“ਸਰਹੱਦਾਂ ਉੱਤੇ ਤਣਾਅ ਵਧਦਾ ਹੈ ਤਾਂ ਸਾਨੂੰ ਘਰ-ਬਾਰ ਛੱਡ ਕੇ ਜਾਣ ਦਾ ...”
(20 ਸਤੰਬਰ 2019)
ਸਾਡੇ ਘਰਾਂ ਦਾ ਕੂੜਾ ਚੁੱਕਣ ਕਾਰਪੋਰੇਸ਼ਨ ਦੀ ਗੱਡੀ ਆਉਂਦੀ ਹੈ। ਹਰ ਤੀਜੇ ਚੌਥੇ ਘਰ ਅੱਗੇ ਖੜ੍ਹਕੇ ਉਹ ਪਾਣੀ ਦੀ ਸੰਭਾਲ ਕਰਨ ਲਈ ਰਿਕਾਰਡ ਕੀਤੀ ਗੱਲਬਾਤ ਦੀ ਰੀਲ ਲਾ ਦਿੰਦੀ ਹੈ ਤਾਂ ਜੋ ਲੋਕ ਪਾਣੀ ਦੀ ਵਰਤੋਂ ਸੁਚੱਜੇ ਢੰਗ ਨਾਲ ਕਰਨ। ਪੰਜਾਬ ਨੂੰ ਪਿਆਰ ਕਰਨ ਵਾਲੇ, ਸਮਾਜਸੇਵੀ ਸੰਸਥਾਵਾਂ, ਵਿਦਵਾਨ, ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਅਤੇ ਸਮਝਦਾਰ ਆਮ ਲੋਕ ਇਸ ਚਿੰਤਾ ਵਿੱਚ ਹਨ ਕਿ ਧਰਤੀ ਅੰਦਰ ਦਿਨੋ-ਦਿਨ ਡੂੰਘੇ ਹੋ ਰਹੇ ਪਾਣੀ ਕਾਰਨ ਇੱਕ ਦਿਨ ਪੰਜਾਬ ਬੰਜਰ ਹੋ ਜਾਵੇਗਾ।
ਫ਼ਿਕਰ ਕਰਨ ਵਾਲੀ ਗੱਲ ਹੈ ਵੀ ਠੀਕ ਕਿਉਂਕਿ ਪਾਣੀ ਹੀ ਹੈ ਜੋ ਸੰਜੀਵਾਂ ਨੂੰ ਜ਼ਿੰਦਗੀ ਬਖਸ਼ਦਾ ਹੈ। ਜੇ ਇਸ ਪਾਣੀ ਨੂੰ ਸਾਂਭਣ ਦੇ ਯਤਨ ਕੀਤੇ ਹੁੰਦੇ ਤਾਂ ਅੱਜ ਪੰਜਾਬ ਦੇ ਸੈਂਕੜੇ ਪਿੰਡ ਜੋ ਇਸ ਪਾਣੀ ਤੋਂ ਮਿਲਣ ਵਾਲੀ ਜ਼ਿੰਦਗੀ ਦੀ ਥਾਂ ਮੌਤ ਦੇ ਪ੍ਰਛਾਵੇਂ ਹੇਠ ਨਾ ਜੀਅ ਰਹੇ ਹੁੰਦੇ। ਉਹਨਾਂ ਦੇ ਘਰ ਢਹਿ ਰਹੇ ਹਨ, ਪਸ਼ੂ ਪਾਣੀ ਵਿੱਚ ਰੁੜ੍ਹ ਰਹੇ ਹਨ ਜਾਂ ਭੁੱਖੇ ਮਰ ਰਹੇ ਹਨ। ਫਸਲਾਂ ਬਰਬਾਦ ਹੋ ਗਈਆਂ ਹਨ। ਪਾਣੀ ਵਿੱਚ ਘਿਰੇ ਲੋਕ ਆਪਣਾ ਸਭ ਕੁਝ ਗਵਾ ਕੇ ਪੀਣ ਵਾਲੇ ਪਾਣੀ ਲਈ ਤਰਸ ਰਹੇ ਹਨ। ਭੁੱਖੇ ਢਿੱਡ ਇਸ ਆਫ਼ਤ ਨਾਲ ਆਈ ਤਬਾਹੀ ਨੂੰ ਤੱਕ ਰਹੇ ਹਨ। ਗੰਦਗੀ ਕਾਰਨ ਆਈਆਂ ਬੀਮਾਰੀਆਂ ਆਪਣਾ ਜਲਵਾ ਦਿਖਾ ਰਹੀਆਂ ਹਨ।
ਸਦਕੇ ਜਾਈਏ ਪੰਜਾਬੀਆਂ ਦੇ ਜਿਨ੍ਹਾਂ ਬਾਬੇ ਨਾਨਕ ਦੇ ਉਪਦੇਸ਼ 'ਕਿਰਤ ਕਰੋ, ਵੰਡ ਛਕੋ' ਦੇ ਧਾਰਨੀ ਬਣਕੇ ਇਸ ਆਫ਼ਤ ਸਮੇਂ ਆਪਣੇ ਹਮਸਾਇਆ ਦੀ ਬਾਂਹ ਫੜੀ ਹੈ। ਉਹਨਾਂ ਦੀ ਮਦਦ ਲਈ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ, ਬਾਹਰਲੇ ਦੇਸ਼ਾਂ ਵਿੱਚ ਵਸਦੇ ਪੰਜਾਬੀ, ਹਰ ਭਲਾ ਸ਼ਖਸ ਸਭ ਇੱਕ ਜੁੱਟ ਹੋ ਕੇ ਨਿਆਸਰਿਆਂ ਦੀ ਆਸ ਬਣਕੇ ਉਹਨਾਂ ਤੱਕ ਪਹੁੰਚ ਕਰ ਰਹੇ ਹਨ। ਲੋਹ ਲੰਗਰ ਤਪ ਰਹੇ ਹਨ। ਪਾਣੀ ਵਿੱਚ ਘਿਰੇ ਲੋਕਾਂ ਲਈ ਖਾਣਾ, ਪਾਣੀ ਦਵਾਈਆਂ, ਮੱਛਰਦਾਨੀਆਂ, ਪਸ਼ੂਆਂ ਲਈ ਚਾਰਾ ਜਾਨ ਜੋਖ਼ਮ ਵਿੱਚ ਪਾ ਕੇ ਵੀ ਪਹੁੰਚਾਉਣ ਦੇ ਯਤਨ ਕੀਤੇ ਜਾ ਰਹੇ ਹਨ। ਕਿਸ਼ਤੀਆਂ, ਟਿਊਬਾਂ ਜੋ ਕੁਝ ਵੀ ਉਹਨਾਂ ਨੂੰ ਪਾਣੀ ਵਿੱਚ ਘਿਰੇ ਲੋਕਾਂ ਤੱਕ ਪਹੁੰਚਣ ਲਈ ਸਹਾਈ ਹੈ, ਉਸਦੀ ਵਰਤੋਂ ਕਰਕੇ ਉਨ੍ਹਾਂ ਤੱਕ ਜਾਣ ਦਾ ਯਤਨ ਕੀਤਾ ਜਾ ਰਿਹਾ ਹੈ।
ਵਜ਼ੀਰਾਂ ਅਤੇ ਅਫ਼ਸਰਸ਼ਾਹੀ ਵਲੋਂ ਹੋਇਆਂ ਨੁਕਸਾਨ ਜਾਣਨ ਲਈ ਗੇੜੇ ਮਾਰੇ ਜਾ ਰਹੇ ਹਨ। ਡਰੇਨ ਵਿਭਾਗ ਨਾਲ ਸਬੰਧਤ ਅਧਿਕਾਰੀ ਇਹ ਕਹਿ ਰਹੇ ਹਨ ਕਿ ਸਾਨੂੰ ਸਮੇਂ ਸਿਰ ਗਰਾਂਟ ਨਹੀਂ ਦਿੱਤੀ ਜਾਂਦੀ। ਹਕੀਕਤ ਇਹ ਹੈ ਕਿ ਡਰੇਨਾਂ ਦੀ ਸਫ਼ਾਈ ਕਾਗਜ਼ਾਂ ਵਿੱਚ ਹੀ ਕੀਤੀ ਜਾਂਦੀ ਹੈ। ਸਾਫ ਨਾ ਹੋਣ ਕਾਰਨ ਬਾਰਸ਼ ਸਮੇਂ ਪਾਣੀ ਦੀ ਡਾਫ਼ ਲੱਗ ਜਾਂਦੀ ਹੈ। ਪਾਣੀ ਪਿੰਡਾਂ ਵਿੱਚ ਵੜ ਜਾਂਦਾ ਹੈ। ਦਰਿਆਵਾਂ ਵਿੱਚ ਪਾਣੀ ਘਟਣ ਕਾਰਨ ਇਸਦੇ ਕੰਢੇ ਨੇੜਲੇ ਇਲਾਕਿਆਂ ਤੇ ਰਸੂਖਵਾਨ ਕਬਜ਼ਾ ਕਰ ਲੈਂਦੇ ਹਨ। ਇਸੇ ਤਰ੍ਹਾਂ ਪਾਣੀ ਦੇ ਕੁਦਰਤੀ ਵਹਾਅ ਲਈ ਬਣੀਆਂ ਡਰੇਨਾਂ ਉੱਤੇ ਵੀ ਕਬਜ਼ੇ ਹੋ ਜਾਂਦੇ ਹਨ। ਬਰਸਾਤ ਸਮੇਂ ਦਰਿਆ ਪਾਣੀ ਨਹੀਂ ਝੱਲ ਪਾਉਂਦੇ। ਧੁੱਸੀ ਬੰਨ੍ਹਾਂ ਦੇ ਟੁੱਟਣ ਕਾਰਨ ਅਨੇਕਾਂ ਪਿੰਡ ਪਾਣੀ ਦੀ ਲਪੇਟ ਵਿੱਚ ਆ ਜਾਂਦੇ ਹਨ। ਇਹ ਨਜਾਇਜ਼ ਕਬਜ਼ੇ ਜੋ ਹੜ੍ਹਾਂ ਵਾਲੀ ਸਥਿਤੀ ਪੈਦਾ ਕਰਦੇ ਹਨ, ਇਹ ਕਿਉਂ ਹੋਣ ਦਿੱਤੇ ਜਾਂਦੇ ਹਨ? ਸਰਕਾਰਾਂ ਲਈ ਇਹ ਕੋਈ ਵੱਡੀ ਗੱਲ ਨਹੀਂ। ਸਮੇਂ ਸਿਰ ਸਫਾਈ ਕਰਾਈ ਜਾਵੇ, ਨਜਾਇਜ਼ ਕਬਜ਼ੇ ਰੋਕੇ ਜਾਣ। ਪਾਣੀ ਦੇ ਕੁਦਰਤੀ ਵਹਾਅ ਲਈ ਬਣਾਈਆਂ ਡਰੇਨਾਂ ਵਿੱਚ ਡੂੰਘੇ ਖੂਹ ਪੁੱਟ ਕੇ ਉਹਨਾਂ ਨੂੰ ਇਸ ਤਰ੍ਹਾਂ ਭਰਿਆ ਜਾਵੇ ਜਿਸ ਨਾਲ ਬਾਰਸ਼ ਦਾ ਪਾਣੀ ਉਹਨਾਂ ਰਾਹੀਂ ਧਰਤੀ ਵਿੱਚ ਰਿਸ ਜਾਵੇ। ਡਰੇਨਾਂ ਅਤੇ ਸਿੰਚਾਈ ਵਿਭਾਗ ਦੇ ਇੰਜਨੀਅਰਾਂ ਕੋਲੋਂ ਸਕੀਮਾਂ ਬਣਵਾਕੇ ਵਰਖਾ ਦੇ ਪਾਣੀ ਨੂੰ ਸਾਂਭਣ ਦੇ ਸਹੁਰਿਦ ਯਤਨ ਕੀਤੇ ਜਾਣ ਤਾਂ ਪੰਜਾਬ ਬੰਜਰ ਹੋਣ ਤੋਂ ਵੀ ਬਚ ਜਾਵੇਗਾ ਅਤੇ ਕਰੋੜਾਂ ਦਾ ਨੁਕਸਾਨ ਜੋ ਹੜ੍ਹਾਂ ਨਾਲ ਹੁੰਦਾ ਹੈ, ਉਸ ਤੋਂ ਵੀ ਬਚਿਆ ਜਾ ਸਕਦਾ ਹੈ।
ਆਮ ਲੋਕਾਂ ਦੀਆਂ ਲੋੜਾਂ ਵਲ ਧਿਆਨ ਦੇਣਾ ਸਾਡੇ ਰਹਿਬਰਾਂ ਦੀ ਨਜ਼ਰ ਵਿੱਚ ਨਹੀਂ ਹੈ। ਇਸਦਾ ਅੰਦਾਜ਼ਾ ਸਾਡੇ ਦਰਿਆ ਦੇ ਪਾਰ, ਭਾਰਤ ਪਾਕਿਸਤਾਨ ਦੀ ਸਰਹੱਦ ਉੱਤੇ ਵਸਦੇ ਪਿੰਡਾਂ ਦੀ ਹਾਲਤ ਤੋਂ ਲਾਇਆ ਜਾ ਸਕਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਸਾਂਝੇ ਪੰਜਾਬ ਦਾ ਉਜਾੜਾ ਤਾਂ ਵੰਡ ਵੇਲੇ ਹੋਇਆ ਸੀ ਪਰ ਅਸੀਂ ਤਾਂ ਨਿੱਤ ਉੱਜੜਦੇ ਹਾਂ। ਅਜ਼ਾਦ ਭਾਰਤ ਦੇ ਨਿਕੰਮੇ ਪ੍ਰਬੰਧ ਦੇ ਸਤਾਇਆ ਨੇ ਅਸੀਂ ਤਾਂ ਕਦੇ ਵਸਕੇ ਨਹੀਂ ਦੇਖਿਆ। ਹਰ ਵਕਤ ਉਜਾੜੇ ਦਾ ਡਰ ਬਣਿਆ ਰਹਿੰਦਾ ਹੈ। ਕਦੇ ਦਰਿਆ ਦਾ ਮਾਰੂ ਵਹਿਣ ਸਾਡਾ ਸਭ ਕੁਝ ਤਹਿਸ-ਨਹਿਸ ਕਰ ਦਿੰਦਾ ਹੈ। ਪਾਣੀ ਵਿੱਚ ਘਿਰੇ, ਸਭ ਨਾਲੋਂ ਟੁੱਟੇ ਹੋਏ, ਨਾ ਬਿਜਲੀ, ਨਾ ਪਾਣੀ, ਨਾ ਖਾਣ ਲਈ ਕੁਝ, ਮੌਤ ਤੋਂ ਵੀ ਖੌਫਨਾਕ ਸੰਨਾਟਾ ਸਾਡੇ ਸਾਹ ਸਕਾਉਂਦਾ ਰਹਿੰਦਾ ਹੈ। ਸਭ ਕੁਝ ਖਤਮ ਹੋਣ ਤੋਂ ਬਾਅਦ ਜ਼ਿੰਦਗੀ ਨੂੰ ਦੁਬਾਰਾ ਮੁੱਢੋਂ ਫਿਰ ਸ਼ੁਰੂ ਕਰਨਾ ਜੰਗ ਤੋਂ ਘੱਟ ਨਹੀਂ ਹੁੰਦਾ।
ਸਤਲੁਜ ਦਾ ਪਾਣੀ ਤਾਂ ਸਾਡੇ ਪੱਲੇ ਹਉਕੇ ਹਾਵੇ ਹੀ ਪਾਉਂਦਾ ਹੈ। ਹੜ੍ਹਾਂ ਤੋਂ ਬਚਾਓ ਹੋ ਜਾਵੇ ਤਾਂ ਵੀ ਮੌਤ ਦਾ ਤਾਂਡਵ ਨਾਚ ਸਾਡੀ ਜ਼ਿੰਦਗੀ ਦਾ ਹਿੱਸਾ ਬਣਿਆ ਰਹਿੰਦਾ ਹੈ। ਫੈਕਟਰੀਆਂ-ਕਾਰਖਾਨਿਆਂ ਦਾ ਜ਼ਹਿਰੀਲਾ ਪਾਣੀ ਦਰਿਆ ਵਿੱਚ ਬਿਨਾਂ ਰੋਕ ਟੋਕ ਇਸ ਤਰ੍ਹਾਂ ਰਲਦਾ ਰਹਿੰਦਾ ਹੈ, ਜਿਵੇਂ ਇਹ ਮੌਤ ਨਹੀਂ ਜ਼ਿੰਦਗੀ ਦਾ ਪੈਗਾਮ ਹੋਵੇ। ਇਹ ਸਾਡੀ ਧਰਤੀ ਅਤੇ ਫ਼ਸਲਾਂ ਨੂੰ ਹੀ ਜ਼ਹਿਰੀਲਾ ਨਹੀਂ ਕਰ ਰਿਹਾ, ਸਾਨੂੰ ਵੀ ਕੈਂਸਰ ਨੇ ਆਪਣੀ ਲਪੇਟ ਵਿੱਚ ਲੈ ਲਿਆ ਹੈ। ਜਦੋਂ ਪਰਿਵਾਰ ਦਾ ਆਪਣਾ ਕੋਈ ਮੌਤ ਨਾਲ ਲੜਦਾ ਹਾਰ ਜਾਂਦਾ ਹੈ ਤਾਂ ਬਾਕੀ ਪਰਿਵਾਰ ਬੀਮਾਰੀ ਦਾ ਇਲਾਜ ਕਰਵਾਉਂਦਾ ਨੰਗ ਹੋ ਕੇ ਗ਼ੁਰਬਤ ਨਾਲ ਘੁਲਦਾ ਕਿਸ ਤਰ੍ਹਾਂ ਦਿਨ ਕਟੀਆਂ ਕਰਦਾ ਹੈ, ਇਹ ਤਾਂ ਭੋਗਣ ਵਾਲੇ ਹੀ ਜਾਣਦੇ ਹਨ। ਹਰ ਪਰਿਵਾਰ ਦੀ ਇਹੀ ਕਹਾਣੀ ਬਣੀ ਹੋਈ ਹੈ।
ਸਿਆਸਤਦਾਨਾਂ ਦੀ ਲੜਾਈ ਵੀ ਹਮੇਸ਼ਾ ਸਾਡਾ ਉਜਾੜਾ ਕਰਦੀ ਹੈ। ਸਰਹੱਦਾਂ ਉੱਤੇ ਤਣਾਅ ਵਧਦਾ ਹੈ ਤਾਂ ਸਾਨੂੰ ਘਰ-ਬਾਰ ਛੱਡ ਕੇ ਜਾਣ ਦਾ ਫੁਰਮਾਨ ਜਾਰੀ ਹੋ ਜਾਂਦਾ ਹੈ। ਕਿੰਨਾ ਔਖਾ ਹੈ ਇੱਕ ਫੁਰਮਾਨ ’ਤੇ ਭਰੇ ਭਕੁੰਨੇ ਘਰ ਛੱਡ ਕੇ ਅਨਾਥਾਂ ਵਾਂਗ ਤੁਰ ਜਾਣਾ। ਘਰ-ਬਾਰ ਛੱਡ ਕੇ ਪਸ਼ੂਆਂ ਨੂੰ ਖਿੱਚ ਕੇ ਰੋਜ਼ ਕੀਹਦੀ ਮਾਂ ਨੂੰ ਮਾਸੀ ਕਹੀਏ। ਸਾਡੇ ਰੋਜ਼ ਦੇ ਉਜਾੜੇ ਤੋਂ ਰਿਸ਼ਤੇਦਾਰ ਵੀ ਦੁਖੀ ਹੋ ਜਾਂਦੇ ਹਨ। ਉਹਨਾਂ ਦੇ ਨਾ ਚਾਹੁੰਦਿਆਂ ਵੀ ਜਦੋਂ ਅਸੀਂ ਉਨ੍ਹਾਂ ਦੇ ਘਰਾਂ ਵਿੱਚ ਜਾ ਕੇ ਬੈਠਦੇ ਹਾਂ ਤਾਂ ਸਾਡੀ ਉਸ ਸਮੇਂ ਦੀ ਮਾਨਸਿਕ ਅਵਸਥਾ ਨੂੰ ਜੰਗ ਲਾਉਣ ਵਾਲੇ ਅਤੇ ਟੀਵੀ ਉੱਤੇ ਜੰਗ ਦੀਆਂ ਵੱਡੀਆਂ ਵੱਡੀਆਂ ਫੜ੍ਹਾਂ ਮਾਰਨ ਵਾਲੇ ਐਂਕਰ ਅੰਦਾਜ਼ਾ ਨਹੀਂ ਲਾ ਸਕਦੇ। ਲਾ ਵੀ ਕਿਵੇਂ ਸਕਦੇ ਹਨ, ਜੰਗ ਵਿੱਚ ਵੀ ਸਾਡੇ ਵਰਗੇ ਗਰੀਬਾਂ ਦੇ ਪੁੱਤ ਮਰਦੇ ਹਨ, ਇਹਨਾਂ ਦੇ ਕਾਕਿਆਂ ਤੱਕ ਤਾਂ ਇਸਦਾ ਸੇਕ ਜਾਂਦਾ ਨਹੀਂ ਹੈ।
ਕਾਸ਼ ਕਦੇ ਸਾਡੀ ਵੀ ਰਾਇ ਪੁੱਛੀ ਜਾਵੇ, ਅਸੀਂ ਕੀ ਚਹੁੰਦੇ ਹਾਂ। ਭਾਰਤ ਦੇ ਨਾਗਰਿਕ ਹੋਣ ਦੇ ਨਾਤੇ ਸਾਨੂੰ ਜਿਊਣ ਦਾ, ਆਪਣੇ ਘਰਾਂ ਵਿੱਚ ਵਸਣ ਦਾ ਹੱਕ ਹੈ। ਅਸੀਂ ਚਹੁੰਦੇ ਹਾਂ ਸਾਨੂੰ ਸਾਡਾ ਇਹ ਹੱਕ ਦਿੱਤਾ ਜਾਵੇ। ਰੋਜ਼ ਦੇ ਉਜਾੜੇ ਤੋਂ ਸਾਨੂੰ ਨਿਜ਼ਾਤ ਦਿਵਾਈ ਜਾਵੇ। ਜਦੋਂ ਹਰ ਝਗੜੇ ਦਾ ਅੰਤ ਸਮਝੌਤੇ ਨਾਲ ਹੁੰਦਾ ਹੈ ਅਤੇ ਹਰ ਜੰਗ ਦਾ ਖਾਤਮਾ ਸੰਧੀਆਂ ਸਮਝੌਤਿਆਂ ਨਾਲ ਹੋਣਾ ਹੁੰਦਾ ਹੈ, ਫਿਰ ਗੁਆਂਢੀ ਦੇਸ਼ ਨਾਲ ਹਰ ਸਮੇਂ ਜੰਗ ਵਰਗਾ ਮਾਹੌਲ ਰੱਖਣ ਦੀ ਥਾਂ ਅਮਨ, ਸ਼ਾਂਤੀ ਅਤੇ ਖੁਸ਼ਹਾਲੀ ਲਈ ਜੰਗ ਉੱਤੇ ਰੋਕ ਲਾਈ ਜਾਵੇ। ਹੜ੍ਹ ਨਾ ਆਉਣ, ਇਸਦਾ ਪੱਕਾ ਪ੍ਰਬੰਧ ਕੀਤਾ ਜਾਵੇ। ਦਰਿਆਵਾਂ ਦੇ ਪਾਣੀ ਨੂੰ ਜ਼ਹਿਰੀਲਾ ਕਰਨ ਵਾਲੇ ਕਾਰਣਾਂ ਨੂੰ ਖ਼ਤਮ ਕੀਤਾ ਜਾਵੇ ਤਾਂ ਜੋ ਅਸੀਂ ਵੀ ਸਕੂਨ ਭਰੀ ਜ਼ਿੰਦਗੀ ਜੀਅ ਸਕੀਏ। ਆਪਣੇ ਘਰਾਂ ਵਿੱਚ ਬਿਨਾਂ ਕਿਸੇ ਭੈਅ ਦੇ ਸੁਖ ਚੈਨ ਨਾਲ ਰਹਿ ਸਕੀਏ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1741)
(ਸਰੋਕਾਰ ਨਾਲ ਸੰਪਰਕ ਲਈ: