“ਭਾਰਤੀ ਉਦਯੋਗਪਤੀਆਂ ਦੇ ਠਾਠ-ਬਾਠ ਨੇ ਬਾਦਸ਼ਾਹਾਂ ਅਤੇ ਮੁਗਲਾਂ ਨੂੰ ਪਿਛਾੜ ਕੇ ਰੱਖ ਦਿੱਤਾ ਹੈ, ਜਦੋਂਕਿ ਦੇਸ਼ ਦੇ ਲੱਖਾਂ ਲੋਕ ...”
(19 ਨਵੰਬਰ 2020)
ਸਾਬਕਾ ਰਾਸ਼ਟਰਪਤੀ ਬਰਾਕ ਹੁਸੈਨ ਓਬਾਮਾ ਜੋ ਕਿ ਅਮਰੀਕਾ ਦੇ ਦੋ ਵਾਰ (2008 ਤੋਂ 2016 ਤੱਕ) 44ਵੇਂ ਰਾਸ਼ਤਰਪਤੀ ਰਹੇ ਚੁੱਕੇ ਹਨ, ਉਹ ਅਮਰੀਕਾ ਦੇ ਉੱਚ ਔਹੁਦੇ ਤੇ ਬਿਰਾਜਮਾਨ ਹੋਣ ਵਾਲੇ ਪਹਿਲੇ ਅਫਰੀਕੀ-ਅਮਰੀਕਨ ਮੂਲ ਦੇ ਸ਼ਖਸ ਸਨ। ਰਾਸ਼ਟਰਪਤੀ ਬਣਨ ਤੋਂ ਪਹਿਲਾਂ ਉਹ ਇਲਾਨੌਇਸ ਵਿੱਚ ਜਨਵਰੀ 2005 ਤੋਂ ਬਤੌਰ ਸੈਨੇਟਰ ਦੇ ਪਦ ’ਤੇ ਰਹੇ। ਇਸ ਤੋਂ ਬਾਅਦ 2008 ਵਿੱਚ ਰਾਸ਼ਤਰਪਤੀ ਦੀ ਚੋਣਾਂ ਦੀ ਜਿੱਤ ਤੋਂ ਬਾਅਦ ਉਹਨਾਂ ਨੇ ਇਸ ਪਦਵੀ ਤੋਂ ਅਸਤੀਫਾ ਦੇ ਦਿੱਤਾ ਸੀ।
ਅਮਰੀਕਾ ਦੇ ਇਹ ਸਾਬਕਾ ਰਾਸ਼ਟਰਪਤੀ ਆਪਣੀ ਕਿਤਾਬ ‘ਏ ਪ੍ਰੌਮਿਸਡ ਲੈਂਡ’ ਨੂੰ ਲੈ ਕੇ ਚਰਚਾਵਾਂ ਵਿੱਚ ਹਨ। ਦਰਅਸਲ 768 ਪੰਨਿਆਂ ਦੀ ਉਕਤ ਕਿਤਾਬ ਓਬਾਮਾ ਦਾ ਇੱਕ ਅਜਿਹਾ ਸੰਸਮਰਣ ਹੈ ਜਿੱਥੇ ਇਹ ਕਿਤਾਬ ਉਨ੍ਹਾਂ ਦੇ ਸਿਆਸਤ ਵਿੱਚ ਰੱਖੇ ਕਦਮਾਂ ਅਤੇ ਸਿਖਰ ਤਕ ਪਹੁੰਚਣ ਦੇ ਸਫ਼ਰ ਦਾ ਤੱਥਾਂ ਆਧਾਰਿਤ ਬਿਰਤਾਂਤ ਹੈ, ਉੱਥੇ ਹੀ ਇਹ ਵਿਸ਼ਵ ਦੇ ਵੱਖ ਵੱਖ ਦੇਸ਼ਾਂ ਦੇ ਲੀਡਰਾਂ ਸੰਬੰਧੀ ਜਾਤੀ ਵਿਸ਼ਲੇਸ਼ਣ ਦੀ ਅੱਕਾਸੀ ਕਰਦੀ ਹੈ।
ਦਰਅਸਲ ਉਕਤ ਕਿਤਾਬ ਵਿੱਚ ਓਬਾਮਾ ਨੇ ਦੁਨੀਆ ਦੇ ਅਲੱਗ ਅਲੱਗ ਲੀਡਰਾਂ ਅਤੇ ਉਦਯੋਗਿਕ ਹਸਤੀਆਂ ਦੇ ਰਹਿਣ ਸਹਿਣ ਨੂੰ ਲੈ ਕੇ ਆਪਣੀ ਬੇਬਾਕ ਰਾਏ ਰੱਖਦਿਆਂ ਉਨ੍ਹਾਂ ਦੀਆਂ ਨੀਅਤ ਅਤੇ ਨੀਤੀਆਂ ਸੰਬੰਧੀ ਆਪਣੀ ਖੁੱਲ੍ਹ ਕੇ ਰਾਏ ਰੱਖੀ ਹੈ।
ਆਪਣੀ ਇਸ ਕਿਤਾਬ ਵਿੱਚ ਉਨ੍ਹਾਂ ਹਾਲ ਹੀ ਵਿੱਚ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਇਡਨ ਦਾ ਜ਼ਿਕਰ ਕਰਦਿਆਂ ਲਿਖਿਆ ਹੈ ਕਿ ਬਾਈਡਨ ਇੱਕ ਸੱਭਿਅਕ ਵਿਅਕਤੀ ਹਨ। ਜਦੋਂ ਕਿ ਕਿਸੇ ਸਮੇਂ ਵਿੱਚ ਵਿਸ਼ਵ ਦੀ ਦੂਜੀ ਮਹਾਂ ਸ਼ਕਤੀ ਸਮਝੇ ਜਾਂਦੇ ਰੂਸ ਦੇ ਰਾਸ਼ਟਰਪਤੀ ਵਲਾਦਿਮਿਰ ਪੁਤਿਨ ਦੀ ਤੁਲਨਾ ਓਬਾਮਾ ਨੇ ਸਟ੍ਰੀਟ-ਸਮਾਰਟ ਬਾਸੇਜ਼ ਨਾਲ ਕੀਤੀ ਹੈ। ਉਨ੍ਹਾਂ ਲਿਖਿਆ ਕਿ ਪੁਤਿਨ ਇੱਕ ਸਮੇਂ ਸ਼ਿਕਾਗੋ ਨੂੰ ਚਲਾਉਣ ਵਾਲੇ ਸਟ੍ਰੀਟ ਸਮਾਰਟ ਬਾਸੇਜ਼ ਦੀ ਯਾਦ ਦਿਵਾਉਂਦੇ ਹਨ।
ਬਰਾਕ ਓਬਾਮਾ ਨੇ ਆਪਣੀ ਇਸ ਕਿਤਾਬ ਵਿੱਚ ਰਾਹੁਲ ਗਾਂਧੀ ਦੇ ਨਾਲ ਨਾਲ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਵੀ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ ਹੈ। ਉਨ੍ਹਾਂ ਮਨਮੋਹਨ ਸਿੰਘ ਦੀ ਤਾਰੀਫ ਕਰਦਿਆਂ ਲਿਖਿਆ ਕਿ ਉਨ੍ਹਾਂ ਵਿੱਚ ਇੱਕ ਦ੍ਰਿੜ੍ਹ ਨਿਸ਼ਠਾ ਹੈ। ਜਦੋਂ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ’ਤੇ ਟਿੱਪਣੀ ਕਰਦਿਆਂ ਉਨ੍ਹਾਂ ਨੂੰ ਘੱਟ ਯੋਗਤਾ ਤੇ ਜਨੂੰਨ ਦੀ ਕਮੀ ਵਾਲਾ ਲੀਡਰ ਗਰਦਾਨਿਆ ਹੈ। ਕਿਤਾਬ ਵਿੱਚ ਉਨ੍ਹਾਂ ਰਾਹੁਲ ਗਾਂਧੀ ਦੀ ਤੁਲਨਾ ਅਜਿਹੇ ਵਿਦਿਆਰਥੀ ਨਾਲ ਕੀਤੀ ਹੈ ਜਿਸ ਨੇ ਕੋਰਸਵਰਕ ਤਾਂ ਕਰ ਲਿਆ ਹੈ ਤੇ ਸਿਖਿਆਰਥੀ ਨੂੰ ਪ੍ਰਭਾਵਿਤ ਕਰਨ ਲਈ ਉਤਸੁਕ ਵੀ ਰਹਿੰਦਾ ਹੈ ਪਰ ਵਿਸ਼ੇ ਵਿੱਚ ਮੁਹਾਰਤ ਹਾਸਲ ਕਰਨ ਲਈ ਜਾਂ ਤਾਂ ਯੋਗਤਾ ਨਹੀਂ ਜਾਂ ਫਿਰ ਜਨੂੰਨ ਦੀ ਕਮੀ ਹੈ। ਇਸਦੇ ਨਾਲ ਹੀ ਓਬਾਮਾ ਨੇ ਰਾਹੁਲ ਗਾਂਧੀ ਨੂੰ ਨਰਵਸ ਵੀ ਦੱਸਿਆ ਹੈ।
ਇਸਦੇ ਇਲਾਵਾ ਕਿਤਾਬ ਵਿੱਚ ਉਨ੍ਹਾਂ ਕਾਂਗਰਸ ਦੇ ਅੰਦਰੂਨੀ ਮਾਮਲਿਆਂ ਬਾਰੇ ਵੀ ਆਪਣੀ ਰਾਏ ਰੱਖੀ ਹੈ। ਉਨ੍ਹਾਂ ਲਿਖਿਆ ਕਿ ਸੋਨੀਆ ਗਾਂਧੀ ਨੇ ਮਨਮੋਹਨ ਸਿੰਘ ਨੂੰ ਇਸ ਲਈ ਪ੍ਰਧਾਨ ਮੰਤਰੀ ਬਣਾਇਆ ਸੀ ਕਿਉਂਕਿ ਉਨ੍ਹਾਂ ਨੂੰ ਮਨਮੋਹਨ ਸਿੰਘ ਤੋਂ ਕੋਈ ਖ਼ਤਰਾ ਮਹਿਸੂਸ ਨਹੀਂ ਹੁੰਦਾ ਸੀ। ਸਾਬਕਾ ਰਾਸ਼ਟਰਪਤੀ ਨੇ ਕਿਹਾ ਕਿ ਸੋਨੀਆ ਨੇ ਮਨਮੋਹਨ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਕਾਫੀ ਸੋਚ-ਵਿਚਾਰ ਕੀਤਾ।
ਓਬਾਮਾ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਾਲ ਮੁਲਾਕਾਤ ਤੇ ਗ਼ੈਰ-ਰਸਮੀ ਗੱਲਬਾਤ ਦਾ ਵੀ ਜ਼ਿਕਰ ਕੀਤਾ। ਓਬਾਮਾ ਨੇ ਲਿਖਿਆ ਕਿ ਭਾਰਤ ਦੇ ਅਰਥਚਾਰੇ ਵਿੱਚ ਬੁਨਿਆਦੀ ਬਦਲਾਅ ਦੇ ਮੁੱਖ ਸ਼ਿਲਪਕਾਰ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸਨ ਤੇ ਉਹ ਤਰੱਕੀ ਦੇ ਇਸ ਰਾਹ ਦੇ ਸਹੀ ਪ੍ਰਤੀਕ ਹਨ। ਉਹ ਇੱਕ ਛੋਟੇ ਤੇ ਸਤਾਏ ਗਏ ਸਿੱਖ ਭਾਈਚਾਰੇ ਦੇ ਮੈਂਬਰ ਹਨ ਜੋ ਦੇਸ਼ ਦੇ ਸਰਬੋਤਮ ਅਹੁਦੇ ’ਤੇ ਪਹੁੰਚੇ। ਉਹ ਇੱਕ ਨਰਮ ਸੁਭਾਅ ਦੇ ‘ਟੈਕਨੋਕ੍ਰੇਟ’ ਵਿਅਕਤੀ ਹਨ, ਜਿਨ੍ਹਾਂ ਜ਼ਿੰਦਗੀ ਜਿਊਣ ਲਈ ਉੱਚ ਮਾਪਦੰਡਾਂ ਨੂੰ ਪੇਸ਼ ਕੀਤਾ ਤੇ ਭ੍ਰਿਸ਼ਟਾਚਾਰ ਮੁਕਤ ਛਵੀ ਨਾਲ ਮਾਣ-ਸਨਮਾਨ ਹਾਸਲ ਕਰਦੇ ਹੋਏ ਜਨਤਾ ਦਾ ਭਰੋਸਾ ਜਿੱਤਿਆ।
ਅਮਰੀਕੀ ਰਾਸ਼ਟਰਪਤੀ ਨੇ ਚੈੱਕ ਨੇਤਾ ਵਾਕਲੇਵ ਹੈਵੇਲ ਦੇ ਨਾਲ ਹੋਈ ਗੱਲਬਾਤ ਦਾ ਜ਼ਿਕਰ ਕਰਦਿਆਂ ਕਿਤਾਬ ਵਿੱਚ ਲਿਖਿਆ ਹੈ ਕਿ ਜੇਕਰ ਅਮੀਰ ਦੇਸ਼ਾਂ ਦੇ ਮੁਕਾਬਲੇ ਵਿਸ਼ਵੀਕਰਨ ਅਤੇ ਇਤਿਹਾਸਿਕ ਆਰਥਿਕ ਸੰਕਟ ਦੇ ਕਾਰਨ ਇਹ ਚੀਜ਼ਾਂ ਉਭਾਰ ਮਾਰ ਰਹੀਆਂ ਹਨ ਅਗਰ ਮੈਂ ਇਹ ਚੀਜ਼ਾਂ ਅਮਰੀਕਾ ਵਿੱਚ ਟੀ ਪਾਰਟੀ ਵਿੱਚ ਵੇਖ ਰਿਹਾ ਹਾਂ ਤਾਂ ਭਾਰਤ ਕਿਵੇਂ ਅਲੱਗ ਰਹਿ ਸਕਦਾ ਹੈ ਜਬਰਦਸਤ ਆਰਥਿਕ ਪ੍ਰਦਰਸ਼ਨ ਅਤੇ ਲੋਕਤੰਤਰ ਵਿੱਚ ਲਚਕੀਲੇਪਨ ਦੇ ਬਾਵਜੂਦ ਸੱਚਾਈ ਇਹ ਹੈ ਕਿ ਗਾਂਧੀ ਦੇ ਪੱਖਪਾਤਹੀਣ, ਸ਼ਾਂਤੀਪੂਰਨ ਅਤੇ ਆਦਰਸ਼ ਸਮਾਜ ਨੂੰ ਪਾ ਸਕਣਾ ਹਾਲੇ ਦੂਰ ਹੈ। ਉਨ੍ਹਾਂ ਕਿਹਾ ਭਾਰਤ ਦੀ ਰਾਜਨੀਤਕ ਹਾਲੇ ਵੀ ਧਰਮ, ਜਾਤੀ ਅਤੇ ਵੰਸ਼ਵਾਦ ਦੇ ਇਰਦ-ਗਿਰਦ ਘੁੰਮਦੀ ਹੈ।
ਕਿਤਾਬ ਵਿੱਚ ਉਨ੍ਹਾਂ ਮੌਜੂਦਾ ਸਮੇਂ ਦੇਸ਼ ਦੀ ਬਾਗਡੋਰ ਸੰਭਾਲ ਰਹੀ ਭਾਜਪਾ ਦੇ ਸੰਦਰਭ ਵਿੱਚ “ਭਾਜਪਾ ਦੇ ਵਿਭਾਜਨਕਾਰੀ ਰਾਸ਼ਟਰਵਾਦ” ਨੂੰ ਲੈ ਕੇ ਗਹਿਰੀ ਚਿੰਤਾ ਪ੍ਰਗਟਾਈ ਹੈ।ਉਨ੍ਹਾਂ ਨੇ ਇਸ ’ਤੇ ਹੈਰਾਨੀ ਪ੍ਰਗਟਾਈ ਕਿ ਹਿੰਸਾ, ਲਾਲਚ, ਭ੍ਰਿਸ਼ਟਾਚਾਰ, ਰਾਸ਼ਟਰਵਾਦ, ਨਸਲਵਾਦ ਅਤੇ ਧਾਰਮਿਕ ਅਸਹਿਣਸ਼ੀਲਤਾ ਜਿਹੀਆਂ ਭਾਵਨਾਵਾਂ ਇੰਨੀਆਂ ਮਜ਼ਬੂਤ ਹਨ ਕਿ ਉਹ ਕਿਸੇ ਲੋਕਤੰਤਰ ਵਿੱਚ ਸਥਾਈ ਤੌਰ ’ਤੇ ਪੈਂਠ ਜਮਾ ਸਕਦੀਆਂ ਹਨ।
ਕਿਤਾਬ ਵਿੱਚ ਉਨ੍ਹਾਂ ਭਾਰਤੀ ਉਦਯੋਗਪਤੀਆਂ ਨੂੰ ਨਿਸ਼ਾਨਾ ਬਣਾਉਂਦਿਆਂ ਇਹ ਕਿਹਾ ਕਿ ਉਨ੍ਹਾਂ ਦੇ ਠਾਠ-ਬਾਠ ਨੇ ਬਾਦਸ਼ਾਹਾਂ ਅਤੇ ਮੁਗਲਾਂ ਨੂੰ ਪਿਛਾੜ ਕੇ ਰੱਖ ਦਿੱਤਾ ਹੈ, ਜਦੋਂਕਿ ਦੇਸ਼ ਦੇ ਲੱਖਾਂ ਲੋਕ ਬੇਘਰ ਹਨ। ਉਨ੍ਹਾਂ ਲਿਖਿਆ ਹੈ ਕਿ ਦੇਸ਼ ਭਰ ਵਿੱਚ ਲੱਖਾਂ ਲੋਕ ਗੰਦਗੀ ਤੇ ਭੁੱਖਮਰੀ ਦਾ ਸ਼ਿਕਾਰ ਹਨ ਪਰ ਭਾਰਤੀ ਸਨਅਤਕਾਰ ਰਾਜਿਆਂ ਮਹਾਰਾਜਿਆਂ ਤੋਂ ਵੀ ਵੱਧ ਸ਼ਾਨਦਾਰ ਜ਼ਿੰਦਗੀ ਜੀ ਰਹੇ ਹਨ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2423)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)