MohdADhaliwal7ਬਸ਼ੀਰ ਬਦਰ ਦੀ ਸ਼ਾਇਰੀ ਪਿਆਰ, ਇਨਸਾਨੀਅਤ, ਉਮੀਦ ਅਤੇ ਜੀਵਨ ਅਨੁਭਵਾਂ ਦਾ ...BashirBadar
(13 ਜੂਨ 2026)


BashirBadarਉਜਾਲੇ ਅਪਨੀ ਯਾਦੋਂ ਕੇ ਹਮਾਰੇ ਸਾਥ ਰਹਿਨੇ ਦੋ
,
ਨਾ ਜਾਨੇ ਕਿਸ ਗਲੀ ਮੇ ਜ਼ਿੰਦਗੀ ਕੀ ਸ਼ਾਮ ਹੋ ਜਾਏ

ਇਸ ਮਸ਼ਹੂਰ ਸ਼ੇਅਰ ਦੇ ਰਚਣਹਾਰੇ ਉੱਘੇ ਸ਼ਾਇਰ ਬਸ਼ੀਰ ਬਦਰ ਅੱਜ ਸਾਡੇ ਵਿਚਕਾਰ ਨਹੀਂ ਰਹੇ28 ਮਈ 2026 ਨੂੰ ਜਿਵੇਂ ਹੀ ਮੈਂ ਸੋਸ਼ਲ ਮੀਡੀਆ ’ਤੇ ਉਨ੍ਹਾਂ ਦੇ ਦਿਹਾਂਤ ਦੀ ਖਬਰ ਵੇਖੀ, ਦਿਲ ਵਿੱਚ ਈਦ-ਉਲ-ਅਜ਼ਹਾ ਦਾ ਦਿਹਾੜਾ ਹੋਣ ਦੇ ਬਾਵਜੂਦ ਇੱਕ ਡੂੰਘੀ ਉਦਾਸੀ ਛਾ ਗਈ

ਮੈਨੂੰ ਯਾਦ ਹੈ ਕਿ ਮੈਂ ਪਹਿਲੀ ਵਾਰ ਬਸ਼ੀਰ ਬਦਰ ਸਾਹਿਬ ਨੂੰ ਪਟਿਆਲਾ ਦੇ ਇੱਕ ਮੁਸ਼ਾਇਰੇ ਵਿੱਚ ਮਿਲਿਆ ਸੀਮੈਂਨੂੰ ਪਹਿਲੀ ਮੁਲਾਕਾਤ ਵਿੱਚ ਹੀ ਉਹ ਬੜੇ ਜ਼ਿੰਦਾ ਦਿਲ ਅਤੇ ਬਹੁਤ ਹੀ ਸੁੱਘੜ ਅਤੇ ਹਸਮੁਖ ਇਨਸਾਨ ਜਾਪੇ ਸਨ

ਦਰਅਸਲ ਮੈਂ ਵਿਦਿਆਰਥੀ ਜੀਵਨ ਤੋਂ ਹੀ ਉਨ੍ਹਾਂ ਦੀ ਸ਼ਾਇਰੀ ਦਾ ਇੱਕ ਵੱਡਾ ਪ੍ਰਸ਼ੰਸਕ ਰਿਹਾ ਹਾਂਭਾਵੇਂ ਉਨ੍ਹੀਂ ਮੈਂ ਆਪਣੇ ਪਾਠਕ੍ਰਮ ਵਿੱਚ ਮੀਰ, ਗਾਲਿਬ ਅਤੇ ਇਕਬਾਲ ਨੂੰ ਪੜ੍ਹਿਆ ਸੀ, ਪਰ ਜੀਵਤ ਸ਼ਾਇਰਾਂ ਵਿੱਚ ਵਸੀਮ ਬਰੇਲਵੀ, ਨਿਦਾ ਫਾਜ਼ਲੀ, ਮੁਨੱਵਰ ਰਾਣਾ ਅਤੇ ਬਸ਼ੀਰ ਬਦਰ ਦੀ ਸ਼ਾਇਰੀ ਨੇ ਮੈਨੂੰ ਖਾਸ ਤੌਰ ’ਤੇ ਪ੍ਰਭਾਵਿਤ ਕੀਤਾ ਸੀ

ਜਦੋਂ ਅਸੀਂ ਬਸ਼ੀਰ ਬਦਰ ਹੁਰਾਂ ਬਾਰੇ ਗੱਲਬਾਤ ਕਰਦੇ ਹਾਂ ਤਾਂ ਸਮਕਾਲੀ ਉਰਦੂ ਸ਼ਾਇਰੀ ਵਿੱਚ ਬਸ਼ੀਰ ਬਦਰ ਦਾ ਇੱਕ ਵਿਲੱਖਣ ਅਤੇ ਅਹਿਮ ਸਥਾਨ ਹੈਦਰਅਸਲ ਉਨ੍ਹਾਂ ਦਾ ਨਾਮ ਨਵੀਂ ਉਰਦੂ ਗਜ਼ਲ ਦੇ ਉਨ੍ਹਾਂ ਚੁਣਿੰਦੇ ਸ਼ਾਇਰਾਂ ਵਿੱਚ ਲਿਆ ਜਾਂਦਾ ਹੈ, ਜਿਨ੍ਹਾਂ ਨੇ ਗਜ਼ਲ ਨੂੰ ਨਵੀਂ ਸ਼ਬਦਾਵਲੀ, ਨਵੇਂ ਬਿੰਬਾਂ ਅਤੇ ਆਧੁਨਿਕ ਸੰਵੇਦਨਾਵਾਂ ਨਾਲ ਭਰਪੂਰ ਕੀਤਾਉਨ੍ਹਾਂ ਨੇ ਆਪਣੇ ਸਮੇਂ ਦੇ ਮਨੁੱਖ ਦੀਆਂ ਮਨੋਵਿਗਿਆਨਕ ਸਥਿਤੀਆਂ ਅਤੇ ਭਾਵਨਾਤਮਕ ਲੋੜਾਂ ਨੂੰ ਬੇਹੱਦ ਖੂਬਸੂਰਤੀ ਨਾਲ ਚਿਤਵਿਆ ਅਤੇ ਪ੍ਰਗਟ ਕੀਤਾ ਬਸ਼ੀਰ ਬਦਰ ਆਧੁਨਿਕ ਉਰਦੂ ਗਜ਼ਲ ਦੇ ਉਨ੍ਹਾਂ ਕਵੀਆਂ ਵਿੱਚੋਂ ਸਨ, ਜਿਨ੍ਹਾਂ ਨੇ ਗਜ਼ਲ ਨੂੰ ਆਮ ਪਾਠਕ ਦੇ ਦਿਲ ਦੇ ਬਹੁਤ ਨੇੜੇ ਲਿਆ ਖੜ੍ਹਾ ਕੀਤਾਉਨ੍ਹਾਂ ਦੀ ਸ਼ਾਇਰੀ ਵਿੱਚ ਪਿਆਰ, ਵਿਛੋੜਾ, ਯਾਦਾਂ, ਇਕੱਲਾਪਣ, ਬੇਘਰਪਨ ਅਤੇ ਮਨੁੱਖੀ ਰਿਸ਼ਤਿਆਂ ਦੀਆਂ ਨਾਜ਼ਕ ਬਾਰੀਕੀਆਂ ਬੜੇ ਹੀ ਸਧਾਰਨ ਪਰ ਪ੍ਰਭਾਵਸ਼ਾਲੀ ਅੰਦਾਜ਼ ਵਿੱਚ ਪ੍ਰਗਟ ਹੁੰਦੀਆਂ ਹਨ

ਬਸ਼ੀਰ ਬਦਰ ਦਾ ਅਸਲ ਨਾਮ ਸਯੀਅਦ ਮੁਹੰਮਦ ਬਸ਼ੀਰ ਸੀਉਨ੍ਹਾਂ ਦਾ ਜਨਮ 15 ਫਰਵਰੀ 1935 ਨੂੰ ਉੱਤਰ ਪ੍ਰਦੇਸ਼ ਦੇ ਕਾਨਪੁਰ ਵਿੱਚ ਹੋਇਆਉਨ੍ਹਾਂ ਨੇ ਉੱਚ ਸਿੱਖਿਆ ਪ੍ਰਾਪਤ ਕੀਤੀ ਅਤੇ ਉਰਦੂ ਸਾਹਿਤ ਵਿੱਚ ਪੀ.ਐੱਚ.ਡੀ. ਦੀ ਡਿਗਰੀ ਹਾਸਲ ਕੀਤੀਬਾਅਦ ਵਿੱਚ ਉਹ ਅਧਿਆਪਨ ਅਤੇ ਸਾਹਿਤਕ ਗਤੀਵਿਧੀਆਂ ਨਾਲ ਜੁੜੇ ਰਹੇ

ਬਸ਼ੀਰ ਬਦਰ ਨੇ ਔਖੇ ਸ਼ਬਦਾਂ ਅਤੇ ਜਟਿਲ ਪ੍ਰਗਟਾਵਿਆਂ ਦੀ ਥਾਂ ਆਮ ਬੋਲਚਾਲ ਦੀ ਭਾਸ਼ਾ ਨੂੰ ਆਪਣੀ ਸ਼ਾਇਰੀ ਦਾ ਅਧਾਰ ਬਣਾਇਆਇਹੀ ਕਾਰਨ ਹੈ ਕਿ ਉਨ੍ਹਾਂ ਦੇ ਬਹੁਤ ਸਾਰੇ ਸ਼ੇਅਰ ਲੋਕਾਂ ਦੀ ਜ਼ੁਬਾਨ ’ਤੇ ਚੜ੍ਹ ਗਏਉਨ੍ਹਾਂ ਦੀਆਂ ਗਜ਼ਲਾਂ ਵਿੱਚ ਪਿਆਰ ਸਿਰਫ ਰੋਮਾਚਿਕਤਾ ਨਹੀਂ, ਸਗੋਂ ਮਨੁੱਖੀ ਰਿਸ਼ਤਿਆਂ ਦੀ ਡੁੰਘਾਈ, ਵਫਾਦਾਰੀ, ਵਿਛੋੜੇ ਅਤੇ ਯਾਦਾਂ ਦੇ ਅਨੇਕ ਰੰਗਾਂ ਦਾ ਵੀ ਚਿੱਤਰਣ ਹੈ ਉਨ੍ਹਾਂ ਨੇ ਰਵਾਇਤੀ ਗਜ਼ਲ ਦੀ ਖੂਬਸੂਰਤੀ ਨੂੰ ਕਾਇਮ ਰੱਖਦਿਆਂ ਆਧੁਨਿਕ ਜੀਵਨ ਦੀਆਂ ਸਮੱਸਿਆਵਾਂ, ਸ਼ਹਿਰੀ ਇਕੱਲੇਪਣ ਅਤੇ ਬਦਲਦੇ ਸਮਾਜਿਕ ਵਿਹਾਰਾਂ ਨੂੰ ਵੀ ਆਪਣੀ ਸ਼ਾਇਰੀ ਦਾ ਹਿੱਸਾ ਬਣਾਇਆਜਿਵੇਂ ਇੱਕ ਥਾਂ ਲਿਖਦੇ ਹਨ ਕਿ:

ਕੋਈ ਹਾਥ ਵੀ ਨਾ ਮਿਲਾਏਗਾ ਜੋ ਗਲੇ ਮਿਲੋਗੇ ਤਪਾਕ ਸੇ
ਯੇਹ ਨਏ ਮਿਜ਼ਾਜ ਕਾ ਸ਼ਹਿਰ ਹੈ ਜ਼ਰਾ ਫਾਸਲੇ ਸੇ ਮਿਲਾ ਕਰੋ

ਇੱਕ ਥਾਂ ਦਿਲ ਦੀ ਪਰਿਭਾਸ਼ਾ ਆਪਣੇ ਸ਼ਬਦਾਂ ਵਿੱਚ ਕੁਝ ਇਸ ਤਰ੍ਹਾਂ ਦਿੰਦੇ ਹਨ,

ਹਰ ਧੜਕਤੇ ਪੱਥਰ ਕੋ ਲੋਕ ਦਿਲ ਸਮਝਤੇ ਹੈਂ
ਉਮਰੇਂ ਬੀਤ ਜਾਤੀ ਹੈਂ ਦਿਲ ਕੋ ਦਿਲ ਬਨਾਨੇ ਮੇਂ

ਉਨ੍ਹਾਂ ਦੇ ਬਹੁਤ ਸਾਰੇ ਸ਼ੇਅਰ ਅੱਜ ਕਹਾਵਤਾਂ ਵਾਂਗ ਮਸ਼ਹੂਰ ਹੋ ਚੁੱਕੇ ਹਨ, ਜਿਵੇਂ;

ਉਜਾਲੇ ਆਪਣੀ ਯਾਦੋਂ ਕੇ ਹਮਾਰੇ ਸਾਥ ਰਹਿਣੇ ਦੋ,
ਨਾ ਜਾਨੇ ਕਿਸ ਗਲੀ ਵਿੱਚ ਜ਼ਿੰਦਗੀ ਕੀ ਸ਼ਾਮ ਹੋ ਜਾਏ

ਦੁਸ਼ਮਨੀ ਜੰਮ ਕਰ ਕਰੋ ਲੇਕਿਨ ਯੇਹ ਗੁੰਜਾਇਸ਼ ਰਹੇ,
ਜਬ ਕਭੀ ਹਮ ਦੋਸਤ ਹੋ ਜਾਏਂ ਤੋ ਸ਼ਰਮਿੰਦਾ ਨਾ ਹੋਂ

ਜ਼ਿੰਦਗੀ ਤੂਨੇ ਮੁਝੇ ਕਬਰ ਸੇ ਕਮ ਦੀ ਹੈ ਜ਼ਮੀਂ
ਪਾਓਂ ਫੈਲਾਊਂ ਤੋਂ ਦੀਵਾਰ ਮੇਂ ਸਰ ਲਗਤਾ ਹੈ

ਕੁਛ ਤੋ ਮਜਬੂਰੀਆਂ ਰਹੀ ਹੋਂਗੀ
ਯੂੰ ਕੋਈ ਬੇਵਫਾ ਨਹੀਂ ਹੋਤਾ

ਨਾ ਜੀ ਭਰ ਕੇ ਦੇਖਾ, ਨਾ ਕੁਛ ਬਾਤ ਕੀ,
ਬੜੀ ਆਰਜ਼ੂ ਥੀ ਮੁਲਾਕਾਤ ਕੀ

ਬੜੇ ਲੋਗੋਂ ਸੇ ਮਿਲਨੇ ਮੇਂ ਹਮੇਸ਼ਾ ਫਾਸਲਾ ਰਖਨਾ
ਜਹਾਂ ਦਰਿਆ ਸਮੁੰਦਰ ਸੇ ਮਿਲਾ ਦਰਿਆ ਨਹੀਂ ਰਹਿਤਾ

ਹਮ ਵੀ ਦਰਿਆ ਹੈਂ, ਹਮੇਂ ਆਪਣਾ ਹੁਨਰ ਮਾਲੂਮ ਹੈ,
ਜਿਸ ਤਰਫ ਵੀ ਚਲ ਪੜੇਂਗੇ
, ਰਸਤਾ ਹੋ ਜਾਏਗਾ

ਸ਼ੋਹਰਤ ਕੀ ਬੁਲੰਦੀ ਵੀ ਪਲ ਭਰ ਕਾ ਤਮਾਸ਼ਾ ਹੈ
ਜਿਸ ਡਾਲ ਪੇ ਬੈਠੇ ਹੋ ਵੋਹ ਟੂਟ ਭੀ ਸਕਤੀ ਹੈ

ਲੋਕ ਟੂਟ ਜਾਤੇ ਹੈਂ ਏਕ ਘਰ ਬਨਾਨੇ ਮੇਂ
ਤੁਮ ਤਰਸ ਨਹੀਂ ਖਾਤੇ ਬਸਤੀਆਂ ਜਲਾਨੇ ਮੇਂ

ਇਹ ਅਤੇ ਅਜਿਹੇ ਅਨੇਕਾਂ ਸ਼ੇਅਰ ਉਨ੍ਹਾਂ ਦੀ ਡੂੰਘੀ ਮਨੁੱਖੀ ਸਮਝ ਅਤੇ ਵਿਸ਼ਾਲ ਚਿੰਤਨ ਦੇ ਸਬੂਤ ਹਨ

ਨਿਸ਼ਚਿਤ ਤੌਰ ’ਤੇ ਬਸ਼ੀਰ ਬਦਰ ਨੇ ਆਪਣੀਆਂ ਗਜ਼ਲਾਂ ਵਿੱਚ ਨਵੇਂ ਦੌਰ ਦੇ ਵਿਸ਼ਿਆਂ, ਸਮੱਸਿਆਵਾਂ, ਵਿਚਾਰਾਂ ਅਤੇ ਅਨੁਭਵਾਂ ਨੂੰ ਬੇਹੱਦ ਆਕਰਸ਼ਕ ਅਤੇ ਪ੍ਰਭਾਵਸ਼ਾਲੀ ਅੰਦਾਜ਼ ਵਿੱਚ ਪੇਸ਼ ਕਰਕੇ ਉਰਦੂ ਗਜ਼ਲ ਵਿੱਚ ਇੱਕ ਨਵਾਂ ਅਧਿਆਇ ਜੋੜਿਆਉਨ੍ਹਾਂ ਦੀ ਸ਼ਾਇਰੀ ਵਿੱਚ ਪਿੰਡਾਂ ਅਤੇ ਕਸਬਿਆਂ ਦੀ ਮਿੱਟੀ ਦੀ ਮਹਿਕ ਵੀ ਹੈ ਅਤੇ ਮਹਾਨਗਰੀ ਜੀਵਨ ਦੀਆਂ ਕੜਵੀਆਂ ਸੱਚਾਈਆਂ ਵੀ

ਪ੍ਰਸਿੱਧ ਆਲੋਚਕ ਗੋਪੀ ਚੰਦ ਨਾਰੰਗ ਦੇ ਸ਼ਬਦਾਂ ਵਿੱਚ, ਬਸ਼ੀਰ ਬਦਰ ਨੇ ਕਵਿਤਾ ਵਿੱਚ ਨਵੀਂਆਂ ਬਸਤੀਆਂ ਵਸਾਈਆਂ ਹਨਉਨ੍ਹਾਂ ਦੀ ਸ਼ਾਇਰੀ ਸਾਨੂੰ ਆਪਣੀ ਮਿੱਟੀ, ਆਪਣੀ ਸੱਭਿਆਚਾਰਕ ਵਿਰਾਸਤ ਅਤੇ ਗੰਗਾ-ਜਮੁਨੀ ਤਹਿਜ਼ੀਬ ਨਾਲ ਜੋੜਦੀ ਹੈ

ਉਨ੍ਹਾਂ ਦੇ ਪ੍ਰਮੁੱਖ ਕਾਵਿ-ਸੰਗ੍ਰਹਿ “ਇਕਾਈ”,ਇਮੇਜ”, ਆਮਦ”, ਆਸ”, “ਆਸਮਾਨ” ਅਤੇ “ਆਹਟ” ਪ੍ਰਕਾਸ਼ਿਤ ਹੋਏਉਹ ਬਹੁਤ ਹੀ ਨਿਮਰ, ਮਿਲਣਸਾਰ ਅਤੇ ਨਿੱਘੇ ਸੁਭਾਅ ਦੇ ਵਿਅਕਤੀ ਸਨਮੁਸ਼ਾਇਰਿਆਂ ਵਿੱਚ ਉਨ੍ਹਾਂ ਦੀ ਮੌਜੂਦਗੀ ਸਰੋਤਿਆਂ ਲਈ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਹੁੰਦੀ ਸੀ

ਜੇਕਰ ਉਨ੍ਹਾਂ ਦੇ ਸ਼ੁਰੂਆਤੀ ਜੀਵਨ ਵੱਲ ਨਜ਼ਰ ਮਾਰੀਏ ਤਾਂ ਪਤਾ ਲਗਦਾ ਹੈ ਕਿ ਉਨ੍ਹਾਂ ਨੇ ਕਈ ਮੁਸ਼ਕਲਾਂ ਦਾ ਸਾਹਮਣਾ ਕੀਤਾਪਿਤਾ ਦੀ ਅਕਾਲ ਮੌਤ ਤੋਂ ਬਾਅਦ ਉਨ੍ਹਾਂ ਨੂੰ ਪੁਲਿਸ ਵਿਭਾਗ ਵਿੱਚ ਨੌਕਰੀ ਕਰਨੀ ਪਈਬਾਅਦ ਵਿੱਚ ਉਨ੍ਹਾਂ ਨੇ ਆਪਣੀ ਸਿੱਖਿਆ ਮੁੜ ਜਾਰੀ ਰੱਖੀ ਅਤੇ ਬੀ.ਏ., ਐੱਮ.ਏ. ਅਤੇ ਪੀ.ਐੱਚ.ਡੀ. ਦੀਆਂ ਡਿਗਰੀਆਂ ਪ੍ਰਾਪਤ ਕੀਤੀਆਂ

1984 ਵਿੱਚ ਪਾਕਿਸਤਾਨ ਯਾਤਰਾ ਦੌਰਾਨ ਉਨ੍ਹਾਂ ਦੀ ਪਤਨੀ ਦਾ ਦਿਹਾਂਤ ਹੋ ਗਿਆ1987 ਦੇ ਮੇਰਠ ਦੰਗਿਆਂ ਵਿੱਚ ਉਨ੍ਹਾਂ ਦਾ ਘਰ ਸਾੜ ਦਿੱਤਾ ਗਿਆਜੀਵਨ ਦੀਆਂ ਇਨ੍ਹਾਂ ਮੁਸ਼ਕਿਲ ਘੜੀਆਂ ਦੇ ਬਾਵਜੂਦ ਉਨ੍ਹਾਂ ਨੇ ਸਾਹਿਤ ਸਿਰਜਣਾ ਦਾ ਦਾਮਨ ਨਹੀਂ ਛੱਡਿਆ

ਉਮਰ ਵਧਣ ਦੇ ਨਾਲ ਉਨ੍ਹਾਂ ਦੀ ਯਾਦਦਾਸ਼ਤ ਕਮਜ਼ੋਰ ਹੁੰਦੀ ਗਈ ਅਤੇ ਆਖਿਰਕਾਰ ਉਹ ਬਹੁਤ ਕੁਝ ਭੁੱਲ ਗਏਇਹ ਇੱਕ ਵਿਡੰਬਨਾ ਹੀ ਹੈ ਕਿ ਜਿਸ ਸ਼ਾਇਰ ਦੀ ਮੌਜੂਦਗੀ ਕਦੇ ਮੁਸ਼ਾਇਰਿਆਂ ਦੀ ਕਾਮਯਾਬੀ ਦੀ ਗਰੰਟੀ ਮੰਨੀ ਜਾਂਦੀ ਸੀ, ਉਹੀ ਸਮੇਂ ਦੇ ਨਾਲ ਯਾਦਾਂ ਦੇ ਧੁੰਦਲਕੇ ਵਿੱਚ ਗੁੰਮ ਹੋ ਗਿਆ

28 ਮਈ 2026, ਵੀਰਵਾਰ ਨੂੰ ਉਰਦੂ ਅਦਬ ਦਾ ਇਹ ਮਹਾਨ ਸ਼ਾਇਰ ਹਮੇਸ਼ਾ ਲਈ ਇਸ ਦੁਨੀਆ ਤੋਂ ਰੁਖਸਤ ਹੋ ਗਿਆ ਅਤੇ ਆਪਣੇ ਚਾਹੁਣ ਵਾਲਿਆਂ ਲਈ ਆਪਣੀਆਂ ਯਾਦਾਂ ਦੇ ਉਜਾਲੇ, ਆਪਣੀਆਂ ਗਜ਼ਲਾਂ ਦੀ ਖੁਸ਼ਬੂ ਅਤੇ ਆਪਣੇ ਅਮਰ ਸ਼ਾਇਰੀ ਛੱਡ ਗਿਆ

ਅਸੀਂ ਕਹਿ ਸਕਦੇ ਹਾਂ ਕਿ ਦਰਅਸਲ ਬਸ਼ੀਰ ਬਦਰ ਦੀ ਸ਼ਾਇਰੀ ਪਿਆਰ, ਇਨਸਾਨੀਅਤ, ਉਮੀਦ ਅਤੇ ਜੀਵਨ ਅਨੁਭਵਾਂ ਦਾ ਇੱਕ ਸੁੰਦਰ ਅਤੇ ਹਕੀਕੀ ਦਸਤਾਵੇਜ਼ ਹੈਉਨ੍ਹਾਂ ਨੇ ਉਰਦੂ ਗਜ਼ਲ ਨੂੰ ਨਵੀਂ ਊਰਜਾ, ਨਵੀਂ ਭਾਸ਼ਾ ਅਤੇ ਨਵੀਂ ਪਛਾਣ ਅਤੇ ਨਵੇਂ ਵਿਸ਼ੇ ਪ੍ਰਦਾਨ ਕੀਤੇ ਹਨਮੈਂ ਸਮਝਦਾ ਹਾਂ ਕਿ ਉਹ ਆਪਣੀ ਸ਼ਾਇਰੀ ਦੇ ਰਾਹੀਂ ਹਮੇਸ਼ਾ ਲੋਕਾਂ ਦੇ ਦਿਲਾਂ ਵਿੱਚ ਵਸਦੇ ਰਹਿਣਗੇ ਅਤੇ ਉਰਦੂ ਸਾਹਿਤ ਦੇ ਇਤਿਹਾਸ ਵਿੱਚ ਉਨ੍ਹਾਂ ਦਾ ਨਾਮ ਹਮੇਸ਼ਾ ਪਿਆਰ ਅਤੇ ਸਤਿਕਾਰ ਨਾਲ ਇੱਕ ਸੰਵੇਦਨਸ਼ੀਲ ਸ਼ਾਇਰ ਵਜੋਂ ਲਿਆ ਜਾਂਦਾ ਰਹੇਗਾ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਮੁਹੰਮਦ ਅੱਬਾਸ ਧਾਲੀਵਾਲ

ਮੁਹੰਮਦ ਅੱਬਾਸ ਧਾਲੀਵਾਲ

Malerkotla, Sangrur, Punjab.
Phone: (91 - 98552 - 59650)
Email: (abbasdhaliwal72@gmai.com)

More articles from this author