਥੇਬੰਦੀਆਂ ਦਾ ਪੱਖ ਪੂਰਦਾ ਸੀ। ਉਦੋਂ ਅਦਾਲਤਾਂ ਦੇ ਫੈਸਲਿਆਂ ਖਿਲਾਫ ਚਰਚਿਆਂ ਦਾ ਹਾਲੇ ਰਿਵਾਜ਼ ਬਹੁਤਾ ਨਹੀਂ ਸੀ ਪਿਆ, ਪਰ ਅਗਲੇ ਦਿਨੀਂ ਉਹ ਜੱਜ ਜਦੋਂ ਰਿਟਾਇਰ ਹੋਇਆ ਅਤੇ ਇੱਕ ਹਫਤੇ ਪਿੱਛੋਂ ਉਨ੍ਹਾਂ ਜਥੇਬੰਦੀਆਂ ਦੇ ਇੱਕ ਸਮਾਗਮ ਵਿੱਚ ਮੁੱਖ ਮਹਿਮਾਨ ਬਣ ਕੇ ਮੰਚ ਉੱਤੇ ਜਾ ਬੈਠਾ ਤਾਂ ਵਿਵਾਦ ਛਿੜਨ ਦਾ ਕਾਰਨ ਆਪੇ ਪੈਦਾ ਕਰ ਲਿਆ ਸੀ। ਇਸ ਵਾਰੀ ਫਿਰ ਜਿਸ ਜੱਜ ਦੇ ਖਿਲਾਫ ਮਹਾਂਦੋਸ਼ ਦੀ ਕਾਰਵਾਈ ਦੀ ਚਰਚਾ ਦੇ ਨਾਲ ਕੁਝ ਸਾਬਕਾ ਜੱਜਾਂ ਵੱਲੋਂ ਹੱਕ ਵਿੱਚ ਅਤੇ ਕੁਝ ਵੱਲੋਂ ਵਿਰੋਧ ਵਿੱਚ ਬਿਆਨਬਾਜ਼ੀ ਸ਼ੁਰੂ ਹੋਈ ਹੈ, ਉਸਦਾ ਫੈਸਲਾ ਵੀ ਫਿਰਕੂ ਪੱਖ ਤੋਂ ਇੱਕ ਵੱਡੇ ਵਿਵਾਦ ਦੀ ਜੜ੍ਹ ਬਣ ਸਕਣ ਦੀ ਸੰਭਾਵਨਾ ਰੱਖਦਾ ਹੈ ਅਤੇ ਉਸ ਰਾਜ ਨਾਲ ਸੰਬੰਧਤ ਹੈ, ਜਿਸ ਵਿੱਚ ਅਗਲੇ ਦਿਨੀਂ ਵਿਧਾਨ ਸਭਾ ਚੋਣਾਂ ਵੀ ਹੋਣੀਆਂ ਹਨ। ਦੱਖਣ ਦੇ ਜਿਹੜੇ ਦੋ ਰਾਜ ਅੱਜਕੱਲ੍ਹ ਭਾਜਪਾ ਦੇ ਕੇਂਦਰੀ ਆਗੂਆਂ ਦੀ ਨਜ਼ਰ ਹੇਠ ਅਗਲਾ ਨਿਸ਼ਾਨਾ ਹੋ ਸਕਦੇ ਹੋਣ ਦੀ ਚਰਚਾ ਚਲਦੀ ਹੈ, ਇਸ ਜੱਜ ਨੇ ਉਨ੍ਹਾਂ ਵਿੱਚੋਂ ਇੱਕ ਰਾਜ ਦੇ ਇੱਕ ਧਰਮ ਅਸਥਾਨ ਦੇ ਮਾਮਲੇ ਵਿੱਚ ਇੱਕ-ਪਾਸੜ ਫੈਸਲਾ ਦੇ ਕੇ ਉੱਥੇ ਤਣਾਓ ਦੇ ਉਹ ਹਾਲਾਤ ਪੈਦਾ ਕਰਨ ਦਾ ਕੰਮ ਕੀਤਾ ਹੈ, ਜਿਨ੍ਹਾਂ ਦਾ ਸਿੱਟਾ ਉਸ ਰਾਜ ਅਤੇ ਸਮਾਜ ਨੂੰ ਭਵਿੱਖ ਦੇ ਇੱਕ ਲੰਮੇ ਦੌਰ ਤਕ ਭੁਗਤਣਾ ਪੈ ਸਕਦਾ ਹੈ। ਵਿਰੋਧ ਦੀਆਂ ਪਾਰਟੀਆਂ ਇਸਦੀ ਨਿੰਦਾ ਕਰਦੀਆਂ ਹਨ, ਪਰ ਕੇਂਦਰ ਦੀ ਰਾਜ ਕਰਦੀ ਧਿਰ ਇਸ ਨੂੰ ਠੀਕ ਫੈਸਲਾ ਕਹਿੰਦੀ ਹੈ।
ਕਈ ਵਾਰ ਤਾਂ ਇਹ ਸਮਝਣਾ ਵੀ ਔਖਾ ਹੋ ਜਾਂਦਾ ਹੈ ਕਿ ਇਹ ਦੇਸ਼ ਚੱਲ ਕਿੱਦਾਂ ਰਿਹਾ ਹੈ! ਬੀਤੇ ਦਿਨੀਂ ਇੰਡੀਗੋ ਏਅਰਲਾਈਨ ਦਾ ਸੰਕਟ ਸਾਹਮਣੇ ਆਇਆ ਤਾਂ ਇੱਕ ਪਾਸੇ ਇੱਕ-ਇੱਕ ਹਵਾਈ ਅੱਡੇ ਉੱਤੇ ਹਜ਼ਾਰਾਂ ਮੁਸਾਫਰ ਚੀਕਦੇ ਨਜ਼ਰ ਆਏ, ਦੂਸਰੇ ਪਾਸੇ ਬਾਕੀ ਏਅਰਲਾਈਨਾਂ ਨੇ ਕਿਰਾਏ ਸੱਤ-ਅੱਠ ਗੁਣੇ ਵਧਾ ਕੇ ਲੋਕਾਂ ਦੀ ਚਮੜੀ ਉਧੇੜਨ ਵਾਲਾ ਕੰਮ ਸ਼ੁਰੂ ਕਰ ਦਿੱਤਾ ਅਤੇ ਕੇਂਦਰ ਸਰਕਾਰ ਦਾ ਵਿਹਾਰ ਇਸ ਤਰ੍ਹਾਂ ਦਾ ਸੀ, ਜਿਵੇਂ ਕੋਈ ਫਰਕ ਹੀ ਨਹੀਂ ਪਿਆ। ਆਖਰ ਜਦੋਂ ਸੰਕਟ ਵਧ ਗਿਆ ਅਤੇ ਉਸ ਏਅਰਲਾਈਨ ਦੇ ਖਿਲਾਫ ਮਜਬੂਰੀ ਵੱਸ ਕਾਰਵਾਈ ਕਰਨੀ ਪਈ ਤਾਂ ਅਗਲੀ ਕੰਬਣੀ ਲਾ ਦੇਣ ਵਾਲੀ ਖਬਰ ਇਹ ਆਈ ਕਿ ਇਸ ਏਅਰਲਾਈਨ ਦੇ ਕਈ ਜਹਾਜ਼ਾਂ ਦੇ ਪਰਮਿਟ ਰੀਨਿਊ ਨਹੀਂ ਸੀ ਕੀਤੇ ਗਏ, ਕਿਉਂਕਿ ਸੁਰੱਖਿਆ ਜ਼ਰੂਰਤਾਂ ਪੂਰੀਆਂ ਨਹੀਂ ਸਨ ਕਰਦੇ, ਇਸਦੇ ਬਾਵਜੂਦ ਉਹ ਜਹਾਜ਼ ਉਡਦੇ ਰਹੇ। ਜਿਹੜੇ ਮੁਸਾਫਰ ਉਨ੍ਹਾਂ ਜਹਾਜ਼ਾਂ ਵਿੱਚ ਸਫਰ ਕਰਦੇ ਰਹੇ ਹੋਣਗੇ, ਉਨ੍ਹਾਂ ਨੂੰ ਜਦੋਂ ਪਤਾ ਲੱਗੇਗਾ ਕਿ ਉਨ੍ਹਾਂ ਦੀ ਯਾਤਰਾ ਲਈ ਏਅਰਲਾਈਨ ਨੇ ਜਿਹੜਾ ਜਹਾਜ਼ ਵਰਤਿਆ ਸੀ, ਉਸਦੀ ਮਿਆਦ ਟੱਪੀ ਹੋਈ ਸੀ ਤਾਂ ਕੰਬ ਗਏ ਹੋਣਗੇ। ਕਮਾਲ ਦੀ ਗੱਲ ਤਾਂ ਇਹ ਹੈ ਕਿ ਇੱਡੀ ਵੱਡੀ ਖਬਰ ਭਾਰਤ ਦੇ ਮੁੱਖ ਧਾਰਾ ਦੇ ਮੀਡੀਆ ਨੂੰ ਵੀ ਨਹੀਂ ਸੀ ਮਿਲੀ ਅਤੇ ਕਿਸੇ ਖਬਰ ਏਜੰਸੀ ਤੀਕ ਵੀ ਨਹੀਂ ਪਹੁੰਚੀ, ਇੱਕ ਸੰਸਾਰ ਪੱਧਰ ਦੀ ਖਬਰ ਏਜੰਸੀ ਨੇ ਜਾਰੀ ਕੀਤੀ ਤਾਂ ਭਾਰਤੀ ਲੋਕਾਂ ਨੂੰ ਪਤਾ ਲੱਗਾ ਹੈ। ਹੋਰ ਵੱਧ ਹੈਰਾਨੀ ਦੀ ਗੱਲ ਇਹ ਕਿ ਇੱਡੀ ਸਨਸਨੀਖੇਜ਼ ਖਬਰ ਪਤਾ ਲੱਗਣ ਦੇ ਬਾਵਜੂਦ ਭਾਰਤ ਦੇ ਮੀਡੀਆ ਚੈਨਲਾਂ ਨੇ ਇਸਦੀ ਚਰਚਾ ਤਕ ਨਹੀਂ ਸੀ ਕੀਤੀ, ਮਾਮੂਲੀ ਜਿਹਾ ਜ਼ਿਕਰ ਕਰ ਕੇ ਇਸ ਤਰ੍ਹਾਂ ਛੱਡ ਦਿੱਤੀ, ਜਿਵੇਂ ਬਾਰਸ਼ ਵਿੱਚ ਗੱਡੀ ਸਲਿੱਪ ਹੋਈ, ਪਰ ਕਿਉਂਕਿ ਕਿਸੇ ਦੀ ਮੌਤ ਨਹੀਂ ਸੀ ਹੋਈ, ਇਸ ਲਈ ਇਹ ਖਾਸ ਖਬਰ ਨਹੀਂ। ਕਿਸੇ ਕ੍ਰਿਕਟ ਮੈਚ ਵਿੱਚ ਕਿਸੇ ਵੇਲੇ ਕਿਸੇ ਖਿਡਾਰੀ ਤੋਂ ਇੱਕ ਗੇਂਦ ਦਾ ਕੈਚ ਛੁੱਟ ਗਿਆ ਹੋਵੇ ਤਾਂ ਉਸ ਉੱਤੇ ਘੰਟਿਆਂ ਬੱਧੀ ਚਰਚਾ ਕਰਨ ਨੂੰ ਤਿਆਰ ਰਹਿਣ ਵਾਲਾ ਭਾਰਤੀ ਮੀਡੀਆ ਲੋਕਾਂ ਦੀ ਜਾਨ ਖਤਰੇ ਵਿੱਚ ਪਾਉਣ ਵਾਲੀ ਏਅਰਲਾਈਨ ਦੀ ਇਹ ਖਬਰ ਇਸ ਕਰ ਕੇ ਦੱਸਣ ਤੋਂ ਕੰਨੀ ਕਤਰਾ ਗਿਆ ਕਿ ਏਅਰਲਾਈਨ ਦੇ ਇਸ਼ਤਿਹਾਰਾਂ ਦੀ ਕਰੋੜਾਂ ਦੀ ਕਮਾਈ ਖਤਰੇ ਵਿੱਚ ਸੀ। ਆਪਣੇ ਹਿਤਾਂ ਲਈ ਖਤਰਾ ਭਾਰਤ ਦੇ ਮੀਡੀਏ ਨੂੰ ਦਿਸਦਾ ਹੈ, ਪਰ ਦੇਸ਼ ਦੇ ਲੋਕਾਂ ਦੀ ਜਾਨ ਦਾ ਖਤਰਾ ਮਾਮੂਲੀ ਸਮਝਿਆ ਜਾ ਸਕਦਾ ਹੈ।
ਹੋਰ ਵੀ ਕਮਾਲ ਦੀ ਗੱਲ ਅਤੇ ਸ਼ਾਇਦ ਸਭ ਤੋਂ ਵੱਧ ਕਮਾਲ ਦੀ ਗੱਲ ਇਹ ਹੈ ਕਿ ਸਾਡੇ ਭਾਰਤ ਦੇ ਲੋਕ ਆਪਣੇ ਅੰਦਰ ਹਰ ਮਾੜੀ ਤੋਂ ਮਾੜੀ ਗੱਲ ਦੀ ਚਿੰਤਾ ਹਜ਼ਮ ਕਰਨ ਦੀ ਇੰਨੀ ਸਮਰੱਥਾ ਰੱਖਦੇ ਹਨ ਕਿ ਉਨ੍ਹਾਂ ਨੂੰ ਕਦੀ ਕਿਸੇ ਉੱਤੇ ਗੁੱਸਾ ਹੀ ਨਹੀਂ ਆਉਂਦਾ। ਇਹ ਲੋਕ ‘ਚੱਲਦੀ ਦਾ ਨਾਂਅ ਗੱਡੀ’ ਦੇ ਅਖਾਣ ਨੂੰ ਮਾਨਤਾ ਦਿੰਦੇ ਹਨ ਅਤੇ ਇਸੇ ਲਈ ਕਿਸੇ ਵੀ ਕਿਸਮ ਦੀ ਸਰਕਾਰੀ, ਅਦਾਲਤੀ, ਸਮਾਜੀ ਜਾਂ ਸਿਆਸੀ ਚੁਸਤੀ ਅਤੇ ਹੋਰ ਤਾਂ ਹੋਰ, ਗੁੰਡਾਗਰਦੀ ਤਕ ਉੱਤੇ ਵੀ ਕਦੇ ਗੁੱਸਾ ਆਉਂਦਾ ਨਹੀਂ ਦਿਸਦਾ। ਭਾਰਤ ਦਾ ਮੀਡੀਆ ਕੁਝ ਦੂਸਰੇ ਦੇਸ਼ਾਂ ਵਿੱਚ ਇਹੋ ਜਿਹੇ ਹਾਲਾਤ ਵਿੱਚ ‘ਜੈਨ ਜ਼ੀ’ ਵਰਗੇ ਉਬਾਲੇ ਉੱਠ ਪੈਣ ਦੀ ਚਰਚਾ ਕਰਦਾ ਹੈ ਤਾਂ ਆਖਰ ਵਿੱਚ ਇਹ ਕਹਿਣਾ ਨਹੀਂ ਭੁੱਲਦਾ ਕਿ ਬਾਬਾ ਸਾਹਿਬ ਅੰਬੇਡਕਰ ਦੇ ਬਣਾਏ ਸੰਵਿਧਾਨ ਦਾ ਆਸਰਾ ਹੋਣ ਕਾਰਨ ਸਾਡੇ ਦੇਸ਼ ਵਿੱਚ ਇਹੋ ਜਿਹੇ ਹਾਲਾਤ ਕਦੇ ਪੈਦਾ ਹੀ ਨਹੀਂ ਹੋ ਸਕਦੇ। ਭਾਰਤ ਦੇ ਲੋਕ ਇਹ ਵੀ ਮੰਨ ਲੈਣ ਲਈ ਬੜੀ ਸੌਖ ਨਾਲ ਤਿਆਰ ਹੋ ਜਾਂਦੇ ਹਨ ਕਿ ਇਹ ਸਬਰ ਉਨ੍ਹਾਂ ਨੂੰ ਇਸ ਸੰਵਿਧਾਨ ਵਿੱਚ ਮਿਲੇ ਉਪਦੇਸ਼ਾਂ ਕਾਰਨ ਮਿਲਿਆ ਹੈ, ਉਹ ਇਹ ਵੀ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ ਕਿ ਬਾਬਾ ਸਾਹਿਬ ਅੰਬੇਡਕਰ ਵਾਲੇ ਸੰਵਿਧਾਨ ਦਾ ਸਿਰਫ ਨਾਂਅ ਲਿਆ ਜਾ ਰਿਹਾ ਹੈ, ਉਸਦੀ ਮੂਲ ਭਾਵਨਾ ਅਤੇ ਉਸ ਵੱਲੋਂ ਦਿੱਤੀ ਮੂਲ ਸੇਧ ਤਕ ਬਦਲ ਦੇਣ ਲਈ ਹਰ ਦਿਨ ਨਵੇਂ ਤੋਂ ਨਵੇਂ ਯਤਨ ਕੀਤੇ ਜਾ ਰਹੇ ਹਨ। ਪਹਿਲਾਂ ਯੋਜਨਾ ਕਮਿਸ਼ਨ ਬਦਲ ਕੇ ਨੀਤੀ ਆਯੋਗ ਵਾਲੇ ਨਵੇਂ ਨਾਂਅ ਵਾਲਾ ਫੱਟਾ ਲਾਇਆ ਗਿਆ, ਫਿਰ ਅਪਰਾਧਾਂ ਬਾਰੇ ਕਾਨੂੰਨ ਸੀ ਆਰ ਪੀ ਸੀ ਬਦਲਿਆ ਤੇ ਇਸਦੀ ਜਗ੍ਹਾ ਭਾਰਤੀ ਨਿਆਂਏ ਸੰਹਿਤਾ ਐਲਾਨੀ ਗਈ, ਉਸ ਪਿੱਛੋਂ ਚੰਗੀ ਭਲੀ ਮਜ਼ਬੂਤ ਇਮਾਰਤ ਦੇ ਬਾਵਜੂਦ ਸੌ ਸਾਲ ਪੁਰਾਣੇ ਵਿਰਾਸਤੀ ਪਾਰਲੀਮੈਂਟ ਭਵਨ ਦੀ ਥਾਂ ਨਵੀਂ ਇਮਾਰਤ ਬਣਾ ਕੇ ਕੰਮ ਸ਼ੁਰੂ ਕਰ ਦਿੱਤਾ ਗਿਆ। ਸ਼ਹਿਰਾਂ ਦੇ ਨਾਂਅ ਬਦਲਣਾ ਤਾਂ ਬਹੁਤ ਪਹਿਲਾਂ ਸ਼ੁਰੂ ਕਰ ਦਿੱਤਾ ਗਿਆ ਸੀ, ਅੱਜਕੱਲ੍ਹ ਪੁਰਾਣੀਆਂ ਲੋਕ ਭਲਾਈ ਦੀਆਂ ਸਕੀਮਾਂ ਦੇ ਨਾਂਅ ਵੀ ਬਦਲਣੇ ਸ਼ੁਰੂ ਕਰ ਦਿੱਤੇ ਗਏ ਹਨ। ਪ੍ਰਧਾਨ ਮੰਤਰੀ ਦਫਤਰ ਨੂੰ ‘ਤੀਰਥ ਭਵਨ’ ਦਾ ਨਾਂਅ ਦੇ ਦਿੱਤਾ ਗਿਆ। ਇਸ ਨਾਲ ਸ਼ਾਇਦ ਇਹ ਪ੍ਰਭਾਵ ਮਿਲਣ ਲੱਗ ਪਵੇ ਕਿ ਇਹ ਦਫਤਰ ਨਹੀਂ, ਤੀਰਥ ਹੈ, ਜਿੱਥੇ ਬੈਠੇ ਕਰਮਚਾਰੀਆਂ ਦਾ ਮੁਖੀਆ ਵੀ ਉਸੇ ਸਤਿਕਾਰ ਦਾ ਹੱਕਦਾਰ ਹੈ, ਜਿੱਦਾਂ ਦਾ ਕਿਸੇ ਧਾਰਮਿਕ ਤੀਰਥ ਦਾ ਮੁੱਖ ਪੁਜਾਰੀ ਸਮਝਿਆ ਜਾਂਦਾ ਹੈ।
ਅਸੀਂ ਪੁਰਾਣੀਆ ਕਹਾਣੀਆਂ ਸੁਣਦੇ ਆਏ ਹਾਂ ਕਿ ਇੱਕ ਰਾਜਾ ਤੇ ਇੱਕ ਧਾਰਮਿਕ ਵਿਅਕਤੀ ਆਪਸੀ ਸਹਿਮਤੀ ਨਾਲ ਰਾਜ ਚਲਾਇਆ ਕਰਦੇ ਸਨ। ਰਾਜਾ ਜੋ ਚਾਹੇ ਕਰੇ, ਪੁਜਾਰੀ ਲੋਕਾਂ ਨੂੰ ਕਹਿੰਦਾ ਰਹਿੰਦਾ ਸੀ ਕਿ ਰਾਜਾ ਈਸ਼ਵਰ ਦਾ ਰੂਪ ਹੁੰਦਾ ਹੈ, ਉਸਦਾ ਵਿਰੋਧ ਕੀਤਾ ਤਾਂ ਇਹ ਈਸ਼ਵਰ ਦੇ ਭਾਣੇ ਵਿੱਚ ਦਖਲ ਦੇਣਾ ਹੋਵੇਗਾ। ਲੋਕ ਡਰ ਜਾਂਦੇ ਸਨ ਅਤੇ ਫਿਰ ਕੋਈ ਰਾਜੇ ਖਿਲਾਫ ਬੋਲਦਾ ਤਕ ਨਹੀਂ ਸੀ। ਦੂਸਰੇ ਪਾਸੇ ਰਾਜਾ ਕਦੇ-ਕਦੇ ਵਕਤ ਕੱਢ ਕੇ ਪੁਜਾਰੀ ਅੱਗੇ ਡੰਡਾਉਤ ਕਰ ਆਉਂਦਾ ਸੀ, ਤਾਂ ਕਿ ਲੋਕ ਇਹ ਸੋਚਣ ਕਿ ਇਹ ਪੁਜਾਰੀ ਇੰਨਾ ਰੱਬ ਨੂੰ ਪਹੁੰਚਿਆ ਹੋਇਆ ਹੈ ਕਿ ਇਸ ਮੋਹਰੇ ਤਾਂ ਸਾਡਾ ਰਾਜਾ ਵੀ ਝੁਕ ਜਾਂਦਾ ਹੈ। ਉਹ ਯੁਗ ਅੱਜ ਨਹੀਂ ਰਿਹਾ, ਇਹ ਸਾਨੂੰ ਦੱਸਿਆ ਜਾਂਦਾ ਸੀ, ਪਰ ਅੱਜਕੱਲ੍ਹ ਇੱਦਾਂ ਦੇ ਹਾਲਾਤ ਬਣਦੇ ਜਾਂਦੇ ਹਨ ਕਿ ਰਾਜਾ ਅਤੇ ਪੁਜਾਰੀ ਦੀ ਉਹ ਕਹਾਣੀ ਫਿਰ ਚੇਤੇ ਆ ਸਕਦੀ ਹੈ। ਇਸ ਨਾਲ ਵੀ ਕਿਸੇ ਨੂੰ ਚਿੰਤਾ ਨਹੀਂ ਹੋਣੀ, ਕਿਉਂਕਿ ਸਾਡੇ ਲੋਕ ਬੜੇ ਵੱਡੇ ਸਬਰ ਵਾਲੇ ਹਨ, ਜੋ ਮਰਜ਼ੀ ਹੁੰਦਾ ਰਹੇ, ਸਭ ਝੱਲ ਸਕਦੇ ਹਨ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (