“ਅਜੇ ਵੀ ਸੰਭਲ ਜਾਓ ਤੇ ਇਹਨਾਂ ਆਫ਼ਤਾਂ ਤੋਂ ਸਬਕ ਸਿੱਖੋ। ਸਾਡਾ ਭਲਾ ਇਸੇ ਵਿੱਚ ਹੀ ਹੈ ਕਿ ...”
(11 ਜੁਲਾਈ 2021)
ਮਨੁੱਖੀ ਮਨ ਵੀ ਬੜੀ ਅਜੀਬ ਸ਼ੈਅ ਹੈ। ਜੋ ਕੁਝ ਸਾਡੇ ਕੋਲ ਹੁੰਦਾ ਹੈ, ਉਸ ਵੇਲੇ ਉਸ ਦੀ ਕੀਮਤ ਦਾ ਕਦੇ ਇਹਸਾਸ ਨਹੀਂ ਹੁੰਦਾ। ਮਨ ਹਮੇਸ਼ਾ ਉਸ ਤੋਂ ਵੱਖਰਾ ਪਾਉਣ ਲਈ ਤਾਂਘਦਾ ਰਹਿੰਦਾ ਹੈ। ਜਦੋਂ ਸੰਯੁਕਤ ਪਰਿਵਾਰ ਵਿੱਚ ਰਹਿੰਦੇ ਸੀ ਤਾਂ ਲੱਗਦਾ ਸੀ ਕਿ ਜਿਹੜੇ ਇਕਹਿਰੇ ਪਰਿਵਾਰ ਵਿੱਚ ਰਹਿੰਦੇ ਹਨ ਉਨ੍ਹਾਂ ਨੂੰ ਸਾਡੇ ਨਾਲੋਂ ਵੱਧ ਆਜ਼ਾਦੀ ਹੈ, ਆਪਣੀ ਮਨਮਰਜ਼ੀ ਕਰਨ ਦੀ। ਪਰ ਜਦੋਂ ਪਿੰਡ ਛੱਡ ਕੇ ਸ਼ਹਿਰ ਰਹਿਣ ਲਈ ਆ ਗਏ ਤਾਂ ਘਰ ਸੁੰਨਾ ਸੁੰਨਾ ਲੱਗੇ। ਮਨ ਵਾਪਸ ਪਿੰਡ ਜਾਣ ਨੂੰ ਕਰੇ। ਹਰ ਮਾਂ-ਪਿਓ ਵਾਂਗ ਬੱਚਿਆਂ ਨੂੰ ਚੰਗੇ ਸਕੂਲਾਂ ਵਿੱਚ ਸਿੱਖਿਆ ਦਿਵਾਉਣ ਦਾ ਚੜ੍ਹਿਆ ਭੂਤ ਉੱਥੇ ਹੀ ਰਹਿਣ ਲਈ ਮਜਬੂਰ ਕਰੇ।
ਜਿਸ ਮਹੱਲੇ ਵਿੱਚ ਅਸੀਂ ਰਹਿਣਾ ਸ਼ੁਰੂ ਕੀਤਾ ਸੀ ਉੱਥੇ ਅਜੇ ਬਹੁਤੇ ਮਕਾਨ ਨਹੀਂ ਬਣੇ ਸਨ। ਸਾਡੇ ਘਰ ਦੇ ਦੋਵੇਂ ਪਾਸੇ ਖਾਲੀ ਪਲਾਟ ਪਏ ਸਨ। ਅੱਗੇ ਉਜਾੜ ਪਿਆ ਪਾਰਕ ਸੀ। ਪਿਛਲੇ ਪਾਸੇ ਮਾਈਕ੍ਰੋਵੇਵ ਟਾਵਰ ਸੀ। ਉਸ ਦੀ ਆਪਣੀ ਚਾਰਦਿਵਾਰੀ ਸੀ। ਵਿਚਕਾਰ ਕੰਧ ਕੱਢੀ ਹੋਈ ਸੀ। ਇੱਕ ਪਾਸੇ ਟਾਵਰ ਅਤੇ ਉਸ ਦੇ ਸਾਜ਼ੋ ਸਾਮਾਨ ਲਈ ਇਮਾਰਤ ਸੀ, ਦੂਸਰੇ ਪਾਸੇ ਮੁਲਾਜ਼ਮਾਂ ਦੇ ਰਹਿਣ ਲਈ ਦਸ ਸੋਹਣੇ ਰੈਣ ਬਸੇਰੇ ਬਣੇ ਹੋਏ ਸਨ। ਸਾਡੇ ਸਮਾਜ ਵਿੱਚ ਹਰ ਥਾਂ ਵਾਂਗ ਇੱਥੇ ਵੀ ਵਿਤਕਰਾ ਦਿਖਾਈ ਦਿੰਦਾ ਸੀ। ਇੱਕ ਪਾਸੇ ਚੌਕੀਦਾਰ ਦੇ ਰਹਿਣ ਲਈ ਬਣਿਆ ਛੋਟੇ ਛੋਟੇ ਦੋ ਕਮਰਿਆਂ ਦਾ ਘਰ ਸੀ।
ਸਾਰੇ ਘਰ ਮੁਲਾਜ਼ਮਾਂ ਦੇ ਪਰਿਵਾਰਾਂ ਨਾਲ ਭਰੇ ਹੋਏ ਸਨ। ਘਰਾਂ ਦੇ ਸਾਹਮਣੇ ਇੱਕ ਖੁੱਲ੍ਹਾ ਵਿਹੜਾ ਸੀ, ਜਿੱਥੇ ਖੇਡਦੇ ਬੱਚਿਆਂ ਦੀਆਂ ਕਿਲਕਾਰੀਆਂ, ਉਹਨਾਂ ਨਾਲ ਹੱਸਦੇ-ਬੋਲਦੇ ਉਹਨਾਂ ਦੇ ਮਾਪੇ, ਤਾਸ਼ ਖੇਡਦੇ ਰੌਲਾ ਪਾਉਂਦੇ ਬਜ਼ੁਰਗਾਂ ਕਰਕੇ ਸਾਰਾ ਦਿਨ ਰੌਣਕ ਲੱਗੀ ਰਹਿੰਦੀ। ਅਸੀਂ ਸ਼ਾਮ ਨੂੰ ਛੱਤ ’ਤੇ ਜਾ ਕੇ ਬੈਠ ਜਾਂਦੇ। ਰੌਣਕ ਮਨ ਨੂੰ ਧਰਵਾਸ ਜਿਹਾ ਦਿੰਦੀ। ਪਹਿਲਾਂ ਤਾਂ ਅਸੀਂ ਉੱਧਰ ਦੇਖਦੇ ਰਹਿੰਦੇ, ਫਿਰ ਗੱਲਬਾਤ ਹੋਣ ਲੱਗ ਪਈ। ਬੱਚੇ ਵੀ ਆਪਸ ਵਿੱਚ ਦੋਸਤ ਬਣ ਗਏ।
ਹੌਲੀ ਹੌਲੀ ਕੁਝ ਮੁਲਾਜ਼ਮ ਆਪਣੀ ਨੌਕਰੀ ਦੇ ਸਾਲ ਪੂਰੇ ਕਰ ਕੇ ਸੇਵਾ ਮੁਕਤ ਹੋ ਗਏ। ਕੁਝ ਨੇ ਆਪਣੇ ਘਰ ਬਣਾ ਲਏ। ਇੱਕ ਦਿਨ ਅਜਿਹਾ ਵੀ ਆਇਆ ਜਦੋਂ ਘਰਾਂ ਨੂੰ ਖਾਲੀ ਕਰ ਕੇ ਉਹ ਰੌਣਕ ਨੂੰ ਨਾਲ ਲੈ ਕੇ ਸਭ ਕੁਝ ਸੁੰਨਾ ਜਿਹਾ ਕਰਕੇ ਸਾਰੇ ਵਾਰੋ ਵਾਰੀ ਆਪਣੇ ਬਣਾਏ ਘਰਾਂ ਨੂੰ ਤੁਰ ਗਏ। ਇੱਕ ਇਕੱਲਾ ਚੌਕੀਦਾਰ ਹੀ ਆਪਣੇ ਪਰਿਵਾਰ ਨਾਲ ਉੱਥੇ ਰਹਿ ਗਿਆ।
ਉਹ ਚੌਕੀਦਾਰ ਰਹਿੰਦਾ ਤਾਂ ਉਹ ਪਹਿਲਾਂ ਵੀ ਉੱਥੇ ਹੀ ਸੀ ਪਰ ਉਸ ਦੇ ਬੱਚੇ ਅਤੇ ਘਰਵਾਲੀ ਬਾਰੇ ਸਾਨੂੰ ਬਹੁਤਾ ਪਤਾ ਨਹੀਂ ਸੀ। ਸ਼ਾਇਦ ਆਪਣੇ ਅਫਸਰਾਂ ਦੇ ਬੱਚਿਆਂ ਸਾਹਮਣੇ ਉਹਨਾਂ ਦੇ ਬੱਚੇ ਝਿਜਕਦੇ ਉਸ ਤਰ੍ਹਾਂ ਦੜੰਗੇ ਨਹੀਂ ਮਾਰਦੇ ਹੋਣਗੇ ਜਿਸ ਤਰ੍ਹਾਂ ਹੁਣ ਖੁੱਲ੍ਹੇ ਵਿਹੜੇ ਵਿੱਚ ਮਾਰਦੇ ਫਿਰਦੇ ਸਨ।
ਚੌਕੀਦਾਰ, ਜੋ ਮਗਰੋਂ ਬਿਹਾਰ ਦਾ ਰਹਿਣ ਵਾਲਾ ਸੀ, ਛੋਟੀ ਉਮਰ ਵਿੱਚ ਹੀ ਰੁਜ਼ਗਾਰ ਦੀ ਭਾਲ ਵਿੱਚ ਆਪਣੇ ਵੱਡਿਆਂ ਨਾਲ ਪੰਜਾਬ ਆਇਆ ਸੀ। ਇੱਥੇ ਬੀ.ਐੱਸ.ਐੱਨ.ਐਲ ਵਿੱਚ ਚੌਕੀਦਾਰ ਦੀ ਨੌਕਰੀ ਮਿਲ ਗਈ ਅਤੇ ਰਹਿਣ ਲਈ ਘਰ। ਵਿਹੜਾ ਪੂਰਾ ਖੁੱਲ੍ਹਾ ਸੀ। ਸਫ਼ਾਈ ਤਾਂ ਉਹ ਪਹਿਲਾਂ ਵੀ ਬਹੁਤ ਰੱਖਦਾ ਸੀ ਪਰ ਹੁਣ ਤਾਂ ਉਸ ਨੇ ਚਾਰ ਦਿਵਾਰੀ ਤਕ ਸਾਰੀ ਜਗ੍ਹਾ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਿਆ।
ਉਹ ਅਣਪੜ੍ਹ ਬੰਦਾ ਆਕਸੀਜਨ ਦੀ ਮਹੱਤਤਾ ਬਾਰੇ ਨਾ ਕੁਝ ਜਾਣਦਾ ਸੀ, ਨਾ ਹੀ ਉਸ ਨੂੰ ਸਾਫ਼-ਸੁਥਰੇ ਵਾਤਾਵਰਣ ਦੀ ਦੇਣ ਬਾਰੇ ਕੁਝ ਪਤਾ ਸੀ। ਪਰ ਜੋ ਕੁਝ ਉਸ ਨੇ ਕੀਤਾ, ਉਹ ਜ਼ਰੂਰ ਮਹੱਤਵਪੂਰਨ ਸੀ। ਉਸ ਨੇ ਇੱਕ ਪਾਸੇ ਕਿਨੂੰ ਅਤੇ ਨਿੰਬੂਆਂ ਦੇ ਬੂਟੇ ਲਗਾ ਦਿੱਤੇ। ਸਾਡੇ ਵਾਲੇ ਪਾਸੇ ਚਾਰ ਅੰਬਾਂ ਦੇ, ਇੱਕ ਜਾਮਣ ਦਾ ਬੂਟਾ ਅਤੇ ਤੀਜੇ ਪਾਸੇ ਬੇਰੀਆਂ ਲਗਾ ਦਿੱਤੀਆਂ। ਵਿਚਾਲੇ ਛੋਟੀਆਂ ਛੋਟੀਆਂ ਕਿਆਰੀਆਂ ਬਣਾ ਕੇ ਸਬਜ਼ੀ ਬੀਜ ਲੈਂਦਾ। ਚੱਟਣੀ ਲਈ ਪਦੀਨੇ ਲਗਾ ਦਿੱਤਾ। ਇੱਕ ਕਿਆਰੀ ਵਿੱਚ ਗੁਲਾਬ ਦੇ ਬੂਟੇ ਲਗਾ ਦਿੱਤੇ। ਲਗਾਤਾਰ ਦੇਖ ਭਾਲ ਕਰਨ ਕਰਕੇ ਕੋਮਲ ਜਿਹੀਆਂ ਟਾਹਣੀਆਂ ਹਰੇ ਭਰੇ ਰੁੱਖਾਂ ਵਿੱਚ ਬਦਲ ਗਈਆਂ।
ਤਿੰਨ, ਚਾਰ ਸਾਲਾਂ ਵਿੱਚ ਫ਼ਲਦਾਰ ਬੂਟੇ ਫ਼ਲ ਦੇਣ ਲੱਗ ਪਏ। ਖਾਣ ਜੋਗੇ ਰੁੱਤ ਅਨੁਸਾਰ ਫਲ ਤੇ ਸਬਜ਼ੀਆਂ, ਉਹ ਵੀ ਬਿਨਾਂ ਰੇਹ, ਸਪਰੇਅ ਤੋਂ ਉਸ ਨੂੰ ਲੋੜ ਜੋਗੇ ਮਿਲ ਜਾਂਦੇ।
ਸਮੇਂ ਲੰਘਦੇ ਕਿਹੜਾ ਪਤਾ ਲੱਗਦਾ ਹੈ। ਉਸ ਦੇ ਪੁੱਤ ਜਵਾਨ ਹੋ ਗਏ। ਛੋਟੇ-ਮੋਟੇ ਕੰਮਾਂ ’ਤੇ ਲੱਗ ਗਏ। ਇੱਥੇ ਹੀ ਉਸ ਨੇ ਉਨ੍ਹਾਂ ਦੇ ਵਿਆਹ ਬਿਹਾਰੀ ਪਰਿਵਾਰਾਂ ਵਿੱਚ ਕਰ ਦਿੱਤੇ। ਇੱਕ ਵਾਰ ਫਿਰ ਉਸ ਦੇ ਪੋਤੇ ਪੋਤੀਆਂ ਦੇ ਰੌਲ਼ੇ ਰੱਪੇ ਨਾਲ ਰੌਣਕ ਪਰਤ ਆਈ।
ਅਸੀਂ ਕਈ ਵਾਰ ਆਖ ਦਿੰਦੇ, “ਤੇਰੇ ਅੰਬਾਂ ਦੇ ਪੱਤੇ ਸਾਰਾ ਦਿਨ ਸਾਡੇ ਵਿਹੜੇ ਵਿੱਚ ਡਿਗਦੇ ਰਹਿੰਦੇ ਹਨ। ਉਹ ਅੱਗੋਂ ਹੱਸ ਕੇ ਕਹਿ ਦਿੰਦਾ, “ਮੈਂ ਤਾਂ ਬੀਬੀ ਸੇਵਾ ਮੁਕਤ ਹੋ ਕੇ ਆਪਣੇ ਦੇਸ ਚਲਿਆ ਜਾਊਂਗਾ, ਅੰਬ ਵੀ ਤੁਸੀਂ ਹੀ ਖਾਇਆ ਕਰੋਗੇ।”
ਰੰਗ ਬਰੰਗੇ ਪੰਛੀ ਜੋ ਪਹਿਲਾਂ ਟਾਵਰ ’ਤੇ ਬੈਠਦੇ ਸਨ, ਉਨ੍ਹਾਂ ਨੇ ਸੰਘਣੇ ਰੁੱਖਾਂ ’ਤੇ ਆਪਣੇ ਡੇਰੇ ਲਾ ਲਏ। ਚੋਗੇ ਦੀ ਭਾਲ ਵਿੱਚ ਉਡਾਰੀਆਂ ਮਾਰ ਜਾਂਦੇ। ਢਿੱਡ ਭਰਨ ਤੋਂ ਬਾਅਦ ਫਿਰ ਆਣ ਬੈਠਦੇ। ਇਹ ਕਿਹੜਾ ਮਨੁੱਖ ਵਾਂਗ ਲਾਲਚੀ ਬਿਰਤੀ ਰੱਖਦੇ ਹਨ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਇਕੱਠਾ ਕਰਦੇ ਰਹਿਣ। ਖਾ ਪੀ ਕੇ ਕੁਦਰਤ ਦਾ ਸ਼ੁਕਰਾਨਾ ਕਰਦੇ ਅਜਿਹੀਆਂ ਪਿਆਰੀਆਂ ਆਵਾਜ਼ਾਂ ਕੱਢਦੇ, ਉਦਾਸ ਮਨ ਵੀ ਖੁਸ਼ੀ ਨਾਲ ਨਸ਼ਿਆ ਜਾਂਦਾ।
ਸਵੇਰੇ ਸੁੱਤੇ ਪਿਆ ਤੋਂ ਅੰਬਾਂ, ਕਿੰਨੂਆਂ, ਬੇਰੀਆਂ ’ਤੇ ਬੈਠੇ ਪੰਛੀ ਆਪਣੀਆਂ ਸੰਗੀਤਕ ਧੁਨਾਂ ਰਾਹੀਂ ਸਵੇਰ ਦੇ ਆਗਮਨ ਦੀ ਸੂਹ ਦਿੰਦੇ ਤਾਂ ਮਨ ਇਹਨਾਂ ਰੁੱਖਾਂ ਨੂੰ ਲਾਉਣ ਵਾਲੇ ਦਾ ਧੰਨਵਾਦ ਕਰਦਾ। ਰੁੱਖਾਂ ਦੀਆਂ ਖੂਬ ਫੈਲਰੀਆਂ ਟਾਹਣੀਆਂ ਦੀ ਹਰਿਆਵਲ ਅੱਖਾਂ ਨੂੰ ਠੰਢਕ ਦਿੰਦੀ। ਪੰਜਾਬ ਦੇ ਕਿਸਾਨੀ ਸੱਭਿਆਚਾਰ ਵਿੱਚ ਤਾਂ ਫਸਲਾਂ, ਬਾਗਾਂ ਦਾ ਮੌਲਣਾ, ਫਲ ਫੁੱਲ ਦੇਣਾ ਅਤੇ ਪਰਿਵਾਰ ਰੂਪੀ ਬਾਗ਼ ਦਾ ਫੈਲਣਾ ਸਿਰਜਣਾਤਮਕ ਪ੍ਰਕਿਰਿਆ ਵਜੋਂ ਲਿਆ ਜਾਂਦਾ ਰਿਹਾ ਹੈ।
ਏਅਰ ਕੰਡੀਸ਼ਨਰਾਂ ਦੁਆਰਾ ਪੈਦਾ ਕੀਤੀਆਂ ਖ਼ਤਰਨਾਕ ਗੈਸਾਂ ਜੋ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਨ ਦੇ ਨਾਲ-ਨਾਲ ਕਈ ਭਿਆਨਕ ਅਲਾਮਤਾਂ ਨੂੰ ਜਨਮ ਦਿੰਦੀਆਂ ਹਨ, ਨੂੰ ਪਰਾਂ ਧੱਕ ਕੇ ਇਹ ਰੁੱਖ ਆਕਸੀਜਨ ਦੇ ਕੇ ਉਸ ਦਾ ਪ੍ਰਭਾਵ ਘਟਾਉਂਦੇ ਹਨ। ਦਿਨੋ-ਦਿਨ ਵਧ ਰਹੀ ਗਰਮੀ, ਪਿਘਲ ਰਹੇ ਗਲੇਸ਼ੀਅਰ, ਉਜ਼ੋਨ ਪਰਤ ਵਿੱਚ ਹੋ ਰਹੇ ਮਘੋਰੇ, ਮਨੁੱਖੀ ਜ਼ਿੰਦਗੀ ਲਈ ਨਿੱਤ ਖਤਰਨਾਕ ਸਮੱਸਿਆਵਾਂ ਲੈ ਕੇ ਆ ਰਹੇ ਹਨ। ਜੇ ਅਸੀਂ ਇਸ ਖੂਬਸੂਰਤ ਕਾਇਨਾਤ ਨੂੰ ਜੁੱਗਾਂ ਜੁਗਾਂਤਰਾਂ ਤਕ ਵਸਦੀ ਰਸਦੀ ਦੇਖਣੀ ਚਾਹੁੰਦੇ ਹਾਂ ਤਾਂ ਸਾਨੂੰ ਸੁਚੇਤ ਹੋ ਕੇ ਦ੍ਰਿੜ੍ਹ ਨਿਸਚੇ ਨਾਲ ਵਾਤਾਵਰਣ ਨੂੰ ਸ਼ੁੱਧ ਬਣਾਉਣ ਲਈ ਯਤਨ ਕਰਨੇ ਪੈਣਗੇ। ਜੇ ਅਸੀਂ ਮਨੁੱਖੀ ਜ਼ਿੰਦਗੀ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹਾਂ ਤਾਂ ਇਸ ਲਈ ਹਰ ਮਨੁੱਖ ਨੂੰ ਇਸ ਚੌਕੀਦਾਰ ਵਾਲਾ ਰੋਲ ਅਦਾ ਕਰਨਾ ਪਵੇਗਾ।
ਅੱਜ ਕੱਲ੍ਹ ਜਦੋਂ ਕਰੋਨਾ ਕਾਰਨ ਲੋਕਾਂ ਨੂੰ ਘਰਾਂ ਅੰਦਰ ਰਹਿਣ ਲਈ ਮਜਬੂਰ ਹੋਣਾ ਪਿਆ ਹੈ, ਮਨ ਜਦੋਂ ਅੰਦਰ ਬੈਠ ਬੈਠ ਕੇ ਘੁਟਨ ਮਹਿਸੂਸ ਕਰਨ ਲੱਗ ਪੈਂਦਾ ਹੈ। ਜਦੋਂ ਕਦੇ ਪਿਛਲੇ ਪਾਸੇ ਦੇਖਣ ਲੱਗ ਜਾਈਦਾ ਹੈ ਤਾਂ ਹਰੇ ਭਰੇ ਲਹਿਲਹਾਉਂਦੇ ਰੁੱਖ ਮਨ ਨੂੰ ਸਕੂਨ ਦਿੰਦੇ ਹਨ। ਜਦੋਂ ਅੱਗੇ ਆ ਕੇ ਖੜ੍ਹਦੇ ਹਾਂ ਤਾਂ ਪਾਰਕ ਵਿੱਚ ਖਿੜੇ ਰੰਗ ਬਰੰਗੇ ਫੁੱਲ ਮਨ ਨੂੰ ਮੋਂਹਦੇ ਹਨ। ਕੁਦਰਤ ਦੀ ਇਹ ਅਮੁੱਲ ਦੇਣ ਅਜਿਹੇ ਕੁਲਹਿਣੇ ਸਮੇਂ ਵਿੱਚ ਆਪਣੇ ਜਲਵੇ ਨਾਲ ਸਾਨੂੰ ਮਾਨਸਿਕ ਰੋਗੀ ਹੋਣ ਤੋਂ ਬਚਾ ਰਹੀ ਹੈ। ਕੁਦਰਤ ਨੇ ਤਾਂ ਸਾਨੂੰ ਸੋਹਣੀ ਜ਼ਿੰਦਗੀ ਜਿਉੂਣ ਲਈ ਅਪਾਰ ਬਖਸ਼ਿਸ਼ਾਂ ਕੀਤੀਆਂ ਸਨ ਪਰ ਮਨੁੱਖ ਲਾਲਚ ਵੱਸ ਬਹੁਤ ਕੁਝ ਤਬਾਹ ਕਰ ਕੇ ਧਰਤੀ ’ਤੇ ਵਿਚਰ ਰਹੀਆਂ ਜਾਤੀਆਂ ਦਾ ਘਾਣ ਕਰਨ ’ਤੇ ਤੁਲਿਆ ਹੋਇਆ ਹੈ।
ਹੁਣ ਜਦੋਂ ਅਸੀਂ ਘਰਾਂ ਵਿੱਚ ਬੰਦ ਬੈਠੇ ਹਾਂ ਤਾਂ ਕੁਦਰਤ ਸਾਨੂੰ ਸਮਝਾ ਰਹੀ ਹੈ ਕਿ ਅਜੇ ਵੀ ਸੰਭਲ ਜਾਓ ਤੇ ਇਹਨਾਂ ਆਫ਼ਤਾਂ ਤੋਂ ਸਬਕ ਸਿੱਖੋ। ਸਾਡਾ ਭਲਾ ਇਸੇ ਵਿੱਚ ਹੀ ਹੈ ਕਿ ਆਪਣੇ ਆਲੇ ਦੁਆਲੇ ਨੂੰ ਹਰਿਆ ਭਰਿਆ ਬਣਾਉਂਦੇ ਹੋਏ, ਵਾਤਾਵਰਣ ਦੀ ਰਾਖੀ ਲਈ ਹਰ ਸੰਭਵ ਯਤਨ ਕਰਦੇ ਰਹੀਏ। ਵਿਕਾਸ ਦੇ ਨਾਂਅ ’ਤੇ ਹੋ ਰਹੀ ਵਾਤਾਵਰਣ ਦੀ ਤਬਾਹੀ ਦਾ ਵਿਰੋਧ ਕਰੀਏ ਤਾਂ ਜੋ ਸਮੁੱਚੀ ਕਾਇਨਾਤ ’ਤੇ ਦਿਨੋ-ਦਿਨ ਵਧ ਰਹੀਆਂ ਆਫ਼ਤਾਂ ਨੂੰ ਠੱਲ੍ਹ ਪਾਈ ਜਾ ਸਕੇ। ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਕੂਨ ਦੀ ਜ਼ਿੰਦਗੀ ਬਸਰ ਕਰ ਸਕਣ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2891)
(ਸਰੋਕਾਰ ਨਾਲ ਸੰਪਰਕ ਲਈ: