“ਖੁਦਗਰਜ਼ ਰਿਸ਼ਤਿਆਂ ਵਲੋਂ ਮਿਲੀ ਬੇਰੁਖੀ ਨੇ ਉਸ ਨੂੰ ਧੁਰ ਅੰਦਰ ਤਕ ਵਲੂੰਧਰ ਕੇ ...”
(26 ਅਪਰੈਲ 2021)
ਫੋਨ ਦੀ ਘੰਟੀ ਲਗਾਤਾਰ ਵੱਜ ਰਹੀ ਸੀ। ਕੰਮ ਵਿਚਾਲੇ ਛੱਡ ਕੇ ਅਣਮੰਨੇ ਜਿਹੇ ਮਨ ਨਾਲ ਮੈਂ ਰਸੀਵਰ ਚੁੱਕ ਕੇ ਹੈਲੋ ਕਿਹਾ ਤਾਂ ਅੱਗੋਂ ਆਈ ਆਵਾਜ਼ ਨੇ ਮਨ ਨੂੰ ਸਕੂਨ ਜਿਹਾ ਦਿੱਤਾ। ਫੋਨ ਇੰਗਲੈਂਡ ਤੋਂ ਸੀ। ਚਾਚਾ ਜੀ ਕਹਿ ਰਹੇ ਸਨ, “ਖਬਰਾਂ ਵਿੱਚ ਇੰਡੀਆ ਵਿੱਚ ਵਧ ਰਹੇ ਕਰੋਨਾ ਕੇਸਾਂ ਬਾਰੇ ਸੁਣ ਕੇ ਮੈਂਨੂੰ ਫ਼ਿਕਰ ਹੋ ਗਿਆ। ਮੈਂ ਸੋਚਿਆ ਪਹਿਲਾਂ ਕੁੜੀ ਨੂੰ ਫੋਨ ਕਰਕੇ ਪਰਿਵਾਰ ਦੀ ਸੁੱਖ-ਸਾਂਦ ਬਾਰੇ ਹੀ ਪੁੱਛ ਲਵਾਂ।” ਅਸੀਂ ਕੁਝ ਦੇਰ ਗੱਲਾਂ ਕਰਦੇ ਰਹੇ। ਮੈਂਨੂੰ ਉਸਦਾ ਮੇਰੇ ਪਰਿਵਾਰ ਬਾਰੇ ਫ਼ਿਕਰ ਜ਼ਾਹਰ ਕਰਨਾ ਚੰਗਾ ਲੱਗਿਆ। ਉਂਝ ਭਾਵੇਂ ਉਹ ਮੇਰਾ ਸਕਾ ਚਾਚਾ ਨਹੀਂ ਘਰਾਂ ਵਿੱਚੋਂ ਚਾਚਾ ਲੱਗਦਾ ਹੈ। ਪਰ ਰਿਸ਼ਤੇ ਤਾਂ ਵਰਤਣ ਨਾਲ ਹੀ ਬਣੇ ਰਹਿੰਦੇ ਹਨ।
ਉਂਝ ਤਾਂ ਹਰ ਰਿਸ਼ਤੇ ਦਾ ਆਪਣਾ ਪਿਆਰ, ਆਪਣੀ ਮਿਠਾਸ ਤੇ ਆਪਣਾ ਨਿੱਘ ਹੁੰਦਾ ਹੈ। ਕੁਝ ਰਿਸ਼ਤੇ ਦੂਰ ਦੇ ਹੁੰਦੇ ਹੋਏ ਵੀ ਆਪਣੀ ਅਪਣੱਤ ਤੇ ਮੋਹ ਮਹੁੱਬਤ ਨਾਲ ਸਾਡੀ ਜ਼ਿੰਦਗੀ ਵਿੱਚ ਮਿਠਾਸ ਭਰਦੇ ਰਹਿੰਦੇ ਹਨ।
ਮੇਰਾ ਕੰਮ ਕਰਨ ਨੂੰ ਦਿਲ ਨਾ ਕੀਤਾ, ਉੱਥੇ ਹੀ ਸੋਫੇ ’ਤੇ ਬੈਠ ਗਈ। ਚਾਚੇ ਦੀ ਮਾਂ ਵੱਲੋਂ ਉਨ੍ਹਾਂ ਨੂੰ ਪਾਲਣ ਲਈ ਕੀਤੀ ਘਾਲਣਾ ਕੁਝ ਮੈਂ ਬਚਪਨ ਤੋਂ ਦੇਖਦੀ ਆਈ ਸੀ ਤੇ ਕੁਝ ਆਪਣੀ ਮਾਂ ਕੋਲੋਂ ਸੁਣੀ ਸੀ। ਮਨ ਵਿੱਚ ਉਹਨਾਂ ਯਾਦਾਂ ਦੀ ਕਿਣਮਿਣ ਹੋਣ ਲਗਦੀ ਹੈ। ਮੇਰੇ ਸਾਹਮਣੇ ਦਾਦੀ ਬਸੰਤ ਕੌਰ ਦੀ ਜ਼ਿੰਦਗੀ ਦੀ ਰੀਲ ਘੁੰਮਣ ਲਗਦੀ ਹੈ।
ਬਸੰਤ ਕੌਰ, ਜੋ ਸਾਡੇ ਸਕੇ ਸ਼ਰੀਕੇ ਵਿੱਚੋਂ ਮੇਰੇ ਦਾਦੀਆਂ ਦੀ ਥਾਂ ਲਗਦੀ ਸੀ। ਮੇਰੇ ਬਚਪਨ ਵਿੱਚ ਉਹ ਚਾਲੀ ਬਿਆਲੀ ਕੁ ਸਾਲ ਦੀ ਹੋਵੇਗੀ। ਉਸ ਸਮੇਂ ਵੀ ਉਹ ਸਾਊ, ਸੋਹਣੀ, ਸਰੂ ਵਰਗਾ ਕੱਦ, ਚਿਹਰੇ ’ਤੇ ਸੰਜੀਦਗੀ ਅਤੇ ਬੋਲ-ਚਾਲ ਵਿੱਚ ਹਲੀਮੀ ਰੱਖਣ ਵਾਲੀ ਸੀ। ਦੇਖਣ ਵਾਲੇ ਦਾ ਧਿਆਨ ਉਸ ਵੱਲ ਮਲੋਮੱਲੀ ਖਿੱਚਿਆ ਜਾਂਦਾ ਸੀ। ਪਰ ਅੱਖਾਂ ਵਿੱਚ ਤੈਰਦੀ ਘੋਰ ਉਦਾਸੀ ਤੋਂ ਉਸ ਦੇ ਦੁਖੀ ਮਨ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਸੀ।
ਉਮਰ ਬੀਤਣ ਨਾਲ ਜਦੋਂ ਮੈਂ ਕੁਝ ਸਿਆਣੀ ਹੋਈ ਤਾਂ ਇੱਕ ਦਿਨ ਆਪਣੀ ਮਾਂ ਤੋਂ ਪੁੱਛ ਬੈਠੀ, “ਮਾਂ, ਦਾਦੀ ਬਸੰਤ ਕੌਰ ਸਾਰਾ ਦਿਨ ਸਿਲਾਈ ਮਸ਼ੀਨ ’ਤੇ ਕੱਪੜੇ ਹੀ ਕਿਉਂ ਸਿਉਂਦੀ ਰਹਿੰਦੀ ਹੈ।”
ਮੇਰੀ ਮਾਂ ਦੇ ਭਾਵੇਂ ਉਹ ਸੱਸਾਂ ਦੀ ਥਾਂ ਲਗਦੀ ਸੀ ਪਰ ਉਹਨਾਂ ਦੀ ਉਮਰ ਵਿੱਚ ਮਸਾਂ ਦਸ ਬਾਰਾਂ ਸਾਲ ਦਾ ਹੀ ਫਰਕ ਸੀ। ਉਹਨਾਂ ਦੀ ਆਪਸ ਵਿੱਚ ਬਹੁਤ ਬਣਦੀ ਸੀ। ਮੇਰੀ ਮਾਂ ਨੇ ਅਣਸੁਣਿਆ ਜਿਹਾ ਹੌਕਾ ਲੈਂਦਿਆਂ ਕਿਹਾ, “ਧੀਏ, ਇਹ ਸਲਾਈ ਮਸ਼ੀਨ ਹੀ ਸੀ ਜਿਸ ਨੇ ਉਸ ਨੂੰ ਆਪਣੇ ਘਰ ਵਸਦੀ ਰੱਖ ਦਿੱਤਾ।”
ਗੱਲ ਮੇਰੀ ਸਮਝ ਵਿੱਚ ਨਾ ਪਈ ਤਾਂ ਮੈਂ ਆਪਣੀ ਮਾਂ ਨੂੰ ਪੂਰੀ ਗੱਲ ਦੱਸਣ ਲਈ ਕਿਹਾ, “ਤੇਰੀ ਇਹ ਦਾਦੀ ਜਵਾਨੀ ਵਿੱਚ ਸੂਰਤ ਅਤੇ ਸੀਰਤ, ਦੋਵਾਂ ਪੱਖਾਂ ਤੋਂ ਬਾਕਮਾਲ ਸੀ। ਮਲਾਇਆ ਦੀ ਪੁਲਿਸ ਵਿੱਚ ਠਾਣੇਦਾਰ ਤੁਹਾਡਾ ਆਬਨੂਸੀ ਰੰਗ ਦਾ ਬੱਤੀ ਤੇਤੀ ਸਾਲ ਦਾ ਬਾਬਾ ਆਪਣੇ ਰੁਤਬੇ ਦੇ ਸਿਰ ’ਤੇ ਇਸ ਲਗਰ ਵਰਗੀ ਮਲੂਕ ਜਿਹੀ ਨੂੰ ਵਿਆਹ ਕੇ ਲੈ ਗਿਆ ਸੀ। ਕਹਿੰਦੇ ਹਨ ਕਿ ਉਹ ਸੁਭਾਅ ਦਾ ਬੜਾ ਹੈਂਕੜ ਵਾਲਾ ਸੀ। ਪਰ ਬਸੰਤ ਕੌਰ ਨੂੰ ਤਾਂ ਉਹ ਬਹੁਤ ਹੀ ਮੋਹ ਕਰਦਾ ਸੀ। ਘਰ ਦੇ ਕੰਮ ਕਰਨ ਨੂੰ ਵੀ ਨੌਕਰ ਰੱਖੇ ਹੋਏ ਸਨ। ਸਾਨੂੰ ਇਹ ਦੱਸਦੀ ਹੁੰਦੀ ਹੈ ਕਿ ਉਸ ਸਮੇਂ ਆਪਣਾ ਦੇਸ਼ ਤਾਂ ਆਜ਼ਾਦ ਹੋ ਚੁੱਕਿਆ ਸੀ, ਪਰ ਮਲਾਇਆ ਵਿੱਚ ਅੰਗਰੇਜ਼ਾਂ ਦਾ ਰਾਜ ਸੀ ਅਤੇ ਸਥਾਨਕ ਵਾਸੀ ਆਜ਼ਾਦੀ ਲਈ ਲੜਾਈ ਲੜ ਰਹੇ ਸਨ। ਜਦੋਂ ਉਹਨਾਂ ਵਿੱਚੋਂ ਕੋਈ ਫੜਿਆ ਜਾਂਦਾ ਸੀ ਤਾਂ ਉਹ ਉਹਨਾਂ ’ਤੇ ਬਹੁਤ ਅਣਮਨੁੱਖੀ ਤਸ਼ੱਸਦ ਕਰਦਾ ਸੀ। ਬੇਸ਼ਕ ਇਹ ਉਸ ਨੂੰ ਬਹੁਤ ਵਰਜਦੀ ਸੀ ਅਤੇ ਇਨਸਾਨੀਅਤ ਦਾ ਵਾਸਤਾ ਵੀ ਪਾਉਂਦੀ ਸੀ ਪਰ ਉਸ ਉੱਤੇ ਤਾਕਤ ਦਾ ਭੂਤ ਸਵਾਰ ਸੀ। ਇੱਕ ਦਿਨ ਦਾਅ ਲੱਗਣ ’ਤੇ ਮਲੇਸ਼ੀਆ ਦੇ ਲੋਕਾਂ ਨੇ ਉਸ ਨੂੰ ਮਾਰ ਦਿੱਤਾ।
“ਬਸੰਤ ਕੌਰ ਦੇ ਉਸ ਸਮੇਂ ਤਕ ਬੱਚੇ ਹੋ ਚੁੱਕੇ ਸਨ। ਬੇਗਾਨੀ ਧਰਤੀ ’ਤੇ ਇਕੱਲੀ, ਉਸ ਉੱਤੇ ਤਾਂ ਇੱਕ ਦਮ ਮੁਸੀਬਤਾਂ ਦਾ ਪਹਾੜ ਹੀ ਟੁੱਟ ਪਿਆ। ਬੱਚਿਆਂ ਨੂੰ ਪਾਲਣ ਦਾ ਸੰਸਾ ਅੱਖਰਾਂ ਤੋਂ ਕੋਰੀ ਬਸੰਤ ਕੌਰ ਦੇ ਸਾਹਮਣੇ ਸਵਾਲ ਬਣਿਆ ਖੜ੍ਹਾ ਸੀ। ਜਵਾਨੀ ਪਹਿਰੇ ਵਿਧਵਾ ਹੋਈ ਬਸੰਤ ਕੌਰ ਨੂੰ ਭਵਿੱਖ ਵਿੱਚ ਕਾਲੇ ਬੱਦਲਾਂ ਤੋਂ ਬਿਨਾਂ ਹੋਰ ਕੁਝ ਦਿਸਦਾ ਨਹੀਂ ਸੀ। ਉਸ ਨੇ ਝੁਕਣ ਦੀ ਥਾਂ ਹੌਸਲੇ ਨਾਲ ਦੁੱਖਾਂ ਦੇ ਪਹਾੜ ਨਾਲ ਮੱਥਾ ਲਾਉਣ ਦਾ ਫੈਸਲਾ ਕਰ ਲਿਆ।
“ਦਿਲ ਅੰਦਰ ਸਾਰੇ ਦਰਦ ਛੁਪਾ ਕੇ ਇੱਕ ਦਿਨ ਉਹ ਬੱਚਿਆਂ ਨਾਲ ਭਾਰਤ ਨੂੰ ਆਉਣ ਵਾਲੇ ਜਹਾਜ਼ ਵਿੱਚ ਬੈਠ ਗਈ। ਇੱਕ ਸਲਾਈ ਮਸ਼ੀਨ, ਕੁਝ ਕੁ ਜਮ੍ਹਾਂ ਕੀਤੇ ਸਿੱਕੇ ਅਤੇ ਬੱਚੇ, ਇਹੀ ਉਸ ਦੀ ਪੂੰਜੀ ਸੀ ਜਿਸ ਨੂੰ ਉਹ ਨਾਲ ਲੈ ਕੇ ਤੁਰੀ ਸੀ। ਸਾਰੇ ਰਾਹ ਇਹ ਸੋਚਦਿਆਂ ਉਸ ਦੀਆਂ ਅੱਖਾਂ ਵਿੱਚ ਸਾਵਣ ਭਾਦੋਂ ਦੀ ਝੜੀ ਲੱਗੀ ਰਹੀ ਕਿ ਜਿਸ ਧਰਤੀ ਤੋਂ ਸੋਹਣੀ ਜ਼ਿੰਦਗੀ ਜਿਊਣ ਦੇ ਹਜ਼ਾਰਾਂ ਸੁਪਨੇ ਲੈ ਕੇ ਉਹ ਆਪਣੇ ਹਮਸਫ਼ਰ ਨਾਲ ਬੜੇ ਚਾਵਾਂ ਨਾਲ ਤੁਰ ਆਈ ਸੀ, ਹੋਣੀ ਮੁੜ ਉਸ ਨੂੰ ਉਸੇ ਧਰਤੀ ’ਤੇ ਪਟਕ ਦਿੱਤਾ।
“ਪਿੰਡ ਪਹੁੰਚ ਕੇ ਉਸ ਨੂੰ ਉਮੀਦ ਸੀ ਕਿ ਉਸ ਦਾ ਸਹੁਰੇ ਪਰਿਵਾਰ ਵਾਲੇ ਉਸ ਦੇ ਬੱਚਿਆਂ ਨੂੰ ਗਲੇ ਲਾ ਲੈਣਗੇ। ਪਰ ਸਿਆਣੇ ਆਖਦੇ ਹਨ ਜੇ ਹਾਲਾਤ ਮਾੜੇ ਹੋਣ ਤਾਂ ਆਪਣੇ ਵੀ ਬੇਗਾਨੇ ਬਣ ਜਾਂਦੇ ਹਨ। ਮਹੀਨਾ ਕੁ ਤਾਂ ਦੱਬ ਘੁੱਟ ਕੇ ਨਿਕਲ ਗਿਆ ਫਿਰ ਘਰ ਵਿੱਚ ਕਲੇਸ਼ ਖੜ੍ਹਾ ਹੋ ਗਿਆ। ਅਖੀਰ ਹਾਲਤ ਹੋਰ ਵਿਗੜ ਗਈ। ਸਹੁਰੇ ਪਰਿਵਾਰ ਵਿੱਚ ਉਸ ਦੇ ਜੇਠ, ਜਠਾਣੀ ਅਤੇ ਉਨ੍ਹਾਂ ਦੇ ਸੱਤ ਬੱਚੇ ਸਨ। ਇਕ ਦਿਨ ਉਹ ਸਮਾਨ ਚੁੱਕ ਕੇ ਬਾਹਰਲੇ ਘਰ ਤੁਰ ਗਏ। ਇਸ ਪੁਰਾਣੇ ਕੱਚੇ ਘਰ ਵਿੱਚ ਇਸ ਨੂੰ ਆਪਣੀ ਹੋਣੀ ਨਾਲ ਨਿਪਟਣ ਲਈ ਛੱਡ ਗਏ। ਜ਼ਮੀਨ ਪਹਿਲਾਂ ਹੀ ਬਹੁਤੀ ਨਹੀਂ ਸੀ, ਜਿਸ ’ਤੇ ਉਹਨਾਂ ਦਾ ਕਬਜ਼ਾ ਸੀ। ਪਰ ਸ਼ਰੀਕੇ ਕਬੀਲੇ ਨੇ ਕਹਿ ਕਹਾ ਕੇ ਦੋ ਕਿੱਲੇ ਜ਼ਮੀਨ ਅਤੇ ਇੱਕ ਗਾਂ ਇਸ ਨੂੰ ਦਿਵਾ ਦਿੱਤੀ।
“ਬੇਸ਼ਕ ਖੁਦਗਰਜ਼ ਰਿਸ਼ਤਿਆਂ ਵਲੋਂ ਮਿਲੀ ਬੇਰੁਖੀ ਨੇ ਉਸ ਨੂੰ ਧੁਰ ਅੰਦਰ ਤਕ ਵਲੂੰਧਰ ਕੇ ਰੱਖ ਦਿੱਤਾ ਸੀ, ਆਪਣਿਆਂ ਵੱਲੋਂ ਮਿਲੀਆਂ ਪੀੜਾਂ ਨਾਲ ਉਸ ਦੀ ਰੂਹ ਵਿਲਕ ਰਹੀ ਸੀ ਪਰ ਧੰਨ ਦੀ ਉਹ ਔਰਤ, ਨਾ ਤਾਂ ਉਹ ਸ਼ਰੀਕਾਂ ਅੱਗੇ ਝੁਕੀ ਤੇ ਨਾ ਹੀ ਬੱਚਿਆਂ ਦਾ ਵਾਸਤਾ ਪਾ ਕੇ ਕੋਈ ਖੈਰਾਤ ਮੰਗੀ। ਅਤੇ ਨਾ ਹੀ ਉਸ ਨੇ ਬੱਚਿਆਂ ਸਾਹਮਣੇ ਕਦੇ ਆਪਣੀ ਪੀੜ ਨੂੰ ਪ੍ਰਗਟ ਹੋਣ ਦਿੱਤਾ।
“ਜ਼ਿੰਦਗੀ ਵਿੱਚ ਮਿਲੀਆਂ ਕੁੜੱਤਣਾਂ, ਵਿਰਾਨੀਆਂ ਅਤੇ ਥੁੜਾਂ ਦੇ ਰੋਣੇ ਰੋਂਦੇ ਰਹਿਣ ਨਾਲੋਂ ਉਸ ਨੇ ਅਣਖ ਨਾਲ ਜਿਊਣ ਦਾ ਨਿਰਣਾ ਕੀਤਾ। ਸਾਰਾ ਸਾਰਾ ਦਿਨ ਸਿਲਾਈ ਮਸ਼ੀਨ ਗੇੜੀ, ਲੋਕਾਂ ਦੇ ਕੱਪੜੇ ਸਿਉਂਤੇ। ਸਿਰ ’ਤੇ ਚਰ੍ਹੀ, ਬਰਸੀਮ ਨੂੰ ਢੋਹਿਆ। ਲੋੜ ਪਈ ਤਾਂ ਹੋਰ ਪਾਪੜ ਵੀ ਵੇਲੇ। ਜਿਵੇਂ ਕਿ ਕਿਸੇ ਦੀਆਂ ਦਰੀਆਂ ਬੁਣ ਦੇਣੀਆਂ। ਰਾਤ ਨੂੰ ਆਂਢ ਗੁਆਂਢ ਦੀਆਂ ਕੁੜੀਆਂ ਨੂੰ ਘਰੇ ਸੱਦ ਕੇ ਛੋਪ ਪਾ ਲੈਣਾ। ਕਿਸੇ ਦਾ ਸੂਤ ਕੱਤ ਕੇ ਚਾਰ ਪੈਸੇ ਕਮਾ ਲੈਣੇ। ਕਿਸੇ ਦੀ ਫੋਕੀ ਹਮਦਰਦੀ ਬਟੋਰਨ ਦੀ ਥਾਂ ਕਿਰਤ ਦਾ ਪੱਲਾ ਘੁੱਟ ਕੇ ਫੜੀ ਆਪਣੇ ਬੋਟਾਂ ਨੂੰ ਚੋਗਾ ਦਿੰਦੀ ਰਹੀ।
“ਬਸੰਤ ਕੌਰ, ਜਿਸਦੇ ਜੀਵਨ ਵਿੱਚ ਭਰ ਜਵਾਨੀ ਸਮੇਂ ਹੀ ਬਸੰਤ ਰੁੱਤ ਹੰਢਾਉਂਦਿਆਂ ਅਜਿਹੀ ਪਤਝੜ ਆ ਗਈ ਸੀ, ਜਿਸ ਨੇ ਉਸ ਦੀ ਜ਼ਿੰਦਗੀ ਵਿੱਚੋਂ ਬਾਕੀ ਰੁੱਤਾਂ ਨੂੰ ਮਨਫੀ ਕਰ ਦਿੱਤਾ ਸੀ। ਪਰ ਉਸ ਨੇ ਆਪਣੇ ਸਿਰੜ ਨਾਲ ਬੱਚਿਆਂ ਦੀ ਜ਼ਿੰਦਗੀ ਵਿੱਚੋਂ ਜ਼ਰੂਰ ਪਤਝੜ ਨੂੰ ਮਨਫੀ ਕਰ ਦਿੱਤਾ ਸੀ।”
ਮਾਂ ਬਸੰਤ ਕੌਰ ਖੁਦ ਤਾਂ ਭਾਵੇਂ ਇਸ ਦੁਨੀਆਂ ਵਿੱਚੋਂ ਜਾ ਚੁੱਕੀ ਹੈ ਪਰ ਹੁਣ ਉਸ ਦੇ ਪੁੱਤ ਅਤੇ ਧੀ ਇੰਗਲੈਂਡ ਵਿੱਚ ਆਪਣੇ ਪਰਿਵਾਰਾਂ ਨਾਲ ਖੁਸ਼ਹਾਲ ਜ਼ਿੰਦਗੀ ਜੀ ਰਹੇ ਹਨ। ਕਦੇ ਕਦੇ ਪਿੰਡ ਉਹ ਉਸ ਘਰ ਨੂੰ ਸਿਜਦਾ ਕਰਨ ਲਈ ਜ਼ਰੂਰ ਆ ਜਾਂਦੇ ਹਨ ਜਿਸ ਵਿੱਚ ਰਹਿ ਕੇ ਉਨ੍ਹਾਂ ਦੀ ਮਾਂ ਨੇ ਉਨ੍ਹਾਂ ਨੂੰ ਅਜਿਹੀ ਸੋਹਣੀ ਜ਼ਿੰਦਗੀ ਦੇਣ ਲਈ ਸੰਘਰਸ਼ ਕੀਤਾ ਸੀ। ਸੰਘਰਸ਼ ਭਾਵੇਂ ਪਰਿਵਾਰ ਲਈ ਕੀਤਾ ਜਾਵੇ ਜਾਂ ਸਮੂਹ ਵਲੋਂ ਰਲ਼ ਕੇ ਲੁਕਾਈ ਲਈ ਕੀਤਾ ਜਾਵੇ, ਦ੍ਰਿੜ੍ਹ ਨਿਸ਼ਚੇ ਨਾਲ ਕੀਤਾ ਗਿਆ ਸੰਘਰਸ਼ ਸਾਡੇ ਜੀਵਨ ਦੀਆਂ ਰੇਖਾਵਾਂ ਬਦਲਣ ਦੀ ਸਮਰੱਥਾ ਰੱਖਦਾ ਹੈ।
ਅੱਜ ਪਿੰਡ ਦੇ ਬਜ਼ੁਰਗ ਕਿਸੇ ’ਤੇ ਅਚਨਚੇਤ ਪਏ ਦੁੱਖ ਸਮੇਂ ਦਾਦੀ ਬਸੰਤ ਕੌਰ ਦੀ ਉਦਾਹਰਣ ਦੇ ਕੇ ਅਗਲੇ ਦਾ ਹੌਸਲਾ ਵਧਾਉਂਦੇ ਹਨ। ਮੇਰਾ ਬਚਪਨ ਵੀ ਉਸ ਦੇ ਵਿਹੜੇ ਵਿੱਚ ਖੇਡਦਿਆਂ ਬੀਤਿਆ ਹੋਣ ਕਰਕੇ ਅੱਜ ਵੀ ਆਪਸੀ ਸਾਂਝ ਦੀਆਂ ਤੰਦਾਂ ਜੁੜੀਆਂ ਹੋਈਆਂ ਹਨ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2732)
(ਸਰੋਕਾਰ ਨਾਲ ਸੰਪਰਕ ਲਈ: