NarinderSZira7“ਇਸ ਧਰਤੀ ਦੀਆਂ ਸਾਰੀਆਂ ਖ਼ੁਸ਼ੀਆਂ ਅਤੇ ਮਨੁੱਖੀ ਜ਼ਿੰਦਗੀ ਦੇ ਸਾਰੇ ਸਰੋਕਾਰ ...”
(15 ਨਵੰਬਰ 2026)

 

ਅੱਜ ਦੇ ਦੌਰ ਵਿੱਚ ਮਨੁੱਖ ਬਹੁਤ ਸਾਰੀਆਂ ਪਦਾਰਥਕ ਸਹੂਲਤਾਂ ਨਾਲ ਜੀਵਨ ਸੁਖਾਲਾ ਬਤੀਤ ਕਰ ਰਿਹਾ ਹੈ। ਲੋਕਾਂ ਦੇ ਆਪਣੇ ਹੀ ਸਵਾਦ, ਫੈਸ਼ਨ, ਮੌਜ-ਮਸਤੀਆਂ, ਐਸ਼ ਪ੍ਰਸਤੀਆਂ, ਅਰਾਮ ਪ੍ਰਸਤੀਆਂ ਲੋੜ ਤੋਂ ਵੱਧ ਹਨ। ਲੋਕ ਆਪਣੇ ਘਰਾਂ ਵਿੱਚ ਸਾਦਾ ਭੋਜਨ ਤਿਆਰ ਕਰਨ ਦੀ ਥਾਂ ਆਨ ਲਾਈਨ ਗਲਿਆ-ਸੜਿਆ ਅਤੇ ਤਲਿਆ ਹੋਇਆ ਭੋਜਨ ਮੰਗਵਾ ਕੇ ਖਾ ਰਹੇ ਹਨ, ਜਿਸ ਕਾਰਨ ਵੱਖ-ਵੱਖ ਬਿਮਾਰੀਆਂ ਅਤੇ ਇਨ੍ਹਾਂ ਬਿਮਾਰੀਆਂ ਕਾਰਨ ਮੌਤਾਂ ਦੀ ਗਿਣਤੀ ਵਧ ਰਹੀ ਹੈ। ਹਾਲਾਂਕਿ ਤੰਬਾਕੂ ਦਾ ਸੇਵਨ, ਸ਼ਰਾਬ ਪੀਣਾ, ਮਾੜੀ ਅਤੇ ਗੈਰ-ਪੌਸ਼ਟਿਕ ਖੁਰਾਕ ਖਾਣਾ, ਜ਼ਿਆਦਾ ਟੀ ਵੀ ਦੇਖਣਾ, ਸਰੀਰਕ ਵਰਜਿਸ਼ ਦੀ ਘਾਟ ਅਤੇ ਹਵਾ ਪ੍ਰਦੂਸ਼ਣ ਵੀ ਭਿਆਨਕ ਬਿਮਾਰੀਆਂ ਦੇ ਕਾਰਨ ਮੰਨੇ ਜਾਂਦੇ ਹਨ।

ਆਧੁਨਿਕਤਾ ਦੇ ਦੌਰ ਵਿੱਚ ਲੋਕ ਸਰੀਰਕ ਕਸਰਤ ਤੋਂ ਕਤਰਾਉਂਦੇ ਹਨ। ਮਨੁੱਖੀ ਸਰੀਰ ਲਈ ਸਰੀਰਕ ਕਸਰਤ ਦਾ ਆਪਣਾ ਮਹੱਤਵ ਹੈ। ਹੁਣ ਕਸਰਤ ਦੇ ਵੱਧ ਤੋਂ ਵੱਧ ਸਾਧਨ ਮੌਜੂਦ ਹਨ ਪਰ ਫਿਰ ਵੀ ਲੋਕ ਉਨ੍ਹਾਂ ਦੀ ਵਰਤੋਂ ਨਾ ਕਰਕੇ ਦਵਾਈਆਂ ਨਾਲ ਸਿਹਤ ਨੂੰ ਲਾਭ ਪਹੁੰਚਾਉਣਾ ਜ਼ਿਆਦਾ ਬਿਹਤਰ ਸਮਝਦੇ ਹਨ। ਕਿਸੇ ਵੀ ਤਰ੍ਹਾਂ ਦੀ ਕਸਰਤ ਨਾਲ ਕਈ ਬਿਮਾਰੀਆਂ ਵਿੱਚ ਹੌਲੀ-ਹੌਲੀ ਫ਼ਾਇਦਾ ਮਿਲਣ ਲਗਦਾ ਹੈ, ਜਿਸ ਨਾਲ ਸਿਹਤ ਵਿੱਚ ਸੁਧਾਰ ਵੀ ਹੁੰਦਾ ਜਾਂਦਾ ਹੈ। ਕਸਰਤ ਨਾਲ ਮੁਟਾਪਾ, ਵਜ਼ਨ, ਬੀ ਪੀ, ਸ਼ੂਗਰ, ਦਿਲ ਦੇ ਰੋਗ, ਫੇਫੜੇ ਸਭ ਠੀਕ ਹੋਣ ਲਗਦੇ ਹਨ। ਪਰ ਫਿਰ ਵੀ ਅਸੀਂ ਸਰੀਰਕ ਕਸਰਤ ਤੋਂ ਦੂਰ ਭੱਜਦੇ ਰਹਿੰਦੇ ਹਾਂ। ਹਾਲਾਂਕਿ ਕਸਰਤ ਦਵਾਈ ਦਾ ਕੰਮ ਕਰਦੀ ਹੈ।

ਹਾਲ ਹੀ ਵਿੱਚ ਚੀਨ ਦੇ ਹੁਨਾਨ ਪ੍ਰਾਂਤ ਦੇ ਚਾਂਗਸ਼ਾ ਸ਼ਹਿਰ ਵਿੱਚ ਸਥਿਤ ਸੈਂਟਰਲ ਸਾਊਥ ਯੂਨੀਵਰਸਿਟੀ ਦੇ ਇੱਕ ਤਾਜ਼ਾ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਉਮਰ ਭਰ ਰਹਿਣ ਵਾਲੀਆਂ ਖਤਰਨਾਕ ਬਿਮਾਰੀਆਂ ਲੱਗਣ ਦਾ ਖਤਰਾ ਘਟਾਉਣ ਲਈ ਪੰਜ ਮਿੰਟ ਦੀ ਸਖਤ ਕਸਰਤ ਬਹੁਤ ਸਹਾਈ ਹੋ ਸਕਦੀ ਹੈ। ਇਸ ਅਧਿਐਨ ਅਨੁਸਾਰ ਜਿੰਮ ਜਾ ਕੇ ਤਰ੍ਹਾਂ-ਤਰ੍ਹਾਂ ਦੀਆਂ ਕਸਰਤਾਂ ਕਰਨ ਨਾਲੋਂ ਬਿਹਤਰ ਕਸਰਤ ਉਹ ਹੀ ਹੈ ਜਿਸਨੂੰ ਕਰਦਿਆਂ ਸਾਹ ਚੜ੍ਹ ਜਾਵੇ ਅਤੇ ਦਿਲ ਤੇਜ਼ੀ ਨਾਲ ਸਰੀਰ ਵਿੱਚ ਲਹੂ ਦਾ ਸੰਚਾਰ ਕਰੇ। ਸਿਰਫ ਚਾਰ ਮਿੰਟ ਦੀ ਸਖਤ ਮਿਹਨਤ, ਜਿਸ ਵਿੱਚ ਦਿਲ ਅਤੇ ਸਰੀਰ ਦੇ ਪੱਠਿਆਂ ਦਾ ਵੀ ਪੂਰਾ ਜ਼ੋਰ ਲਗਦਾ ਹੋਵੇ, ਮਨੁੱਖ ਨੂੰ ਕਈ ਵੱਡੀਆਂ ਬਿਮਾਰੀਆਂ ਤੋਂ ਬਚਾ ਸਕਦੀ ਹੈ।

ਥੋੜ੍ਹੇ ਸਮੇਂ ਦੀ ਸਖਤ ਕਸਰਤ ਦਿਲ ਦੇ ਦੌਰੇ, ਲਕਵੇ, ਗੰਠੀਆ, ਜਿਗਰ ਅਤੇ ਕਿਡਨੀ ਦੇ ਰੋਗਾਂ ਦੇ ਖਤਰੇ ਨੂੰ 30 ਫ਼ੀਸਦ ਤੋਂ ਲੈ ਕੇ 60 ਫ਼ੀਸਦ ਤਕ ਘਟਾ ਦਿੰਦੀ ਹੈ। ਇਸ ਤੋਂ ਇਲਾਵਾ ਡਿਮੈਨਸ਼ੀਆ ਦਾ ਖਤਰਾ 63 ਫ਼ੀਸਦ ਘੱਟ ਸਕਦਾ ਹੈ ਅਤੇ ਅੱਜ-ਕੱਲ੍ਹ ਖਾਸ ਤੌਰ ’ਤੇ ਫੈਲ ਰਹੀ ਟਾਇਪ-2 ਕਿਸਮ ਦੀ ਡਾਇਬਿਟੀਜ਼ ਦਾ ਖਤਰਾ ਕੋਈ 60 ਫ਼ੀਸਦ ਘਟ ਜਾਂਦਾ ਹੈ। ਅਧਿਐਨ ਦੇ ਮੁੱਖ ਲੇਖਕ ਡਾਕਟਰ ਸ਼ੇਨ ਅਨੁਸਾਰ ਤੇਜ਼ ਤਿੱਖੀ ਕਸਰਤ ਸਰੀਰ ਵਿੱਚ ਅਜਿਹੀਆਂ ਤਬਦੀਲੀਆਂ ਲਿਆਉਂਦੀ ਹੈ ਜੋ ਹੌਲੀ-ਹੌਲੀ ਕੀਤੀਆਂ ਸਰੀਰਕ ਗਤੀਵਿਧੀਆਂ ਨਾਲ ਨਹੀਂ ਆਉਂਦੀਆਂ ਹਨ।

ਤੇਜ਼ ਕਸਰਤ ਨਾਲ ਦਿਲ ਦੀ ਸਰੀਰ ਵਿੱਚ ਲਹੂ ਧੱਕਣ ਦੀ ਸਮੱਰਥਾ ਵਧਦੀ ਹੈ ਅਤੇ ਨਾੜੀਆਂ ਵਧੇਰੇ ਲਚਕੀਲੀਆਂ ਹੋ ਜਾਂਦੀਆਂ ਹਨ। ਇਸ ਤਰ੍ਹਾਂ ਸਰੀਰ ਔਕਸੀਜਨ ਦੀ ਵਰਤੋਂ ਵਧੇਰੇ ਚੰਗੀ ਤਰ੍ਹਾਂ ਕਰਦਾ ਹੈ। ਇਸ ਸਥਿਤੀ ਵਿੱਚ ਸਰੀਰ ਵਿੱਚ ਅਜਿਹੇ ਰਸਾਇਣ ਪੈਦਾ ਹੁੰਦੇ ਹਨ ਜਿਹੜੇ ਦਿਮਾਗ ਦੀਆਂ ਕੋਸ਼ਿਕਾਵਾਂ ਨੂੰ ਨਰੋਆਪਣ ਅਤੇ ਮਜ਼ਬੂਤੀ ਪ੍ਰਦਾਨ ਕਰਦੇ ਹਨ। ਇਨ੍ਹਾਂ ਦੇ ਨਤੀਜੇ ਵਜੋਂ ਹੀ ਡਿਮੈਨਸ਼ੀਆਂ ਦਾ ਖਤਰਾ ਘਟਦਾ ਹੈ। ਥੋੜ੍ਹੇ ਸਮੇਂ ਦੀ ਤੇਜ਼ ਕਸਰਤ ਦੁਆਰਾ ਸਰੀਰ ਵਿੱਚ ਪੈਦਾ ਕੀਤੇ ਰਸਾਇਣ ਗੰਠੀਆ, ਸੋਰਾਇਸਿਸ ਅਤੇ ਦਿਲ ਦੇ ਰੋਗਾਂ ਲਈ ਤਾਂ ਵਧੇਰੇ ਅਸਰ ਕਰਦੇ ਹਨ। ਅਧਿਐਨ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਜਿਹੜੇ ਲੋਕ ਕਿਸੇ ਕਿਸਮ ਦੀ ਕੋਈ ਕਸਰਤ ਨਹੀਂ ਕਰਦੇ, ਉਨ੍ਹਾਂ ਨੂੰ 4 ਮਿੰਟ ਦੀ ਸਖਤ ਕਸਰਤ ਨਾਲ ਵਧੇਰੇ ਲਾਭ ਹੁੰਦਾ ਹੈ।

ਸਵੇਰੇ ਸੂਰਜ ਨਿਕਲਣ ਤੋਂ ਪਹਿਲਾਂ ਉੱਠਣਾ, ਪਖਾਨੇ ਆਦਿ ਤੋਂ ਨਿਵਿਰਤ ਹੋ ਕੇ ਸਵੇਰ ਦੀ ਸੈਰ ਲਈ ਨਿਕਲਿਆ ਜਾ ਸਕਦਾ ਹੈ। ਯੋਗ ਆਸਣ ਅਤੇ ਕਸਰਤ ਵੀ ਸਰੀਰਕ ਅਤੇ ਮਾਨਸਿਕ ਸਿਹਤ ਲਈ ਬਹੁਤ ਲਾਭਦਾਇਕ ਹੈ ਕਿਉਂਕਿ ਸਵੇਰ ਦੇ ਸਮੇਂ ਮਾਸਪੇਸ਼ੀਆਂ ਤਣਾਅ ਮੁਕਤ ਹੁੰਦੀਆਂ ਹਨ ਅਤੇ ਉਸਦੀ ਲੋੜ ਕਸਰਤ ਲਈ ਵਧੇਰੇ ਲਾਭਦਾਇਕ ਹੈ। ਸਵੇਰੇ ਜਲਦੀ ਉੱਠਣ ਨਾਲ ਵਿਅਕਤੀ ਵਿੱਚ ਤਾਜ਼ਗੀ ਭਰੀ ਰਹਿੰਦੀ ਹੈ। ਸਵੇਰ ਦੀ ਤਾਜ਼ੀ ਹਵਾ ਵਿੱਚ ਲੰਬੇ-ਲੰਬੇ ਸਾਹ ਲੈਣਾ ਸਿਹਤ ਲਈ ਬਹੁਤ ਲਾਭਦਾਇਕ ਮੰਨ੍ਹਿਆ ਜਾਂਦਾ ਹੈ। ਦਿਨ ਭਰ ਅਤੇ ਸਮੇਂ ਸਿਰ ਕੰਮ ਨਿਪਟਾ ਕੇ ਰਾਤ ਨੂੰ ਛੇਤੀ ਤੋਂ ਛੇਤੀ ਸੌਣ ਵਾਲਾ ਵਿਅਕਤੀ ਸਿਹਤਮੰਦ ਅਤੇ ਬੁੱਧੀਮਾਨ ਬਣਦਾ ਹੈ। ਰਾਤ ਨੂੰ ਜਲਦੀ ਸੌਣ ਨਾਲ ਸਰੀਰ ਨੂੰ ਪੂਰਾ ਅਰਾਮ ਮਿਲ ਜਾਂਦਾ ਹੈ ਅਤੇ ਜਲਦੀ ਉੱਠਣ ਵਿੱਚ ਮਦਦ ਮਿਲਦੀ ਹੈ।

ਸਵੇਰ ਜਲਦੀ ਉੱਠਣ ਨਾਲ ਯਾਦਸ਼ਕਤੀ ਵੀ ਤੇਜ਼ ਹੁੰਦੀ ਹੈ। ਸਰੀਰ ਅਤੇ ਮਨ, ਦੋਵਾਂ ਨੂੰ ਤੰਦਰੁਸਤ ਰੱਖਣ ਲਈ ਸਮੇਂ ਸਿਰ ਸੌਣਾ ਅਤੇ ਸਵੇਰੇ ਜਲਦੀ ਉੱਠਣਾ ਬੇਹੱਦ ਜ਼ਰੂਰੀ ਹੈ। ਜਲਦੀ ਉੱਠਕੇ ਵਿਅਕਤੀ ਜ਼ਰੂਰੀ ਕੰਮਾਂ ਨੂੰ ਕਰਨ ਦੀ ਸੋਚ ਵਿਚਾਰ ਕਰ ਸਕਦਾ ਹੈ ਕਿਉਂਕਿ ਉਸ ਕੋਲ ਸਮਾਂ ਹੁੰਦਾ ਹੈ। ਸਵੇਰ ਸਮੇਂ ਹਵਾ ਪ੍ਰਦੂਸ਼ਣ ਅਤੇ ਸ਼ੋਰ ਪ੍ਰਦੂਸ਼ਣ ਦੀ ਸਮੱਸਿਆ ਨਾ ਦੇ ਬਰਾਬਰ ਹੁੰਦੀ ਹੈ। ਇਸ ਲਈ ਵਿਅਕਤੀ ਨੂੰ ਸਰੀਰ ਅਤੇ ਮਨ ਨੂੰ ਸਦਾ ਨਿਰੋਗ ਅਤੇ ਪ੍ਰਸੰਨਚਿੱਤ ਰੱਖਣ ਲਈ ਸਵੇਰੇ ਜਲਦੀ ਉੱਠਣਾ ਚਾਹੀਦਾ ਹੈ। ਸਵੇਰੇ ਸਵਖਤੇ ਉੱਠਣ ਸਾਰ ਇੱਕ ਲੀਟਰ ਕੋਸਾ ਪਾਣੀ, ਬਿਨਾਂ ਕੁਰਲੀ ਕੀਤੇ ਘੁੱਟ ਘੁੱਟ ਕਰਕੇ ਪੀਣਾ ਚਾਹੀਦਾ ਹੈ। ਇਸ ਨਾਲ ਵਾਧੂ ਭਾਰ ਆਪਣੇ ਆਪ ਘੱਟ ਜਾਵੇਗਾ।

ਤਾਜ਼ੇ ਫਲ, ਹਰੀਆਂ ਸਬਜ਼ੀਆਂ, ਦਾਲਾਂ ਅਤੇ ਵੱਧ ਤੋਂ ਵੱਧ ਸਾਫ ਪਾਣੀ ਦੀ ਵਰਤੋਂ ਕਰਨ ਨਾਲ ਵੀ ਸਿਹਤ ਨੂੰ ਤੰਦਰੁਸਤ ਰੱਖਿਆ ਜਾ ਸਕਦਾ ਹੈ। ਫਲਾਂ, ਸਬਜ਼ੀਆਂ ਅਤੇ ਅਨਾਜ ਵਿੱਚ ਫਾਈਬਰ ਪਾਇਆ ਜਾਂਦਾ ਹੈ ਅਤੇ ਇਨ੍ਹਾਂ ਦੀ ਵਰਤੋਂ ਕਰਨ ਨਾਲ ਬਲੱਡ ਪ੍ਰੈੱਸ਼ਰ ਠੀਕ ਰਹਿੰਦਾ ਹੈ। ਦੁਪਹਿਰ ਦੇ ਖਾਣੇ ਸਮੇਂ ਨਿੰਬੂ ਪਾਣੀ ਜਾਂ ਗਰੀਨ ਟੀ ਬਿਹਤਰੀਨ ਬਦਲ ਹੋ ਸਕਦੇ ਹਨ। ਖਾਣਾ ਖਾਂਦੇ ਸਮੇਂ ਇਸ ਗੱਲ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ ਕਿ ਅੱਧੀ ਪਲੇਟ ਵਿੱਚ ਸਬਜ਼ੀਆਂ ਅਤੇ ਹਰਾ ਸਲਾਦ, ਇੱਕ ਚੌਥਾਈ ਹਿੱਸੇ ਵਿੱਚ ਰੋਟੀ ਜਾਂ ਚੌਲ ਹੋਣ। ਉੱਬਲੇ ਭੋਜਨ ਨੂੰ ਪਹਿਲ ਦੇਣੀ ਚਾਹੀਦੀ ਹੈ। ਭੋਜਨ ਹਰ ਰੋਜ਼ ਸਮੇਂ ਸਿਰ ਖਾਣਾ ਚਾਹੀਦਾ ਹੈ।

ਹੱਥੀਂ ਕਿਰਤ ਕਰਨ, ਨਾਮ ਜਪਣ, ਸਬਰ, ਸ਼ਾਂਤੀ, ਸਹਿਣਸ਼ੀਲਤਾ ਅਤੇ ਨਿਮਰਤਾ ਨਾਲ ਜੀਵਨ ਬਤੀਤ ਕਰਨ ਨਾਲ ਵੀ ਸਰੀਰ ਨੂੰ ਸਿਹਤਮੰਦ ਅਤੇ ਤਾਕਤਵਰ ਰੱਖਿਆ ਜਾ ਸਕਦਾ ਹੈ। ਲੰਮੀ ਉਮਰ ਭੋਗਣ ਲਈ ਲੋਕਾਂ ਨੂੰ ਸਕਾਰਾਤਮਕ ਦ੍ਰਿਸ਼ਟੀਕੋਣ ਅਪਣਾਉਣਾ ਚਾਹੀਦਾ ਹੈ। ਜਿੱਥੇ ਚੰਗਾ ਪੌਸ਼ਟਿਕ ਭੋਜਨ, ਸਰੀਰਕ ਕਸਰਤ ਅਤੇ ਤਣਾਅ ਰਹਿਤ ਜੀਵਨ ਲੰਮੀ ਉਮਰ ਲਈ ਮਹੱਤਵਪੂਰਨ ਹਨ, ਉੱਥੇ ਸਕਾਰਾਤਮਕ ਚਿੰਤਨ ਵੀ ਲੰਮੀ ਉਮਰ ਲਈ ਇੱਕ ਮਹੱਤਵਪੂਰਨ ਕਾਰਨ ਹੈ। ਡਾਕਟਰਾਂ ਅਨੁਸਾਰ ਜਿਨ੍ਹਾਂ ਬਜ਼ੁਰਗ ਲੋਕਾਂ ਵਿੱਚ ਜੀਵਨ ਪ੍ਰਤੀ ਸਕਾਰਾਤਮਕ ਦ੍ਰਿਸ਼ਟੀਕੋਣ ਸੀ, ਉਨ੍ਹਾਂ ਦੀ ਲੰਮੀ ਉਮਰ ਹੋਣ ਦੀ ਸੰਭਾਵਨਾ ਵੱਧ ਪਾਈ ਗਈ। ਖੋਜ ਵਿੱਚ 50 ਸਾਲ ਅਤੇ ਇਸ ਤੋਂ ਜ਼ਿਆਦਾ ਉਮਰ ਦੇ 338 ਮਰਦ ਅਤੇ 322 ਔਰਤਾਂ ਉੱਤੇ ਇਹ ਪ੍ਰਯੋਗ ਕੀਤਾ ਗਿਆ। ਇਸ ਤਰ੍ਹਾਂ ਦੇ ਲੋਕਾਂ ਦੀ ਔਸਤ ਉਮਰ ਨਿਰਾਸ ਲੋਕਾਂ ਦੇ ਮੁਕਾਬਲੇ ਜ਼ਿਆਦਾ ਪਾਈ ਗਈ।

ਸਿਹਤਮੰਦ ਮਨੁੱਖੀ ਸਰੀਰ ਕੁਦਰਤ ਦੀ ਸਭ ਤੋਂ ਵੱਡੀ ਨਿਆਮਤ ਹੈ। ਤੇਜ਼-ਤੇਜ਼ ਪੌੜੀਆਂ ਚੜਨਾ, ਇੱਥੋਂ ਤਕ ਕਿ ਬੱਚਿਆਂ ਨਾਲ ਪੂਰੇ ਜੋਸ਼ ਨਾਲ ਖੇਡਣਾ, ਸਿਹਤ ਲਈ ਬਹੁਤ ਫਾਇਦੇਮੰਦ ਸਰੀਰਕ ਸਰਗਰਮੀਆਂ ਹਨ। ਸ਼ਾਮ ਨੂੰ ਕਿਸੇ ਪਾਰਕ ਵਿੱਚ ਪੰਜ ਕੁ ਮਿੰਟ ਦੌੜਨਾ ਹੀ ਕਾਫ਼ੀ ਹੈ। ਰੁਜ਼ਾਨਾ ਤਿੰਨ-ਚਾਰ ਮਿੰਟ ਭਾਵ ਹਫਤੇ ਵਿੱਚ ਪੰਦਰਾਂ-ਵੀਹ ਮਿੰਟ, ਸਖਤ ਕਸਰਤ ’ਤੇ ਲਾਉਣ ਨਾਲ ਵੱਡੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਇਸ ਧਰਤੀ ਦੀਆਂ ਸਾਰੀਆਂ ਖ਼ੁਸ਼ੀਆਂ ਅਤੇ ਮਨੁੱਖੀ ਜ਼ਿੰਦਗੀ ਦੇ ਸਾਰੇ ਸਰੋਕਾਰ ਮਨੁੱਖ ਨੂੰ ਤਾਂ ਹੀ ਭਾਉਂਦੇ ਹਨ ਜੇ ਉਹ ਸਰੀਰਕ ਅਤੇ ਮਾਨਸਿਕ ਰੂਪ ਵਿੱਚ ਨਰੋਆ ਹੋਵੇ। ਧਰਤੀ ਉੱਤੇ ਵਿਚਰਦਿਆਂ ਮਨੁੱਖ ਦੀ ਸਾਰੀ ਸਰਗਰਮੀ, ਰੁਝੇਵੇਂ, ਭੱਜ-ਦੌੜ ਤੰਦਰੁਸਤ ਸਰੀਰ ਦੀ ਬਦੌਲਤ ਹੀ ਸੰਭਵ ਹੈ। ਸਿਹਤ ਹੀ ਸਭ ਤੋਂ ਵੱਡਾ ਧਨ ਹੈ। ਤੰਦਰੁਸਤ ਰਹਿਣਾ ਹੀ ਹਰ ਇੱਕ ਦੀ ਦਿਲੀ ਤਮੰਨਾ ਹੁੰਦੀ ਹੈ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:
(sarokar2015@gmail.com)

About the Author

ਨਰਿੰਦਰ ਸਿੰਘ ਜ਼ੀਰਾ

ਨਰਿੰਦਰ ਸਿੰਘ ਜ਼ੀਰਾ

Retired Lecturer. Zira, Ferozpur, Punjab, India
Phone: (91 - 98146 - 62260)

More articles from this author