“ਪਿੰਡ ਤਾਂ ਹਮੇਸ਼ਾ ਮੇਰੇ ਅੰਦਰ ਵਸਦੈ। ਇਸ ਨਾਲ ਤਾਂ ਮੇਰਾ ਰੂਹ ਦਾ ਰਿਸ਼ਤਾ। ਮੈਂਨੂੰ ਤਾਂ ਸੁਪਨੇ ਵੀ ...”
(21 ਜੁਲਾਈ 2021)
ਮੇਰੇ ਬਚਪਨ ਵਿੱਚ ਆਮ ਤੌਰ ’ਤੇ ਸਾਰੇ ਘਰ ਕੱਚੇ ਹੁੰਦੇ ਸਨ। ਇਸੇ ਤਰ੍ਹਾਂ ਸਾਡਾ ਘਰ ਵੀ ਕੱਚਾ ਸੀ। ਘਰ ਵੜਦਿਆਂ ਵਿਹੜੇ ਦੇ ਇੱਕ ਪਾਸੇ ਆਏ ਗਏ ਲਈ ਬੈਠਕ ਤੇ ਉਸ ਨਾਲ ਰਸੋਈ। ਰਸੋਈ ਦੇ ਦੂਜੇ ਪਾਸੇ ਚੁੱਲ੍ਹਾ ਚੌਂਕਾ ਹੁੰਦਾ ਸੀ। ਅੱਗੇ ਪੂਰੀ ਵੱਡੀ ਸਬਾਤ ਸੀ, ਜਿਸਦੇ ਇੱਕ ਪਾਸੇ ਤਿੰਨ ਸੰਦੂਕ ਪਏ ਹੁੰਦੇ।
ਸਭ ਤੋਂ ਛੋਟਾ ਸੰਦੂਕ ਮੇਰੀ ਦਾਦੀ ਮਾਂ ਦਾ ਸੀ। ਅਗਲਾ ਸੰਦੂਕ ਜਿਸ ’ਤੇ ਫੱਟੀ ਲਾ ਕੇ ਡੱਬੇ ਪਾਏ ਹੋਏ ਸਨ ਅਤੇ ਉਨ੍ਹਾਂ ਡੱਬਿਆਂ ਵਿੱਚ ਪਿੱਤਲ ਦੀਆਂ ਫੁੱਲੀਆਂ ਲੱਗੀਆਂ ਹੋਈਆਂ ਸਨ, ਮੇਰੀ ਮਾਂ ਦਾ ਸੀ। ਤੀਸਰੇ ਸੰਦੂਕ ਉੱਤੇ ਡੱਬੇ ਤਾਂ ਪਾਏ ਹੋਏ ਸਨ ਪਰ ਦੋ ਡੱਬੇ ਜਿਨ੍ਹਾਂ ਵਿੱਚ ਸ਼ੀਸ਼ੇ ਲੱਗੇ ਹੋਏ ਸਨ, ਨੂੰ ਛੱਡ ਕੇ ਬਾਕੀ ਸਭ ਖਾਲੀ ਸਨ। ਇਸ ਸੰਦੂਕ ਨੂੰ ਅਸੀਂ ਹਮੇਸ਼ਾ ਬੰਦ ਹੀ ਦੇਖਦੇ ਸਾਂ। ਜਦੋਂ ਵੀ ਘਰ ਵਿੱਚ ਇਸ ਸੰਦੂਕ ਬਾਰੇ ਗੱਲ ਹੁੰਦੀ ਤਾਂ ਇਸ ਨੂੰ ‘ਗਨੀ ਕਾ ਸੰਦੂਕ’ ਕਿਹਾ ਜਾਂਦਾ ਸੀ।
ਮੈਂ ਅਤੇ ਮੇਰੀਆਂ ਭੈਣਾਂ ਜੇ ਕਦੇ ਇਸ ਨੂੰ ਖੋਲ੍ਹਣ ਲੱਗਦੀਆਂ ਤਾਂ ਸਾਡੀ ਦਾਦੀ ਇਸ ਨੂੰ ਖੋਲ੍ਹਣ ਤੋਂ ਮਨ੍ਹਾਂ ਕਰ ਦਿੰਦੀ। ਅਸੀਂ ਕਾਰਨ ਪੁੱਛਦੀਆਂ ਤਾਂ ਉਹ ਇਹ ਕਹਿ ਕੇ ਗੱਲ ਨਿਬੇੜ ਦਿੰਦੀ, “ਇਹ ਤਾਂ ਪੁੱਤ ਬੇਗਾਨੀ ਅਮਾਨਤ ਹੈ। ਮੈਂ ਚਾਹੁੰਦੀ ਹਾਂ ਕਿ ਜਦੋਂ ਇਸਦੀ ਮਾਲਕਣ ਇਸ ਨੂੰ ਲੈਣ ਆਵੇ ਤਾਂ ਉਸ ਨੂੰ ਇਹ ਉਸੇ ਤਰ੍ਹਾਂ ਪਿਆ ਮਿਲੇ, ਜਿਸ ਤਰ੍ਹਾਂ ਉਹ ਇਸ ਨੂੰ ਰੱਖ ਕੇ ਗਈ ਸੀ।”
ਮਨ ਵਿੱਚ ਆਉਂਦਾ ਕਿ ਇਸਦੀ ਮਾਲਕਣ ਕੌਣ ਹੋਊ? ਉਹ ਇਸ ਨੂੰ ਇੱਥੇ ਕਿਉਂ ਰੱਖ ਕੇ ਗਈ ਹੈ? ਪਰ ਬਚਪਨ ਹੁੰਦਾ ਹੀ ਬੇਪਰਵਾਹ ਹੈ। ਛੇਤੀ ਹੀ ਸਭ ਕੁਝ ਵਿਸਰ ਜਾਂਦਾ। ਜਿਉਂ ਜਿਉਂ ਅਸੀਂ ਵੱਡੇ ਹੁੰਦੇ ਗਏ ਤਾਂ ਪੰਜਾਬ ਦੀ ਹੋਈ ਵੰਡ ਬਾਰੇ, ਪੰਜਾਬੀਆਂ ਨਾਲ ਵਰਤੇ ਅਸਹਿ, ਅਕਹਿ, ਅਣਚਿਤਵੇ ਅਤੇ ਦੁਖਦਾਈ ਕਹਿਰ ਬਾਰੇ ਪੜ੍ਹਨ, ਜਾਨਣ ਦਾ ਮੌਕਾ ਮਿਲਿਆ। ਇਹ ਸਮਝ ਵੀ ਆ ਗਈ ਕਿ ਇਸ ਸੰਦੂਕ ਨੂੰ ਇੱਥੇ ਕਿਸੇ ਨੇ ਕਿਉਂ ਰੱਖਿਆ। ਹੁਣ ਇਸਦੀ ਮਾਲਕਣ ਇਸ ਨੂੰ ਲੈਣ ਕਦੇ ਨਹੀਂ ਆਵੇਗੀ। ਜਦੋਂ ਦਾਦੀ ਮਾਂ ਨੂੰ ਇਹ ਗੱਲ ਦੱਸਣੀ ਤਾਂ ਉਸ ਦਾ ਵਿਸ਼ਵਾਸ ਕਦੇ ਨਾ ਡੋਲਦਾ। ਅੱਗੋਂ ਉਸ ਨੇ ਸਾਨੂੰ ਗੁੱਸੇ ਹੋਣ ਲੱਗ ਪੈਣਾ। ਤੁਹਾਡੀ ਤਾਂ ਦੋ ਅੱਖਰ ਪੜ੍ਹ ਕੇ ਮੱਤ ਹੀ ਮਾਰੀ ਗਈ ਹੈ। ਸਦੀਆਂ ਤੋਂ ਸਾਡੇ ਨਾਲ ਵਸਦੇ ਸਾਡੇ ਹਮਸਾਏ ਬਿਗਾਨੇ ਕਿਵੇਂ ਹੋ ਗਏ। ਇਸੇ ਪਿੰਡ ’ਚ ਜੰਮੇ ਜਾਏ, ਵੱਡੇ ਹੋਏ ਹੁਣ ਉਹਨਾਂ ਨੂੰ ਆਪਣੇ ਪਿੰਡ ਆਪਣੇ ਘਰ ਆਉਣ ਤੋਂ ਭਲਾ ਕੌਣ ਰੋਕ ਸਕਦਾ ਹੈ? ਭੋਲੀ ਭਾਲੀ ਦਾਦੀ ਸਿਆਸਤ ਦੀਆਂ ਖੇਡਾਂ ਬਾਰੇ ਕੀ ਜਾਣਦੀ ਸੀ।
ਮੇਰੇ ਮਨ ਵਿੱਚ ਸੰਦੂਕ ਨੂੰ ਤੱਕ ਕੇ ਆਪ ਮੁਹਾਰੇ ਕਈ ਕੁਝ ਘੁੰਮਦਾ ਰਹਿੰਦਾ। ਕਦੇ ਲੱਗਦਾ ਕਿੰਨੀਆਂ ਰੀਝਾਂ ਅਤੇ ਚਾਵਾਂ ਨਾਲ ਮਾਪਿਆਂ ਨੇ ਆਪਣੀ ਧੀ ਰਾਣੀ ਨੂੰ ਇਹ ਸੰਦੂਕ ਬਣਾ ਕੇ ਦਿੱਤਾ ਹੋਵੇਗਾ। ਸਹੁਰੇ ਘਰ ਨਵੀਂ ਆਈ ਉਸ ਮੁਟਿਆਰ ਨੂੰ, ਉਸ ਅਣਜਾਣ ਪਰਿਵਾਰ ਵਿੱਚ ਇਹ ਸੰਦੂਕ ਹੀ ਆਪਣੇਪਣ ਦਾ ਧਰਵਾਸ ਦਿੰਦਾ ਹੋਵੇਗਾ। ਧੁਰ ਅੰਦਰੋਂ ਇੱਕ ਰੂਹ ਦਾ ਰਿਸ਼ਤਾ ਇਸ ਨਾਲ ਜੁੜਿਆ ਹੋਵੇਗਾ। ਜਦੋਂ ਉਸ ਨੇ ਇਸਦੇ ਸ਼ੀਸ਼ਿਆਂ ਸਾਹਮਣੇ ਖੜ੍ਹ ਕੇ ਆਖਰੀ ਦਿਨ ਸਿਰ ਵਾਹੁੰਦਿਆਂ ਆਪਣੇ ਸੰਧੂਰੀ ਚਿਹਰੇ ਨੂੰ ਤੱਕਿਆ ਹੋਵੇਗਾ, ਉਸ ਨੂੰ ਕੀ ਪਤਾ ਸੀ ਕਿ ਅੱਜ ਇਸ ਰਿਸ਼ਤੇ ਦਾ ਆਖਰੀ ਦਿਨ ਹੈ। ਇਸ ਤੋਂ ਬਾਅਦ ਉਸ ਨੂੰ ਇਹਨਾਂ ਸ਼ੀਸ਼ਿਆਂ ਵਿੱਚ ਕਦੇ ਤੱਕਣਾ ਨਸੀਬ ਨਹੀਂ ਹੋਵੇਗਾ। ਜਦੋਂ ਉਸ ਦਾ ਪਰਿਵਾਰ ਇਸ ਸੰਦੂਕ ਨੂੰ ਸਾਡੇ ਘਰ ਰੱਖਣ ਆਇਆ ਹੋਵੇਗਾ ਤਾਂ ਭਰੇ ਗਲੇ ਅਤੇ ਸਿੱਲ੍ਹੀਆਂ ਅੱਖਾਂ ਨਾਲ ਉਹ ਇਸ ਵੱਲ ਕਿਵੇਂ ਨੀਝ ਨਾਲ ਤੱਕ ਰਹੀ ਹੋਵੇਗੀ।
ਕਦੇ ਅੱਖਾਂ ਸਾਹਮਣੇ ਉਹ ਦ੍ਰਿਸ਼ ਆ ਜਾਂਦਾ ਜਦੋਂ ਘਰਾਂ ਦੇ ਮਾਲਕ ਲੋੜੀਂਦੀਆਂ ਵਸਤਾਂ ਦੀ ਗਠੜੀ ਬੰਨ੍ਹ ਕੇ ਉਨ੍ਹਾਂ ਘਰਾਂ ਦੀ ਦਹਿਲੀਜ਼ ਟੱਪਣ ਲੱਗੇ ਹੋਣਗੇ, ਜਿਨ੍ਹਾਂ ਘਰਾਂ ਵਿੱਚ ਉਹਨਾਂ ਦਾ ਦਿਲ ਧੜਕਦਾ ਸੀ। ਜਿੱਥੇ ਨਿੱਤ ਨਵੇਂ ਸੁਪਨੇ ਪਨਪਦੇ ਸਨ। ਜਿਸਦੀਆਂ ਕੰਧਾਂ ਨਾਲ ਵੀ ਉਹਨਾਂ ਦਾ ਮੋਹ ਸੀ ਤਾਂ ਪਤਾ ਨਹੀਂ ਕਿੰਨੀ ਕੁ ਵਾਰ ਭਰੇ ਮਨਾਂ ਨਾਲ ਪਿਛਾਂਹ ਮੁੜ ਮੁੜ ਕੇ ਘਰ ਵੱਲ ਤੱਕਿਆ ਹੋਵੇਗਾ। ਕਦੇ ਲੱਗਦਾ, ਹੋ ਸਕਦਾ ਹੈ ਉਹਨਾਂ ’ਤੇ ਇਹ ਸੋਚ ਭਾਰੂ ਹੋਵੇ, ਚਾਰ ਦਿਨਾਂ ਦਾ ਰੌਲਾ ਗੌਲਾ ਹੈ, ਮੁੜ ਆਪਣੇ ਘਰਾਂ ਵਿੱਚ ਪਰਤ ਆਵਾਂਗੇ।
ਪਰ ਇੱਕ ਵਾਰ ਤਾਂ ਉਹ ਥਿੜਕਦੇ ਪੈਰਾਂ ਨਾਲ ਉਘੜ-ਦੁਘੜੇ ਰਾਹਾਂ ਦੇ ਪਾਂਧੀ ਬਣ ਤੁਰ ਪਏ ਸਨ। ਲੀਹੋਂ ਥਿੜਕੀ ਜ਼ਿੰਦਗੀ ਨੂੰ ਮੁੜ ਤਰਤੀਬ ਦੇਣ ਲਈ ਪਤਾ ਨਹੀਂ ਉਹਨਾਂ ਨੂੰ ਕਿੰਨੇ ਕੁ ਜ਼ਫ਼ਰ ਜਾਲਣੇ ਪਏ ਹੋਣਗੇ।
ਸਮਾਂ ਬੀਤਦਾ ਗਿਆ। ਦਾਦੀ ਸੰਦੂਕ ਦੀ ਮਾਲਕਣ ਦਾ ਰਾਹ ਤੱਕਦੀ ਇਸ ਜਹਾਨ ਤੋਂ ਤੁਰ ਗਈ। ਪੇਟੀਆਂ, ਅਲਮਾਰੀਆਂ ਦੇ ਮੋਹ ਅੱਗੇ ਸੰਦੂਕਾਂ ਦੀ ਵੁੱਕਤ ਘਟਦੀ ਗਈ। ਸੰਭਾਲ ਖੁਣੋ ਉਹਨਾਂ ਨੂੰ ਸਿਉਂਕ ਖਾ ਗਈ। ਆਧੁਨਿਕਤਾ ਦੇ ਚੱਕਰ ਵਿੱਚ ਫਸ ਕੇ ਕੋਠੀਆਂ ਬਣਾਉਣ ਦੀ ਖ਼ਾਹਿਸ਼ ਕੱਚੇ ਘਰਾਂ ਨੂੰ ਨਿਗਲ ਗਈ। ਆਪਣੀ ਆਪਣੀ ਗ੍ਰਹਿਸਥੀ ਵਿੱਚ ਖੁਭ ਕੇ ਸੰਦੂਕ ਚੇਤਿਆਂ ਵਿੱਚੋਂ ਵਿਸਰ ਗਿਆ।
ਕੁਝ ਕੁ ਦਿਨ ਪਹਿਲਾਂ ਮਿਸੀਸਾਗਾ (ਕਨੇਡਾ) ਤੋਂ ਚਾਚਾ ਜੀ ਨੇ ਫੋਨ ਕਰ ਕੇ ਦੱਸਿਆ ਕਿ ਆਪਣੇ ਨਾਲ ਦੇ ਪਿੰਡ ਬਾਰੇ ਇੱਕ ਵੀਡੀਓ ਫੇਸਬੁੱਕ ’ਤੇ ਘੁੰਮ ਰਹੀ ਹੈ ਜਿਸ ਵਿੱਚ ਪੱਛਮੀ ਪੰਜਾਬ ਤੋਂ ਇੱਕ ਬਜ਼ੁਰਗ ਉਸ ਪਿੰਡ ਨੂੰ ਯਾਦ ਕਰਕੇ ਉਸ ਬਾਰੇ ਗੱਲਾਂ ਕਰ ਰਿਹਾ ਹੈ। ਹੋ ਸਕਦਾ ਹੈ ਆਪਣੇ ਪਿੰਡ ਤੋਂ ਵੀ ਜੋ ਪਰਿਵਾਰ ਗਏ ਸਨ ਉਨ੍ਹਾਂ ਵਿੱਚੋਂ ਵੀ ਕੋਈ ਬਜ਼ੁਰਗ ਹੁਣ ਤਕ ਸਲਾਮਤ ਹੋਵੇ। ਇਸ ਬਾਰੇ ਕਿਵੇਂ ਪਤਾ ਲੱਗ ਸਕਦਾ ਹੈ? ਮੈਂ ਚਾਚਾ ਨੂੰ ਅਖ਼ਬਾਰ ਵਿੱਚੋਂ ਲੱਭ ਕੇ ਸਾਂਵਲ ਧਾਮੀ ਦਾ ਫੋਨ ਨੰਬਰ ਦੇ ਦਿੱਤਾ ਕਿ ਇਹ ਸ਼ਖਸ ਵੰਡ ਵੇਲੇ ਦੀਆਂ ਘਟਨਾਵਾਂ ਨੂੰ ਪੰਜਾਬੀ ਟ੍ਰਿਬਿਊਨ ਵਿੱਚ ਲਿਖਦਾ ਹੈ। ਇਸ ਨੂੰ ਫ਼ੋਨ ਕਰ ਕੇ ਪੁੱਛ ਲਵੋ। ਉਹਨਾਂ ਨੇ ਜਦੋਂ ਧਾਮੀ ਜੀ ਨੂੰ ਫੋਨ ਕੀਤਾ ਤਾਂ ਉਸ ਨੇ ਅੱਗੋਂ ਯਾਸਰ ਡੋਗਰ ਦਾ ਫੋਨ ਨੰਬਰ ਦੇ ਦਿੱਤਾ। ਯਾਸਰ ਡੋਗਰ ਪੱਛਮੀ ਪੰਜਾਬ ਵਿੱਚ ਇੱਧਰੋਂ ਗਏ ਪਰਿਵਾਰਾਂ ਦੀਆਂ ਵੀਡੀਓਜ਼ ਬਣਾ ਕੇ ਸਬੰਧਤ ਲੋਕਾਂ ਨੂੰ ਭੇਜਦਾ ਰਹਿੰਦਾ ਹੈ। ਜਦੋਂ ਚਾਚਾ ਜੀ ਨੇ ਉਸ ਨਾਲ ਗੱਲ ਕੀਤੀ ਤਾਂ ਉਸ ਨੇ ਸਾਡੇ ਪਿੰਡ ਨਾਲ ਸਬੰਧਤ ਪਰਿਵਾਰ ਲੱਭਣ ਲਈ ਹਾਮੀ ਭਰ ਦਿੱਤੀ।
ਕੁਝ ਦਿਨ ਹੀ ਲੰਘੇ ਸਨ ਕਿ ਯਾਸਰ ਡੋਗਰ ਨੇ ਸਾਡੇ ਪਿੰਡ ਦੇ ਸਾਹੀਵਾਲ ਜ਼ਿਲੇ ਵਿੱਚ ਰਹਿੰਦੇ ਪਚੰਨਵੇਂ ਸਾਲਾਂ ਦੇ ਬਜ਼ੁਰਗ ਖੁਸ਼ੀ ਮੁਹੰਮਦ ਨੂੰ ਲੱਭ ਲਿਆ। ਉਸ ਨਾਲ ਗੱਲਾਂ ਕਰਕੇ ਵੀਡੀਓ ਭੇਜ ਦਿੱਤੀ। ਨਾਲ ਹੀ ਉਸ ਦੇ ਪੋਤੇ ਤਨਵੀਰ ਦਾ ਫੋਨ ਨੰਬਰ ਦੇ ਕੇ ਉਸ ਨਾਲ ਗੱਲ ਕਰਨ ਨੂੰ ਕਿਹਾ। ਚਾਚਾ ਜੀ ਨੇ ਉਸ ਨਾਲ ਗੱਲ ਕੀਤੀ ਤਾਂ ਉਹ ਬਹੁਤ ਹੀ ਖੁਸ਼ ਹੋਏ।
ਚਾਚਾ ਜੀ ਨੇ ਜਦੋਂ ਮੈਂਨੂੰ ਦੱਸਿਆ ਤਾਂ ਮੇਰੇ ਸਾਹਮਣੇ ਭੁੱਲਿਆ ਵਿਸਰਿਆ ਸੰਦੂਕ ਯਾਦ ਆ ਗਿਆ। ਮੇਰੀ ਜਿਗਿਆਸਾ ਉਸ ਬਾਰੇ ਜਾਨਣ ਲਈ ਬੇਤਾਬ ਹੋ ਉੱਠੀ। ਮਨ ਵਿੱਚ ਐਨੀ ਕਾਹਲ ਪੈਦਾ ਹੋ ਗਈ ਕਿ ਕਿਹੜਾ ਵੇਲਾ ਹੋਵੇ ਮੈਂ ਬਾਬਾ ਜੀ ਨਾਲ ਗੱਲ ਕਰਾਂ ਤਾਂ ਜੋ ਉਸ ਸੰਦੂਕ ਦੀ ਮਾਲਕਣ ਬਾਰੇ ਜਾਣ ਸਕਾਂ। ਮੈਂ ਉਹਨਾਂ ਨੂੰ ਤਾਕੀਦ ਕੀਤੀ, ਜਦੋਂ ਵੀ ਹੁਣ ਗੱਲ ਕਰੋ, ਮੇਰੇ ਬਾਰੇ ਦੱਸਣਾ ਕਿ ਉਹ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੀ ਹੈ।
ਚਾਚਾ ਜੀ ਦੇ ਕਹਿਣ ’ਤੇ ਜਦੋਂ ਤਨਵੀਰ ਨੇ ਬਾਬਾ ਜੀ ਨਾਲ ਗੱਲ ਕਰਾਈ ਤਾਂ ਪਿੰਡ ਪ੍ਰਤੀ ਡੁੱਲ੍ਹ ਡੁੱਲ੍ਹ ਪੈਂਦਾ ਪਿਆਰ ਉਹਨਾਂ ਦੀਆਂ ਗੱਲਾਂ ਵਿੱਚੋਂ ਝਲਕ ਰਿਹਾ ਸੀ। ਉਹ ਪਿੰਡ ਦੇ ਬਸ਼ਿੰਦਿਆਂ, ਜੋ ਉਹਨਾਂ ਦੇ ਵੇਲੇ ਦੇ ਸਨ, ਬਾਰੇ ਜਾਨਣ ਲਈ ਉਤਾਵਲੇ ਸਨ। ਪਰ ਅਫਸੋਸ ਦੋ-ਤਿੰਨ ਨੂੰ ਛੱਡ ਕੇ ਹੋਰ ਕੋਈ ਵੀ ਜੀਵਿਤ ਨਹੀਂ ਸੀ। ਬਾਬਾ ਜੀ ਅੱਗੇ ਉਹਨਾਂ ਦੀ ਔਲਾਦ ਬਾਰੇ, ਉਹਨਾਂ ਦੀ ਰਾਜ਼ੀ ਖੁਸ਼ੀ ਬਾਰੇ ਬੜੇ ਤਿਹੁ ਨਾਲ ਗੱਲਬਾਤ ਕਰਦੇ ਰਹੇ। ਉਹ ਪਿੰਡ ਦੀ ਹਰ ਗਲੀ, ਨੁੱਕਰ ਵਿੱਚ ਫਿਰਦੇ ਬੋਹੜਾਂ, ਪਿੱਪਲਾਂ, ਖੂਹਾਂ ਟੋਭਿਆਂ ਬਾਰੇ ਗੱਲਾਂ ਕਰਦੇ ਭਾਵੁਕ ਹੋ ਰਹੇ ਸਨ। ਉਹਨਾਂ ਦੀ ਯਾਦ ਸ਼ਕਤੀ ਦੇਖ ਕੇ ਮੈਂ ਹੈਰਾਨ ਰਹਿ ਗਈ। ਪਿੰਡ ਬਾਰੇ ਗੱਲਾਂ ਕਰਦਿਆਂ ਉਹਨਾਂ ਦੇ ਬੋਲਾਂ ਵਿੱਚ ਟਸ ਟਸ ਕਰਦੀ ਚੀਸ ਅਨੁਭਵ ਕਰਕੇ ਮੇਰਾ ਮਨ ਵੀ ਭਰ ਆਇਆ ਸੀ। ਬਾਬਾ ਜੀ ਦਾ ਸਾਰਾ ਪਰਿਵਾਰ ਉਦਾਲੇ ਬੈਠਾ ਸਾਡੀਆਂ ਗੱਲਾਂ ਸੁਣ ਰਿਹਾ ਸੀ। ਉਹਨਾਂ ਨੇ ਦੱਸਿਆ, “ਤੇਰਾ ਦਾਦਾ ਮੇਰੇ ਭਰਾਵਾਂ ਦੀ ਥਾਂ ਲੱਗਦਾ ਸੀ, ਇਸ ਰਿਸ਼ਤੇ ਕਰਕੇ ਤੂੰ ਕੁੜੀਏ ਮੇਰੀ ਪੋਤੀ ਲਗਦੀ ਹੈਂ।”
ਫਿਰ ਬਾਬਾ ਜੀ ਦੀ ਪੋਤੀ ਅਜ਼ਰਾ ਮੇਰੇ ਨਾਲ ਗੱਲਾਂ ਕਰਨ ਲੱਗ ਪਈ। ਅਸੀਂ ਝੱਟ ਭੈਣਾਂ ਬਣ ਗਈਆਂ। ਗੱਲਾਂ ਕਰਦਿਆਂ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਸਦੀਆਂ ਤੋਂ ਇੱਕ ਦੂਜੇ ਨੂੰ ਜਾਣਦੀਆਂ ਹੋਈਏ।
ਮੇਰੇ ਮਨ ਅੰਦਰ ਤਾਂ ਸੰਦੂਕ ਘੁੰਮ ਰਿਹਾ ਸੀ। ਮੈਂ ਬਾਬਾ ਜੀ ਨੂੰ ਪੁੱਛ ਲਿਆ, “ਬਾਬਾ ਜੀ ਗਨੀ ਕੌਣ ਸੀ?”
ਉਹਨਾਂ ਨੇ ਦੱਸਿਆ, “ਤੁਹਾਡੇ ਘਰਾਂ ਤੋਂ ਅੱਗੇ ਧਰਮਸ਼ਾਲਾ ਦੇ ਨਾਲ ਗੁੱਜਰਾਂ ਦੇ ਘਰ ਸਨ। ਗਨੀ ਉਹਨਾਂ ਦਾ ਮੁੰਡਾ ਸੀ। ਉਸ ਦਾ ਥੋੜ੍ਹਾ ਸਮਾਂ ਪਹਿਲਾਂ ਹੀ ਵਿਆਹ ਹੋਇਆ ਸੀ। ਉਸ ਦੀ ਘਰ ਵਾਲੀ ਨਿਆਮਤੇ ਬਹੁਤ ਹੀ ਸ਼ੈਲ ਜਵਾਨ ਅਤੇ ਸੋਹਣੀ ਸੁਨੱਖੀ ਸੀ।”
ਮੈਂ ਸੰਦੂਕ ਦੀ ਗੱਲ ਕੀਤੀ ਤਾਂ ਉਹ ਕਹਿਣ ਲੱਗੇ, “ਉਹ ਤੁਰਨ ਤੋਂ ਪਹਿਲਾਂ ਸੰਦੂਕ ਤੁਹਾਡੇ ਘਰ ਅਤੇ ਬਾਕੀ ਸਮਾਨ ਕੇਹਰ ਸਿੰਘ ਕੇ ਰੱਖ ਗਏ ਸਨ। ਨਿਆਮਤੇ ਆਪ ਵੀ ਸੰਦੂਕ ਰੱਖਣ ਨਾਲ ਗਈ ਸੀ।”
ਮੇਰੇ ਮਨ ਵਿੱਚ ਆਇਆ ਕਿ ਮੈਂ ਨਿਆਮਤੇ ਨੂੰ ਦੱਸਾਂ ਕਿ ਤੇਰਾ ਸੰਦੂਕ ਮੇਰੀ ਦਾਦੀ ਨੇ ਕਿਵੇਂ ਸਾਂਭ ਕੇ ਰੱਖਿਆ ਸੀ। ਮੈਂ ਜਲਦੀ ਦੇਣੇ ਬਾਬਾ ਜੀ ਤੋਂ ਗਨੀ ਅਤੇ ਨਿਆਮਤੇ ਬਾਰੇ ਜਾਣਕਾਰੀ ਮੰਗੀ। ਪਰ ਬਾਬਾ ਜੀ ਦਾ ਜਵਾਬ ਸੁਣ ਕੇ ਮੇਰਾ ਮਨ ਉਤਸੁਕਤਾ ਦੀ ਥਾਂ ਗਮ ਨਾਲ ਭਰ ਗਿਆ। ਉਹਨਾਂ ਪਰਿਵਾਰ ਸਾਹੀਵਾਲ ਤੋਂ ਸੌ ਕਿਲੋਮੀਟਰ ਦੂਰ ਰਹਿੰਦਾ ਸੀ। ਨਿਆਮਤੇ ਅਤੇ ਗਨੀ ਦੋਵੇਂ ਨਾ ਮੁੜਨ ਵਾਲੇ ਰਾਹਾਂ ’ਤੇ ਤੁਰ ਗਏ ਸਨ।
ਆਪਣੇ ਮਨ ’ਤੇ ਕਾਬੂ ਪਾ ਕੇ ਮੈਂ ਬਾਬਾ ਜੀ ਨੂੰ ਪੁੱਛਿਆ, “ਤੁਹਾਡਾ ਹੁਣ ਵੀ ਪਿੰਡ ਆਉਣ ਨੂੰ ਦਿਲ ਕਰਦਾ ਹੋਣਾ ਹੈ?”
ਬਾਬਾ ਜੀ ਕਹਿੰਦੇ, “ਕੁੜੀਏ ਤੂੰ ਆਉਣ ਦੀ ਗੱਲ ਕਰਦੀ ਐਂ। ਪਿੰਡ ਤਾਂ ਹਮੇਸ਼ਾ ਮੇਰੇ ਅੰਦਰ ਵਸਦੈ। ਇਸ ਨਾਲ ਤਾਂ ਮੇਰਾ ਰੂਹ ਦਾ ਰਿਸ਼ਤਾ। ਮੈਂਨੂੰ ਤਾਂ ਸੁਪਨੇ ਵੀ ਪਿੰਡ ਦੇ ਹੀ ਆਉਂਦੇ ਹਨ। ਸੁਪਨਿਆਂ ਵਿੱਚ ਮੈਂ ਖੂਹਾਂ, ਟੋਭਿਆਂ ਅਤੇ ਖੇਤਾਂ ’ਚ ਆਪਣੇ ਇੱਧਰ ਰਹਿ ਗਏ ਭਰਾਵਾਂ ਨਾਲ ਕੰਮ ਕਰਦਾ ਫਿਰਦੈਂ। ਇੱਕ ਵਾਰੀ ਮੈਂਨੂੰ ਪਿੰਡ ਦਿਖਾ ਦਿਉਂ ਤਾਂ ਤੁਹਾਨੂੰ ਬਹੁਤ ਪੁੰਨ ਲੱਗੂ। ਉਮਰ ਬਥੇਰੀ ਭੋਗ ਲਈ ਹੁਣ ਤਾਂ, ਇੱਕ ਹੀ ਖ਼ਾਹਿਸ਼ ਹੈ ਕਾਸ਼, ਆਪਣੀ ਜਨਮ ਭੋਏਂ ਦੀ ਮਿੱਟੀ ਨੂੰ ਮੱਥੇ ਨਾਲ ਲਾ ਕੇ ਸਿਜਦਾ ਕਰ ਲਵਾਂ।”
ਮੈਂ ਤਹਿ ਦਿਲੋਂ ਅਰਦਾਸ ਕੀਤੀ, ਬਾਬਾ ਜੀ ਦੀ ਖ਼ਾਹਿਸ਼ ਪੂਰੀ ਹੋਵੇ। ਅਸੀਂ ਇਸ ਨੂੰ ਪੂਰੀ ਕਰ ਸਕੀਏ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2909)
(ਸਰੋਕਾਰ ਨਾਲ ਸੰਪਰਕ ਲਈ: