“ਆਖ਼ਿਰ ਉਹ ਸੁਲੱਖਣੀ ਘੜੀ ਕਦ ਆਵੇਗੀ ਜਦ ਅਸੀਂ ਆਪਣੇ ਸਿਰਾਂ ਤੋਂ ਕੰਮ ਲੈ ਕੇ ਇਹਨਾਂ ਅਖੌਤੀ ...”
(16 ਜਨਵਰੀ 2022)
ਅਲਬਰਟਾ ਦੇ ਕਸਬੇ ਐੱਡਸਨ (Edson) ਵਿੱਚ ਸਵੇਰ ਵੇਲੇ ਘਰ ਵਾਲਿਆਂ ਨੂੰ
ਬਾਹਰੋਂ ਬਾਰੀ ਵਿੱਚੀਂ ‘ਸ਼ੁਭ ਸਵੇਰ’ ਕਹਿ ਰਿਹਾ ਹਿਰਨ
ਸਾਡਾ ਮਨ ਵੀ ਬੜੀ ਅਜ਼ੀਬ ਸ਼ੈਅ ਹੈ। ਇੱਕ ਪਲ ਵਿੱਚ ਹੀ ਪਤਾ ਨਹੀਂ ਕਿਧਰੋਂ ਕਿੱਧਰ ਤਕ ਘੁੰਮ ਆਉਂਦਾ ਹੈ। ਜਿਸ ਤਰ੍ਹਾਂ ਪਤਝੜ ਦੇ ਪੱਤੇ ਹਵਾ ਦੇ ਇੱਕ ਬੁੱਲੇ ਨਾਲ ਸੰਵਰੇ ਸੰਵਾਰੇ ਵਿਹੜੇ ਵਿੱਚ ਅਚਾਨਕ ਆ ਕੇ ਤੁਹਾਡੇ ਸਾਹਮਣੇ ਆ ਕੇ ਰੁਕ ਜਾਂਦੇ ਹਨ, ਉਸੇ ਤਰ੍ਹਾਂ ਮਨ ਵਿੱਚ ਸਾਂਭੀਆਂ ਪੁਰਾਣੀਆਂ ਯਾਦਾਂ ਚੁੱਪ ਚੁਪੀਤੀਆਂ ਇਹਨਾਂ ਪੱਤਿਆਂ ਦੀ ਤਰ੍ਹਾਂ ਤੁਹਾਡੀਆਂ ਅੱਖਾਂ ਸਾਹਮਣੇ ਆਣ ਖੜ੍ਹੀਆਂ ਹੋ ਜਾਂਦੀਆਂ ਹਨ। ਅੱਜ ਵੀ ਇੱਕ ਅਜਿਹੀ ਘਟਨਾ ਯਾਦ ਆ ਗਈ ਹੈ, ਜੋ ਹੈ ਤਾਂ ਬਹੁਤ ਵਰ੍ਹੇ ਪਹਿਲਾਂ ਦੀ, ਪਰ ਅੱਜ ਦੇ ਸਮੇਂ ਵਿੱਚ ਵੀ ਬਹੁਤ ਮਹੱਤਤਾ ਰੱਖਦੀ ਹੈ।
ਸਾਡੇ ਆਪਣੇ ਨੇੜਲਿਆਂ ਵਿੱਚੋਂ ਲੱਗਦੇ ਵੀਰ ਨੇ ਆਪਣੇ ਤਿੰਨ ਹੋਰ ਦੋਸਤਾਂ ਨਾਲ ਕੁਝ ਦਿਨਾਂ ਲਈ ਬਾਹਰ ਘੁੰਮਣ ਜਾਣ ਦੀ ਸਲਾਹ ਬਣਾਈ। ਉਹਨਾਂ ਨੇ ਕਿਸੇ ਰਮਣੀਕ ਪਹਾੜੀ ਸਥਾਨ ’ਤੇ ਕੁਝ ਦਿਨ ਗੁਜ਼ਾਰਨੇ ਸਨ। ਸਾਰੀ ਸਕੀਮ ਬਣਾ ਕੇ ਜਦੋਂ ਉਹ ਘਰੋਂ ਤੁਰਨ ਲੱਗੇ ਤਾਂ ਵੀਰ ਦਾ ਇੱਕ ਦੋਸਤ ਕਹਿਣ ਲੱਗਾ, “ਆਪਾਂ ਨੂੰ ਮੰਜ਼ਲ ’ਤੇ ਪਹੁੰਚਣ ਲਈ ਇੱਕ ਰਾਤ ਰਾਹ ਵਿੱਚ ਰਹਿਣਾ ਪਵੇਗਾ। ਆਪਾਂ ਉਹ ਰਾਤ ਮੇਰੇ ਬਚਪਨ ਦੇ ਯਾਰ ਸਾਧੂ ਕੋਲ ਰਹਾਂਗੇ। ਭਾਵੇਂ ਮਾਪਿਆਂ ਨੇ ਤਾਂ ਉਸ ਦਾ ਨਾਂ ਸੁਤੇ-ਸਿੱਧ ਹੀ ਸਾਧੂ ਰੱਖਿਆ ਸੀ ਪਰ ਉਹ ਤਾਂ ਸੱਚਮੁੱਚ ਹੀ ਸਾਧੂ ਬਣ ਗਿਆ ਹੈ। ... ਛੋਟੀ ਉਮਰ ਵਿੱਚ ਹੀ ਉਹ ਇੱਕ ਡੇਰੇ ਦੇ ਮੁਖੀ ਦਾ ਸ਼ਰਧਾਲੂ ਬਣ ਗਿਆ ਤੇ ਅੱਜ ਕੱਲ੍ਹ ਉਸ ਡੇਰੇ ਦਾ ਮਾਲਕ ਹੈ। ਉਸ ਡੇਰੇ ਦੇ ਮੰਨਤਾਂ ਕਰਨ ਵਾਲੇ ਭਗਤਾਂ ਦੀ ਗਿਣਤੀ ਲੱਖਾਂ ਵਿੱਚ ਹੈ।”
ਵੀਰੇ ਨੇ ਵਾਪਸ ਆ ਕੇ ਸਾਨੂੰ ਉਸ ਸਾਧੂ ਦੇ ਡੇਰੇ ਦੀਆਂ ਗੱਲਾਂ ਸੁਣਾਈਆਂ ਸਨ। ਉਸ ਨੇ ਦੱਸਿਆ ਸੀ:
ਅਸੀਂ ਆਥਣੇ ਜਿਹੇ ਡੇਰੇ ਵਿੱਚ ਪਹੁੰਚ ਗਏ। ਨੀਮ ਪਹਾੜੀ ਇਲਾਕੇ ਵਿੱਚ ਨਦੀ ਦੇ ਕੰਢੇ ਬਣਿਆ, ਚਾਰ ਚੁਫੇਰੇ ਸੰਘਣੇ ਹਰਿਆਲੇ ਰੁੱਖਾਂ ਨਾਲ ਭਰਿਆ ਹੋਇਆ ਇਹ ਡੇਰਾ ਬਹੁਤ ਖੂਬਸੂਰਤ ਜਗ੍ਹਾ ’ਤੇ ਹੈ। ਆਸੇ ਪਾਸੇ ਦੇ ਮਨਮੋਹਕ ਦ੍ਰਿਸ਼ਾਂ ਨੇ ਤਾਂ ਸਾਨੂੰ ਕੀਲ ਹੀ ਲਿਆ। ਡੇਰੇ ਦੇ ਅੰਦਰ ਜਾ ਕੇ ਹਰ ਤਰ੍ਹਾਂ ਦੀਆਂ ਮਿਲਦੀਆਂ ਸਹੂਲਤਾਂ, ਸਾਡਾ ਇੱਥੇ ਰਹਿਣ ਦਾ ਕੀਤਾ ਫੈਸਲਾ ਸਹੀ ਸਾਬਤ ਕਰ ਰਹੀਆਂ ਸਨ।
ਜਿਉਂ ਹੀ ਸੂਰਜ ਨੇ ਕਿਸੇ ਹੋਰ ਦੇਸ ਵਿੱਚ ਹਨੇਰੇ ਨੂੰ ਲੋਅ ਵਿੱਚ ਬਦਲਣ ਲਈ ਇਸ ਖਿੱਤੇ ਵਿੱਚੋਂ ਵਿਦਾ ਲਈੀ ਤਾਂ ਸਾਨੂੰ ਅਟੈਚੀ ਵਿੱਚ ਪਈ ਬੋਤਲ ਸੈਨਤਾਂ ਮਾਰਨ ਲੱਗ ਪਈ। ਅਸੀਂ ਆਪਣੇ ਦੋਸਤ ਨੂੰ ਹੁੰਝਾ ਮਾਰਨ ਲੱਗ ਪਏ ਕਿ ਹੁਣ ਆਪਣੇ ਯਾਰ ਸਾਧੂ ਕੋਲੋਂ ਇਜਾਜ਼ਤ ਲੈ ਲਵੇ। ਖਹਿੜਾ ਨਾ ਛੁੱਟਦਾ ਦੇਖ ਕੇ ਦੋਸਤ ਸਾਧੂ ਨੂੰ ਆਪਣੇ ਕੋਲ ਸੱਦ ਕੇ ਕਹਿਣ ਲੱਗਾ, “ਮਹਾਤਮਾ ਜੀ, ਅਸੀਂ ਤਾਂ ਘਰੋਂ ਚਾਰ ਦਿਨ ਸ਼ੁਗਲ-ਮੇਲਾ ਕਰਨ ਆਏ ਹਾਂ। ਸਾਨੂੰ ਕੋਈ ਅਜਿਹੀ ਥਾਂ ਦੱਸੋ, ਜਿੱਥੇ ਬੈਠ ਕੇ ਘੁੱਟ ਘੁੱਟ ਪੀ ਕੇ ਥਕੇਵਾਂ ਲਾਹ ਲਈਏ।“
ਸਾਧੂ ਸਾਨੂੰ ਇੱਕ ਕਮਰੇ ਵਿੱਚ ਲੈ ਗਿਆ। ਦਰਵਾਜਾ ਭੇੜ ਕੇ ਉਹ ਸਾਡੇ ਕੋਲ ਹੀ ਬੈਠ ਗਿਆ। ਅਸੀਂ ਬੋਤਲ ਕੱਢ ਕੇ ਚਹੁੰ ਗਲਾਸਾਂ ਵਿੱਚ ਪਾ ਲਈ ਤਾਂ ਸਾਡਾ ਮਿੱਤਰ ਆਪਣੇ ਦੋਸਤੀ ਵਾਲੇ ਲਹਿਜ਼ੇ ਵਿੱਚ ਪੁੱਛਣ ਲੱਗਾ, “ਸਾਧੂ, ਲਵੇਂਗਾ ਤੂੰ ਵੀ ਦੋ ਘੁੱਟਾਂ?” “ਲੇ ਲੇਂਗੇ” ਸਾਧੂ ਦਾ ਜਵਾਬ ਸੀ।
ਅਸੀਂ ਅਜੇ ਗਲਾਸ ਚੁੱਕੇ ਹੀ ਸੀ ਕਿ ਇੱਕ ਭਗਤ ਨੇ ਦਰਵਾਜ਼ੇ ਨੇ ਦਰਵਾਜਜਾ ਖਟਖਟਕਾਇਆ ਅਤੇ ਬਿਨਾਂ ਜਵਾਬ ਦੀ ਉਡੀਕ ਕੀਤਿਆਂ ਦਰਵਾਜਾ ਖੋਲ੍ਹ ਕੇ ਅੰਦਰ ਆ ਗਿਆ। ਅਸੀਂ ਝੱਟ ਗਲਾਸ ਆਸੇ ਪਾਸੇ ਰੱਖਣ ਲੱਗ ਪਏ ਪਰ ਸਾਧੂ ਨੇ ਆਪਣਾ ਗਲਾਸ ਹੱਥ ਵਿੱਚ ਫੜੀ ਰੱਖਿਆ। ਸਾਨੂੰ ਬੜੀ ਨਮੋਸ਼ੀ ਹੋਈ। ਜਿਉਂ ਹੀ ਭਗਤ ਵਾਪਸ ਗਿਆ, ਦੋਸਤ ਕਹਿਣ ਲੱਗਾ, “ਯਾਰ ਅਸੀਂ ਐਵੇਂ ਤੈਨੂੰ ਪਾ ਦਿੱਤੀ, ਭਗਤ ਕੀ ਸੋਚੇਗਾ?”
“ਸ਼ਰਧਾ ਅੰਧੀ ਹੋਤੀ ਹੈ। ਅੰਧਾ ਭਗਤ ਸੋਚਤਾ ਨਹੀਂ ਹੈ।” ਸਾਧੂ ਨੇ ਸਹਿਜ ਨਾਲ ਜਵਾਬ ਦਿੱਤਾ।
“ਪਰ ਗਲਾਸ ਤਾਂ ਤੇਰੇ ਹੱਥ ਵਿੱਚ ਸੀ...।” ਮੈਂ ਹੈਰਾਨੀ ਨਾਲ ਕਿਹਾ।
“ਉਸ ਕੋ ਯੇ ਦਿਖਾਈ ਨਹੀਂ ਦੀਆ ਹੋਗਾ।” ਸਾਧੂ ਦਾ ਜਵਾਬ ਸੀ।
“ਪਰ ਸਾਹਮਣੇ ਰੰਮ ਵਾਲੀ ਬੋਤਲ ਤਾਂ ਪਈ ਸੀ।” ਮੇਰੇ ਕੋਲੋਂ ਫਿਰ ਕਿਹਾ ਗਿਆ।
“ਅਗਰ ਉਸ ਨੇ ਯੇ ਦੇਖ ਭੀ ਲੀ ਹੋਗੀ ਤੋਂ ਵੋ ਸੋਚੇਗਾ ਕਿ ਮਹਾਤਮਾ ਕਾ ਯੇਹ ਭੀ ਕੋਈ ਕੌਤਕ ਹੋਗਾ।”
ਅੱਜ ਜਦੋਂ ਥਾਂ ਥਾਂ ਉੱਗੇ ਡੇਰਿਆਂ ਅਤੇ ਧਾਰਮਿਕ ਸਥਾਨਾਂ ’ਤੇ ਮੱਥੇ ਰਗੜਦੇ ਲੋਕ ਆਪ ਦਿਨੋ-ਦਿਨ ਰੋਟੀ ਤੋਂ ਆਤਰ ਹੁੰਦੇ ਜਾ ਰਹੇ ਹਨ ਪਰ ਦੇਰਿਆਂ ਦੀ ਸੰਪਤੀ ਕਰੋੜਾਂ ਅਰਬਾਂ ਵਿੱਚ ਵਧ-ਫੁੱਲ ਰਹੀ ਹਨ ਤਾਂ ਸਾਧੂ ਦੀ ਕਹੀ ਇਹ ਗੱਲ ਸੱਚ ਲੱਗ ਰਹੀ ਹੈ।
ਇਸੇ ਤਰ੍ਹਾਂ ਫਿਲਮੀ ਚਕਾਚੌਂਧ ਦੇ ਹੀਰੋ ਵੱਖ-ਵੱਖ ਤਰ੍ਹਾਂ ਦੀਆਂ ਵਸਤਾਂ ਦੀਆਂ ਮਸ਼ਹੂਰੀਆਂ ਦੇ ਕੇ ਆਪ ਕਰੋੜਾਂ ਰੁਪਏ ਕਮਾਉਂਦੇ ਹਨ ਪਰ ਅਸੀਂ ਲੋਕ ਬਿਨਾਂ ਸੋਚੇ ਸਮਝੇ ਉਹਨਾਂ ਵਸਤਾਂ ਨੂੰ ਖਰੀਦਣ ਲਈ ਉਤਾਵਲੇ ਹੋ ਜਾਂਦੇ ਹਾਂ।
ਸਾਡੇ ਸਿਆਸੀ ਰਹਿਬਰ ਆਪਣੀਆਂ ਕੁਰਸੀਆਂ ਕਾਇਮ ਰੱਖਣ ਲਈ ਅਜਿਹੇ ਭਾਸ਼ਣ ਦਿੰਦੇ ਹਨ ਜਾਂ ਸ਼ੋਸ਼ੇ ਛੱਡਦੇ ਹਨ ਕਿ ਸਾਡਾ ਧਿਆਨ ਅਸਲ ਮੁੱਦਿਆਂ, ਜਿਵੇਂ ਛਾਲਾਂ ਮਾਰਦੀ ਮਹਿੰਗਾਈ, ਨਾਕਸ ਸਿਹਤ ਸਹੂਲਤਾਂ, ਚਰਮਰਾ ਰਿਹਾ ਵਿੱਦਿਅਕ ਢਾਂਚਾ, ਵਿਗੜੀ ਕਾਨੂੰਨ ਵਿਵਸਥਾ, ਭ੍ਰਿਸ਼ਟਾਚਾਰ ਤੋਂ ਭਟਕਾ ਕੇ ਜਾਤ-ਪਾਤ, ਧਰਮ ਦੇ ਨਾਂ ’ਤੇ ਵੰਡੀਆਂ ਪਾ ਕੇ ਲੋਕਾਂ ਵਿੱਚ ਨਫ਼ਰਤ ਪੈਦਾ ਕਰ ਰਹੇ ਹਨ। ਅਸੀਂ ਉਨ੍ਹਾਂ ਦੀ ਲਾਲਸਾ ਨੂੰ ਅੱਖਾਂ ਤੋਂ ਪਰੋਖੇ ਕਰ ਕੇ ਅੰਨ੍ਹੇ ਵਾਹ ਉਹਨਾਂ ਦੇ ਮਗਰ ਲੱਗ ਰਹੇ ਹਾਂ।
ਕੁਰਸੀ ਦੀ ਖਾਤਰ ਸਿਆਸੀ ਫਿਜ਼ਾ ਨੂੰ ਆਪਣੇ ਹੱਕ ਵਿੱਚ ਬਣਾਉਣ ਲਈ ਝੂਠ ਦਾ ਸਹਾਰਾ ਲੈਣ ਸਮੇਂ ਇਹ ਲੋਕ ਹਰ ਤਰ੍ਹਾਂ ਦੀਆਂ ਹੱਦਾਂ ਟੱਪ ਜਾਂਦੇ ਹਨ। ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨੂੰ ਪੰਜਾਬ ਆਮਦ ’ਤੇ ਕਿਸੇ ਨੇ ਓਏ ਤਕ ਨਹੀਂ ਕਿਹਾ ਪਰ ਉਸ ਦੀ ਸੁਰੱਖਿਆ ਨੂੰ ਲੈ ਕੇ ਉਹ ਰੌਲਾ ਪਾਇਆ ਗਿਆ ਕਿ ਪੁੱਛੋ ਹੀ ਨਾ। ਲੋਕ ਬਿਨਾਂ ਸੱਚ ਨੂੰ ਜਾਣੇ ਹਰ ਤਰ੍ਹਾਂ ਦੀਆਂ ਧਾਰਮਿਕ ਰਸਮਾਂ ਜਿਵੇਂ ਹਵਨ ਆਦਿ ਉਸ ਦੀ ਲੰਮੀ ਉਮਰ ਲਈ ਕਰਵਾ ਰਹੇ ਹਨ।
ਆਖ਼ਿਰ ਉਹ ਸੁਲੱਖਣੀ ਘੜੀ ਕਦ ਆਵੇਗੀ ਜਦ ਅਸੀਂ ਆਪਣੇ ਸਿਰਾਂ ਤੋਂ ਕੰਮ ਲੈ ਕੇ ਇਹਨਾਂ ਅਖੌਤੀ ਰਹਿਬਰਾਂ ਦੀ ਅਸਲੀਅਤ ਨੂੰ ਪਛਾਣ ਕੇ ਆਮ ਲੋਕਾਈ ਦੀ ਜ਼ਿੰਦਗੀ ਦਾ ਪੱਧਰ ਉੱਚਾ ਚੁੱਕਣ ਦਾ ਯਤਨ ਕਰਾਂਗੇ?
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਲੇਖਾਂ ਨਾਲ ਦਿੱਤੀਆਂ ਤਸਵੀਰਾਂ ਕੁਝ ਸਮੇਂ ਬਾਅਦ ਲਾਹ ਦਿੱਤੀਆਂ ਜਾਂਦੀਆਂ ਹਨ।
(3284)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)