“ਟਰੰਪ ਦੀ ਇਸ ਜਿੱਤ ਉੱਤੇ ਦੁਨੀਆ ਦੇ ਵੱਖ ਵੱਖ ਦੇਸ਼ਾਂ ਦੇ ਮੁਖੀਆਂ ਦੁਆਰਾ ਉਨ੍ਹਾਂ ਨੂੰ ਵਧਾਈ ...”
(7 ਨਵੰਬਰ 2024)
ਪਿਛਲੇ ਇੱਕ ਸਾਲ ਤੋਂ ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਦਾ ਪ੍ਰਚਾਰ ਚੱਲ ਰਿਹਾ ਸੀ। ਜਿੱਥੇ ਰਿਪਬਲਿਕਨ ਪਾਰਟੀ ਵੱਲੋਂ ਇਸ ਵਾਰ ਇੱਕ ਵਾਰ ਫਿਰ ਤੋਂ ਸਾਬਕਾ ਰਾਸ਼ਟਰਪਤੀ ਡੋਨਲ ਟਰੰਪ ਨੂੰ ਆਪਣੀ ਪਾਰਟੀ ਦਾ ਉਮੀਦਵਾਰ ਬਣਾਇਆ ਗਿਆ ਸੀ, ਉੱਥੇ ਹੀ ਡੈਮੋਕਰੈਟਿਕ ਪਾਰਟੀ ਵੱਲੋਂ ਅਮਰੀਕਾ ਦੀ ਮੌਜੂਦਾ ਉਪਰਾਸ਼ਟਰਪਤੀ ਕਮਲਾ ਹੈਰਿਸ ਉਮੀਦਵਾਰ ਸਨ। ਇਹਨਾਂ ਦੀ ਚੋਣ ਲਈ ਪੰਜ ਨਵੰਬਰ ਨੂੰ ਵੋਟਾਂ ਪਈਆਂ ਸਨ ਅਤੇ ਇਸਦੇ ਨਾਲ ਹੀ ਇਸਦੀ ਗਿਣਤੀ ਛੇ ਨਵੰਬਰ ਨੂੰ ਸ਼ੁਰੂ ਹੋ ਗਈ ਸੀ। ਐਗਜ਼ਿਟ ਪੋਲਾਂ ਦੇ ਰੁਝਾਨਾਂ ਵਿੱਚ ਦੋਵਾਂ ਉਮੀਦਵਾਰਾਂ ਦੀ ਫਸਵੀਂ ਟੱਕਰ ਦਾ ਦਾਅਵਾ ਕੀਤਾ ਜਾ ਰਿਹਾ ਸੀ। ਪਰ ਹੁਣ ਜਦੋਂ ਇਨ੍ਹਾਂ ਚਣਾਓ ਦੇ ਨਤੀਜੇ ਲਗਭਗ ਘੋਸ਼ਿਤ ਹੋ ਚੁੱਕੇ ਹਨ ਤਾਂ ਇਹਨਾਂ ਵਿੱਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਅਤੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇੱਕ ਵਾਰ ਫਿਰ ਤੋਂ ਅਮਰੀਕਾ ਦੇ ਬਤੌਰ ਰਾਸ਼ਟਰਪਤੀ ਵਾਗਡੋਰ ਸੰਭਾਲਣ ਦਾ ਮੌਕਾ ਮਿਲਣ ਜਾ ਰਿਹਾ ਹੈ। ਅਰਥਾਤ ਆਗਾਮੀ 2025 ਦੀ 20 ਜਨਵਰੀ ਦਿਨ ਸੋਮਵਾਰ ਨੂੰ ਅਮਰੀਕਾ ਦੇ ਕੈਪੀਟਲ ਕੰਪਲੈਕਸ ਦੇ ਮੈਦਾਨ ਵਿੱਚ ਇਨ੍ਹਾਂ ਚੋਣਾਂ ਦੌਰਾਨ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਉਦਘਾਟਨੀ ਸਮਾਗ਼ਮ ਹੋਵੇਗਾ। ਇਹ ਅਮਰੀਕਾ ਦੇ ਇਤਿਹਾਸ ਵਿੱਚ 60ਵਾਂ ਉਦਘਾਟਨੀ ਸਮਾਗਮ ਹੋਵੇਗਾ। ਇਸ ਸਮਾਗਮ ਵਿੱਚ ਨਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸੰਵਿਧਾਨ ਨੂੰ ਕਾਇਮ ਰੱਖਣ ਦੀ ਸਹੁੰ ਚੁਕਾਈ ਜਾਵੇਗੀ ਅਤੇ ਫਿਰ ਉਨ੍ਹਾਂ ਵੱਲੋਂ ਆਪਣਾ ਉਦਘਾਟਨੀ ਭਾਸ਼ਣ ਦਿੱਤਾ ਜਾਵੇਗਾ।
ਵੋਟਾਂ ਦੀ ਗਿਣਤੀ ਦੌਰਾਨ ਡੌਨਲਡ ਟਰੰਪ ਨੇ ਰਾਸ਼ਟਰਪਤੀ ਅਹੁਦੇ ਲਈ ਜ਼ਰੂਰੀ ਬਹੁਮਤ ਹਾਸਲ ਕਰ ਲਿਆ। ਇਹ ਰਿਪੋਰਟ ਲਿਖੇ ਜਾਣ ਤਕ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਡੌਨਲਡ ਟਰੰਪ ਨੇ ਹੁਣ ਤਕ 279 ਇਲੈਕਟੋਰਲ ਵੋਟ ਹਾਸਲ ਕਰ ਲਏ ਹਨ। ਟਰੰਪ ਨੇ ਅਮਰੀਕਾ ਦੇ ਸੱਤ ਵਿੱਚੋਂ ਚਾਰ ਸਵਿੰਗ ਸਟੇਟਸ ਵਿੱਚ ਜਿੱਤ ਹਾਸਲ ਕਰ ਲਈ ਹੈ। ਇਨ੍ਹਾਂ ਸਟੇਟਾਂ ਵਿੱਚ ਜੌਰਜੀਆ, ਨੌਰਥ ਕੈਰੋਲਾਈਨਾ, ਵਿਸਕੌਨਸਿਨ ਤੇ ਪੈਨਸਲਵੇਨੀਆ ਸ਼ਾਮਿਲ ਹਨ। ਇੱਥੇ ਜ਼ਿਕਰਯੋਗ ਹੈ ਕਿ ਅਮਰੀਕਾ ਵਿੱਚ ਕੁੱਲ 538 ਇਲੈਕਟੋਰਲ ਕਾਲਜ ਵੋਟਾਂ ਹਨ, ਬਹੁਮਤ ਲਈ 270 ਵੋਟਾਂ ਦੀ ਲੋੜ ਹੁੰਦੀ ਹੈ।
ਇਸ ਸਮੇਂ ਜਾਰਜੀਆ ਅਤੇ ਉੱਤਰੀ ਕੈਰੋਲਾਈਨਾ ਵਿੱਚ 16-16 ਇਲੈਕਟੋਰਲ ਵੋਟਾਂ ਹਨ ਜਦਕਿ ਪੈਨਸਿਲਵੇਨੀਆ ਵਿੱਚ ਸਭ ਤੋਂ ਵੱਧ 19 ਇਲੈਕਟੋਰਲ ਵੋਟਾਂ ਹਨ। ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੌਨਲਡ ਟਰੰਪ ਨੇ ਆਪਣੀ ਜਿੱਤ ਦਾ ਐਲਾਨ ਕਰਦਿਆਂ ਆਪਣੇ ਸਮਰਥਕਾਂ ਨੂੰ ਸੰਬੋਧਿਤ ਕੀਤਾ ਹੈ। ਉਨ੍ਹਾਂ ਨੇ ਕਿਹਾ, “ਇਹ ਅਮਰੀਕਾ ਦੇ ਲੋਕਾਂ ਲਈ ਸ਼ਾਨਦਾਰ ਜਿੱਤ ਹੈ, ਜੋ ਅਮਰੀਕਾ ਨੂੰ ਫਿਰ ਤੋਂ ਮਹਾਨ ਬਣਾਏਗੀ।”
ਟਰੰਪ ਨੇ ਇਹ ਵੀ ਕਿਹਾ ਕਿ ਅਮਰੀਕਾ ਨੇ ਉਨ੍ਹਾਂ ਨੂੰ ਸ਼ਕਤੀਸ਼ਾਲੀ ਬਹੁਮਤ ਦਿੱਤਾ ਹੈ। ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦੇ ਹੋਏ ਡੌਨਲਡ ਟਰੰਪ ਨੇ ਜੁਲਾਈ ਮਹੀਨੇ ਮਿਸ਼ੀਗਨ ਵਿੱਚ ਉਨ੍ਹਾਂ ’ਤੇ ਹੋਏ ਜਾਨਲੇਵਾ ਹਮਲੇ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਭਗਵਾਨ ਨੇ ਇੱਕ ਖ਼ਾਸ ਮਕਸਦ ਕਰ ਕੇ ਉਨ੍ਹਾਂ ਦੀ ਜਾਨ ਬਚਾਈ ਹੈ। “ਰੱਬ ਨੇ ਮੇਰੀ ਜ਼ਿੰਦਗੀ ਇੱਕ ਖ਼ਾਸ ਮਕਸਦ ਕਰ ਕੇ ਬਖਸ਼ੀ ਹੈ … ਅਮਰੀਕਾ ਨੂੰ ਦੁਬਾਰਾ ਮਹਾਨ ਬਣਾਉਣ ਲਈ।” ਸਮਰਥਕਾਂ ਦਾ ਧੰਨਵਾਦ ਕਰਦਿਆਂ ਟਰੰਪ ਨੇ ਕਿਹਾ ਕਿ ਅਮਰੀਕਾ ਦਾ ਰਾਸ਼ਟਰਪਤੀ ਹੋਣਾ “ਦੁਨੀਆਂ ਦਾ ਸਭ ਤੋਂ ਮਹੱਤਵਪੂਰਨ ਕੰਮ” ਹੈ। ਉਨ੍ਹਾਂ ਨੇ ਅੱਗੇ ਕਿਹਾ, “ਮੇਰੀ ਸਰਕਾਰ ਆਪਣੇ ਪੁਰਾਣੇ ਆਦਰਸ਼, ‘ਵਾਅਦੇ ਕੀਤੇ, ਵਾਅਦੇ ਨਿਭਾਏ’ ਉੱਤੇ ਚੱਲੇਗੀ। ਉਨ੍ਹਾਂ ਕਿਹਾ ਕਿ “ਸਭ ਤੋਂ ਵਧੀਆ ਤਰੀਕੇ ਨਾਲ ਕੰਮ ਕਰਕੇ ਅਸੀਂ ਤੁਹਾਡੇ ਭਰੋਸੇ ਦਾ ਮੁੱਲ ਮੋੜਾਂਗੇ … ਇਹ ਸਭ ਤੇਜ਼ੀ ਨਾਲ ਹੋਵੇਗਾ। ਤੁਸੀਂ ਵੇਖੋਗੇ ਅਸੀਂ ਜਲਦ ਹੀ ਅਮਰੀਕਾ ਨੂੰ ਮੁੜ ਮਹਾਨ ਬਣਾਵਾਂਗੇ।” ਉਨ੍ਹਾਂ ਇਸ ਮੌਕੇ ਇਹ ਵੀ ਆਖਿਆ, “ਅੱਜ ਅਮਰੀਕਾ ਦੇ ਵੋਟਰਾਂ ਨੇ ਮੈਨੂੰ ਜੇਤੂ ਬਣਾ ਕੇ ਮੁੜ ਦੇਸ਼ ਦੀ ਵਾਗ਼ਡੋਰ ਨੂੰ ਆਪਣੇ ਹੱਥ ਵਿੱਚ ਲਿਆ ਹੈ, ਇਸ ਦਿਨ ਨੂੰ ਹਮੇਸ਼ਾ ਇਸ ਵਜੋਂ ਯਾਦ ਰੱਖਿਆ ਜਾਵੇਗਾ।” ਇਸ ਭਾਸ਼ਣ ਦੌਰਾਨ ਉਨ੍ਹਾਂ ਨੇ ਦੇਸ਼ ਲਈ ਆਪਣੀਆਂ ਭਵਿੱਖ ਦੀਆਂ ਯੋਜਨਾਵਾਂ ਬਾਰੇ ਗੱਲ ਕੀਤੀ ਅਤੇ ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਵੀ ਕੀਤਾ, ਜਿਨ੍ਹਾਂ ਨੇ ਉਨ੍ਹਾਂ ਲਈ ਪ੍ਰਚਾਰ ਕੀਤਾ ਸੀ।
ਇਸ ਮੌਕੇ ਟਰੰਪ ਨੇ ਸੰਬੋਧਨ ਦੌਰਾਨ ਟੈਸਲਾ ਦੇ ਸੀਈਓ ਈਲੋਨ ਮਸਕ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਮਸਕ ਅਮਰੀਕਾ ਦੇ ਇੱਕ ਮਹੱਤਵਪੂਰਨ ਵਿਅਕਤੀ ਹਨ ਅਤੇ ਉਸ ਨੇ ਚੋਣ ਮੁਹਿੰਮ ਵਿੱਚ ਉਨ੍ਹਾਂ ਦੀ ਬਹੁਤ ਮਦਦ ਕੀਤੀ ਹੈ।
ਟਰੰਪ ਨੇ ਮਸਕ ਦਾ ਹਵਾਲਾ ਦਿੰਦੇ ਹੋਏ ਕਿਹਾ, “ਇੱਕ ਸਟਾਰ ਦਾ ਜਨਮ ਹੋਇਆ ਹੈ।” ਉਨ੍ਹਾਂ ਕਿਹਾ, “ਈਲੋਨ ਮਸਕ ਨੇ ਬਹੁਤ ਸਾਰੀਆਂ ਜਾਨਾਂ ਬਚਾਈਆਂ। ਉਹ ਇੱਕ ਖਾਸ ਵਿਅਕਤੀ ਹਨ, ਇੱਕ ਸੁਪਰ ਜੀਨੀਅਸ। ਸਾਨੂੰ ਆਪਣੇ ਪ੍ਰਤਿਭਾਸ਼ਾਲੀ ਲੋਕਾਂ ਦੀ ਰੱਖਿਆ ਕਰਨੀ ਪਵੇਗੀ, ਸਾਡੇ ਕੋਲ ਉਹਨਾਂ ਵਰਗੇ ਬਹੁਤੇ ਲੋਕ ਨਹੀਂ ਹਨ।”
ਇਸ ਮੌਕੇ ਉਨ੍ਹਾਂ ਨੇ ਆਪਣੀ ਜਿੱਤ ਦੇ ਐਲਾਨ ਦੇ ਨਾਲ ਹੀ ਆਪਣੀ ਪਤਨੀ ਮੇਲਾਨੀਆ ਟਰੰਪ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਮੇਲਾਨੀਆ ਨੂੰ ਅਮਰੀਕਾ ਦੀ ਪਹਿਲੀ ਮਹਿਲਾ ਵੀ ਦੱਸਿਆ। ਟਰੰਪ ਨੇ ਮੇਲਾਨੀਆ ਦੁਆਰਾ ਲਿਖੀ ਗਈ ਕਿਤਾਬ ਦੀ ਤਾਰੀਫ ਕਰਦੇ ਹੋਏ ਕਿਹਾ, “ਇਹ ਦੇਸ਼ ਦੀ ਨੰਬਰ ਵਨ ਬੈੱਸਟ ਸੈੱਲਰ ਕਿਤਾਬ ਹੈ। ਉਨ੍ਹਾਂ (ਮੇਲਾਨੀਆ) ਨੇ ਸ਼ਾਨਦਾਰ ਕੰਮ ਕੀਤਾ ਹੈ। ਉਹ ਲੋਕਾਂ ਦੀ ਮਦਦ ਲਈ ਵੀ ਬਹੁਤ ਮਿਹਨਤ ਕਰਦੇ ਹਨ।” ਇਸਦੇ ਨਾਲ ਹੀ ਟਰੰਪ ਨੇ ਆਪਣੇ ਬੱਚਿਆਂ ਦਾ ਧੰਨਵਾਦ ਕੀਤਾ। ਸਟੇਜ ’ਤੇ ਆਪਣੇ ਨਾਲ ਖੜ੍ਹੇ ਆਪਣੇ ਬੱਚਿਆਂ ਦਾ ਨਾਂ ਲੈਂਦਿਆਂ ਟਰੰਪ ਨੇ ਉਨ੍ਹਾਂ ਦੀ ਤਾਰੀਫ ਕੀਤੀ।
ਕੱਚੇ ਤੇਲ ਬਾਰੇ ਗੱਲ ਕਰਦੇ ਹੋਏ ਡੌਨਲਡ ਟਰੰਪ ਨੇ ਕਿਹਾ, “ਸਾਡੇ ਕੋਲ ਦੁਨੀਆ ਦੇ ਕਿਸੇ ਵੀ ਦੇਸ਼ ਨਾਲੋਂ ਜ਼ਿਆਦਾ ਤਰਲ ‘ਸੋਨਾ’ (ਤੇਲ) ਹੈ। ਅਸੀਂ ਆਪਣਾ ਕਰਜ਼ਾ ਚੁਕਾਉਣ ਜਾ ਰਹੇ ਹਾਂ।”
ਇਸ ਮੌਕੇ ਟਰੰਪ ਨਾਲ ਉਨ੍ਹਾਂ ਦਾ ਪਰਿਵਾਰ ਅਤੇ ਰਿਪਬਲਿਕਨ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੇਡੀ ਵੈਂਸ ਵੀ ਸਨ, ਜਿਨ੍ਹਾਂ ਨੇ ਟਰੰਪ ਦੀ ਵਾਈਟ ਹਾਊਸ ਵਾਪਸੀ ਨੂੰ ਅਮਰੀਕਾ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਸਿਆਸੀ ਵਾਪਸੀ ਦੱਸਿਆ।
“ਮੇਰੀ ਜਿੱਤ ਵਿੱਚ ਇੱਥੇ ਸ਼ਾਮਲ ਹੋਣ ਲਈ ਆਏ ਲੋਕਾਂ ਦੀ ਮੈਂ ਸ਼ਲਾਘਾ ਕਰਦਾ ਹਾਂ। ਅਸੀਂ ਤੁਹਾਡੇ ਬੱਚਿਆਂ ਦੇ ਭਵਿੱਖ ਲਈ ਲੜਨਾ ਸ਼ੁਰੂ ਕਰਾਂਗੇ ਅਤੇ ਇੱਕ ਵੱਡੀ ਆਰਥਿਕ ਵਾਪਸੀ ਕਰਾਂਗੇ। ਅਸੀਂ ਆਪਣੇ ਦੇਸ਼ ਨੂੰ ਚੰਗਾ ਮੋੜਾ ਦੇਣ ਜਾ ਰਹੇ ਹਾਂ। ਸਾਨੂੰ ਸਰਹੱਦਾਂ ਨੂੰ ਸੀਲ ਕਰਨਾ ਪਵੇਗਾ ਤਾਂ ਜੋ ਲੋਕ ਸਿਰਫ਼ ਕਾਨੂੰਨੀ ਤੌਰ ’ਤੇ ਹੀ ਦੇਸ਼ ਵਿੱਚ ਦਾਖ਼ਲ ਹੋ ਸਕਣ।”
ਟਰੰਪ ਦੀ ਇਸ ਜਿੱਤ ਉੱਤੇ ਦੁਨੀਆ ਦੇ ਵੱਖ ਵੱਖ ਦੇਸ਼ਾਂ ਦੇ ਮੁਖੀਆਂ ਦੁਆਰਾ ਉਨ੍ਹਾਂ ਨੂੰ ਵਧਾਈ ਦੇਣ ਦਾ ਸਿਲਸਿਲਾ ਵੀ ਜਾਰੀ ਰਿਹਾ। ਇਸ ਸੰਦਰਭ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ ਰਾਸ਼ਟਰਪਤੀ ਦੀਆਂ ਚੋਣਾਂ ਦੇ ਨਤੀਜਿਆਂ ਵਿੱਚ ਅੱਗੇ ਚੱਲ ਰਹੇ ਡੌਨਲਡ ਟਰੰਪ ਦੀ ਜਿੱਤ ’ਤੇ ਮੁਬਾਰਕਬਾਦ ਦਿੱਤੀ ਹੈ। ਉਨ੍ਹਾਂ ਨੇ ਆਪਣੇ ਐਕਸ ਹੈਂਡਲ ’ਤੇ ਡੌਨਲਡ ਟਰੰਪ ਨੂੰ ਟੈਗ ਕਰਦਿਆਂ ਲਿਖਿਆ, “ਤੁਹਾਡੀ ਇਤਿਹਾਸਕ ਜਿੱਤ ’ਤੇ ਦਿਲੋਂ ਮੁਬਾਰਕਾਂ ਮੇਰੇ ਦੋਸਤ ਡੌਨਲਡ ਟਰੰਪ। ਮੈਂ ਭਾਰਤ-ਅਮਰੀਕਾ ਦੀ ਵਿਸ਼ਵ ਵਿਆਪਕ ਅਤੇ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਸਾਡੇ ਸਹਿਯੋਗ ਨੂੰ ਨਵਿਆਉਣ ਦੀ ਉਮੀਦ ਕਰਦਾ ਹਾਂ। ਆਓ ਮਿਲ ਕੇ ਆਪਣੇ ਲੋਕਾਂ ਦੀ ਬਿਹਤਰੀ ਲਈ ਅਤੇ ਵਿਸ਼ਵ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਨੂੰ ਉਤਸ਼ਾਹਿਤ ਕਰਨ ਲਈ ਕੰਮ ਕਰੀਏ।”
ਉੱਧਰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਆਖਿਆ, “ਮੈਨੂੰ ਸਤੰਬਰ ਵਿੱਚ ਰਾਸ਼ਟਰਪਤੀ ਟਰੰਪ ਨਾਲ ਹੋਈ ਸ਼ਾਨਦਾਰ ਮੁਲਾਕਾਤ ਯਾਦ ਹੈ। ਇਸ ਦੌਰਾਨ ਅਸੀਂ ਯੂਕਰੇਨ-ਅਮਰੀਕਾ ਰਣਨੀਤਕ ਭਾਈਵਾਲੀ, ਜਿੱਤ ਯੋਜਨਾ ਅਤੇ ਯੂਕਰੇਨ ਦੇ ਖਿਲਾਫ ਰੂਸ ਦੇ ਹਮਲੇ ਨੂੰ ਖਤਮ ਕਰਨ ਦੇ ਤਰੀਕਿਆਂ ’ਤੇ ਚਰਚਾ ਕੀਤੀ।”
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਆਪਣੇ ਵਧਾਈ ਸੰਦੇਸ਼ ਵਿੱਚ ਕਿਹਾ, “ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਦੂਜੇ ਕਾਰਜਕਾਲ ਲਈ ਉਨ੍ਹਾਂ ਦੀ ਇਤਿਹਾਸਕ ਜਿੱਤ ’ਤੇ ਵਧਾਈ! ਮੈਂ ਪਾਕਿਸਤਾਨ-ਅਮਰੀਕਾ ਸੰਬੰਧਾਂ ਨੂੰ ਮਜ਼ਬੂਤ ਅਤੇ ਵਿਸ਼ਾਲ ਕਰਨ ਲਈ ਆਉਣ ਵਾਲੀ ਸਰਕਾਰ ਨਾਲ ਮਿਲ ਕੇ ਕੰਮ ਕਰਨ ਦੀ ਉਮੀਦ ਕਰਦਾ ਹਾਂ।”
ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਕਿਹਾ, “ਰਾਸ਼ਟਰਪਤੀ ਟਰੰਪ ਨੂੰ ਇਸ ਇਤਿਹਾਸਕ ਜਿੱਤ ਲਈ ਵਧਾਈ। ਮੈਂ ਆਉਣ ਵਾਲੇ ਸਾਲਾਂ ਵਿੱਚ ਤੁਹਾਡੇ ਨਾਲ ਕੰਮ ਕਰਨ ਦੀ ਉਮੀਦ ਕਰਦਾ ਹਾਂ। ਸਾਡੇ ਨਜ਼ਦੀਕੀ ਸਹਿਯੋਗੀ ਹੋਣ ਦੇ ਨਾਤੇ, ਅਸੀਂ ਆਜ਼ਾਦੀ, ਜਮਹੂਰੀਅਤ ਅਤੇ ਉੱਦਮ ਦੀਆਂ ਸਾਂਝੀਆਂ ਕਦਰਾਂ-ਕੀਮਤਾਂ ਦੀ ਰੱਖਿਆ ਲਈ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ।”
ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਆਪਣੇ ਵਧਾਈ ਸੁਨੇਹੇ ਵਿੱਚ ਕਿਹਾ, “ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਉਨ੍ਹਾਂ ਦੀ ਜਿੱਤ ’ਤੇ ਵਧਾਈ। ਜਿਸ ਤਰ੍ਹਾਂ ਅਸੀਂ ਉਨ੍ਹਾਂ ਦੇ ਪਿਛਲੇ ਕਾਰਜਕਾਲ ਦੇ ਚਾਰ ਸਾਲ ਇਕੱਠੇ ਕੰਮ ਕੀਤਾ, ਅਸੀਂ ਹੁਣ ਵੀ ਇਕੱਠੇ ਕੰਮ ਕਰਨ ਲਈ ਤਿਆਰ ਹਾਂ।”
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5424)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)