“18 ਅਗਸਤ 1945 ਦੇ ਦਿਨ ਨੇਤਾ ਜੀ ਕਿੱਥੇ ਲਾਪਤਾ ਹੋ ਗਏ ਅਤੇ ਉਨ੍ਹਾਂ ਦਾ ...”
(23 ਜਨਵਰੀ 2021)
‘ਨੇਤਾ ਜੀ’ ਦੇ ਨਾਂ ਨਾਲ ਜਾਣੇ ਜਾਣ ਵਾਲੇ ਸੁਭਾਸ਼ ਚੰਦਰ ਬੋਸ ਨੂੰ ਭਾਰਤ ਦੇ ਸੁਤੰਤਰਤਾ ਸੰਗਰਾਮ ਦੀ ਅਗਵਾਈ ਕਰਨ ਵਾਲੇ ਵੱਡੇ ਸੰਘਰਸ਼ਸ਼ੀਲ ਨੇਤਾਵਾਂ ਵਿੱਚ ਗਿਣਿਆ ਜਾਂਦਾ ਹੈ। ਉਨ੍ਹਾਂ ਨੇ ਦੂਜੇ ਵਿਸ਼ਵਯੁੱਧ ਦੌਰਾਨ ਅੰਗਰੇਜ਼ਾਂ ਖ਼ਿਲਾਫ਼ ਲੜਨ ਲਈ ਜਾਪਾਨ ਦੇ ਸਹਿਯੋਗ ਨਾਲ ਆਜ਼ਾਦ ਹਿੰਦ ਫੌਜ ਦਾ ਗਠਨ ਕੀਤਾ। ਉਨ੍ਹਾਂ ਵੱਲੋਂ ਦਿੱਤਾ ਗਿਆ ‘ਜੈ ਹਿੰਦ’ ਦਾ ਨਾਅਰਾ ਅੱਜ ਭਾਰਤ ਦਾ ਇੱਕ ਤਰ੍ਹਾਂ ਨਾਲ ਰਾਸ਼ਟਰੀ ਨਾਅਰਾ ਬਣ ਗਿਆ ਹੈ। ਇਸ ਤੋਂ ਇਲਾਵਾ ‘ਤੁਸੀਂ ਮੈਂਨੂੰ ਖ਼ੂਨ ਦਿਓ ਮੈਂ ਤੁਹਾਨੂੰ ਆਜ਼ਾਦੀ ਦੇਵਾਂਗਾ’ ਦਾ ਨਾਅਰਾ ਵੀ ਉਨ੍ਹਾਂ ਵੱਲੋਂ ਹੀ ਦਿੱਤਾ ਗਿਆ ਸੀ।
ਪਰਿਵਾਰ ਅਤੇ ਸਿਖਿਆ
ਸੁਭਾਸ਼ ਚੰਦਰ ਬੋਸ ਦਾ ਜਨਮ 23 ਜਨਵਰੀ ਸਾਲ 1897 ਨੂੰ ਭਾਰਤ ਦੇ ਕਟਕ ਸ਼ਹਿਰ ਵਿੱਚ ਇੱਕ ਹਿੰਦੂ ਕਾਇਸਥ ਪਰਿਵਾਰ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂ ਜਾਨਕੀਨਾਥ ਬੋਸ ਅਤੇ ਉਨ੍ਹਾਂ ਦੀ ਮਾਤਾ ਦਾ ਨਾਂ ਪ੍ਰਭਾਵਤੀ ਸੀ। ਜਾਨਕੀਨਾਥ ਬੋਸ ਸ਼ਹਿਰ ਦੇ ਇੱਕ ਨਾਮੀ ਵਕੀਲ ਸਨ। ਪਹਿਲਾਂ ਉਹ ਸਰਕਾਰੀ ਵਕੀਲ ਸਨ ਪਰ ਬਾਅਦ ਵਿੱਚ ਉਨ੍ਹਾਂ ਨੇ ਨਿੱਜੀ ਪ੍ਰੈਕਟਿਸ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਕਟਕ ਦੀ ਨਗਰ ਨਿਗਮ ਵਿੱਚ ਲੰਬੇ ਸਮੇਂ ਤਕ ਕੰਮ ਕੀਤਾ। ਉਹ ਬੰਗਾਲ ਵਿਧਾਨ ਸਭ ਦੇ ਮੈਂਬਰ ਵੀ ਰਹੇ। ਅੰਗਰੇਜ਼ ਸਰਕਾਰ ਨੇ ਉਨ੍ਹਾਂ ਨੂੰ ਰਾਇ ਬਹਾਦੁਰ ਦੇ ਖਿਤਾਬ ਨਾਲ ਨਿਵਾਜਿਆ। ਪ੍ਰਭਾਵਤੀ ਦੇਵੀ ਦੇ ਪਿਤਾ ਦਾ ਨਾਂ ਗੰਗਾ ਨਾਰਾਇਣ ਦੱਤ ਸੀ। ਦੱਤ ਪਰਿਵਾਰ ਨੂੰ ਕੋਲਕਾਤਾ ਦਾ ਇੱਕ ਨੋਬਲ ਪਰਿਵਾਰ ਮੰਨਿਆ ਜਾਂਦਾ ਸੀ। ਪ੍ਰਭਾਵਤੀ ਅਤੇ ਜਾਨਕੀਨਾਥ ਬੋਸ ਦੀਆਂ 6 ਬੇਟੀਆਂ ਅਤੇ 8 ਬੇਟੇ ਸਨ। ਸੁਭਾਸ਼ ਉਨ੍ਹਾਂ ਦੀ ਨੌਵੀਂ ਸੰਤਾਨ ਅਤੇ ਪੰਜਵਾਂ ਬੇਟਾ ਸੀ।
ਨੇਤਾ ਜੀ ਨੇ ਕਟਕ ਦੇ ਪ੍ਰੋਟੈਸਟੈਂਟ ਸਕੂਲ ਵਿੱਚ ਪ੍ਰਾਇਮਰੀ ਸਿੱਖਿਆ ਮੁਕੰਮਲ ਕਰਕੇ ਅੱਗੇ ਦੀ ਸਿੱਖਿਆ ਲੈਣ ਲਈ 1909 ਵਿੱਚ ਰੇਵੇਨਸ਼ਾ ਕਾਲੇਜੀਏਟ ਸਕੂਲ ਵਿੱਚ ਦਾਖ਼ਲਾ ਲਿਆ। ਇੱਥੇ ਨੇਤਾ ਜੀ ਕਾਲਜ ਦੇ ਪ੍ਰਿੰਸੀਪਲ ਬੇਨੀਮਾਧਵ ਦਾਸ ਦੇ ਵਿਅਕਤਿਤਵ ਤੋਂ ਬਹੁਤ ਪ੍ਰਭਾਵਿਤ ਹੋਏ। ਇੱਥੇ ਜ਼ਿਕਰਯੋਗ ਹੈ ਕਿ 15 ਸਾਲ ਦੀ ਉਮਰ ਵਿੱਚ ਸੁਭਾਸ਼ ਨੇ ਵਿਵੇਕਾਨੰਦ ਸਾਹਿਤ ਦਾ ਪੂਰਾ ਅਧਿਐਨ ਕਰ ਲਿਆ ਸੀ। 1915 ਵਿੱਚ ਨੇਤਾ ਜੀ ਨੇ ਇੰਟਰਮੀਡੀਏਟ ਦੀ ਪ੍ਰੀਖਿਆ ਬੀਮਾਰ ਹੋਣ ਦੇ ਬਾਵਜੂਦ ਦੂਜੀ ਸ਼੍ਰੇਣੀ ਵਿੱਚ ਪਾਸ ਕੀਤੀ। ਵਰਣਨਯੋਗ ਹੈ ਕਿ 1916 ਵਿੱਚ ਜਦੋਂ ਨੇਤਾ ਦੀ ਦਰਸ਼ਨ ਸ਼ਾਸਤਰ ਵਿੱਚ ਬੀ.ਏ. ਦੇ ਵਿਦਿਆਰਥੀ ਸਨ ਤਾਂ ਉੱਥੇ ਕਿਸੇ ਗੱਲ ਨੂੰ ਲੈ ਕੇ ਪ੍ਰੈਂਸੀਡੈਂਸੀ ਕਾਲਜ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਵਿਚਕਾਰ ਬਹਿਸ ਹੋ ਗਈ। ਕਿਉਂਕਿ ਸੁਭਾਸ਼ ਨੇ ਵਿਦਿਆਰਥੀਆਂ ਦੀ ਲੀਡਰਸ਼ਿੱਪ ਸੰਭਾਲੀ ਸੀ ਜਿਸਦੇ ਨਤੀਜੇ ਵਜੋਂ ਉਨ੍ਹਾਂ ਨੂੰ ਪ੍ਰੈਸੀਡੈਂਸੀ ਕਾਲਜ ਵਿੱਚ ਇੱਕ ਸਾਲ ਲਈ ਕੱਢ ਦਿੱਤਾ ਗਿਆ ਅਤੇ ਪ੍ਰੀਖਿਆ ਦੇਣ ’ਤੇ ਰੋਕ ਵੀ ਲਗਾ ਦਿੱਤੀ। 49ਵੇਂ ਬੰਗਾਲ ਰੈਜੀਮੈਂਟ ਵਿੱਚ ਦਾਖ਼ਲੇ ਲਈ ਉਨ੍ਹਾਂ ਨੇ ਪ੍ਰੀਖਿਆ ਦਿੱਤੀ ਪਰ ਅੱਖਾਂ ਖਰਾਬ ਹੋਣ ਕਾਰਨ ਨੇਤਾ ਜੀ ਨੂੰ ਸੈਨਾ ਲਈ ਅਯੋਗ ਘੋਸ਼ਿਤ ਕਰ ਦਿੱਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਸਕੌਟਿਸ਼ ਚਰਚ ਕਾਲਜ ਵਿੱਚ ਦਾਖ਼ਲਾ ਲੈ ਲਿਆ ਪਰ ਉਨ੍ਹਾਂ ਦੇ ਮਨ ਵਿੱਚ ਜੋ ਸੈਨਾ ਵਿੱਚ ਜਾਣ ਦੀ ਇੱਕ ਇੱਛਾ ਸੀ, ਉਹ ਉਸ ਨੂੰ ਦਬਾ ਨਾ ਸਕੇ। ਇਸਦੇ ਨਾਲ ਹੀ ਉਨ੍ਹਾਂ ਨੇ ਟੈਰੀਟੋਰੀਅਲ ਆਰਮੀ ਦੀ ਪ੍ਰੀਖਿਆ ਦਿੱਤੀ ਅਤੇ ਫੋਰਟ ਵਿਲੀਅਮ ਆਰਮੀ ਵਿੱਚ ਰੰਗਰੂਟ ਦੇ ਰੂਪ ਵਿੱਚ ਦਾਖ਼ਲ ਹੋ ਗਏ। ਫਿਰ ਖਿਆਲ ਆਇਆ ਕਿ ਕਿਤੇ ਇੰਟਰਮੀਡੀਏਟ ਦੀ ਤਰ੍ਹਾਂ ਬੀ.ਏ. ਵਿੱਚ ਵੀ ਘੱਟ ਨੰਬਰ ਨਾ ਆ ਜਾਣ ਤਾਂ ਨੇਤਾ ਜੀ ਨੇ ਖ਼ੂਬ ਮਨ ਲਗਾ ਕੇ ਪੜ੍ਹਾਈ ਕੀਤੀ ਅਤੇ 1919 ਵਿੱਚ ਬੀ.ਏ. ਦੀ ਪ੍ਰੀਖਿਆ ਪਹਿਲੇ ਪੜਾਅ ’ਤੇ ਪਾਸ ਕੀਤੀ। ਜਦੋਂਕਿ ਕੋਲਕਾਤਾ ਯੂਨੀਵਰਸਿਟੀ ਵਿੱਚ ਉਨ੍ਹਾਂ ਦਾ ਦੂਜਾ ਸਥਾਨ ਸੀ।
ਆਈ.ਸੀ.ਐੱਸ. ਬਣਨ ਦੀ ਇੱਛਾ
ਸੁਭਾਸ਼ ਚੰਦਰ ਬੋਸ ਦੇ ਪਿਤਾ ਦੀ ਖਵਾਹਿਸ਼ ਸੀ ਕਿ ਉਹ ਆਈ.ਸੀ.ਐੱਸ. ਬਣਨ ਪਰ ਉਨ੍ਹਾਂ ਦੀ ਉਮਰ ਨੂੰ ਦੇਖਦੇ ਹੋਏ ਸਿਰਫ ਇੱਕ ਹੀ ਵਾਰ ਵਿੱਚ ਇਹ ਪ੍ਰੀਖਿਆ ਪਾਸ ਕਰਨੀ ਜ਼ਰੂਰੀ ਸੀ। ਇਸ ਲਈ ਉਨ੍ਹਾਂ ਨੇ ਆਪਣੇ ਪਿਤਾ ਨੂੰ 24 ਘੰਟੇ ਦਾ ਸਮਾਂ ਇਹ ਸੋਚਣ ਲਈ ਮੰਗਿਆ ਤਾਂ ਜੋ ਉਹ ਪ੍ਰੀਖਿਆ ਦੇਣ ਜਾਂ ਨਾ ਦੇਣ ਲਈ ਆਖਰੀ ਫ਼ੈਸਲਾ ਲੈ ਸਕਣ। ਉਨ੍ਹਾਂ ਨੇ ਆਖ਼ਿਰ ਪ੍ਰੀਖਿਆ ਦੇਣ ਦਾ ਫ਼ੈਸਲਾ ਕੀਤਾ। ਇਸ ਤੋਂ ਬਾਅਦ 15 ਸਤੰਬਰ 1919 ਨੂੰ ਇੰਗਲੈਂਡ ਚਲੇ ਗਏ। ਪ੍ਰੀਖਿਆ ਦੀ ਤਿਆਰੀ ਲਈ ਲੰਡਨ ਦੇ ਕਿਸੇ ਸਕੂਲ ਵਿੱਚ ਦਾਖ਼ਲਾ ਨਾ ਮਿਲਣ ’ਤੇ ਸੁਭਾਸ਼ ਨੇ ਕਿਸੇ ਤਰ੍ਹਾਂ ਕਿਟਸ ਵਿਲੀਅਮ ਹਾਲ ਵਿੱਚ ਮਾਨਸਿਕ ਅਤੇ ਨੈਤਿਕ ਵਿੱਦਿਆ ਦੀ ਟਰਾਈਪਾਸ (ਆਨਰਸ) ਦੀ ਪ੍ਰੀਖਿਆ ਦਾ ਅਧਿਐਨ ਕਰਨ ਲਈ ਦਾਖ਼ਲਾ ਲੈ ਲਿਆ। ਉਨ੍ਹਾਂ ਦੇ ਰਹਿਣ ਅਤੇ ਖਾਣੇ ਦੀ ਸਮੱਸਿਆ ਖੜ੍ਹੀ ਹੋ ਗਈ। ਅਸਲੀ ਮਕਸਦ ਤਾਂ ਉਨ੍ਹਾਂ ਦਾ ਆਈ.ਸੀ.ਐੱਸ. ਵਿੱਚ ਪਾਸ ਹੋ ਕੇ ਦਿਖਾਉਣਾ ਸੀ। ਉਨ੍ਹਾਂ ਨੇ 1920 ਵਿੱਚ ਜਿੱਤ ਦੀ ਸੂਚੀ ਵਿੱਚ ਚੌਥਾ ਸਥਾਨ ਪ੍ਰਾਪਤ ਕਰਦੇ ਹੋਏ ਆਈ.ਸੀ.ਐੱਸ. ਪਾਸ ਕਰ ਲਈ।
ਸੁਭਾਸ਼ ਦੇ ਦਿਲ ਅਤੇ ਦਿਮਾਗ ’ਤੇ ਤਾਂ ਸੁਵਾਮੀ ਵਿਵੇਕਾਨੰਦ ਅਤੇ ਮਹਾਰਿਸ਼ੀ ਅਰਵਿੰਦ ਘੋਸ਼ ਦੇ ਆਦਰਸ਼ਾਂ ਦਾ ਅਸਰ ਸੀ, ਇਨ੍ਹਾਂ ਖਿਆਲਾਂ ਵਿੱਚ ਉਹ ਭਲਾ ਆਈ.ਸੀ.ਐੱਸ. ਬਣ ਕੇ ਅੰਗਰੇਜ਼ਾਂ ਦੀ ਗੁਲਾਮੀ ਕਿਸ ਤਰ੍ਹਾਂ ਸਵੀਕਾਰ ਕਰ ਸਕਦੇ ਸਨ। ਨਤੀਜੇ ਵਿੱਚ 22 ਅਪ੍ਰੈਲ 1921 ਨੂੰ ਭਾਰਤ ਸਕੱਤਰ ਈ.ਐੱਸ. ਮੋਂਟੇਗੂ ਨੂੰ ਆਈ.ਸੀ.ਐੱਲ. ਤੋਂ ਤਿਆਗ ਪੱਤਰ ਦੇਣ ਦੀ ਚਿੱਠੀ ਲਿਖੀ। ਇੱਕ ਚਿੱਠੀ ਦੇਸ਼ਵੰਧੂ ਚਿਤਰੰਜਨ ਦਾਸ ਨੂੰ ਲਿਖੀ, ਪਰ ਆਪਣੀ ਮਾਂ ਪ੍ਰਭਾਵਤੀ ਦੀ ਇਹ ਚਿੱਠੀ ਮਿਲਦੇ ਹੀ ਕਿ ‘ਪਿਤਾ, ਪਰਿਵਾਰ ਦੇ ਲੋਕ ਜਾਂ ਹੋਰ ਕੋਈ ਕੁਝ ਵੀ ਕਹੇ, ਉਨ੍ਹਾਂ ਨੂੰ ਆਪਣੇ ਬੇਟੇ ਦੇ ਫ਼ੈਸਲੇ ’ਤੇ ਮਾਣ ਹੈ।’ ਸੁਭਾਸ਼ ਜੂਨ 1921 ਵਿੱਚ ਮਾਨਸਿਕ ਅਤੇ ਨੈਤਿਕ ਵਿਗਿਆਨ ਵਿੱਚ ਟਰਾਈਪਾਸ (ਆਨਰਸ) ਦੀ ਡਿਗਰੀ ਲੈ ਕੇ ਦੇਸ਼ ਵਾਪਸ ਆਏ।
ਇਸ ਤੋਂ ਪਹਿਲਾਂ ਇੰਗਲੈਂਡ ਤੋਂ ਉਨ੍ਹਾਂ ਨੇ ਦਾਸਬਾਬੂ ਨੂੰ ਚਿੱਠੀ ਲਿਖ ਕੇ ਉਨ੍ਹਾਂ ਦੇ ਨਾਲ ਕੰਮ ਕਰਨ ਦੀ ਇੱਛਾ ਪ੍ਰਗਟ ਕੀਤੀ। ਰਵਿੰਦਰਨਾਥ ਠਾਕੁਰ ਦੀ ਸਲਾਹ ਮੁਤਾਬਕ ਭਾਰਤ ਵਾਪਸ ਆਉਣ ’ਤੇ ਉਹ ਉਸ ਤੋਂ ਪਹਿਲਾਂ ਮੁੰਬਈ ਗਏ ਅਤੇ ਮਹਾਤਮਾ ਗਾਂਧੀ ਨੂੰ ਮਿਲੇ। ਮੁੰਬਈ ਵਿੱਚ ਗਾਂਧੀ ਜੀ ਮਣੀਭਵਨ ਵਿੱਚ ਨਿਵਾਸ ਕਰਦੇ ਸਨ। ਉੱਥੇ 20 ਜੁਲਾਈ 1921 ਨੂੰ ਗਾਂਧੀ ਜੀ ਅਤੇ ਸੁਭਾਸ਼ ਦੇ ਵਿਚਕਾਰ ਪਹਿਲੀ ਮੁਲਾਕਾਤ ਹੋਈ। ਗਾਂਧੀ ਜੀ ਨੇ ਉਨ੍ਹਾਂ ਨੂੰ ਕੋਲਕਾਤਾ ਜਾ ਕੇ ਦਾਸਬਾਬੂ ਨਾਲ ਕੰਮ ਕਰਨ ਦੀ ਸਲਾਹ ਦਿੱਤੀ। ਇਸ ਤੋਂ ਬਾਅਦ ਸੁਭਾਸ਼ ਕੋਲਕਾਤਾ ਆ ਕੇ ਦਾਸਬਾਬੂ ਨੂੰ ਮਿਲੇ।
ਰਾਸ਼ਟਰੀ ਝੰਡਾ ਲਹਿਰਾ ਕੇ ਸੁਭਾਸ਼ ਨੇ ਵਿਸ਼ਾਲ ਮੋਰਚੇ ਦੀ ਕੀਤੀ ਅਗਵਾਈ
ਮਹਾਮਤਾ ਗਾਂਧੀ ਜੀ ਨੇ ਉਨ੍ਹੀਂ ਦਿਨੀਂ ਅੰਗਰੇਜ਼ ਹਕੂਮਤ ਖ਼ਿਲਾਫ਼ ਅਸਹਿਯੋਗ ਅੰਦੋਲਨ ਚਲਾ ਰੱਖਿਆ ਸੀ। ਦਾਸਬਾਬੂ ਇਸ ਅੰਦੋਲਨ ਦੀ ਬੰਗਾਲ ਵਿੱਚ ਅਗਵਾਈ ਕਰ ਰਹੇ ਸਨ। ਉਨ੍ਹਾਂ ਦੇ ਨਾਲ ਸੁਭਾਸ਼ ਇਸ ਅੰਦੋਲਨ ਵਿੱਚ ਸ਼ਾਮਲ ਹੋ ਗਏ। 1922 ਵਿੱਚ ਦਾਸਬਾਬੂ ਨੇ ਕਾਂਗਰਸ ਦੇ ਅਧੀਨ ਸਵਰਾਜ ਪਾਰਟੀ ਦੀ ਸਥਾਪਨਾ ਕੀਤੀ। ਵਿਧਾਨ ਸਭਾ ਦੇ ਅੰਦਰ ਤੋਂ ਅੰਗਰੇਜ਼ ਸਰਕਾਰ ਦਾ ਵਿਰੋਧ ਕਰਨ ਲਈ ਕੋਲਕਾਤਾ ਨਗਰ ਨਿਗਮ ਦੀ ਚੋਣ ਸਵਰਾਜ ਪਾਰਟੀ ਨੇ ਲੜ ਕੇ ਜਿੱਤੀ ਅਤੇ ਦਾਸਬਾਬੂ ਕੋਲਕਾਤਾ ਦੇ ਮੇਅਰ ਬਣ ਗਏ। ਉਨ੍ਹਾਂ ਨੇ ਨੇਤਾ ਜੀ ਨੂੰ ਨਗਰ ਨਿਗਮ ਦਾ ਪ੍ਰਮੁੱਖ ਕਾਰਜਕਾਰੀ ਅਧਿਕਾਰੀ ਬਣਾ ਦਿੱਤਾ। ਇਸ ਤੋਂ ਬਾਅਦ ਸੁਭਾਸ਼ ਚੰਦਰ ਬੋਸ ਦੇਸ਼ ਦੇ ਇੱਕ ਮਹੱਤਵਪੂਰਨ ਨੌਜਵਾਨ ਨੇਤਾ ਬਣ ਕੇ ਉੱਭਰੇ।
1927 ਵਿੱਚ ਜਦੋਂ ਸਾਈਮਨ ਕਮਿਸ਼ਨ ਭਾਰਤ ਆਇਆ ਤਾਂ ਕਾਂਗਰਸ ਨੇ ਉਸ ਨੂੰ ਕਾਲੇ ਝੰਡੇ ਦਿਖਾਏ। ਕੋਲਕਾਤਾ ਵਿੱਚ ਸੁਭਾਸ਼ ਨੇ ਇਸ ਅੰਦੋਲਨ ਦੀ ਅਗਵਾਈ ਕੀਤੀ। ਇੱਥੇ ਕਾਬਿਲੇ ਜ਼ਿਕਰ ਹੈ ਕਿ ਸਾਈਮਨ ਕਮਿਸ਼ਨ ਨੂੰ ਜਵਾਬ ਦੇਣ ਲਈ ਕਾਂਗਰਸ ਨੇ ਭਾਰਤ ਦਾ ਭਾਵੀ ਸੰਵਿਧਾਨ ਬਣਾਉਣ ਦਾ ਕੰਮ ਅੱਠ ਮੈਂਬਰੀ ਕਮਿਸ਼ਨ ਨੂੰ ਸੌਂਪਿਆ। ਮੋਤੀਲਾਲ ਨਹਿਰੂ ਇਸ ਕਮਿਸ਼ਨ ਦੇ ਪ੍ਰਧਾਨ ਅਤੇ ਸੁਭਾਸ਼ ਉਸ ਦੇ ਇੱਕ ਮੈਂਬਰ ਸਨ। ਇਸ ਕਮਿਸ਼ਨ ਨੇ ਨਹਿਰੂ ਨੂੰ ਰਿਪੋਰਟ ਪੇਸ਼ ਕੀਤੀ। 1928 ਵਿੱਚ ਕਾਂਗਰਸ ਦੇ ਸਾਲਾਨਾ ਸੰਮੇਲਨ ਸਮੇਂ ਮੋਤੀਲਾਲ ਨਹਿਰੂ ਨੂੰ ਆਰਮੀ ਤਰੀਕੇ ਨਾਲ ਸਲਾਮੀ ਦਿੱਤੀ। ਇਸ ਸੰਮੇਲਨ ਵਿੱਚ ਉਨ੍ਹਾਂ ਨੇ ਅੰਗਰੇਜ਼ ਸਰਕਾਰ ਤੋਂ ਡੋਮੀਨੀਅਨ ਸਟੇਟਸ ਮੰਗਣ ਦੀ ਠਾਣ ਲਈ ਸੀ ਪਰ ਸੁਭਾਸ਼ ਬਾਬੂ ਅਤੇ ਜਵਾਹਰ ਲਾਲ ਨਹਿਰੂ ਨੂੰ ਪੂਰਨ ਸਵਰਾਜ ਦੀ ਮੰਗ ਤੋਂ ਪਿੱਛੇ ਹਟਣਾ ਮਨਜ਼ੂਰ ਨਹੀਂ ਸੀ। ਆਖ਼ਿਰ ਵਿੱਚ ਇਹ ਤੈਅ ਹੋਇਆ ਕਿ ਅੰਗਰੇਜ਼ ਸਰਕਾਰ ਨੂੰ ਡੋਮੀਨੀਅਨ ਸਟੇਟਸ ਦੇਣ ਲਈ ਇੱਕ ਸਾਲ ਦਾ ਸਮਾਂ ਦਿੱਤਾ ਜਾਵੇ। ਜੇਕਰ ਇਸ ਇੱਕ ਸਾਲ ਵਿੱਚ ਅੰਗਰੇਜ਼ ਹਕੂਮਤ ਨੇ ਇਹ ਮੰਗ ਪੂਰੀ ਨਹੀਂ ਕੀਤੀ ਤਾਂ ਕਾਂਗਰਸ ਪੂਰਨ ਸਵਰਾਜ ਦੀ ਮੰਗ ਕਰੇਗੀ ਪਰ ਅੰਗਰੇਜ਼ ਸਰਕਾਰ ਨੇ ਇਹ ਮੰਗ ਪੂਰੀ ਨਾ ਕੀਤੀ, ਜਿਸਦੇ ਨਤੀਜੇ ਵਜੋਂ 1930 ਵਿੱਚ ਜਦੋਂ ਕਾਂਗਰਸ ਦਾ ਸਾਲਾਨਾ ਸੰਮੇਲਨ ਜਵਾਹਰ ਲਾਲ ਨਹਿਰੂ ਦੀ ਪ੍ਰਧਾਨਗੀ ਹੇਠ ਲਾਹੌਰ ਵਿੱਚ ਹੋਇਆ ਤਾਂ ਇਹ ਤੈਅ ਕੀਤਾ ਗਿਆ ਕਿ 26 ਜਨਵਰੀ ਦਾ ਦਿਨ ਸੁਤੰਤਰਤਾ ਦਿਵਸ ਦੇ ਰੂਪ ਵਿੱਚ ਮਨਾਇਆ ਜਾਵੇਗਾ।
26 ਜਨਵਰੀ 1931 ਨੂੰ ਕੋਲਕਾਤਾ ਵਿੱਚ ਲਹਿਰਾਇਆ ਰਾਸ਼ਟਰੀ ਝੰਡਾ
26 ਜਨਵਰੀ 1931 ਨੂੰ ਕੋਲਕਾਤਾ ਵਿੱਚ ਰਾਸ਼ਟਰੀ ਝੰਡਾ ਲਹਿਰਾ ਕੇ ਸੁਭਾਸ਼ ਚੰਦਰ ਨੇ ਇੱਕ ਵਿਸ਼ਾਲ ਮੋਰਚੇ ਦੀ ਅਗਵਾਈ ਕੀਤੀ ਤਾਂ ਪੁਲਿਸ ਨੇ ਉਨ੍ਹਾਂ ’ਤੇ ਲਾਠੀਚਾਰਜ ਕੀਤਾ ਅਤੇ ਉਨ੍ਹਾਂ ਨੂੰ ਜ਼ਖਮੀ ਕਰਕੇ ਜੇਲ ਭੇਜ ਦਿੱਤਾ ਗਿਆ। ਜਦੋਂ ਨੇਤਾ ਜੀ ਜੇਲ ਵਿੱਚ ਸਨ ਤਾਂ ਗਾਂਧੀ ਜੀ ਨੇ ਅੰਗਰੇਜ਼ ਸਰਕਾਰ ਨਾਲ ਸਮਝੌਤਾ ਕੀਤਾ ਅਤੇ ਸਾਰੇ ਕੈਦੀਆਂ ਨੂੰ ਰਿਹਾਅ ਕਰਵਾ ਦਿੱਤਾ ਪਰ ਅੰਗਰੇਜ਼ ਸਰਕਾਰ ਨੇ ਭਗਤ ਸਿੰਘ ਵਰਗੇ ਕ੍ਰਾਂਤੀਕਾਰੀਆਂ ਨੂੰ ਰਿਹਾਅ ਕਰਨ ਤੋਂ ਸਾਫ ਮਨ੍ਹਾਂ ਕਰ ਦਿੱਤਾ। ਭਗਤ ਸਿੰਘ ਦੀ ਫਾਂਸੀ ਮਾਫ਼ ਕਰਵਾਉਣ ਲਈ ਗਾਂਧੀ ਜੀ ਨੇ ਸਰਕਾਰ ਨਾਲ ਗੱਲ ਤਾਂ ਕੀਤੀ ਪਰ ਨਰਮੀ ਦੇ ਨਾਲ। ਸੁਭਾਸ਼ ਚਾਹੁੰਦੇ ਸਨ ਕਿ ਇਸ ਵਿਸ਼ੇ ’ਤੇ ਗਾਂਧੀ ਜੀ ਅੰਗਰੇਜ਼ ਹਕੂਮਤ ਨਾਲ ਸਮਝੌਤਾ ਤੋੜ ਦੇਣ ਪਰ ਗਾਂਧੀ ਜੀ ਆਪਣੇ ਵਲੋਂ ਦਿੱਤਾ ਵਚਨ ਤੋੜਨ ਲਈ ਰਾਜ਼ੀ ਨਹੀਂ ਸਨ। ਜਦੋਂਕਿ ਅੰਗਰੇਜ਼ ਆਪਣੀ ਜ਼ਿੱਦ ’ਤੇ ਅੜੇ ਰਹੇ ਅਤੇ ਜਿਸਦੇ ਨਤੀਜੇ ਵਿੱਚ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਫਾਂਸੀ ਦੇ ਦਿੱਤੀ ਗਈ। ਇੱਥੇ ਜ਼ਿਕਰਯੋਗ ਹੈ ਕਿ ਭਗਤ ਸਿੰਘ ਨੂੰ ਨਾ ਬਚਾ ਪਾਉਣ ’ਤੇ ਸੁਭਾਸ਼, ਗਾਂਧੀ ਅਤੇ ਕਾਂਗਰਸ ਦੇ ਤੌਰ ਤਰੀਕਿਆਂ ਤੋਂ ਬੇਹੱਦ ਨਾਰਾਜ਼ ਹੋ ਗਏ।
5 ਜੁਲਾਈ 1943 ਨੂੰ ਸਿੰਗਾਪੁਰ ਦੇ ਟਾਊਨ ਹਾਲ ਦੇ ਸਾਹਮਣੇ ‘ਸੁਪਰੀਮ ਕਮਾਂਡਰ’ ਦੇ ਰੂਪ ਵਿੱਚ ਸੈਨਾ ਨੂੰ ਸੰਬੋਧਤ ਕਰਦੇ ਹੋਏ ਨੇਤਾ ਜੀ ਨੇ ‘ਦਿੱਲੀ ਚੱਲੋ’ ਦਾ ਨਾਅਰਾ ਦਿੱਤਾ ਅਤੇ ਜਾਪਾਨੀ ਸੈਨਾ ਦੇ ਨਾਲ ਮਿਲ ਕੇ ਬ੍ਰਿਟਿਸ਼ ਅਤੇ ਕਾਮਨਵੈਲਥ ਸੈਨਾ ਤੋਂ ਬਰਮਾ ਸਮੇਤ ਇੰਫਾਲ ਅਤੇ ਕੋਹਿਮਾ ਵਿੱਚ ਇਕੱਠੇ ਹੋ ਕੇ ਮੋਰਚਾ ਸੰਭਾਲਿਆ। ਇਸ ਤੋਂ ਬਾਅਦ 21 ਅਕਤੂਬਰ ਨੂੰ 1943 ਨੂੰ ਸੁਭਾਸ਼ ਨੇ ਆਜ਼ਾਦ ਹਿੰਦ ਫੌਜ ਦੇ ਸਰਵਉੱਚ ਸੈਨਾਪਤੀ ਦੀ ਹੈਸੀਅਤ ਨਾਲ ਸੁਤੰਤਰ ਭਾਰਤ ਦੀ ਅਸਥਾਈ ਸਰਕਾਰ ਬਣਾਈ ਜਿਸ ਨੂੰ ਜਰਮਨੀ, ਜਾਪਾਨ, ਫਿਲੀਪੀਨਜ਼, ਕੋਰੀਆ, ਚੀਨ, ਇਟਲੀ ਅਤੇ ਆਇਰਲੈਂਡ ਨੇ ਮਾਣਤਾ ਦਿੱਤੀ।
ਜਾਪਾਨ ਨੇ ਅੰਡੇਮਾਨ ਅਤੇ ਨਿਕੋਬਾਰ ਦੀਪ ਇਸ ਅਸਥਾਈ ਸਰਕਾਰ ਨੂੰ ਦੇ ਦਿੱਤੇ। ਸੁਭਾਸ਼ ਉਨ੍ਹਾਂ ਦੀਪਾਂ ਵਿੱਚ ਗਏ ਅਤੇ ਉਨ੍ਹਾਂ ਦਾ ਨਾਮਕਰਣ ਕੀਤਾ। 1944 ਨੂੰ ਆਜ਼ਾਦ ਹਿੰਦ ਫੌਜ ਨੇ ਅੰਗਰੇਜ਼ਾਂ ’ਤੇ ਦੁਬਾਰਾ ਆਕਰਮਣ ਕੀਤਾ ਅਤੇ ਕੁਝ ਭਾਰਤੀ ਸੂਬਿਆਂ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਵੀ ਕਰਵਾ ਲਿਆ ਗਿਆ। ਜਦੋਂਕਿ ਕੋਹਿਮਾ ਦਾ ਯੁੱਧ 4 ਅਪ੍ਰੈੱਲ 1944 ਤੋਂ 22 ਜੂਨ 1944 ਤਕ ਲੜਿਆ ਗਿਆ। ਇਹ ਇੱਕ ਭਿਆਨਕ ਯੁੱਧ ਸੀ। ਇਸ ਯੁੱਧ ਵਿੱਚ ਜਾਪਾਨੀ ਸੈਨਾ ਨੂੰ ਪਿੱਛੇ ਹਟਣਾ ਪਿਆ ਸੀ ਅਤੇ ਇਹ ਇੱਕ ਟਰਨਿੰਗ ਪੁਆਇੰਟ ਸਿੱਧ ਹੋਇਆ। 6 ਜੁਲਾਈ 1944 ਨੂੰ ਉਨ੍ਹਾਂ ਨੇ ਰੰਗੂਨ ਰੇਡੀਓ ਸਟੇਸ਼ਨ ਤੋਂ ਮਹਾਤਮਾ ਗਾਂਧੀ ਦੇ ਨਾਂ ਇੱਕ ਪ੍ਰਸਾਰਣ ਜਾਰੀ ਕੀਤਾ ਜਿਸ ਵਿੱਚ ਉਨ੍ਹਾਂ ਨੇ ਇਸ ਨਿਰਣਾਇਕ ਯੁੱਧ ਵਿੱਚ ਜਿੱਤ ਲਈ ਉਨ੍ਹਾਂ ਦਾ ਆਸ਼ੀਰਵਾਦ ਅਤੇ ਸ਼ੁਭ ਕਾਮਨਾਵਾਂ ਮੰਗੀਆਂ।
ਨੇਤਾ ਜੀ ਦੀ ਮੌਤ ਬਣੀ ਰਹੱਸ
ਨੇਤਾ ਜੀ ਦੀ ਮੌਤ ਨੂੰ ਲੈ ਕੇ ਅੱਜ ਵੀ ਵਿਵਾਦ ਹੈ। ਜਿੱਥੇ ਜਾਪਾਨ ਵਿੱਚ ਹਰ ਸਾਲ 18 ਅਗਸਤ ਨੂੰ ਉਨ੍ਹਾਂ ਦਾ ਸ਼ਹੀਦੀ ਦਿਵਸ ਧੂਮਧਾਮ ਨਾਲ ਮਨਾਇਆ ਜਾਂਦਾ ਹੈ, ਉੱਥੇ ਭਾਰਤ ਵਿੱਚ ਰਹਿਣ ਵਾਲੇ ਪਰਿਵਾਰ ਦੇ ਲੋਕਾਂ ਦਾ ਅੱਜ ਵੀ ਇਹ ਮੰਨਣਾ ਹੈ ਕਿ ਸੁਭਾਸ਼ ਦੀ ਮੌਤ 1945 ਵਿੱਚ ਨਹੀਂ ਹੋਈ, ਉਹ ਉਸ ਤੋਂ ਬਾਅਦ ਰੂਸ ਵਿੱਚ ਨਜ਼ਰਬੰਦ ਸਨ। ਜੇਕਰ ਅਜਿਹਾ ਨਹੀਂ ਹੈ ਤਾਂ ਭਾਰਤ ਸਰਕਾਰ ਨੇ ਉਨ੍ਹਾਂ ਦੀ ਮੌਤ ਨਾਲ ਸੰਬੰਧਤ ਦਸਤਾਵੇਜ਼ ਹੁਣ ਤਕ ਜਨਤਕ ਕਿਉਂ ਨਹੀਂ ਸਨ ਕੀਤੇ? ਇੱਥੇ ਜ਼ਿਕਰਯੋਗ ਹੈ ਕਿ ਦੂਜੇ ਵਿਸ਼ਵਯੁੱਧ ਵਿੱਚ ਜਾਪਾਨ ਦੀ ਹਾਰ ਤੋਂ ਬਾਅਦ ਉਨ੍ਹਾਂ ਨੇ ਰੂਸ ਤੋਂ ਸਹਾਇਤਾ ਮੰਗਣ ਦਾ ਫ਼ੈਸਲਾ ਕੀਤਾ ਸੀ। 18 ਅਗਸਤ 1945 ਨੂੰ ਨੇਤਾ ਜੀ ਹਵਾਈ ਜਹਾਜ਼ ਤੋਂ ਮੰਚੂਰਿਆ ਦੇ ਵੱਲ ਜਾ ਰਹੇ ਸਨ ਤਾਂ ਇਸ ਦੌਰਾਨ ਉਹ ਲਾਪਤਾ ਹੋ ਗਏ। ਇਸ ਦਿਨ ਤੋਂ ਬਾਅਦ ਉਹ ਕਿਸੇ ਨੂੰ ਦਿਖਾਈ ਨਹੀਂ ਦਿੱਤੇ। ਜਦੋਂਕਿ ਰਿਪੋਰਟ ਮੁਤਾਬਕ 23 ਅਗਸਤ 1945 ਨੂੰ ਟੋਕੀਓ ਰੇਡੀਓ ਨੇ ਦੱਸਿਆ ਕਿ ਸੈਗੋਨ ਵਿੱਚ ਨੇਤਾ ਜੀ ਇੱਕ ਵੱਡੇ ਹਮਲਾਵਰ ਜਹਾਜ਼ ਤੋਂ ਆ ਰਹੇ ਹਨ ਕਿ 18 ਅਗਸਤ ਨੂੰ ਤਾਈਹੋਕੂ ਹਵਾਈ ਅੱਡੇ ਦੇ ਕੋਲ ਉਨ੍ਹਾਂ ਦਾ ਜਹਾਜ਼ ਹਾਦਸਾ ਗ੍ਰਸਤ ਹੋ ਗਿਆ। ਜਹਾਜ਼ ਵਿੱਚ ਉਨ੍ਹਾਂ ਦੇ ਨਾਲ ਸਵਾਰ ਜਾਪਾਨੀ ਜਨਰਲ ਸ਼ੋਦੇਈ, ਪਾਇਲਟ ਅਤੇ ਕੁਝ ਹੋਰ ਲੋਕ ਮਾਰੇ ਗਏ। ਨੇਤਾ ਜੀ ਗੰਭੀਰ ਰੂਪ ਨਾਲ ਸੜ ਗਏ ਸਨ। ਉਨ੍ਹਾਂ ਨੂੰ ਤਾਈਹੋਕੂ ਸੈਨਿਕ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੇ ਦਮ ਤੋੜ ਦਿੱਤਾ। ਕਰਨਲ ਹਬੀਬੁਰ ਰਹਮਾਨ ਮੁਤਾਬਕ ਉਨ੍ਹਾਂ ਦਾ ਅੰਤਿਮ ਸੰਸਕਾਰ ਤਾਈਹੋਕੂ ਵਿੱਚ ਹੀ ਕਰ ਦਿੱਤਾ ਗਿਆ। ਸਤੰਬਰ ਦੇ ਮੱਧ ਵਿੱਚ ਉਨ੍ਹਾਂ ਦੀਆਂ ਅਸਤੀਆਂ ਜਾਪਾਨ ਦੀ ਰਾਜਧਾਨੀ ਟੋਕੀਓ ਦੇ ਰੈਂਕੋਜੀ ਮੰਦਰ ਵਿੱਚ ਰੱਖ ਦਿੱਤੀਆਂ ਗਈਆਂ। ਭਾਰਤੀ ਰਾਸ਼ਟਰੀ ਅਭਿਲਾਸ਼ ਤੋਂ ਪ੍ਰਾਪਤ ਦਸਤਾਵੇਜ਼ ਮੁਤਾਬਕ ਨੇਤਾ ਜੀ ਦੀ ਮੌਤ 18 ਅਗਸਤ 1945 ਨੂੰ ਤਾਈਹੋਕੂ ਦੇ ਸੈਨਿਕ ਹਸਪਤਾਲ ਵਿੱਚ ਰਾਤ 21:00 ਵਜੇ ਹੋਈ ਸੀ। ਹਾਲਾਂਕਿ ਸੁਤੰਤਰਤਾ ਦੇ ਬਾਅਦ ਭਾਰਤ ਸਰਕਾਰ ਨੇ ਇਸ ਘਟਨਾ ਦੀ ਜਾਂਚ ਕਰਨ ਲਈ 1956 ਅਤੇ 1977 ਵਿੱਚ ਦੋ ਵਾਰ ਕਮਿਸ਼ਨ ਨਿਯੁਕਤ ਕੀਤਾ। ਦੋਵੇਂ ਵਾਰ ਇਹ ਨਤੀਜਾ ਨਿਕਲਿਆ ਕਿ ਨੇਤਾ ਜੀ ਉਸ ਜਹਾਜ਼ ਹਾਦਸੇ ਵਿੱਚ ਹੀ ਮਾਰੇ ਗਏ ਸਨ।
1999 ਵਿੱਚ ਮਨੋਜ ਕੁਮਾਰ ਮੁਖਰਜੀ ਦੀ ਅਗਵਾਈ ਵਿੱਚ ਤੀਜਾ ਕਮਿਸ਼ਨ ਬਣਾਇਆ ਗਿਆ। 2005 ਵਿੱਚ ਤਾਈਵਾਨ ਸਰਕਾਰ ਨੇ ਮੁਖਰਜੀ ਕਮਿਸ਼ਨ ਨੂੰ ਦੱਸ ਦਿੱਤਾ ਕਿ 1945 ਵਿੱਚ ਤਾਈਵਾਨ ਦੀ ਭੂਮੀ ’ਤੇ ਕੋਈ ਹਵਾਈ ਜਹਾਜ਼ ਹਾਦਸਾ ਗ੍ਰਸਤ ਹੋਇਆ ਹੀ ਨਹੀਂ ਸੀ। 2005 ਵਿੱਚ ਮੁਖਰਜੀ ਕਮਿਸ਼ਨ ਨੇ ਭਾਰਤ ਸਰਕਾਰ ਨੂੰ ਆਪਣੀ ਰਿਪੋਰਟ ਪੇਸ਼ ਕੀਤੀ ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਨੇਤਾ ਜੀ ਦੀ ਮੌਤ ਉਸ ਜਹਾਜ਼ ਹਾਦਸੇ ਵਿੱਚ ਹੋਣ ਦਾ ਸਬੂਤ ਨਹੀਂ ਹੈ ਪਰ ਭਾਰਤ ਸਰਕਾਰ ਨੇ ਮੁਖਰਜੀ ਕਮਿਸ਼ਨ ਦੀ ਰਿਪੋਰਟ ਨੂੰ ਅਸਵੀਕਾਰ ਕਰ ਦਿੱਤਾ।
16 ਜਨਵਰੀ 2014 ਨੂੰ ਕੋਲਕਾਤਾ ਹਾਈ ਕੋਰਟ ਨੇ ਨੇਤਾ ਜੀ ਦੇ ਲਾਪਤਾ ਹੋਣ ਦੇ ਰਹੱਸ ਨਾਲ ਜੁੜੇ ਖੁਫੀਆਂ ਦਸਤਾਵੇਜ਼ ਨੂੰ ਜਨਤਕ ਕਰਨ ਦੀ ਮੰਗ ਵਾਲੀ ਜਨਹਿਤ ਪਟੀਸ਼ਨ ’ਤੇ ਸੁਣਵਾਈ ਲਈ ਸਪੈਸ਼ਲ ਬੈਂਚ ਦੇ ਗਠਨ ਦਾ ਆਦੇਸ਼ ਦਿੱਤਾ ਗਿਆ ਸੀ। 18 ਅਗਸਤ 1945 ਦੇ ਦਿਨ ਨੇਤਾ ਜੀ ਕਿੱਥੇ ਲਾਪਤਾ ਹੋ ਗਏ ਅਤੇ ਉਨ੍ਹਾਂ ਦਾ ਅੱਗੇ ਕੀ ਹੋਇਆ, ਇਹ ਸਾਡੇ ਸਭ ਲਈ ਹੁਣ ਤਕ ਸਭ ਤੋਂ ਵੱਡਾ ਰਹੱਸ ਬਣਿਆ ਹੋਇਆ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2541)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)