“ਉਦਾਸ ਤੇ ਹਰਾਸ ਮਨ ਨੂੰ ਜਦੋਂ ਕਿਸੇ ਪਾਸਿਓਂ ਆਸ ਦੀ ਕੋਈ ਕਿਰਨ ਨਜ਼ਰ ਨਹੀਂ ਆਉਂਦੀ, ਕੋਈ ਸਾਂਝ ਸਹਾਰਾ ...”
(17 ਮਾਰਚ 2023)
ਇਸ ਸਮੇਂ ਪਾਠਕ: 188.
ਰਿਸ਼ਤੇਦਾਰੀ ਵਿੱਚੋਂ ਲੱਗਦੇ ਭਰਾ ਦਾ ਫੋਨ ਸੀ, “ਭੈਣ ਜੀ, ਆਪਾਂ ਕੱਲ੍ਹ ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਠ ਪ੍ਰਕਾਸ਼ ਕਰਵਾਇਆ ਹੈ। ਕੱਲ੍ਹ ਨੂੰ ਤੁਸੀਂ ਨੌਂ ਕੁ ਵੱਜਦੇ ਤਕ ਗੁਰਦੁਆਰਾ ਸਾਹਿਬ ਪਹੁੰਚ ਜਾਣਾ। ਉੱਥੇ ਹੀ ਭੋਗ ਪੈਣ ਉਪਰੰਤ ਲੰਗਰ ਛਕਾਇਆ ਜਾਵੇਗਾ।” ਦੂਸਰੇ ਦਿਨ ਅਸੀਂ ਸਮੇਂ ਸਿਰ ਗੁਰਦੁਆਰੇ ਪਹੁੰਚ ਗਏ। ਸਾਰੇ ਰਿਸ਼ਤੇਦਾਰ, ਦੋਸਤ ਅਤੇ ਜਾਣ ਪਹਿਚਾਣ ਵਾਲੇ ਸਿੱਧੇ ਗੁਰਦੁਆਰੇ ਹੀ ਪਹੁੰਚੇ ਸਨ। ਭੋਗ ਪੈਣ ’ਤੇ ਦੇਗ ਲੈ ਕੇ ਸਾਰੇ ਲੰਗਰ ਹਾਲ ਵੱਲ ਤੁਰ ਪਏ। ਜਿਹੜਾ ਕੋਈ ਰਿਸ਼ਤੇਦਾਰ ਸਾਹਮਣੇ ਦਿਸ ਪੈਂਦਾ, ਖੜ੍ਹੇ ਖੜ੍ਹੇ ਹੀ ਉਸ ਤੋਂ ਰਸਮੀ ਜਿਹੀ ਸੁੱਖ-ਸਾਂਦ ਪੁੱਛ ਹਰ ਕੋਈ ਲੰਗਰ ਵੱਲ ਅਹੁਲਦਾ ਹੈ। ਲੰਗਰ ਛਕ ਕੇ ਸਭ ਆਪਣੇ ਆਪਣੇ ਵਹੀਕਲਾਂ ਤੇ ਸਵਾਰ ਹੋ ਕੇ ਘਰਾਂ ਨੂੰ ਤੁਰ ਪੈਂਦੇ ਹਨ। ਕੋਈ ਵੀ ਧਾਰਮਿਕ ਪ੍ਰੋਗਰਾਮ ਵਿਅਕਤੀ ਆਪਣੀ ਆਸਥਾ ਅਨੁਸਾਰ ਕਰਦਾ ਹੈ। ਇਸ ਨੂੰ ਕਿਸ ਤਰ੍ਹਾਂ ਕਰਨਾ ਹੈ, ਇਹ ਤਾਂ ਕਰਨ ਵਾਲੇ ਦੀ ਇੱਛਾ ਮੁਤਾਬਕ ਹੀ ਹੋਣਾ ਚਾਹੀਦਾ ਹੈ।
ਵਾਪਸ ਆਉਂਦਿਆਂ ਪਤਾ ਨਹੀਂ ਕਿਉਂ ਮਨ ਉਦਾਸ ਹੋ ਗਿਆ ਕਿ ਕਿਸ ਤਰ੍ਹਾਂ ਇਸ ਪਦਾਰਥਵਾਦੀ ਯੁਗ ਨੇ ਜ਼ਿੰਦਗੀ ਦੀ ਸਹਿਜ ਅਤੇ ਟਿਕਾਉ ਵਾਲੀ ਤੋਰ ਨੂੰ ਕਾਹਲ ਵਿੱਚ ਬਦਲ ਦਿੱਤਾ ਹੈ। ਆਪਣਿਆਂ ਵਿੱਚ ਮਿਲ ਬੈਠਣ ਅਤੇ ਦੁੱਖ ਸੁੱਖ ਕਰਨ ਦੇ ਮੌਕੇ ਵੀ ਸਾਡੇ ਹੱਥਾਂ ਵਿੱਚੋਂ ਕਿਰਦੇ ਜਾ ਰਹੇ ਹਨ। ਅਚਨਚੇਤ ਹੀ ਕੁਝ ਕੁ ਦਹਾਕੇ ਪੁਰਾਣੀ ਯਾਦ ਨੇ ਮਨ ਮਸਤਕ ਵਿੱਚ ਦਸਤਕ ਦੇ ਕੇ ਨਿਰਾਸ਼ਾ ਨੂੰ ਪਰੇ ਧੱਕ ਇੱਕ ਸੁਖਾਵਾਂ ਪਲ ਅੱਖਾਂ ਸਾਹਮਣੇ ਲਿਆ ਦਿੱਤਾ।
ਰਾਤ ਨੂੰ ਰੋਟੀ ਟੁੱਕ ਦਾ ਕੰਮ ਨਿਬੇੜ ਜਦੋਂ ਸਾਰਾ ਪਰਿਵਾਰ ਇਕੱਠਾ ਬੈਠਦਾ ਤਾਂ ਦਾਦੀ ਮਾਂ ਅਖੰਡ ਪਾਠ ਕਰਵਾਉਣ ਦੀ ਗੱਲ ਛੇੜ ਲੈਂਦੀ। ਕਈ ਦਿਨ ਇਸ ਵਿਸ਼ੇ ’ਤੇ ਗੱਲਬਾਤ ਹੁੰਦੀ ਰਹੀ। ਇੱਕ ਦਿਨ ਦਾਦਾ ਜੀ ਨੇ ਫੈਸਲਾ ਕਰਦਿਆਂ ਕਿਹਾ ਕਿ ਹਾੜ੍ਹੀ ਬੀਜਣ ਦਾ ਕੰਮ ਦੋ ਚਾਰ ਦਿਨਾਂ ਵਿੱਚ ਨਿਬੇੜ ਲਵੋ, ਫਿਰ ਗੁਰੂ ਘਰ ਦੇ ਪਾਠੀ ਸਿੰਘ ਕੋਲੋਂ ਪੁੱਛ ਕੇ ਦਿਨ ਪੱਕਾ ਕਰ ਲੈਣਾ। ਵਿਹਲੀ ਰੁੱਤ ਹੈ, ਰਿਸ਼ਤੇਦਾਰਾਂ ਨੂੰ ਵੀ ਆਉਣਾ ਜਾਣਾ ਸੌਖਾ ਰਹੇਗਾ।
ਪੰਦਰਾਂ ਦਿਨ ਪਹਿਲਾਂ ਹੀ ਘਰ ਵਿੱਚ ਤਿਆਰੀਆਂ ਸ਼ੁਰੂ ਹੋ ਗਈਆਂ। ਕਈ ਪਰਿਵਾਰ ਕੰਮ ਧੰਦੇ ਕਰਵਾਉਣ ਲਈ ਨਾਲ ਹੋਰ ਜੁੜ ਗਏ। ਤਾਇਆ ਦਲੀਪ ਅਤੇ ਤਾਈ ਭਜਨੋ ਕੰਮਾਂ ਵਿੱਚ ਹੱਥ ਵਟਾਉਣ ਲਈ ਆ ਹਾਜ਼ਰ ਹੋਏ। ਤਾਈ ਘਰ ਲਿੱਪਣ ਪੋਚਣ ਵਿੱਚ ਮਦਦ ਕਰਨ ਲੱਗੀ। ਤਾਇਆ ਕਦੇ ਲੱਕੜਾਂ ਪਾੜ ਰਿਹਾ ਹੁੰਦਾ, ਕਦੇ ਜਿਨ੍ਹਾਂ ਮੰਜਿਆਂ ਦੇ ਸੈਰੂ ਬਾਹੀਆਂ ਟੁੱਟੀਆਂ ਸਨ, ਬਾਬੇ ਸੁਰੈਣ ਸਿਓਂ ਦੇ ਅੱਡੇ ਤੋਂ ਨਵੀਆਂ ਬਾਹੀਆਂ ਆਦਿ ਪਵਾ ਕੇ ਉਨ੍ਹਾਂ ਨੂੰ ਦੁਬਾਰਾ ਬੁਨਣ ਵਿੱਚ ਮਦਦ ਕਰ ਰਿਹਾ ਹੁੰਦਾ।
ਚਾਚਾ ਅਜਮੇਰ ਸਿੰਘ ਵੀ ਆਪਣਾ ਸਾਈਕਲ ਚੁੱਕ ਕੇ ਆ ਗਿਆ। ਉਹ ਸਾਈਕਲ ’ਤੇ ਹੀ ਸਾਰੀਆਂ ਰਿਸ਼ਤੇਦਾਰੀਆਂ ਵਿੱਚ ਸਨੇਹੇ ਦੇ ਆਉਂਦਾ ਸੀ। ਹਰ ਰਿਸ਼ਤੇਦਾਰ ਕੋਲ ਜਾਂਦੇ ਸਮੇਂ ਉਸ ਨੂੰ ਇਹ ਤਾਕੀਦ ਜ਼ਰੂਰ ਕੀਤੀ ਜਾ ਰਹੀ ਸੀ ਕਿ ਭਾਈ ਜ਼ੋਰ ਪਾ ਕੇ ਕਹਿਣਾ ਹੈ ਕਿ ਦਿਨ ਦੇ ਦਿਨ ਨਾ ਆਉਣ, ਸਾਰਾ ਪਰਿਵਾਰ ਇੱਕ ਦਿਨ ਪਹਿਲਾਂ ਆਵੇ। ਘਰ ਵਿੱਚ ਸਾਰੇ ਰਿਸ਼ਤੇਦਾਰਾਂ ਦੇ ਮਿਲ ਬੈਠਣ ਦਾ ਸਬੱਬ ਕਿਹੜਾ ਰੋਜ਼ ਰੋਜ਼ ਬਣਦਾ ਹੈ।
ਆਂਢ-ਗੁਆਂਢ ਦੀਆਂ ਤਾਈਆਂ, ਚਾਚੀਆਂ ਆਪਣਾ ਕੰਮ ਨਿਬੇੜ ਕੇ ਦਾਲਾਂ ਦਲਣ. ਸੰਵਾਰਨ ਅਤੇ ਹੋਰ ਕੰਮ ਕਰਨ ਵਿੱਚ ਮਦਦ ਕਰਦੀਆਂ। ਤਿੰਨ ਦਿਨ ਪਹਿਲਾਂ ਹੀ ਘਰ ਰੌਣਕ ਨਾਲ ਭਰ ਗਿਆ ਜਦੋਂ ਬੱਚਿਆਂ ਨੇ ਝੰਡੀਆਂ ਬਣਾਉਣ ਦਾ ਕੰਮ ਆਪਣੇ ਹੱਥਾਂ ਵਿੱਚ ਲੈ ਲਿਆ। ਰੰਗ ਬਿਰੰਗੇ ਗੁੱਡੀ ਕਾਗਜ਼ ਦੀਆਂ ਤਿਰਸ਼ੀਆਂ ਝੰਡੀਆਂ ਕੱਟ ਕੇ ਘਰੇ ਬਣਾਈ ਮੈਦੇ ਦੀ ਲੇਵੀ ਨਾਲ ਸੇਬੇ ਨਾਲ ਚਿਪਕਾਈਆਂ ਗਈਆਂ। ਜਦੋਂ ਉਹ ਤਿਆਰ ਹੋ ਗਈਆਂ ਤਾਂ ਸਾਰੇ ਵਿਹੜੇ ਵਿੱਚ ਬਨੇਰਿਆਂ ਤੇ ਕਿੱਲ ਗੱਡ ਕੇ ਬੰਨ੍ਹ ਦਿੱਤੀਆਂ ਗਈਆਂ। ਰੰਗ ਬਿਰੰਗੀਆਂ ਲਹਿਰਾਉਂਦੀਆਂ ਝੰਡੀਆਂ ਨਾਲ ਘਰ ਝਿਲਮਿਲ ਝਿਲਮਿਲ ਕਰਨ ਲੱਗ ਪਿਆ।
ਅਖੰਡ ਪਾਠ ਪ੍ਰਕਾਸ਼ ਹੋਣ ’ਤੇ ਘਰ ਵਿੱਚ ਵਿਆਹ ਵਰਗਾ ਮਾਹੌਲ ਬਣ ਗਿਆ। ਉਹ ਸਮਾਂ ਹੀ ਅਜਿਹਾ ਸੀ ਕਿ ਲੋਕ ਇੱਕ ਦੂਜੇ ਦੀ ਨਿਰਸਵਾਰਥ ਢੰਗ ਨਾਲ ਮਦਦ ਕਰਦੇ ਸਨ। ਇੱਕ ਦੂਜੇ ਪ੍ਰਤੀ ਈਰਖਾ, ਸਾੜਾ ਅਤੇ ਗੈਰਸਿਹਤਮੰਦ ਸ਼ਰੀਕੇਬਾਜ਼ੀ ਬਹੁਤ ਘੱਟ ਸੀ। ਲੋਕਾਂ ਦੇ ਅੰਦਰ ਅਜਿਹੇ ਧਾਰਮਿਕ ਪ੍ਰੋਗਰਾਮਾਂ ਵਿੱਚ ਆਸਥਾ ਬਹੁਤ ਸੀ। ਫਿਰ ਅਖੰਡ ਪਾਠ ਸਮੇਂ ਤਾਂ ਕੰਮ ਕਰਨਾ, ਖਾਸ ਤੌਰ ’ਤੇ ਜੂਠੇ ਬਰਤਨ ਸਾਫ਼ ਕਰਨੇ ਪੁੰਨ ਦਾ ਕੰਮ ਸਮਝਿਆ ਜਾਂਦਾ ਸੀ।
ਚਾਚੇ ਦੇ ਘਰ ਪਾਠੀਆਂ ਦੇ ਠਹਿਰਨ ਦਾ ਪ੍ਰਬੰਧ ਕੀਤਾ ਗਿਆ ਸੀ। ਉਹਨਾਂ ਦੇ ਨਹਾਉਣ ਲਈ ਪਾਣੀ ਗਰਮ ਕਰਨਾ ਅਤੇ ਪ੍ਰਸ਼ਾਦਿ ਛਕਾਉਣ ਦੇ ਕੰਮ ਦੀ ਜ਼ਿੰਮੇਵਾਰੀ ਆਪ ਹੀ ਕਈ ਨੌਜਵਾਨਾਂ ਨੇ ਲੈ ਲਈ ਸੀ। ਬਜ਼ੁਰਗ ਬੈਠੇ ਸਬਜ਼ੀ ਵਗੈਰਾ ਕੱਟ ਦਿੰਦੇ। ਚਾਚਾ ਅਜਮੇਰ ਸਿੰਘ ਸਬਜ਼ੀ-ਦਾਲ ਵਗੈਰਾ ਬਣਾ ਦਿੰਦਾ ਸੀ। ਬੀਬੀਆਂ ਚੁਰ ਤੇ ਫੁਲਕੇ ਬਣਾ ਲੈਂਦੀਆਂ ਸਨ। ਖੁਦ ਹੀ ਜੂਠੇ ਬਰਤਨ ਸਾਫ਼ ਕਰ ਲੈਂਦੀਆਂ ਸਨ।
ਇੱਕ ਦਿਨ ਪਹਿਲਾਂ ਹੀ ਸਾਰੇ ਰਿਸ਼ਤੇਦਾਰ ਆ ਗਏ ਸਨ। ਵਿਹੜੇ ਵਿੱਚ ਡਾਹੇ ਮੰਜੇ ਉਨ੍ਹਾਂ ਦੀ ਆਮਦ ਨਾਲ ਭਰ ਗਏ ਸਨ। ਕਬੀਲਦਾਰੀ ਦੇ ਝੰਜਟਾਂ ਨੂੰ ਪਰ੍ਹਾਂ ਸੁੱਟ ਕੇ ਉਹ ਇੱਕ ਦੂਜੇ ਨੂੰ ਮਖੌਲ ਕਰ ਰਹੇ ਸਨ। ਮਿਸ਼ਰੀ ਦੀ ਮਿਠਾਸ ਵਰਗੇ ਉਨ੍ਹਾਂ ਦੇ ਬੋਲਾਂ ਨਾਲ ਫੁੱਲਾਂ ਵਾਂਗ ਕਿਰਦੇ ਹਾਸਿਆਂ ਨਾਲ ਘਰ ਦਾ ਹਰ ਕੋਨਾ ਨਾਲ ਭਰ ਗਿਆ ਸੀ। ਆਪਸੀ ਮੇਲ ਮਿਲਾਪ ਉਨ੍ਹਾਂ ਦੀਆਂ ਸਾਂਝਾ ਨੂੰ ਹੋਰ ਪਕੇਰਾ ਕਰ ਰਿਹਾ ਸੀ। ਉਹ ਆਪਣਿਆਂ ਨਾਲ ਮੇਲ-ਮਿਲਾਪ ਕਰਦੇ ਹੋਏ ਗੁਜ਼ਰ ਗਏ ਵਕਤ ਦੀਆਂ ਪੁਰਾਣੀਆਂ ਮੋਹਖੋਰੀਆਂ ਯਾਦਾਂ ਨੂੰ ਮੁੜ ਤਰੋਤਾਜ਼ਾ ਕਰ ਰਹੇ ਸਨ। ਉਨ੍ਹਾਂ ਦੇ ਸੰਸਿਆਂ ਨਾਲ ਝੰਬੇ ਦਿਲਾਂ ਅੰਦਰ ਤਾਜ਼ਗੀ ਤੇ ਤਰੰਨਮ ਦਾ ਅਹਿਸਾਸ ਹੋ ਰਿਹਾ ਸੀ। ਉਹਨਾਂ ਨੂੰ ਇਹ ਅਹਿਸਾਸ ਹੋ ਰਿਹਾ ਸੀ ਕਿ ਰੂਹਾਂ ਦੇ ਰਿਸ਼ਤਿਆਂ ਨੂੰ ਮਘਦਾ ਰੱਖਣ ਲਈ ਆਪਸੀ ਮੇਲ-ਮਿਲਾਪ ਜ਼ਰੂਰੀ ਹੈ। ਹਾਸਿਆਂ ਦੇ ਕਿਰਦੇ ਫੁੱਲ ਉਨ੍ਹਾਂ ਅੰਦਰ ਜ਼ਿੰਦਗੀ ਦੇ ਰਾਹ ਉੱਤੇ ਸਬੂਤੇ ਕਦਮੀਂ ਤੁਰਨ ਲਈ ਨਵੀਂ ਊਰਜਾ ਭਰ ਰਹੇ ਸਨ।
ਭੋਗ ਪੈਣ ਉਪਰੰਤ ਸਭ ਨੂੰ ਲੰਗਰ ਛਕਾਇਆ ਗਿਆ। ਦਿਖਾਵੇ ਅਤੇ ਫਜ਼ੂਲ ਖਰਚੀ ਉਸ ਸਮੇਂ ਸਾਡੀ ਜੀਵਨ ਜਾਚ ਦਾ ਹਿੱਸਾ ਨਹੀਂ ਸੀ। ਰੋਟੀ ਦਾਲ, ਸਬਜ਼ੀ. ਨਾਲ ਖੀਰ ਕੜਾਹ ਬਣਾਇਆ ਗਿਆ ਸੀ। ਖੀਰ ਅਤੇ ਚਾਹ ਪਾਣੀ ਲਈ ਦੁੱਧ ਪਿੰਡ ਵਾਲੇ ਘਰੇ ਹੀ ਫੜਾ ਜਾਂਦੇ ਸਨ। ਘਿਉ ਘਰ ਵਿੱਚ ਹੀ ਜੋੜ ਲਿਆ ਜਾਂਦਾ। ਨਾ ਕੋਈ ਖਾਣਾ ਬਣਾਉਣ ਲਈ ਹਲਵਾਈ ਆਏ ਸਨ ਤੇ ਨਾ ਹੀ ਵਰਤਾਉਣ ਲਈ ਬਹਿਰਿਆਂ ਦੀ ਲੋੜ ਮਹਿਸੂਸ ਕੀਤੀ ਗਈ ਸੀ। ਰਲਮਿਲ ਕੇ ਬਣਾਇਆ ਅਤੇ ਵਰਤਾਇਆ ਲੰਗਰ ਸਭ ਦੀ ਰੂਹ ਨੂੰ ਤ੍ਰਿਪਤ ਕਰ ਦਿੰਦਾ ਸੀ। ਰਾਹੀ ਪਾਂਧੀ ਜਾਂ ਕੋਈ ਵੀ ਲੋੜਵੰਦ ਆ ਕੇ ਲੰਗਰ ਛਕ ਸਕਦਾ ਸੀ। ਆਪਸੀ ਸਹਿਯੋਗ ਅਤੇ ਪਿਆਰ ਨਾਲ ਸਾਰਾ ਕਾਰਜ ਸਿਰੇ ਚੜ੍ਹ ਗਿਆ ਸੀ।
ਲੋਕਾਂ ਕੋਲ ਨਾ ਤਾਂ ਉਦੋਂ ਬਹੁਤੇ ਸਾਧਨ ਸਨ ਅਤੇ ਨਾ ਹੀ ਬਹੁਤੀਆਂ ਸਹੂਲਤਾਂ। ਜ਼ਰੂਰਤਾਂ ਵੀ ਸੀਮਤ ਸਨ। ਲੋਕਾਂ ਵਿੱਚ ਚੰਗੇਰੀ ਜ਼ਿੰਦਗੀ ਜੀਣ ਦੀ ਤਾਂਘ ਜ਼ਰੂਰ ਸੀ ਪਰ ਅੱਜ ਵਰਗੀ ਅਸੰਤੁਸ਼ਟੀ ਵੀ ਨਹੀਂ ਸੀ। ਸਾਦਗੀ, ਪਿਆਰ ਪਰੁੱਤੀਆਂ ਸਾਂਝਾਂ, ਦੁੱਖ ਸੁੱਖ ਸਮੇਂ ਧੁਰ ਅੰਦਰੋਂ ਨਿਰਸਵਾਰਥ ਸ਼ਰੀਕ ਹੋਣ ਵਾਲਾ ਜਜ਼ਬਾ, ਕਿਰਤ ਨੂੰ ਪਿਆਰ ਕਰਨ ਵਾਲਾ ਸਾਊ ਤੇ ਨਿਰਛਲ ਸੁਭਾਅ, ਇੱਕ ਦੂਜੇ ਦੇ ਕੰਮ ਆਉਣ ਦੀ ਤਾਂਘ, ਕੁਦਰਤ ਸੰਗ ਇੱਕ ਮਿੱਕ ਹੋ ਕੇ ਜਿਊਣ ਵਾਲਾ ਢੰਗ ਉਨ੍ਹਾਂ ਅੰਦਰ ਆਸਾਂ, ਉਮੰਗਾਂ ਅਤੇ ਉਮੀਦਾਂ ਨੂੰ ਜਗਾਈ ਰੱਖਦਾ ਸੀ।
ਕਾਸ਼! ਦੋਸਤੀਆਂ, ਸਾਕ ਸਕੀਰੀਆਂ, ਯਾਰੀਆਂ ਵਪਾਰਕ ਅੰਸ਼ਾਂ ਤੋਂ ਮੁਕਤ ਹੋ ਕੇ ਸੱਚੇ ਮਨ ਨਾਲ ਇੱਕ ਦੂਜੇ ਦੇ ਦੁੱਖ ਦਰਦ ਨੂੰ ਸਮਝਦਿਆਂ ਹੋਇਆਂ, ਉਨ੍ਹਾਂ ਨੂੰ ਵੰਡਾਉਣ ਲਈ ਸਹਾਰਾ ਬਣਦੀਆਂ ਰਹਿਣ। ਉਦਾਸ ਤੇ ਹਰਾਸ ਮਨ ਨੂੰ ਜਦੋਂ ਕਿਸੇ ਪਾਸਿਓਂ ਆਸ ਦੀ ਕੋਈ ਕਿਰਨ ਨਜ਼ਰ ਨਹੀਂ ਆਉਂਦੀ, ਕੋਈ ਸਾਂਝ ਸਹਾਰਾ ਦਿੰਦੀ ਨਹੀਂ ਦਿਸਦੀ ਤਾਂ ਉਹ ਤਣਾਅ ਦਾ ਸ਼ਿਕਾਰ ਹੋ ਜਾਂਦਾ ਹੈ। ਲਗਾਤਾਰ ਉਦਾਸੀ ਭੋਗਦਾ ਮਨੁੱਖ ਜਿਊਣ ਨਾਲੋਂ ਮੌਤ ਨੂੰ ਬਿਹਤਰ ਸਮਝਣ ਲੱਗ ਜਾਂਦਾ ਹੈ ਤੇ ਆਖ਼ਰ ਖੁਦਕੁਸ਼ੀ ਦੇ ਰਾਹ ਪੈ ਜਾਂਦਾ ਹੈ। ਜਦੋਂ ਮਨੁੱਖ ਨੂੰ ਇਹ ਅਹਿਸਾਸ ਹੋਵੇਗਾ ਕਿ ਉਸ ਦਾ ਦੁੱਖ ਹਰਨ ਵਾਲਾ ਕੋਈ ਆਪਣਾ ਉਸ ਦੇ ਨਾਲ ਖੜ੍ਹਾ ਹੈ ਤਾਂ ਉਸ ਦੇ ਡੋਲਦੇ ਮਨ ਨੂੰ ਸਹਾਰਾ ਮਿਲੇਗਾ।
ਇਹ ਭਾਈਚਾਰਕ ਸਾਂਝ ਨਿੱਤ ਹੁੰਦੀਆਂ ਖੁਦਕੁਸ਼ੀਆਂ ਨੂੰ ਠੱਲ੍ਹ ਪਾਉਣ ਵਿੱਚ ਵੀ ਸਹਾਈ ਹੋਵੇਗੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3854)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)