ShavinderKaur7“... ਘਰ ਦਾ ਚਿਰਾਗ ਸਦਾ ਲਈ ਬੁਝ ਗਿਆਪਿੱਛੇ ਮਾਂ ਅਤੇ ਜਵਾਨ ਪਤਨੀ ਨੂੰ ...
(30 ਅਕਤੂਬਰ 2019)

 

ਸਾਡੇ ਮੁਹੱਲੇ ਵਿੱਚ ਰਹਿੰਦਾ ਪਰਿਵਾਰ ਜਿਸ ਨਾਲ ਸਾਡਾ ਚੰਗਾ ਸਹਿਚਾਰ ਹੈ, ਉਹਨਾਂ ਦੇ ਮੁੰਡੇ ਦਾ ਵਿਆਹ ਸੀ ਵਿਆਹ ਦਾ ਕਾਰਡ ਦੇਣ ਆਏ ਉਹ ਬਹੁਤ ਹੀ ਜ਼ੋਰ ਨਾਲ ਬਰਾਤ ਜਾਣ ਲਈ ਕਹਿਕੇ ਗਏ ਸਨ ਮੈਂ ਤੇ ਮੇਰਾ ਬੇਟਾ ਉਹਨਾਂ ਨਾਲ ਬਰਾਤ ਚਲੇ ਗਏ ਜਦੋਂ ਮੈਰਿਜ ਪੈਲੇਸ ਵਿੱਚ ਪਹੁੰਚੇ ਤਾਂ ਪੈਲੇਸ ਦੇ ਨਾਲ ਜਾਂਦੀ ਸੜਕ ਉੱਤੇ ਲੱਗੇ ਬੋਰਡ ’ਤੇ ਜਿਹੜੇ ਪਿੰਡ ਦਾ ਨਾਮ ਲਿਖ ਕੇ ਇੱਕ ਕਿਲੋਮੀਟਰ ਲਿਖਿਆ ਸੀ, ਉਹ ਪਿੰਡ ਤਾਂ ਮੇਰਾ ਜਾਣਿਆ ਪਛਾਣਿਆ ਸੀ ਉਸ ਪਿੰਡ ਵਿੱਚ ਤਾਂ ਮੈਂ ਬਚਪਨ ਵਿੱਚ ਆਪਣੀ ਦਾਦੀ ਨਾਲ ਬਹੁਤ ਵਾਰ ਗਈ ਸੀ ਮੇਰੀ ਦਾਦੀ ਹੋਰੀਂ ਦੋ ਭੈਣਾਂ ਹੀ ਸਨ ਉਸ ਪਿੰਡ ਉਸਦੀ ਛੋਟੀ ਭੈਣ ਵਿਆਹੀ ਹੋਈ ਸੀ ਉਹਨਾਂ ਦੇ ਮਾਂ ਬਾਪ ਉਮਰੋਂ ਪਹਿਲਾਂ ਹੀ ਇਸ ਦੁਨੀਆਂ ਤੋਂ ਤੁਰ ਗਏ ਸਨ ਮਾਪਿਆਂ ਦੀ ਥਾਂ ਮੇਰੀ ਦਾਦੀ ਹੀ ਛੋਟੀ ਭੈਣ ਦੇ ਹਰ ਦਿਨ ਦਿਹਾਰ ਉੱਤੇ ਆਉਂਦੀ ਸੀ ‌ਪਿਛਲੀਆਂ ਯਾਦਾਂ ਨੂੰ ਮੁੜ ਤਰੋਤਾਜ਼ਾ ਕਰਨ ਲਈ ਮੈਂ ਮਿਲਣ ਜਾਣ ਦਾ ਮਨ ਬਣਾ ਲਿਆ ਅਨੰਦ ਕਾਰਜ ਤੋਂ ਬਾਅਦ ਮੈਂ ਬੇਟੇ ਨੂੰ ਕਿਹਾ, “ਮੈਨੂੰ ਮਾਸੀ ਕੇ ਪਿੰਡ ਛੱਡ ਆ ਵਾਪਸ ਜਾਣ ਤੋਂ ਪਹਿਲਾਂ ਮੈਂਨੂੰ ਲੈ ਆਵੀਂ

ਬਾਪੂ ਜੀ ਹੋਰਾਂ ਦੀ ਰੀਸ ਨਾਲ ਅਸੀਂ ਵੀ ਉਸ ਨੂੰ ਮਾਸੀ ਹੀ ਆਖਦੇ ਸੀ ਮਾਸੀ ਤਾਂ ਭਾਵੇਂ ਦਾਦੀ ਵਾਂਗ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਈ ਸੀ ਪਰ ਉਸ ਦੇ ਨੂੰਹ ਪੁੱਤ ਜਰੂਰ ਗਮੀ ਖੁਸ਼ੀ ਵੇਲੇ ਪੇਕੇ ਪਿੰਡ ਮਿਲਦੇ ਰਹਿੰਦੇ ਸਨ ਬੜਾ ਕੁਝ ਬਦਲ ਗਿਆ ਸੀ ਅਸੀਂ ਤਾਂ ਸੂਏ ਦੀ ਪਟੜੀ ਉੱਤੇ ਤੁਰ ਕੇ ਜਾਂਦੇ ਹੁੰਦੇ ਸੀ ਪਰ ਹੁਣ ਤਾਂ ਪਿੰਡ ਤੱਕ ਪੱਕੀ ਸੜਕ ਬਣ ਗਈ ਸੀ ਘਰ ਲੱਭਣ ਵਿੱਚ ਵੀ ਦਿੱਕਤ ਆਉਂਦੀ ਜੇ ਮਾਸੀ ਅਤੇ ਨੰਬਰਦਾਰਾਂ ਦੇ ਘਰ ਵਿਚਾਲੇ ਬਣੀ ਖੂਹੀ ਸਲਾਮਤ ਨਾ ਹੁੰਦੀ

ਚਾਚਾ ਅਤੇ ਚਾਚੀ ਪੂਰੇ ਚਾਅ ਨਾਲ ਮਿਲੇ ਸਰਦੀ ਦੀ ਰੁੱਤ ਹੋਣ ਕਰਕੇ ਅਸੀਂ ਗੇਟ ਸਾਹਮਣੇ ਧੁੱਪ ਵਿੱਚ ਮੰਜਾ ਡਾਹ ਲਿਆਚਾਚੀ, ਨੰਬਰਦਾਰਾਂ ਦੇ ਘਰ ਕਿਵੇਂ ਚੁੱਪ ਪਸਰੀ ਪਈ ਹੈ?” ਘਰ ਦਾ ਬੰਦ ਬੂਹਾ ਵੇਖ ਕੇ ਮੈਂ ਪੁੱਛਿਆ

“ਇਹਨਾਂ ਦੇ ਘਰ ਰੌਣਕ ਕਿੱਥੋਂ ਹੋਵੇ ਧੀਏ ... ਜਦੋਂ ਤੂੰ ਛੋਟੀ ਹੁੰਦੀ ਆਉਂਦੀ ਹੁੰਦੀ ਸੀ ਤਾਂ ਇਹਨਾਂ ਦੀਆਂ ਚਾਰੇ ਕੁੜੀਆਂ ਦੇ ਡੁੱਲ੍ਹ-ਡੁੱਲ੍ਹ ਪੈਂਦੇ ਹਾਸਿਆਂ ਨਾਲ਼ ਘਰ ਵਿੱਚ ਜ਼ਿੰਦਗੀ ਧੜਕਦੀ ਸੀ ਉਹ ਤਾਂ ਸਾਡੇ ਘਰ ਦਾ ਸੁੰਨਾਪਣ ਵੀ ਮਹਿਸੂਸ ਨਹੀਂ ਹੋਣ ਦਿੰਦੀਆਂ ਸਨ ਸਾਰਾ ਦਿਨ ਮੇਰੇ ਕੋਲ ਗੇੜੇ ਤੇ ਗੇੜਾ ਮਾਰਦੀਆਂ ਰਹਿੰਦੀਆਂ ਵਾਰੀ ਵਾਰੀ ਚਾਰੇ ਬਾਬਲ ਦਾ ਘਰ ਛੱਡ ਕੇ ਸਹੁਰੇ ਘਰ ਤੁਰ ਗਈਆ ਮੁੰਡੇ ਨੂੰ ਨੰਬਰਦਾਰ ਨੇ ਵਿਤੋਂ ਵਧ ਖਰਚ ਕਰਕੇ ਪੜ੍ਹਾਇਆ ਡਿਗਰੀਆਂ ਦਾ ਥੱਬਾ ਚੁੱਕ ਕੇ ਜਦੋਂ ਘਰ ਆਇਆ ਤਾਂ ਨੰਬਰਦਾਰ ਦਾ ਚਾਅ ਨਾ ਚੁੱਕਿਆ ਜਾਵੇ ਉਸ ਨੂੰ ਲੱਗਿਆ ਮੁੰਡਾ ਅਫਸਰ ਲੱਗ ਕੇ ਘਰ ਦੇ ਸਾਰੇ ਧੋਣੇ ਧੋ ਦੋਵੇਗਾ

ਮੁੰਡੇ ਨੂੰ ਨੌਕਰੀ ਤਾਂ ਮਿਲੀ ਨਾ, ਸਗੋਂ ਨੌਕਰੀ ਖਾਤਰ ਰੋਜ਼ ਧਰਨਿਆਂ, ਮੁਜ਼ਾਹਰਿਆਂ ’ਤੇ ਜਾਂਦਾ ਖੱਜਲ ਖੁਆਰ ਹੁੰਦਾ ਰਿਹਾ ਇੱਕ ਦਿਨ ਰੁਜ਼ਗਾਰ ਲਈ ਮਰਨ ਵਰਤ ’ਤੇ ਸਾਥੀਆਂ ਨਾਲ ਬੈਠ ਗਿਆ ਉੱਥੋਂ ਖਦੇੜਨ ਵਾਸਤੇ ਚਲਾਈਆਂ ਪੁਲਿਸ ਦੀਆਂ ਡਾਂਗਾਂ ਨਾਲ ਗੋਡੇ ਕੋਲੋਂ ਲੱਤ ਟੁੱਟ ਗਈ ਤੁਰਨ ਤਾਂ ਲੱਗ ਗਿਆ ਪਰ ਲੰਗ ਮਾਰਨ ਲੱਗ ਪਿਆ

“ਅੱਕ ਕੇ ਨੰਬਰਦਾਰ ਨੇ ਉਸਦਾ ਵਿਆਹ ਕਰ ਦਿੱਤਾ ਮੁੰਡਾ ਹਾਰ ਹੰਭ ਕੇ ਖੇਤੀ ਦੇ ਕੰਮ ਲੱਗ ਗਿਆ ਕਬੀਲਦਾਰੀ ਦਾ ਰੇੜ੍ਹਾ ਰੁੜ੍ਹਨ ਲੱਗ ਪਿਆ ਪਰ ਹੋਣੀ ਦੀ ਮਾਰ ਹੋਰ ਪਈ ਕਿ ਨੰਬਰਦਾਰ ਨੂੰ ਕੈਂਸਰ ਹੋ ਗਿਆ ਮਹਿੰਗੇ ਇਲਾਜj ਨੇ ਝੁੱਗਾ ਚੌੜ ਕਰ ਦਿੱਤਾਨਾ ਨੰਬਰਦਾਰ ਬਚਿਆ, ਨਾ ਘਰ ਰਿਹਾ

“ਨੰਬਰਦਾਰ ਜਿਊਂਦਾ ਸੀ ਤਾਂ ਖੇਤੀ ਦੇ ਕੰਮ ਦਾ ਮੁੰਡੇ ਨੂੰ ਬਹੁਤਾ ਫ਼ਿਕਰ ਨਹੀਂ ਸੀ ਉਸ ਤੋਂ ਬਾਅਦ ਮੂੰਡਾ, ਜਿਸ ਨੇ ਆਪਣੀ ਜ਼ਿੰਦਗੀ ਦੇ ਛੱਬੀ ਸਤਾਈ ਸਾਲ ਪੜ੍ਹਦਿਆਂ, ਫਿਰ ਨੌਕਰੀ ਪ੍ਰਾਪਤ ਕਰਨ ਲਈ ਜੂਝਦਿਆਂ ਲੰਘਾ ਦਿੱਤੇ ਸਨ, ਖੇਤੀ ਦੇ ਧੰਦੇ ਲੱਗ ਗਿਆ ਉਸਨੇ ਮਿੱਟੀ ਨਾਲ ਮਿੱਟੀ ਹੋ ਕੇ ਖੇਤਾਂ ਵਿੱਚ ਪੂਰੀ ਮਿਹਨਤ ਕੀਤੀ ਪਰ ਫਿਰ ਵੀ ਪੱਲੇ ਨਿਰਾਸ਼ਾ ਹੀ ਪਈ ਤੈਨੂੰ ਪਤਾ ਹੀ ਹੈ ਕਿ ਮਹਿੰਗੇ ਰੇਹ, ਸਪਰੇਅ, ਡੀਜ਼ਲ ਅਤੇ ਖੇਤੀ ਉੱਤੇ ਆਉਣ ਵਾਲੇ ਖਰਚੇ ਮੁਤਾਬਿਕ ਫਸਲਾਂ ਦੇ ਰੇਟ ਘੱਟ ਹੋਣ ਕਾਰਨ ਸਾਰੇ ਕਿਸਾਨ ਹੀ ਕਰਜ਼ੇ ਵਿੱਚ ਡੁੱਬੇ ਹੋਏ ਹਨ ਹਰ ਪਾਸਿਉਂ ਆਈ ਨਿਰਾਸ਼ਾ ਵਿੱਚ ਘਿਰਿਆ ਵਿਚਾਰਾਂ ਪਤਾ ਹੀ ਨਾ ਲੱਗਾ ਕਦੋਂ ਉਹ ਮਾਨਸਿਕ ਰੋਗੀ ਬਣ ਗਿਆ ਨਸ਼ੇ ਵਿੱਚੋਂ ਆਪਣੀ ਨਿਰਾਸ਼ਾ ਅਤੇ ਅਸਫਲਤਾ ਦਾ ਹੱਲ ਲੱਭਣ ਲੱਗ ਪਿਆ ਇਹ ਘਰ ਵੀ ਪੰਜਾਬ ਦੇ ਬਹੁਤੇ ਘਰਾਂ ਵਾਂਗ, ਜਿਨ੍ਹਾਂ ਦੇ ਵਿਹੜਿਆਂ ਦੀਆਂ ਰੌਣਕਾਂ ਖੁਦਕੁਸ਼ੀਆਂ ਅਤੇ ਨਸ਼ਿਆਂ ਦੀ ਮਾਰ ਨੇ ਮਾਤਮ ਵਿੱਚ ਬਦਲ ਦਿੱਤੀਆਂ ਹਨ, ਉਸ ਮਾਤਮ ਦਾ ਸ਼ਿਕਾਰ ਹੋ ਗਿਆ ਇੱਕ ਦਿਨ ਨਸ਼ੇ ਦੀ ਵੱਧ ਮਾਤਰਾ ਨਾਲ ਇਸ ਘਰ ਦਾ ਚਿਰਾਗ ਸਦਾ ਲਈ ਬੁਝ ਗਿਆ ਪਿੱਛੇ ਮਾਂ ਅਤੇ ਜਵਾਨ ਪਤਨੀ ਨੂੰ ਚੁੱਲ੍ਹੇ ਦੀ ਸਵਾਹ ਅੱਥਰੂਆਂ ਨਾਲ ਭਿਊਣ ਲਈ ਛੱਡ ਗਿਆ

“ਚਾਚੀ ਆਪਾਂ ਉਹਨਾਂ ਦੇ ਘਰ ਜਾਕੇ ਆਈਏ

“ਜਾ ਆਉਂਦੇ ਹਾਂ ਘਰ ਵਿੱਚ ਤਿੰਨ ਜੀਅ ਰਹਿ ਗਏ ਹਨ ਨੰਬਰਦਾਰਨੀ ਨੂੰਹ ਤੇ ਪੋਤਾ ਭੋਰਾ ਭਰ ਜੁਆਕ ਨੂੰ ਪਾਲਣ ਦੇ ਆਹਰੇ ਲੱਗੀਆਂ ਹਨ, ਦੋਵੇਂ ਨੂੰਹ ਸੱਸ

ਅਸੀਂ ਦਰਵਾਜ਼ੇ ਦਾ ਬੂਹਾ ਖੋਲ੍ਹਿਆ ਤਾਂ ਸੁੰਨਾ ਪਿਆ ਦਰਵਾਜਾ ਭਾਂਅ ਭਾਂਅ ਕਰ ਰਿਹਾ ਸੀ ਮੇਰੀਆਂ ਅੱਖਾਂ ਸਾਹਮਣੇ ਉਹ ਦ੍ਰਿਸ਼ ਆ ਗਿਆ ਜਦੋਂ ਆਂਢ ਗਵਾਂਢ ਦੇ ਬੱਚੇ ਖੇਡਦੇ ਹੋਏ ਇਸ ਦਰਵਾਜ਼ੇ ਵਿੱਚ ਕੰਨ ਪਾਈ ਗੱਲ ਨਹੀਂ ਸੁਣਨ ਦਿੰਦੇ ਸਨ ਨੰਬਰਦਾਰਨੀ ਮੰਜਾ ਡਾਹ ਕੇ ਬੈਠੀ ਹੁੰਦੀ ਉਸ ਕੋਲ ਆਪੋ-ਆਪਣੇ ਕੰਮ ਮੁਕਾ ਕੇ ਬਾਕੀ ਸਵਾਣੀਆਂ ਵੀ ਆ ਬੈਠਦੀਆਂ ਸਾਹਮਣੇ ਲੰਮੀ ਕੰਧ ਨਾਲ ਬਣੀਆਂ ਖੁਰਲੀਆਂ ਵਿੱਚ ਪਾਥੀਆਂ ਰੱਖੀਆਂ ਪਈਆਂ ਸਨ ਥਾਂ ਥਾਂ ਤੋਂ ਉੱਖੜਿਆਂ ਪਲੱਸਤਰ ਆਪਣੀ ਹੋਣੀ ਉੱਤੇ ਝੂਰ ਰਿਹਾ ਸੀ ਅਸੀਂ ਵਿਹੜੇ ਵਿੱਚ ਪਈ ਨੰਬਰਦਾਰਨੀ ਕੋਲ ਗਈਆਂ ਤਾਂ ਉਸ ਨੇ ਮੈਂਨੂੰ ਝੱਟ ਪਛਾਣ ਲਿਆ ਮੈਂ ਉਸ ਕੋਲ ਘਰ ਵਿੱਚੋਂ ਵਿਛੜ ਗਏ ਪਿਉ ਪੁੱਤ ਦਾ ਅਫ਼ਸੋਸ ਕੀਤਾ

“ਬੱਸ ਧੀਏ, ਸਭ ਕੁਝ ਖ਼ਤਮ ਹੋ ਗਿਆ ਆਹ ਇੱਕ ਟਿੰਗ ਰਹਿ ਗਈ ਹੈ ਇਸ ਤੋਂ ਹੀ ਆਸਾਂ ਹਨ ਸੱਚ ਪੁੱਛੇਂ ਤਾਂ ਹੁਣ ਤਾਂ ਕੋਈ ਆਸ ਪਾਲਣ ਨੂੰ ਵੀ ਦਿਲ ਨਹੀਂ ਕਰਦਾ ਅੱਗੇ ਧੀਏ ਕਦੇ ਆਪਣੇ ਹੱਥੀਂ ਆਪਣੀ ਜੀਵਨ ਲੀਲਾ ਸਮਾਪਤ ਕਰਦਾ ਕਦੇ ਕੋਈ ਸੁਣਿਆ ਸੀ? ਹੁਣ ਤਾਂ ਖੇਤਾਂ ਵਿੱਚ ਖੁਦਕੁਸ਼ੀਆਂ ਦੀ ਫਸਲ ਹੀ ਉੱਗਣ ਲੱਗ ਪਈ ਹੈ

ਮਾਂ ਮੈਂ ਤੇਰੀਆਂ ਆਸਾਂ ਨੂੰ ਮਰਨ ਨਹੀਂ ਦੇਵਾਂਗੀ” ਚਾਹ ਲਈ ਆਉਂਦੀ ਨੰਬਰਦਾਰਨੀ ਦੀ ਨੂੰਹ ਬੋਲੀ, “ਮੈਂ ਆਪਣੇ ਬੱਚੇ ਦੀਆਂ ਅੱਖਾਂ ਵਿੱਚ ਜ਼ਿੰਦਗੀ ਦੇ ਸੁਪਨੇ ਬੀਜਾਂਗੀ ਉਸ ਵਿੱਚ ਚਣੌਤੀਆਂ ਅਤੇ ਮੁਸ਼ਕਲਾਂ ਨਾਲ ਮੱਥਾ ਲਾਉਣ ਦੀ ਜੁਰਅਤ ਪੈਦਾ ਕਰਾਂਗੀ ਤਾਂ ਜੋ ਉਸਦੇ ਖ਼ਾਬ ਉਸਦੇ ਸੁਪਨਿਆਂ ਵਿੱਚ ਜਿਊਂਦੇ ਰਹਿਣ ਜਿੱਥੇ ਮਿਹਨਤ ਨਾਲ ਆਪਣੇ ਖ਼ਾਬ ਪੂਰੇ ਕਰਨ ਦਾ ਵੱਲ ਸਿਖਾਵਾਂਗੀ, ਉੱਥੇ ਕਿਰਤ ਕਰਕੇ, ਅੰਨ ਦੇ ਭੰਡਾਰ ਪੈਦਾ ਕਰਕੇ ਵੀ ਖੇਤਾਂ ਵਿੱਚ ਖ਼ੁਦਕੁਸ਼ੀਆਂ ਦੀ ਫ਼ਸਲ ਕਿਉਂ ਉੱਗਦੀ ਹੈ, ਇਸ ਬਾਰੇ ਖੁਦ ਚੇਤੰਨ ਹੋਣ ਅਤੇ ਦੂਜਿਆਂ ਨੂੰ ਚੇਤੰਨ ਕਰਨ ਦੀ ਸੋਚ ਵੀ ਉਸਦੇ ਮੱਥੇ ਦੀ ਸੋਚ ਬਣੇਗੀ ਉਸ ਸੋਚ ਉੱਤੇ ਪਹਿਰਾ ਦੇਣਾ ਉਸਦਾ ਕਰਮ ਅਤੇ ਧਰਮ ਹੋਵੇਗਾ

ਮੈਂ ਅੰਦਰੇ ਅੰਦਰ ਇਸ ਔਰਤ ਦੀ ਸੋਚ ਅਤੇ ਦਲੇਰੀ ਨੂੰ ਸਲਾਮ ਕੀਤਾ ਧੁਰ ਅੰਦਰੋਂ ਇੱਕ ਅਰਦਾਸ ਨਿਕਲੀ - ਉਸ ਦੀਆਂ ਆਸਾਂ ਕਦੇ ਮਿੱਟੀ ਨਾ ਹੋਣ ਉਸ ਦੀਆਂ ਆਸਾਂ ਨੂੰ ਬੂਰ ਪਵੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1790)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਸ਼ਵਿੰਦਰ ਕੌਰ

ਸ਼ਵਿੰਦਰ ਕੌਰ

Phone: (91 - 76260 - 63596)
Email: (
shawindersidhu108@gmail.com)

More articles from this author