ShavinderKaur7ਤੇਰੀ ਇਹ ਮਜ਼ਾਲ ਕਿ ਹਰ ਆਏ ਗਏ ਅੱਗੇ ਮੇਰੀ ਮਿੱਟੀ ਪਲੀਤ ਕਰੇਂ, ਮੇਰੀ ਇੱਜ਼ਤ ਛੱਜ ਵਿੱਚ ਪਾ ਕੇ ...
(9 ਅਪ੍ਰੈਲ 2023)
ਇਸ ਸਮੇਂ ਪਾਠਕ: 208.


ਅੱਗ ਵਰ੍ਹਾਉਂਦਾ ਸੂਰਜ ਪੱਛਮ ਵੱਲ ਨੂੰ ਸਰਕਣਾ ਸ਼ੁਰੂ ਹੋ ਗਿਆ ਸੀ
ਪਰਛਾਵੇਂ ਢਲਣੇ ਸ਼ੁਰੂ ਹੋ ਗਏ ਸਨਵਗਦੀ ਲੂ ਕਾਰਨ ਗਲੀਆਂ ਸੁੰਨੀਆਂ ਪਈਆਂ ਸਨਪਰ ਇਸ ਸਭ ਕਾਸੇ ਤੋਂ ਬੇਖ਼ਬਰ ਮੀਤੋ ਬਾਰੀ ਨਾਲ ਲੱਗੀ ਇੱਕ ਟੱਕ ਸਾਹਮਣੇ ਵੱਲ ਤੱਕੀ ਜਾ ਰਹੀ ਸੀਉਸਦੀਆਂ ਅੱਖਾਂ ਵਾਂਗ ਆਲਾ ਦੁਆਲਾ ਵੀ ਸੱਖਣਾ ਹੋਇਆ ਪਿਆ ਸੀਇਸ ਤਰ੍ਹਾਂ ਲੱਗਦਾ ਸੀ ਜਿਵੇਂ ਚਾਰ ਚੁਫੇਰੇ ਧੁੱਪ ਦਾ ਰਾਜ ਹੋਵੇਇੱਥੋਂ ਤਕ ਕਿ ਪੰਛੀ ਵੀ ਆਪਣੇ ਢਿੱਡ ਭਰ ਕੇ ਗਰਮੀ ਤੋਂ ਡਰਦੇ ਆਪਣੇ ਆਲ੍ਹਣਿਆਂ ਵਿੱਚ ਦੁਬਕੇ ਬੈਠੇ ਸਨਪਤਾ ਨਹੀਂ ਕਿਹੜੀਆਂ ਸੋਚਾਂ ਵਿੱਚ ਡੁੱਬੀ ਮੀਤੋ ਇੱਕ ਟੱਕ ਬਾਹਰ ਵੱਲ ਲਗਾਤਾਰ ਤੱਕੀ ਜਾ ਰਹੀ ਸੀ

ਖੜ੍ਹੀ ਖੜ੍ਹੀ ਮੀਤੋ ਦਾ ਬਚਪਨ ਤੋਂ ਹੁਣ ਤਕ ਦਾ ਸਫ਼ਰ ਉਸ ਦੀਆਂ ਅੱਖਾਂ ਅੱਗੇ ਲੰਘਦਾ ਜਾ ਰਿਹਾ ਸੀਮਸਤ ਮਲੰਗੀ ਵਾਲਾ ਬਚਪਨ, ਸਹੇਲੀਆਂ ਨਾਲ ਸਕੂਲ ਜਾਣਾ, ਖਾਣਾ ਪੀਣਾ ਅਤੇ ਫਿਰ ਖੇਡਣ ਤੁਰ ਜਾਣਾਗਈ ਰਾਤ ਤਕ ਸਾਰਿਆਂ ਨੇ ਰਲਮਿਲ ਕੇ ਖੇਡਦੇ ਰਹਿਣਾਬਚਪਨ ਦੇ ਹੁਸੀਨ ਪਲ ਗੁਜ਼ਰਦਿਆਂ ਅੱਲ੍ਹੜ ਜਵਾਨੀ ਨੇ ਅੰਗੜਾਈ ਲੈਣੀ ਸ਼ੁਰੂ ਕਰ ਦਿੱਤੀ ਸੀਕੁਝ ਬਣਨ ਅਤੇ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਦੇ ਸੁਪਨੇ ਅਜੇ ਲੈਣੇ ਸ਼ੁਰੂ ਕੀਤੇ ਹੀ ਸਨ ਕਿ ਉਸ ਨੂੰ ਦਸਵੀਂ ਕਰਨ ਤੋਂ ਬਾਅਦ ਪੜ੍ਹਨੋਂ ਹਟਾ ਲਿਆ ਗਿਆਉੁਸ ਨੇ ਬਾਪੂ ਦੀਆਂ ਬਥੇਰੀਆਂ ਮਿੰਨਤਾਂ ਕੀਤੀਆਂ, ਰੋਈ, ਜਿੱਦ ਕੀਤੀ ਪਰ ਸਭ ਕੁਝ ਬਾਪੂ ਦੀ ਇੱਕੋ ਗੱਲ ਥੱਲੇ ਦੱਬ ਗਿਆ ਕਿ ਮੈਂ ਪਿੰਡ ਜਿੰਨੀਆਂ ਜਮਾਤਾਂ ਦਾ ਸਕੂਲ ਸੀਗਾ, ਪੜ੍ਹਾ ਦਿੱਤੀਆਂ ਹਨ, ਦੂਜੇ ਪਿੰਡ ਮੈਂ ਤੈਨੂੰ ਪੜ੍ਹਨ ਨਹੀਂ ਘੱਲਣਾਜ਼ਮਾਨਾ ਬਹੁਤ ਮਾੜਾ ਹੈ, ਨਿੱਤ ਜੋ ਧੀਆਂ ਦੀ ਇੱਜ਼ਤ ਨਾਲ ਖਿਲਵਾੜ ਹੁੰਦਾ ਹੈ, ਸੁਣ ਕੇ ਮੇਰਾ ਦਿਲ ਕੰਬ ਜਾਂਦਾ ਹੈ

ਮਨ ਮਾਰ ਕੇ ਮੀਤੋ ਘਰ ਦੇ ਕੰਮਾਂ ਵਿੱਚ ਲੱਗ ਗਈ

ਸਮੇਂ ਨੇ ਆਪਣੀ ਤੋਰ ਤੁਰਦੇ ਜਾਣਾ ਹੁੰਦਾ ਹੈ ਸੋ ਤੁਰਦਾ ਗਿਆਦਿਨੋ-ਦਿਨ ਮੀਤੋ ’ਤੇ ਲੋਹੜੇ ਦਾ ਰੂਪ ਆਉਂਦਾ ਤਕ ਕੇ ਉਸਦੀ ਦਾਦੀ ਉਸਦੇ ਬਾਪੂ ਦੇ ਆਥਣ ਉੱਗਣ ਕੰਨ ਖਾਂਦੀ ਰਹਿੰਦੀ, “ਦੇਖ ਪੁੱਤ, ਧੀਆਂ ਵੇਲੇ ਸਿਰ ਆਪਣੇ ਘਰੀਂ ਤੁਰ ਜਾਣ, ਇਹੀ ਚੰਗਾ ਹੁੰਦਾਕੋਈ ਖਾਂਦੇ ਪੀਂਦੇ ਘਰ ਦਾ ਮੁੰਡਾ ਦੇਖ ਕੇ ਕੁੜੀ ਦੇ ਹੱਥ ਪੀਲੇ ਕਰ ਦੇਆਪਣੇ ਸਿਰੋਂ ਭਾਰ ਲਾਹ ਦੇ।”

ਮੀਤੋ ਦਾ ਬਾਪੂ ਬਥੇਰਾ ਕਹਿੰਦਾ, “ਮਾਂ ਦੋ ਤਿੰਨ ਫ਼ਸਲਾਂ ਚੰਗੀਆਂ ਲੱਗ ਜਾਣ, ਮੈਂ ਆਪਣੀ ਰਾਣੀ ਧੀ ਨੂੰ ਪੂਰੇ ਚਾਵਾਂ ਲਾਡਾਂ ਨਾਲ ਵਿਦਾ ਕਰੂੰਗਾ।” ਪਰ ਦਾਦੀ ਦੀ ਰਟ ਅੱਗੇ ਉਸਦੀ ਇਸ ਗੱਲ ਦਾ ਬਹੁਤਾ ਅਸਰ ਨਾ ਹੁੰਦਾ

ਕਈ ਵਾਰ ਮੀਤੋ ਦਾਦੀ ਨਾਲ ਲੜ ਪੈਂਦੀ, “ਮਾਂ, ਮੈਂ ਤੈਨੂੰ ਘਰੇ ਰਹਿੰਦੀ ਚੰਗੀ ਨਹੀਂ ਲਗਦੀਸਾਰਾ ਦਿਨ ਘਰੇ ਕੰਮ ਕਰਦੀ ਹਾਂਮੇਰੀਆਂ ਦੋ ਰੋਟੀਆਂ ਨਾਲ ਘਰ ਵਿੱਚ ਘਾਟਾ ਤਾਂ ਨਹੀਂ ਪੈਂਦਾ।”

ਦਾਦੀ ਬੜੇ ਪਿਆਰ ਨਾਲ ਕਹਿੰਦੀ, “ਧੀਏ, ਧੀਆਂ ਤਾਂ ਰਾਜੇ ਰਾਣੀਆਂ ਤੋਂ ਘਰੇ ਰੱਖ ਨਹੀਂ ਹੋਈਆਂ, ਆਪਾਂ ਕੀਹਦੇ ਪਾਣੀ ਹਾਰ ਹਾਂ।” ਫਿਰ ਆਪ ਹੀ ਬੜੀ ਵੈਰਾਗ ਮਈ ਆਵਾਜ਼ ਵਿੱਚ ਗਾਉੁਣ ਲੱਗ ਪੈਂਦੀ,

ਕਾਹਨੂੰ ਗੁੰਦਾਈਆਂ ਮਾਏ ਮੇਢੀਆਂ,
ਸੂਹਾ ਤੇ ਸਾਵਾ ਪਾਇਆ ਵੇਸ ਨੀ,
ਅੱਖੀਆਂ ਡੁੱਲ੍ਹ ਡੁੱਲ੍ਹ ਪੈਂਦੀਆਂ ਨੀ ਮਾਏ ਭੋਲੀਏ
ਪੁੱਤਾਂ ਨੇ ਮੱਲੇ ਮਹਿਲ ਚੁਬਾਰੇ,
ਧੀਆਂ ਦੇ ਵੰਡੇ ਪਰਦੇਸ ਨੀ

ਗੀਤ ਸੁਣ ਕੇ ਮੀਤੋ ਨੂੰ ਸਾਰਾ ਗੁੱਸਾ ਭੁੱਲ ਜਾਂਦਾਦਾਦੀ ਦੇ ਨਾਲ ਉਹ ਵੀ ਉਦਾਸ ਹੋ ਜਾਂਦੀ

ਇੱਕ ਦਿਨ ਦਾਦੀ ਦਾ ਭਾਣਜਾ ਮਿਲਣ ਆਇਆ ਤਾਂ ਉਸ ਨੇ ਇੱਕ ਅਜਿਹੇ ਰਿਸ਼ਤੇ ਦੀ ਦੱਸ ਪਾਈ ਜੋ ਸਭ ਨੂੰ ਜਚ ਗਿਆ ਚੰਗਾ ਖਾਂਦਾ ਪੀਂਦਾ ਘਰ ਸੀਮੁੰਡਾ ਬੈਂਕ ਵਿੱਚ ਲੱਗਾ ਹੋਇਆ ਸੀਉਸਦਾ ਬਾਪ ਖੇਤੀ ਕਰਦਾ ਸੀਮੁੰਡੇ ਦੀ ਮਾਂ ਗੰਠੀਏ ਕਾਰਣ ਮੰਜੇ ’ਤੇ ਬੈਠੀ ਸੀਮੁੰਡੇ ਦਾ ਬਾਪ ਚਾਹੁੰਦਾ ਸੀ ਕਿ ਕੋਈ ਅਜਿਹੀ ਕੁੜੀ ਘਰੇ ਆਵੇ ਜੋ ਮੰਜੇ ’ਤੇ ਬੈਠੀ ਉਸ ਦੀ ਘਰਵਾਲੀ ਦੀ ਸੇਵਾ ਵੀ ਕਰ ਸਕੇ ਅਤੇ ਘਰ ਦੇ ਕੰਮਾਂ ਨੂੰ ਵੀ ਅੱਗੇ ਲਾਈ ਫਿਰੇਮੁੰਡੇ ਦੀ ਰੀਝ ਤਾਂ ਪੜ੍ਹੀ ਲਿਖੀ ਨੌਕਰੀ ਤੇ ਲੱਗੀ ਕੁੜੀ ਨਾਲ ਵਿਆਹ ਕਰਵਾਉਣ ਦੀ ਸੀਉਸ ਸਮੇਂ ਉਹ ਬਾਪ ਦੀ ਮਰਜ਼ੀ ਅੱਗੇ ਝੁਕ ਗਿਆ ਸੀ

ਦੋਨਾਂ ਪਾਸਿਆਂ ਤੋਂ ਸਭ ਕੁਝ ਪਸੰਦ ਆਉਣ ’ਤੇ ਮੀਤੋ ਦਾ ਵਿਆਹ ਰੱਖ ਦਿੱਤਾ ਗਿਆ ਆਉਣ ਵਾਲੀ ਜ਼ਿੰਦਗੀ ਦੇ ਰੰਗਲੇ ਸੁਪਨੇ ਮੀਤੋ ਦੀਆਂ ਅੱਖਾਂ ਵਿੱਚ ਨੱਚਣ ਲੱਗੇਸਰਸਰਾਉਂਦੀ ਹਵਾ ਉਸ ਦੇ ਕੰਨਾਂ ਵਿੱਚ ਸੰਗੀਤ ਵਾਂਗ ਗੂੰਜਦੀਸੁਨਹਿਰੀ ਸੁਪਨੇ ਉਸਦੀਆਂ ਧੜਕਣਾਂ ਵਿੱਚ ਭੁਚਾਲ ਲਿਆ ਦਿੰਦੇਸੋਹਣੀ ਤਾਂ ਉਹ ਪਹਿਲਾਂ ਹੀ ਬਹੁਤ ਸੀ, ਪਰ ਹੁਣ ਤਾਂ ਜਿਵੇਂ ਹੁਸਨ ਦੇਵਤੇ ਦਾ ਬੁਰਸ਼ ਹੀ ਫਿਰ ਗਿਆ ਸੀਪੇਕੇ ਘਰੋਂ ਵਿਦਾ ਹੋ ਕੇ ਇੱਕ ਦਿਨ ਉਹ ਸਹੁਰੇ ਘਰ ਦੇ ਵਿਹੜੇ ਦਾ ਸ਼ਿੰਗਾਰ ਬਣ ਗਈਸੱਸ ਮਾਂ ਵਰਗੀ ਹੀ ਪਿਆਰੀ ਲੱਗੀਪਰ ਰਾਂਗਲੇ ਸੱਜਣ ਦੇ ਕੌੜੇ ਬੋਲਾਂ ਨੇ ਉਸ ਦੇ ਸਾਰੇ ਸੁਪਨਿਆਂ ਨੂੰ ਖ਼ਾਕ ਕਰ ਕੇ ਰੱਖ ਦਿੱਤਾਉਸ ਦੀ ਕਹੀ ਇੱਕੋ ਗੱਲ ਨੇ ਮੀਤੋ ਦੇ ਸੁਪਨਿਆਂ ਦੇ ਖੰਭ ਮਰੋੜ ਸੁੱਟੇ, “ਤੂੰ ਇਸ ਘਰ ਵਿੱਚ ਮੇਰੇ ਘਰਦਿਆਂ ਦੀ ਮਰਜ਼ੀ ਨਾਲ ਆਈ ਹੈਂ, ਇਸ ਸਮਝੌਤੇ ਤਹਿਤ ਤੂੰ ਇਸ ਘਰ ਦੀ ਮਾਲਕਣ ਤਾਂ ਹੋਵੇਗੀ ਪਰ ਮੇਰੇ ਦਿਲ ਦੀ ਮਾਲਕਣ ਕਦੇ ਨਹੀਂ ਬਣ ਸਕਦੀ।”

ਵੇਲੇ ਕੁਵੇਲੇ ਪਤੀ ਦੇ ਅੰਦਰ ਫੁੱਟਦਾ ਲਾਵਾ ਮੀਤੋ ਨੂੰ ਐਨਾ ਜ਼ਲੀਲ ਕਰਦਾ, ਮੀਤੋ ਦੀ ਰੂਹ ਕੁਰਲਾ ਉੱਠਦੀਉਸ ਦਾ ਦਿਲ ਕਰਦਾ ਹੁਣੇ ਉਸੇ ਵਕਤ ਉਸ ਘਰੋਂ ਭੱਜ ਜਾਵੇਉਸ ਨੂੰ ਆਪਣੀ ਸਮੁੱਚੀ ਹੋਂਦ ਇੱਕ ਸਮਝੌਤੇ ਅੰਦਰ ਸਿਮਟੀ ਲਗਦੀਉਸ ਦੇ ਘਰੋਂ ਉੱਠਣ ਲੱਗਦੇ ਪੈਰ, ਮਾਂ ਵੱਲੋਂ ਦਿੱਤੀ ਸਿੱਖਿਆ ਦੇ ਜਾਲ ਵਿੱਚ ਫਸ ਕੇ ਰਹਿ ਜਾਂਦੇ... ਦੇਖ ਧੀਏ, ਔਰਤ ਘਰ ਦੀ ਇੱਜ਼ਤ ਲਈ ਚਾਦਰ ਹੁੰਦੀ ਹੈਘਰ ਦੀਆਂ ਦਰਾੜਾਂ ਭਰਨ ਵਾਲੀ, ਟਾਂਕੇ ਲਾਉਣ ਵਾਲੀਘਰ ਦੀ ਇੱਜ਼ਤ ਲਈ ਕੱਜਣ ਬਣ ਜਾਵੀਂਕਦੇ ਕਿਸੇ ਗੱਲ ਦੀ ਭਾਫ਼ ਬਾਹਰ ਨਾ ਕੱਢੀਂ- ਮੀਤੋ ਸਾਰੇ ਦੁੱਖ ਅੰਦਰ ਹੀ ਪੀ ਜਾਂਦੀਉਸ ਅੱਗੇ ਉਸ ਦੇ ਵਿਆਹ ਲਈ ਲਏ ਕਰਜ਼ੇ ਸਮੇਂ ਬਾਪੂ ਦੇ ਥਾਂ ਥਾਂ ਲਾਏ ਅਗੂੰਠੇ ਘੁੰਮਣ ਲੱਗਦੇਉਹ ਮਨ ਮਾਰ ਕੇ ਘਰ ਦੇ ਕੰਮਾਂ ਵਿੱਚ ਜੁੱਟ ਜਾਂਦੀਉਸ ਨੇ ਆਪਣਾ ਸਾਰਾ ਧਿਆਨ ਘਰ ’ਤੇ ਲਗਾ ਦਿੱਤਾਉਸ ਦੇ ਹੱਥਾਂ ਦੀ ਛੋਹ ਨਾਲ ਹਰ ਚੀਜ਼ ਲਿਸ਼ਕ ਉੱਠੀਆਪਣੇ ਜੀਵਨ ਸਾਥੀ ਦੀਆਂ ਨਜ਼ਰਾਂ ਵਿੱਚ ਪ੍ਰਵਾਨ ਚੜ੍ਹਨ ਲਈ ਉਸ ਨੇ ਦਿਨ ਰਾਤ ਇੱਕ ਕਰ ਦਿੱਤੇਆਪਣੀ ਹਰ ਕਲਾ ਨਾਲ ਇਸ ਰਿਸ਼ਤੇ ਨੂੰ ਸ਼ਿੰਗਾਰਨ ਦਾ ਯਤਨ ਕੀਤਾਪਰ ਉਸਦੇ ਪਤੀ ਦੇ ਕੰਨਾਂ ’ਤੇ ਜੂੰ ਨਾ ਸਰਕੀਉਸ ਦੇ ਮੂੰਹੋਂ ਕਦੇ ਮੋਹ ਭਰਿਆ ਇੱਕ ਲਫ਼ਜ਼ ਵੀ ਨਾ ਨਿਕਲ਼ਿਆ

ਜ਼ਿੰਦਗੀ ਪੈਰ ਘਸੀਟਦੀ ਤੁਰਦੀ ਗਈਕਾਫ਼ੀ ਅਰਸੇ ਤਕ ਇਹ ਸਿਲਸਿਲਾ ਥੋੜ੍ਹੇ ਬਹੁਤੇ ਫਰਕ ਨਾਲ ਇਵੇਂ ਹੀ ਚੱਲਦਾ ਰਿਹਾਪਰ ਮੀਤੋ ਦੀ ਹਰੀ ਹੋਈ ਗੋਦ ਨੇ ਬੜਾ ਕੁਝ ਬਦਲ ਦਿੱਤਾ ਬੱਚਿਆਂ ਦੀਆਂ ਤੋਤਲੀਆਂ ਅਵਾਜ਼ਾਂ ਨਾਲ ਘਰ ਦੀ ਘੁਟਨ ਘਟਣ ਲੱਗੀਉਹ ਬੱਚਿਆਂ ਦੀਆਂ ਖਰਮਸਤੀਆਂ ਨਾਲ ਦਿਲ ਪ੍ਰਚਾਉਂਦੀ ਰਹਿੰਦੀਬੱਚਿਆਂ ਦੀ ਹੋਂਦ ਨੇ ਉਸ ਦੀ ਕੁੜੱਤਣ ਨੂੰ ਘਟਾ ਦਿੱਤਾਘਰ ਵਿੱਚ ਉਸ ਦੇ ਖਵੰਦ ਨਾਲ ਕਦੇ ਕਦੇ ਉਸ ਨਾਲ ਕੰਮ ਕਰ ਦੀ ਇੱਕ ਗੋਰੀ ਚਿੱਟੀ ਕੁੜੀ ਆਉਂਦੀ, ਜਿਸ ਨੂੰ ਉਹ ਆਪਣੀ ਧਰਮ ਭੈਣ ਦੱਸਦਾ ਸੀਉਹ ਉਸ ਨੂੰ ਭਾਬੀ ਕਹਿੰਦੀਬੱਚੇ ਦੀ ਭੂਆ ਬਣ ਬਣ ਬਹਿੰਦੀਉਹਨਾਂ ਦੇ ਇੱਕ ਦੂਜੇ ਨਾਲ ਖਰਮਸਤੀ ਕਰਨ ਦੇ ਢੰਗ ਤਕ ਕੇ ਮੀਤੋ ਨੂੰ ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਵਾਲੀ ਕੋਈ ਗੱਲ ਨਾ ਦਿਸਦੀਪਰ ਆਪਣੇ ਮਨ ਦਾ ਵਹਿਮ ਸਮਝਕੇ ਉਹ ਚੁੱਪ ਕਰ ਰਹਿੰਦੀ

ਇੱਕ ਦਿਨ ਮੀਤੋ ਦੁਪਹਿਰ ਦੀ ਰੋਟੀ ਬਣਾ ਕੇ, ਸਾਰਿਆਂ ਨੂੰ ਖਵਾ ਕੇ, ਭਾਂਡੇ ਧੋ ਕੇ ਕਮਰੇ ਵਿੱਚ ਜਾ ਕੇ ਲੰਮੀ ਪੈ ਗਈਉਹ ਬਾਹਰੋਂ ਬੜੀ ਸ਼ਾਂਤ ਰਹਿੰਦੀ ਪਰ ਅੰਦਰ ਉਸ ਦੇ ਤਰਥੱਲ ਮਚਿਆ ਰਹਿੰਦਾਅੱਜ ਵੀ ਉਸ ਨੂੰ ਟੇਕ ਨਹੀਂ ਆ ਰਹੀ ਸੀਅੱਗੇ ਵਾਂਗ ਹੀ ਉਸਦਾ ਘਰ ਵਾਲਾ ਦੋ ਦਿਨ ਤੋਂ ਘਰ ਨਹੀਂ ਆਇਆ ਸੀਉਹ ਸੋਚ ਰਹੀ ਸੀ ਕਿ ਅਜਿਹਾ ਕਿਹੜਾ ਜ਼ਰੂਰੀ ਕੰਮ ਹੈ, ਜੋ ਉਸ ਨੂੰ ਛੁੱਟੀ ਵਾਲੇ ਦਿਨ ਵੀ ਘਰੇ ਨਹੀਂ ਆਉਣ ਦਿੰਦਾ ਸੀਉਸ ਨੂੰ ਘਬਰਾਹਟ ਜਿਹੀ ਹੋਣ ਲੱਗ ਪਈਉਹ ਪਾਣੀ ਪੀਣ ਲਈ ਰਸੋਈ ਵੱਲ ਨੂੰ ਅਹੁਲੀਸੱਸ ਅਤੇ ਸਹੁਰੇ ਨੂੰ ਆਪਸ ਵਿੱਚ ਘੁਸਰ ਮੁਸਰ ਕਰਦਿਆਂ ਸੁਣ ਕੇ ਉਸ ਦੇ ਪੈਰ ਉੱਥੇ ਹੀ ਰੁਕ ਗਏਸੱਸ ਹੌਲੀ ਹੌਲੀ ਸਹੁਰੇ ਨੂੰ ਕਹਿ ਰਹੀ ਸੀ, “ਇਸ ਮੁੰਡੇ ਨੇ ਤਾਂ ਜਵਾਂ ਹੀ ਸ਼ਰਮ ਲਾਹ ਛੱਡੀ ਹੈ, ਘਰੇ ਚੰਗੀ ਭਲੀ ਸੋਨੇ ਵਰਗੀ ਘਰਵਾਲੀ ਹੈ ਪਰ ਇਹ ਕੰਜਰ ਉਸ ਬੇਗਾਨੀ ਤੀਵੀਂ ਦਾ ਖਹਿੜਾ ਨਹੀਂ ਛੱਡ ਰਿਹਾ ਹੈਘਰੇ ਜਵਾਕ ਪਾਪਾ-ਪਾਪਾ ਕਰ ਰਹੇ ਹਨ ਅਤੇ ਇਹ ਕੁਲਹਿਣਾ ਉਸ ਗੰਦੀ ਤੀਵੀਂ ਨਾਲ ਐਸ਼ ਕਰਦਾ ਫਿਰਦੈ

ਮੀਤੋ ਨੂੰ ਲੱਗਿਆ ਜਿਵੇਂ ਕਿੰਨੀਆਂ ਹੀ ਬਿਜਲੀਆਂ ਉਸ ਉੱਤੇ ਡਿਗ ਪਈਆਂ ਹੋਣਉਸਦੇ ਪੈਰ ਮਣ ਮਣ ਦੇ ਹੋ ਗਏ ਉਸ ਨੂੰ ਉਲਾਂਘ ਪੱਟਣੀ ਵੀ ਔਖੀ ਲਗਦੀ ਸੀਉਸਦੇ ਅੰਦਰ ਜਜ਼ਬਿਆਂ ਦਾ ਭੁਚਾਲ ਆ ਗਿਆ ਸੀਉਹ ਪੈਰ ਘਸੀਟਦੀ ਬਾਰੀ ਕੋਲ ਆ ਖੜ੍ਹੀ ਹੋਈਉਹ ਸੋਚ ਰਹੀ ਸੀ ਕਿ ਕਿਸੇ ਪਰਾਈ ਔਰਤ ਨਾਲ ਸਬੰਧ ਬਣਾਉਣ ਲਈ ਸਾਰਿਆਂ ਰਿਸ਼ਤਿਆਂ ਤੋਂ ਪਵਿੱਤਰ ‘ਭੈਣ’ ਦੇ ਰਿਸ਼ਤੇ ਦਾ ਆਸਰਾ ਲਿਆ ਜਾਵੇ, ਇੱਕ ਖੂਬਸੂਰਤ ਰਿਸ਼ਤੇ ਦਾ ਕਿੰਨਾ ਘਿਨਾਉਣਾ ਰੂਪ ਹੈਮਨੁੱਖ ਪਰਾਈ ਔਰਤ ਨਾਲ ਸਬੰਧ ਰੱਖਣ ਲਈ ਕਿੱਥੋਂ ਤਕ ਨਿੱਘਰ ਸਕਦਾ ਹੈ- ਇਹ ਸੋਚ ਮੀਤੋ ਨੂੰ ਪਾਗ਼ਲ ਕਰੀ ਜਾ ਰਹੀ ਸੀਉਹ ਪਤਾ ਨਹੀਂ ਸੋਚਾਂ ਵਿੱਚ ਡੁੱਬੀ ਉੱਥੇ ਕਿੰਨੀ ਦੇਰ ਖੜ੍ਹੀ ਰਹਿੰਦੀ ਜੇ ਉਸਦੇ ਚਾਚੇ ਸਹੁਰੇ ਦੀ ਕੁੜੀ ਇਹ ਕਹਿੰਦੀ ਉਸ ਕੋਲ ਨਾ ਆ ਕੇ ਖੜ੍ਹ ਜਾਂਦੀ, “ਭਾਬੀ, ਕਿਹੜੀਆਂ ਸੋਚਾਂ ਵਿੱਚ ਡੁੱਬੀ ਖੜ੍ਹੀ ਹੈਂ, ਮੈਂ ਕਿਹਾ ਭਾਵੇਂ ਦਸ ਮਿੰਟ ਹੀ ਜਾ ਕੇ ਆਵਾਂਸਾਰਿਆਂ ਨੂੰ ਮਿਲ ਕੇ ਜ਼ਰੂਰ ਜਾਣਾ ਹੈਮੀਤੋ ਆਪਣੇ ਆਪ ਨੂੰ ਸੰਭਾਲਦਿਆਂ ਉਸ ਨੂੰ ਗਲ਼ੇ ਲਗਾਉਂਦਿਆਂ ਬੋਲੀ, “ਜੀ ਆਈ ਨੂੰ ਬੀਬੀ, ਤੈਨੂੰ ਮਿਲ ਕੇ ਤਾਂ ਰੂਹ ਖੁਸ਼ ਹੋ ਜਾਂਦੀ ਹੈਤੁਸੀਂ ਉੰਨੀ ਦੇਰ ਆਪਣੇ ਤਾਏ ਤਾਈ ਕੋਲ ਬੈਠੋ, ਮੈਂ ਹੁਣੇ ਚਾਹ ਬਣਾ ਕੇ ਲਿਆਈ।”

ਚਾਹ ਪੀ ਕੇ ਘਰ ਆਈ ਪ੍ਰਾਹੁਣੀ ਇਹ ਕਹਿੰਦੀ ਉੱਠ ਖੜ੍ਹੀ ਹੋਈ, “ਭਾਬੀ, ਜੀ ਤਾਂ ਕਰਦਾ ਸੀ ਦੋ ਘੰਟੇ ਬੈਠ ਕੇ ਗੱਲਾਂ ਮਾਰਾਂ ਪਰ ਮੈਂ ਤਾਂ ਅੱਜ ਹੀ ਵਾਪਸ ਮੁੜਨਾ ਹੈਘਰੇ ਸਰਦਾ ਨਹੀਂਤੈਨੂੰ ਪਤਾ ਹੈ ਕਿ ਬੱਚੇ ਪੜ੍ਹਦੇ ਹਨਅੱਜ ਵੀ ਐਤਵਾਰ ਕਰਕੇ ਘਰੋਂ ਨਿਕਲ ਸਕੀ ਹਾਂ

ਮੀਤੋ ਉਸ ਨੂੰ ਦਰਵਾਜ਼ੇ ਤਕ ਵਿਦਾ ਕਰਨ ਲਈ ਨਾਲ ਹੀ ਉੱਠ ਕੇ ਖੜ੍ਹੀ ਹੋ ਗਈਉਹ ਤੁਰਨ ਹੀ ਲੱਗੀਆਂ ਸਨ ਕਿ ਸਾਹਮਣਿਉਂ ਕਿਸੇ ਨੂੰ ਆਉਂਦੇ ਤਕ ਕੇ ਕੁੜੀ ਬੋਲੀ, “ਲੈ ਭਾਬੀ, ਬਾਈ ਵੀ ਆਉਦੈਂ ... ਇਸ ਨਾਲ ਵੀ ਮਿਲ ਹੋਜੂ।” ਉਹ ਅੱਗੇ ਹੁੰਦੀ ਕਹਿਣ ਲੱਗੀ, “ਬਾਈ, ਅੱਜ ਤਾਂ ਐਤਵਾਰ ਹੈ, ਬੈਂਕ ਤਾਂ ਬੰਦ ਹਨਤੁਸੀਂ ਕਿਹੜੇ ਕੰਮਾਂ ਵਿੱਚ ਰੁੱਝੇ ਫਿਰਦੇ ਹੈਂ? ਇਸ ਤੋਂ ਪਹਿਲਾਂ ਕਿ ਉਹ ਕੋਈ ਉੱਤਰ ਦਿੰਦਾ ਮੀਤੋ ਅੰਦਰੋਂ ਚਿਰਾਂ ਦਾ ਡੱਕਿਆ ਲਾਵਾ ਫੁੱਟ ਨਿਕਲਿਆ ਤੇ ਉਹ ਨਿਧੜਕ ਕਹਿ ਗਈ, “ਕੰਮ ਕਿਹੜੇ ਹੋਣੇ ਨੇ ਬੀਬੀ ... ਜਿਸ ਬੰਦੇ ਨੂੰ ਬਿਗਾਨੀ ਖੁਰਲੀ ’ਤੇ ਮੂੰਹ ਮਾਰਨ ਦੀ ਆਦਤ ਪੈ ਜਾਵੇ, ਵੱਛੇ ਦੇ ਰੱਸਾ ਚੱਬਣ ਵਾਂਗ ਜਾਂਦੀ ਨਹੀਂ।”

ਕੁੜੀ ਤਾਂ ਇਸ ਤੋਂ ਪਹਿਲਾਂ ਕਿ ਲੜਾਈ ਵਧੇ, ਗੱਲ ਨੂੰ ਅਣਸੁਣਿਆ ਕਰਕੇ ਘਰ ਤੋਂ ਬਾਹਰ ਹੋ ਗਈ ਪਰ ਮੀਤੋ ਦੇ ਘਰ ਵਾਲੇ ਨੂੰ ਮੀਤੋ ਦੇ ਇਹ ਬੋਲ ਸੁਣ ਕੇ ਅੱਗ ਲੱਗ ਗਈ “ਤੇਰੀ ਇਹ ਮਜ਼ਾਲ ਕਿ ਹਰ ਆਏ ਗਏ ਅੱਗੇ ਮੇਰੀ ਮਿੱਟੀ ਪਲੀਤ ਕਰੇਂ, ਮੇਰੀ ਇੱਜ਼ਤ ਛੱਜ ਵਿੱਚ ਪਾ ਕੇ ਛੱਟਦੀ ਫਿਰੇਂ?

“ਜਿਸ ਨੇ ਭੈਣ ਵਰਗੇ ਪਵਿੱਤਰ ਰਿਸ਼ਤੇ ਨੂੰ ਆਪਣੀ ਹਵਸ ਸਦਕੇ ਪਲੀਤ ਕਰ ਦਿੱਤਾ ਹੋਵੇ, ਉਸਦੀ ਮਿੱਟੀ ਮੈਂ ਕੀ ਪਲੀਤ ਕਰਦੂੰ?

ਮੀਤੋ ਨੂੰ ਮਾਰਨ ਲਈ ਉੱਠਿਆ ਹੈਂਕੜਬਾਜ਼ ਦਾ ਹੱਥ ਸੱਚ ਦਾ ਪਰਦਾ ਸਾਹਮਣੇ ਆਉਣ ’ਤੇ ਬੇਹਿੱਸ ਹੋ ਕੇ ਡਿਗ ਪਿਆਮੰਜੋ ’ਤੇ ਬੈਠੀ ਮੀਤੋ ਦੀ ਸੱਸ ਤਰਲਾ ਜਿਹਾ ਪਾਉਂਦੀ ਕਹਿ ਰਹੀ ਸੀ, “ਨਾ ਮੇਰੀ ਬੀਬੀ ਧੀ, ਤੂੰ ਹੀ ਚੁੱਪ ਕਰ ਜਾਔਰਤ ਤਾਂ ਹਮੇਸ਼ਾ ਹੀ ਘਰ ਦੀ ਇੱਜ਼ਤ ਨੂੰ ਢਕਣ ਲਈ ਕੱਜਣ ਬਣਦੀ ਆਈ ਹੈ ...

ਇਸ ਤੋਂ ਪਹਿਲਾਂ ਕਿ ਸੱਸ ਕੁਝ ਹੋਰ ਕਹਿੰਦੀ ਮੀਤੋ ਪਹਿਲਾਂ ਹੀ ਬੋਲ ਪਈ, “ਨਹੀਂ ਮਾਂ, ਗੰਦ ਨੂੰ ਜਿੰਨਾ ਵੀ ਢਕਣ ਦੀ ਕੋਸ਼ਿਸ਼ ਕਰਾਂਗੇ, ਉੰਨਾ ਹੀ ਮੁਸ਼ਕ ਵਧਦਾ ਹੈਮਾਂ, ਸਾਡੇ ਸਮਾਜ ਵਿੱਚ ਜੋ ਕੁਝ ਧੀਆਂ ਨਾਲ ਹੋ ਰਿਹਾ ਹੈ, ਜਿਸ ਤਰ੍ਹਾਂ ਉਹਨਾਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਕੇ, ਅਣਮਨੁੱਖੀ ਤਸੀਹੇ ਦੇ ਕੇ ਉਨ੍ਹਾਂ ਨੂੰ ਕਤਲ ਕੀਤਾ ਜਾ ਰਿਹਾ ਹੈ, ਇਸਦਾ ਵੱਡਾ ਕਾਰਨ ਇੱਕ ਇਹ ਵੀ ਹੈ ਕਿ ਅਸੀਂ ਪੁੱਤਾਂ ਨੂੰ ਇਖਲਾਕੀ ਕਦਰਾਂ-ਕੀਮਤਾਂ ਦੇਣ ਵਲ ਜ਼ੋਰ ਨਹੀਂ ਦਿੱਤਾਜੇ ਅਸੀਂ ਨਰੋਈਆਂ ਕਦਰਾਂ ਕੀਮਤਾਂ ਵਾਲਾ ਸਮਾਜ ਸਿਰਜਣਾ ਚਾਹੁੰਦੇ ਹਾਂ ਤਾਂ ਸਾਨੂੰ ਧੀਆਂ ਦੇ ਨਾਲ ਨਾਲ ਪੁੱਤਾਂ ਨੂੰ ਵੀ ਬਚਪਨ ਤੋਂ ਹੀ ਨੈਤਿਕ ਕਦਰਾਂ-ਕੀਮਤਾਂ ਵਾਲਾ ਪਾਠ ਪੜ੍ਹਾਉਣਾ ਪਵੇਗਾ।”

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3899)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)

About the Author

ਸ਼ਵਿੰਦਰ ਕੌਰ

ਸ਼ਵਿੰਦਰ ਕੌਰ

Phone: (91 - 76260 - 63596)
Email: (
shawindersidhu108@gmail.com)

More articles from this author