“ਇਹ ਵੰਡ ਬਸਤੀਵਾਦੀ ਤਾਕਤਾਂ ਵੱਲੋਂ ਧਾਰਮਕ ਅਧਾਰ ’ਤੇ ਭਾਸ਼ਾਵਾਂ ਨੂੰ ਅੱਡ ਕਰਨ ਦੀ ਸਾਜ਼ਿਸ਼ ...”
(21 ਅਪਰੈਲ 2025)
ਪਿਛਲੇ ਕਈ ਦਹਾਕਿਆਂ ਤੋਂ ਉਰਦੂ ਭਾਸ਼ਾ ਨਾਲ ਜੋ ਭੇਦਾ-ਭਾਵ ਵਾਲਾ ਵਿਵਹਾਰ ਕੁਝ ਤੰਗ-ਨਜ਼ਰ ਲੋਕਾਂ ਵੱਲੋਂ ਕੀਤਾ ਜਾਂਦਾ ਰਿਹਾ ਹੈ, ਉਸ ਤੋਂ ਅਸੀਂ ਸਾਰੇ ਭਲੀਭਾਂਤੀ ਵਾਕ਼ਿਫ਼ ਹਾਂ। ਪਰ ਹਾਲ ਹੀ ਵਿੱਚ ਉਰਦੂ ਭਾਸ਼ਾ ਨੂੰ ਲੈ ਕੇ ਕੁਝ ਲੋਕਾਂ ਵੱਲੋਂ ਜਿਹੜੇ ਪੱਖਪਾਤੀ ਅਤੇ ਨਫ਼ਰਤ ਭਰੇ ਬਿਆਨ ਦਿੱਤੇ ਗਏ, ਉਹਨਾਂ ਦੀ ਉਦਾਹਰਨ ਪਹਿਲਾਂ ਸ਼ਾਇਦ ਹੀ ਕਿਤੇ ਮਿਲਦੀ ਹੋਵੇ।
ਇੱਕ ਰਿਪੋਰਟ ਅਨੁਸਾਰ ਹਾਲ ਹੀ ਵਿੱਚ ਸੰਯੁਕਤ ਰਾਸ਼ਟਰ (ਯੂ. ਐੱਨ. ਓ) ਵੱਲੋਂ ਉਰਦੂ ਭਾਸ਼ਾ ਨੂੰ ਅੰਤਰਰਾਸ਼ਟਰੀ ਭਾਸ਼ਾ ਦਾ ਦਰਜਾ ਦਿੱਤਾ ਗਿਆ ਹੈ। ਪਰ ਦੁਖਾਂਤ ਹੈ ਜਿਸ ਭਾਰਤੀ ਭਾਸ਼ਾ ਨੂੰ ਅੱਜ ਦੁਨੀਆ ਸਨਮਾਨ ਦੇ ਰਹੀ ਹੈ, ਅੱਜ ਉਹੀਓ ਅੰਤਰਰਾਸ਼ਟਰੀ ਪਛਾਣ ਵਾਲੀ ਭਾਸ਼ਾ ਨੂੰ ਆਪਣੇ ਹੀ ਦੇਸ਼ ਵਿੱਚ ਕੁਝ ਲੋਕਾਂ ਵੱਲੋਂ ਨਫਰਤ ਦੀ ਨਜ਼ਰ ਨਾਲ ਦੇਖਿਆ ਜਾ ਰਿਹਾ ਹੈ ਅਤੇ ਆਪਣੀ ਸਸਤੀ ਸ਼ੌਹਰਤ ਹਾਸਲ ਕਰਨ ਲਈ ਉਰਦੂ ਭਾਸ਼ਾ ਨੂੰ ਲੈ ਕੇ ਉਲਟੇ ਸਿੱਧੇ ਬਿਆਨ ਜਾਰੀ ਕੀਤੇ ਜਾ ਰਹੇ ਹਨ ਅਤੇ ਇਸ ਨੂੰ ਸਿਰਫ਼ ਮੁਸਲਮਾਨਾਂ ਨਾਲ ਜੋੜ ਕੇ ਆਪਣੀ ਤੰਗ ਸੋਚਣੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਉਂਝ ਵੇਖਿਆ ਜਾਵੇ ਤਾਂ ਉਰਦੂ ਭਾਸ਼ਾ ਨਾਲ ਇਹ ਵਿਤਕਰਾ ਕੋਈ ਨਵੀਂ ਗੱਲ ਨਹੀਂ ਹੈ ਸਗੋਂ ਅਜ਼ਾਦੀ ਤੋਂ ਬਾਅਦ ਤੋਂ ਹੀ ਮੁੱਠੀ ਭਰ ਲੋਕ ਅੰਗਰੇਜ਼ਾਂ ਦੀ ਦੇਖਾ-ਦੇਖੀ ਇਸ ਭਾਸ਼ਾ ਨੂੰ ਮੁਸਲਮਾਨਾਂ ਦੀ ਭਾਸ਼ਾ ਕਹਿੰਦੇ ਆ ਰਹੇ ਹਨ। ਅੱਜ ਵੀ ਕੁਝ ਲੋਕ ਉਨ੍ਹਾਂ ਦੇ ਨਕਸ਼ੇ ਕਦਮ ’ਤੇ ਤੁਰਦੇ ਹੋਏ ਉਰਦੂ ਨੂੰ ਸਿਰਫ਼ ਇੱਕ ਧਰਮ ਨਾਲ ਜੋੜ ਕੇ ਦੇਖਦੇ ਹਨ। ਮੈਂ ਸਮਝਦਾ ਹਾਂ ਕਿ ਭਾਰਤ ਵਿੱਚ ਜੰਮੀ ਇਸ ਆਧੁਨਿਕ ਆਰਿਆਈ ਭਾਸ਼ਾ ਨੂੰ ਧਰਮ ਨਾਲ ਜੋੜਨਾ ਬਹੁਤ ਹੀ ਅਫ਼ਸੋਸਜਨਕ ਅਤੇ ਕਦਾਚਿਤ ਦਰੁਸਤ ਗੱਲ ਨਹੀਂ ਹੈ।
ਜਦੋਂ ਅਸੀਂ ਉਰਦੂ ਪੜ੍ਹਦੇ ਹਾਂ ਤਾਂ ਅਸੀਂ ਉਸ ਵਿੱਚ ਅਰਬੀ, ਫਾਰਸੀ, ਹਿੰਦੀ, ਪੰਜਾਬੀ, ਬ੍ਰਿਜ ਭਾਸ਼ਾ ਅਤੇ ਅੰਗਰੇਜ਼ੀ ਦੇ ਅਨੇਕ ਸ਼ਬਦਾਂ ਵਰਤੋਂ ਕੀਤੀ ਹੋਈ ਵੇਖਦੇ ਹਾਂ। ਵਿਭਿੰਨ ਭਾਸ਼ਾਵਾਂ ਦੇ ਸ਼ਬਦ ਅੱਜ ਵੀ ਉਰਦੂ ਬੋਲੀ ਅਤੇ ਲਿਖਤ ਵਿੱਚ ਬਹੁਤ ਧੜੱਲੇ ਨਾਲ ਆਮ ਵਰਤੇ ਜਾਂਦੇ ਹਨ। ਵੈਸੇ ‘ਉਰਦੂ’ ਸ਼ਬਦ ਤੁਰਕੀ ਭਾਸ਼ਾ ਦਾ ਹੈ, ਜਿਸਦਾ ਅਰਥ “ਲਸ਼ਕਰ” ਹੁੰਦਾ ਹੈ। ਜਿਵੇਂ ਲਸ਼ਕਰ ਵਿੱਚ ਵੱਖ-ਵੱਖ ਖੇਤਰਾਂ ਅਤੇ ਧਰਮਾਂ ਦੇ ਲੋਕ ਇੱਕ ਥਾਂ ਜਮ੍ਹਾਂ ਹੁੰਦੇ ਹਨ, ਉਸੇ ਤਰ੍ਹਾਂ ਉਰਦੂ ਨੇ ਵੀ ਵੱਖ-ਵੱਖ ਭਾਸ਼ਾਵਾਂ ਦੇ ਸ਼ਬਦਾਂ ਨੂੰ ਆਪਣੇ ਘੇਰੇ ਵਿੱਚ ਸ਼ਾਮਲ ਕਰਦਿਆਂ ਆਪਣੀ ਵਿਸ਼ਾਲਤਾ ਦਾ ਸਬੂਤ ਦਿੱਤਾ ਹੈ। ਇੱਥੇ ਜ਼ਿਕਰਯੋਗ ਹੈ ਕਿ ਵੱਖ-ਵੱਖ ਸਮਿਆਂ ਵਿੱਚ ਉਰਦੂ ਨੂੰ ਵੱਖ-ਵੱਖ ਨਾਂਵਾਂ ਨਾਲ ਜਾਣਿਆ ਜਾਂਦਾ ਰਿਹਾ- ਕਦੇ ਹਿੰਦਵੀ, ਕਦੇ ਰੇਖਤਾ, ਕਦੇ ਗੁਜਰੀ, ਕਦੇ ਉਰਦੂ-ਏ-ਮੁਅੱਲਾ ਆਦਿ। ਉਰਦੂ ਦੀ ਮਿੱਠਾਸ ਤੇ ਆਮ-ਫਹਿਮੀ ਅਤੇ ਲੋਕਪ੍ਰਿਯਤਾ ਕਰਕੇ ਇਸ ਨੂੰ ਲਗਭਗ ਹਰ ਧਰਮ ਅਤੇ ਕੌਮ ਦੇ ਕਵੀਆਂ ਅਤੇ ਲੇਖਕਾਂ ਨੇ ਆਪਣੇ ਵਿਚਾਰਾਂ ਦੇ ਪ੍ਰਗਟਾਵੇ ਲਈ ਵਰਤਿਆ। ਜਦੋਂ ਅਸੀਂ ਉਰਦੂ ਦੇ ਲੇਖਕਾਂ ਅਤੇ ਕਵੀਆਂ ਤੇ ਝਾਤ ਮਾਰਦੇ ਹਾਂ ਤਾਂ ਬਹੁਤ ਸਾਰੇ ਨਾਮੀ ਗ਼ੈਰ-ਮੁਸਲਿਮ ਲੇਖਕਾਂ ਦੇ ਨਾਂ ਵੀ ਸਾਡੇ ਸਾਹਮਣੇ ਭਲੀਭਾਂਤੀ ਆ ਜਾਂਦੇ ਹਨ। ਜਿਵੇਂ ਕਿ ਫਿਰਾਕ ਗੋਰਖਪੁਰੀ (ਅਸਲੀ ਨਾਂ ਰਘੁਪਤੀ), ਪੰਡਤ ਬ੍ਰਿਜ ਨਾਰਾਇਣ ਚਕਬਸਤ, ਪੰਡਤ ਰਤਨ ਨਾਥ ਸਰਸ਼ਾਰ, ਦਇਆ ਸ਼ੰਕਰ ਨਸੀਮ, ਰਾਜਿੰਦਰ ਸਿੰਘ ਬੇਦੀ, ਕੁੰਵਰ ਮਹਿੰਦਰ ਸਿੰਘ ਬੇਦੀ ਸਿਹਰ, ਬਲਵੰਤ ਸਿੰਘ, ਕ੍ਰਿਸ਼ਨ ਚੰਦਰ ਆਦਿ। ਸ਼ਾਇਦ ਇਹੋ ਵਜਾਹ ਹੈ ਕਿ ਹਾਲ ਹੀ ਵਿੱਚ ਦੇਸ਼ ਦੀ ਸਰਵਉੱਚ ਅਦਾਲਤ ਨੇ ਉਰਦੂ ਭਾਸ਼ਾ ਦੀ ਗੰਗਾ-ਜਮੁਨੀ ਤਹਿਜ਼ੀਬ ਦੀ ਗਵਾਹੀ ਭਰਦਿਆਂ ਕਿਹਾ ਕਿ ਇਹ ਭਾਸ਼ਾ ਸੱਭਿਆਚਾਰ ਹੈ ਅਤੇ ਇਹ ਕਿਸੇ ਤਰ੍ਹਾਂ ਲੋਕਾਂ ਵਿੱਚ ਵੰਡ ਦਾ ਕਾਰਨ ਨਹੀਂ ਬਣਨੀ ਚਾਹੀਦੀ। ਉਰਦੂ ਭਾਸ਼ਾ ਗੰਗਾ-ਜਮੁਨੀ ਜਾਂ ਭਾਰਤੀ ਸੱਭਿਆਚਾਰ ਦਾ ਸ਼ਾਨਦਾਰ ਨਮੂਨਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਉਰਦੂ ਇਸ ਦੇਸ਼ ਦੀ ਮਿੱਟੀ ਵਿੱਚ ਪਲੀ-ਵਧੀ ਭਾਸ਼ਾ ਹੈ। ਆਉ, ਅਸੀਂ ਉਰਦੂ ਤੇ ਬਾਕੀ ਸਾਰੀਆਂ ਭਾਸ਼ਾਵਾਂ ਨਾਲ ਦੋਸਤੀ ਕਰੀਏ! ਇਹ ਬਿਆਨ ਕਿਸੇ ਉਰਦੂ ਪ੍ਰੇਮੀ ਦਾ ਨਹੀਂ, ਸਗੋਂ ਸੁਪਰੀਮ ਕੋਰਟ ਨੇ ਉਰਦੂ ਭਾਸ਼ਾ ਦੇ ਹੱਕ ਵਿੱਚ ਇਹ ਬਿਆਨ ਆਪਣੇ ਇੱਕ ਫੈਸਲੇ ਦੌਰਾਨ ਦਿੱਤਾ ਹੈ। ਦਰਅਸਲ ਮਾਮਲਾ ਮਹਾਰਾਸ਼ਟਰ ਦੇ ਅਕੋਲਾ ਜ਼ਿਲ੍ਹੇ ਦੀ ਪਾਟੂਰ ਨਗਰ ਕੌਂਸਲ ਦੀ ਇਮਾਰਤ ’ਤੇ ਲੱਗੇ ਉਰਦੂ ਬੋਰਡ ਖਿਲਾਫ਼ ਪਟੀਸ਼ਨ ਦਾ ਸੀ, ਜਿਸ ਨੂੰ ਸੁਪਰੀਮ ਕੋਰਟ ਨੇ ਉਪਰੋਕਤ ਸ਼ਬਦਾਂ ਨਾਲ ਖਾਰਿਜ ਕਰ ਦਿੱਤਾ।
ਉਰਦੂ ਦੇ ਬੋਰਡ ਖਿਲਾਫ਼ ਪਟੀਸ਼ਨ ਦਾਇਰ ਕਰਨ ਵਾਲੇ ਸਾਬਕਾ ਕੌਂਸਲਰ ਨੇ ਦਲੀਲ ਦਿੱਤੀ ਸੀ ਕਿ ਉਰਦੂ ਵਿੱਚ ਬੋਰਡ ਲਾਉਣਾ ਸੂਬੇ ਦੇ ਭਾਸ਼ਾ ਕਾਨੂੰਨ ਦੀ ਉਲੰਘਣਾ ਹੈ। ਪਟੀਸ਼ਨ ਨੂੰ ਖਾਰਿਜ ਕਰਦਿਆਂ ਜਸਟਿਸ ਸੁਧਾਂ ਧੂਲੀਆ ਅਤੇ ਜਸਟਿਸ ਕੇ ਵਿਨੋਦ ਚੰਦਰਨ ਦੀ ਬੈਂਚ ਨੇ ਬੰਬੇ ਹਾਈ ਕੋਰਟ ਦੇ ਫੈਸਲੇ ਨੂੰ ਬਹਾਲ ਰੱਖਿਆ। ਬੈਂਚ ਨੇ ਪਟੀਸ਼ਨ ਵਿੱਚ ਦਿੱਤੀਆਂ ਗਈਆਂ ਦਲੀਲਾਂ ਨੂੰ ਭਾਸ਼ਾਈ ਤੁਅੱਸਬ ਕਰਾਰ ਦਿੱਤਾ। ਬੈਂਚ ਨੇ ਕਿਹਾ-ਕਿਸੇ ਵੀ ਭਾਸ਼ਾ ਖਿਲਾਫ ਸਾਡੀਆਂ ਗਲਤਫਹਿਮੀਆਂ ਨੂੰ ਸੱਚ ਅਤੇ ਸਾਹਸ ਨਾਲ ਖਤਮ ਕਰਨਾ ਚਾਹੀਦਾ ਹੈ। ਸਾਡੇ ਦੇਸ਼ ਦੀ ਵਿਵਧਤਾ (ਭਿੰਨਤਾ, ਵਿਸ਼ਾਲਤਾ) ਸਾਡੀ ਤਾਕਤ ਹੈ, ਕਮਜ਼ੋਰੀ ਨਹੀਂ। ਉਰਦੂ ਨਾਲ ਦੋਸਤੀ ਕਰੋ, ਦੁਸ਼ਮਣੀ ਨਹੀਂ। ਭਾਸ਼ਾ ਕਿਸੇ ਧਰਮ ਦੀ ਨਹੀਂ ਹੁੰਦੀ, ਉਹ ਇਲਾਕੇ, ਭਾਈਚਾਰੇ ਤੇ ਸੰਸਕ੍ਰਿਤੀ ਨਾਲ ਜੁੜੀ ਹੁੰਦੀ ਹੈ। ਬੈਂਚ ਨੇ ਉਰਦੂ ਨੂੰ ਗੰਗਾ-ਜਮਨੀ ਤਹਿਜ਼ੀਬ ਦਾ ਬਿਹਤਰੀਨ ਨਮੂਨਾ ਦੱਸਦਿਆਂ ਉਸ ਨੂੰ ਸਾਂਝੀ ਸੰਸਕ੍ਰਿਤੀ ਦੀ ਨਜ਼ੀਰ ਦੱਸਿਆ, ਜਿਹੜੀ ਉੱਤਰ ਤੇ ਮੱਧ ਭਾਰਤ ਦੇ ਮੈਦਾਨਾਂ ਵਿੱਚ ਪਨਪੀ। ਬੈਂਚ ਨੇ ਕਿਹਾ ਕਿ ਉਰਦੂ ਹਿੰਦੀ ਤੇ ਪੰਜਾਬੀ ਦੀ ਤਰ੍ਹਾਂ ਇੱਕ ਭਾਰਤੀ ਭਾਸ਼ਾ ਹੈ, ਜਿਹੜੀ ਇੱਥੋਂ ਦੀ ਸੰਸਕ੍ਰਿਤੀ ਵਿੱਚ ਪੈਦਾ ਹੋਈ ਤੇ ਪਲੀ-ਵਧੀ। ਉਰਦੂ ਨੂੰ ਵਿਦੇਸ਼ੀ ਜਾਂ ਸਿਰਫ ਮੁਸਲਮਾਨਾਂ ਦੀ ਭਾਸ਼ਾ ਮੰਨਣਾ ਇੱਕ ਇਤਿਹਾਸਕ ਭੁਲੇਖਾ ਹੈ।
ਬੈਂਚ ਨੇ ਇਸ ਨੂੰ ਅੰਗਰੇਜ਼ਾਂ ਦੀ ਪਾੜੋ ਤੇ ਰਾਜ ਕਰੋ ਦੀ ਨੀਤੀ ਨਾਲ ਜੋੜਦਿਆਂ ਕਿਹਾ, “ਇਹ ਵੰਡ ਬਸਤੀਵਾਦੀ ਤਾਕਤਾਂ ਵੱਲੋਂ ਧਾਰਮਕ ਅਧਾਰ ’ਤੇ ਭਾਸ਼ਾਵਾਂ ਨੂੰ ਅੱਡ ਕਰਨ ਦੀ ਸਾਜ਼ਿਸ਼ ਦਾ ਹਿੱਸਾ ਰਹੀ ਹੈ। ਹਿੰਦੀ ਨੂੰ ਹਿੰਦੂਆਂ ਦੀ ਅਤੇ ਉਰਦੂ ਨੂੰ ਮੁਸਲਮਾਨਾਂ ਦੀ ਭਾਸ਼ਾ ਦੇ ਰੂਪ ਵਿੱਚ ਸਥਾਪਤ ਕਰਨਾ ਸਾਡੀ ਸਾਂਝੀ ਵਿਰਾਸਤ ’ਤੇ ਹਮਲਾ ਸੀ। ਬੈਂਚ ਨੇ ਅੰਕੜਿਆਂ ਰਾਹੀਂ ਵੀ ਭਾਰਤ ਦੀ ਭਾਸ਼ਾਈ ਵਿਵਧਤਾ ਦੀ ਮਿਸਾਲ ਪੇਸ਼ ਕੀਤੀ। ਉਸ ਨੇ ਦੱਸਿਆ ਕਿ ਉਰਦੂ ਭਾਰਤ ਦੀ ਛੇਵੀਂ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ। ਇਹ ਦੇਸ਼ ਦੇ ਸਾਰੇ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਬੋਲੀ ਜਾਂਦੀ ਹੈ।
ਬੈਂਚ ਨੇ ਆਜ਼ਾਦੀ ਸੰਗਰਾਮ ਦੌਰਾਨ ਉੱਭਰੀ ‘ਹਿੰਦੁਸਤਾਨੀ’ ਭਾਸ਼ਾ ਦਾ ਜ਼ਿਕਰ ਕਰਦਿਆਂ ਕਿਹਾ, “ਹਿੰਦੁਸਤਾਨੀ, ਜਿਹੜੀ ਹਿੰਦੀ-ਉਰਦੂ-ਪੰਜਾਬੀ ਵਰਗੀਆਂ ਭਾਸ਼ਾਵਾਂ ਦਾ ਮੇਲ ਹੈ, ਉਸ ਸਮੇਂ ਸੰਪੂਰਨ ਭਾਰਤ ਵਿੱਚ ਸੰਵਾਦ ਦੀ ਪ੍ਰਮੁੱਖ ਭਾਸ਼ਾ ਬਣ ਰਹੀ ਸੀ। ਪਹਿਲੇ ਪ੍ਰਧਾਨ ਮੰਤਰੀ ਪੰਡਤ ਨਹਿਰੂ ਹਿੰਦੁਸਤਾਨੀ ਨੂੰ ਕੁੱਲ ਹਿੰਦ ਸੰਪਰਕ ਭਾਸ਼ਾ ਵਜੋਂ ਅਪਣਾਉਣ ਦੇ ਹਾਮੀ ਸਨ। ਇਸਦੇ ਨਾਲ ਹੀ ਉਹ ਹੋਰਨਾਂ ਪ੍ਰਦੇਸ਼ਾਂ ਦੀਆਂ ਭਾਸ਼ਾਵਾਂ ਨੂੰ ਵੀ ਬਰਾਬਰ ਦਰਜਾ ਦੇਣ ਦੇ ਹੱਕ ਵਿੱਚ ਸਨ।”
ਉਰਦੂ ਨੂੰ ਹਿੰਦੀ ਦੇ ਖਿਲਾਫ ਤੋਲਣ ’ਤੇ ਬੈਂਚ ਨੇ ਕਿਹਾ ਕਿ ਭਾਰਤੀ ਸੰਵਿਧਾਨ ਦੇ ਆਰਟੀਕਲ 343 ਤਹਿਤ ਭਲੇ ਹੀ ਹਿੰਦੀ ਨੂੰ ਰਾਜ ਭਾਸ਼ਾ ਐਲਾਨਿਆ ਗਿਆ ਹੋਵੇ, ਪਰ ਇਸਦਾ ਮਤਲਬ ਇਹ ਨਹੀਂ ਕਿ ਉਰਦੂ ਜਾਂ ਹਿੰਦੁਸਤਾਨੀ ਦੀ ਹੋਂਦ ਹੀ ਖਤਮ ਹੋ ਗਈ। ਸੰਵਿਧਾਨ ਦੇ ਨਿਰਮਾਤਾਵਾਂ ਦੀ ਮਨਸ਼ਾ ਕਦੇ ਇਹ ਨਹੀਂ ਸੀ ਕਿ ਉਰਦੂ ਵਰਗੀਆਂ ਭਾਸ਼ਾਵਾਂ ਨੂੰ ਹਾਸ਼ੀਏ ’ਤੇ ਧੱਕਿਆ ਜਾਵੇ। ਬੈਂਚ ਨੇ ਕਿਹਾ, “ਅੱਜ ਵੀ ਅਦਾਲਤਾਂ ਵਿੱਚ ਕਈ ਸ਼ਬਦ ਉਰਦੂ ਦੇ ਚੱਲਦੇ ਹਨ, ਜਿਵੇਂ, ਅਦਾਲਤ, ਹਲਫਨਾਮਾ, ਪੇਸ਼ੀ, ਵਕਾਲਤਨਾਮਾ, ਦਸਤੀ ਆਦਿ। ਸੁਪਰੀਮ ਕੋਰਟ ਤੇ ਹਾਈ ਕੋਰਟ ਵਿੱਚ ਭਲੇ ਹੀ ਅੰਗਰੇਜ਼ੀ ਨੂੰ ਅਧਿਕਾਰਤ ਭਾਸ਼ਾ ਮੰਨਿਆ ਗਿਆ ਹੈ, ਪਰ ਉਰਦੂ ਦੇ ਸ਼ਬਦ ਅੱਜ ਵੀ ਅਦਾਲਤੀ ਵਿਹਾਰ ਵਿੱਚ ਜਿਊਂਦੇ ਹਨ।”
ਜੇ ਹਿੰਦੀ, ਉਰਦੂ ਜਾਂ ਫਿਰ ਉਰਦੂ ਦੇ ਨਾਲ ਹੋਰ ਭਾਸ਼ਾ ਦਾ ਵਿਵਾਦ ਵੀ ਦੇਖਿਆ ਜਾਵੇ ਤਾਂ ਕੋਰਟ ਦੇ ਫੈਸਲੇ ਦੀ ਆਖਰੀ ਪੰਕਤੀ ਅਹਿਮ ਹੈ। ਕੋਰਟ ਨੇ ਉਰਦੂ ਦੀ ਆਲੋਚਨਾ ’ਤੇ ਸਾਫ-ਸਾਫ ਕਿਹਾ ਕਿ ਜਦੋਂ ਅਸੀਂ ਉਰਦੂ ਦੀ ਆਲੋਚਨਾ ਕਰਦੇ ਹਾਂ ਤਾਂ ਅਸੀਂ ਹਿੰਦੀ ਦੀ ਵੀ ਆਲੋਚਨਾ ਕਰਦੇ ਹਾਂ, ਕਿਉਂਕਿ ਭਾਸ਼ਾ ਮਾਹਰਾਂ ਅਤੇ ਵਿਦਵਾਨਾਂ ਮੁਤਾਬਕ ਹਿੰਦੀ ਅਤੇ ਉਰਦੂ ਦੋ ਵੱਖ-ਵੱਖ ਭਾਸ਼ਾਵਾਂ ਨਹੀਂ, ਸਗੋਂ ਇੱਕ ਹੀ ਭਾਸ਼ਾ ਹਨ। ਵੰਡ ਸਿਰਫ ਧਾਰਮਕ ਸਿਆਸਤ ਤੇ ਭਾਸ਼ਾਈ ਦੁਸ਼ਮਣੀ ਕਾਰਨ ਹੋਈ ਹੈ।
ਪਾਟੂਰ ਨਗਰ ਕੌਂਸਲ ਨੂੰ ਲੈ ਕੇ ਬੈਂਚ ਨੇ ਕਿਹਾ ਕਿ ਪਾਟੂਰ ਨਗਰ ਕੌਂਸਲ ਦਾ ਉਦੇਸ਼ ਸਥਾਨਕ ਲੋਕਾਂ ਦੀ ਸੇਵਾ ਅਤੇ ਸੰਵਾਦ ਹੈ। ਜੇ ਕਿਸੇ ਇਲਾਕੇ ਵਿੱਚ ਉਰਦੂ ਭਾਸ਼ੀ ਲੋਕ ਰਹਿੰਦੇ ਹਨ ਤਾਂ ਉਨ੍ਹਾਂ ਲਈ ਉਰਦੂ ਵਿੱਚ ਜਾਣਕਾਰੀ ਦੇਣਾ ਪੂਰੀ ਤਰ੍ਹਾਂ ਜਾਇਜ਼ ਅਤੇ ਜ਼ਰੂਰੀ ਹੈ।
ਅੰਤ ਵਿੱਚ ਮੈਂ ਅਜੋਕੇ ਸਮੇਂ ਦੇ ਉਰਦੂ ਦੇ ਇੱਕ ਪ੍ਰਸਿੱਧ ਸ਼ਾਇਰ ਇਕਬਾਲ ਅਸ਼ਹਰ ਦੀ ਨਜ਼ਮ ਦੀਆਂ ਇਨ੍ਹਾਂ ਪੰਕਤੀਆਂ ਨਾਲ ਆਪਣੀ ਗੱਲ ਨੂੰ ਇੱਥੇ ਹੀ ਵਿਰਾਮ ਦੇਣਾ ਚਾਹਾਂਗਾ ਕਿ:
ਉਰਦੂ ਹੈ ਮੇਰਾ ਨਾਮ ਮੈਂ ਖ਼ੁਸਰੋ ਕੀ ਪਹੇਲੀ,
ਮੈਂ ਮੀਰ ਕੀ ਹਮਰਾਜ਼ ਗ਼ਾਲਿਬ ਕੀ ਸਹੇਲੀ।
ਕਿਉਂ ਮੁਝਕੋ ਬਨਾਤੇ ਹੋ ਤਾਅਸੁਬ ਕਾ ਨਿਸ਼ਾਨਾ,
ਮੈਨੇ ਤੋਂ ਕਭੀ ਖ਼ੁਦ ਕੋ ਮੁਸਲਮਾਂ ਨਹੀਂ ਮਾਨਾ।
ਦੇਖਾ ਥਾ ਕਭੀ ਮੈਨੇ ਵੀ ਖ਼ੁਸ਼ੀਓਂ ਕਾ ਜ਼ਮਾਨਾ,
ਆਪਣੇ ਹੀ ਵਤਨ ਮੈਂ ਹੂੰ ਮਗਰ ਆਜ ਅਕੇਲੀ?
ਉਰਦੂ ਹੈ ਮੇਰਾ ਨਾਮ ਮੈਂ ਖ਼ੁਸਰੋ ਕੀ ਪਹੇਲੀ …।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.om)