“ਮੁੱਠੀ ਭਰ ਨੂੰ ਛੱਡ ਬਾਕੀ ਦੇਸ਼ ਦੇ ਬਾਕੀ ਲੋਕ ਚਾਹੇ ਉਹ ...”
(13 ਮਾਰਚ 2019)
ਕਿਸੇ ਵੀ ਦੇਸ਼ ਦੀ ਤਰੱਕੀ ਸਹੀ ਮਾਅਨਿਆਂ ਵਿੱਚ ਉਸ ਵਕਤ ਹੀ ਸੰਭਵ ਹੈ ਜਦੋਂ ਦੇਸ਼ ਵਿੱਚ ਅਮਨ ਸ਼ਾਂਤੀ ਵਾਲਾ ਮਾਹੌਲ ਸਥਾਪਿਤ ਹੋਵੇ ਅਤੇ ਉਸਦੇ ਸਾਰੇ ਨਾਗਰਿਕਾਂ ਦੇ ਜਾਨ ਮਾਲ ਯਕੀਨੀ ਤੌਰ ’ਤੇ ਸੁਰੱਖਿਅਤ ਹੋਣ। ਇਸਦੇ ਉਲਟ ਜੇਕਰ ਕਿਸੇ ਦੇਸ਼ ਦੇ ਲੋਕਾਂ ਦੇ ਜਹਿਨਾਂ ਵਿੱਚ ਅਸੁਰੱਖਿਆ, ਭੈਅ ਅਤੇ ਦਹਿਸ਼ਤ ਦਾ ਮਾਹੌਲ ਘਰ ਕਰ ਜਾਵੇ ਤਾਂ ਉਸ ਮੁਲਕ ਦਾ ਵਿਕਾਸ ਕਦਾਚਿਤ ਸੰਭਵ ਨਹੀਂ ਹੋ ਸਕਦਾ। ਪਿਛਲੇ ਕੁਝ ਸਾਲਾਂ ਦੌਰਾਨ ਸਾਡੇ ਦੇਸ਼ ਵਿੱਚ ਜਿਸ ਤਰ੍ਹਾਂ ਘੱਟ ਗਿਣਤੀਆਂ, ਦਲਿਤਾਂ ਅਤੇ ਆਦੀ ਵਾਸੀਆਂ ’ਤੇ ਕੁਝ ਫਰਜੀ ਕਿਸਮ ਦੇ ਕਥਿਤ ਰਾਸ਼ਟਰ ਭਗਤਾਂ ਨੇ ਜੁਲਮ ਓ ਤਸ਼ੱਦਦ ਦਾ ਬਾਜਾਰ ਗਰਮ ਕਰ ਰੱਖਿਆ ਹੈ, ਯਕੀਨਨ ਉਸ ਨੇ ਦੇਸ਼ ਦੀ ਸਾਂਝੀਵਾਲਤਾ ਨੂੰ ਹੁਣ ਤੱਕ ਬੇਹੱਦ ਨੁਕਸਾਨ ਪਹੁੰਚਾਇਆ ਹੈ। ਇਹ ਵੀ ਕਿ ਪਿਛਲੇ ਕੁਝ ਸਾਲਾਂ ਤੋਂ ਜਿਸ ਪ੍ਰਕਾਰ ਦੇਸ਼ ਵਿੱਚ ਇੱਕ ਤੋਂ ਬਾਅਦ ਇੱਕ ਮੌਬ-ਲਿੰਚਿੰਗ ਦੀਆਂ ਘਟਨਾਵਾਂ ਵਾਪਰਦੀਆਂ ਰਹੀਆਂ ਹਨ ਅਤੇ ਜਿਸ ਪ੍ਰਕਾਰ ਇਸ ਸਭ ਨੂੰ ਪ੍ਰਸ਼ਾਸਨ ਇੱਕ ਤਰ੍ਹਾਂ ਨਾਲ ਮੂਕ ਦਰਸ਼ਕ ਅਤੇ ਤਮਾਸ਼ਬੀਨ ਬਣ ਵੇਖਦਾ ਰਿਹਾ ਹੈ ਇਸ ਨਾਲ ਉਨ੍ਹਾਂ ਦੀ ਕਾਰਜਸ਼ੈਲੀ ਇੱਕ ਪ੍ਰਕਾਰ ਸ਼ੱਕ ਦੇ ਘੇਰੇ ਵਿੱਚ ਆ ਜਾਂਦੀ ਹੈ। ਇਹੋ ਕਾਰਨ ਹੈ ਕਿ ਇਸ ਉਪਰੰਤ ਸੁਪਰੀਮ ਕੋਰਟ ਨੇ ਅਜਿਹੀਆਂ ਮੌਬ-ਲਿੰਚਿੰਗ ਦੀਆਂ ਘਟਨਾਵਾਂ ਦੀ ਰੋਕਥਾਮ ਦੇ ਸੰਦਰਭ ਵਿੱਚ ਸੂਬਾਈ ਸਰਕਾਰਾਂ ਨੂੰ ਵਿਸ਼ੇਸ਼ ਰੂਪ ਵਿੱਚ ਹਦਾਇਤਾਂ ਜਾਰੀ ਕਰਨੀਆਂ ਪਈਆਂ ਹਨ।
ਪ੍ਰੰਤੂ ਇਸ ਸਭ ਦੇ ਬਾਵਜੂਦ ਦੇਸ਼ ਵਿੱਚ ਜਿਸ ਪ੍ਰਕਾਰ ਇੱਕ ਭੀੜਤੰਤਰ ਨੇ ਆਪਣੇ ਡੰਡਾਤੰਤਰ ਰਾਹੀਂ ਲੋਕਤੰਤਰ ਦੀ ਆਤਮਾ ਨੂੰ ਜਖਮੀ ਕੀਤਾ ਹੈ ਉਸ ਕਾਰਨ ਦੇਸ਼ ਨੂੰ ਜੋ ਦੁਨੀਆ ਵਿੱਚ ਨਮੋਸ਼ੀ ਝੱਲਣੀ ਪਈ ਹੈ, ਉਸਦੀ ਮਿਸਾਲ ਨਹੀਂ ਮਿਲਦੀ। ਯਕੀਨਨ ਇਹ ਸਮੁੱਚੇ ਦੇਸ਼ ਲਈ ਸ਼ਰਮ ਦੇ ਨਾਲ-ਨਾਲ ਚਿੰਤਾ ਦਾ ਵਿਸ਼ਾ ਹੈ। ਇਸੇ ਸੰਦਰਭ ਵਿੱਚ ਬੀਤੇ ਰੋਜ਼ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰਾਂ ਦੀ ਮੁਖੀ ਮਿਸ਼ੇਲ ਬੇਚੇਲੇਟ ਨੇ ਜਨੇਵਾ ਪ੍ਰੀਸ਼ਦ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਵਿੱਚ ਅਸਮਾਨਤਾ ਇੱਕ ਪ੍ਰਮੁੱਖ ਮੁੱਦਾ ਬਣਿਆ ਹੋਇਆ ਹੈ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਸੰਕੀਰਣ ਰਾਜਨੀਤਕ ਏਜੰਡਿਆਂ ਕਾਰਨ ਕਮਜ਼ੋਰ ਲੋਕ ਹੋਰ ਵਧੇਰੇ ਹਾਸ਼ੀਏ ’ਤੇ ਜਾ ਰਹੇ ਹਨ ਜਦਕਿ ਉਕਤ ਘਟਨਾਵਾਂ ਘੱਟ ਗਿਣਤੀਆਂ, ਵਿਸ਼ੇਸ਼ ਤੌਰ ’ਤੇ ਮੁਸਲਿਮ ਸਮੂਦਾਇ ਇਤਿਹਾਸਕ ਰੂਪ ਤੋਂ ਵੰਚਿਤ ਅਤੇ ਹਾਸ਼ੀਏ ’ਤੇ ਰਹਿਣ ਵਾਲੇ ਲੋਕਾਂ ਜਿਵੇਂ ਕਿ ਦਲਿਤਾਂ ਅਤੇ ਆਦੀ ਵਾਸੀਆਂ ਦੇ ਉਤਪੀੜਨ ਅਤੇ ਉਨ੍ਹਾਂ ਨੂੰ ਨਿਸ਼ਾਨਾ ਬਣਾਏ ਜਾਣ ਦਾ ਸੰਕੇਤ ਦਿੰਦੀਆਂ ਹਨ। ਇਸਦੇ ਨਾਲ ਹੀ ਮਿਸ਼ੇਲ ਬੇਚੇਲੇਟ ਨੇ ਭਾਰਤ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਵਿਭਾਜਨ ਦੇ ਪਾਲਿਸੀ ਦੇ ਕਾਰਨ ਦੇਸ਼ ਦੀ ਇਕਨਾਮਿਕ ਗ੍ਰੋਥ ਵਿੱਚ ਰੁਕਾਵਟ ਆਵੇਗੀ। ਜ਼ਿਕਰਯੋਗ ਹੈ ਕਿ ਬੇਚੇਲੇਟ ਦਾ ਉਕਤ ਖੁਲਾਸਾ ਐਮਨੈਸਟੀ ਇੰਟਰਨੈਸ਼ਨਲ ਇੰਡੀਆ ਦੀ ਉਸ ਰਿਪੋਰਟ ਤੋਂ ਬਾਅਦ ਆਇਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ 2018 ਵਿੱਚ ਹਾਸ਼ੀਏ ’ਤੇ ਆਏ ਲੋਕਾਂ ਦੇ 200 ਤੋਂ ਵਧੇਰੇ ਮਾਮਲੇ ਸਾਹਮਣੇ ਆਏ, ਐਮਨੈਸਟੀ ਇੰਡੀਆ ਦੁਆਰਾ ਜਾਰੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਹੇਟ ਕ੍ਰਾਈਮ, ਰੇਪ ਅਤੇ ਕਤਲ ਜਿਹੀਆਂ ਘਟਨਾਵਾਂ ਵਿੱਚ ਉੱਤਰ ਪ੍ਰਦੇਸ਼ ਲਗਾਤਾਰ ਤੀਜੇ ਸਾਲ ਵੀ ਸਰੇ-ਫਹਿਰਿਸਤ ਰਿਹਾ ਹੈ ਇਸ ਸਬੰਧੀ ਐਮਨੈਸਟੀ ਇੰਡੀਆ ਨੇ ਆਪਣੀ ਵੈੱਬਸਾਈਟ ’ਤੇ ਰਿਕਾਰਡ ਜਾਰੀ ਕਰਦਿਆਂ ਕਿਹਾ ਕਿ ਹੇਟ ਕ੍ਰਾਈਮ ਦੇ ਮਾਮਲੇ ਹਾਸ਼ੀਆਈ ਵਰਗ ਦੇ ਲੋਕਾਂ ਖਿਲਾਫ ਸਾਹਮਣੇ ਆਏ ਹਨ ਜਿਨ੍ਹਾਂ ਵਿੱਚ ਦਲਿਤ ਅਤੇ ਆਦੀ ਵਾਸੀਆਂ ਘੱਟ ਗਿਣਤੀ ਧਰਮ ਦੇ ਲੋਕਾਂ ਟਰਾਂਸ ਜੈਂਡਰ ਲੋਕਾਂ ਨਾਲ ਨਾਲ ਰਫਿਊਜੀ ਸ਼ਾਮਿਲ ਹਨ। 2018 ਸਾਲ ਵਿੱਚ ਵੈੱਬਸਾਈਟ ਨੇ ਕਥਿਤ ਤੌਰ ’ਤੇ ਹੇਟ ਕ੍ਰਾਈਮ ਦੇ 218 ਘਟਨਾਵਾਂ ਦਾ ਜੋ ਦਸਤਾਵੇਜ਼ ਤਿਆਰ ਕੀਤਾ ਹੈ ਉਨ੍ਹਾਂ ਵਿੱਚ 142 ਮਾਮਲੇ ਦਲਿਤਾਂ, 50 ਮਾਮਲੇ ਮੁਸਲਮਾਨਾਂ ਅਤੇ ਅੱਠ ਅੱਠ ਮਾਮਲੇ ਈਸਾਈ, ਆਦੀ ਵਾਸੀਆਂ ਅਤੇ ਟਰਾਂਸ ਜੈਂਡਰਜ਼ ਦੇ ਖਿਲਾਫ ਸਾਹਮਣੇ ਆਏ ਹਨ।
ਐਮਨੈਸਟੀ ਇੰਡੀਆ ਨੇ ਕਿਹਾ ਕਿ 97 ਘਟਨਾਵਾਂ ਹਮਲੇ ਦੀਆਂ ਹਨ ਅਤੇ 87 ਕਤਲ ਦੇ ਮਾਮਲੇ ਅਤੇ 40 ਮਾਮਲੇ ਅਜਿਹੇ ਹਨ ਜਿਨ੍ਹਾਂ ਵਿੱਚ ਹਾਸ਼ੀਏ ਵਾਲੀਆਂ ਕਮਿਊਨਟੀਆਂ ਦੀਆਂ ਔਰਤਾਂ ਜਾਂ ਟਰਾਂਸ ਜੈਂਡਰਜ ਲੋਕਾਂ ਨੂੰ ਸਰੀਰਕ ਸ਼ੋਸ਼ਣ ਦਾ ਸਾਹਮਣਾ ਕਰਨਾ ਪਿਆ ਹੈ ਰਿਪੋਰਟ ਵਿੱਚ ਕਿਹਾ ਗਿਆ ਹੈ ਇਹਨਾਂ ਵਿੱਚ ਵੀ ਵਿਸ਼ੇਸ਼ ਤੌਰ ’ਤੇ ਦਲਿਤ ਔਰਤਾਂ ਨੂੰ ਵੱਡੀ ਗਿਣਤੀ ਸਰੀਰਕ ਸ਼ੋਸ਼ਣ ਦਾ ਸਾਹਮਣਾ ਕਰਨਾ ਪਿਆ ਅਰਥਾਤ ਕੁੱਲ 40 ਵਿੱਚੋਂ 30 ਮਾਮਲੇ ਇਨ੍ਹਾਂ ਖਿਲਾਫ ਹੀ ਵਾਪਰੇ ਹਨ।
ਉਕਤ ਜੁਲਮ ਕਰਨ ਦੀ ਕੋਈ ਵੀ ਸੱਭਿਅਕ ਸਮਾਜ ਇਜਾਜ਼ਤ ਨਹੀਂ ਦਿੰਦਾ ਪਰ ਦੇਸ਼ ਲਈ ਇਹ ਡਾਢੇ ਚਿੰਤਾ ਵਾਲਾ ਵਿਸ਼ਾ ਹੈ। ਦੇਸ਼ ਜੋ ਵੀ ਮਾੜੇ ਅਨਸਰ ਅਜਿਹੀਆਂ ਘਿਨਾਉਣੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ ਉਨ੍ਹਾਂ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਰਾਜਨੀਤਕ ਪੁਸ਼ਤ-ਪਨਾਹੀ ਹਾਸਿਲ ਹੁੰਦੀ ਹੈ। ਅੱਜ ਇੱਥੇ ਦੇਸ਼ ਲਈ ਇਹ ਵੀ ਇੱਕ ਮੰਦਭਾਗੀ ਗੱਲ ਹੈ ਕਿ ਕੁਝ ਰਾਜਨੀਤਿਕ ਪਾਰਟੀਆਂ ਇਸ ਵਿਚਾਰਧਾਰਾ ’ਤੇ ਹੀ ਖੜ੍ਹੀਆਂ ਹਨ ਕਿ ਦੇਸ਼ ਵਿੱਚ ਸੱਤਾ ਵਿੱਚ ਬਣੇ ਰਹਿਣ ਲਈ ਦੇਸ਼ ਦੇ ਲੋਕਾਂ ਨੂੰ ਧਰਮ ਅਤੇ ਜਾਤ-ਪਾਤ ਦੇ ਨਾਂ ’ਤੇ ਵੰਡਣ ਨੂੰ ਜ਼ਰੂਰੀ ਖਿਆਲ ਕਰਦੀਆਂ ਹਨ। ਬੇਸ਼ੱਕ ਉਕਤ ਵਿਚਾਰਧਾਰਾ ਹਾਲ ਦੀ ਘੜੀ ਸਿਆਸੀ ਪਾਰਟੀਆਂ ਨੂੰ ਰਾਸ ਆ ਰਹੀ ਮਹਿਸੂਸ ਹੁੰਦੀ ਹੋਵੇ ਪਰ ਇਸਦੇ ਨਤੀਜੇ ਆਉਣ ਵਾਲੇ ਸਮੇਂ ਦੇਸ਼ ਦੀ ਅਖੰਡਤਾ ਲਈ ਕਿਸ ਕਦਰ ਘਾਤਕ ਅਤੇ ਮਾਰੂ ਸਿੱਧ ਹੋ ਸਕਦੇ ਹਨ, ਸ਼ਾਇਦ ਇਸਦੀ ਅਸੀਂ ਕਲਪਨਾ ਵੀ ਨਹੀਂ ਕਰ ਸਕਦੇ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਜੇਕਰ ਅਸੀਂ ਅੱਜ ਨਫਰਤ ਦੀ ਫਸਲ ਬੀਜਦੇ ਹਾਂ ਤਾਂ ਸਾਨੂੰ ਆਉਣ ਵਾਲੇ ਸਮੇਂ ਵਿੱਚ ਉਹੋ ਜਿਹੀ ਫਸਲ ਹੀ ਵੱਢਣੀ ਪਵੇਗੀ। ਸੱਤਾ ਦੀ ਲਾਲਸਾ ਵਿੱਚ ਦੋ ਧਰਮਾਂ ਦੇ ਲੋਕਾਂ ਵਿਚਕਾਰ ਜੋ ਨਫਰਤ ਦੀਆਂ ਖਾਈਆਂ ਦੇਸ਼ ਦੇ ਸਮੁੱਚੇ ਲੋਕਾਂ ਵਿਚਕਾਰ ਪੁੱਟ ਰਹੇ ਹਾਂ, ਯਕੀਨਨ ਉਨ੍ਹਾਂ ਦੀ ਪੂਰਤੀ ਸਦੀਆਂ ਵਿੱਚ ਵੀ ਕਰਨੀ ਮੁਸ਼ਕਿਲ ਹੋਵੇਗੀ। ਮੁਜੱਫਰ ਰਜਮੀ ਨੇ ਕਿੰਨੇ ਸੋਹਣੇ ਸ਼ਬਦਾਂ ਵਿੱਚ ਕਿਹਾ ਹੈ:
ਵੋਹ ਅਹਿਦ ਭੀ ਦੇਖਾ ਹੈ ਤਾਰੀਖ ਕੀ ਆਖੋਂ ਨੇ।
ਲਮਹੋਂ ਨੇ ਖਤਾ ਕੀ ਥੀ ਸਦੀਓਂ ਨੇ ਸਜ਼ਾ ਪਾਈ।
ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸਾਡਾ ਭਾਰਤ ਇੱਕ ਬਾਗ ਰੂਪੀ ਗੁਲਦਸਤਾ ਹੈ। ਗੁਲਦਸਤੇ ਦੀ ਖੂਬਸੂਰਤੀ ਫੁਲਾਂ ਦੀ ਵੰਨ-ਸੁਵੰਨਤਾ ਵਿੱਚ ਹੀ ਛੁਪੀ ਹੁੰਦੀ ਹੈ। ਇਸੇ ਪ੍ਰਕਾਰ ਭਾਰਤ ਦੇਸ਼ ਦਾ ਸੁਹਪਣ ਵੀ ਵੱਖ ਵੱਖ ਧਰਮਾਂ ਦੇ ਲੋਕਾਂ ਦੀ ਆਪਸੀ ਭਾਈਚਾਰਕ ਸਾਂਝ ਵਿੱਚ ਹੀ ਹੈ। ਮੁੱਠੀ ਭਰ ਨੂੰ ਛੱਡ ਬਾਕੀ ਦੇਸ਼ ਦੇ ਬਾਕੀ ਲੋਕ ਚਾਹੇ ਉਹ ਹਿੰਦੂ ਹੋਣ ਜਾਂ ਮੁਸਲਮਾਨ ਸਾਰੇ ਹੀ ਆਪਸ ਵਿੱਚ ਪਿਆਰ ਮੁਹੱਬਤ ਨਾਲ ਮਿਲਜੁਲ ਕੇ ਰਹਿਣਾ ਚਾਹੁੰਦੇ ਹਨ। ਸੱਚ ਪੁੱਛੋ ਤਾਂ ਦੇਸ਼ ਅੰਦਰ ਜੋ ਵੀ ਨਫਰਤ ਦੀ ਅੱਗ ਫੈਲਾਈ ਜਾ ਰਹੀ ਹੈ, ਉਸ ਤੋਂ ਦੋਵੇਂ ਧਰਮਾਂ ਦੇ ਲੋਕ ਦੁਖੀ ਹਨ। ਦੋਵੇਂ ਹੀ ਧਰਮਾਂ ਦੇ ਲੋਕਾਂ ਦੀ ਮਨੋਵਿਰਤੀ ਦਾ ਨਕਸ਼ਾ ਇੱਕ ਉਰਦੂ ਕਵੀ ਨੇ ਇਸ ਤਰ੍ਹਾਂ ਖਿੱਚਿਆ ਹੈ:
ਮਜ਼ਹਬ ਕੇ ਨਾਮ ਪਰ ਯੇਹ ਫਸਾਦਾਤ ਦੇਖ ਕਰ,
ਹਿੰਦੂ ਹੈ ਗਮਜ਼ਦਾ ਤੋ ਮੁਸਲਮਾਂ ਉਦਾਸ ਹੈ!
*****
(ਨੋਟ: ਹਰ ਲੇਖਕ ਆਪਣੀ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1506)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)