“ਇਸ ਤੋਂ ਪਹਿਲਾਂ ਕਿ ਸਭ ਕੁਝ ਤਬਾਹ ਹੋ ਜਾਵੇ, ਜਵਾਨੋ, ਮਿੱਟੀ, ਪਾਣੀ ਅਤੇ ਹਵਾ ਨੂੰ ...”
(12 ਅਕਤੂਬਰ 2018)
ਅਠੱਤਰ ਵਰ੍ਹਿਆਂ ਦੀ ਉਮਰ ਭੋਗ ਕੇ ਬਾਈ ਗੁਰਚਰਨ ਸਿਉਂ ਪਲਾਂ ਛਿਣਾਂ ਵਿੱਚ ਹੀ ਰਾਹ ਜਾਂਦੇ ਰਾਹੀਆਂ ਨਾਲ ਰਲ ਗਿਆ ਸੀ।
ਸਿਹਤਮੰਦ ਸਰੀਰ, ਕਿਰਤ ਦਾ ਪੁਜਾਰੀ, ਸਭ ਨੂੰ ਪਿਆਰ ਕਰਨ ਵਾਲਾ ਉਹ ਸ਼ਖ਼ਸ ਇਉਂ ਮਿੰਟਾਂ ਸਕਿੰਟਾਂ ਵਿਚ ਹੀ ਤੁਰ ਜਾਵੇਗਾ, ਕਿਸੇ ਨੂੰ ਸੱਚ ਨਹੀਂ ਆਇਆ। ਜਿਸਨੇ ਵੀ ਸੁਣਿਆ, ਹੈਰਾਨ ਹੋਇਆ ਸੱਚ ਨੂੰ ਜਾਨਣ ਲਈ ਘਰ ਵੱਲ ਆ ਰਿਹਾ ਸੀ। ਕੋਈ ਕਹੇ, ਸਵੇਰੇ ਮੈਨੂੰ ਨਿਆਈਂ ਵਾਲੇ ਖੇਤ ਗੇੜਾ ਮਾਰਨ ਜਾਂਦਾ ਮਿਲਿਆ ਸੀ। ਕੋਈ ਕਹੇ, ਰੋਟੀ ਵੇਲੇ ਜਦੋਂ ਮੈਂ ਗਲੀ ਵਿੱਚ ਦੀ ਲੰਘਿਆ ਤਾਂ ਉਹ ਗਲੀ ਵਿਚ ਪਏ ਟੋਏ ਨੂੰ ਕਹੀ ਨਾਲ ਭਰ ਰਿਹਾ ਸੀ। ਸਾਰਾ ਦਿਨ ਉਸ ਨੂੰ ਜਿਸਨੇ ਵੀ ਦੇਖਿਆ ਸੀ, ਆਪਣੇ ਆਪਣੇ ਢੰਗ ਨਾਲ ਦੱਸੀ ਜਾ ਰਿਹਾ ਸੀ।
ਜ਼ਿੰਦਗੀ ਦੇ ਪਿਛਲੇ ਪਹਿਰ ਵੀ ਉਸ ਨੂੰ ਮੰਜੇ ’ਤੇ ਬੈਠਣਾ ਗਵਾਰਾ ਨਹੀਂ ਸੀ। ਸਵੇਰੇ ਉੱਠ ਕੇ, ਚਾਹ ਪੀ ਕੇ, ਉਹ ਸੈਰ ਕਰਨ ਨਿਕਲ ਜਾਂਦਾ। ਦੋ ਤਿੰਨ ਗੇੜੇ ਦਿਨੇ ਨਿਆਈਂ ਵਾਲੇ ਖੇਤ ਮਾਰ ਆਉਂਦਾ। ਜਦੋਂ ਜੀਅ ਕਰਦਾ ਮੱਝਾਂ ਦੀ ਖੁਰਲੀ ਵਿਚ ਬਾਟੀ ਦਾਣੇ ਦੀ ਭਰਕੇ ਧੂੜ ਦੇਣੀ। ਉਹਨਾਂ ਨੂੰ ਧੁੱਪੇ ਛਾਂਵੇਂ ਕਰ ਦੇਣਾ। ਰਾਹ ਜਾਂਦਿਆਂ ਬੱਚੇ, ਜਵਾਨ ਬੁੱਢੇ, ਹਰ ਇੱਕ ਨੂੰ ਪਿਆਰ ਨਾਲ ਬੁਲਾਉਣਾ। ਛੋਟੇ ਵੱਡੇ, ਸਭ ਨੂੰ ਬੁਲਾਉਣ ਸਮੇਂ ਸਿਉਂ ਜ਼ਰੂਰ ਲਾਉਂਦਾ।
ਫਾਲਤੂ ਡੁੱਲ੍ਹਦਾ ਪਾਣੀ ਉਸ ਤੋਂ ਜਰਿਆ ਨਾ ਜਾਂਦਾ। ਗਲੀ ਵਿਚ ਲੱਗੀਆਂ ਟੂਟੀਆਂ ਵਿੱਚੋਂ ਡੁੱਲ੍ਹਦਾ ਪਾਣੀ ਦੇਖ ਕੇ ਉਹਨਾਂ ਨੂੰ ਬੰਦ ਕਰ ਦਿੰਦਾ। ਪਾਣੀ ਬਾਰੇ ਇੱਕ ਗੱਲ ਉਹ ਸਭ ਨੂੰ ਜ਼ਰੂਰ ਸੁਣਾਉਂਦਾ। ‘ਪੰਜਾਹ ਕੁ ਸਾਲ ਪਹਿਲਾਂ ਆਪਣੇ ਇਲਾਕੇ ਵਿਚ ਪਾਣੀ ਦੀ ਬੜੀ ਘਾਟ ਸੀ। ਮਹਿਰਾ ਲਾਂ-ਬੋਕੇ ਨਾਲ ਖੂਹ ਵਿੱਚੋਂ ਪਾਣੀ ਕੱਢਦਾ। ਫਿਰ ਘਰਾਂ ਵਿਚ ਪਾ ਕੇ ਜਾਂਦਾ। ਸੱਤ ਅੱਠ ਘੜੇ ਹੀ ਪਾਣੀ ਸਾਰਾ ਦਿਨ ਵਰਤਣ ਲਈ ਹੁੰਦਾ। ਪਾਣੀ ਡੂੰਘੇ ਹੋਣ ਕਾਰਨ ਖੇਤਾਂ ਵਿਚ ਖੂਹ ਜਾਂ ਟਿਊਬਵੈੱਲ ਨਹੀਂ ਹੁੰਦੇ ਸਨ। ਖੇਤੀ ਨਹਿਰੀ ਪਾਣੀ ’ਤੇ ਨਿਰਭਰ ਸੀ। ਨਹਿਰੀ ਪਾਣੀ ਮਸਾਂ ਮਿਲਦਾ ਸੀ। ਇੱਕ ਵਾਰ ਅਸੀਂ ਕਣਕ ਬੀਜਣ ਲਈ ਰੌਣੀ ਕਰ ਰਹੇ ਸੀ। ਕੱਤੇ ਦਾ ਮਹੀਨਾ ਸੀ। ਖਾਲ ਟੁੱਟ ਗਿਆ। ਮੈਂ ਦੂਜੇ ਬੰਦਿਆਂ ਨੂੰ ਆਵਾਜ਼ ਮਾਰ ਕੇ ਖੱਦਰ ਦੇ ਪਾਏ ਕੋਟ ਸਮੇਤ ਟੁੱਟੇ ਖਾਲ ਵਾਲੀ ਥਾਂ ਵਿਚ ਬੈਠ ਗਿਆ। ਦੂਜੇ ਬੰਦਿਆਂ ਨੇ ਜਿੰਨੀ ਦੇਰ ਪਾਣੀ ਬੰਨ੍ਹ ਨਾ ਦਿੱਤਾ, ਮੈਂ ਠੰਢ ਦੀ ਪ੍ਰਵਾਹ ਕੀਤੇ ਬਿਨਾਂ ਪਾਣੀ ਵਿਚ ਬੈਠਾ ਰਿਹਾ। ਬਿਨਾਂ ਲੋੜ ਤੋਂ ਪਾਣੀ ਨਹੀਂ ਡੋਲ੍ਹਣਾ ਚਾਹੀਦਾ।’
ਉਹ ਅੰਨ ਦੀ ਹੁੰਦੀ ਬੇਅਦਬੀ ਨਹੀਂ ਸਹਾਰ ਸਕਦਾ ਸੀ। ਜੇ ਉਸ ਨੂੰ ਕਿਤੇ ਡਿੱਗੇ ਪਏ ਕਣਕ ਜਾਂ ਹੋਰ ਕਿਸੇ ਫਸਲ ਦੇ ਦਾਣੇ ਦਿਸ ਪੈਂਦੇ ਤਾਂ ਉਹ ਉੱਥੇ ਹੀ ਬੈਠ ਕੇ ਚੁਗਣ ਲੱਗ ਪੈਂਦਾ। ਉਹਨਾਂ ਨੂੰ ਆਪਣੀ ਜੇਬ ਵਿਚ ਪਾ ਲੈਂਦਾ। ਉਹ ਹਮੇਸ਼ਾ ਕਹਿੰਦਾ, “ਛੇ ਮਹੀਨੇ ਮਿੱਟੀ ਨਾਲ ਮਿੱਟੀ ਹੋ ਕੇ ਇਹ ਦਾਣੇ ਨਸੀਬ ਹੁੰਦੇ ਹਨ।”
ਉਹ ਅਜੇ ਗਿਆਰ੍ਹਵੇਂ ਸਾਲ ਵਿੱਚ, ਚੌਥੀ ਜਮਾਤ ਵਿੱਚ ਪੜ੍ਹਦਾ ਸੀ, ਜਦੋਂ ਉਸ ਨੂੰ ਪੜ੍ਹਨੋਂ ਹਟਾ ਕੇ ਹਲ ਮਗਰ ਲਾ ਦਿੱਤਾ। ਉਸਦੇ ਹੱਥ ਹਲ ਦੀ ਧੀਲੀ ਤੱਕ ਹੀ ਪਹੁੰਚਦੇ ਸਨ ਜਦੋਂ ਉਹ ਹਲ ਵਾਹੁਣ ਲੱਗ ਪਿਆ। ਸਾਰੀ ਉਮਰ ਕਿਰਤ ਹੀ ਉਸਦਾ ਕਰਮ, ਧਰਮ ਰਿਹਾ। ਸਧਾਰਨ ਕਿਸਾਨ ਦੇ ਘਰ ਜਨਮਿਆ ਉਹ ਜ਼ਿੰਦਗੀ ਭਰ ਕਿਰਤ ਦੀ ਪੂਜਾ ਕਰਦਾ ਰਿਹਾ। ਦਸਾਂ ਨਹੁੰਆਂ ਦੀ ਕਿਰਤ ਕਮਾਈ ਕਰਨੀ ਉਸਦਾ ਇਸ਼ਟ ਰਿਹਾ। ਪਸ਼ੂਆਂ, ਰੁੱਖਾਂ ਨਾਲ ਪਿਆਰ ਅਤੇ ਫ਼ਸਲਾਂ ਦੀ ਸਾਂਭ-ਸੰਭਾਲ, ਇਹੀ ਉਹਦਾ ਨਿੱਤਨੇਮ ਰਿਹਾ। ਸਾਰੀ ਉਮਰ ਮਿਹਨਤ ਮੁਸ਼ੱਕਤ ਕਰਨ ਵਾਲੇ ਉਸ ਇਨਸਾਨ ਨੇ ਆਖ਼ਰੀ ਸਮੇਂ ਵੀ ਕਿਸੇ ਨੂੰ ਸੇਵਾ ਕਰਨ ਦਾ ਮੌਕਾ ਨਹੀਂ ਦਿੱਤਾ। ਵੀਹ ਜੀਆਂ ਦੇ ਸਾਂਝੇ ਪਰਿਵਾਰ ਦੀ ਰੌਣਕ ਰਿਹਾ ਉਹ ਨੇਕ ਆਦਮੀ ਸਭ ਨੂੰ ਕੰਮ ਧੰਦੇ ਲੱਗੇ ਛੱਡ ਕੇ ਚੁੱਪ ਚੁਪੀਤੇ ਹੀ ਤੁਰ ਗਿਆ ਸੀ।
ਸਸਕਾਰ ਤੋਂ ਬਾਅਦ ਸਾਰਾ ਪਰਿਵਾਰ ਇਕੱਠੇ ਬੈਠ ਕੇ ਫੁੱਲ ਚੁਗਣ (ਅਸਥੀਆਂ) ਬਾਰੇ ਵਿਚਾਰ ਕਰ ਰਿਹਾ ਸੀ। ਨੌਜਵਾਨ ਪੀੜ੍ਹੀ ਇੱਥੇ ਮਾਰਗ ਦਰਸ਼ਕ ਬਣ ਗਈ ਸੀ। ਨਹਿਰਾਂ, ਦਰਿਆਵਾਂ ਵਿਚ ਅਸਥੀਆਂ ਪਾਉਣ ਦੀ ਬਜਾਏ ਉਨ੍ਹਾਂ ਨੇ ਇੱਕ ਨਿੱਗਰ ਫੈਸਲਾ ਕਰ ਲਿਆ ਕਿ ਖੇਤ ਵਿੱਚ ਦੋ ਟੋਏ ਪੁੱਟ ਕੇ, ਸਾਰੀ ਰਾਖ ਇਕੱਠੀ ਕਰਕੇ ਉਨ੍ਹਾਂ ਟੋਇਆਂ ਵਿੱਚ ਪਾ ਕੇ, ਉਹਨਾਂ ਉੱਪਰ ਦੋ ਸੰਘਣੀ ਛਾਂ ਵਾਲੇ ਰੁੱਖ ਲਗਾ ਦੇਣੇ ਹਨ। ਉਹਨਾਂ ਦਾ ਇਹ ਨੇਕ ਵਿਚਾਰ ਸਭ ਨੂੰ ਬਹੁਤ ਪਸੰਦ ਆਇਆ।
“ਉਹ ਸਾਡੇ ਪਰਿਵਾਰ ਦੇ ਬਾਬਾ ਬੋਹੜ ਸਨ। ਅਸੀਂ ਉਨ੍ਹਾਂ ਦੀ ਸੰਘਣੀ ਛਾਂ ਹੇਠਾਂ, ਉਹਨਾਂ ਦੇ ਪਿਆਰ ਦਾ ਨਿੱਘ ਮਾਣਦੇ ਵੱਡੇ ਹੋਏ ਹਾਂ। ਜਦੋਂ ਇਹ ਰੁੱਖ ਵੱਡੇ ਹੋ ਜਾਣਗੇ ਤਾਂ ਅਸੀਂ ਇਨ੍ਹਾਂ ਰੁੱਖਾਂ ਦੀ ਛਾਂ ਵਿੱਚੋਂ ਉਹਨਾਂ ਦੀ ਛਾਂ ਨੂੰ ਮਹਿਸੂਸ ਕਰਿਆ ਕਰਾਂਗੇ।” ਇੱਕ ਭਤੀਜਾ ਕਹਿ ਰਿਹਾ ਸੀ।
“ਜਿਨ੍ਹਾਂ ਖੇਤਾਂ ਵਿਚ ਉਹ ਸਾਰੀ ਜ਼ਿੰਦਗੀ ਮਿੱਟੀ ਨਾਲ ਮਿੱਟੀ ਹੁੰਦੇ ਰਹੇ ਸਨ, ਅਖੀਰ ਨੂੰ ਵੀ ਉਸੇ ਮਿੱਟੀ ਵਿੱਚ ਮਿਲ ਗਏ ਹਨ। ਬਾਪੂ ਕੋਲ ਬੈਠਕੇ ਉਹਨਾਂ ਦੀਆਂ ਹੱਡਬੀਤੀਆਂ ਸੁਣਦੇ ਹੋਏ, ਉਨ੍ਹਾਂ ਦੀਆਂ ਸਿੱਖਿਆਦਾਇਕ ਅਤੇ ਪਿਆਰ ਭਿੱਜੀਆਂ ਗੱਲਾਂ ਦਾ ਨਿੱਘ ਮਾਣਦੇ ਰਹੇ ਹਾਂ। ਕੰਮ ਕਰਦੇ ਜਦੋਂ ਥੱਕੇ ਹਾਰੇ ਉਹਨਾਂ ਰੁੱਖਾਂ ਦੀ ਛਾਂਵੇਂ ਆਰਾਮ ਕਰਨ ਬੈਠਿਆ ਕਰਾਂਗੇ ਤਾਂ ਉਹੀ ਪਿਆਰ ਤੇ ਨਿੱਘ ਮਹਿਸੂਸ ਕਰਿਆ ਕਰਾਂਗੇ।” ਉਹਨਾਂ ਦਾ ਪੁੱਤਰ ਕਹਿ ਰਿਹਾ ਸੀ।
“ਉਹਨਾਂ ਨੇ ਹਮੇਸ਼ਾ ਸਾਨੂੰ ਕਿਰਤ ਕਰਨ ਦਾ ਪਾਠ ਪੜ੍ਹਾਇਆ ਹੈ। ਹਵਾ ਵਿੱਚ ਝੂਮਦੀਆਂ ਟਾਹਣੀਆਂ ਅਤੇ ਪੱਤਿਆਂ ਦੀ ਸਰਸਰਾਹਟ ਸਾਨੂੰ ਕਿਰਤ ਕਰਨ ਦਾ ਸੰਦੇਸ਼ ਦਿੰਦੇ ਰਹਿਣਗੇ।” ਦੂਸਰਾ ਪੁੱਤਰ ਕਹਿ ਰਿਹਾ ਸੀ।
ਸੱਥਰ ’ਤੇ ਬੈਠੇ ਉਹਨਾਂ ਦੇ ਹਮਉਮਰ ਇੱਕ ਬਜ਼ੁਰਗ ਕਹਿ ਰਹੇ ਸਨ, “ਸ਼ਾਬਾਸ਼ੇ ਭਾਈ, ਤੁਹਾਡੀ ਦੇਖਾ ਦੇਖੀ ਜਦੋਂ ਦੂਸਰੇ ਵੀ ਇਸੇ ਤਰ੍ਹਾਂ ਰਾਖ ਪਾ ਕੇ ਖੇਤਾਂ ਵਿਚ, ਸਾਂਝੀਆਂ ਥਾਵਾਂ ’ਤੇ ਰੁੱਖ ਲਗਾਉਣ ਅਤੇ ਉਹਨਾਂ ਨੂੰ ਸਾਂਭਣ ਲੱਗ ਜਾਣਗੇ, ਫਿਰ ਹੀ ਪੰਜਾਬ ਦਾ ਭਲਾ ਹੋਵੇਗਾ। ਇੱਕ ਪੰਥ ਦੋ ਕਾਜ ਵਾਲੀ ਗੱਲ ਹੋ ਜਾਵੇਗੀ। ਇਸ ਤਰ੍ਹਾਂ ਨਹਿਰਾਂ ਦਰਿਆਵਾਂ ਦੇ ਪਾਣੀ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇਗਾ। ਬੱਚਿਓ, ਨਹਿਰਾਂ ਦਰਿਆਵਾਂ ਵਿਚ ਹਰ ਤਰ੍ਹਾਂ ਦਾ ਗੰਦ ਪਾਉਣ ਵਾਲਿਆਂ ਨੂੰ ਸਮਝ ਆ ਜਾਵੇਗੀ ਕਿ ਇਹ ਪਾਣੀ ਇੱਕ ਦਿਨ ਸਾਡੇ ਤੱਕ ਹੀ ਪਹੁੰਚਦਾ ਹੈ। ਰੁੱਖ ਮਨੁੱਖੀ ਜੀਵਨ ਦਾ ਅਧਾਰ ਹਨ। ਇਹ ਸਾਡੀਆਂ ਲੋੜਾਂ ਹੀ ਨਹੀਂ ਪੂਰੀਆਂ ਕਰਦੇ, ਸਾਡੇ ਵਾਤਾਵਰਣ ਨੂੰ ਵੀ ਸ਼ੁੱਧ ਕਰਦੇ ਹਨ। ਵਿਕਾਸ ਦੇ ਨਾਂਅ ਤੇ ਰੜੀ ਕੀਤੀ ਧਰਤੀ ਨਿੱਤ ਨਵੀਆਂ ਕੁਦਰਤੀ ਆਫ਼ਤਾਂ ਵਿਚ ਘਿਰਦੀ ਜਾ ਰਹੀ ਹੈ। ਵਾਤਾਵਰਣ ਵਿੱਚ ਆਇਆ ਵਿਗਾੜ ਮਨੁੱਖੀ ਜ਼ਿੰਦਗੀ ਲਈ ਦਰਪੇਸ਼ ਸਮੱਸਿਆਵਾਂ ਪੈਦਾ ਕਰ ਰਿਹਾ ਹੈ। ਰੁੱਖਾਂ ਬਾਝੋਂ ਦੂਸ਼ਿਤ ਹੋ ਰਹੀ ਹਵਾ, ਮਨੁੱਖਾਂ ਦੁਆਰਾ ਦੂਸ਼ਿਤ ਕੀਤੇ ਗਏ ਪਾਣੀ ਅਤੇ ਮਿੱਟੀ ਨੇ ਪੰਜਾਬ ਨੂੰ ਨਾਮੁਰਾਦ ਬੀਮਾਰੀ ਕੈਂਸਰ ਦਾ ਘਰ ਬਣਾ ਦਿੱਤਾ ਹੈ। ਇਸ ਤੋਂ ਪਹਿਲਾਂ ਕਿ ਸਭ ਕੁਝ ਤਬਾਹ ਹੋ ਜਾਵੇ, ਜਵਾਨੋ, ਮਿੱਟੀ, ਪਾਣੀ ਅਤੇ ਹਵਾ ਨੂੰ ਸਾਫ਼ ਸੁਥਰੀ ਬਣਾਉਣ ਦਾ ਰਲ ਮਿਲ ਕੇ ਹੰਭਲਾ ਮਾਰੋ।”
ਅੱਜ ਸਮੇਂ ਦੀ ਲੋੜ ਹੈ ਕਿ ਅੰਧ ਵਿਸ਼ਵਾਸ਼ ਕਾਰਨ ਬਹੁਤ ਸਾਰੇ ਰਸਮੋ ਰਿਵਾਜ ਜੋ ਸਾਡੇ ਸਮਾਜ ਨੂੰ ਘੁਣ ਵਾਂਗ ਖਾ ਰਹੇ ਹਨ, ਉਹਨਾਂ ਨੂੰ ਛੱਡ ਕੇ ਸਾਡੀ ਜ਼ਿੰਦਗੀ ਨੂੰ ਰੁਸ਼ਨਾਉਂਦੇ ਰਾਹਾਂ ’ਤੇ ਸਾਬਤ ਕਦਮੀਂ ਤੁਰਿਆ ਜਾਵੇ ਤਾਂ ਜੋ ਅਸੀਂ ਸਿਹਤਮੰਦ ਸਮਾਜ ਦੀ ਸਿਰਜਣਾ ਕਰ ਸਕੀਏ।
*****
(1339)