“ਦਿਲਚਸਪ ਗੱਲ ਇਹ ਹੈ ਕਿ ਚੋਣਾਂ ਤੋਂ ਬਾਅਦ ਰਿਪਬਲਿਕਨ ਪਾਰਟੀ ਦੇ ਅੰਦਰੋਂ ਵੀ ”
(15 ਨਵੰਬਰ 2026)
ਅਮਰੀਕਾ ਦੇ ਰਾਸ਼ਟਰਪਤੀ ਟਰੰਪ ਅਤੇ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਨਜਾਮਿਨ ਨੇਤਨਯਾਹੂ ਜਿਨ੍ਹਾਂ ਨੇ ਆਪਣੀ ਤਾਕਤ ਦੇ ਅੰਨ੍ਹੇ ਨਸ਼ੇ ਵਿੱਚ ਚੂਰ ਹੋ ਕੇ ਪਿਛਲੇ ਕਈ ਸਾਲਾਂ ਤੋਂ ਦੁਨੀਆ ਦੇ ਵੱਖ ਵੱਖ ਦੇਸ਼ਾਂ ਦੇ ਲੋਕਾਂ ਦਾ ਜਿਊਣਾ ਹਰਾਮ ਕੀਤਾ ਪਿਆ ਸੀ। ਉਨ੍ਹਾਂ ਦੇ ਤਸ਼ੱਦਦ ਦਾ ਸਭ ਤੋਂ ਵੱਧ ਸ਼ਿਕਾਰ ਫਲਸਤੀਨ ਗਾਜ਼ਾ ਅਤੇ ਇਰਾਨ ਦੇ ਲੋਕਾਂ ਨੂੰ ਹੋਣਾ ਪਿਆ। ਇਨ੍ਹਾਂ ਦੋਵਾਂ ਆਗੂਆਂ ਦੀਆਂ ਦਮਨਕਾਰੀ ਨੀਤੀਆਂ ਅਤੇ ਹਮਲਿਆਂ ਦੇ ਚਲਦਿਆਂ ਅੱਜ ਉਕਤ ਦੋਵੇਂ ਪੀੜਿਤ ਦੇਸ਼ਾਂ ਦੇ ਲੋਕ ਆਪਣੇ ਜੀਵਨ ਦੀਆਂ ਮੁਢਲੀਆਂ ਲੋੜਾਂ ਤੋਂ ਵੀ ਸੱਖਣੇ ਹੋਏ ਪਏ ਹਨ। ਕਹਿੰਦੇ ਹਨ ਅੱਤ ਦਾ ਅੰਤ ਹੁੰਦਾ ਹੈ। ਸੋ 27 ਅਕਤੂਬਰ ਨੂੰ ਹੋਈਆਂ ਇਜ਼ਰਾਇਲ ਦੀਆਂ ਆਮ ਚੋਣਾਂ ਦੇ ਨਤੀਜਿਆਂ ਵਿੱਚ ਨੇਤਨਯਾਹੂ ਨੂੰ ਸੱਤਾ ਵਿੱਚੋਂ ਬੇਦਖਲ ਹੋਣਾ ਪਿਆ ਅਤੇ ਇਸ ਉਪਰੰਤ ਤਿੰਨ ਨਵੰਬਰ ਨੂੰ ਹੋਈਆਂ ਅਮਰੀਕਾ ਦੀਆਂ ਮਿਡਟਰਮ ਚੋਣਾਂ ਵਿੱਚ ਟਰੰਪ ਦੀ ਰਿਪਬਲਿਕਨ ਪਾਰਟੀ ਨੂੰ ਡੈਮੋਕਰੈਟਿਕ ਪਾਰਟੀ ਪਟਕਣੀ ਦੇਣ ਵਿੱਚ ਸਫਲ ਹੋ ਗਈ।
ਦਰਅਸਲ ਅਮਰੀਕਾ ਦੀਆਂ 2026 ਦੀਆਂ ਮਿਡਟਰਮ ਚੋਣਾਂ ਦੇ ਨਤੀਜਿਆਂ ਨੇ ਦੇਸ਼ ਦੀ ਸਿਆਸਤ ਵਿੱਚ ਇੱਕ ਵੱਡਾ ਸਿਆਸੀ ਮੋੜ ਦੇ ਦਿੱਤਾ ਹੈ। ਰਾਸ਼ਟਰਪਤੀ ਡੌਨਲਡ ਟਰੰਪ ਦੀ ਅਗਵਾਈ ਵਾਲੀ ਰਿਪਬਲਿਕਨ ਪਾਰਟੀ ਨੂੰ ਅਜਿਹੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਜਿਸਨੇ ਨਾ ਸਿਰਫ ਟਰੰਪ ਦੀਆਂ ਨੀਤੀਆਂ ਉੱਤੇ ਸਵਾਲ ਖੜ੍ਹੇ ਕੀਤੇ ਹਨ, ਸਗੋਂ ਅਗਲੇ ਦੋਂਹ ਸਾਲਾਂ ਲਈ ਵਾਈਟ ਹਾਊਸ ਅਤੇ ਕਾਂਗਰਸ ਦੇ ਰਿਸ਼ਤਿਆਂ ਦੀ ਪੂਰੀ ਤਸਵੀਰ ਹੀ ਬਦਲ ਕੇ ਰੱਖ ਦਿੱਤੀ ਹੈ। ਇਨ੍ਹਾਂ ਚੋਣਾਂ ਵਿੱਚ ਡੈਮੋਕ੍ਰੈਟਿਕ ਪਾਰਟੀ ਨੇ ਰਾਸ਼ਟਰਪਤੀ ਡੌਨਲਡ ਟਰੰਪ ਦੀ ਰਿਪਬਲਿਕਨ ਪਾਰਟੀ ਨੂੰ ਵੱਡਾ ਝਟਕਾ ਦਿੰਦਿਆਂ ਕਾਂਗਰਸ ਦੇ ਦੋਵੇਂ ਸਦਨਾਂ - ਪ੍ਰਤੀਨਿਧੀ ਸਭਾ (ਹਾਊਸ ਆਫ ਰਿਪ੍ਰਜ਼ੈਂਟੇਟਿਵਜ਼) ਅਤੇ ਸੈਨੇਟ - ਉੱਤੇ ਕਬਜ਼ਾ ਹਾਸਲ ਕਰ ਲਿਆ ਹੈ। ਇਹ ਨਤੀਜਾ ਸਿਰਫ ਸੀਟਾਂ ਦੀ ਅਦਲਾ-ਬਦਲੀ ਨਹੀਂ, ਸਗੋਂ ਟਰੰਪ ਦੇ ਦੂਜੇ ਕਾਰਜਕਾਲ ਦੀ ਸਿਆਸੀ ਦਿਸ਼ਾ ਬਦਲਣ ਵਾਲਾ ਮਹੱਤਵਪੂਰਨ ਫੈਸਲਾ ਮੰਨਿਆ ਜਾ ਰਿਹਾ ਹੈ। ਸੈਨੇਟ ਵਿੱਚ ਡੈਮੋਕ੍ਰੈਟਸ ਨੇ ਸੱਤ ਸੀਟਾਂ ਆਪਣੇ ਪੱਖ ਵਿੱਚ ਕੀਤੀਆਂ, ਜਦਕਿ ਹਾਊਸ ਵਿੱਚ ਵੀ ਦੋ ਦਰਜਨ ਤੋਂ ਵੱਧ ਸੀਟਾਂ ਰਿਪਬਲਿਕਨਾਂ ਤੋਂ ਖੋਹ ਲਈਆਂ। ਇਹ ਨਤੀਜਾ ਆਮ ਮਿਡਟਰਮ ਚੋਣਾਂ ਵਾਲੀ ਸੱਤਾ-ਬਦਲੀ ਤੋਂ ਕਿਤੇ ਵੱਧ ਹੈ ਅਤੇ ਇਸ ਨੂੰ ਟਰੰਪ ਦੀ ਕਾਰਗੁਜ਼ਾਰੀ ਉੱਤੇ ਜਨਮਤ-ਸੰਗ੍ਰਹਿ ਵਜੋਂ ਵੀ ਦੇਖਿਆ ਜਾ ਰਿਹਾ ਹੈ।
ਚੋਣਾਂ ਤੋਂ ਪਹਿਲਾਂ ਰਿਪਬਲਿਕਨ ਪਾਰਟੀ ਕੋਲ ਸੈਨੇਟ ਵਿੱਚ 53 ਅਤੇ ਡੈਮੋਕ੍ਰੈਟਸ ਕੋਲ 47 ਸੀਟਾਂ ਸਨ। ਡੈਮੋਕ੍ਰੈਟਸ ਨੂੰ ਬਹੁਮਤ ਲਈ ਚਾਰ ਸੀਟਾਂ ਦੀ ਲੋੜ ਸੀ, ਪਰ ਚੋਣ ਨਤੀਜਿਆਂ ਵਿੱਚ ਉਨ੍ਹਾਂ ਨੇ ਉਮੀਦ ਤੋਂ ਕਿਤੇ ਵੱਧ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਘੱਟੋ-ਘੱਟ ਸੱਤ ਰਿਪਬਲਿਕਨ ਸੀਟਾਂ ਆਪਣੇ ਹੱਕ ਵਿੱਚ ਕਰ ਲਈਆਂ। ਨਤੀਜੇ ਵਜੋਂ ਸੈਨੇਟ ਵਿੱਚ ਡੈਮੋਕ੍ਰੈਟਿਕ ਬਹੁਮਤ ਸਥਾਪਤ ਹੋ ਗਿਆ। ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਡੈਮੋਕ੍ਰੈਟਸ ਨੇ ਅਜਿਹੇ ਰਾਜਾਂ ਵਿੱਚ ਵੀ ਰਿਪਬਲਿਕਨਾਂ ਨੂੰ ਮਾਤ ਦਿੱਤੀ, ਜਿਨ੍ਹਾਂ ਨੂੰ ਰਵਾਇਤੀ ਤੌਰ ’ਤੇ ਰਿਪਬਲਿਕਨ ਪਾਰਟੀ ਦੇ ਮਜ਼ਬੂਤ ਗੜ੍ਹ ਮੰਨਿਆ ਜਾਂਦਾ ਸੀ। ਟੈਕਸਸ, ਕੈਨਸਸ, ਸਾਊਥ ਕੈਰੋਲਾਇਨਾ, ਓਹਾਇਓ, ਆਇਓਵਾ ਅਤੇ ਮਿਸ਼ੀਗਨ ਵਰਗੇ ਮਹੱਤਵਪੂਰਨ ਮੁਕਾਬਲਿਆਂ ਵਿੱਚ ਡੈਮੋਕ੍ਰੈਟਿਕ ਪਾਰਟੀ ਦੀਆਂ ਜਿੱਤਾਂ ਨੇ ਇਸ ਚੋਣ ਨੂੰ ਆਮ ਮਿਡਟਰਮ ਚੋਣ ਦੀ ਬਜਾਏ ਇੱਕ ‘ਬਲੂ ਵੇਵ’ ਦਾ ਰੂਪ ਦੇ ਦਿੱਤਾ।
ਇਨ੍ਹਾਂ ਚੋਣਾਂ ਵਿੱਚ ਸਭ ਤੋਂ ਮਹੱਤਵਪੂਰਨ ਮੁੱਦਾ ਅਮਰੀਕੀ ਲੋਕਾਂ ਦੀ ਰੋਜ਼ਮਰ੍ਹਾ ਜ਼ਿੰਦਗੀ ਨਾਲ ਜੁੜੀ ਮਹਿੰਗਾਈ ਅਤੇ ਇਰਾਨ ਨਾਲ ਬੇਵਜ੍ਹਾ ਛੇੜੀ ਜੰਗ ਰਿਹਾ ਰਹੀ ਹੈ। ਈਂਧਨ ਦੀਆਂ ਉੱਚੀਆਂ ਕੀਮਤਾਂ, ਘਰੇਲੂ ਖਰਚਿਆਂ ਦਾ ਵਧਣਾ ਅਤੇ ਆਰਥਿਕ ਅਸੁਰੱਖਿਆ ਨੇ ਵੋਟਰਾਂ ਦੇ ਇੱਕ ਵੱਡੇ ਹਿੱਸੇ ਨੂੰ ਰਿਪਬਲਿਕਨ ਪਾਰਟੀ ਤੋਂ ਦੂਰ ਕਰ ਕੇ ਰੱਖ ਦਿੱਤਾ ਹੈ। ਖਾਸ ਤੌਰ ’ਤੇ ਘੱਟ ਆਮਦਨ ਵਾਲੇ ਪਰਿਵਾਰਾਂ ਵਿੱਚ ਮਹਿੰਗਾਈ ਨੂੰ ਲੈ ਕੇ ਨਰਾਜ਼ਗੀ ਵਧੀ। ਏਪੀ ਵੋਟਰ ਪੌਲ (AP Voter Poll) ਮੁਤਾਬਿਕ 2026 ਵਿੱਚ ਮਹਿੰਗਾਈ ਕਾਰਨ ਆਪਣੇ ਪਰਿਵਾਰ ਉੱਤੇ ਘੱਟੋ-ਘੱਟ ਦਰਮਿਆਨੇ ਪੱਧਰ ਦਾ ਆਰਥਿਕ ਦਬਾਅ ਮਹਿਸੂਸ ਕਰਨ ਵਾਲੇ ਵੋਟਰਾਂ ਵਿੱਚ ਰਿਪਬਲਿਕਨਾਂ ਲਈ ਸਮਰਥਨ ਘਟਿਆ ਹੈ। ਮਾਹਿਰਾਂ ਅਨੁਸਾਰ ਟਰੰਪ ਪ੍ਰਸ਼ਾਸਨ ਦੀ ਵਿਦੇਸ਼ ਨੀਤੀ, ਖਾਸ ਤੌਰ ’ਤੇ ਇਰਾਨ ਨਾਲ ਜੰਗ, ਚੋਣਾਂ ਵਿੱਚ ਰਿਪਬਲਿਕਨ ਪਾਰਟੀ ਦੀ ਨਾਕਾਮੀ ਦੀ ਇੱਕ ਵੱਡੀ ਵਜਾਹ ਸਾਬਤ ਹੋਈ।
ਦਿਲਚਸਪ ਗੱਲ ਇਹ ਹੈ ਕਿ ਚੋਣਾਂ ਤੋਂ ਬਾਅਦ ਰਿਪਬਲਿਕਨ ਪਾਰਟੀ ਦੇ ਅੰਦਰੋਂ ਵੀ ਟਰੰਪ ਦੀ ਇਸ ਨੀਤੀ ਦੀ ਆਲੋਚਨਾ ਸਾਹਮਣੇ ਆਈ ਹੈ। ਉਪ ਰਾਸ਼ਟਰਪਤੀ ਜੇ.ਡੀ. ਵੈਂਸ ਨੇ ਸਪਸ਼ਟ ਤੌਰ ’ਤੇ ਕਿਹਾ ਕਿ ਜੰਗ ਹਾਰ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਸੀ। ਇਸ ਤੋਂ ਇਲਾਵਾ ਟਰੰਪ ਦੀਆਂ ਟੈਰਿਫ ਨੀਤੀਆਂ ਨੇ ਵੀ ਦੁਨੀਆ ਦੇ ਵੱਖ ਵੱਖ ਦੇਸ਼ਾਂ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਟਰੰਪ ਦੀਆਂ ਵਪਾਰਕ ਅਤੇ ਟੈਰਿਫ ਨੀਤੀਆਂ ਦਾ ਮਕਸਦ ਅਮਰੀਕੀ ਉਦਯੋਗ ਨੂੰ ਸੁਰੱਖਿਆ ਦੇਣਾ ਅਤੇ ਵਿਦੇਸ਼ੀ ਉਤਪਾਦਾਂ ਨੂੰ ਮਹਿੰਗਾ ਕਰਨਾ ਸੀ। ਪਰ ਇਸਦਾ ਦੂਜਾ ਪੱਖ ਇਹ ਰਿਹਾ ਕਿ ਆਯਾਤੀ ਵਸਤੂਆਂ ਦੀਆਂ ਕੀਮਤਾਂ ਅਤੇ ਕਾਰੋਬਾਰੀ ਲਾਗਤਾਂ ਵਿੱਚ ਵਾਧੇ ਨੇ ਮਹਿੰਗਾਈ ਦੀ ਚਿੰਤਾ ਨੂੰ ਹੋਰ ਵਧਾ ਦਿੱਤਾ।
2026 ਦੀਆਂ ਇਨ੍ਹਾਂ ਚੋਣਾਂ ਵਿੱਚ ਨੌਜਵਾਨ ਵੋਟਰਾਂ ਦਾ ਝੁਕਾਅ ਡੈਮੋਕ੍ਰੈਟਿਕ ਪਾਰਟੀ ਵੱਲ ਇੱਕ ਮਹੱਤਵਪੂਰਨ ਤਬਦੀਲੀ ਰਿਹਾ। (AP Voter Poll) ਅਨੁਸਾਰ 30 ਸਾਲ ਤੋਂ ਘੱਟ ਉਮਰ ਦੇ ਲਗਭਗ ਦਸ ਵਿੱਚੋਂ ਸੱਤ ਵੋਟਰਾਂ ਨੇ ਆਪਣੇ ਹਾਊਸ ਹਲਕੇ ਵਿੱਚ ਡੈਮੋਕ੍ਰੈਟਿਕ ਉਮੀਦਵਾਰ ਦਾ ਸਮਰਥਨ ਕੀਤਾ। ਮਹੱਤਵਪੂਰਨ ਗੱਲ ਇਹ ਰਹੀ ਕਿ ਵੱਡੀ ਗਿਣਤੀ ਨੌਜਵਾਨਾਂ ਨੇ ਆਪਣੀ ਵੋਟ ਨੂੰ ਟਰੰਪ ਦੇ ਵਿਰੋਧ ਵਿੱਚ ਵਰਤਿਆ।
ਇਨ੍ਹਾਂ ਚੋਣਾਂ ਦਾ ਇੱਕ ਹੋਰ ਮਹੱਤਵਪੂਰਨ ਪੱਖ ਇਹ ਰਿਹਾ ਕਿ ਟਰੰਪ ਵੱਲੋਂ ਸਮਰਥਿਤ ਕਈ ਰਿਪਬਲਿਕਨ ਉਮੀਦਵਾਰ ਹਾਰ ਗਏ। ਇਸ ਨਾਲ ਇਹ ਸਵਾਲ ਹੋਰ ਮਜ਼ਬੂਤ ਹੋਇਆ ਹੈ ਕਿ ਕੀ ਟਰੰਪ ਦੀ ਨਿੱਜੀ ਸਿਆਸੀ ਲੋਕਪ੍ਰਿਯਤਾ ਹੁਣ ਰਿਪਬਲਿਕਨ ਪਾਰਟੀ ਦੇ ਹਰ ਉਮੀਦਵਾਰ ਲਈ ਪਹਿਲਾਂ ਵਾਂਗ ਚੋਣੀ ਫਾਇਦਾ ਪੈਦਾ ਕਰ ਸਕਦੀ ਹੈ? ਚੋਣਾਂ ਵਿੱਚ ਰਿਪਬਲਿਕਨ ਵੋਟਾਂ ਦੀ ਕਮੀ ਦੇਸ਼-ਵਿਆਪੀ ਰਹੀ। ਉੱਧਰ (Reuters) ਰੌਇਟਰ ਦੇ ਵਿਸ਼ਲੇਸ਼ਣ ਅਨੁਸਾਰ 99 ਫੀਸਦੀ ਗਿਣੇ ਗਏ ਕਾਊਂਟੀਆਂ ਵਿੱਚ ਰਿਪਬਲਿਕਨਾਂ ਦਾ ਵੋਟ ਹਿੱਸਾ 2024 ਦੇ ਮੁਕਾਬਲੇ ਘਟਿਆ ਅਤੇ ਔਸਤ ਗਿਰਾਵਟ ਲਗਭਗ ਅੱਠ ਪ੍ਰਤੀਸ਼ਤ ਰਹੀ।
ਦਿਲਚਸਪ ਗੱਲ ਇਹ ਵੀ ਰਹੀ ਕਿ ਰਿਪਬਲਿਕਨਾਂ ਨੇ ਚੋਣਾਂ ਤੋਂ ਪਹਿਲਾਂ ਕਈ ਰਾਜਾਂ ਵਿੱਚ ਕਾਂਗਰਸ ਦੀਆਂ ਹੱਦਾਂ ਨੂੰ ਆਪਣੇ ਹੱਕ ਵਿੱਚ ਦੁਬਾਰਾ ਤੈਅ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ। ਉਮੀਦ ਸੀ ਕਿ ਇਸ ਨਾਲ ਹਾਊਸ ਵਿੱਚ ਰਿਪਬਲਿਕਨ ਬਹੁਮਤ ਕਾਇਮ ਰਹੇਗਾ। ਪਰ ਵੋਟਰਾਂ ਦੇ ਬਦਲੇ ਰੁਝਾਨ ਨੇ ਇਸ ਰਣਨੀਤੀ ਨੂੰ ਵੱਡੇ ਪੱਧਰ ’ਤੇ ਨਾਕਾਮ ਕਰ ਦਿੱਤਾ। ਟੈਕਸਸ ਅਤੇ ਕੈਲੇਫੋਰਨੀਆ ਸਮੇਤ ਕਈ ਥਾਂਵਾਂ ’ਤੇ ਡੈਮੋਕ੍ਰੈਟਸ ਨੇ ਉਮੀਦ ਨਾਲੋਂ ਵਧੀਆ ਪ੍ਰਦਰਸ਼ਨ ਕੀਤਾ।
ਹੁਣ ਸਵਾਲ ਇੱਥੇ ਇਹ ਵੀ ਅਹਿਮ ਬਣ ਜਾਂਦਾ ਹੈ ਕਿ ਆਮ ਤੌਰ ’ਤੇ ਰਾਸ਼ਟਰਪਤੀ ਦੀ ਪਾਰਟੀ ਨੂੰ ਮਿਡਟਰਮ ਚੋਣਾਂ ਵਿੱਚ ਨੁਕਸਾਨ ਹੁੰਦਾ ਹੈ। ਪਰ 2026 ਦੀ ਹਾਰ ਦਾ ਪੈਮਾਨਾ ਆਮ ਰੁਝਾਨ ਨਾਲੋਂ ਕਾਫੀ ਵੱਡਾ ਹੈ। ਡੈਮੋਕ੍ਰੈਟਸ ਨੇ ਰਵਾਇਤੀ ਰਿਪਬਲਿਕਨ ਗੜ੍ਹਾਂ ਵਿੱਚ ਜਿੱਤਾਂ ਹਾਸਲ ਕੀਤੀਆਂ ਹਨ ਅਤੇ ਕਾਂਗਰਸ ਦੇ ਦੋਵਾਂ ਸਦਨਾਂ ਉੱਤੇ ਕਾਬਜ਼ ਹੋਣ ਵਿੱਚ ਸਫਲ ਹੋ ਗਈ ਹੈ। ਮਾਹਿਰਾਂ ਅਨੁਸਾਰ ਹੁਣ ਟਰੰਪ ਲਈ ਕਾਨੂੰਨ ਪਾਸ ਕਰਵਾਉਣਾ, ਨਿਯੁਕਤੀਆਂ ਨੂੰ ਅੱਗੇ ਵਧਾਉਣਾ ਅਤੇ ਆਪਣੀ ਨੀਤੀ ਨੂੰ ਕਾਂਗਰਸ ਰਾਹੀਂ ਲਾਗੂ ਕਰਵਾਉਣਾ ਕਾਫੀ ਮੁਸ਼ਕਿਲ ਹੋਵੇਗਾ। ਡੈਮੋਕ੍ਰੈਟਸ ਨੂੰ ਟਰੰਪ ਪ੍ਰਸ਼ਾਸਨ ਦੀ ਜਾਂਚ-ਪੜਤਾਲ ਕਰਨ ਅਤੇ ਉਸਦੀਆਂ ਨੀਤੀਆਂ ਨੂੰ ਰੋਕਣ ਲਈ ਵੱਡੀ ਸੰਸਦੀ ਤਾਕਤ ਮਿਲ ਗਈ ਹੈ।
ਇਸ ਤੋਂ ਇਲਾਵਾ 2026 ਦੇ ਇਹ ਨਤੀਜੇ 2028 ਦੀਆਂ ਰਾਸ਼ਟਰਪਤੀ ਚੋਣਾਂ ਲਈ ਵੀ ਇੱਕ ਮਹੱਤਵਪੂਰਨ ਸੰਕੇਤ ਵਜੋਂ ਵੇਖੇ ਜਾ ਰਹੇ ਹਨ। ਹਾਲਾਂਕਿ ਅਜੇ ਦੋ ਸਾਲ ਦਾ ਸਮਾਂ ਬਾਕੀ ਹੈ ਅਤੇ ਸਿਆਸੀ ਹਾਲਾਤ ਕਈ ਵਾਰ ਤੇਜ਼ੀ ਨਾਲ ਬਦਲ ਸਕਦੇ ਹਨ, ਪਰ ਮਿਡਟਰਮ ਨਤੀਜਿਆਂ ਨੇ ਇਹ ਦਿਖਾ ਦਿੱਤਾ ਹੈ ਕਿ ਟਰੰਪ ਦੀਆਂ ਨੀਤੀਆਂ ਨੂੰ ਲੈ ਕੇ ਅਮਰੀਕੀ ਸਮਾਜ ਵਿੱਚ ਵੱਡੀ ਵੰਡ ਅਤੇ ਨਰਾਜ਼ਗੀ ਮੌਜੂਦ ਹੈ। ਰਿਪਬਲਿਕਨ ਪਾਰਟੀ ਲਈ ਹੁਣ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਉਹ ਟਰੰਪ ਦੀ ਸਿਆਸੀ ਵਿਰਾਸਤ ਨੂੰ ਜਾਰੀ ਰੱਖਦੀ ਹੈ ਜਾਂ ਲੋਕਾਂ ਦੀ ਬਦਲ ਰਹੀ ਪਸੰਦ ਨੂੰ ਦੇਖਦਿਆਂ ਆਪਣੀ ਨੀਤੀ ਅਤੇ ਅਗਵਾਈ ਵਿੱਚ ਤਬਦੀਲੀ ਲਿਆਉਂਦੀ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)



























































































































