“ਭਰਾਵੋ, ਮੇਰੀ ਤਾਂ ਮੱਤ ਮਾਰੀ ਗਈ ਹੈ। ਮੈਂਨੂੰ ਤਾਂ ਸਮਝ ਨਹੀਂ ਆ ਰਿਹਾ ਕਿ ...”
(4 ਜੁਲਾਈ 2019)
ਇੱਕ ਦਿਨ ਪੜ੍ਹਨ ਲਈ ਅਖ਼ਬਾਰ ਚੁੱਕਿਆ, ਪਹਿਲੇ ਸਫ਼ੇ ਦੀ ਖ਼ਬਰ ਸੀ ਇੱਕ ਪੱਚੀ ਸਾਲ ਦੀ ਔਰਤ ਨੇ ਆਪਣੀਆਂ ਦੋ ਬੱਚੀਆਂ ਸਮੇਤ ਨਹਿਰ ਵਿੱਚ ਛਾਲ ਮਾਰੀ। ਲੋਕਾਂ ਵਲੋਂ ਔਰਤ ਅਤੇ ਇੱਕ ਬੱਚੀ ਨੂੰ ਬਚਾ ਲਿਆ ਗਿਆ। ਦੂਸਰੀ ਬੱਚੀ ਨਹਿਰ ਵਿੱਚ ਰੁੜ੍ਹ ਗਈ। ਮਨ ਬੈਚੇਨ ਹੋ ਉੱਠਿਆ। ਕੇਹਾ ਸਮਾਂ ਆ ਗਿਆ ਹੈ, ਅਥਾਹ ਸਮਰੱਥਾ, ਸੰਵੇਦਨਾ ਅਤੇ ਸੁਪਨਸ਼ੀਲਤਾ ਦੀ ਹਾਣੀ ਨੌਜਵਾਨ ਪੀੜ੍ਹੀ ਆਪਣੀ ਰਹਿਤਲ ਅਤੇ ਵਿਰਾਸਤ ਨੂੰ ਭੁਲਾ ਕੇ ਜੋਬਨ ਰੁੱਤੇ ਮੌਤ ਨੂੰ ਗਲੇ ਲਗਾ ਰਹੀ ਹੈ।
ਆਪਣੇ ਹੀ ਵਿਚਾਰਾਂ ਵਿੱਚ ਉਲਝਿਆ ਮਨ ਬਚਪਨ ਨੂੰ ਫਰੋਲਣ ਲੱਗ ਪਿਆ। ਉਸ ਸਮੇਂ ਜ਼ਿੰਦਗੀ ਬੜੀ ਕਠਿਨ ਸੀ। ਸਹੂਲਤਾਂ ਨਾ ਮਾਤਰ ਸਨ। ਮੈਂ ਖੁਦ ਆਪਣੇ ਪਰਿਵਾਰ ਨੂੰ ਸਵੇਰੇ ਚਾਰ ਵਜੇ ਤੋਂ ਲੈਕੇ ਹਨ੍ਹੇਰੇ ਹੁੰਦਿਆਂ ਤੱਕ ਕੰਮ ਧੰਦੇ ਵਿੱਚ ਰੁੱਝਿਆ ਦੇਖਿਆ ਹੈ। ਉਹਨਾਂ ਨੂੰ ਆਪਣੀ ਸੱਚੀ ਸੁੱਚੀ ਕਿਰਤ ਕਮਾਈ ਉੱਤੇ ਕਿੰਨੀ ਸੰਤੁਸ਼ਟੀ ਸੀ। ਦੂਸਰਿਆ ਦੇ ਭਲੇ ਵਿੱਚ ਆਪਣਾ ਭਲਾ ਸੋਚਣ ਵਾਲੀ ਸੋਚ, ਆਪਸੀ ਸਾਂਝ, ਰਿਸ਼ਤਿਆਂ ਦੀ ਪਾਕੀਜ਼ਗੀ ਅਤੇ ਔਖੇ ਸਮੇਂ ਦੂਜਿਆਂ ਦੇ ਕੰਮ ਆਉਣ ਦੀ ਲਾਲਸਾ, ਉਹਨਾਂ ਦਾ ਜ਼ਿੰਦਗੀ ਨਾਲ ਪਿਆਰ ਬਣਾਈ ਰੱਖਦੀ ਸੀ।
ਹੁਣ ਸਮਾਂ ਬਦਲ ਗਿਆ ਹੈ। ਸਾਡੇ ਮਨ ਨਿੱਘ ਵਿਊਣੇ, ਆਪਣੇ ਆਪਣੇ ਸੀਮਤ ਦਾਇਰਿਆਂ ਵਿੱਚ ਉਲਝੇ ਹੋਏ, ਇਕੱਲਤਾ ਭੋਗਦੇ, ਜ਼ਿੰਦਗੀ ਦੀਆਂ ਤਲਖ਼ੀਆਂ ਅੱਗੇ ਛੇਤੀ ਹਾਰ ਮੰਨ ਜਾਂਦੇ ਹਨ। ਹਾਲਾਤ ਤੋਂ ਬੈਚੇਨ ਮਨ ਨੂੰ ਅੰਦਰਲਾ ਦਰਦ ਫਰੋਲਣ ਲਈ ਜਦੋਂ ਕੋਈ ਮੋਢੇ ਦਾ ਸਹਾਰਾ ਨਹੀਂ ਮਿਲਦਾ ਤਾਂ ਕਈ ਵਾਰ ਜ਼ਿੰਦਗੀ ਜਿਉਣ ਨਾਲੋਂ ਮੌਤ ਸਾਡੇ ਉੱਤੇ ਹਾਵੀ ਹੋ ਜਾਂਦੀ ਹੈ।
ਆਪਣੇ ਹੀ ਵਿਚਾਰਾਂ ਦਾ ਤਾਣਾ ਬਾਣਾ ਬੁਣਦਿਆਂ ਮਾਸੀ ਯਾਦ ਗਈ। ਮਾਸੀ ਦੇ ਵਿਆਹ ਨੂੰ ਪੰਜ ਕੁ ਸਾਲ ਹੋਏ ਸਨ, ਦੋ ਪਿਆਰੀਆਂ ਬੱਚੀਆਂ ਦੀ ਮਾਂ ਬਣ, ਉਹ ਆਪਣੀ ਗ੍ਰਹਿਸਥੀ ਵਿੱਚ ਪੂਰੀ ਖੁਸ਼ ਸੀ। ਭਰਿਆ ਭਕੁੰਨਿਆ ਘਰ, ਸਾਊ ਖਾਵੰਦ ਤੇ ਫੁੱਲਾਂ ਵਰਗੀਆਂ ਬੱਚੀਆਂ ਆਸਰੇ ਮਾਸੀ ਤਾਂ ਉੱਡੀ ਫਿਰਦੀ ਸੀ। ਸੱਸ ਸਹੁਰੇ ਦੇ ਉਮਰੋਂ ਪਹਿਲਾਂ ਤੁਰ ਜਾਣ ਕਾਰਕੇ ਮਾਸੀ ਨੂੰ ਉਹਨਾਂ ਦੀ ਘਾਟ ਜ਼ਰੂਰ ਰੜਕਦੀ ਸੀ। ਉਹ ਘਰਾਂ ਵਿੱਚੋਂ ਲਗਦੀ ਚਾਚੀ ਸੱਸ ਨੂੰ ਘਰੇ ਛੱਡ ਕੇ ਖੇਤ ਰੋਟੀ ਦੇ ਆਉਂਦੀ ਸੀ।
ਮਾਸੀ ਦੀ ਹੱਸਦੀ ਵਸਦੀ ਜ਼ਿੰਦਗੀ ਵਿੱਚ ਅਜਿਹਾ ਤੁਫ਼ਾਨ ਆਇਆ, ਸਭ ਕੁਝ ਤਹਿਸ-ਨਹਿਸ ਹੋ ਗਿਆ। ਇੱਕ ਦਿਨ ਮਾਸੜ ਤੜਕੇ ਉੱਠ ਕੇ ਹਲ਼ ਜੋੜ ਕੇ ਗਿਆ। ਪਿਆਸ ਲੱਗਣ ਤੇ ਨੰਗੇ ਪਏ ਘੜੇ ਵਿੱਚੋਂ ਪਾਣੀ ਪੀ ਲਿਆ। ਪਾਣੀ ਪੀਦਿਆਂ ਸਾਰ ਉਸ ਦੀ ਤਬੀਅਤ ਵਿਗੜਨੀ ਸੁ਼ਰੂ ਹੋ ਗਈ। ਉਹ ਹਲ਼ ਛੱਡ ਕੇ ਘਰ ਨੂੰ ਆ ਗਿਆ। ਆਉਂਦਿਆਂ ਸਾਰ ਹੀ ਐਸਾ ਡਿੱਗਿਆ ਮੁੜ ਉੱਠ ਨਾ ਸਕਿਆ।
ਰੋਂਦਿਆਂ ਕੁਰਲਾਉਂਦਿਆਂ ਭੋਗ ਦਾ ਦਿਨ ਆ ਗਿਆ। ਮੇਰਾ ਨਾਨਾ ਵਕਤ ਦੇ ਥਪੇੜਿਆਂ ਦਾ ਝੰਬਿਆ ਬਜ਼ੁਰਗਾਂ ਵਿੱਚ ਜਾਕੇ ਬੈਠ ਗਿਆ। ਬਜ਼ੁਰਗਾਂ ਨੇ ਨਾਨੇ ਨੂੰ, ਮਾਸੀ ਦੇ ਜਵਾਨ ਉਮਰ ਵਿੱਚ ਵਿਧਵਾ ਹੋ ਜਾਣ, ਘਰ ਵਿੱਚ ਕੋਈ ਹੋਰ ਨਾ ਹੋਣ ਅਤੇ ਅੱਗੇ ਪਹਾੜ ਜਿੱਡੀ ਜ਼ਿੰਦਗੀ ਕੱਟਣ ਲਈ ਕੀਤੇ ਕਿਸੇ ਫੈਸਲੇ ਬਾਰੇ ਪੁੱਛਿਆ।
ਨਾਨਾ ਰੋਂਦਾ ਹੋਇਆ ਬੱਸ ਮਸਾਂ ਚਾਰ ਕੁ ਸ਼ਬਦ ਮੂੰਹੋਂ ਬੋਲ ਸਕਿਆ, “ਭਰਾਵੋ, ਮੇਰੀ ਤਾਂ ਮੱਤ ਮਾਰੀ ਗਈ ਹੈ। ਮੈਂਨੂੰ ਤਾਂ ਸਮਝ ਨਹੀਂ ਆ ਰਿਹਾ ਕਿ ਕੀ ਕੀਤਾ ਜਾਵੇ। ਮੇਰੀ ਧੀ ਹੁਣ ਤੁਹਾਡੇ ਪਿੰਡ ਦੀ ਇੱਜ਼ਤ ਹੈ, ਤੁਸੀਂ ਹੀ ਇਸਦਾ ਕੋਈ ਹੱਲ ਦੱਸੋ?”
ਬਜ਼ੁਰਗਾਂ ਨੇ ਸੁਝਾਅ ਦਿੱਤਾ ਕਿ ਮਾਸੀ ਨੂੰ ਘਰਾਂ ਵਿੱਚੋਂ ਲਗਦੇ ਦਿਉਰ, ਜੋ ਅਜੇ ਵਿਆਹਿਆ ਨਹੀਂ ਸੀ, ਦੇ ਘਰੇ ਬਿਠਾ ਦਿੱਤਾ ਜਾਵੇ। - ਅਸੀਂ ਤੇਰੇ ਅੱਗੇ ਕਿਸੇ ਗੱਲ ਦਾ ਲੁਕੋ ਨਹੀਂ ਰੱਖਣਾ ਚਾਹੁੰਦੇ। ਉਹ ਪੋਸਤ ਖਾਣ ਅਤੇ ਦਾਰੂ ਪੀਣ ਦਾ ਆਦੀ ਹੈ।
ਨਾਨਾ ਦੁਚਿੱਤੀ ਵਿੱਚ ਪੈ ਗਿਆ। ਉਹ ਉੱਠਿਆ ਅਤੇ ਘਰ ਜਾ ਕੇ ਸਾਰੀ ਗੱਲ ਮਾਸੀ ਨੂੰ ਦੱਸ ਦਿੱਤੀ। ਮਾਸੀ ਸਮਝ ਗਈ ਕਿ ਉਹ ਬਹਾਦਰ ਅਮਲੀ ਬਾਰੇ ਕਹਿ ਰਹੇ ਹਨ।
ਮਾਸੀ ਗਮਾਂ ਦੇ ਝੱਖੜ ਨੂੰ ਅੰਦਰੇ ਦੱਬ ਕੇ, ਥਿੜਕਦੀਆਂ ਲੱਤਾਂ ਨੂੰ ਧਰੂੰਦੀ ਉੱਠੀ ਅਤੇ ਪਿੰਡ ਦੇ ਬਜ਼ੁਰਗਾਂ ਸਾਹਮਣੇ ਜਾ ਖੜ੍ਹੀ ਹੋਈ।
“ਮੇਰਾ ਹੱਕ ਤਾਂ ਨਹੀਂ ਬਣਦਾ ਸੀ ਕਿ ਮੈਂ ਤੁਹਾਡੇ ਨਾਲ ਕੋਈ ਸਵਾਲ ਜਵਾਬ ਕਰਾਂ। ਪਰ ਇੱਥੇ ਸਵਾਲ ਮੇਰੀ ਅਤੇ ਮੇਰੀਆਂ ਬੱਚੀਆਂ ਦੀ ਜ਼ਿੰਦਗੀ ਦਾ ਹੈ। ਇਸ ਲਈ ਮੈਂ ਚੁੱਪ ਵੀ ਨਹੀਂ ਰਹਿ ਸਕਦੀ। ਮੇਰੀ ਬੇਨਤੀ ਹੈ ਕਿ ਤੁਸੀਂ ਮੈਂਨੂੰ ਉਸ ਬੰਦੇ ਦੇ ਲੜ ਲਾ ਕੇ ਸਾਡੀ ਜ਼ਿੰਦਗੀ ਤਬਾਹ ਨਾ ਕਰੋ। ਉਹ ਆਪਣੀ ਜ਼ਮੀਨ ਤਾਂ ਵੇਚ ਵੱਟ ਕੇ ਖਾ ਗਿਆ ਹੈ, ਹੁਣ ਸਾਡੀ ’ਤੇ ਵਾਢਾ ਧਰ ਲਵੇਗਾ। ਜੇ ਤੁਹਾਨੂੰ ਮੇਰੇ ਨਾਲ ਸੱਚੀ ਹਮਦਰਦੀ ਹੈ ਤਾਂ ਤੁਸੀਂ ਮੇਰੇ ਸਿਰ ’ਤੇ ਹੱਥ ਰੱਖਣਾ। ਮੇਰਾ ਤੁਹਾਡੇ ਨਾਲ ਵਾਅਦਾ ਰਿਹਾ, ਕਦੇ ਤਹਾਨੂੰ ਉਲਾਂਭਾ ਨਹੀਂ ਆਉਣ ਦੇਵਾਂਗੀ।” ਇੰਨੇ ਕੁ ਸ਼ਬਦ ਮੂੰਹੋਂ ਕੱਢਣ ਲਈ ਮਾਸੀ ਨੂੰ ਆਪਣੇ ਅੰਦਰ ਕਿੰਨੀ ਕੁ ਹਿੰਮਤ ਇਕੱਠੀ ਕਰਨੀ ਪਈ ਹੋਊ, ਇਹ ਤਾਂ ਉਹੀ ਜਾਣਦੀ ਹੈ।
ਇੱਕ ਬਜ਼ੁਰਗ ਉੱਠਿਆ, ਮਾਸੀ ਦੇ ਸਿਰ ਉੱਤੇ ਹੱਥ ਰੱਖ ਕੇ ਕਹਿਣ ਲੱਗਾ, “ਲੈ ਧੀਏ, ਦਿਨ ਰਾਤ, ਹਨ੍ਹੇਰੇ ਸਵੇਰੇ ਜਦੋਂ ਮਰਜ਼ੀ ਆਪਦੇ ਕੰਮ ਧੰਦੇ ਕਰੀਂ, ਖੇਤ ਬੰਨੇ ਜਾਵੀਂ, ਸਾਡੇ ਹੁੰਦਿਆ ਤੇਰੇ ਵਲ ਕੋਈ ਅੱਖ ਭਰਕੇ ਨਹੀਂ ਦੇਖ ਸਕਦਾ। ਬੱਸ ਇੱਕ ਬੇਨਤੀ ਹੈ ਕਿ ਅੱਜ ਤੋਂ ਤੇਰੇ ਮਾਂ ਬਾਪ ਵਿੱਚੋਂ ਇੱਕ ਜਣਾ ਆਪਣੀ ਮੰਜੀ ਤੇਰੇ ਘਰ ਡਾਹ ਲਵੇ।”
ਉਸ ਦਿਨ ਤੋਂ ਸਾਡੀ ਨਾਨੀ ਆਪਣਾ ਘਰ ਛੱਡ ਮਾਸੀ ਦੇ ਘਰ ਅਜਿਹੀ ਆਈ, ਆਖਰੀ ਸਾਹ ਤੱਕ ਦੇ ਦੁੱਖ ਸੁਖ ਦੀ ਸਾਂਝੀ ਬਣੀ ਰਹੀ। ਮਾਸੀ ਨੇ ਬਲਦਾਂ ਦੀ ਜੋੜੀ ਵੇਚ ਦਿੱਤੀ। ਮੱਝ ਤੇ ਗਾਂ ਰੱਖ ਲਈ। ਸੱਗੀ ਫੁੱਲਾਂ ਦੀ ਥਾਂ ਸਿਰ ’ਤੇ ਚਾਦਰ ਦਾ ਮੜ੍ਹਾਸਾ ਮਾਰ ਲਿਆ। ਚਰ੍ਹੀ ਦੀਆਂ ਪੰਡਾਂ ਸਿਰ ਉੱਤੇ ਢੋਂਹਦੀ। ਗੋਹਾ ਕੂੜਾ ਆਪ ਸੁੱਟਦੀ। ਮਸ਼ੀਨ ਉੱਤੇ ਆਪਣੇ ਹੱਥੀਂ ਕੁਤਰਾ ਕਰਦੀ। ਜਵਾਨੀ ਦੇ ਸਿਖਰ ਦੁਪਹਿਰੇ ਇੱਕ ਕਰਮਯੋਗੀ ਵਾਂਗ ਕੰਮਾਂ ਦੁਆਲੇ ਘੁੰਮਦੀ ਵਕਤ ਦੇ ਚਰਖੇ ਉੱਤੇ ਜ਼ਿੰਮੇਵਾਰੀਆਂ ਦੇ ਤੰਦ ਪਾਉਂਦੀ ਰਹੀ।
ਉਹਨਾਂ ਸਮਿਆਂ ਵਿੱਚ ਜਦੋਂ ਕੁੜੀਆਂ ਨੂੰ ਪੜਾਉਣਾ ਜ਼ਰੂਰੀ ਨਹੀਂ ਸਮਝਿਆ ਜਾਂਦਾ ਸੀ, ਉਸ ਨੇ ਆਪਣੀਆਂ ਬੱਚੀਆਂ ਨੂੰ ਪਹਿਲਾਂ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਪੜ੍ਹਾਇਆ, ਅੱਗੇ ਪੜ੍ਹਨ ਲਈ ਸ਼ਹਿਰ ਲਾਇਆ। ਸਮੇਂ ਸਿਰ ਵਿਆਹ ਕੀਤੇ। ਉਸ ਦੇ ਦਿਲ ਦਰਿਆ ਵਿੱਚ ਭਾਵੇਂ ਮਾਸੜ ਸਮਾਇਆ ਹੁੰਦਾ ਸੀ ਪਰ ਉਸ ਨੇ ਮੂੰਹੋਂ ਕਦੇ ਉਸ ਬਾਰੇ ਇੱਕ ਲਫ਼ਜ਼ ਨਹੀਂ ਸੀ ਕੱਢਿਆ। ਨਾ ਕਦੇ ਕਿਸਮਤ ’ਤੇ ਗਿਲਾ ਕੀਤਾ ਤੇ ਨਾ ਹੀ ਕਦੇ ਪੁੱਤ ਦੀ ਘਾਟ ਦਾ ਜ਼ਿਕਰ ਆਪਣੇ ਬੁੱਲ੍ਹਾਂ ਉੱਤੇ ਲਿਆਂਦਾ। ਬਜ਼ੁਰਗਾਂ ਸਾਹਮਣੇ ਕੀਤੇ ਵਾਅਦੇ ਮੁਤਾਬਕ ਚਾਰੇ ਪੱਲੇ ਬੋਚ ਕੇ ਜ਼ਿੰਦਗੀ ਦੇ ਰਾਹਾਂ ਉੱਤੇ ਅਡੋਲ ਤੁਰਦੀ ਰਹੀ।
ਮਾਸੀ ਦਲੇਰ ਬਹੁਤ ਸੀ। ਇੱਕ ਵਾਰ ਸਾਡੇ ਪਿੰਡ ਆਈ। ਪਤਲੀ ਜਿਹੀ ਚਾਹ ਦੇਖ ਕੇ ਮੇਰੀ ਮਾਂ ਨੂੰ ਕਹਿੰਦੀ, “ਮਿੰਦਰੋਂ, ਲਵੇਰਾ ਹੈਨੀ?”
ਮੇਰੀ ਮਾਂ ਦੱਸਣ ਲੱਗ ਪਈ, “ਮੀਣੀ ਮੱਝ ਨੇ ਤਾਂ ਡੂਢ ਕੁ ਮਹੀਨੇ ਨੂੰ ਸੂ ਪੈਣਾ। ਇੱਕ ਪਹਿਲਣ ਝੋਟੀ ਅਤੇ ਗਾਂ ਦੋ ਕੁ ਮਹਿਨਿਆਂ ਨੂੰ ਅੱਗੜ ਪਿੱਛੜ ਸੂਣ ਵਾਲੀਆਂ ਨੇ। ਅਸੀਂ ਸੋਚਿਆ, ਚੱਲ ਡੂਢ ਕੁ ਮਹੀਨੇ ਦਾ ਕੀ ਐ, ਸਾਰ ਲੈਨੇ ਆਂ।”
“ਲੈ ਐਂ ਕਿਵੇਂ ਸਰਦੈ, ਜੁਵਾਕਾਂ ਵਾਲਾ ਘਰ ਹੈ। ਮੇਰੇ ਨਾਲ ਭੇਜੋ ਕਿਸੇ ਨੂੰ, ਸੱਜਰ ਸੂਈ ਗਾਂ ਲੈ ਆਵੇ। ਮੇਰੇ ਜੋਗਾ ਤਾਂ ਮੱਝ ਦੁੱਧ ਦਿੰਦੀ ਹੈ।”
ਸੱਚਮੁੱਚ ਹੀ ਉਹ ਜਾਂਦੀ ਮੇਰੇ ਚਾਚੇ ਅਤੇ ਉਸ ਦੇ ਦੋਸਤ ਨੂੰ ਨਾਲ ਲੈ ਗਈ। ਅਗਲੇ ਦਿਨ ਤੜਕੇ ਤਿੰਨ ਵਜੇ ਉੱਠਕੇ ਗਾਂ ਨੂੰ ਨੀਰਾ ਪਾਕੇ, ਪਰੌਂਠੇ ਬਣਾਕੇ ਚਾਚੇ ਹੋਰਾਂ ਨੂੰ ਜਗਾ ਦਿੱਤਾ - ਸਾਝਰੇ ਸਾਝਰੇ ਅੱਧੀ ਵਾਟ ਨਿਬੇੜ ਲਉ, ਦੁਪਹਿਰਾ ਰਾਹ ਵਿੱਚ ਕੱਟਕੇ ਵੇਲੇ ਸਿਰ ਪਹੁੰਚ ਜਾਵੋਗੇ।
ਚਾਚਾ ਕੋਟ ਤੱਕ ਦਾ ਰਸਤਾ ਪੁੱਛਣ ਲੱਗ ਪਿਆ।
“ਐਸ ਵੇਲੇ ਤਹਾਨੂੰ ਰਸਤਾ ਦੱਸਣ ਵਾਲਾ ਕਿੱਥੋਂ ਲੱਭੂ?” ਮਾਸੀ ਇਹ ਕਹਿੰਦੀ ਡਾਂਗ ਚੁੱਕ ਕੇ ਨਾਲ ਜਾਣ ਨੂੰ ਤਿਆਰ ਖੜ੍ਹੀ ਸੀ।
“ਨਾ ਭੈਣੇ, ਤੂੰ ਕੱਲੀ ’ਨ੍ਹੇਰੇ ਕਿਵੇਂ ਮੁੜੇਗੀ? ਅਸੀਂ ਆਪੇ ਪੁੱਛ ਲਵਾਂਗੇ।” ਚਾਚੇ ਨੇ ਕਿਹਾ।
ਮਾਸੀ ਹੱਸ ਪਈ, “ਜੇ ਮੈਂ ਹਨ੍ਹੇਰਿਆਂ ਤੋਂ ਡਰਦੀ ਤਾਂ ਮੈਂਨੂੰ ਰੰਡੇਪਾ ਕੀਹਨੇ ਕੱਟਣ ਦੇਣਾ ਸੀ।” ਇਹ ਕਹਿੰਦੀ ਉਹ ਅੱਗੇ ਲੱਗ ਕੇ ਤੁਰ ਪਈ।
ਮਾਸੀ ਵਰਗੇ ਬਥੇਰੇ ਇਨਸਾਨ ਹਨ, ਜਿਨ੍ਹਾਂ ਦੀ ਝੋਲੀ ਤਾਅ ਉਮਰ ਕੰਢਿਆਂ ਨਾਲ ਭਰੀ ਰਹਿੰਦੀ ਹੈ। ਪਰ ਉਹ ਖੁਦਕੁਸ਼ੀ ਦੀ ਥਾਂ ਉਹਨਾਂ ਦਾ ਮੁਕਾਬਲਾ ਕਰਦੇ ਹਨ। ਔਕੜਾਂ ਨੂੰ ਮਾਤ ਦੇਕੇ ਜ਼ਿੰਦਗੀ ਨੂੰ ਜਿਊਣ ਜੋਗਾ ਕਰ ਲੈਂਦੇ ਹਨ।
ਸਾਡਾ ਵੀ ਫਰਜ਼ ਬਣਦਾ ਹੈ ਕਿ ਬੱਚਿਆਂ ਨੂੰ ਆਪਣੇ ਗੌਰਵਮਈ ਇਤਿਹਾਸ, ਮਾਣਮੱਤੀਆਂ ਮਰਿਆਦਾਵਾਂ, ਬਜ਼ੁਰਗਾਂ ਦੀ ਕਿਰਤ-ਕਾਮਨਾ, ਸੰਜੀਦਾ-ਸਾਧਨਾ, ਅਪਣੱਤ, ਮੁਹੱਬਤੀ-ਪੈਗਾਮ ਅਤੇ ਦੂਸਰਿਆਂ ਦੇ ਭਲੇ ਵਿੱਚੋਂ ਆਪਣਾ ਭਲਾ ਲੋਚਣ ਵਾਲੀ ਸੋਚ ਤੋਂ ਜਾਣੂ ਕਰਾਈਏ ਤਾਂ ਜੋ ਉਹ ਨਵੀਆਂ ਚੁਣੌਤੀਆਂ ਅਤੇ ਮੁਸ਼ਕਲਾਂ ਨਾਲ ਮੱਥਾ ਲਾਉਣ ਵਾਲੀ ਸੋਚ ਦੇ ਧਾਰਨੀ ਬਣਨ। ਇਕੱਲੇ ਦੀ ਥਾਂ ਸਾਂਝੀਵਾਲਤਾ ਦੀ ਸੋਚ ਦੇ ਧਾਰਨੀ ਬਣ ਕੇ ਖੁਦਕੁਸ਼ੀ ਦੀ ਥਾਂ ਖੁਦਦਾਰੀ ਵਾਲੇ ਰਾਹ ਦੇ ਰਾਹੀ ਬਣ ਜਾਣ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1653)
(ਸਰੋਕਾਰ ਨਾਲ ਸੰਪਰਕ ਲਈ: