ShavinderKaur7“... ਇਸ ਭੱਜ-ਦੌੜ ਵਿਚ ਸਮਾਂ ਜ਼ਿਆਦਾ ਲੰਘ ਗਿਆ ਸੀ। ਉਸ ਵਿਚਾਰੀ ਨੂੰ ਸਾਹ ਲੈਣਾ ਔਖਾ ...”
(30 ਜੂਨ 2021)

 

ਸਾਡੇ ਇੱਕ ਨਜ਼ਦੀਕੀ ‘ਪਾਲ’ ਦੇ ਪਰਿਵਾਰ ਦੀ ਜ਼ਿੰਦਗੀ ਦੀ ਤੋਰ ਬੜੀ ਸੁਖਾਵੀਂ ਤੋਰੇ ਤੁਰ ਰਹੀ ਸੀ ਪਾਲ ਪੈਦਾ ਤਾਂ ਬਹੁਤ ਹੀ ਸਾਧਾਰਨ ਆਰਥਿਕਤਾ ਵਾਲੇ ਪਰਿਵਾਰ ਹੋਇਆ ਸੀ ਪਰ ਉਸ ਦੇ ਬਾਪ ਦੀ ਸੋਚ ਸੀ ਕਿ ਉਹ ਆਪਣੇ ਬੇਟੇ ਨੂੰ ਔਖਾ ਸੌਖਾ ਹੋ ਕੇ ਪੜ੍ਹਾ ਕੇ ਕਿਸੇ ਨੌਕਰੀ ਦੇ ਕਾਬਲ ਕਰ ਦੇਵੇ ਤਾਂ ਜੋ ਗਰੀਬੀ ਦੀ ਜ਼ਿੱਲਤ ਭਰੀ ਜ਼ਿੰਦਗੀ ਜੋ ਉਸ ਨੇ ਆਪ ਭੋਗੀ ਹੈ, ਉਸ ਦੇ ਪੁੱਤ ਨੂੰ ਨਾ ਭੋਗਣੀ ਪਵੇ

ਪਾਲ ਪੜ੍ਹਨ ਵਿੱਚ ਹੁਸ਼ਿਆਰ ਹੋਣ ਦੇ ਨਾਲ-ਨਾਲ ਮਿਹਨਤੀ ਵੀ ਸੀ ਬਾਰ੍ਹਵੀਂ ਜਮਾਤ ਤਕ ਪਿੰਡ ਵਿੱਚ ਹੀ ਸਕੂਲ ਹੋਣ ਕਰਕੇ ਉਸ ਨੇ ਬਾਰ੍ਹਵੀਂ ਜਮਾਤ ਚੰਗੇ ਨੰਬਰ ਲੈ ਕੇ ਪਿੰਡ ਰਹਿ ਕੇ ਹੀ ਕਰ ਲਈ ਅਗਲੇਰੀ ਪੜ੍ਹਾਈ ਲਈ ਸ਼ਹਿਰ ਜਾਣਾ ਪੈਣਾ ਸੀ ਸ਼ਹਿਰ ਘਰ ਤੋਂ ਪੰਦਰਾਂ ਕਿਲੋਮੀਟਰ ਦੂਰ ਪੈਂਦਾ ਸੀ ਉਹ ਆਪਣੇ ਘਰ ਦੀ ਨਿੱਘਰੀ ਆਰਥਿਕਤਾ ਤੋਂ ਭਲੀਭਾਂਤ ਜਾਣੂੰ ਸੀ ਉਸ ਨੇ ਆਪਣੇ ਬਾਪ ਨੂੰ ਕਹਿ ਕੇ ਪੁਰਾਣਾ ਸਾਇਕਲ ਲੈ ਲਿਆ ਅਤੇ ਅਗਲੀ ਪੜ੍ਹਾਈ ਹਰ ਹਾਲਤ ਵਿੱਚ ਕਰਨ ਲਈ ਮਨ ਬਣਾ ਲਿਆ

ਉਸ ਨੇ ਅੱਗੇ ਸਰਕਾਰੀ ਕਾਲਜ ਵਿੱਚ ਦਾਖਲਾ ਲੈ ਲਿਆ ਉਸ ਸਮੇਂ ਅਜੇ ਹਕੂਮਤਾਂ ਨੇ ਨਿੱਜੀਕਰਨ ਦੀ ਕੁਹਾੜੀ ਐਨੀ ਤਿੱਖੀ ਨਹੀਂ ਕੀਤੀ ਸੀ ਸਰਕਾਰੀ ਕਾਲਜਾਂ ਵਿੱਚ ਫੀਸਾਂ ਬਹੁਤੀਆਂ ਨਹੀਂ ਹੁੰਦੀਆਂ ਸਨ ਪਾਲ ਸਾਇਕਲ ’ਤੇ ਹਰ ਰੋਜ਼ ਕਾਲਜ ਜਾਂਦਾ ਸੀ ਘਰੋਂ ਰੋਟੀ ਖਾ ਕੇ ਜਾਂਦਾ ਅਤੇ ਘਰੇ ਆ ਕੇ ਖਾ ਲੈਂਦਾ ਨਾ ਉਸ ਨੇ ਕਦੇ ਦੂਜਿਆਂ ਦੇ ਮੁਕਾਬਲੇ ਪਾਏ ਆਪਣੇ ਸਾਧਾਰਨ ਜਿਹੇ ਕੱਪੜੇ ਅਤੇ ਪਿੰਡ ਦੇ ਮੋਚੀ ਦੀ ਸਿਊਂਤੀ ਪਾਈ ਦੇਸੀ ਜੁੱਤੀ ਦੀ ਪ੍ਰਵਾਹ ਕੀਤੀ ਤੇ ਨਾ ਹੀ ਦੂਜਿਆਂ ਵਾਂਗ ਕੰਟੀਨ ’ਤੇ ਜਾ ਕੇ ਕੁਝ ਖਾਣ-ਪੀਣ ਬੈਠਿਆ ਲਗਨ ਅਤੇ ਦ੍ਰਿੜ੍ਹ ਇਰਾਦੇ ਦੀ ਬਦੌਲਤ ਉਹ ਉੱਚ ਵਿੱਦਿਆ ਪ੍ਰਾਪਤ ਕਰ ਗਿਆ ਮੁਕਾਬਲੇ ਦੇ ਇਮਤਿਹਾਨ ਪਾਸ ਕਰ ਕੇ ਉਹ ਇੱਕ ਜ਼ਿੰਮੇਵਾਰ ਅਤੇ ਚੰਗੇ ਰੁਤਬੇ ਵਾਲੇ ਆਹੁਦੇ ਉੱਤੇ ਤਾਇਨਾਤ ਹੋ ਗਿਆ

ਉਸ ਦੇ ਦੋਨੋਂ ਬੱਚੇ ਵੀ ਬੜੇ ਸਾਊ ਅਤੇ ਨਰਮ ਸੁਭਾਅ ਦੇ ਸਨ ਬੱਚਿਆਂ ਦੀ ਮਾਂ ਵੀ ਬੜੀ ਸੂਝਵਾਨ ਅਤੇ ਖੁਸ਼ ਤਬੀਅਤ ਸੁਭਾਅ ਵਾਲੀ ਔਰਤ ਸੀ ਜਦੋਂ ਵੀ ਮਿਲਦੀ ਐਨੀ ਹਲੀਮੀ ਅਤੇ ਮਿਠਾਸ ਭਰੇ ਸ਼ਬਦਾਂ ਨਾਲ ਗੱਲ ਕਰਦੀ ਕਿ ਸੁਣਨ ਵਾਲੇ ਦਾ ਮਨ ਉਸ ਦਾ ਪ੍ਰਭਾਵ ਕਬੂਲੇ ਬਿਨਾਂ ਨਾ ਰਹਿ ਸਕਦਾ

ਬੱਚੇ ਹੁਣ ਵੱਡੇ ਹੋ ਗਏ ਸਨ ਚੰਗੇ ਸਕੂਲਾਂ ਵਿੱਚ ਪੜ੍ਹਦੇ ਸਨ ਪੜ੍ਹਨ ਵਿੱਚ ਦੋਨਾਂ ਦੀ ਰੁਚੀ ਵੀ ਪੂਰੀ ਸੀ ਉਂਝ ਵੀ ਹੁਣ ਉਹਨਾਂ ਦੀ ਪੜ੍ਹਾਈ ਦਾ ਖਰਚਾ ਦੇਣ ਦੀ ਕਿਹੜਾ ਕੋਈ ਔਖ ਸੀ ਆਪਣੀ ਇੱਛਾ ਅਨੁਸਾਰ ਹੀ ਉਹ ਆਪਣੇ ਭਵਿੱਖ ਨੂੰ ਸੰਵਾਰਨ ਲਈ ਸਖ਼ਤ ਮਿਹਨਤ ਕਰ ਰਹੇ ਸਨ ਜੀਵਨ ਰੂਪੀ ਗੱਡੀ ਬੜੇ ਸੋਹਣੇ ਢੰਗ ਨਾਲ ਰੁੜ੍ਹੀ ਜਾ ਰਹੀ ਸੀ ਕਿ ਇੱਕ ਦਿਨ ਆਏ ਤੁਫਾਨ ਨੇ ਇਸ ਨੂੰ ਲੀਹੋ ਹੀ ਲਾਹ ਦਿੱਤਾ

ਸਾਡੇ ਦੇਸ਼ ਦੀ ਮਾੜੀ ਕਿਸਮਤ ਨੂੰ ਦੇਸ਼ ਦੀ ਵਾਗਡੋਰ ਅਜਿਹੇ ਹੱਥਾਂ ਵਿਚ ਹੈ ਜਿਨ੍ਹਾਂ ਵਿਚੋਂ ਬਹੁਤੇ ਖੁਦ ਅਣਪੜ੍ਹ, ਲਾਲਚੀ, ਖੁਦਗਰਜ਼, ਮਕਾਰ ਅਤੇ ਅਪਰਾਧੀ ਕਿਸਮ ਦੇ ਹਨ ਆਪਣੀ ਲਾਲਚੀ ਪ੍ਰਵਿਰਤੀ ਕਾਰਨ ਉਹ ਹਰ ਸਿੱਧੇ ਅਸਿੱਧੇ ਢੰਗ ਨਾਲ ਧਨ ਇਕੱਠਾ ਕਰਦੇ ਰਹਿੰਦੇ ਹਨ ਪੜ੍ਹੇ ਲਿਖੇ ਕਾਬਲ ਅਫਸਰਾਂ ਨੂੰ ਆਪਣੇ ਨੌਕਰ ਸਮਝਦੇ ਹੋਏ ਉਨ੍ਹਾਂ ਉੱਤੇ ਨਜਾਇਜ਼ ਕੰਮ ਕਰਨ ਦੇ ਦਬਾਅ ਪਾਉਂਦੇ ਰਹਿੰਦੇ ਹਨ ਕੁਝ ਅਫਸਰ ਤਾਂ ਉਸੇ ਸਿਸਟਮ ਦਾ ਹਿੱਸਾ ਬਣ ਕੇ ਆਪ ਵੀ ਖੂਬ ਕਮਾਈ ਕਰਦੇ ਹਨ ਅਤੇ ਉੱਪਰਲਿਆਂ ਨੂੰ ਵੀ ਕਰਾਉਂਦੇ ਹਨ ਜੇ ਕੋਈ ਇਮਾਨਦਾਰ ਅਫਸਰ ਇਨਕਾਰ ਕਰਦਾ ਹੈ ਤਾਂ ਉਸ ਨੂੰ ਬਦਲੀਆਂ ਦੀ ਘੁੰਮਣਘੇਰੀ ਜਾਂ ਕੇਸਾਂ ਦੇ ਚੱਕਰਾਂ ਵਿੱਚ ਉਲਝਾਇਆ ਜਾਂਦਾ ਹੈ ਕਈ ਵਾਰ ਬਿਨਾਂ ਕਸੂਰੋਂ ਹੀ ਮੁਅੱਤਲ ਕਰ ਦਿੱਤਾ ਜਾਂਦਾ ਹੈ ਇਸ ਤਰ੍ਹਾਂ ਦੇ ਦਬਾਅ ਕਾਰਨ ਉਹਨਾਂ ਦੇ ਦਿਮਾਗ ਉੱਤੇ ਹਮੇਸ਼ਾ ਬੋਝ ਬਣਿਆ ਰਹਿੰਦਾ ਹੈ

ਅਜਿਹੇ ਦਬਾਅ ਕਾਰਨ ਪਾਲ ਜੋ ਸਿੱਧਾ ਸਾਦਾ, ਹੇਰ ਫੇਰ ਤੋਂ ਰਹਿਤ ਈਮਾਨਦਾਰ ਅਫ਼ਸਰ ਸੀ, ਬਲੱਡ ਪਰੈਸ਼ਰ ਦਾ ਮਰੀਜ਼ ਬਣ ਗਿਆ ਸਾਜ਼ਗਾਰ ਮਾਹੌਲ ਨਾ ਮਿਲਣ ਕਾਰਨ ਦਵਾਈਆਂ ਖਾਣ ਦੇ ਬਾਅਦ ਵੀ ਠੀਕ ਹੋਣ ਦੀ ਥਾਂ ਰੋਗ ਵਧਦਾ ਹੀ ਗਿਆ ਬੀਮਾਰੀ ਨੇ ਉਸ ਨੂੰ ਪਹਿਲਾਂ ਅਧਰੰਗ ਦਾ ਮਰੀਜ਼ ਬਣਾ ਦਿੱਤਾ, ਜਿਸ ਕਰਕੇ ਨਾ ਤਾਂ ਉਹ ਤੁਰ ਫਿਰ ਸਕਦਾ ਸੀ ਨਾ ਹੀ ਡਿਊਟੀ ’ਤੇ ਜਾ ਸਕਦਾ ਸੀ ਦਿਨੋ-ਦਿਨ ਉਸ ਅੰਦਰ ਜਿਊਣ ਦੀ ਤਾਂਘ ਮੁੱਕਦੀ ਗਈ ਇੱਕ ਦਿਨ ਵਿਚਾਰਾ ਆਪਣੇ ਜ਼ਿੰਦਗੀ ਦੀ ਬਾਜ਼ੀ ਹਾਰ ਗਿਆ

ਸਦਮਾ ਤਾਂ ਬਹੁਤ ਵੱਡਾ ਸੀ ਪਰ ਬੱਚਿਆਂ ਦੀ ਮਾਂ ਨੇ ਆਪਣੇ ਬੱਚਿਆਂ ਨੂੰ ਇਸ ਸਦਮੇ ਤੋਂ ਬਚਾਉਣ ਲਈ ਆਪਣੇ ਸਾਰੇ ਦੁੱਖ ਭੁੱਲ ਕੇ ਉਹਨਾਂ ਨੂੰ ਆਪਣੇ ਖੰਭਾਂ ਹੇਠ ਲੁਕਾ ਲਿਆ ਜਿਸ ਤਰ੍ਹਾਂ ਇੱਕ ਰੁੱਖ ਦਾ ਤਣਾ ਆਪਣੇ ਨਾਲ ਲਿਪਟੀ ਵੇਲ ਦਾ ਰੱਖਿਅਕ ਬਣ ਕੇ ਉਸ ਨੂੰ ਮੀਂਹ, ਹਨ੍ਹੇਰੀ ਅਤੇ ਝੱਖੜ ਤੋਂ ਬਚਾਉਂਦਾ ਹੈ ਇਸੇ ਤਰ੍ਹਾਂ ਸਮਾਜ ਦੇ ਥਪੇੜਿਆਂ ਤੋਂ ਬਚਾਉਣ ਲਈ ਅਤੇ ਬੱਚਿਆਂ ਦਾ ਭਵਿੱਖ ਸੰਵਾਰਨ ਲਈ ਉਹ ਬੱਚਿਆਂ ਦੀ ਤਣੇ ਵਾਂਗ ਰੱਖਿਅਕ ਬਣ ਕੇ ਖੜ੍ਹ ਗਈ ਹੌਲੀ ਹੌਲੀ ਉਹ ਦੁੱਖ ਤੋਂ ਉੱਭਰ ਕੇ ਕੁਝ ਸਾਵੇਂ ਹੋਣ ਹੀ ਲੱਗੇ ਸਨ ਕਿ ਇਸ ਵਾਰ ਅਚਾਨਕ ਆਈ ਸੁਨਾਮੀ ਨੇ ਬੱਚਿਆਂ ਦੀ ਜ਼ਿੰਦਗੀ ਨੂੰ ਅਜਿਹੇ ਰਾਹ ’ਤੇ ਲਿਆ ਖੜ੍ਹਾ ਕੀਤਾ ਜਿੱਥੇ ਘੁੱਪ ਹਨੇਰੇ ਤੋਂ ਬਿਨਾਂ ਕੁਝ ਵੀ ਦਿਖਾਈ ਨਹੀਂ ਦਿੰਦਾ ਸੀ

ਪਾਲ ਦੀ ਪਤਨੀ ਕਰੋਨਾ ਹੋਣ ਦੇ ਡਰੋਂ ਹਸਪਤਾਲ ਵਿੱਚੋਂ ਕਰੋਨਾ ਵੈਕਸੀਨ ਲਗਵਾ ਕੇ ਆਈ ਦੋ ਦਿਨਾਂ ਬਾਅਦ ਉਸ ਨੂੰ ਬੁਖਾਰ ਹੋ ਗਿਆ ਉਹਨਾਂ ਨੇ ਸਮਝਿਆ ਕਿ ਇਹ ਬੁਖਾਰ ਟੀਕਾ ਲਗਵਾਉਣ ਕਰ ਕੇ ਆਇਆ ਹੈ ਜਦੋਂ ਦੋ ਦਿਨ ਬਾਅਦ ਵੀ ਬੁਖਾਰ ਨਾ ਉੱਤਰਿਆ ਤਾਂ ਬੱਚਿਆਂ ਦੇ ਭਾਅ ਦੀ ਬਣ ਗਈ ਟੈੱਸਟ ਕਰਾਇਆ ਤਾਂ ਉਹ ਕਰੋਨਾ ਪਾਜ਼ੇਟਿਵ ਨਿਕਲੀ ਸ਼ੁਰੂ ਹੋਇਆ ਹਸਪਤਾਲ ਵਿਚ ਦਾਖਲ ਕਰਵਾਉਣ ਦਾ ਯੁੱਧ ਪਹਿਲਾਂ ਕਿਸੇ ਹਸਪਤਾਲ ਵਿਚ ਬੈੱਡ ਨਾ ਮਿਲੇ ਰਿਸ਼ਤੇਦਾਰਾਂ ਨੇ ਭੱਜ ਨੱਠ ਕਰ ਕੇ ਬੈੱਡ ਦਿਵਾਇਆ ਤਾਂ ਆਕਸੀਜਨ ਦਾ ਪ੍ਰਬੰਧ ਨਾ ਹੋਵੇ ਇੱਕ ਸਮਾਜ ਸੇਵੀ ਸੰਸਥਾ ਵਲੋਂ ਆਕਸੀਜਨ ਦਾ ਸਿਲੰਡਰ ਮਿਲਿਆ ਤਾਂ ਇਸ ਭੱਜ-ਦੌੜ ਵਿਚ ਸਮਾਂ ਜ਼ਿਆਦਾ ਲੰਘ ਗਿਆ ਸੀ ਉਸ ਵਿਚਾਰੀ ਨੂੰ ਸਾਹ ਲੈਣਾ ਔਖਾ ਹੋ ਰਿਹਾ ਸੀ

ਕਾਰਪੋਰੇਟ ਘਰਾਣਿਆਂ ਨੂੰ ਵੱਧ ਤੋਂ ਵੱਧ ਮੁਨਾਫਾ ਦੇਣ ਖਾਤਰ, ਨਿੱਜੀਕਰਨ ਦੇ ਚੱਕਰਾਂ ਵਿੱਚ ਸਿਹਤ ਅਤੇ ਸਿੱਖਿਆ ਦਾ ਭੱਠਾ ਬਿਠਾ ਦਿੱਤਾ ਗਿਆ ਹੈ ਬਿਮਾਰੀ ਨਾਲ ਸਿੱਝਣ ਲਈ ਡਾਕਟਰਾਂ, ਪੈਰਾ-ਮੈਡੀਕਲ ਸਟਾਫ਼, ਜੀਵਨ ਰੱਖਿਅਕ ਸਾਜ਼ੋ ਸਾਮਾਨ ਅਤੇ ਦਵਾਈਆਂ ਦੀ ਘਾਟ ਕਾਰਨ ਸਾਹ ਲੈਣ ਲਈ ਤਰਸਦੇ ਲੱਖਾਂ ਮਰੀਜ਼ ਮੌਤ ਦੇ ਮੂੰਹ ਚਲੇ ਗਏ ਜਿਸ ਤਰ੍ਹਾਂ ਅਸੀਂ ਉਹਨਾਂ ਦੇ ਪ੍ਰੀਵਾਰਾਂ ਵਲੋਂ ਮੈਡੀਕਲ ਸਹੂਲਤਾਂ ਨਾ ਮਿਲਣ ’ਤੇ ਆਪਣਿਆਂ ਨੂੰ ਅੱਖਾਂ ਸਾਹਮਣੇ ਤੜਫ਼ ਤੜਫ਼ ਕੇ ਮਰਦਿਆਂ ਤੱਕ ਕੇ ਆਪਣੀ ਬੇਬਸੀ ਤੇ ਲਾਚਾਰੀ ਉੱਤੇ ਹੰਝੂ ਵਹਾਉਂਦਿਆਂ, ਕੁਰਲਾਉਂਦਿਆਂ ਤੱਕਿਆ ਹੈ ਤੇ ਫਿਰ ਉਹਨਾਂ ਦੀ ਮਿੱਟੀ ਸਮੇਟਣ ਲਈ ਖੱਜਲ ਖੁਆਰ ਹੁੰਦਿਆਂ ਦੇਖਿਆ ਹੈ, ਉਸ ਨੂੰ ਤਾਂ ਮਹਿਸੂਸ ਹੀ ਕੀਤਾ ਜਾ ਸਕਦਾ ਹੈ, ਸ਼ਬਦਾਂ ਵਿਚ ਵਰਨਣ ਕਰਨ ਲਈ ਤਾਂ ਸ਼ਬਦ ਨਹੀਂ ਅਹੁੜ ਰਹੇ ਇਸੇ ਤਰ੍ਹਾਂ ਆਈ ਅਣਿਆਈ ਮੌਤ ਪਾਲ ਦੇ ਬੱਚਿਆਂ ਦਾ ਇੱਕੋ-ਇੱਕ ਆਸਰਾ ਉਹਨਾਂ ਦੀ ਮਾਂ ਨੂੰ ਉਨ੍ਹਾਂ ਕੋਲੋਂ ਖੋਹ ਕੇ ਲੈ ਗਈ। ਵੈਂਟੀਲੈਟਰ ਵੀ ਉਸ ਦੇ ਸਾਹਾਂ ਦੀ ਡੋਰ ਨੂੰ ਵਧਾ ਨਾ ਸਕਿਆ

ਬੱਚੇ ਜੋ ਅਜੇ ਮਾਪਿਆਂ ਦੀ ਛਤਰ ਛਾਇਆ ਹੇਠ ਆਉਣ ਵਾਲੀ ਜ਼ਿੰਦਗੀ ਦੇ ਸੁਨਹਿਰੀ ਭਵਿੱਖ ਦੇ ਸੁਪਨੇ ਲੈ ਰਹੇ ਸਨ, ਇਕੱਲੇ ਰਹਿ ਗਏ ਸਮੇਂ ਸਿਰ ਇਲਾਜ ਨਾ ਹੋਣ ਕਾਰਨ, ਸਾਡੇ ਦੇਸ਼ ਵਿੱਚ ਪਤਾ ਨਹੀਂ ਕਿੰਨੇ ਕੁ ਬੱਚੇ ਮਾਂ ਪਿਓ ਦੀ ਠੰਢੀ ਛਾਂ ਤੋਂ ਵਾਂਝੇ ਹੋ ਕੇ ਇਕੱਲੇ ਜਿੰਦਗੀ ਵਿੱਚ ਭਟਕਣ ਲਈ ਮਜਬੂਰ ਹੋ ਗਏ ਹੋਣਗੇ ਕਿੰਨੇ ਕੁ ਹੋਣਗੇ ਜਿਨ੍ਹਾਂ ਦੇ ਅੱਗੇ ਪਿੱਛੇ ਕੋਈ ਆਸਰਾ ਦੇਣ ਵਾਲਾ ਹੋਵੇਗਾ ਅਜਿਹੇ ਵੀ ਬਥੇਰੇ ਹੋਣਗੇ ਜਿਹੜੇ ਬਿਲਕੁਲ ਇਕੱਲੇ ਵੀਰਾਨ ਰਾਹਾਂ ਵਿੱਚ ਰੁਲਦੇ ਫਿਰਨਗੇ ਜਿੰਦਗੀ ਦੀਆਂ ਤਲਖ਼ ਹਕੀਕਤਾਂ ਤੋਂ ਕੋਰੇ ਉਹ ਬੱਚੇ ਆਪਣੇ ਆਪ ਨੂੰ ਕਿਵੇਂ ਸੰਭਾਲਣਗੇ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ

ਪਰ ਮੈਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਕਿ ਹਜ਼ਾਰਾਂ ਬੱਚਿਆਂ ਤੋਂ ਮਾਂ ਬਾਪ ਦੀ ਸੰਘਣੀ ਛਾਂ ਖੋਹ ਕੇ ਉਨ੍ਹਾਂ ਨੂੰ ਅਨਾਥ ਕਰਨ ਦਾ ਦੋਸ਼ੀ ਕੌਣ ਹੈ ਸਾਡਾ ਸਿਸਟਮ, ਜੋ ਲੋਕ ਪੱਖੀ ਨੀਤੀਆਂ ਬਣਾਉਣ ਦੀ ਥਾਂ ਭੁੱਖੇ ਢਿੱਡਾਂ ਦੀ ਆਖਰੀ ਬੁਰਕੀ ਖੋਹ ਕੇ ਵੀ ਕਾਰਪੋਰੇਟ ਘਰਾਣਿਆਂ ਦੀਆਂ ਤਿਜੌਰੀਆਂ ਭਰਨ ਲੱਗਾ ਹੋਇਆ ਹੈ? ਸਾਡੇ ਨੇਤਾਗਣ ਜੋ ਆਪਣੇ ਆਪ ਨੂੰ ਲੋਕਾਂ ਦੇ ਨੁਮਾਇੰਦੇ ਸਮਝਣ ਦੀ ਥਾਂ ਡਿਕਟੇਟਰ ਬਣ ਬਹਿੰਦੇ ਹਨ? ਜਾਂ ਅਸੀਂ ਇਸ ਦੇਸ਼ ਦੇ ਨਾਗਰਿਕ ਜੋ ਸਿੱਖਿਆ ਅਤੇ ਸਿਹਤ ਸਹੂਲਤਾਂ ਬਾਰੇ ਹਾਕਮਾਂ ਨੂੰ ਸਵਾਲ ਕਰਕੇ ਕਟਹਿਰੇ ਵਿੱਚ ਖੜ੍ਹਾ ਨਹੀਂ ਕਰਦੇ? ਇਸ ਜਵਾਬ ਲਈ ਮੈਂ ਸਾਰੀ ਗੱਲ ਪਾਠਕਾਂ ਦੀ ਸੋਚ ਉੱਪਰ ਛੱਡਦੀ ਹਾਂ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2871)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਸ਼ਵਿੰਦਰ ਕੌਰ

ਸ਼ਵਿੰਦਰ ਕੌਰ

Phone: (91 - 76260 - 63596)
Email: (
shawindersidhu108@gmail.com)

More articles from this author