ShavinderKaur7ਪਤਾ ਨਹੀਂ ਕਿੰਨੀ ਦੇਰ ਹੋਰ ਸੋਚਾਂ ਦੇ ਭੰਵਰ ਵਿੱਚ ਫਸੀ ਰਹਿੰਦੀ, ਜੇ ਉਸਦੀ ਮਾਵਾਂ ਵਰਗੀ ਸੱਸ ਬਾਹੋਂ ਫੜਕੇ ...
(22 ਅਪ੍ਰੈਲ 2023)
ਇਸ ਸਮੇਂ ਪਾਠਕ: 500.


ਫਹੁੜੇ ਨਾਲ ਗੋਹਾ ਹਟਾਉਂਦਿਆਂ ਸੁਰਜੀਤੋ ਦੀ ਨਿਗ੍ਹਾ ਵੀਹੀ ਵੱਲ ਚਲੀ ਗਈ। ਵੀਹੀ ਵਿੱਚ ਸੰਧੂਰੀ ਪੱਗ ਬੰਨ੍ਹੀ ਅਤੇ ਲੋਈ ਦੀ ਬੁੱਕਲ ਮਾਰੀ ਜਾਂਦੇ ਬੰਦੇ ਨੂੰ ਪਿੱਛੋਂ ਤਕ ਕੇ ਪਤਾ ਨਹੀਂ ਉਸਦੇ ਮਨ ਵਿੱਚ ਕੀ ਆਇਆ
, ਉਸਦਾ ਪਿਲੱਤਣ ਭਰਿਆ ਚਿਹਰਾ ਸੰਧੂਰੀ ਭਾਅ ਮਾਰਨ ਲੱਗ ਪਿਆ ਠੰਢੀ ਸਵਾਹ ਵਰਗੀਆਂ ਉਸਦੀਆਂ ਬੁਝੀਆਂ ਹੋਈਆਂ ਭਾਵਹੀਣ ਅੱਖਾਂ ਵਿੱਚ ਚਮਕ ਆ ਗਈ। ਉਸੇ ਹੀ ਪਲ ਉਸਨੇ ਆਪਣੇ ਮਨ ਵਿੱਚ ਆਏ ਵਿਚਾਰ ਨੂੰ ਪਰੇ ਛੰਡਕ ਦਿੱਤਾ। ਨਹੀਂ, ਅਜਿਹਾ ਨਹੀਂ ਹੋ ਸਕਦਾ। ਅਧਵਾਟੇ ਛੱਡ ਕੇ ਜਾਣ ਵਾਲੇ ਵੀ ਕਦੇ ਬਹੁੜੇ ਨੇ। ਇੱਕ ਦਰਦਵਿੰਨ੍ਹੀ ਪੀੜ ਉਸਦੇ ਬੁੱਲ੍ਹਾਂ ’ਤੇ ਆ ਗਈ। ਉਸਦੀਆਂ ਲੱਤਾਂ ਕੰਬਣ ਲੱਗ ਗਈਆਂ। ਸਰੀਰ ਜਿਵੇਂ ਮਿੱਟੀ ਹੀ ਹੋ ਗਿਆ। ਉਸ ਵਿੱਚ ਖੜ੍ਹੇ ਰਹਿਣ ਦੀ ਸਤਿਆ ਨਾ ਰਹੀ। ਡਿਗਣ ਤੋਂ ਬਚਦਿਆਂ ਉਹ ਥੱਲੇ ਬੈਠ ਗਈ। ਪਿੱਛੇ ਸਰਕਦਿਆਂ ਥਮਲੇ ਨਾਲ ਢੋਅ ਲਾ ਲਈ ਅੱਖਾਂ ਵਿੱਚੋਂ ਬਦੋਬਦੀ ਵਹਿ ਰਹੇ ਅੱਥਰੂਆਂ ਨੂੰ ਰੋਕਣ ਦਾ ਉਸਨੇ ਕੋਈ ਯਤਨ ਨਾ ਕੀਤਾ।

ਅੱਧ ਸੁਰਤੀ ਜਿਹੀ ਵਿੱਚ ਅਤੀਤ ਦੇ ਪੰਨੇ ਉਸਦੀਆਂ ਅੱਖਾਂ ਅੱਗੇ ਘੁੰਮਣ ਲੱਗੇ। ਕਦੇ ਉਹ ਇਸ ਘਰ ਵਿੱਚ ਸ਼ਗਨਾਂ ਨਾਲ ਵਿਆਹੀ ਆਈ ਸੀ। ਉਸਦਾ ਹਮਸਫ਼ਰ ਅੰਤਾਂ ਦਾ ਮੋਹ ਕਰਨ ਵਾਲਾ ਭਲਾ ਮਨੁੱਖ ਸੀ। ਭਰਵੇਂ ਜੁੱਸੇ ਵਾਲਾ ਗੱਭਰੂ ਹਰ ਇੱਕ ਦੀ ਅੱਖ ਨੂੰ ਭਾਅ ਜਾਂਦਾ ਸੀ। ਉਸਦੇ ਮਿਹਨਤੀ, ਹਸਮੁੱਖ ਅਤੇ ਨਿਮਰਤਾ ਭਰੇ ਸੁਭਾਅ ਨੇ ਤਾਂ ਸੁਰਜੀਤੋ ਨੂੰ ਕੀਲ ਹੀ ਲਿਆ ਸੀ। ਸਹੁਰੇ ਜਾਂ ਕਿਸੇ ਰਿਸ਼ਤੇਦਾਰੀ ਵਿੱਚ ਜਾਣ ਸਮੇਂ ਉਹ ਸੰਧੂਰੀ ਪੱਗ ਬੰਨ੍ਹ ਕੇ ਚਿੱਟੇ ਕੁੜਤੇ ਚਾਦਰੇ ਨਾਲ ਪੈਰੀਂ ਕੱਢਵੀਂ ਜੁੱਤੀ ਪਾਉਂਦਾ ਜੋ ਉਸਦੇ ਉੱਚੇ ਲੰਮੇ ਕੱਦ ਅਤੇ ਭਰਵੇਂ ਜੁੱਸੇ ’ਤੇ ਐਨੇ ਜਚਦੇ ਉਸਦਾ ਦਿਲ ਕਰਦਾ ਉਸ ਵੱਲ ਹੀ ਤੱਕਦੀ ਰਹੇ। ਤਕ ਤੱਕ ਕੇ ਉਸਦੀਆਂ ਅੱਖਾਂ ਕਦੇ ਰੱਜਦੀਆਂ ਨਹੀਂ ਸਨ।

ਨੇਕ ਸੁਭਾਅ ਦੀ ਸੱਸ ਉਸ ਨੂੰ ਆਪਣੀ ਮਾਂ ਹੀ ਜਾਪਦੀ। ਸਹੁਰਾ ਪੁੱਤ ਪੁੱਤ ਕਰਦਾ ਨਾ ਥੱਕਦਾ। ਉਂਝ ਵੀ ਉਹ ਘਰ ਦੇ ਕੰਮਾਂ ਨੂੰ ਅੱਗੇ ਲਾਈ ਰੱਖਦੀ ਸੀ। ਅੱਕਣਾ, ਥੱਕਣਾ ਤਾਂ ਉਸਨੇ ਸਿੱਖਿਆ ਹੀ ਨਹੀਂ ਸੀ। ਪਸ਼ੂ-ਡੰਗਰ ਸਾਂਭਣ ਦਾ ਕੰਮ ਵੀ ਉਸਨੇ ਆਪਣੇ ਜਿੰਮੇ ਲੈ ਲਿਆ ਸੀ। ਘਰ ਵਿੱਚ ਖੁਸ਼ੀਆਂ-ਖੇੜਿਆਂ ਵਾਲਾ ਮਾਹੌਲ ਸੀ। ਸਮੇਂ ਸਮੇਂ ’ਤੇ ਜਨਮੇ ਧੀ ਅਤੇ ਪੁੱਤ ਨੇ ਇਸ ਘਰ ਦੀ ਰੌਣਕ ਵਿੱਚ ਹੋਰ ਵਾਧਾ ਕਰ ਦਿੱਤਾ ਸੀ।

ਮਿਹਨਤੀ ਸੁਭਅ, ਆਪਣੇ ਬਲਬੂਤੇ ’ਤੇ ਅਥਾਹ ਵਿਸ਼ਵਾਸ ਅਤੇ ਘਰ ਦੇ ਜੀਆਂ ਦੇ ਆਪਸੀ ਇਤਫਾਕ ਸਦਕਾ ਕਬੀਲਦਾਰੀ ਸੋਹਣੀ ਰੁੜ੍ਹੀ ਜਾਂਦੀ ਸੀ। ਹੱਸਦੇ ਖੇਡਦੇ ਘਰ ਨੂੰ ਜਿਵੇਂ ਕਿਸੇ ਦੀ ਨਜ਼ਰ ਹੀ ਲੱਗ ਗਈ। ਇੱਕ ਦਿਨ ਘਰੋਂ ਜ਼ਮੀਨ ਵਾਹੁਣ ਗਿਆ ਉਸਦਾ ਸਾਈਂ ਹੱਸਦਾ ਖੇਡਦਾ ਟਰੈਕਟਰ ਨੂੰ - ਚੱਲ ਮੇਰੇ ਖੇਤਾਂ ਦੇ ਸਾਥੀ ਆਪਣਾ ਕੰਮ ਨਿਬੇੜ ਆਈਏ - ਕਹਿੰਦਾ ਤੁਰਿਆ ਸੀ। ਟਰੈਕਟਰ ਦੇ ਉਲਟ ਜਾਣ ਕਾਰਨ ਉਸਦੇ ਥੱਲੇ ਆ ਕੇ ਸਾਰੇ ਪਰਿਵਾਰ ਨੂੰ ਰੋਂਦਾ ਵਿਲਕਦਾ ਛੱਡ ਉਹ ਅਗਲੇ ਜਹਾਨ ਤੁਰ ਗਿਆ।

ਇਸ ਅਚਨਚੇਤੀ ਹੋਈ ਘਟਨਾ ਨੇ ਘਰ ਦੇ ਜੀਆਂ ਨੂੰ ਅਧਮੋਏ ਕਰ ਦਿੱਤਾ ਸੀ। ਪੁੱਤ ਦੇ ਤੁਰ ਜਾਣ ਨਾਲ ਮਾਂ ਬਾਪ ਹੱਡੀਆਂ ਦੀ ਮੁੱਠ ਬਣ ਗਏ। ਬੱਚਿਆਂ ਦੀ ਮਾਂ ਦਾ ਰੋਣਾ ਉਨ੍ਹਾਂ ਤੋਂ ਝੱਲਿਆ ਨਾ ਜਾਂਦਾ। ਫਿਰ ਵੀ ਆਪਣਾ ਦੁੱਖ ਭੁਲਾ ਕੇ ਉਹ ਬੱਚਿਆਂ ਨੂੰ ਪਰਚਾਉਣ ਦੇ ਯਤਨ ਕਰਦੇ ਰਹਿੰਦੇ। ਦਾਦੇ ਦਾਦੀ ਦੀ ਬੁੱਕਲ ਦਾ ਨਿੱਘ ਬੱਚਿਆਂ ਨੂੰ ਕੁਝ ਧਰਵਾਸ ਦਿੰਦਾ।

ਅੱਥਰੂਆਂ ਦੀ ਵਗ ਰਹੀ ਗੰਗਾ ਜਮਨਾ ਨੂੰ ਉਸਨੇ ਚੁੰਨੀ ਦੇ ਲੜ ਨਾਲ ਪੂੰਝ ਦਿੱਤਾ। ਉੱਠਣ ਦੀ ਕੋਸ਼ਿਸ਼ ਕੀਤੀ ਪਰ ਸਰੀਰ ਨੇ ਸਾਥ ਨਾ ਦਿੱਤਾ। ਉਸੇ ਤਰ੍ਹਾਂ ਬੈਠੀ ਰਹੀ। ਟੁੱਟੀ ਰੀਲ ਅੱਗੇ ਚੱਲ ਪਈ। ਬੱਚਿਆਂ ਦੇ ਸਹਿਮੇ ਮੂੰਹ ਤਕ ਕੇ ਉਸਨੇ ਆਪਣੇ ਆਪ ਨੂੰ ਸੰਭਾਲਣਾ ਸ਼ੁਰੂ ਕੀਤਾ। ਗ਼ਮਾਂ ਦੇ ਭੰਡਾਰ ਅੰਦਰ ਨੱਪ ਕੇ ਬੱਚਿਆਂ ਨੂੰ ਜ਼ਮਾਨੇ ਦੀਆਂ ਤਲਖੀਆਂ, ਮਜਬੂਰੀਆਂ ਅਤੇ ਸੰਕਟਾਂ ਤੋਂ ਬਚਾਉਣ ਲਈ ਉਹ ਲੱਕ ਬੰਨ੍ਹ ਕੇ ਖੜ੍ਹੀ ਹੋ ਗਈ। ਬੱਚਿਆਂ ਨਾਲ ਬਜ਼ੁਰਗਾਂ ਦਾ ਵੀ ਸਹਾਰਾ ਬਣ ਗਈ। ਇਸ ਔਖ ਦੀ ਘੜੀ ਵਿੱਚ ਉਸਦਾ ਮਾਂ ਜਾਇਆ ਵੀਰ ਵੀ ਸਹਾਰਾ ਬਣਿਆ। ਜ਼ਮੀਨ ਉਸਨੇ ਕਿਸੇ ਜ਼ਿਮੀਂਦਾਰ ਨੂੰ ਅੱਧ ’ਤੇ ਦਵਾ ਦਿੱਤੀ। ਇੱਕ ਲਵੇਰੀ ਮੱਝ ਉਨ੍ਹਾਂ ਕੋਲ ਸੀ। ਇੱਕ ਸੱਜਰ ਸੂਈ ਮੱਝ ਵੀਰ ਛੱਡ ਗਿਆ। ਹਰੇ ਪੱਠੇ ਭਾਈਵਾਲੀ ਵਾਲੇ ਸੁੱਟ ਜਾਂਦੇ। ਸਿਰ ਸੁੱਟ ਕੇ ਬੈਠਣ ਨਾਲੋਂ ਉਸਨੇ ਆਪਣਾ ਆਪ ਕੰਮ ਅੱਗੇ ਡਾਹ ਦਿੱਤਾ। ਦਿਨ ਪਸ਼ੂ ਡੰਗਰ ਸਾਂਭਦਿਆ ਘਰ ਦਾ ਕੰਮ ਕਰਦਿਆਂ ਲੰਘ ਜਾਂਦਾ, ਥੱਕੀ ਟੁੱਟੀ ਦੀ ਰਾਤ ਕਦੇ ਸੌਂ ਕੇ ਲੰਘ ਜਾਂਦੀ, ਕਦੇ ਸੋਚਾਂ ਦੇ ਸਮੁੰਦਰ ਵਿੱਚ ਡੁੱਬੀ ਜਾਣ ਵਾਲੇ ਦੀਆਂ ਯਾਦਾਂ ਵਿੱਚ ਭਰਦੀ ਲੰਘਾ ਦਿੰਦੀ।

ਦੁੱਧ ਵੇਚ ਕੇ ਅਤੇ ਜ਼ਮੀਨ ਵਿੱਚੋਂ ਆਉਂਦੇ ਚਾਰ ਛਿੱਲੜਾਂ ਨਾਲ ਉਸਨੇ ਬੱਚੇ ਪੜ੍ਹਾ ਲਏ। ਲੜਕੀ ਨੂੰ ਬਣਦਾ ਸਰਦਾ ਦੇ ਕੇ ਸਹੁਰੇ ਘਰ ਤੋਰ ਦਿੱਤਾ। ਛੋਟਾ ਕਾਕਾ ਕਿਤੇ ਹੱਥ ਨਾ ਅੜਦਾ ਵੇਖ ਕੇ ਫੌਜ ਵਿੱਚ ਭਰਤੀ ਹੋ ਗਿਆ। ਘਰ ਦਾ ਤੋਰਾ ਸੁਖਾਲਾ ਤੁਰਨ ਲੱਗ ਪਿਆ। ਪਰ ਉਸਦੀਆਂ ਅੱਖਾਂ ਦੀ ਨੀਂਦ ਉੱਡ ਗਈ। ਸਰਹੱਦ ’ਤੇ ਹੁੰਦੀ ਗੜਬੜ ਸੁਣਕੇ ਉਸਦਾ ਤ੍ਰਾਹ ਨਿਕਲ ਜਾਂਦਾ। ਹਰ ਸਾਹ ਨਾਲ ਪੁੱਤਰ ਦੀ ਲੰਮੀ ਉਮਰ ਦੀ ਕਾਮਨਾ ਕਰਦੀ ਰਹਿੰਦੀ। ਜੇ ਕੁਝ ਸਮਾਂ ਪੁੱਤ ਨਾਲ ਗੱਲ ਨਾ ਹੁੰਦੀ ਤਾਂ ਕਿਸੇ ਅਣਹੋਣੀ ਦਾ ਡਰ ਉਸਦਾ ਸਾਹ ਸੂਤੀ ਰੱਖਦਾ।

ਪਤਾ ਨਹੀਂ ਕਿੰਨੀ ਦੇਰ ਹੋਰ ਸੋਚਾਂ ਦੇ ਭੰਵਰ ਵਿੱਚ ਫਸੀ ਰਹਿੰਦੀ, ਜੇ ਉਸਦੀ ਮਾਵਾਂ ਵਰਗੀ ਸੱਸ ਬਾਹੋਂ ਫੜਕੇ ਹਲੂਣਦੀ ਹੋਈ ਇਹ ਨਾ ਕਹਿੰਦੀ, “ਸੁੱਖੀ ਸਾਂਦੀ ਮੇਰੀ ਧੀ ਕਾਹਨੂੰ ਭੁੰਜੇ ਬੈਠੀ ਐ ... ਉੱਠ ਕਾਕੇ ਦਾ ਫ਼ੋਨ ਆਇਆ ਚੱਲ, ਗੱਲ ਕਰ ਉਸ ਨਾਲ ਜਾ ਕੇ।” ਕਾਕੇ ਦਾ ਫ਼ੋਨ ਆਇਆ ਸੁਣ ਕੇ ਉਸ ਅੰਦਰ ਉੱਠਣ ਦੀ ਹਿੰਮਤ ਆ ਗਈ। ਉਸਨੇ ਅੰਦਰ ਫ਼ੋਨ ਕੋਲ ਜਾ ਕੇ ਰਸੀਵਰ ਚੁੱਕਿਆ ਅੱਗੋਂ ਕਾਕਾ ਹੱਸ ਹੱਸ ਗੱਲਾਂ ਕਰਦਾ ਕਹਿ ਰਿਹਾ ਸੀ, “ਲੈ ਮਾਂ ਜਦੋਂ ਵੀ ਮੈਂ ਫ਼ੋਨ ਕਰਦੈਂ, ਤੂੰ ਹਮੇਸ਼ਾ ਵਿਆਹ ਦੀ ਰਟ ਲਾਈ ਰੱਖਦੀ ਐਂ। ਤੇਰਾ ਪੁੱਤ ਜਲਦੀ ਛੁੱਟੀ ਆ ਰਿਹਾ ਹੈ। ਭਾਲ ਲੈ ਆਪਣੀ ਪਸੰਦ ਦੀ ਕੁੜੀ। ਪੁੱਤ ਨੂੰ ਵਿਆਹ ਕੇ ਆਪਣੇ ਸਾਰੇ ਚਾਅ ਲਾਡ ਪੂਰੇ ਕਰ ਲਵੀਂ। ਹਾਂ, ਹੁਣ ਨਾ ਬਹੁਤੇ ਸਰਫ਼ੇ ਕਰੀ ਜਾਵੀਂ। ਤੇਰਾ ਪੁੱਤ ਕਮਾਉਣ ਵਾਲਾ ਹੈਗਾ।”

ਪੁੱਤ ਦੀ ਆਵਾਜ਼ ਤੇ ਆਉਣਾ ਸੁਣ ਕੇ ਉਸ ਦੇ ਉਸਦੇ ਕੁਮਲਾਏ ਚਿਹਰੇ ’ਤੇ ਮੁਸਕਰਾਹਟ ਫੈਲ ਗਈ। ਜਦੋਂ ਦਾ ਕਾਕਾ ਭਰਤੀ ਹੋਇਆ ਸੀ ਉਸਦੀਆਂ ਅੱਖਾਂ ਹੋਰ ਸਹਿਮੀਆਂ ਰਹਿਣ ਲੱਗ ਪਈਆਂ ਸਨ। ਬੁੱਲ੍ਹਾਂ ’ਤੇ ਖਾਮੋਸ਼ੀ ਤਾਂ ਪਹਿਲਾਂ ਹੀ ਡੇਰੇ ਲਾਈ ਬੈਠੀ ਸੀ। ਸਰਹੱਦ ’ਤੇ ਨਿੱਤ ਹੁੰਦੀਆਂ ਮੌਤਾਂ ਬਾਰੇ ਸੋਚ ਸੋਚ ਕੇ ਗਮ ਦੀਆਂ ਡੂੰਘੀਆਂ ਸੋਚਾਂ ਦਾ ਪਰਿਛਾਵਾਂ ਹੋਰ ਗਹਿਰਾ ਹੋ ਜਾਂਦਾ ਸੀ। ਅੱਜ ਵਿਆਹ ਲਈ ਸਹਿਮਤ ਹੋਣਾ ਸੁਣਕੇ ਤਾਂ ਉਸ ਨੂੰ ਲੱਗਾ ਜਿਵੇਂ ਚਿੰਤਾਵਾਂ ਦੇ ਗੂੜ੍ਹੇ ਕਾਲੇ ਬਦਲਾਂ ਵਿੱਚੋਂ ਚਾਨਣ ਦੀ ਇੱਕ ਕਿਰਨ ਉਸਦਾ ਰਾਹ ਰੁਸ਼ਨਾਉਣ ਲਈ ਆ ਰਹੀ ਹੋਵੇ। ਉਹ ਭੱਜ ਕੇ ਮੰਜੇ ’ਤੇ ਹੱਡੀਆਂ ਦੀ ਮੁੱਠ ਬਣੇ ਬੈਠੇ ਆਪਣੇ ਬਾਪ (ਸਹੁਰੇ) ਕੋਲ ਗਈ। ਉਸਦਾ ਹੱਥ ਫੜ ਕੇ ਆਪਣੇ ਸਿਰ ’ਤੇ ਰੱਖਦੀ ਹੋਈ ਬੋਲੀ, “ਬਾਪੂ ਤੇਰੇ ਅਸ਼ੀਰਵਾਦ ਸਦਕਾ ਮੇਰੀ ਜ਼ਿੰਦਗੀ ਵਿੱਚ ਦੁਬਾਰਾ ਖੁਸ਼ੀ ਆਉਣ ਦੀ ਆਹਟ ਹੋਈ ਹੈ। ਤੇਰਾ ਪੋਤਾ ਛੁੱਟੀ ਆ ਰਿਹਾ। ਇਸ ਵਾਰ ਆਪਾਂ ਉਸਦਾ ਵਿਆਹ ਵੀ ਕਰ ਦੇਣਾ ਹੈ। ਤਕੜਾ ਹੋ ਜਾ। ਤੇਰੇ ਬਿਨਾਂ ਕੌਣ ਹੈ ਉਸਦੇ ਸਿਰ ’ਤੇ ਅਸੀਸਾਂ ਭਰਿਆ ਹੱਥ ਰੱਖਣ ਵਾਲਾ।”

ਨਵੇਂ ਸੁਪਨੇ ਸਿਰਜਦਿਆਂ, ਘਰ ਨੂੰ ਸੰਵਾਰਦਿਆ, ਭਾਬੀ ਨੂੰ ਚੰਗਾ ਰਿਸ਼ਤਾ ਲੱਭ ਕੇ ਰੱਖਣ ਦੀ ਹਦਾਇਤ ਕਰਦਿਆਂ ਪਤਾ ਹੀ ਨਾ ਲੱਗਾ ਕਦੋਂ ਤਿੰਨ ਹਫ਼ਤੇ ਲੰਘ ਗਏ। ਘਰ ਦੇ ਬੂਹੇ ਵੱਲ ਹੁੰਦੀ ਹਰ ਪੈੜਚਾਲ ਉਸ ਨੂੰ ਕਾਕੇ ਦੇ ਆਉਣ ਦਾ ਭੁਲੇਖਾ ਪਾਉਂਦੀ। ਉਹ ਭੱਜ ਕੇ ਬੂਹੇ ਵੱਲ ਅਹੁਲਦੀ। ਹਰ ਵਾਰ ਆਸ ਨਿਰਾਸ਼ਾ ਵਿੱਚ ਬਦਲ ਜਾਂਦੀ। ਪੂਰੇ ਮਹੀਨੇ ਬਾਅਦ ਕਾਕੇ ਦੀ ਥਾਂ ਗੋਲੀਆਂ ਵਿੰਨ੍ਹੀ ਲਾਸ਼ ਵਾਲਾ ਤਾਬੂਤ ਘਰ ਪੁੱਜਿਆ, ਜਿਸ ਨੇ ਘਰ ਦੇ ਜੀਆਂ ਨੂੰ ਜਿਉਂਦੀਆਂ ਲਾਸ਼ਾਂ ਵਿੱਚ ਬਦਲ ਦਿੱਤਾ। ਉਸ ਨੂੰ ਕੋਈ ਸੁਰਤ ਨਹੀਂ ਸੀ। ਘਰ ਵਿੱਚ ਅਫ਼ਸੋਸ ਕਰਨ ਵਾਲਿਆਂ ਦਾ ਤਾਂਤਾ ਲੱਗਾ ਰਿਹਾ। ਕਾਕੇ ਦੇ ਫੁੱਲ ਚੁਗ ਕੇ ਪਾਠ ਰਖਾਇਆ ਗਿਆ। ਉਸ ਨੂੰ ਸਾਰੇ ਪਾਠ ਸੁਣਨ ਅਤੇ ਧਰਵਾਸ ਰੱਖਣ ਲਈ ਕਹਿੰਦੇ ਰਹੇ। ਉਸ ਨੂੰ ਨਾ ਪਾਠ ਕੋਈ ਧਰਵਾਸ ਦਿੰਦਾ ਸੀ ਤੇ ਨਾ ਹੀ ਧੀ ਵੱਲੋਂ ਦਿੱਤੇ ਦਿਲਾਸੇ। ਅੱਜ ਭੋਗ ਪੈਣਾ ਸੀ। ਦੂਰ ਨੇੜੇ ਦੇ ਰਿਸ਼ਤੇਦਾਰਾਂ ਅਤੇ ਪਿੰਡ ਵਾਲਿਆਂ ਨਾਲ ਘਰ ਦਾ ਵਿਹੜਾ ਭਰਿਆ ਪਿਆ ਸੀ। ਆਪਣਾ ਫਰਜ਼ ਨਿਭਾਉਣ ਆਏ ਸਰਕਾਰੀ ਅਤੇ ਗੈਰ ਸਰਕਾਰੀ ਨੁਮਾਇੰਦੇ ਕਾਕੇ ਦੀ ਬਹਾਦਰੀ ਦੀਆਂ, ਦੇਸ ਖਾਤਰ ਸ਼ਹਾਦਤ ਦੇਣ ਦੀਆਂ ਗੱਲਾਂ ਕਰ ਰਹੇ ਸਨ। ਆਖਿਰ ਵਿੱਚ ਬੋਲਣ ਵਾਲਾ ਨੇਤਾ ਗਲਾ ਪਾੜ ਪਾੜ ਕੇ ਕਹਿ ਰਿਹਾ ਸੀ, “ਅਸੀਂ ਇਸ ਘਰ ਦੇ ਬੇਟੇ ਦੀ ਕੁਰਬਾਨੀ ਨੂੰ ਅਜਾਈਂ ਨਹੀਂ ਜਾਣ ਦੇਵਾਂਗੇ। ਇਸਦੀ ਕੀਮਤ ਦੁਸ਼ਮਣ ਦੀ ਫੌਜ ਨੂੰ ਤਾਰਨੀ ਪਵੇਗੀ। ਅਸੀਂ ਇੱਕ ਸ਼ਹੀਦ ਦੀ ਥਾਂ ਦੁਸ਼ਮਣ ਦੇ ਕਈ ਕਈ ਫੌਜੀ ਮਾਰ ਕੇ ਬਦਲਾ ਲਵਾਂਗੇ।”

ਜਿਉਂ ਹੀ ਉਸਦੇ ਕੰਨਾਂ ਵਿੱਚ ਇਹ ਸ਼ਬਦ ਪਏ ਉਸਦੇ ਮੁਰਦਾ ਹੋਏ ਸਰੀਰ ਵਿੱਚ ਚੇਤਨਾ ਆ ਗਈ। ਉਸਦੇ ਕੰਨਾਂ ਵਿੱਚ ਸਰਹੱਦ ਤੋਂ ਪਾਰ ਬੈਠੀਆਂ ਮਾਵਾਂ ਦੇ ਕੀਰਨੇ ਗੂੰਜਣ ਲੱਗ ਪਏ। ਉਹਨਾਂ ਦੇ ਵਿਹੜਿਆਂ ਵਿੱਚ ਵਿਛੇ ਸੱਥਰ ਅਤੇ ਆਪਣੇ ਵਿਹੜੇ ਵਿੱਚ ਵਿਛੇ ਸੱਥਰ ਵਿੱਚ ਇੱਕ ਮਾਂ ਦੇ ਦਿਲ ਨੂੰ ਫ਼ਰਕ ਨਾ ਲੱਗਿਆ। ਇੱਕ ਟੀਸ, ਇੱਕ ਪੀੜ ਉਸਦੇ ਧੁਰ ਅੰਦਰੋਂ ਨਿਕਲੀ, ਉਹ ਉੱਠੀ ਅਤੇ ਨੇਤਾ ਕੋਲ ਜਾ ਕੇ ਬੋਲਣ ਲੱਗ ਪਈ, “ਮੈਨੂੰ ਬਦਲਾ ਨਹੀਂ, ਸ਼ਾਂਤੀ ਚਾਹੀਦੀ ਹੈ। ਬੰਦ ਕਰੋ ਮਾਵਾਂ ਕੋਲੋਂ ਉਨ੍ਹਾਂ ਦੇ ਕਾਲਜੇ ਦੇ ਟੁਕੜਿਆਂ ਨੂੰ ਖੋਹਣਾ।” ਸੁਰਜੀਤੋ ਦੇ ਮੂੰਹੋਂ ਨਿਕਲੇ ਇਹ ਲਫਜ਼ ਕੋਰੇ ਸ਼ਬਦ ਹੀ ਨਹੀਂ ਸਨ, ਇਹ ਤਾਂ ਉਸ ਦੇ ਦਿਲ ਦੀ ਹੂਕ ਸੀ, ਜਿਹੜੀ ਉਸ ਦੀ ਆਤਮਾ ਦੀ ਗਹਿਰਾਈ ਵਿੱਚੋਂ ਨਿਕਲੀ ਸੀ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3927)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਸ਼ਵਿੰਦਰ ਕੌਰ

ਸ਼ਵਿੰਦਰ ਕੌਰ

Phone: (91 - 76260 - 63596)
Email: (
shawindersidhu108@gmail.com)

More articles from this author