“ਅੱਜ ਸਾਨੂੰ ਇਹ ਵੀ ਨਿਰਖ ਪਰਖ ਕਰਨ ਦੀ ਲੋੜ ਹੈ ਕਿ ਦੇਸ਼ ਦੀ ਆਜ਼ਾਦੀ ਲਈ ਆਪਾ ਵਾਰਨ ਵਾਲੇ ...”
(11 ਫਰਵਰੀ 2023)
ਇਸ ਸਮੇਂ ਪਾਠਕ: 282.
ਘਰ ਤਾਂ ਉਸ ਵਿੱਚ ਵਸਣ ਵਾਲੇ ਪਰਿਵਾਰਾਂ ਨਾਲ ਬਣਦੇ ਹਨ। ਬਸ਼ਿੰਦਿਆਂ ਬਿਨਾਂ ਤਾਂ ਇੱਟਾਂ, ਗਾਰੇ, ਸੀਮਿੰਟ ਨਾਲ ਬਣਿਆ ਢਾਂਚਾ, ਦਿਲ ਤੋਂ ਬਗੈਰ ਹੱਡੀਆਂ ਦੇ ਪਿੰਜਰ ਵਾਂਗ ਹੀ ਹੁੰਦਾ ਹੈ। ਸਾਡੇ ਘਰ ਵਿੱਚ ਰਹਿਣ ਵਾਲਾ ਸਾਡਾ ਖਾਸਾ ਵੱਡਾ ਟੱਬਰ ਸੀ, ਜਿੱਥੇ ਸਾਰਾ ਦਿਨ ਰੌਲਾ ਰੱਪਾ ਪੈਂਦਾ ਰਹਿੰਦਾ। ਇਸਦੇ ਉਲਟ ਸਾਡੇ ਨਾਲ ਵਾਲਾ ਘਰ, ਜਿਸ ਨੂੰ ਅੰਮਾ ਵਾਲਾ ਘਰ ਕਹਿੰਦੇ ਸੀ, ਬਿਲਕੁਲ ਸੁੰਨ-ਮਸੁੰਨਾ ਸੀ। ਜਦੋਂ ਤੋਂ ਮੈਂ ਸੁਰਤ ਸੰਭਾਲੀ ਸੀ ਉਦੋਂ ਤੋਂ ਮੈਂ ਉਸ ਘਰ ਵਿੱਚ ਕੋਈ ਵਸਦਾ ਨਹੀਂ ਦੇਖਿਆ ਸੀ। ਘਰ ਕੀ ਸੀ? ਮਗਰ ਇੱਕ ਡਿੱਗੂ ਡਿੱਗੂ ਕਰਦੀ ਵੱਡੀ ਸਬਾਤ ਤੇ ਅੱਗੇ ਸਾਰਾ ਖਾਲੀ ਵਿਹੜਾ।
ਮੇਰੇ ਬਾਲ ਮਨ ਵਿੱਚ ਜਗਿਆਸਾ ਜਾਗਦੀ। ਇਸ ਘਰ ਵਿੱਚ ਕੋਈ ਰਹਿੰਦਾ ਕਿਉਂ ਨਹੀਂ? ਇਸ ਘਰ ਨੂੰ ਅੰਮਾ ਵਾਲਾ ਘਰ ਕਿਉਂ ਕਹਿੰਦੇ ਹਨ? ਮੈਂ ਆਪਣੀ ਮਾਂ ਦੁਆਲੇ ਹੋ ਜਾਂਦੀ ਅਤੇ ਉਸ ਨੂੰ ਸਵਾਲ-ਦਰ-ਸਵਾਲ ਕਰੀ ਜਾਂਦੀ ਕਿ ਇਸ ਘਰ ਵਿੱਚ ਕੋਈ ਰਹਿੰਦਾ ਕਿਉਂ ਨਹੀਂ? ਘਰ ਵਾਲੇ ਕਿੱਧਰ ਗਏ? ਪਰ ਮੇਰੀ ਮਾਂ ਕੋਲ ਮੇਰੇ ਸਵਾਲਾਂ ਦਾ ਕੋਈ ਜਵਾਬ ਨਹੀਂ ਸੀ। ਉਹ ਇਹ ਕਹਿ ਕੇ ਗੱਲ ਮੁਕਾ ਦਿੰਦੀ, “ਪੁੱਤ, ਜਿਸ ਦਿਨ ਦੀ ਮੈਂ ਇਸ ਘਰ ਵਿੱਚ ਆਈ ਹਾਂ, ਮੈਂ ਤਾਂ ਆਪ ਇਸ ਨੂੰ ਇੰਜ ਹੀ ਸੁੰਨਾ ਪਿਆ ਦੇਖਦੀ ਹਾਂ। ਬੱਸ, ਪਹਿਲਾਂ ਕੰਧ ਨਾਲ ਢਹਿ ਢੇਰੀ ਹੋ ਰਹੀਆਂ ਖੁਰਲੀਆਂ ਸਨ ਤੇ ਸਬਾਤ ਨਾਲ ਇੱਕ ਝਲਿਆਨੀ ਹੁੰਦੀ ਸੀ ਜੋ ਕਦੇ ਵਸਦੇ ਪਰਿਵਾਰ ਸਮੇਂ ਨਿੱਘੇ ਮੋਹ ਨਾਲ ਭਰੀ ਰਹਿੰਦੀ ਹੋਵੇਗੀ। ਘਰ ਦੀ ਸਵਾਣੀ ਜਦੋਂ ਚੁੱਲ੍ਹੇ ’ਤੇ ਤਵਾ ਧਰਦੀ ਹੋਵੇਗੀ ਤਾਂ ਬੱਚੇ ਉਸ ਦੁਆਲੇ ਘੇਰਾ ਘੱਤ ਤੁਹਾਡੇ ਵਾਂਗ ਰੌਲਾ ਪਾਉਂਦੇ ਹੋਣਗੇ - ਪਹਿਲੀ ਰੋਟੀ ਮੇਰੀ।” ਮੈਨੂੰ ਮਾਂ ਦੀਆਂ ਗੱਲਾਂ ਦੀ ਮੈਨੂੰ ਕੋਈ ਸਮਝ ਨਾ ਲਗਦੀ।
ਮਾਂ ਤੋਂ ਕੁਝ ਨਾ ਪੱਲੇ ਪੈਂਦਾ ਦੇਖ ਕੇ ਮੈਂ ਦਾਦੀ ਦੇ ਦੁਆਲੇ ਹੋ ਜਾਂਦੀ ਤੇ ਆਪਣਾ ਉਹੀ ਸਵਾਲ ਦਾਦੀ ਕੋਲ ਦੁਰਹਾ ਦਿੰਦੀ। ਦਾਦੀ ਮਾਂ ਕੁਝ ਬੋਲਣ ਤੋਂ ਪਹਿਲਾਂ ਗਮ ਵਿੱਚ ਭਿੱਜੇ ਹੌਕੇ ਭਰਦੀ। ਫਿਰ ਗਮਗੀਨ ਆਵਾਜ਼ ਵਿੱਚ ਮੈਨੂੰ ਦੱਸਣ ਲੱਗ ਪੈਂਦੀ, “ਕਦੇ ਪੁੱਤ ਇਸ ਘਰ ਵਿੱਚ ਵੀ ਜ਼ਿੰਦਗੀ ਧੜਕਦੀ ਸੀ, ਖੂਬ ਰੌਣਕਾਂ ਹੁੰਦੀਆਂ ਸਨ। ਬੱਚਿਆਂ ਦੇ ਹਾਸੇ ਪਹਾੜੀ ਨਦੀ ਦੀ ਝੱਗ ਵਾਂਗ ਹਵਾ ਵਿੱਚ ਤੈਰਦੇ ਫਿਰਦੇ ਸਨ। ਬਲਦਾਂ ਦੇ ਗਲਾਂ ਵਿੱਚ ਪਾਈਆਂ ਟੱਲੀਆਂ ਛਣਕਦੀਆਂ ਸਨ। ਮੂੰਹ ਹਨੇਰੇ ਹੀ ਚਾਟੀ ਵਿੱਚ ਘੁੰਮਦੀ ਮਧਾਣੀ ਦੀ ਘੁਮਕਾਰ ਨਾਲ ਪਾਠ ਕਰਦੀ ਘਰ ਦੀ ਸਵਾਣੀ ਦੀ ਮਿੱਠੜੀ ਅਵਾਜ਼ ਘਰ ਦੀ ਫਿਜ਼ਾ ਨੂੰ ਸੰਗੀਤਮਈ ਬਣਾ ਦਿੰਦੀ ਸੀ। ਧਾਰ ਕੱਢਣ ਲਈ ਅੜਾਉਂਦੀਆਂ ਮੱਝਾਂ ਅਤੇ ਗਾਵਾਂ, ਮਾਲਕਣ ਨੂੰ ਬਾਕੀ ਧੰਦੇ ਵਿੱਚੇ ਛੱਡ ਆਪਣੇ ਕੋਲ ਆਉਣ ਲਈ ਮਜਬੂਰ ਕਰਦੀਆਂ ਸਨ।
“ਬੜੀ ਕਾਮੀ ਔਰਤ ਸੀ ਭੋਲੀ। ਖੂਹ ਤੋਂ ਪਾਣੀ ਦੇ ਘੜੇ ਭਰ ਕੇ ਲਿਆਉਣੇ, ਪਸ਼ੂ ਡੰਗਰ ਦੀ ਸਾਂਭ-ਸੰਭਾਲ ਕਰਨੀ, ਖੇਤ ਰੋਟੀ ਦੇਣ ਜਾਣਾ। ਗੱਲ ਕੀ, ਸਾਰਾ ਦਿਨ ਊਰੀ ਵਾਂਗ ਘੁੰਮਦੀ ਰਹਿੰਦੀ ਸੀ। ਥਕੇਵਾਂ ਤਾਂ ਜਿਵੇਂ ਉਸ ਦੇ ਨੇੜੇ ਆਉਣ ਤੋਂ ਡਰਦਾ ਸੀ।”
ਮੇਰੇ ਕੋਲੋਂ ਸਬਰ ਨਾ ਹੁੰਦਾ। ਮੈਂ ਵਿੱਚੋਂ ਹੀ ਦਾਦੀ ਮਾਂ ਦੀ ਗੱਲ ਟੋਕ ਕੇ ਪੁੱਛਣ ਲੱਗ ਜਾਂਦੀ, “ਹੁਣ ਫਿਰ ਉਹ ਸਾਰੇ ਕਿੱਥੇ ਉੱਠ ਗਏ?”
“ਜਾਣਾ ਕਿੱਥੇ ਸੀ ਪੁੱਤ! ਪਤਾ ਨਹੀਂ ਕੁਦਰਤ ਕਿਉਂ ਇਸ ਘਰ ’ਤੇ ਕਰੋਪ ਹੋ ਗਈ। ਸਭ ਤੋਂ ਵੱਡਾ ਮੁੰਡਾ ਫੌਜ ਵਿੱਚ ਭਰਤੀ ਹੋ ਗਿਆ। ਅੱਗ ਲੱਗਣੀ ਪਹਿਲੀ ਸੰਸਾਰ ਜੰਗ ਲੱਗੀ ਹੋਈ ਸੀ। ਟ੍ਰੇਨਿੰਗ ਦੇ ਕੇ ਸਿੱਧਾ ਮਹਾਜ ’ਤੇ ਭੇਜ ਦਿੱਤਾ। ਬੁਰੀ ਤਰ੍ਹਾਂ ਫੱਟੜ ਹੋਣ ’ਤੇ ਅੰਗਰੇਜ਼ੀ ਹਕੂਮਤ ਨੇ ਕਲਕੱਤੇ ਦੇ ਹਸਪਤਾਲ ਵਿੱਚ ਦਾਖਲ ਕਰਾ ਦਿੱਤਾ। ਉਸ ਦਾ ਹਸਪਤਾਲ ਵਿੱਚ ਹੀ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲਿਆਂ ਜੂਝਾਰੂਆਂ ਨਾਲ ਮੇਲ ਹੋ ਗਿਆ। ਠੀਕ ਹੋਣ ’ਤੇ ਉਹ ਘਰ ਵਾਪਸ ਆਉਣ ਦੀ ਥਾਂ ਜੁਝਾਰੂਆਂ ਦਾ ਸਾਥੀ ਬਣ ਨਵੇਕਲੇ ਰਾਹਾਂ ਦਾ ਪਾਂਧੀ ਬਣ ਤੁਰ ਪਿਆ।
“ਮਗਰ ਦੋ ਧੀਆਂ ’ਤੇ ਇੱਕ ਪੁੱਤ ਉਸ ਘਰ ਦੇ ਵਿਹੜੇ ਦੀ ਰੌਣਕ ਸਨ। ਵਸਦੇ ਰਸਦੇ ਘਰ ਤੇ ਮਾੜੇ ਵਕਤ ਦਾ ਅਜਿਹਾ ਚੰਦਰਾ ਪਰਛਾਵਾਂ ਪਿਆ ਕਿ ਉਸ ਘਰ ਵਿੱਚ ਜਗਦੇ ਚਿਰਾਗਾਂ ਦੀ ਲੋਅ ਸਦਾ ਲਈ ਬੁਝ ਗਈ। ਪਹਿਲਾਂ ਮੁੰਡਾ ਅਤੇ ਫਿਰ ਦੋਨੋਂ ਕੁੜੀਆਂ ਨੂੰ, ਵਾਰੀ ਵਾਰੀ ਕੁਲਹਿਣੀ ਮੌਤ ਦੇ ਜ਼ਾਲਮ ਪੰਜੇ ਨੇ ਮਾਂ ਬਾਪ ਤੋਂ ਖੋਹ ਲਿਆ। ਹੋਣੀ ਦੀ ਮਾਰ ਨੇ ਘਰ ਦੇ ਚਾਨਣਾਂ ਨੂੰ ਨਿਗਲ ਕੇ ਗੂੜ੍ਹੇ ਕਾਲੇ ਹਨ੍ਹੇਰੇ ਵਿੱਚ ਤਬਦੀਲ ਕਰ ਦਿੱਤਾ।
“ਬੱਚਿਆਂ ਦੀ ਅਚਾਨਕ ਮੌਤ ਨੇ ਬਾਪ ਨੂੰ ਤੋੜ ਕੇ ਰੱਖ ਦਿੱਤਾ। ਉਹ ਐਨਾ ਵੱਡਾ ਸਦਮਾ ਨਾ ਸਹਿੰਦਾ ਹੋਇਆ ਆਪਣੀ ਹੋਸ਼ ਗਵਾ ਬੈਠਾ। ਛੇਤੀ ਹੀ ਬੱਚਿਆਂ ਦੇ ਮਗਰ ਹੀ ਇਸ ਜਹਾਨ ਤੋਂ ਰੁਖ਼ਸਤ ਹੋ ਗਿਆ। ਮਗਰ ਰਹਿ ਗਈ ਇਕਲਾਪਾ ਭੋਗਣ ਨੂੰ ਇਕੱਲੀ ਭੋਲੀ। ਪਹਿਲਾਂ ਵੱਡੇ ਮੁੰਡੇ ਦੇ ਘਰੇ ਵਾਪਸ ਨਾ ਆਉਣ ਦਾ ਦੁੱਖ, ਫਿਰ ਉਸ ਤੋਂ ਛੋਟੇ ਦੇ ਭਰ ਜਵਾਨੀ ਵਿੱਚ ਤੁਰ ਜਾਣ ਦਾ ਦੁੱਖ, ਆਖਰ ਨੂੰ ਬਚਪਨ ਵਿੱਚ ਹੀ ਦੋਨਾਂ ਧੀਆਂ ਦੀ ਮੌਤ। ਇੱਕ ਮਗਰੋਂ ਦੂਜਾ, ਤੀਜਾ ਫਿਰ ਚੌਥਾ ਹਾਦਸਾ। ਹਾਦਸੇ ਭੋਲੀ ਨੂੰ ਉਮਰ ਭਰ ਤੋੜਦੇ ਰਹੇ ਤੇ ਉਹ ਟੁਕੜੇ-ਟੁਕੜੇ ਜ਼ਿੰਦਗੀ ਨੂੰ ਆਪਣੇ ਹਠ ਨਾਲ ਜੋੜਨ ਦਾ ਉਪਰਾਲਾ ਕਰਦੀ ਰਹੀ ਪਰ ਕੁਦਰਤ ਉਸ ਉੱਤੇ ਫਿਰ ਵੀ ਮਿਹਰਬਾਨ ਨਾ ਹੋਈ।
“ਉਸ ਨੂੰ ਆਪਣਾ ਆਪ ਵੀ ਸੁੰਨੇ, ਵੀਰਾਨ ਅਤੇ ਉੱਜੜੇ ਘਰ ਵਾਂਗ ਖਾਲੀ ਖਾਲੀ ਲੱਗਦਾ। ਚਾਰ ਚੁਫੇਰੇ ਪਸਰੀ ਚੁੱਪ ਤਕ ਕੇ ਉਸ ਨੂੰ ਡੋਬੂ ਪੈਂਦੇ। ਪਰ ਉਸ ਨੂੰ ਆਪਣੇ ਵੱਡੇ ਪੁੱਤ ਦੇ ਵਾਪਸ ਆਉਣ ਦੀ ਇੱਕੋ ਇੱਕ ਆਸ ਦੀ ਕਿਰਨ ਸੀ ਜੋ ਉਸ ਨੂੰ ਜਿਊਣ ਲਈ ਸਾਹ ਬਖਸ਼ਦੀ ਸੀ।”
ਦਾਦੀ ਮਾਂ ਆਪਣੀ ਗੱਲ ਜਾਰੀ ਰੱਖਦੀ ਹੋਈ ਦੱਸੀ ਜਾ ਰਹੀ ਸੀ, “ਭੋਲੀ, ਜੋ ਮੇਰੀ ਜੇਠਾਣੀਆਂ ਦੇ ਥਾਂ ਲਗਦੀ ਸੀ, ਪਤਾ ਨਹੀਂ ਕਿਹੜੀ ਮਿੱਟੀ ਦੀ ਬਣੀ ਹੋਈ ਸੀ। ਬਹੁਤ ਕੁਝ ਖਤਮ ਹੋ ਜਾਣ ਦੇ ਬਾਵਜੂਦ ਵੀ ਉਸ ਨੇ ਸਬਰ ਸੰਤੋਖ ਦਾ ਪੱਲਾ ਘੁੱਟ ਕੇ ਫੜੀ ਰੱਖਿਆ। ਆਪਣੇ ਅੰਦਰੋਂ ਵੱਡੇ ਪੁੱਤ ਦੇ ਵਾਪਸ ਆਉਣ ਦੀ ਆਸ ਨੂੰ ਮੁੱਕਣ ਨਾ ਹੋਣ ਦਿੱਤਾ। ਉਸ ਨੂੰ ਪਤਾ ਸੀ ਕਿ ਉਸਦਾ ਪੁੱਤ ਦੇਸ਼ ਦੀਆਂ ਗੁਲਾਮੀ ਦੀਆਂ ਜ਼ੰਜੀਰਾਂ ਕੱਟਣ ਲਈ ਜੂਝ ਰਿਹਾ ਹੈ ਅਤੇ ਉਹ ਲਗਾਤਾਰ ਜੇਲ੍ਹਾਂ ਦਾ ਬਾਸ਼ਿੰਦਾ ਬਣਿਆ ਹੋਇਆ ਹੈ, ਇਸ ਲਈ ਘਰ ਨਹੀਂ ਆ ਰਿਹਾ। ਉਸ ਨੂੰ ਆਸ ਸੀ ਕਿ ਕਦੇ ਤਾਂ ਆਵੇਗਾ ਹੀ।
“ਜਿਉਂਦੇ ਜੀਅ ਪੁੱਤ ਨੂੰ ਦੇਖਣ, ਮਿਲਣ, ਉਸ ਦਾ ਘਰ ਵਸਦਾ ਦੇਖਣ ਦੀ ਚਾਹਤ, ਜਿਸ ਨੇ ਉਸ ਦੇ ਦਿਲ ਦੀ ਧੜਕਣ ਨੂੰ ਚੱਲਦੀ ਰੱਖਿਆ ਹੋਇਆ ਸੀ, ਨੂੰ ਪੂਰਾ ਹੁੰਦਾ ਦੇਖਣ ਲਈ ਉਹ ਲਗਾਤਾਰ ਸੱਤ ਮੱਸਿਆ ਤੁਰ ਕੇ ਅੰਮ੍ਰਿਤਸਰ ਨਹਾਉਣ ਜਾਂਦੀ ਰਹੀ। ਸਾਡੇ ਵਿੱਚੋਂ ਕੋਈ ਨਾ ਕੋਈ ਉਸ ਦੇ ਨਾਲ ਜਾਂਦਾ। ਪੈਰ ਸੁੱਜ ਕੇ ਪਥੋਲੀਆਂ ਵਰਗੇ ਹੋ ਜਾਂਦੇ। ਆਖ਼ਰ ਇੱਕ ਦਿਨ ਸਾਰੇ ਦੁੱਖਾਂ ਤੋਂ ਛੁਟਕਾਰਾ ਪਾ ਕੇ ਭੋਲੀ ਆਪਣੀ ਅਧੂਰੀ ਆਸ ਨੂੰ ਨਾਲ ਲੈ ਕੇ ਹੀ ਉਹ ਦੁਨੀਆਂ ਤੋਂ ਤੁਰ ਗਈ।
“ਆਖਰੀ ਉਮਰ ਵਿੱਚ ਇਸ ਘਰ ਵਿੱਚ ਇਕੱਲੀ ਰਹਿੰਦੀ ਰਹੀ ਹੋਣ ਕਰ ਕੇ ਹੀ ਇਸ ਨੂੰ ਸਾਰੇ ਅੰਮਾ ਵਾਲਾ ਘਰ ਕਹਿਣ ਲੱਗ ਪਏ ਸਨ। ਭੋਲੀ ਨੇ ਤਾਂ ਭਾਵੇਂ ਕੁਝ ਦੇਖਿਆ ਨਹੀਂ ਪਰ ਉਸ ਦੇ ਪੁੱਤ ਥੰਮ੍ਹਣ ਸਿਉਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਲਗਾਤਾਰ ਜੇਲ੍ਹਾਂ ਦੇ ਤਸੀਹੇ ਸਹਿ ਕੇ ਆਪਣੇ ਨਾਲ ਮਾਂ ਬਾਪ ਦਾ ਨਾਂ ਵੀ ਦੇਸ਼ ਲਈ ਕੁਰਬਾਨੀ ਕਰਨ ਵਾਲਿਆਂ ਦੇ ਇਤਿਹਾਸ ਵਿੱਚ ਲਿਖਾ ਦਿੱਤਾ।”
ਪੰਦਰਾਂ ਅਗਸਤ ਨੂੰ ਪਝੰਤਰਵਾਂ ਆਜ਼ਾਦੀ ਦਿਹਾੜਾ ਮਨਾਇਆ ਜਾਵੇਗਾ। ਪਰ ਸਾਨੂੰ ਇਹ ਅਹਿਸਾਸ ਕਿੱਥੇ ਹੈ ਕਿ ਇਸ ਆਜ਼ਾਦੀ ਲਾੜੀ ਨੂੰ ਵਿਆਹੁਣ ਲਈ ਕਿੰਨੇ ਨੌਜਵਾਨਾਂ ਨੇ ਹੱਸ ਹੱਸ ਕੇ ਫਾਂਸੀ ਦੇ ਰੱਸੇ ਗਲਾਂ ਵਿੱਚ ਪਵਾਏ। ਆਜ਼ਾਦੀ ਦੇ ਪਰਵਾਨਿਆਂ ਦੇ ਪਰਿਵਾਰਾਂ ਨੂੰ ਕਿੰਨੀਆਂ ਮਸੀਬਤਾਂ ਵਿੱਚੋਂ ਦੀ ਲੰਘਣਾ ਪਿਆ। ਜੇਲ੍ਹਾਂ ਵਿੱਚ ਸੜਦੇ ਪੁੱਤਾਂ ਨੂੰ ਯਾਦ ਕਰਕੇ ਮਾਵਾਂ ਮੋਮਬੱਤੀ ਵਾਂਗ ਸੜਦੀਆਂ ਰਹੀਆਂ। ਬਹੁਤਿਆਂ ਦੇ ਘਰ-ਘਾਟ, ਜ਼ਮੀਨਾਂ-ਜਾਇਦਾਦਾਂ ਕੁਰਕ ਕੀਤੀਆਂ ਗਈਆਂ। ਆਉਂਦੀ ਆਉਂਦੀ ਆਜ਼ਾਦੀ ਲੱਖਾਂ ਪੰਜਾਬੀਆਂ ਦੇ ਖੂਨ ਨਾਲ ਰੰਗੀ ਗਈ।
ਅੱਜ ਸਾਨੂੰ ਇਹ ਵੀ ਨਿਰਖ ਪਰਖ ਕਰਨ ਦੀ ਲੋੜ ਹੈ ਕਿ ਦੇਸ਼ ਦੀ ਆਜ਼ਾਦੀ ਲਈ ਆਪਾ ਵਾਰਨ ਵਾਲੇ ਸ਼ਹੀਦਾਂ ਨੇ ਦੇਸ ਨੂੰ ਜਿਹੋ ਜਿਹਾ ਬਣਾਉਣ ਦੇ ਸੁਪਨੇ ਲਏ ਸਨ, ਕੀ ਉਹਨਾਂ ਦੇ ਸੁਪਨੇ ਸਾਕਾਰ ਹੋਏ ਹਨ? ਲੱਖਾਂ ਮਾਂ ਭੋਲੀ ਵਰਗੀਆਂ ਮਾਵਾਂ ਜੋ ਸਾਰੀ ਜ਼ਿੰਦਗੀ ਪੁੱਤਾਂ ਨੂੰ ਤੱਕਣ ਲਈ ਤਰਸਦੀਆਂ ਇਸ ਜਹਾਨ ਤੋਂ ਬੇਆਸੀਆਂ ਤੁਰ ਗਈਆਂ, ਸਾਨੂੰ ਉਨ੍ਹਾਂ ਦੀ ਕੁਰਬਾਨੀ ਨੂੰ ਯਾਦ ਰੱਖਣਾ ਚਾਹੀਦਾ ਹੈ। ਅੱਜ ਹਰ ਨੌਜਵਾਨ ਆਪਣਾ ਦੇਸ਼ ਛੱਡ ਕੇ ਬਾਹਰਲੇ ਦੇਸ਼ਾਂ ਨੂੰ ਜਾਣ ਲਈ ਕਾਹਲਾ ਹੈ। ਉਹਨਾਂ ਨੂੰ ਬਾਹਰ ਵੱਲ ਭੱਜਣ ਦੀ ਬਜਾਏ ਜੋ ਸਹੂਲਤਾਂ ਸਾਨੂੰ ਬਾਹਰਲੇ ਮੁਲਕਾਂ ਵਿੱਚ ਮਿਲਦੀਆਂ ਹਨ, ਉਨ੍ਹਾਂ ਨੂੰ ਇਸ ਦੇਸ਼ ਵਿੱਚ ਹੀ ਪੈਦਾ ਕਰਨ ਲਈ ਯਤਨ ਕਰਨੇ ਚਾਹੀਦੇ ਹਨ ਤਾਂ ਜੋ ਦੇਸ਼ ਲਈ ਕੁਰਬਾਨੀ ਦੇਣ ਵਾਲਿਆਂ ਦੀ ਕੁਰਬਾਨੀ ਅਜਾਈਂ ਨਾ ਜਾਵੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3790)
(ਸਰੋਕਾਰ ਨਾਲ ਸੰਪਰਕ ਲਈ: