“ਇਸ ਮੁਜ਼ਾਹਰੇ ਕਾਰਨ ਉਸ ਉੱਤੇ ਤਿੰਨ ਸੌ ਸੱਤ ਦਾ ਮੁਕੱਦਮਾ ਦਰਜ ਹੋਇਆ ਸੀ। ਸਾਰੀ ਉਮਰ ...”
(23 ਅਗਸਤ 2021)
ਘਰ ਵਿੱਚ ਕੁਝ ਰਿਸ਼ਤੇਦਾਰ ਆਏ ਹੋਏ ਸਨ। ਚਾਹ ਪੀਂਦਿਆਂ ਗੱਲਾਂ ਬੇਰੁਜ਼ਗਾਰਾਂ ਵੱਲੋਂ ਹੁੰਦੇ ਮੁਜ਼ਾਹਰਿਆਂ ਅਤੇ ਪੁਲਿਸ ਵੱਲੋਂ ਕੀਤੇ ਜਾਂਦੇ ਲਾਠੀਚਾਰਜ ਬਾਰੇ ਤੁਰ ਪਈਆਂ ਸਨ। ਤੁਰਦੀਆਂ ਤੁਰਦੀਆਂ ਗੱਲਾਂ ਜੇਲਾਂ ਬਾਰੇ, ਜੇਲਾਂ ਵਿੱਚ ਬੰਦ ਕੈਦੀਆਂ ਬਾਰੇ ਹੋਣ ਲੱਗ ਪਈਆਂ। ਰਿਸ਼ਤੇਦਾਰ ਜੋ ਡਿਪਟੀ ਸੁਪਰਡੈਂਟ ਜੇਲਾਂ ਰਿਟਾਇਰ ਹੋਇਆ ਸੀ, ਕਹਿਣ ਲੱਗਾ, “ਮੈਂ ਤੁਹਾਨੂੰ ਜਦੋਂ ਮੈਂ ਨੌਕਰੀ ਸਮੇਂ ਇੱਕ ਜੇਲ ਵਿੱਚ ਤਾਇਨਾਤ ਸੀ ਤਾਂ ਉਸ ਸਮੇਂ ਉੱਥੇ ਬੰਦ ਇੱਕ ਕੈਦੀ ਬਾਰੇ ਦੱਸਦਾ ਹਾਂ।”
ਜੇਲ ਦੇ ਉਸ ਬੰਦ ਹਾਤੇ ਵਿੱਚ ਚਾਰ ਹੀ ਚੱਕੀਆਂ (ਸੈੱਲ) ਸਨ। ਹਰ ਚੱਕੀ ਦਸ ਫੁੱਟ ਲੰਬੀ ਅਤੇ ਅੱਠ ਫੁੱਟ ਚੌੜੀ ਸੀ, ਜਿਸ ਵਿੱਚ ਦੋ ਘੜੇ ਪਾਣੀ ਦੇ ਰੱਖੇ ਹੁੰਦੇ ਸਨ। ਇੱਕ ਘੜੇ ਵਿੱਚ ਪਾਣੀ ਪੀਣ ਲਈ ਹੁੰਦਾ ਸੀ ਅਤੇ ਦੂਸਰੇ ਵਿੱਚ ਨਹਾਉਣ ਧੋਣ ਆਦਿ ਲਈ ਹੁੰਦਾ ਸੀ। ਚੱਕੀਆਂ ਦੇ ਅੱਗੇ ਲੋਹੇ ਦੇ ਸਰੀਆਂ ਨਾਲ ਪਿੰਜਰੇ ਬਣੇ ਹੋਏ ਸਨ। ਪਾਣੀ ਪਾਉਣ ਆਉਂਦੇ ਮਾਛੀ ਅਤੇ ਸਵੇਰ, ਸ਼ਾਮ ਨੂੰ ਮੁਸ਼ੱਕਤੀ (ਕੈਦੀ ਕਾਮਾ) ਨੂੰ ਰੋਟੀਆਂ ਦੇਣ ਆਉਂਦਾ ਤੱਕ ਕੇ ਦੇਖਣ ਵਾਲਾ ਸਹਿਜੇ ਹੀ ਅੰਦਾਜ਼ਾ ਲਗਾ ਸਕਦਾ ਸੀ ਕਿ ਉਹਨਾਂ ਚੱਕੀਆਂ ਅੰਦਰ ਕੋਈ ਕੈਦੀ ਬੰਦ ਹੈ।
“ਜਦੋਂ ਦੇਸ਼ ਗ਼ੁਲਾਮ ਸੀ ਤਾਂ ਅੰਗਰੇਜ਼ੀ ਹਕੂਮਤ ਆਜ਼ਾਦੀ ਦੇ ਪਰਵਾਨਿਆਂ ਨੂੰ ਸਜ਼ਾ ਦੇਣ ਲਈ ਇਹਨਾਂ ਚੱਕੀਆਂ ਵਿੱਚ ਬੰਦ ਕਰ ਦਿੰਦੀ ਸੀ। ਹੁਣ ਦੀ ਸਟੇਟ/ਰਿਆਸਤ ਵੀ ਵਿਰੋਧੀ ਆਵਾਜ਼ਾਂ ਨੂੰ ਦਬਾਉਣ ਲਈ ਇਹਨਾਂ ਚੱਕੀਆਂ ਦੀ ਵਰਤੋਂ ਕਰਦੀ ਹੈ।”
ਮੈਂ ਉਸ ਦੀ ਗੱਲ ਦਾ ਹੁੰਗਾਰਾ ਭਰਦਿਆਂ ਚੱਕੀਆਂ ਬਾਰੇ ਵਿੱਚੋਂ ਹੀ ਆਪਣੀ ਰਾਇ ਦੇ ਦਿੱਤੀ।
ਉਸ ਨੇ ਬਿਨਾਂ ਕੁਝ ਕਹੇ ਆਪਣੀ ਗੱਲ ਅੱਗੇ ਤੋਰੀ, “ਚੱਕੀਆਂ ਵਿੱਚੋਂ ਵੀ ਕਦੇ ਕਦੇ ਵੱਜਦੇ ਸਾਜ਼ ਨਾਲ ਕਿਸੇ ਦੇ ਗੀਤ ਗਾਉਣ ਦੀ ਆਉਂਦੀ ਆਵਾਜ਼ ਤੋਂ ਪਤਾ ਲੱਗ ਜਾਂਦਾ ਸੀ ਕਿ ਸਿਰਫ਼ ਇੱਕ ਹੀ ਚੱਕੀ ਵਿੱਚ ਕੈਦੀ ਹੈ ਅਤੇ ਬਾਕੀ ਤਿੰਨ ਚੱਕੀਆਂ ਖ਼ਾਲੀ ਹਨ। ਸਾਜ਼ ਦੀ ਆਵਾਜ਼ ਕਿਸੇ ਅਲਗੋਜ਼ੇ, ਢੋਲਕ, ਚਿਮਟੇ ਜਾਂ ਅਜਿਹੇ ਕਿਸੇ ਉਪਕਰਣ ਦੇ ਵਜਾਉਣ ਨਾਲ ਨਹੀਂ ਆਉਂਦੀ ਸੀ ਇਹ ਤਾਂ ਕੈਦੀ ਨੂੰ ਲੱਗੀ ਹੋਈ ਬੇੜੀ ਦੇ ਲੋਹੇ ਦੇ ਕੜਿਆਂ ਨੂੰ ਆਪਸ ਵਿੱਚ ਟਕਰਾਉਣ ਨਾਲ ਪੈਦਾ ਹੁੰਦੀ ਸੀ।
“ਇਹ ਕੈਦੀ ਕੋਈ ਕਾਤਲ ਲੁਟੇਰਾ ਨਹੀਂ ਸੀ। ਇਹ ਤਾਂ ਇੱਕ ਵੀਹ ਕੁ ਸਾਲਾਂ ਦਾ ਗੱਭਰੂ ਸੀ, ਜਿਸ ਨੇ ਕਿਸਾਨਾਂ ਵੱਲੋਂ ਡੀਜ਼ਲ ਦੀ ਥੁੜ ਕਾਰਨ ਜਗਰਾਉਂ ਵਿਖੇ ਕੀਤੇ ਮੁਜ਼ਾਹਰੇ ਦੀ ਅਗਵਾਈ ਕੀਤੀ ਸੀ।”
“ਉਸ ਮੁਜ਼ਾਹਰੇ ਵਿੱਚ ਪੁਲੀਸ ਵੱਲੋਂ ਚਲਾਈ ਗੋਲੀ ਨਾਲ ਇੱਕ ਕਿਸਾਨ ਸ਼ਹੀਦੀ ਪਾ ਗਿਆ ਸੀ।” ਮੇਰੇ ਕੋਲੋਂ ਫਿਰ ਬੋਲਿਆ ਗਿਆ।
“ਇਸ ਮੁਜ਼ਾਹਰੇ ਕਾਰਨ ਉਸ ਉੱਤੇ ਤਿੰਨ ਸੌ ਸੱਤ ਦਾ ਮੁਕੱਦਮਾ ਦਰਜ ਹੋਇਆ ਸੀ। ਸਾਰੀ ਉਮਰ ਮਿੱਟੀ ਨਾਲ ਮਿੱਟੀ ਹੋ ਕੇ, ਪਤਝੜ ਜਿਹੀ ਜੂਨ ਹੰਢਾਉਂਦੇ ਲੋਕਾਂ ਦੀ ਹੁੰਦੀ ਕਿਰਤ ਦੀ ਲੁੱਟ ਖ਼ਿਲਾਫ਼, ਲੋਕ ਹਿਤਾਂ ਲਈ ਲੜੇ ਜਾ ਰਹੇ ਘੋਲਾਂ ਦੀ ਅਗਵਾਈ ਕਰਨ ਕਰਕੇ ਉਸ ਉੱਤੇ ਡੀ.ਆਈ.ਆਰ. (defence of India ru।es) ਅਤੇ ਮੀਸਾ (maintenance of internationa। security act) ਵਰਗੇ ਕਾਲੇ ਕਾਨੂੰਨਾਂ ਤਹਿਤ ਮੁਕੱਦਮੇ ਦਰਜ ਸਨ। ਮੀਸਾ ਲੱਗਾ ਹੋਣ ਕਰ ਕੇ ਹੀ ਉਸ ਦੇ ਬੇੜੀ ਲੱਗੀ ਹੋਈ ਸੀ।
“ਜੇਲ ਵਿੱਚ ਦਾਖਲ ਹੋਣ ਸਮੇਂ ਪਹਿਲਾਂ ਡਿਉਢੀ ਦੇ ਦੋ ਦਰਵਾਜ਼ੇ ਬੰਦ ਕੀਤੇ ਹੁੰਦੇ ਹਨ। ਇਸ ਤੋਂ ਅੱਗੇ ਹਾਤੇ ਦਾ ਦਰਵਾਜ਼ਾ ਬੰਦ ਹੁੰਦਾ ਹੈ। ਹਾਤੇ ਵਿੱਚ ਦਾਖਲ ਹੋਣ ਤੋਂ ਅੱਗੇ ਪਿੰਜਰਾ ਦਾ ਫਿਰ ਚੱਕੀ ਦਾ ਦਰਵਾਜ਼ਾ ਬੰਦ ਹੁੰਦਾ ਹੈ। ਇਸ ਤਰ੍ਹਾਂ ਚੱਕੀ ਵਿੱਚ ਬੰਦ ਕੈਦੀ ਪੰਜ ਜਿੰਦਰਿਆਂ ਅੰਦਰ ਬੰਦ ਹੁੰਦਾ ਹੈ। ਜਦੋਂ ਇਹਨਾਂ ਚੱਕੀਆਂ ਵਿੱਚੋਂ ਇੱਕ ਵਿੱਚ ਹੀ ਕੈਦੀ ਹੋਵੇ ਤਾਂ ਚਾਰ ਚੁਫੇਰੇ ਪਸਰੀ ਖਮੋਸ਼ੀ ਦਾ ਆਲਮ ਬੜਾ ਡਰਾਉਣਾ ਹੁੰਦਾ ਹੈ। ਉੱਥੇ ਤਾਂ ਪੌਣ ਵੀ ਸਹਿਮੀ ਸਹਿਮੀ ਅੰਦਰਲਾ ਹਾਲ ਦੇਖਣ ਲਈ ਗੇੜਾ ਮਾਰਦੀ ਹੈ। ਦਿਨ ਰਾਤ ਥੋੜ੍ਹੀ ਜਿਹੀ ਥਾਂ ਵਿੱਚ ਲਗਾਤਾਰ ਕੰਧਾਂ ਨੂੰ ਤੱਕਣ ਤੋਂ ਬਿਨਾਂ ਹੋਰ ਕੁਝ ਦਿਖਾਈ ਨਹੀਂ ਦਿੰਦਾ। ਮਾੜਾ ਮੋਟਾ ਬੰਦਾ ਤਾਂ ਇਕੱਲੇਪਣ ਤੋਂ ਓਦਰ ਕੇ ਉਂਝ ਹੀ ਮਾਨਸਿਕ ਰੋਗੀ ਬਣ ਜਾਵੇ।
“ਥੋੜ੍ਹੇ ਜਿਹੇ ਥਾਂ ਵਿੱਚ ਕੋਈ ਤੁਰ ਫਿਰ ਵੀ ਕਿੰਨਾ ਕੁ ਸਕਦਾ ਹੈ। ਬੇੜੀ ਲੱਗੀ ਤੋਂ ਤਾਂ ਤੁਰਨਾ ਵੀ ਹੌਲੀ ਹੌਲੀ ਅਭਿਆਸ ਨਾਲ ਹੀ ਆਉਂਦਾ ਹੈ। ਫਿਰ ਉਸ ਕੈਦੀ ਉੱਤੇ ਤਾਂ ਹੋਰ ਵੀ ਕਈ ਮੁਕੱਦਮੇ ਚੱਲਦੇ ਹੋਣ ਕਰ ਕੇ ਉਸ ਨੂੰ ਪੇਸ਼ੀ ਭੁਗਤਣ ਲਈ ਹੋਰ ਥਾਂਈਂ ਵੀ ਜਾਣਾ ਪੈਂਦਾ ਸੀ। ਪਹਿਲਾਂ ਪਹਿਲਾਂ ਤਾਂ ਉਸ ਨੂੰ ਬੇੜੀ ਨਾਲ ਬੱਸ ਵਿੱਚ ਚੜ੍ਹਨਾ, ਉੱਤਰਨਾ ਬੜਾ ਔਖਾ ਲੱਗਦਾ ਸੀ। ਹੌਲੀ ਹੌਲੀ-ਹੌਲੀ ਉਸ ਨੂੰ ਇਸਦੀ ਆਦਤ ਬਣ ਗਈ ਸੀ। ਉਂਝ ਵੀ ਕੜਿਆਂ ਨਾਲ ਲੱਤਾਂ ਉੱਤੇ ਕਾਲੇ ਨਿਸ਼ਾਨ ਪੈ ਗਏ ਸਨ। ਕਈ ਕੈਦੀਆਂ ਦੇ ਤਾਂ ਲੱਤਾਂ ਉੱਤੇ ਕੜੇ ਵੱਜ ਵੱਜ ਕੇ ਜਖ਼ਮ ਵੀ ਹੋ ਜਾਂਦੇ ਹਨ। ਬੇੜੀ ਲੱਗੀ ਤੋਂ ਪੈਰਾਂ ਭਾਰ ਬੈਠਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ। ਸਮਾਂ ਕੱਟਣ ਲਈ ਕਿਤਾਬਾਂ ਤਾਂ ਦੂਰ ਦੀ ਗੱਲ, ਉਸ ਕੈਦੀ ਨੂੰ ਤਾਂ ਪੜ੍ਹਨ ਲਈ ਅਖ਼ਬਾਰ ਵੀ ਨਹੀਂ ਦਿੱਤਾ ਜਾਂਦਾ ਸੀ।
ਉਸ ਉਦਾਸ ਫਿਜ਼ਾ ਨੂੰ ਉਸ ਸਮੇਂ ਹੁਲਾਸ ਦਾ ਸਕੂਨ ਭਰਿਆ ਬੁਲ੍ਹਾ ਉਤਸ਼ਾਹ ਨਾਲ ਭਰ ਦਿੰਦਾ ਜਦੋਂ ਚੱਕੀ ਵਿੱਚੋਂ ਬੇੜੀ ਦੀ ਛਣਕਾਰ ਨਾਲ ਗੂੰਜਦੇ ਬੋਲ ਹਾਤੇ ਦੀ ਖਮੋਸ਼ੀ ਨੂੰ ਚੀਰ ਕੇ ਪੌਣ ਵਿੱਚ ਘੁਲ ਜਾਂਦੇ। ਪੌਣ ਅੱਗੇ ਰੁੱਖਾਂ ਦੇ ਪੱਤਿਆਂ ਨਾਲ ਸਰਸਰਾਹਟ ਕਰਦੀ ਹੋਈ ਕਹਿੰਦੀ ਜਾਪਦੀ ਜੇਲਾਂ ਬੇੜੀਆਂ ਵੀ ਕਦੇ ਲੋਕ ਹਿਤਾਂ ਲਈ ਜੂਝਣ ਵਾਲਿਆਂ ਨੂੰ ਰੋਕ ਸਕੀਆਂ ਹਨ। ਬੋਲਾਂ ਦੇ ਨਾਲ ਬੇੜੀ ਦੇ ਕੜੇ ਸਾਜ਼ ਦਾ ਕੰਮ ਦਿੰਦੇ ਸਨ, ਜੋ ਉਸ ਦੇ ਗਲ਼ੇ ਵਿੱਚੋਂ ਨਿਕਲਦੇ ਬੋਲਾਂ ਨੂੰ ਸਾਜ਼ ਦਾ ਕੰਮ ਦੇ ਕੇ ਚੱਕੀ ਦੀ ਬੋਝਲ ਚੁੱਪ ਨੂੰ ਖ਼ਤਮ ਕਰ ਕੇ, ਅੰਦਰ ਧੜਕਦੀ ਜ਼ਿੰਦਗੀ ਦਾ ਇਹਸਾਸ ਕਰਾਉਂਦੇ ਸਨ। ਬੋਲ ਜੋ ਜ਼ਿੰਦਾਦਿਲੀ ਨਾਲ ਲਬਰੇਜ਼ ਹੋ ਕੇ ਸਮੇਂ ਨੂੰ ਵੰਗਾਰਦੇ ਪ੍ਰਤੀਤ ਹੁੰਦੇ ਸਨ:
ਪਤਝੜ ਸਦਾ ਨਾ ਰਹਿਣੀ ਆਉਣੀ ਬਹਾਰ ਅਕਸਰ
ਜੀਵਨ ਤੋਂ ਮੌਤ ਖਾਂਦੀ ਆਈ ਹੈ ਹਾਰ ਅਕਸਰ।
“ਰੋਟੀ ਦੇਣ ਆਇਆ ਮੁਸ਼ੱਕਤੀ ਆਪਣੀ ਕੁਰਖਤ ਆਵਾਜ਼ ਨੂੰ ਭੁੱਲ ਕੇ ਬੜੀ ਨਰਮਾਈ ਨਾਲ ਉਸ ਨੂੰ ਬਾਟੀ ਪਿੰਜਰੇ ਵਿੱਚੋਂ ਬਾਹਰ ਰੱਖਣ ਲਈ ਆਖਦਾ। ਤਿੰਨ ਰੋਟੀਆਂ, ਜਿਨ੍ਹਾਂ ਨੂੰ ਨਫ਼ਰੀ ਕਿਹਾ ਜਾਂਦਾ ਸੀ ਆਮ ਤੌਰ ’ਤੇ ਉਹ ਦੂਰੋਂ ਹੀ ਹੱਥਾਂ ’ਤੇ ਵਗਾਹ ਕੇ ਮਾਰਦਾ ਸੀ ਪਰ ਇੱਥੇ ਉਹਨਾਂ ਨੂੰ ਸਹਿਜ ਨਾਲ ਹੱਥਾਂ ’ਤੇ ਰੱਖ ਦਿੰਦਾ। ਜਿਵੇਂ ਕਿ ਉਹ ਉਸ ਦੀ ਲੈਅ ਵਿੱਚ ਭੰਗ ਨਾ ਪਾਉਣੀ ਚਾਹੁੰਦਾ ਹੋਵੇ।
“ਫਿਰ ਮੇਰੀ ਉਸ ਜੇਲ ਤੋਂ ਬਦਲੀ ਹੋ ਗਈ। ਮੁੜ ਉਸ ਕੈਦੀ ਦਾ ਕੀ ਬਣਿਆ ਮੈਂਨੂੰ ਪਤਾ ਨਹੀਂ।”
“ਕਿਤੇ ਇਹ ਕੈਦੀ ਨਿਰਭੈ ਸਿੰਘ ਢੁੱਡੀਕੇ ਤਾਂ ਨਹੀਂ ਸੀ?” ਮੈਂ ਪੁੱਛਿਆ।
“ਹਾਂ, ਹਾਂ, ਉਹੀ ਸੀ।”
“ਅੱਗੇ ਤੁਹਾਨੂੰ ਮੈਂ ਦੱਸਦੀ ਹਾਂ। ...
ਸਾਡਾ ਇਤਿਹਾਸ ਸਦੀਆਂ ਤੋਂ ਜਬਰ ਜ਼ੁਲਮ, ਲੁੱਟ ਘਸੁੱਟ ਅਤੇ ਲੋਕ-ਦੋਖੀ ਹਕੂਮਤਾਂ ਨਾਲ ਅੜਨ ਤੇ ਲੜਨ ਵਾਲਾ ਰਿਹਾ ਹੈ। ਇਸ ਵਿਰਾਸਤ ਨੂੰ ਸਮੇਂ-ਸਮੇਂ ਸਾਡੇ ਅਣਖੀ ਵੀਰਾਂ ਅਤੇ ਭੈਣਾਂ ਨੇ ਸੰਘਰਸ਼ਾਂ ਰਾਹੀਂ ਅੱਗੇ ਤੋਰਿਆ ਹੈ।
ਇਸ ਮਾਣਮੱਤੀ ਵਿਰਾਸਤ ਨੂੰ ਅੱਗੇ ਤੋਰਨ ਵਾਲਿਆਂ ਦਾ ਸਾਥੀ ਬਣ ਨਿਰਭੈ ਅਠਾਰਾਂ ਸਾਲਾਂ ਦੀ ਉਮਰ ਤੋਂ ਲੋਕ ਘੋਲਾਂ ਦਾ ਹਿੱਸਾ ਬਣਿਆ, ਸੱਤਰ ਸਾਲ ਦੀ ਉਮਰ ਹੋ ਜਾਣ ’ਤੇ ਵੀ ਸਿਰੜ ਅਤੇ ਸਿਦਕ ਨਾਲ ਨਿਰੰਤਰ ਤੁਰਦਾ ਸੰਘਰਸ਼ਾਂ ਦਾ ਅਣਥੱਕ ਰਾਹੀ ਬਣਿਆ ਹੋਇਆ ਹੈ।
ਦਿਨ ਦਿਹਾੜੇ ਕਿਰਤੀਆਂ ਦੀ ਹੁੰਦੀ ਲੁੱਟ, ਹੱਡ ਭੰਨਵੀਂ ਮਿਹਨਤ ਕਰਨ ਤੋਂ ਬਾਅਦ ਵੀ ਭੁੱਖੇ ਢਿੱਡ ਸੌਂਦੇ ਮਜ਼ਦੂਰਾਂ, ਸਾਰੀਆਂ ਸਹੂਲਤਾਂ ਤੋਂ ਊਣੇ ਤੇ ਵਿਰਵੇ ਮਨੁੱਖਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਯਤਨਸ਼ੀਲ ਜੁਝਾਰੂਆਂ ਦਾ ਸਾਥੀ ਬਣ ਆਪਣਾ ਪੂਰਾ ਤਾਣ ਲਾ ਰਿਹਾ ਹੈ। ਅੱਜ ਕੱਲ੍ਹ ਪਿਛਲੇ ਅੱਠ ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ ਤੇ ਸੰਘਰਸ਼ ਕਰ ਰਹੇ ਕਿਸਾਨਾਂ ਨਾਲ ਡਟਿਆ ਹੋਇਆ ਹੈ।
ਮੀਸਾ ਖ਼ਤਮ ਹੋ ਜਾਣ ਤੋਂ ਬਾਅਦ ਜਦੋਂ ਨਿਰਭੈ ਸਿੰਘ ਢੁੱਡੀਕੇ ਦੀ ਬੇੜੀ ਕੱਟੀ ਗਈ ਤਾਂ ਉਸਨੇ ਕਿਹਾ ਸੀ, “ਮੈਂਨੂੰ ਇਉਂ ਲੱਗਿਆ ਜਿਵੇਂ ਮੇਰੇ ਸਰੀਰ ਦਾ ਕੋਈ ਅੰਗ ਕੱਟ ਦਿੱਤਾ ਗਿਆ ਹੋਵੇ ...।”
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2970)
(ਸਰੋਕਾਰ ਨਾਲ ਸੰਪਰਕ ਲਈ: