“ਜੇਕਰ ਅਸੀਂ ਪੰਜਾਬ ਦੀ ਬਾਹਰ ਜਾ ਰਹੀ ਜਵਾਨੀ ਅਤੇ ਬਾਹਰ ਜਾਣ ਵਾਲੇ ਪੈਸੇ ਨੂੰ ਠੱਲ੍ਹ ਪਾਉਣੀ ਹੈ ...”
(3 ਅਗਸਤ 2021)
ਕੋਈ ਜ਼ਿਆਦਾ ਸਮਾਂ ਨਹੀਂ ਲੰਘਿਆ ਜਦੋਂ ਮੁੰਡੇ ਕੁੜੀਆਂ ਦੇ ਰਿਸ਼ਤੇ ਵੇਖਣ ਲੱਗਿਆਂ ਖਾਨਦਾਨ, ਗੋਤ ਅਤੇ ਹੋਰ ਬਹੁਤ ਕੁਝ ਵੇਖਿਆ ਭਾਲਿਆ ਜਾਂਦਾ ਸੀ ਪਰ ਪਿਛਲੇ ਲਗਭਗ ਡੇਢ ਦੋ ਦਹਾਕੇ ਤੋਂ ਜਿਵੇਂ ਉਕਤ ਸਾਰਾ ਕੁਝ ਇਤਿਹਾਸ ਬਣ ਕੇ ਰਹਿ ਗਿਆ ਹੈ। ਦਰਅਸਲ ਅੱਜ ਵਿਦੇਸ਼ ਜਾਣ ਦੀ ਹੋੜ੍ਹ ਜੋ ਪੰਜਾਬੀਆਂ ਵਿੱਚ ਵੇਖਣ ਨੂੰ ਮਿਲ ਰਹੀ ਹੈ ਉਸ ਨੇ ਪੁਰਾਣੀਆਂ ਤਮਾਮ ਰੀਤਾਂ ਤੇ ਰਿਵਾਜਾਂ ਨੂੰ ਜਿਵੇਂ ਤਿਲਾਂਜਲੀ ਦੇ ਛੱਡੀ ਹੈ। ਅੱਜ ਹਾਲਾਤ ਇਹ ਹਨ ਕਿ ਵਿਦੇਸ਼ ਜਾਣ ਦੀ ਚਾਹਤ ਵਿੱਚ ਪੰਜਾਬ ਦੇ ਵਧੇਰੇ ਲੋਕ ਨਾ ਖਾਨਦਾਨ ਪਰਖਦੇ ਨੇ ਤੇ ਨਾ ਹੀ ਗੋਤ ਤੇ ਨਾ ਹੀ ਮੁੰਡੇ ਕੁੜੀ ਦਾ ਮੇਲ, ਨਾ ਹੀ ਉਮਰ ਦਾ ਹਿਸਾਬ ਕਿਤਾਬ, ਨਾ ਹੀ ਜ਼ਮੀਨ ਜਾਇਦਾਦ ਤੇ ਨਾ ਪੜ੍ਹਾਈ ਲਿਖਾਈ। ਬੱਸ ਜੇਕਰ ਅੱਜ ਵੇਖਿਆ ਜਾਂਦਾ ਹੈ ਤਾਂ ਆਈਲੈਟਸ ਵਿੱਚੋਂ ਆਏ ਬਾਹਰ ਜਾਣ ਲਈ ਲੋੜੀਂਦੇ ਬੈਂਡ …!
ਮੰਨੋ ਅੱਜ ਕੱਲ੍ਹ ਇਸ ਟੈਸਟ ਨੂੰ ਹੀ ਇੱਕ ਬਹੁ-ਮੰਤਵੀ ਪਰਵਾਨਾ ਸਵੀਕਾਰ ਕਰ ਲਿਆ ਗਿਆ ਹੈ। ਆਈਲੈਟਸ ਦਾ ਅਰਥ ਹੈ ਇੰਟਰਨੈਸ਼ਨਲ ਲੈਂਗੂਏਜ ਟੈਸਟਿੰਗ ਸਿਸਟਮ। ਅਸਲ ਵਿੱਚ ਆਈਲੈਟਸ ਵਿੱਚ ਸਾਡੀ ਸਿਰਫ ਇੰਗਲਿਸ਼ ਬੋਲਣ, ਪੜ੍ਹਨ, ਲਿਖਣ ਵਿੱਚ ਵੋਕੈਬਲਰੀ ਤੇ ਸੁਣ ਕੇ ਸਮਝਣ ਦੀ ਕਾਬਲੀਅਤ ਵੇਖੀ ਜਾਂਦੀ ਹੈ। ਹਾਲਾਂਕਿ ਇਹ ਕੋਈ ਇੰਨੀ ਵੱਡੀ ਡਿਗਰੀ ਨਹੀਂ ਹੈ ਪਰ ਇਸ ਨੂੰ ਪੰਜਾਬ ਦੇ ਲੋਕਾਂ ਸਾਹਮਣੇ ਇੰਨਾ ਵੱਡਾ ਹਊਆ ਬਣਾ ਕੇ ਪੇਸ਼ ਕੀਤਾ ਗਿਆ ਹੈ ਕਿ ਅੱਜ ਇਸ ਨੇ ਇੱਕ ਵੱਡੀ ਸੌਦੇਬਾਜ਼ੀ ਦੀ ਸ਼ਕਲ ਇਖਤਿਆਰ ਕਰ ਲਈ ਹੈ। ਅਸੀਂ, ਸਾਡੇ ਬਜ਼ੁਰਗ ਪਹਿਲਾਂ ਰਿਸ਼ਤੇ ਕਰਨ ਵੇਲੇ ਅਕਸਰ ਜ਼ਮੀਨ ਜਾਇਦਾਦ ਜਾਂ ਨੌਕਰੀ ਤੇ ਪੜ੍ਹਾਈ ਦੇਖਿਆ ਕਰਦੇ ਸਨ। ਅੱਜ ਇਸ ਨੂੰ ਰਿਸ਼ਤਿਆਂ ਦੀ ਕੰਗਾਲੀ ਦਾ ਦੌਰ ਹੀ ਕਿਹਾ ਜਾ ਸਕਦਾ ਹੈ ਕਿ ਹੁਣ ਰਿਸ਼ਤੇ ਵਧੇਰੇ ਕਰਕੇ ਆਈਲੈਟਸ ਸੈਂਟਰ ਵਾਲੇ ਹੀ ਲੱਭ ਕੇ ਦਿੰਦੇ ਹਨ। ਜਾਂ ਇੰਝ ਕਹਿ ਲਵੋ ਕਿ ਉਕਤ ਸੈਂਟਰ ਅੱਜ ਦੂਹਰੀ ਭੂਮਿਕਾ ਨਿਭਾ ਰਹੇ ਹਨ। ਉਹ ਅੰਗਰੇਜ਼ੀ ਦੀ ਕੋਚਿੰਗ ਦੇ ਨਾਲ ਨਾਲ ਮੈਰਿਜ ਬਿਊਰੋ ਦਾ ਫਰਜ਼ ਵੀ ਨਿਭਾਉਂਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਦੋਵੇਂ ਹੱਥੀਂ ਲੱਡੂ ਹਨ। ਜਿਨ੍ਹਾਂ ਲੋਕਾਂ ਦਾ ਇਨ੍ਹਾਂ ਸੈਂਟਰਾਂ ਨਾਲ ਵਾਹ ਵਾਸਤਾ ਹੈ, ਉਨ੍ਹਾਂ ਦਾ ਮੰਨਣਾ ਹੈ ਕਿ ਅਕਸਰ ਅਜਿਹੇ ਸੈਂਟਰ ਵਾਲੇ ਨਵੇਂ ਆਏ ਗਾਹਕ ਨੂੰ ਜਿਸ ਤਰ੍ਹਾਂ ਦੇ ਸਵਾਲ ਕਰਦੇ ਹਨ, ਉਨ੍ਹਾਂ ਸਵਾਲਾਂ ਵਿੱਚ ਕੁਝ ਕੁ ਤਾਂ ਟਿਪਸ ’ਤੇ ਹਨ ਜਿਵੇਂ ਕਿ ਕੀ ਤੁਹਾਡੇ ਬੱਚੇ ਨੇ ਆਈਲੈਟਸ ਪਾਸ ਕਰਨੀ ਹੈ? ਤੁਸੀਂ ਆਈਲੈਟਸ ਪਾਸ ਬੱਚਾ ਲੱਭ ਰਹੇ ਹੋ? ਕਿੰਨੇ ਬੈਂਡ ਵਾਲਾ ਬੱਚਾ ਚਾਹੀਦਾ ਹੈ? ਤੁਹਾਡੀ ਪੈਸੇ ਖ਼ਰਚਣ ਦੀ ਕਿੰਨੀ ਕੁ ਹੈਸੀਅਤ ਹੈ? ਆਦਿ ਸਵਾਲ ਪੁੱਛਦੇ ਹੋਏ ਇੱਕ ਤਰ੍ਹਾਂ ਨਾਲ ਗਾਹਕ ਨੂੰ ਪੂਰੀ ਤਰ੍ਹਾਂ ਟੋਹਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਫਿਰ ਜਿਹੋ ਜਿਹਾ ਗ੍ਰਾਹਕ ਹੋਵੇ ਉਹੋ ਜਿਹਾ ਲੋਦਾ ਲਾਇਆ ਜਾਂਦਾ ਹੈ। ਇੱਕ ਅੰਦਾਜ਼ੇ ਮੁਤਾਬਿਕ ਅੱਜ ਵਿੱਚ ਪੰਜਾਬ ਵਿੱਚ ਸਭ ਤੋਂ ਵੱਧ ਜੋ ਵਿਓਪਾਰ ਪ੍ਰਫੁਲਿਤ ਹੋਣ ਵਿੱਚ ਸਫਲ ਹੋਇਆ ਹੈ ਤਾਂ ਉਹ ਸਟਡੀ ਵੀਜ਼ੇ ਦਾ ਕਾਰੋਬਾਰ ਹੈ।
ਭਾਵੇਂ ਅਸੀਂ ਬਹੁਤ ਤਰੱਕੀ ਕਰ ਲਈ ਹੈ ਪਰ ਸਾਡਾ ਨਜ਼ਰੀਆ ਅਤੇ ਸੋਚ ਹਾਲੇ ਵੀ ਉੱਥੇ ਹੀ ਖੜ੍ਹੇ ਹਨ। ਭਾਵ ਪਹਿਲਾਂ ਜਿੱਥੇ ਮੁੰਡੇ ਵਾਲੇ ਦਾਜ ਮੰਗਦੇ ਹੁੰਦੇ ਸਨ ਉੱਥੇ ਹੀ ਹੁਣ ਕੁੜੀਆਂ ਵਾਲੇ ਪੈਸੇ ਲੈਂਦੇ ਹਨ। ਪਹਿਲਾਂ ਇਹ ਆਮ ਇੱਕ ਪਿਰਤ ਪਈ ਹੋਈ ਸੀ ਕਿ ਜਿੰਨੇ ਕਿੱਲੇ ਵੱਧ ਹੋਣੇ ਉੰਨੀ ਹੀ ਵੱਡੀ ਗੱਡੀ ਦਾਜ ਵਿੱਚ ਮਿਲਿਆ ਕਰਦੀ? ਮੌਜੂਦਾ ਸਮੇਂ ਜਿੰਨੇ ਬੈਂਡਜ਼ ਵੱਧ, ਉੰਨੀ ਫੀਸ ਮੁੰਡੇ ਵਾਲੇ ਵੱਧ ਭਰਨਗੇ। ਲਗਦਾ ਹੈ ਅੱਜ ਬਿਨਾਂ ਕਿਸੇ ਝਿਜਕ ਸ਼ਰਮ ਦੇ ਹਰ ਕੋਈ ਵਗਦੀ ਗੰਗਾ ਵਿੱਚ ਹੱਥ ਧੋਣ ਦੇ ਆਹਰ ਵਿੱਚ ਹੈ। ਜਿਹੜੇ ਮੁੰਡੇ ਪੜ੍ਹਨ ਤੋਂ ਕੰਨੀ ਕਤਰਾਉਂਦੇ ਹਨ ਜਾਂ ਪੜ੍ਹਾਈ ਕਰਨ ਦੇ ਯੋਗ ਨਹੀਂ, ਉਸ ਵਿੰਗੇ ਟੇਢੇ ਢੰਗ ਨਾਲ ਚੰਗੇ ਬੈਂਡਜ਼ ਵਾਲੀ ਕੁੜੀ ਦੀ ਭਾਲ ਵਿੱਚ ਰਹਿੰਦੇ ਹਨ। ਇੱਕ ਤਰ੍ਹਾਂ ਨਾਲ ਲੱਕੜ ਦੀ ਕਿਸ਼ਤੀ ਰਾਹੀਂ ਪੱਥਰ ਪਾਰ ਲਾਉਣ ਦੀਆਂ ਕੋਸ਼ਿਸ਼ਾਂ ਹਨ। ਪਰ ਇਸਦੇ ਨਾਲ ਹੀ ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਜਿਹੜੇ ਰਿਸ਼ਤਿਆਂ ਦੀ ਬੁਨਿਆਦ ਪਹਿਲਾਂ ਹੀ ਸੌਦੇਬਾਜ਼ੀਆਂ ਉੱਤੇ ਟਿਕੀ ਹੋਵੇ ਉਹ ਕਦਾਚਿਤ ਟਿਕਾਊ ਤੇ ਹੰਢਣਸਾਰ ਨਹੀਂ ਹੁੰਦੇ। ਮੈਂਨੂੰ ਗੁਰਦਾਸ ਮਾਨ ਦੇ ਗਾਏ ਇੱਕ ਗੀਤ ਦਾ ਬੋਲ ਯਾਦ ਆ ਗਏ ਹਨ:
ਲਾਈ ਬੇਕਦਰਾਂ ਨਾਲ ਯਾਰੀ
ਕਿ ਟੁੱਟ ਗਈ ਤੜੱਕ ਕਰਕੇ।
ਪਿਛਲੇ ਦਿਨੀਂ ਸਮਝੌਤਿਆਂ ਦੇ ਸਹਾਰੇ ਬਣੇ ਅਜਿਹੇ ਰਿਸ਼ਤਿਆਂ ਵਿੱਚ ਧੋਖਾ ਖਾਣ ਵਾਲੇ ਨੌਜਵਾਨਾਂ ਦੁਆਰਾ ਕੀਤੀਆਂ ਗਈਆਂ ਖੁਦਕੁਸ਼ੀਆਂ ਬਾਰੇ ਅਸੀਂ ਪੜ੍ਹਿਆ ਅਤੇ ਸੁਣਿਆ ਹੈ ਉਸ ਬਾਰੇ ਬਹੁਤਾ ਕੁਝ ਕਹਿਣ ਦੀ ਲੋੜ ਨਹੀਂ ਹੈ। ਇੱਕ ਰਿਪੋਰਟ ਅਨੁਸਾਰ ਬੀਤੇ ਪੰਜ ਸਾਲਾਂ ਦੌਰਾਨ 2.62 ਲੱਖ ਦੇ ਕਰੀਬ ਵਿਦਿਆਰਥੀ ਵਿਦੇਸ਼ ਪੜ੍ਹਨ ਲਈ ਪੰਜਾਬ ਛੱਡ ਚੁੱਕੇ ਹਨ। ਸਟੂਡੈਂਟ ਵੀਜ਼ਾ ਲੈਣ ਵਿੱਚ ਪੰਜਾਬ ਦੇਸ਼ ਭਰ ਵਿੱਚੋਂ ਦੂਜੇ ਨੰਬਰ ’ਤੇ ਹੈ ਜਦੋਂ ਕਿ ਇਸ ਤੋਂ ਪਹਿਲਾਂ 2019 ਵਿੱਚ ਪੰਜਾਬ ਨੇ ਸਟਡੀ ਵੀਜ਼ੇ ਲੈਣ ਵਿੱਚ ਮੁਲਕ ਵਿੱਚੋਂ ਪਹਿਲਾ ਨੰਬਰ ਹਾਸਲ ਕੀਤਾ ਸੀ। ਇੱਕ ਅੰਦਾਜ਼ੇ ਮੁਤਾਬਿਕ ਪੰਜਾਬ ਵਿੱਚੋਂ ਰੋਜ਼ਾਨਾ ਔਸਤਨ 140 ਵਿਦਿਆਰਥੀ ਪੜ੍ਹਨ ਲਈ ਵੱਖ ਵੱਖ ਦੇਸ਼ਾਂ ਦਾ ਰੁਖ ਕਰ ਰਹੇ ਹਨ। ਵਿਦੇਸ਼ਾਂ ਵਿੱਚ ਸਟਡੀ ਵੀਜ਼ੇ ’ਤੇ ਜਾਣ ਦੇ ਰੁਝਾਨ ਦੇ ਚੱਲਦਿਆਂ ਜਿੱਥੇ ਸਾਡੇ ਪ੍ਰਦੇਸ਼ ਦੀ ਜਵਾਨੀ ਧੜਾਧੜ ਬਾਹਰ ਜਾ ਰਹੀ ਉਸ ਦੇ ਨਾਲ ਨਾਲ ਆਰਥਿਕ ਪੱਖੋਂ ਵੀ ਪੰਜਾਬ ਨੂੰ ਇੱਕ ਵੱਡਾ ਖੋਰਾ ਲੱਗ ਰਿਹਾ ਹੈ। ਅਫਸੋਸ ਕਿ ਇਸ ਵਲ ਕਿਸੇ ਸਰਕਾਰ ਦਾ ਵੀ ਧਿਆਨ ਨਹੀਂ ਜਾ ਰਿਹਾ। ਇਸ ਸੰਦਰਭ ਵਿੱਚ ਪੱਤਰਕਾਰ ਚਰਨਜੀਤ ਭੁੱਲਰ ਆਪਣੇ ਇੱਕ ਲੇਖ ਵਿੱਚ ਦੱਸਦੇ ਹਨ, “ਪੰਜਾਬ ਵਿੱਚ ਕਰੀਬ 55 ਲੱਖ ਘਰ ਹੈ ਅਤੇ ਇਸ ਲਿਹਾਜ਼ ਨਾਲ ਵੇਖੀਏ ਤਾਂ ਪੰਜਾਬ ਦੇ ਔਸਤਨ ਹਰ 20ਵੇਂ ਘਰ ਦਾ ਜਵਾਨ ਜੀਅ ‘ਸਟਡੀ ਵੀਜ਼ਾ ’ਤੇ ਵਿਦੇਸ਼ ਪੜ੍ਹ ਰਿਹਾ ਹੈ। ਔਸਤਨ 15 ਲੱਖ ਰੁਪਏ ਪ੍ਰਤੀ ਵਿਦਿਆਰਥੀ ਖਰਚਾ ਮੰਨੀਏ ਤਾਂ ਪੰਜਾਬ ਵਿੱਚੋਂ ਲੰਘੇ ਪੰਜ ਵਰ੍ਹਿਆਂ ਵਿੱਚ 3930 ਕਰੋੜ ਰੁਪਏ ਦਾ ਸਰਮਾਇਆ ਵਿਦੇਸ਼ ਜਾ ਚੁੱਕਾ ਹੈ। ਪੰਜਾਬ ਵਿੱਚੋਂ ਸਾਲ 2016 ਮਗਰੋਂ ਸਟਡੀ ਵੀਜ਼ੇ ਨੇ ਰਫਤਾਰ ਫੜੀ ਸੀ। ਉਸ ਮਗਰੋਂ ਹੀ ਪੰਜਾਬ ਵਿੱਚ ਆਈਲੈੱਟਸ ਸੈਂਟਰਾਂ ਅਤੇ ਇੰਮੀਗ੍ਰੇਸ਼ਨ ਦਫਤਰਾਂ ਦਾ ਹੜ੍ਹ ਆਇਆ ਹੈ। ਤੱਥਾਂ ਅਨੁਸਾਰ ਸਮੁੱਚੇ ਦੇਸ਼ ਵਿੱਚੋਂ ਉਕਤ ਸਮੇਂ ਦੌਰਾਨ 22 ਲੱਖ ਵਿਦਿਆਰਥੀ ਵਿਦੇਸ਼ ਪੜ੍ਹਨ ਗਿਆ ਹੈ ਜਿਸ ਵਿੱਚੋਂ 2.62 ਲੱਖ ਇਕੱਲੇ ਪੰਜਾਬ ਵਿੱਚੋਂ ਹੈ। ਇਨ੍ਹਾਂ ਵਰ੍ਹਿਆਂ ਦੀ ਔਸਤ ਮੁਤਾਬਿਕ ਦੇਸ਼ ਭਰ ਵਿੱਚੋਂ ‘ਸਟਡੀ ਵੀਜ਼ਾ’ ਲੈਣ ਵਾਲਿਆਂ ਵਿੱਚ ਪੰਜਾਬ ਦੂਜੇ ਨੰਬਰ ਹੈ ਜਦੋਂ ਕਿ ਆਂਧਰਾ ਪ੍ਰਦੇਸ਼ ਪਹਿਲੇ ਨੰਬਰ ’ਤੇ ਹੈ। ਵੇਰਵਿਆਂ ਅਨੁਸਾਰ ਪੰਜਾਬ ਵਿੱਚੋਂ ਸਾਲ 2016 ਵਿੱਚ 36, 743 ਵਿਦਿਆਰਥੀ, 2017 ਵਿੱਚ 52, 160 ਵਿਦਿਆਰਥੀ, 2018 ਵਿੱਚ 60, 331 ਵਿਦਿਆਰਥੀ, 2019 ਵਿੱਚ 73574 ਅਤੇ ਸਾਲ 2020 ਵਿੱਚ 33, 413 ਵਿਦਿਆਰਥੀ ਵਿਦੇਸ਼ ਪੜ੍ਹਨ ਵਾਸਤੇ ਗਏ ਹਨ। ਵਰ੍ਹਾ 2021 ਦੇ ਪਹਿਲੇ ਦੋ ਮਹੀਨਿਆਂ ਵਿੱਚ 5791 ਸਟਡੀ ਵੀਜ਼ੇ ਤੇ ਗਏ ਹਨ।”
ਸਟਡੀ ਵੀਜ਼ ਦੇ ਬਹਾਨੇ ਪੰਜਾਬ ਵਿੱਚੋਂ ਪਲਾਇਨ ਕਰਨ ਵਾਲਿਆਂ ਦੀ ਗਿਣਤੀ ਵਿੱਚ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਇਜਾਫ਼ਾ ਵੇਖਣ ਨੂੰ ਮਿਲ ਰਿਹਾ ਹੈ। ਇੱਕ ਰਿਪੋਰਟ ਅਨੁਸਾਰ ਸਾਲ 2016 ਵਿੱਚ ਜਿੱਥੇ ਪੰਜਾਬ ਵਿੱਚੋਂ ਔਸਤਨ ਰੋਜ਼ਾਨਾ 100 ਵਿਦਿਆਰਥੀ ਵਿਦੇਸ਼ ਜਾਣ ਲਈ ਜਹਾਜ਼ ਚੜ੍ਹਦੇ ਸਨ ਜਦੋਂ ਕਿ 2017 ਵਿੱਚ ਇਹੋ ਔਸਤਨ ਗਿਣਤੀ ਵਧ ਕੇ 142 ਤੇ ਪੂਰੇ ਦੇਸ਼ ਵਿੱਚੋਂ ਪੰਜਾਬ ਤੀਜੇ ਨੰਬਰ ’ਤੇ ਪੁੱਜ ਗਿਆ। 2018 ਦੂਜੇ ਜਦ ਕਿ 2019 ਵਿੱਚ ਪੂਰੇ ਦੇਸ਼ ਵਿੱਚੋਂ ਪੰਜਾਬ ਪਹਿਲੇ ਨੰਬਰ ’ਤੇ ਪਹੁੰਚ ਗਿਆ।
ਇਸ ਸੰਦਰਭ ਵਿੱਚ ਜੇਕਰ ਦੇਸ਼ ਦੇ ਦੂਜੇ ਸੂਬਿਆਂ ਦੀ ਗੱਲ ਕਰੀਏ ਤਾਂ ਆਂਧਰਾ ਪ੍ਰਦੇਸ਼ ਵਿੱਚੋਂ ਸਭ ਤੋਂ ਵੱਧ ਅਰਥਾਤ ਪਿਛਲੇ ਪੰਜ ਸਾਲਾਂ ਦੌਰਾਨ 2.70 ਲੱਖ ਵਿਦਿਆਰਥੀ ਵਿਦੇਸ਼ ਗਏ। ਜਦੋਂ ਕਿ ਇਸ ਸ਼੍ਰੇਣੀ ਵਿੱਚ ਦੂਜਾ ਨੰਬਰ 2.60 ਦੀ ਗਿਣਤੀ ਦਰਜ ਕਰਦਿਆਂ ਪੰਜਾਬ ਦਾ ਆਉਂਦਾ ਹੈ। ਤੀਜੇ ਨੰਬਰ ’ਤੇ ਮਹਾਰਾਸ਼ਟਰ ਹੈ ਜਿੱਥੋਂ ਕਿ ਲਗਭਗ 2.54 ਲੱਖ ਵਿਦਿਆਰਥੀ ਸਟਡੀ ਵੀਜ਼ੇ ਤੇ ਵਿਦੇਸ਼ਾਂ ਵਿੱਚ ਚਲੇ ਗਏ। ਕੁਲ ਮਿਲਾ ਕੇ ਵੇਖਿਆ ਜਾਵੇ ਤਾਂ ਵਿਦੇਸ਼ ਜਾਣ ਦੀ ਹੋੜ੍ਹ ਵਿੱਚ ਪੰਜਾਬੀਆਂ ਦੀ ਜੋ ਦੋਵੇਂ ਹੱਥੀਂ ਲੁੱਟ ਹੋ ਰਹੀ ਹੈ ਉਸ ਦੀ ਉਦਾਹਰਣ ਮਿਲ ਪਾਉਣਾ ਮੁਸ਼ਕਲ ਹੈ। ਪਰ ਬੜੇ ਅਫਸੋਸ ਦੀ ਗੱਲ ਹੈ ਕਿ ਕਿਸੇ ਦਾ ਇਸ ਗੰਭੀਰ ਮਸਲੇ ਵਲ ਕੋਈ ਧਿਆਨ ਨਹੀਂ।
ਸਾਡਾ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ। ਇੱਥੇ ਦੀ ਮਿੱਟੀ ਉਪਜਾਊ ਹੈ ਤੇ ਇਲਾਕਾ ਲਗਭਗ ਸਾਰਾ ਮੈਦਾਨੀ ਹੈ। ਮੌਸਮ ਪੱਖੋਂ ਵੀ ਇੱਥੇ ਦੇ ਲੋਕਾਂ ਨੂੰ ਹਰ ਤਰ੍ਹਾਂ ਦਾ ਮੌਸਮ ਮਾਨਣ ਦਾ ਮੌਕਾ ਮਿਲਦਾ ਹੈ। ਲੋੜ ਹੈ ਅੱਜ ਪੰਜਾਬ ਅੰਦਰ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੀ। ਖੇਤੀ ਪ੍ਰਧਾਨ ਸੂਬੇ ਹੋਣ ਦੇ ਨਾਤੇ ਇੱਥੇ ਫੂਡ ਪ੍ਰੋਸੈਸਿੰਗ ਦੇ ਵੱਡੇ ਵੱਡੇ ਯੂਨਿਟ ਸਥਾਪਤ ਕੀਤੇ ਜਾ ਸਕਦੇ ਹਨ। ਇਸਦੇ ਨਾਲ ਨਾਲ ਲੁਧਿਆਣਾ ਜਿਵੇਂ ਹੌਜ਼ਰੀ ਦੇ ਸਾਮਾਨ ਦਾ ਅਤੇ ਅਤੇ ਹੋਰ ਮਸ਼ੀਨਾਂ ਦੇ ਕੱਲ੍ਹ-ਪੁਰਜੇ ਬਣਾਉਣ ਲਈ ਮਸ਼ਹੂਰ ਹੈ ਤਾਂ ਅਜਿਹੇ ਸ਼ਹਿਰ ਵਿੱਚ ਸਰਕਾਰ ਜੇਕਰ ਚਾਹੇ ਤਾਂ ਇਸ ਵਿੱਚ ਵੀ ਹੋਰ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾ ਸਕਦੇ ਹਨ। ਇਸਦੇ ਨਾਲ ਮੰਡੀ ਗੋਬਿੰਦਗੜ੍ਹ ਜਿਵੇਂ ਵੱਡੀਆਂ ਫਰਨਸਾਂ ਹਨ, ਉੱਥੇ ਵੀ ਸਰਕਾਰ ਵਧੇਰੇ ਰੁਜ਼ਗਾਰ ਪੈਦਾ ਕਰਨ ਲਈ ਉਪਰਾਲੇ ਕਰ ਸਕਦੀ ਹੈ। ਜੇਕਰ ਅਸੀਂ ਪੰਜਾਬ ਦੀ ਬਾਹਰ ਜਾ ਰਹੀ ਜਵਾਨੀ ਅਤੇ ਬਾਹਰ ਜਾਣ ਵਾਲੇ ਪੈਸੇ ਨੂੰ ਠੱਲ੍ਹ ਪਾਉਣੀ ਹੈ, ਰੁਜ਼ਗਾਰ ਦੇ ਮੌਕੇ ਤਾਂ ਸਾਨੂੰ ਉਪਲਬਧ ਕਰਵਾਉਣੇ ਹੀ ਪੈਣਗੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2931)
(ਸਰੋਕਾਰ ਨਾਲ ਸੰਪਰਕ ਲਈ: