“ਕੀ ਪਿੰਡਾਂ ਦੇ ਵਸਨੀਕ ਧੜੇਬੰਦੀ, ਪਾਰਟੀਬਾਜ਼ੀ ਅਤੇ ਖਹਿਬਾਜ਼ੀ ਤੋਂ ਉੱਪਰ ਉੱਠ ਕੇ ...”
(28 ਦਸੰਬਰ 2018)
ਬਹੁਤ ਪੜ੍ਹੇ-ਲਿਖੇ ਗਿਆਨਵਾਨ ਅਤੇ ਹੁਨਰਮੰਦ ਮਨੁੱਖ ਆਪਣੀ ਸਾਰੀ ਪ੍ਰਾਪਤੀ ਬਿਨਾਂ ਸਮਾਜ ਨੂੰ ਕੁਝ ਦਿੱਤਿਆਂ ਆਪਣੇ ਨਾਲ ਲੈ ਕੇ ਹੀ ਇਸ ਦੁਨੀਆਂ ਤੋਂ ਰੁਖ਼ਸਤ ਹੋ ਜਾਂਦੇ ਹਨ। ਪਰ ਕੁਝ ਸਮਝਦਾਰ ਮਨੁੱਖ ਭਾਵੇਂ ਉਹ ਅੱਖਰ ਗਿਆਨ ਤੋਂ ਕੋਰੇ ਹੋਣ, ਸਮਾਜ ਨੂੰ ਕੁਝ ਅਜਿਹੀ ਦੇਣ ਦੇ ਜਾਂਦੇ ਹਨ, ਜਿਸ ਨੂੰ ਕਈ ਪੀੜ੍ਹੀਆਂ ਯਾਦ ਰੱਖਦੀਆਂ ਹਨ। ਅਜਿਹੇ ਮਨੁੱਖਾਂ ਵਿੱਚੋਂ ਸੀ ਤਾਇਆ ਪੂਰਨ ਸਿੰਘ।
ਉਸਨੇ ਥੋੜ੍ਹੀ ਜ਼ਮੀਨ ਵਾਲੇ ਕਿਸਾਨ ਦੇ ਘਰ ਜਨਮ ਲਿਆ ਸੀ ਜੋ ਮਿਹਨਤ ਮੁਸ਼ੱਕਤ ਕਰਕੇ ਅੱਠ ਜੀਆਂ ਦੇ ਪਰਿਵਾਰ ਨੂੰ ਪਾਲਦਾ ਸੀ। ਸੁਰਤ ਸੰਭਾਲਣ ’ਤੇ ਤਾਏ ਨੂੰ ਮੱਝਾਂ ਚਾਰਨ ਲਾ ਦਿੱਤਾ ਗਿਆ ਸੀ। ਬਚਪਨ ਵਿਚ ਸਕੂਲ ਦਾ ਮੂੰਹ ਨਾ ਦੇਖ ਸਕਣ ਕਾਰਨ ਉਹ ਕੋਰਾ ਅਣਪੜ੍ਹ ਰਹਿ ਗਿਆ ਸੀ। ਉਂਝ ਵੀ ਪਿੰਡ ਵਿੱਚ ਸਕੂਲ ਨਹੀਂ ਸੀ, ਇਸ ਕਰਕੇ ਬਹੁਤੇ ਬੱਚਿਆਂ ਨੂੰ ਛੋਟੇ ਹੁੰਦਿਆਂ ਹੀ ਪਿਤਾ ਪੁਰਖੀ ਕਿੱਤੇ ’ਤੇ ਲਾ ਲਿਆ ਜਾਂਦਾ ਸੀ। ਤਾਇਆ ਥੋੜ੍ਹਾ ਵੱਡਾ ਹੋਇਆ ਤਾਂ ਖੇਤੀ ਦੇ ਕੰਮ ਲੱਗ ਗਿਆ। ਉਸਦੇ ਮਗਰੇ ਹੀ ਦੋਨੋਂ ਛੋਟੇ ਭਰਾ ਵੀ ਉਸ ਦੇ ਨਾਲ ਆ ਰਲੇ। ਉਹ ਬਹੁਤ ਮਿਹਨਤੀ ਅਤੇ ਸਿਰੜੀ ਸੁਭਾਅ ਦਾ ਸੀ। ਸਾਰਾ ਦਿਨ ਕੰਮ ਕਰਦਾ ਨਾ ਅੱਕਦਾ ਤੇ ਨਾ ਹੀ ਥੱਕਦਾ। ਭੋਇੰ ਭਾਵੇਂ ਥੋੜ੍ਹੀ ਸੀ ਪਰ ਕਿਰਤ ਦਾ ਪੁਜਾਰੀ ਤਾਇਆ ਉਸ ਵਿੱਚੋਂ ਚੰਗੀ ਫਸਲ ਪੈਦਾ ਕਰ ਕੇ ਘਰ ਦਾ ਸੋਹਣਾ ਗੁਜ਼ਾਰਾ ਤੋਰੀ ਜਾਂਦਾ ਸੀ।
ਜਦੋਂ ਕਦੇ ਖੇਤਾਂ ਵਿਚ ਕੰਮ ਨਾ ਹੁੰਦਾ ਜਾਂ ਗਰਮੀ ਦੀਆਂ ਦੁਪਹਿਰਾਂ ਹੁੰਦੀਆਂ ਤਾਂ ਪਿੰਡ ਦੇ ਨੌਜਵਾਨ, ਬਜ਼ੁਰਗ ਛੱਪੜ ਕਿਨਾਰੇ ਪਿੱਪਲਾਂ, ਬੋਹੜਾਂ ਥੱਲੇ ਮੰਜੇ ਡਾਹ ਲੈਂਦੇ। ਕੁਝ ਤਾਸ਼ ਕੁੱਟਦੇ। ਕੁਝ ਚਿੱਠੇ ਪੜ੍ਹਦੇ। ਸਰੋਤੇ ਉਹਨਾਂ ਨੂੰ ਸੁਣਦੇ ਰਹਿੰਦੇ। ਤਾਇਆ ਉੱਥੇ ਬੈਠਣ ਦੀ ਥਾਂ ਜਦੋਂ ਸਮਾਂ ਮਿਲਦਾ, ਪਿੰਡ ਤੋਂ ਬਾਹਰਵਾਰ ਬਣੇ ਗੁਰਦੁਆਰੇ ਵਿੱਚ ਚਲਿਆ ਜਾਂਦਾ। ਉੱਥੇ ਰਹਿੰਦੇ ਸੰਤ ਪ੍ਰੇਮ ਦਾਸ ਆਯੁਰਵੈਦਿਕ ਦਵਾਈਆਂ ਦੇ ਮਾਹਿਰ ਸਨ। ਸਾਰੇ ਪਿੰਡ ਦੀ ਸਿਹਤ ਦਾ ਜ਼ਿੰਮਾ ਉਹਨਾਂ ਦੇ ਸਿਰ ਉੱਪਰ ਸੀ। ਸ਼ਹਿਰ ਦੇ ਹਸਪਤਾਲ ਵਿਚ ਤਾਂ ਕੋਈ ਅਣਸਰਦੇ ਨੂੰ ਜਾਂਦਾ ਸੀ। ਤਾਇਆ ਉਹਨਾਂ ਨਾਲ ਜੜ੍ਹੀ-ਬੂਟੀਆਂ ਅਤੇ ਹੋਰ ਨਿੱਕ-ਸੁੱਕ ਕੁੱਟਣ ਵਿੱਚ ਮਦਦ ਕਰਦਾ ਰਹਿੰਦਾ।
ਸੰਤ ਕੰਮ ਕਰਦੇ ਤਾਏ ਨਾਲ ਗੱਲੀਂ ਪੈ ਜਾਂਦੇ। ਭਾਈ ਗੁਰਮੁੱਖਾ, “ਪਿੰਡ ਵਿੱਚ ਸਕੂਲ ਨਾ ਬਣਿਆ ਹੋਣ ਕਰਕੇ ਪਿੰਡ ਦੇ ਬਹੁਤੇ ਬੱਚੇ ਅਣਪੜ੍ਹ ਰਹਿ ਜਾਂਦੇ ਹਨ। ਗਿਆਨ ਦੀ ਪ੍ਰਾਪਤੀ ਲਈ ਵਿੱਦਿਆ ਬਹੁਤ ਜ਼ਰੂਰੀ ਹੈ। ਮੁੰਡਿਆਂ ਨੂੰ ਤਾਂ ਫਿਰ ਵੀ ਕੁਝ ਕੁ ਘਰ ਨੇੜਲੇ ਪਿੰਡ ਪੜ੍ਹਨ ਲਈ ਭੇਜ ਦਿੰਦੇ ਹਨ ਪਰ ਕੁੜੀਆਂ ਤਾਂ ਸਾਰੀਆਂ ਹੀ ਵਿੱਦਿਆ ਦੇ ਗਿਆਨ ਪੱਖੋਂ ਕੋਰੀਆਂ ਅਣਪੜ੍ਹ ਰਹਿ ਜਾਂਦੀਆਂ ਹਨ। ਪਿੰਡ ਵਾਸੀਆਂ ਨੂੰ ਲੱਗਦਾ ਹੈ ਕਿ ਕੁੜੀਆਂ ਨੂੰ ਪੜ੍ਹਾਈ ਦੀ ਕੀ ਲੋੜ ਹੈ? ਪਰ ਮੈਂ ਕਹਿੰਦਾ ਹਾਂ ਕਿ ਕੁੜੀਆਂ ਨੂੰ ਪੜ੍ਹਾਉਣਾ ਜ਼ਿਆਦਾ ਜ਼ਰੂਰੀ ਹੈ। ਦੀਨ ਦੁਨੀਆਂ ਦੀ ਸਮਝ ਆਉਂਦੀ ਹੈ। ਇੱਕ ਪੜ੍ਹੀ ਲਿਖੀ ਕੁੜੀ ਜਿਸ ਘਰ ਜਾਂਦੀ ਹੈ, ਅੱਗੇ ਉਸ ਦਾ ਸਾਰਾ ਪਰਿਵਾਰ ਪੜ੍ਹ ਜਾਂਦਾ ਹੈ।”
ਤਾਇਆ ਸੰਤਾਂ ਦੀਆਂ ਗੱਲਾਂ ਬੜੇ ਧਿਆਨ ਨਾਲ ਸੁਣਦਾ। ਉਸ ਨੇ ਆਪਣੇ ਦਿਲ ਅੰਦਰ ਹੀ ਫੈਸਲਾ ਕਰ ਲਿਆ ਕਿ ਉਹ ਪਿੰਡ ਵਿੱਚ ਸਕੂਲ ਜ਼ਰੂਰ ਖੁੱਲ੍ਹਵਾਉਣ ਦਾ ਯਤਨ ਕਰੇਗਾ, ਭਾਵੇਂ ਉਸ ਨੂੰ ਕਿੰਨਾ ਵੀ ਔਖਾ ਹੋਣਾ ਪਵੇ। ਕਾਮਾ ਤਾਂ ਪਹਿਲਾਂ ਵੀ ਉਹ ਬਹੁਤ ਸੀ, ਆਪਣੇ ਆਪ ਨਾਲ ਕੀਤੇ ਫੈਸਲੇ ਨੂੰ ਅੰਜਾਮ ਤੱਕ ਪਹੁੰਚਾਉਣ ਲਈ ਉਸ ਨੇ ਹਿੱਸੇ ’ਤੇ ਹੋਰ ਜਮੀਨ ਲੈ ਕੇ ਖੇਤੀ ਦਾ ਕੰਮ ਪਹਿਲਾਂ ਨਾਲੋਂ ਵਧਾ ਲਿਆ। ਹੁਣ ਤਾਂ ਉਹ ਖੇਤਾਂ ਦਾ ਹੀ ਹੋ ਕੇ ਰਹਿ ਗਿਆ ਸੀ। ਘਰ ਦੇ ਖਰਚੇ ਵਿਚ ਹੋਰ ਸੰਜਮ ਵਰਤ ਕੇ ਉਸ ਨੇ ਬੱਚਤ ਕਰਨੀ ਸ਼ੁਰੂ ਕਰ ਦਿੱਤੀ।
ਤਿੰਨ ਸਾਲਾਂ ਬਾਅਦ ਪੰਚਾਇਤ ਚੋਣਾਂ ਆ ਗਈਆਂ। ਉਸ ਸਮੇਂ ਜੋ ਪਿੰਡ ਸਰਬਸੰਮਤੀ ਨਾਲ ਪੰਚਾਇਤ ਦੀ ਚੋਣ ਕਰਦਾ ਸੀ, ਸਰਕਾਰ ਵੱਲੋਂ ਉਸ ਪਿੰਡ ਨੂੰ ਦਸ ਹਜ਼ਾਰ ਰੁਪਏ ਦਿੱਤੇ ਜਾਂਦੇ ਸਨ। ਉਹਨਾਂ ਸਮਿਆਂ ਵਿੱਚ ਦਸ ਹਜ਼ਾਰ ਰੁਪਏ ਦੀ ਵੁੱਕਤ ਬਹੁਤ ਸੀ। ਪੰਚਾਇਤ ਦੀ ਚੋਣ ਕਰਨ ਸਬੰਧੀ ਪਿੰਡ ਦਾ ਇਕੱਠ ਹੋਇਆ। ਤਾਇਆ ਪੂਰਨ ਸਿੰਘ ਖੜ੍ਹਾ ਹੋ ਕੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਾ ਹੋਇਆ ਕਹਿਣ ਲੱਗਾ, “ਜੇ ਤੁਸੀਂ ਮੈਨੂੰ ਸਰਬਸੰਮਤੀ ਨਾਲ ਸਰਪੰਚ ਚੁਣ ਲਵੋਂ ਤਾਂ ਮੈਂ ਆਪਣੇ ਕੋਲੋਂ ਖਰਚ ਕਰਕੇ ਸਕੂਲ ਦੀ ਇਮਾਰਤ ਬਣਵਾ ਦੇਵਾਂਗਾ। ਸਕੂਲ ਲਈ ਮਨਜ਼ੂਰੀ ਵੀ ਲੈ ਕੇ ਦੇਵਾਂਗਾ। ਜੋ ਗਰਾਂਟ ਸਰਕਾਰ ਵੱਲੋਂ ਮਿਲੇਗੀ ਉਸ ਨੂੰ ਪਿੰਡ ਦੀ ਬੇਹਤਰੀ ਲਈ ਵਰਤਿਆ ਜਾਵੇਗਾ।” ਸਾਰਾ ਪਿੰਡ ਸਹਿਮਤ ਹੋ ਗਿਆ। ਤਾਇਆ ਸਰਬਸੰਮਤੀ ਨਾਲ ਸਰਪੰਚ ਚੁਣ ਲਿਆ ਗਿਆ।
ਬਸ ਫਿਰ ਤਾਂ ਤਾਏ ਉੱਪਰ ਸਕੂਲ ਦੀ ਇਮਾਰਤ ਬਣਵਾਉਣ ਦਾ ਭੂਤ ਸਵਾਰ ਹੋ ਗਿਆ। ਖੇਤੀ ਦਾ ਕੰਮ ਛੋਟੇ ਭਰਾਵਾਂ ਨੂੰ ਸੰਭਾਲ ਕੇ ਆਪ ਉਹ ਇਸੇ ਕੰਮ ਨੂੰ ਜੁੱਟ ਗਿਆ। ਦਿਨਾਂ ਵਿਚ ਹੀ ਇੱਟਾਂ, ਸੀਮਿੰਟ, ਰੇਤਾ ਤੇ ਬਜਰੀ ਦੇ ਢੇਰ ਲੱਗ ਗਏ। ਪੰਚਾਇਤ ਦੀ ਸਾਂਝੀ ਜ਼ਮੀਨ, ਜੋ ਪਿੰਡ ਦੇ ਲਾਗੇ ਹੀ ਸੀ, ਸਕੂਲ ਬਣਾਉਣ ਲਈ ਚੁਣੀ ਗਈ। ਮਿਸਤਰੀ ਲੱਗ ਗਏ। ਕਿਰਤ ਨੂੰ ਪ੍ਰਣਾਇਆ ਤਾਇਆ ਸਾਰਾ ਦਿਨ ਕੰਮ ਲੱਗਿਆ ਰਹਿੰਦਾ। ਕਦੇ ਇੱਟਾ ਫੜਾ ਰਿਹਾ ਹੁੰਦਾ, ਕਦੇ ਸੀਮਿੰਟ ਰੇਤਾ ਰਲੇ ਬੱਠਲ ਢੋ ਰਿਹਾ ਹੁੰਦਾ। ਉਸ ਦੀ ਰੀਸ ਨਾਲ ਹੋਰ ਬੰਦੇ ਵੀ ਕੰਮ ਕਰਾਉਣ ਆ ਲਗਦੇ। ਕੰਮ ਤੇਜ਼ੀ ਨਾਲ ਹੁੰਦਾ ਗਿਆ। ਦੋ ਵੱਡੇ ਕਮਰੇ, ਅੱਗੇ ਵਰਾਂਡਾ ਅਤੇ ਇੱਕ ਦਫਤਰ ਬਣਾ ਦਿੱਤੇ ਗਏ। ਚਾਰਦੀਵਾਰੀ ਕਰਕੇ ਗੇਟ ਲਾ ਦਿੱਤਾ ਗਿਆ ਸੀ। ਸਰਕਾਰ ਵੱਲੋਂ ਸਕੂਲ ਦੀ ਪ੍ਰਵਾਨਗੀ ਵੀ ਮਿਲ ਗਈ। ਇੱਕ ਅਧਿਆਪਕਾ ਦੀ ਬਦਲੀ ਕਰਕੇ ਇਸ ਸਕੂਲ ਭੇਜ ਦਿੱਤੀ ਗਈ।
ਮੁੰਡਿਆਂ ਦੇ ਨਾਲ ਅਸੀਂ ਦਸ ਬਾਰਾਂ ਕੁੜੀਆਂ ਵੀ ਨਵੇਂ ਸਕੂਲ ਦੀ ਪਹਿਲੀ ਜਮਾਤ ਵਿੱਚ ਦਾਖ਼ਲ ਹੋ ਗਈਆਂ। ਛੋਟੇ ਜਿਹੇ ਪਿੰਡ ਦੇ ਹਿਸਾਬ ਨਾਲ ਇਹ ਗਿਣਤੀ ਬਹੁਤ ਸੀ। ਸਾਡੀ ਮਾਂ ਹਮੇਸ਼ਾ ਸਾਨੂੰ ਕਹਿੰਦੀ, “ਧਿਆਨ ਨਾਲ ਪੜ੍ਹਿਆ ਕਰੋ। ਸਕੂਲ ਬਣਾਉਂਦੇ ਹੋਏ, ਇੱਟਾਂ ਢੋਂਹਦੇ ਸਮੇਂ ਤੁਹਾਡੇ ਤਾਏ ਦੇ ਹੱਥਾਂ ਤੇ ਪਏ ਅੱਟਣ ਜਿਉਂ ਦੇ ਤਿਉਂ ਦਿਸਦੇ ਹਨ। ਉਹਨਾਂ ਅੱਟਣਾਂ ਨੂੰ ਯਾਦ ਰੱਖਿਆ ਕਰੋ।”
ਪਿੰਡ ਵਿੱਚੋਂ ਪੰਜਵੀਂ ਜਮਾਤ ਪਾਸ ਕਰ ਕੇ ਅਸੀਂ ਚਾਰ ਕੁ ਮੀਲ ਦੂਰ ਵਾਲੇ ਪਿੰਡ ਦੇ ਹਾਈ ਸਕੂਲ ਵਿੱਚ ਦਾਖਲ ਹੋ ਗਈਆਂ। ਜਿਨ੍ਹਾਂ ਨੂੰ ਅੱਗੋਂ ਪੜ੍ਹਨ ਦਾ ਮੌਕਾ ਮਿਲਿਆ, ਉਹ ਆਪਣੀ ਯੋਗਤਾ ਅਨੁਸਾਰ ਵੱਖ-ਵੱਖ ਖੇਤਰਾਂ ਵਿਚ ਨੌਕਰੀ ਕਰਨ ਲੱਗੀਆਂ। ਆਪਣੇ ਆਪਣੇ ਖੇਤਰ ਵਿਚ ਕੰਮ ਕਰਦਿਆਂ ਉਹ ਕਰਮਸ਼ੀਲ ਇਨਸਾਨ ਸਾਡਾ ਮਾਰਗ ਦਰਸ਼ਕ ਰਿਹਾ। ਸਮਾਜ ਵਿਚ ਵਿਚਰਦਿਆਂ, ਉਸ ਤਾਏ ਦੀ ਉੱਚੀ ਸੁੱਚੀ ਸੋਚ ਸਾਡੇ ਅੰਗ-ਸੰਗ ਰਹੀ, ਜਿਸਦੇ ਉੱਦਮ ਨੇ ਸਾਡੇ ਪਿੰਡ ਦੇ ਬਹੁਤ ਸਾਰੇ ਬੱਚਿਆਂ ਦੀ ਜ਼ਿੰਦਗੀ ਬਦਲ ਦਿੱਤੀ ਸੀ। ਉਸਦੀ ਯਾਦ ਆਉਂਦਿਆਂ ਹੀ ਸਿਰ ਸ਼ਰਧਾ ਅਤੇ ਸਤਿਕਾਰ ਨਾਲ ਝੁਕ ਜਾਂਦਾ ਹੈ।
ਪੰਚਾਇਤ ਚੋਣਾਂ ਤਾਂ ਹੁਣ ਵੀ ਬੂਹੇ ਅੱਗੇ ਆਈਆਂ ਖੜ੍ਹੀਆਂ ਹਨ। ਕੀ ਪਿੰਡਾਂ ਦੇ ਵਸਨੀਕ ਧੜੇਬੰਦੀ, ਪਾਰਟੀਬਾਜ਼ੀ ਅਤੇ ਖਹਿਬਾਜ਼ੀ ਤੋਂ ਉੱਪਰ ਉੱਠ ਕੇ ਅਜਿਹੇ ਨੁਮਾਇੰਦੇ ਪੰਚਾਇਤ ਲਈ ਚੁਣਨਗੇ ਜੋ ਪਿੰਡ ਦੀ ਨੁਹਾਰ ਬਦਲ ਸਕਣ ਦੇ ਸਮਰੱਥ ਹੋਣ?
*****
(1442)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)