“ਦੋਵੇਂ ਦੇਸ਼ 2020 ਵਿੱਚ ਗਲਵਾਨ ਝੜਪ ਤੋਂ ਪਹਿਲਾਂ ਵਾਲੀ ਸਥਿਤੀ ਵੱਲ ਜਾ ਰਹੇ ਹਨ। ਉਪਰੋਕਤ ਸਥਿਤੀ ਨੂੰ ਵੇਖਦੇ ਹੋਏ ...”
(30 ਅਕਤੂਬਰ 2024)
ਭਾਰਤ ਅਤੇ ਚੀਨ ਦੀਆਂ ਫੌਜਾਂ 25 ਅਕਤੂਬਰ ਤੋਂ ਪੂਰਬੀ ਲੱਦਾਖ ਹੱਦ ਤੋਂ ਪਿੱਛੇ ਹਟਣਾ ਸ਼ੁਰੂ ਹੋ ਗਈਆਂ ਹਨ। ਵੱਖ ਵੱਖ ਖਬਰਾਂ ਅਨੁਸਾਰ ਦੋਵਾਂ ਦੇਸ਼ਾਂ ਦੀਆਂ ਫੌਜਾਂ ਨੇ ਆਪੋ ਆਪਣੇ ਅਸਥਾਈ ਤੰਬੂ ਅਤੇ ਸ਼ੈੱਡ ਹਟਾ ਲਏ ਹਨ। ਗੱਡੀਆਂ ਅਤੇ ਹੋਰ ਮਿਲਟਰੀ ਸਾਜ਼ੋ-ਸਾਮਾਨ ਵੀ ਹੱਦ ਤੋਂ ਦੂਰ ਲਿਜਾਇਆ ਜਾ ਰਿਹਾ ਹੈ। ਫੌਜੀ ਸੂਤਰਾਂ ਮੁਤਾਬਕ 28 ਅਤੇ 29 ਅਕਤੂਬਰ ਤਕ ਦੋਵੇਂ ਦੇਸ਼ਾਂ ਦੀਆਂ ਫੌਜਾਂ ਹੱਦ ਤੋਂ ਪੂਰੀ ਤਰ੍ਹਾਂ ਆਪਣੇ ਸੈਨਿਕ ਪਿੱਛੇ ਲੈ ਜਾਣਗੇ।
ਇਸ ਤੋਂ ਪਹਿਲਾਂ ਕਿ ਅਸੀਂ ਦੋਹਾਂ ਦੇਸ਼ਾਂ ਦੇ ਸੰਬੰਧਾਂ ਨੂੰ ਲੈ ਅੱਗੇ ਵਧੀਏ, ਆਓ ਇੱਕ ਉਡਦੀ ਚਜ਼ਰ ਇਨ੍ਹਾਂ ਦੋਵਾਂ ਦੇਸ਼ਾਂ ਦੇ ਬਣਦੇ-ਵਿਗੜਦੇ ਰਿਸ਼ਤਿਆਂ ਦੇ ਇਤਿਹਾਸ ’ਤੇ ਮਾਰਦੇ ਹਾਂ। ਦਰਅਸਲ ਦੇਸ਼ ਦੀ ਆਜ਼ਾਦੀ ਤੋਂ ਬਾਅਦ ਭਾਰਤ ਚੀਨ ਸੰਬੰਧਾਂ ਦੀ ਸ਼ੁਰੂਆਤ 1950 ਵਿੱਚ ਹੋ ਗਈ ਸੀ। ਉਂਝ ਭੂਤਕਾਲ ’ਤੇ ਝਾਤ ਮਾਰਦੇ ਹਾਂ ਤਾਂ ਭਾਰਤ ਅਤੇ ਚੀਨ (ਪੀਪਲਜ਼ ਰਿਪਬਲਿਕ ਆਫ ਚਾਈਨਾ, ਪੀਆਰਸੀ) ਨੇ ਇਤਿਹਾਸਕ ਤੌਰ ’ਤੇ ਹਜ਼ਾਰਾਂ ਸਾਲਾਂ ਦੇ ਰਿਕਾਰਡ ਕੀਤੇ ਇਤਿਹਾਸ ਤੋਂ ਸ਼ਾਂਤੀਪੂਰਨ ਸੰਬੰਧ ਬਣਾਏ ਰੱਖੇ ਹਨ। 1949 ਵਿੱਚ ਚੀਨੀ ਘਰੇਲੂ ਯੁੱਧ ਦੌਰਾਨ ਅਤੇ ਖਾਸ ਤੌਰ ’ਤੇ ਚੀਨ ਦੇ ਲੋਕ ਗਣਰਾਜ ਦੁਆਰਾ ਤਿੱਬਤ ਦੇ ਕਬਜ਼ੇ ਤੋਂ ਬਾਅਦ। ਦੋਵਾਂ ਦੇਸ਼ਾਂ ਨੇ ਇੱਕ ਦੂਜੇ ਨਾਲ ਆਰਥਿਕ ਸਹਿਯੋਗ ਦੀ ਮੰਗ ਕੀਤੀ ਹੈ, ਜਦੋਂ ਕਿ ਅਕਸਰ ਸਰਹੱਦੀ ਵਿਵਾਦ ਅਤੇ ਦੋਵਾਂ ਦੇਸ਼ਾਂ ਵਿੱਚ ਆਰਥਿਕ ਰਾਸ਼ਟਰਵਾਦ ਵਿਵਾਦ ਦਾ ਮੁੱਖ ਕਾਰਨ ਹਨ। ਇਸ ਤੋਂ ਪਹਿਲਾਂ ਭਾਰਤ ਦਰਮਿਆਨ ਸੱਭਿਆਚਾਰਕ ਅਤੇ ਆਰਥਿਕ ਸੰਬੰਧ ਕਦੀਮੀ ਸਮੇਂ ਤੋਂ ਚਲੇ ਆ ਰਹੇ ਹਨ। ਸਿਲਕ ਰੋਡ ਨੇ ਭਾਰਤ ਅਤੇ ਚੀਨ ਵਿਚਕਾਰ ਇੱਕ ਪ੍ਰਮੁੱਖ ਵਪਾਰਕ ਮਾਰਗ ਵਜੋਂ ਕੰਮ ਕੀਤਾ।
19ਵੀਂ ਸਦੀ ਦੌਰਾਨ ਚੀਨ ਈਸਟ ਇੰਡੀਆ ਕੰਪਨੀ ਦੇ ਨਾਲ ਅਫੀਮ ਦੇ ਵਧਦੇ ਵਪਾਰ ਵਿੱਚ ਸ਼ਾਮਲ ਸੀ, ਜੋ ਭਾਰਤ ਵਿੱਚ ਉਗਾਈ ਜਾਣ ਵਾਲੀ ਅਫੀਮ ਦੀ ਬਰਾਮਦਗੀ ਕਰਦੀ ਸੀ। ਦੂਜੇ ਵਿਸ਼ਵ ਯੁੱਧ ਦੌਰਾਨ, ਬ੍ਰਿਟਿਸ਼ ਭਾਰਤ ਅਤੇ ਚੀਨ ਗਣਰਾਜ (ਆਰਓਸੀ) ਦੋਵਾਂ ਨੇ ਇੰਪੀਰੀਅਲ ਜਾਪਾਨ ਦੀ ਤਰੱਕੀ ਨੂੰ ਰੋਕਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।
1947 ਵਿੱਚ ਭਾਰਤ ਦੇ ਆਜ਼ਾਦ ਹੋਣ ਤੋਂ ਉਪਰੰਤ ਇਸਨੇ ਆਰਓਸੀ ਨਾਲ ਸੰਬੰਧ ਸਥਾਪਿਤ ਕੀਤੇ। ਆਧੁਨਿਕ ਚੀਨ-ਭਾਰਤੀ ਕੂਟਨੀਤਕ ਸੰਬੰਧ 1950 ਵਿੱਚ ਸ਼ੁਰੂ ਹੋਏ। ਪਿਛਲੇ ਕਈ ਦਹਾਕਿਆਂ ਤੋਂ ਚੀਨ ਅਤੇ ਭਾਰਤ ਏਸ਼ੀਆ ਦੀਆਂ ਦੋ ਪ੍ਰਮੁੱਖ ਖੇਤਰੀ ਸ਼ਕਤੀਆਂ ਚਲੀਆਂ ਆ ਰਹੀਆਂ ਹਨ ਅਤੇ ਦੋਵੇਂ ਸਭ ਤੋਂ ਵੱਧ ਅਬਾਦੀ ਵਾਲੇ ਦੇਸ਼ ਹਨ। (ਬੇਸ਼ਕ ਹੁਣ ਭਾਰਤ ਨੇ ਅਬਾਦੀ ਦੇ ਮਾਮਲੇ ਵਿੱਚ ਚੀਨ ਨੂੰ ਪਿੱਛੇ ਛੱਡ ਦਿੱਤਾ ਹੈ) ਇਸ ਤੋਂ ਇਲਾਵਾ ਇਹ ਦੋਵੇਂ ਦੇਸ਼ ਦੁਨੀਆ ਦੀਆਂ ਸਭ ਤੋਂ ਤੇਜ਼ੀ ਨਾਲ ਵਧ ਰਹੀਆਂ ਪ੍ਰਮੁੱਖ ਅਰਥ ਵਿਵਸਥਾਵਾਂ ਵਿੱਚੋਂ ਇੱਕ ਹਨ।
ਮਾਹਿਰਾਂ ਅਨੁਸਾਰ ਦੋਵੇਂ ਦੇਸ਼ ਆਪਣੇ ਸਰਹੱਦੀ ਵਿਵਾਦ ਨੂੰ ਸੁਲਝਾਉਣ ਵਿੱਚ ਹੁਣ ਤਕ ਅਸਫਲ ਰਹੇ ਅਤੇ ਭਾਰਤੀ ਮੀਡੀਆ ਆਊਟਲੈਟਾਂ ਨੇ ਵਾਰ-ਵਾਰ ਭਾਰਤੀ ਖੇਤਰ ਵਿੱਚ ਚੀਨੀ ਫੌਜੀ ਘੁਸਪੈਠ ਦੀਆਂ ਰਿਪੋਰਟਾਂ ਦਿੱਤੀਆਂ ਹਨ ਅਤੇ ਸਮਕਾਲੀ ਚੀਨ ਅਤੇ ਭਾਰਤ ਵਿਚਕਾਰ ਸੰਬੰਧਾਂ ਨੂੰ ਸਰਹੱਦੀ ਵਿਵਾਦਾਂ ਦੁਆਰਾ ਦਰਸਾਇਆ ਗਿਆ ਹੈ, ਜਿਸਦੇ ਨਤੀਜੇ ਵਜੋਂ ਤਿੰਨ ਫੌਜੀ ਸੰਘਰਸ਼ - 1962 ਦੀ ਚੀਨ-ਭਾਰਤ ਜੰਗ, 1967 ਵਿੱਚ ਨਾਥੂਲਾ ਅਤੇ ਚੋਲਾ ਵਿੱਚ ਸਰਹੱਦੀ ਝੜਪਾਂ, ਅਤੇ 1987 ਵਿੱਚ ਸੁਮਡੋਰੋਂਗ ਚੂ ਰੁਕਾਵਟ ਸਾਹਮਣੇ ਆਏ। 1980 ਦੇ ਦਹਾਕੇ ਦੇ ਅਖੀਰ ਤੋਂ ਦੋਵਾਂ ਦੇਸ਼ਾਂ ਨੇ ਸਫਲਤਾਪੂਰਵਕ ਕੂਟਨੀਤਕ ਅਤੇ ਆਰਥਿਕ ਸੰਬੰਧਾਂ ਨੂੰ ਦੁਬਾਰਾ ਬਣਾਇਆ ਹੈ।
2013 ਤੋਂ ਸਰਹੱਦੀ ਵਿਵਾਦ ਦੋਵਾਂ ਦੇਸ਼ਾਂ ਦੇ ਆਪਸੀ ਸੰਬੰਧਾਂ ਵਿੱਚ ਮੁੜ ਉੱਭਰ ਕੇ ਸਾਹਮਣੇ ਆਏ। 2018 ਦੇ ਸ਼ੁਰੂ ਵਿੱਚ ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਵਿਵਾਦਤ ਭੂਟਾਨ-ਚੀਨ ਸਰਹੱਦ ਦੇ ਨਾਲ ਡੋਕਲਾਮ ਪਠਾਰ ’ਤੇ ਇੱਕ ਰੁਕਾਵਟ ਵਿੱਚ ਰੁੱਝੀਆਂ ਹੋਈਆਂ ਸਨ। ਇਸ ਤੋਂ ਬਾਅਦ ਇਹ ਤਣਾਓ ਦਾ ਸਿਲਸਿਲਾ 2020 ਵਿੱਚ ਗਲਵਾਨ ਘਾਟੀ ਤਕ ਪਹੁੰਚਦਾ ਗਿਆ।
ਫਿਲਹਾਲ ਦੋਵਾਂ ਦੇਸ਼ਾਂ ਦੇ ਸੈਨਿਕਾਂ ਨੇ ਡੇਪਸਾਂਗ ਅਤੇ ਡੇਮਚੋਕ ਖੇਤਰਾਂ ਤੋਂ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ ਹੈ। ਸਮਝੌਤੇ ਮੁਤਾਬਕ ਦੋਵਾਂ ਧਿਰਾਂ ਨੇ ਇਲਾਕੇ ਵਿੱਚ ਇੱਕ-ਇੱਕ ਟੈਂਟ ਅਤੇ ਕੁਝ ਅਸਥਾਈ ਢਾਂਚੇ ਨੂੰ ਢਾਹ ਦਿੱਤਾ ਹੈ। ਡੇਮਚੋਕ ਵਿੱਚ ਭਾਰਤੀ ਸੈਨਿਕ ਚਾਰਡਿੰਗ ਡਰੇਨ ਦੇ ਪੱਛਮ ਵੱਲ ਮੁੜ ਰਹੇ ਹਨ ਜਦੋਂ ਕਿ ਚੀਨੀ ਸੈਨਿਕ ਡਰੇਨ ਦੇ ਦੂਜੇ ਪਾਸੇ ਪੂਰਬ ਵੱਲ ਵਾਪਸ ਜਾ ਰਹੇ ਹਨ। ਦੋਵੇਂ ਪਾਸੇ ਕਰੀਬ 10-12 ਆਰਜ਼ੀ ਢਾਂਚੇ ਬਣਾਏ ਗਏ ਹਨ ਅਤੇ ਦੋਹਾਂ ਪਾਸੇ ਕਰੀਬ 12-12 ਟੈਂਟ ਲਗਾਏ ਗਏ ਹਨ, ਜਿਨ੍ਹਾਂ ਨੂੰ ਹਟਾਇਆ ਜਾਣਾ ਹੈ।
ਕੁਝ ਰਿਪੋਰਟਾਂ ਅਨੁਸਾਰ ਇਸ ਪ੍ਰਕਿਰਿਆ ਦੇ ਮੁਕੰਮਲ ਹੋਣ ਤੋਂ ਬਾਅਦ ਅਗਲੇ 4-5 ਦਿਨਾਂ ਵਿੱਚ ਡੇਪਸੰਗ ਅਤੇ ਡੇਮਚੋਕ ਵਿੱਚ ਗਸ਼ਤ ਸ਼ੁਰੂ ਹੋਣ ਦੀ ਸੰਭਾਵਨਾ ਹੈ।
ਇਸ ਤੋਂ ਪਹਿਲਾਂ ਵੀਰਵਾਰ ਨੂੰ ਕੁਝ ਅਸਥਾਈ ਢਾਂਚੇ ਵੀ ਢਾਹ ਦਿੱਤੇ ਗਏ। ਇਸਦੇ ਨਾਲ ਹੀ ਵੀਰਵਾਰ ਨੂੰ ਚੀਨੀ ਸੈਨਿਕਾਂ ਨੇ ਆਪਣੇ ਕੁਝ ਵਾਹਨ ਇੱਥੋਂ ਹਟਾ ਦਿੱਤੇ ਹਨ। ਭਾਰਤੀ ਫੌਜ ਨੇ ਵੀਰਵਾਰ ਨੂੰ ਇੱਥੋਂ ਕੁਝ ਸੈਨਿਕਾਂ ਦੀ ਗਿਣਤੀ ਵੀ ਘਟਾ ਦਿੱਤੀ। ਰਿਪੋਰਟਾਂ ਅਨੁਸਾਰ ਗਸ਼ਤ ਲਈ ਵੀ ਫੌਜੀਆਂ ਦੀ ਗਿਣਤੀ ਤੈਅ ਕੀਤੀ ਗਈ ਹੈ। ਹੱਦ ਤੋਂ ਪਿੱਛੇ ਹਟਣ ਦਾ ਇਹ ਫੈਸਲਾ ਅਪਰੈਲ 2020 ਤੋਂ ਪਹਿਲਾਂ ਦੀ ਸਥਿਤੀ ਬਹਾਲ ਕਰਨ ਲਈ ਲਿਆ ਗਿਆ ਹੈ। 2020 ਵਿੱਚ ਭਾਰਤ-ਚੀਨ ਦੇ ਫੌਜੀਆਂ ਵਿਚਾਲੇ ਗਲਵਾਨ ਘਾਟੀ ਵਾਲੀ ਝੜਪ ਤੋਂ ਬਾਅਦ ਲਗਾਤਾਰ ਤਣਾਅ ਬਣਿਆ ਹੋਇਆ ਸੀ।
ਇਸ ਦੌਰਾਨ ਵੱਖ ਵੱਖ ਸਮਿਆਂ ਦੌਰਾਨ ਦੋਵਾਂ ਦੇਸ਼ਾਂ ਦਰਮਿਆਨ ਉਕਤ ਤਣਾਓ ਨੂੰ ਘੱਟ ਕਰਨ ਲਈ ਕਈ ਵਾਰ ਬੈਠਕਾਂ ਹੋਈਆਂ ਪਰ ਉਨ੍ਹਾਂ ਦਾ ਕੋਈ ਖਾਸ ਨਤੀਜਾ ਵੇਖਣ ਨੂੰ ਨਹੀਂ ਸੀ ਮਿਲਿਆ। ਹੁਣ ਉਕਤ ਗਲਵਾਨ ਘਾਟੀ ਵਾਲੀ ਘਟਨਾ ਨੂੰ ਵਾਪਰਿਆਂ ਕਰੀਬ ਚਾਰ ਸਾਲਾਂ ਦਾ ਸਮਾਂ ਹੋ ਗਿਆ ਹੈ ਤਾਂ ਘਟਨਾ ਦੇ ਚਾਰ ਸਾਲ ਬਾਅਦ 21 ਅਕਤੂਬਰ ਨੂੰ ਦੋਵਾਂ ਦੇਸ਼ਾਂ ਵਿਚਾਲੇ ਫੌਜੀ ਜਵਾਨਾਂ ਦੀ ਗਸ਼ਤ ਸੰਬੰਧੀ ਨਵਾਂ ਸਮਝੌਤਾ ਹੋਇਆ ਸੀ। ਇਸ ਸੰਦਰਭ ਵਿੱਚ ਵਿਦੇਸ਼ ਮੰਤਰੀ ਐੱਸ. ਜੈ. ਸ਼ੰਕਰ ਨੇ ਕਿਹਾ ਹੈ ਕਿ ਇਸ ਸਮਝੌਤੇ ਦਾ ਮਕਸਦ ਲੱਦਾਖ ਵਿੱਚ ਗਲਵਾਨ ਵਰਗੀ ਝੜਪ ਰੋਕਣਾ ਅਤੇ ਪਹਿਲਾਂ ਵਰਗੇ ਹਾਲਾਤ ਬਣਾਉਣਾ ਹੈ। ਦੋਵਾਂ ਦੇਸ਼ਾਂ ਵਿਚਾਲੇ ਇਹ ਸਮਝੌਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬ੍ਰਿਕਸ ਯਾਤਰਾ ਤੋਂ ਪਹਿਲਾਂ ਲਗਭਗ ਫਾਈਨਲ ਹੋਇਆ ਸੀ। ਇੱਥੇ ਜ਼ਿਕਰਯੋਗ ਹੈ ਕਿ ਬ੍ਰਿਕਸ ਸੰਮੇਲਨ ਦੌਰਾਨ ਵੀ ਪ੍ਰਧਾਨ ਮੰਤਰੀ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਉਕਤ ਸੰਦਰਭ ਵਿੱਚ ਗੱਲਬਾਤ ਹੋਈ ਸੀ ਅਤੇ ਇਸ ਗੱਲਬਾਤ ਦੌਰਾਨ ਤੈਅ ਕੀਤਾ ਗਿਆ ਸੀ ਕਿ ਦੋਵੇਂ ਦੇਸ਼ਾਂ ਵੱਲੋਂ ਸ਼ਾਂਤੀ ਕਾਇਮ ਰੱਖਣ ਦੀਆਂ ਕੋਸ਼ਿਸ਼ਾਂ ਤੇਜ਼ ਕੀਤੀਆਂ ਜਾਣਗੀਆਂ।
ਇਸ ਤੋਂ ਪਹਿਲਾਂ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ ਸੀ ਕਿ ਭਾਰਤੀ ਅਤੇ ਚੀਨੀ ਵਾਰਤਾਕਾਰ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (ਐੱਲ ਏ ਸੀ) ਦੇ ਨਾਲ ਗਸ਼ਤ ਕਰਨ ਲਈ ਇੱਕ ਸਮਝੌਤੇ ’ਤੇ ਪਹੁੰਚ ਗਏ ਹਨ। ਉਨ੍ਹਾਂ ਕਿਹਾ ਕਿ ਭਾਰਤੀ ਅਤੇ ਚੀਨੀ ਵਾਰਤਾਕਾਰ ਮੁੱਦਿਆਂ ਨੂੰ ਸੁਲਝਾਉਣ ਲਈ ਪਿਛਲੇ ਕੁਝ ਹਫਤਿਆਂ ਤੋਂ ਸੰਪਰਕ ਵਿੱਚ ਸਨ। ਮੰਨਿਆ ਜਾ ਰਿਹਾ ਹੈ ਕਿ ਸਮਝੌਤਾ ਡੇਪਸਾਂਗ ਅਤੇ ਡੇਮਚੋਕ ਖੇਤਰਾਂ ਵਿੱਚ ਗਸ਼ਤ ਨਾਲ ਸੰਬੰਧਤ ਹੈ। ਸਮਝੌਤੇ ਮੁਤਾਬਕ ਦੋਵਾਂ ਦੇਸ਼ਾਂ ਦੀਆਂ ਫੌਜਾਂ ਡੇਪਸਾਂਗ ਤੇ ਡੇਮਚੋਕ ਖੇਤਰ ਵਿੱਚੋਂ ਪਿੱਛੇ ਹਟਣਗੀਆਂ।
ਇਹ ਐਲਾਨ ਬ੍ਰਿਕਸ ਸੰਮੇਲਨ ਵਿੱਚ ਹਿੱਸਾ ਲੈਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੂਸੀ ਸ਼ਹਿਰ ਕਾਜ਼ਾਨ ਦੀ ਯਾਤਰਾ ਤੋਂ ਇੱਕ ਦਿਨ ਪਹਿਲਾਂ ਕੀਤਾ ਗਿਆ ਸੀ। ਹਾਲਾਂਕਿ ਇਸ ਬਾਰੇ ਉਸ ਸਮੇਂ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਸੀ ਆਇਆ ਪਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵੱਲੋਂ ਬ੍ਰਿਕਸ ਸੰਮੇਲਨ ਤੋਂ ਇਲਾਵਾ ਦੁਵੱਲੀ ਬੈਠਕ ਕਰਨ ਦੇ ਕਿਆਸ ਲਾਏ ਜਾ ਰਹੇ ਸਨ। ਵਿਦੇਸ਼ ਮੰਤਰੀ ਐੱਸ ਜੈ ਸ਼ੰਕਰ ਨੇ ਐੱਨ ਡੀ ਟੀ ਵੀ ਦੇ ਪ੍ਰੋਗਰਾਮ ਵਿੱਚ ਵਿਦੇਸ਼ ਸਕੱਤਰ ਦੇ ਬਿਆਨ ਦੀ ਪ੍ਰੋੜ੍ਹਤਾ ਕਰਦਿਆਂ ਕਿਹਾ ਸੀ ਕਿ ਚੀਨ ਨਾਲ ਠਰ੍ਹੰਮੇ ਦੀ ਰਣਨੀਤੀ ਕਾਰਨ ਇਹ ਕਾਮਯਾਬੀ ਮਿਲੀ ਹੈ। ਦੋਵੇਂ ਦੇਸ਼ ਅੱਗੇ ਵਧ ਰਹੇ ਹਨ। ਬੇਸ਼ਕ ਗੱਲਬਾਤ ਦੀ ਪ੍ਰਕਿਰਿਆ ਪੇਚੀਦਾ ਰਹੀ ਪਰ ਉਮੀਦ ਹੈ ਕਿ ਅਸੀਂ ਅਮਨ ਵੱਲ ਵਧ ਰਹੇ ਹਾਂ। ਭਾਰਤ ਅਤੇ ਚੀਨ ਵਿਚਾਲੇ ਸਹਿਮਤੀ ਬਹੁਤ ਹਾਂ-ਪੱਖੀ ਹੈ। ਦੋਵੇਂ ਦੇਸ਼ 2020 ਵਿੱਚ ਗਲਵਾਨ ਝੜਪ ਤੋਂ ਪਹਿਲਾਂ ਵਾਲੀ ਸਥਿਤੀ ਵੱਲ ਜਾ ਰਹੇ ਹਨ। ਉਪਰੋਕਤ ਸਥਿਤੀ ਨੂੰ ਵੇਖਦੇ ਹੋਏ ਇੰਝ ਲਗਦਾ ਹੈ ਜਿਵੇਂ ਪਿਛਲੇ ਚਾਰ ਸਾਲਾਂ ਤੋਂ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ’ਤੇ ਜੰਮੀ ਬਰਫ਼ ਪਿਘਲਣ ਲੱਗੀ ਹੈ। ਹੁਣ ਦੇਖਣਾ ਇਹ ਹੈ ਕਿ ਇਨ੍ਹਾਂ ਰਿਸ਼ਤਿਆਂ ਵਿੱਚ ਹੋਰ ਕਿੰਨਾ ਕੁ ਅਤੇ ਕਿੱਥੇ ਕੁ ਤਕ ਨਿੱਘਾਪਣ ਵੇਖਣ ਮਿਲਦਾ ਹੈ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5404)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.