“ਸਾਡੇ ਦੋਸਤਾਂ ਦੇ ਕਈ ਦੋਸਤ ਪਰਿਵਾਰ ਤਾਂ ਨਾਰਵੇ ਦੇ ਰਹਿਣ ਵਾਲੇ ਗੋਰੇ ਗੋਰੀਆਂ ਦੇ ਹਨ ...”
(10 ਅਪਰੈਲ 2019)
ਸਾਡਾ ਦੋਹਤਾ ਲਾਭ ਤੀਹ ਕੁ ਸਾਲਾਂ ਤੋਂ ਨਾਰਵੇ ਵਿੱਚ ਰਹਿੰਦਾ ਹੈ। ਉਹ ਹਰ ਸਾਲ ਮਹੀਨੇ ਕੁ ਲਈ ਪੰਜਾਬ ਆਉਂਦਾ ਹੈ। ਇਸ ਵਾਰ ਉਹ ਆਪਣੇ ਦੋਸਤ ਦੇ ਮੁੰਡੇ ਦੇ ਵਿਆਹ ’ਤੇ ਆਇਆ ਹੈ। ਉਹ ਦੱਸਦਾ ਹੈ ਕਿ ਦੋਵੇਂ ਪਰਿਵਾਰ, ਮੁੰਡੇ ਵਾਲੇ ਵੀ ਅਤੇ ਕੁੜੀ ਵਾਲੇ ਵੀ ਨਾਰਵੇ ਰਹਿੰਦੇ ਹਨ ਪਰ ਉਨ੍ਹਾਂ ਦੀ ਇੱਛਾ ਪੰਜਾਬ ਆਪਣੇ ਰਿਸ਼ਤੇਦਾਰਾਂ, ਦੋਸਤਾਂ ਅਤੇ ਸ਼ਰੀਕੇ ਕਬੀਲੇ ਨਾਲ ਮਿਲ ਬੈਠਣ ਲਈ ਇੱਥੇ ਆਕੇ ਹੀ ਵਿਆਹ ਕਰਨ ਦੀ ਸੀ।
ਪਹਿਲੀ ਰਸਮ ਸ਼ਗਨ ਦੀ ਸੀ ਜੋ ਮੁੰਡੇ ਵਾਲਿਆਂ ਵਲੋਂ ਜਲੰਧਰ ਨੇੜੇ ਆਪਣੇ ਪਿੰਡ ਵਿਖੇ ਰੱਖੀ ਸੀ। ਅਸੀਂ ਉੱਥੇ ਜਾਣ ਲਈ ਲਾਭ ਨੂੰ ਟੈਕਸੀ ਕਰਾ ਦਿੱਤੀ। ਉਹ ਆਪ ਗੱਡੀ ਚਲਾਉਣ ਤੋਂ ਝਕਦਾ ਹੈ ਕਿਉਂਕਿ ਨਾਰਵੇ ਵਿੱਚ ਗੱਡੀ ਸੱਜੇ ਹੱਥ ਚਲਾਉਂਦੇ ਹਨ। ਸ਼ਗਨ ਤੋਂ ਉਹ ਸ਼ਾਮ ਨੂੰ ਵਾਪਸ ਮੁੜ ਆਇਆ। ਮੈਂ ਉਤਸੁਕਤਾ ਵੱਸ ਉਸ ਨੂੰ ਪੁੱਛ ਲਿਆ, “ਬੇਟੇ, ਸ਼ਗਨ ’ਤੇ ਕਿੰਨੀ ਕੁ ਰੌਣਕ ਸੀ?”
“ਰੌਣਕ ਦੀ ਤਾਂ ਮਾਮੀ ਜੀ ਪੁੱਛੋ ਹੀ ਨਾ...”, ਉਹਨੇ ਹੱਸਦਿਆਂ ਹੋਇਆਂ ਜਵਾਬ ਦਿੱਤਾ, “ਸਾਡੇ ਦੋਸਤਾਂ ਦੇ ਕਈ ਦੋਸਤ ਪਰਿਵਾਰ ਤਾਂ ਨਾਰਵੇ ਦੇ ਰਹਿਣ ਵਾਲੇ ਗੋਰੇ ਗੋਰੀਆਂ ਦੇ ਹਨ। ਦੋ, ਤਿੰਨ ਦੋਸਤ ਪਾਕਿਸਤਾਨ ਵਾਲੇ ਪੰਜਾਬ ਤੋਂ ਹਨ। ਇਹ ਸਾਰੇ ਵਿਆਹ ਦੀਆਂ ਰੌਣਕਾਂ ਵਿੱਚ ਖਿੱਚ ਦਾ ਕੇਂਦਰ ਬਣੇ ਹੋਏ ਹਨ। ...”
ਪਾਕਿਸਤਾਨ ਦਾ ਨਾਂ ਸੁਣ ਕੇ ਮੈਂਨੂੰ ਹੈਰਾਨੀ ਹੋਈ ਕਿ ਇੱਥੇ ਤਾਂ ਸਰਕਾਰ ਦੀਆਂ ਨੀਤੀਆਂ ਦਾ ਮਾੜਾ ਮੋਟਾ ਵਿਰੋਧ ਕਰਨ ਵਾਲੇ ਨੂੰ ਪਾਕਿਸਤਾਨ ਜਾਣ ਦੀਆਂ ਧਮਕੀਆਂ ਮਿਲਦੀਆਂ ਹਨ। ਹਰ ਐਰਾ-ਗੈਰਾਂ ਨੱਥੂ ਗੈਰਾਂ ਦੇਸ਼ ਪ੍ਰੇਮੀ ਬਣਿਆ ਹੋਇਆ ਹੈ, ਜਿਹੜਾ ਗੱਲ ਗੱਲ ਤੇ ਦੂਜਿਆਂ ਨੂੰ ਪਾਕਿਸਤਾਨ ਜਾਣ ਦੀ ਨਸੀਹਤ ਦੇਣਾ ਆਪਣਾ ਫਰਜ਼ ਸਮਝਦਾ ਹੈ। ਇੱਥੋਂ ਤੱਕ ਵਿਰੋਧੀ ਧਿਰ ਵੀ ਜੇ ਕਿਸੇ ਮੁੱਦੇ ਦੀ ਸਚਾਈ ਜਾਣਨਾ ਚਾਹੁੰਦੀ ਹੈ ਤਾਂ ਉਸ ਨੂੰ ਵੀ ਪਾਕਿਸਤਾਨ ਦੇ ਪੱਖ ਵਿੱਚ ਬੋਲਣ ਵਾਲੀ ਕਿਹਾ ਜਾਂਦਾ ਹੈ। ਇਹ ਵਿਆਹ ਦੇਖਣ ਆਏ ਹਨ, ਇਹਨਾਂ ਨੂੰ ਡਰ ਨਹੀਂ ਲੱਗਦਾ।
“ਮੇਰਾ ਤਾਂ ਬੇਟੇ ਉਹਨਾਂ ਨਾਲ ਗੱਲਾਂ ਕਰਨ ਨੂੰ ਦਿਲ ਕਰਦਾ ਹੈ”, ਮੈਂ ਲਾਭ ਨੂੰ ਕਿਹਾ। ਅਸਲ ਵਿੱਚ ਮੈਂ ਉਨ੍ਹਾਂ ਦੀ ਇੱਥੇ ਆ ਕੇ ਮਾਨਸਿਕ ਹਾਲਤ ਕਿਹੋ ਜਿਹੀ ਹੈ, ਦੇਖਣਾ ਚਾਹੁੰਦੀ ਸੀ।
“ਇਹ ਕਿਹੜੀ ਵੱਡੀ ਗੱਲ ਹੈ, ਪਰਸੋਂ ਲੁਧਿਆਣੇ ਬਰਾਤ ਆਉਣੀ ਹੈ। ਮੈਂ ਜਾਣਾ ਹੀ ਹੈ, ਤੁਸੀਂ ਮੇਰੇ ਨਾਲ ਚੱਲਣਾ।” ਲਾਭ ਮੈਂਨੂੰ ਨਾਲ ਚੱਲਣ ਲਈ ਕਿਹਾ।
“ਨਾ ਭਾਈ, ਤੇਰੇ ਨਾਲ ਤਾਂ ਨਹੀਂ ਮੇਰੇ ਕੋਲੋਂ ਜਾਇਆ ਜਾਣਾ, ਤੂੰ ਮੇਰੀ ਉਹਨਾਂ ਵਿੱਚੋਂ ਇੱਕ ਨਾਲ ਫੋਨ ਤੇ ਗੱਲ ਕਰਵਾ ਦੇਵੀਂ।”
“ਠੀਕ ਹੈ, ਮੈਂ ਤੁਹਾਡੀ ਫੋਨ ’ਤੇ ਗੱਲ ਕਰਵਾ ਦੇਵਾਂਗਾ।”
ਵਿਆਹ ਵਾਲੇ ਦਿਨ ਬਾਰਾਂ ਕੁ ਵਜੇ ਮੇਰੇ ਫੋਨ ਦੀ ਘੰਟੀ ਵੱਜੀ। ਮੇਰੇ ਹੈਲੋ ਕਹਿਣ ’ਤੇ ਅੱਗੋਂ ਬੜੀ ਹੀ ਪਿਆਰੀ ਜਿਹੀ ਪੰਜਾਬੀ ਵਿੱਚ ਆਵਾਜ਼ ਆਉਂਦੀ ਹੈ, “ਸਤਿ ਸ੍ਰੀ ਅਕਾਲ ਮਾਮੀ ਜੀ। ਮੈਂ ਲੁਧਿਆਣੇ ਤੋਂ ਕਾਦਿਮ ਗਦਾਫੀ ਬੋਲਦਾਂ, ਲਾਭ ਦਾ ਦੋਸਤ। ਉਸ ਨੇ ਮੈਂਨੂੰ ਦੱਸਿਆ ਸੀ ਕਿ ਤੁਸੀਂ ਮੇਰੇ ਨਾਲ ਗੱਲਾਂ ਕਰਨੀਆਂ ਚਾਹੁੰਦੇ ਸੀ।”
ਸੁੱਖ ਸਾਂਦ ਪੁੱਛਣ ਤੋਂ ਬਾਅਦ ਮੈਂ ਅਸਲ ਗੱਲ ਵੱਲ ਆਈ, “ਬੇਟੇ, ਮੈਂ ਤਾਂ ਬੱਸ ਇਹੀ ਜਾਣਨਾ ਚਾਹੁੰਦੀ ਸੀ ਕਿ ਤੁਹਾਨੂੰ ਇਹ ਪੰਜਾਬ ਕਿਹੋ ਜਿਹਾ ਲੱਗਾ?”
“ਅਸੀਂ ਕਿਸੇ ਓਪਰੇ ਦੇਸ ਥੋੜ੍ਹੇ ਆਏ ਹਾਂ, ਆਪਣੇ ਬਜ਼ੁਰਗਾਂ ਦੇ ਦੇਸ ਆਏ ਹਾਂ। ਸਾਨੂੰ ਤਾਂ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਆਪਣੇ ਘਰ ਹੀ ਆਏ ਹਾਂ।” ਉਹਨੇ ਹੱਸਦਿਆਂ ਹੋਇਆਂ ਕਿਹਾ, “ਉਹੀ ਬੋਲੀ, ਉਹੀ ਪਹਿਰਾਵਾ, ਉਹੀ ਖਾਣ ਪੀਣ ਦੇ ਸ਼ੌਕ ਸਲੀਕੇ, ਉਹੀ ਫਸਲਾਂ, ਉਹੀ ਝੂਮਦੇ ਦਰਖਤ, ਉਹੀ ਮੋਹ ਪਿਆਰ ਦੀਆਂ ਗੱਲਾਂ ਕਰਦਾ ਜਿਹੜਾ ਵੀ ਵਿਅਕਤੀ ਮਿਲਦਾ ਹੈ ਗਲਵਕੜੀ ਪਾਕੇ ਮਿਲਦਾ ਹੈ ਕੋਈ ਕਹਿੰਦਾ ਹੈ - ਯਾਰ ਮੇਰਾ ਦਾਦਾ ਲਾਇਲਪੁਰ ਤੋਂ ਆਇਆ ਸੀ, ਵੰਡ ਵੇਲੇ ਕਈ ਮੁਰੱਬੇ ਜਮੀਨ ਛੱਡ ਕੇ। ਜਿੰਨੀ ਦੇਰ ਜਿਉਂਦਾ ਰਿਹਾ ਆਪਣੇ ਖੇਤਾਂ ਦੀ ਮਿੱਟੀ ਨੂੰ ਯਾਦ ਕਰਕੇ ਝੂਰਦਾ ਰਿਹਾ। ਦੂਜਾ ਕਹਿੰਦਾ ਹੈ ਕਿ ਉਹਨਾਂ ਦਾ ਲਹੌਰ ਬੜਾ ਤਕੜਾ ਬਿzਨਿਸ ਸੀ। ਹਰ ਮਿਲਣ ਵਾਲੇ ਦੀ ਆਪਣੀ ਆਪਣੀ ਕਹਾਣੀ ਹੈ।
“ਮਿੱਟੀ ਦੇ ਕਣ-ਕਣ ਵਿੱਚ ਸਮੋਈ ਸਾਂਝੀ ਵਿਰਾਸਤ ਜਿਵੇਂ ਕਹਿ ਰਹੀ ਹੈ ਸਾਡੇ ਆਸ਼ਕ ਸਾਂਝੇ, ਸਾਦਕ ਸਾਂਝੇ, ਪੀਰ-ਫਕੀਰ ਸਾਂਝੇ, ਨਾਇਕ ਸਾਂਝੇ, ਇਨਕਲਾਬੀ ਸਾਂਝੇ, ਸਮੇਂ ਦੀਆਂ ਹਕੂਮਤਾਂ ਨਾਲ ਆਢਾ ਲਾਉਣ ਵਾਲੇ ਦੁੱਲਾ ਭੱਟੀ ਅਤੇ ਜੱਗੇ ਸਾਂਝੇ। ਦੇਸ਼ ਨੂੰ ਫ਼ਿਰੰਗੀਆਂ ਤੋਂ ਆਜ਼ਾਦ ਕਰਾਉਣ ਲਈ ਫਾਂਸੀਆਂ ਦੇ ਰੱਸੇ ਆਪਣੇ ਗਲਾਂ ਵਿੱਚ ਪਾਉਣ ਵਾਲੇ ਸਾਡੇ ਬਜ਼ੁਰਗ ਸਾਂਝੇ। ਇੱਧਰ ਵੀ ਉੱਧਰ ਵੀ ਇਹ ਦੋਨਾਂ ਪੰਜਾਬਾਂ ਦੇ ਆਪਣੇ ਹਨ। ਫਿਰ ਮੈਂਨੂੰ ਇੱਥੇ ਉਪਰਾ ਕੀ ਲੱਗਣਾ ਸੀ।
“ਕੱਲ੍ਹ ਮੇਰੀ ਅੰਮੀ ਦਾ ਵੀ ਨਾਰਵੇ ਤੋਂ ਫੋਨ ਆਇਆ ਸੀ, ਉਹ ਵੀ ਤੁਹਾਡੇ ਵਾਂਗ ਪੁੱਛ ਰਹੀ ਸੀ ਕਿ ਤੁਹਾਨੂੰ ਦੋਨੋ ਪੰਜਾਬਾਂ ਵਿੱਚ ਕੀ ਫਰਕ ਲੱਗਿਆ? ਕੋਈ ਫਰਕ ਨਹੀਂ ਅੰਮੀਂ। ਤੁਹਾਡੇ ਵਾਂਗ ਹੀ ਇੱਥੇ ਵਸਦੀਆਂ ਮਾਵਾਂ ਦੀ ਵੀ ਸਰਹੱਦੀ ਤਲਖੀ ਸਾਹ ਸੂਤ ਲੈਂਦੀ ਹੈ। ਉਹ ਵੀ ਉੱਧਰਲੀਆਂ ਮਾਵਾਂ ਵਾਂਗ ਆਪੋ-ਆਪਣੇ ਅਕੀਦਿਆਂ ਮੁਤਾਬਕ ਰੱਬ ਅੱਗੇ ਜੰਗ ਨਾ ਹੋਣ ਦੇਣ ਲਈ ਦੁਆ ਕਰਦੀਆਂ ਹਨ। ਦੋਹਾਂ ਪਾਸਿਆਂ ਦੀ ਖੈਰ ਸੁੱਖ ਮੰਗਦੀਆਂ ਮਾਪਿਆਂ ਨੂੰ ਪੁੱਤਾਂ ਵਲੋਂ ਠੰਢੀ ’ਵਾ ਆਉਣ, ਬੱਚਿਆਂ ਦੇ ਸਿਰ ’ਤੇ ਬਾਪ ਦਾ ਸਾਇਆ ਸਦਾ ਬਣੇ ਰਹਿਣ ਅਤੇ ਨੂੰਹਾਂ-ਧੀਆਂ ਦੇ ਸਦਾ ਸੁਹਾਗਣ ਰਹਿਣ ਦੀਆਂ ਸੁੱਖਾਂ ਸੁੱਖਦੀਆਂ ਹਨ। ਸਾਰੀਆਂ ਮਾਵਾਂ ਇਹੋ ਚਾਹੁੰਦੀਆਂ ਹਨ, ਜੰਗ ਦੀ ਬਰਬਾਦੀ ਦੀ ਥਾਂ ਪਰਿਵਾਰਾਂ ਦੀਆਂ ਰੌਣਕਾਂ ਬਣੀਆਂ ਰਹਿਣ ਅਤੇ ਸਰਹੱਦ ਦੇ ਆਰ-ਪਾਰ ਸਾਝਾਂ ਬਣੀਆਂ ਰਹਿਣ।”
“ਹਾਂ ਕਾਦਿਰ,” ਮੈਂ ਕਿਹਾ, “ਜੇ ਕਿਸੇ ਕਾਰਨ ਇੱਕ ਪਰਿਵਾਰ ਵਿੱਚ ਵਸਦੇ-ਰਸਦੇ ਭਰਾਵਾਂ ਦੇ ਘਰ ਵਿਚਕਾਰ ਕੰਧ ਕੱਢੀ ਜਾਵੇ, ਉਹ ਦੁਬਾਰਾ ਢਾਹੀ ਤਾਂ ਨਹੀਂ ਜਾਂਦੀ ਪਰ ਸਮਾਂ ਪਾ ਕੇ ਉਹ ਮਿਲ ਵਰਤਣ ਤਾਂ ਲੱਗ ਹੀ ਜਾਂਦੇ ਹਨ। ਜੇ ਜ਼ਹਿਰਾਂ ਦੇ ਵਣਜਾਰਿਆਂ ਦੇ ਚੰਦਰੇ ਮਨਸੂਬੇ ਨੇਪਰੇ ਨਾ ਚੜ੍ਹਨ ਤਾਂ ...।”
ਕਾਦਿਮ ਦੇ ਦੋਸਤ ਮਿੱਤਰ ਕਾਦਿਮ ਨੂੰ ਢੋਲ ਦੇ ਡੱਗੇ ਤੇ ਨੱਚਣ ਲਈ ਆਵਾਜਾਂ ਦੇ ਰਹੇ ਸਨ। ਉਹਨੇ ਆਦਾਬ ਕਹਿ ਕੇ ਫੋਨ ਬੰਦ ਦਿੱਤਾ।
ਮੇਰੇ ਮਨ ਵਿੱਚ ਆਇਆ ਕਿ ਪਰਵਾਜ਼ ਭਰਦੇ ਪੰਛੀਆਂ ਅਤੇ ਰੁਮਕਦੀ ਹਵਾ ਨੂੰ ਕੋਈ ਹੱਦਾਂ ਸਰਹੱਦਾਂ ਦਾ ਬੰਧਨ ਨਹੀਂ। ਕਾਸ਼ ਮਨੁੱਖ ਵੀ ਇਹਨਾਂ ਤੋਂ ਕੁਝ ਸਿੱਖ ਸਕਦੇ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਆਪਣੀ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1547)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)