“ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਦਾ ਸਿੱਧਾ ਅਸਰ ...”
(11 ਅਪਰੈਲ 2022)
ਕਈ ਮਹੀਨਿਆਂ ਤੋਂ ਪੈਟਰੋਲ-ਡੀਜ਼ਲ ਤੇ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਤੋਂ ਮਿਲ ਰਹੀ ਰਾਹਤ ਹੁਣ ਖਤਮ ਹੋ ਗਈ ਹੈ। ਪੈਟਰੋਲ-ਡੀਜ਼ਲ 137 ਦਿਨਾਂ ਬਾਅਦ ਮਹਿੰਗੇ ਹੋ ਗਏ ਹਨ। ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਵੀ ਛੇ ਮਹੀਨੇ ਬਾਅਦ ਬਦਲਾਅ ਹੋਇਆ ਹੈ। 20 ਮਾਰਚ ਤੋਂ ਰਸੋਈ ਗੈਸ ਦਾ ਸਿਲੰਡਰ 50 ਰੁਪਏ ਹੋਰ ਮਹਿੰਗਾ ਹੋ ਗਿਆ ਹੈ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਹਰ ਰੋਜ਼ ਵਾਧਾ ਹੋ ਰਿਹਾ ਹੈ। ਪੰਜਾਬ ਵਿੱਚ ਇਸ ਸਮੇਂ ਪੈਟਰੋਲ ਦੀ ਕੀਮਤ 105 ਰੁਪਏ ਪ੍ਰਤੀ ਲੀਟਰ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿੱਚ ਵੱਡੇ ਵਾਧੇ ਕਾਰਨ ਦੇਸ਼ ਦੇ ਹਰ ਖੇਤਰ ਵਿੱਚ ਮਹਿੰਗਾਈ ਵਧਣ ਦਾ ਸਿੱਧਾ ਪ੍ਰਭਾਵ ਆਮ ਲੋਕਾਂ ਦੀ ਜੇਬ ’ਤੇ ਪੈਂਦਾ ਹੈ। ਰਸੋਈ ਗੈਸ ਦੀਆਂ ਕੀਮਤਾਂ ਵਿੱਚ ਤਾਜ਼ੇ ਵਾਧੇ ਨਾਲ ਪੰਜ ਰਾਜਾਂ ਦੇ ਗਿਆਰਾਂ ਸ਼ਹਿਰਾਂ ਵਿੱਚ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਇੱਕ ਹਜ਼ਾਰ ਰੁਪਏ ਤੋਂ ਪਾਰ ਹੋ ਗਈਆਂ ਹਨ। 1 ਅਪਰੈਲ 2022 ਨੂੰ ਕਮਰਸ਼ੀਅਲ ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ 250 ਰੁਪਏ ਦਾ ਵਾਧਾ ਕਰ ਦਿੱਤਾ ਗਿਆ ਹੈ। ਇਸ ਵਾਧੇ ਨਾਲ ਰਾਜਧਾਨੀ ਦਿੱਲੀ ਵਿੱਚ 19 ਕਿਲੋ ਵਾਲਾ ਕਮਰਸ਼ੀਅਲ ਗੈਸ ਸਿਲੰਡਰ 2253 ਰੁਪਏ ਦਾ ਹੋ ਗਿਆ ਹੈ। ਪਿਛਲੇ ਦੋ ਮਹੀਨਿਆਂ ਵਿੱਚ 19 ਕਿਲੋ ਵਾਲੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 346 ਰੁਪਏ ਤਕ ਵਧ ਚੁੱਕੀ ਹੈ।
ਕਰੋਨਾ ਤੋਂ ਉੱਭਰ ਰਹੇ ਭਾਰਤੀ ਅਰਥਚਾਰੇ ਨੂੰ ਕੱਚੇ ਤੇਲ ਦੀਆਂ ਵਧੀਆਂ ਕੀਮਤਾਂ ਦਾ ਭਾਰ ਹੁਣ ਬਰਦਾਸ਼ਤ ਕਰਨਾ ਪਵੇਗਾ। ਯੂਕਰੇਨ ਤੇ ਰੂਸ ਦੇ ਹਮਲੇ ਨਾਲ ਬਣੇ ਆਲਮੀ ਹਾਲਾਤ ਨੂੰ ਦੇਖਦੇ ਹੋਏ ਕਰੂਡ ਦੀ ਕੀਮਤ ਪਿਛਲੇ 9 ਸਾਲਾਂ ਦੇ ਸਭ ਤੋਂ ਉੱਚੇ ਪੱਧਰ ਨੂੰ ਪਾਰ ਕਰਦਿਆਂ 110 ਡਾਲਰ ਪ੍ਰਤੀ ਬੈਰਲ ਦੇ ਕਰੀਬ ਪੁੱਜ ਗਈ ਹੈ। ਇਸ ਨਾਲ ਆਮ ਆਦਮੀ ਨੂੰ ਮਹਿੰਗੇ ਪੈਟਰੋਲੀਅਮ ਉਤਪਾਦਾਂ ਦਾ ਬੋਝ ਝੱਲਣਾ ਪਵੇਗਾ। ਇਸਦੇ ਨਾਲ ਹੀ ਵਿੱਤੀ ਸਾਲ 2022-23 ਲਈ ਮਹਿੰਗਾਈ ਤੇ ਘਾਟੇ ਬਾਰੇ ਸਰਕਾਰ ਨੇ ਜਿਹੜਾ ਮੁਲਾਂਕਣ ਕੀਤਾ ਹੈ, ਉਹ ਵੀ ਵਿਗੜ ਸਕਦਾ ਹੈ। ਮਹਿੰਗਾ ਕਰੂਡ ਆਰ.ਬੀ.ਆਈ. ਲਈ ਵੀ ਇੱਕ ਵੱਡੀ ਚਿੰਤਾ ਦਾ ਕਾਰਨ ਬਣਦਾ ਦਿਸ ਰਿਹਾ ਹੈ। ਜੇਕਰ ਕਰੂਡ ਦੇ ਤੇਵਰ ਇੰਜ ਹੀ ਰਹੇ ਤਾਂ ਕੇਂਦਰੀ ਬੈਂਕ ਨੂੰ ਬਿਆਜ ਦਰਾਂ ਵਧਾਉਣ ਦਾ ਫੈਸਲਾ ਛੇਤੀ ਕਰਨਾ ਪੈ ਸਕਦਾ ਹੈ। ਉੱਧਰ ਸਰਕਾਰੀ ਤੇਲ ਕੰਪਨੀਆਂ ਨੇ ਕੌਮਾਂਤਰੀ ਬਾਜ਼ਾਰ ਵਿੱਚ ਕਰੂਡ ਦੀ ਸਪਲਾਈ ਪ੍ਰਭਾਵਿਤ ਹੋਣ ਦੇ ਖ਼ਦਸ਼ੇ ਨੂੰ ਦੇਖਦਿਆਂ ਨਵੇਂ ਸੌਦੇ ਕਰਨੇ ਤੇਜ਼ ਕਰ ਦਿੱਤੇ ਹਨ। 22 ਮਾਰਚ 2022 ਤੋਂ ਬਾਅਦ 16 ਦਿਨਾਂ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ 10 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋ ਗਿਆ ਹੈ।
ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧਣ ਨਾਲ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਦਿਨੋ ਦਿਨ ਵਧ ਰਹੀਆਂ ਹਨ। ਖਾਣ ਵਾਲਾ ਤੇਲ, ਫਲ. ਚੀਨੀ. ਧੁੱਧ. ਕੱਪੜੇ, ਜੁੱਤੇ ਅਤੇ ਬਿਜਲੀ ਦੇ ਸਮਾਨ ਆਦਿ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋਇਆ ਹੈ। ਤੇਲ ਕੀਮਤਾਂ, ਖਾਣ ਵਾਲੀ ਹਰ ਵਸਤੂ, ਸਟੀਲ, ਲੋਹਾ ਤੇ ਹੋਰ ਵੀ ਕਈ ਤੱਤਾਂ ਵਿੱਚ 13 ਫੀਸਦੀ ਤੋਂ ਵਧ ਵਾਧਾ ਹੋਇਆ ਹੈ। ਅੱਜ ਬਜ਼ਾਰ ਵਿੱਚ ਕੋਈ ਵੀ ਚੀਜ਼ ਅਜਿਹੀ ਨਹੀਂ ਜਿਸਦੀ ਕੀਮਤ ਕਈ ਗੁਣਾ ਨਾ ਵਧੀ ਹੋਵੇ। ਰੂਸ-ਯੂਕਰੇਨ ਜੰਗ ਦੇ ਵਿਚਾਲੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਬਹੁਤ ਵਾਧਾ ਹੋਇਆ ਹੈ। ਸ਼ੇਅਰ ਬਜ਼ਾਰ ਮੂਧੇ ਮੂੰਹ ਡਿਗ ਗਿਆ। ਮਕਾਨ 3.61 ਪ੍ਰਤੀਸ਼ਤ, ਇਲਾਜ 7.09 ਪ੍ਰਤੀਸ਼ਤ, ਘਰੇਲੂ ਸਮਾਨ ਅਤੇ ਸੇਵਾਵਾਂ 6.80 ਪ੍ਰਤੀਸ਼ਤ, ਟਰਾਸਪੋਰਟ 9.65 ਪ੍ਰਤੀਸ਼ਤ ਅਤੇ ਸਿੱਖਿਆ 3.27 ਪ੍ਰਤੀਸ਼ਤ ਮਹਿੰਗੇ ਹੋਏ ਹਨ। ਦਾਲਾਂ ਵਿੱਚ 2.43 ਪ੍ਰਤੀਸ਼ਤ ਅਤੇ ਖਾਣ ਵਾਲੇ ਤੇਲਾਂ ਵਿੱਚ ਸਭ ਤੋਂ ਵੱਧ 24.32 ਪ੍ਰਤੀਸ਼ਤ ਵਾਧਾ ਹੋਇਆ ਹੈ। ਮਹਿੰਗਾਈ ਨੇ ਪਿਛਲੇ 12 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ।
ਦੇਸ਼ ਅੰਦਰ ਦਿਨੋ ਦਿਨ ਵਧ ਰਹੀ ਮਹਿੰਗਾਈ ਨੇ ਆਮ ਆਦਮੀ ਦਾ ਜਿਊਣਾ ਮੁਹਾਲ ਕਰ ਦਿੱਤਾ ਹੈ। ਅੰਤ ਦੀ ਮਹਿੰਗਾਈ ਕਾਰਨ ਆਮ ਆਦਮੀ ਨੂੰ ਦੋ ਡੰਗ ਦੀ ਰੋਟੀ ਖਾਣੀ ਮੁਸ਼ਕਿਲ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਅਗਲੇ ਛੇ ਮੀਨਿਆਂ ਵਿੱਚ ਹਲਦੀ ਸਾਢੇ ਬਾਰਾਂ ਹਜ਼ਾਰ ਰੁਪਏ ਅਤੇ ਜ਼ੀਰਾ ਪੱਚੀ ਹਜ਼ਾਰ ਰੁਪਏ ਕੁਇੰਟਲ ਅਤੇ ਧਨੀਆ ਅਠਾਰਾਂ ਹਜ਼ਾਰ ਰੁਪਏ ਕੁਇੰਟਲ ਹੋ ਜਾਵੇਗਾ। ਇਸ ਸਾਲ ਪਹਿਲਾਂ ਹੀ ਜ਼ੀਰੇ ਅਤੇ ਧਨੀਏ ਦੀ ਕੀਮਤ ਵਿੱਚ ਕਰਮਵਾਰ 25 ਪ੍ਰਤੀਸ਼ਤ ਅਤੇ 23 ਪ੍ਰਤੀਸ਼ਤ ਦਾ ਵਾਧਾ ਹੋ ਚੁੱਕਾ ਹੈ। ਅਸਲ ਵਿੱਚ ਉਨ੍ਹਾਂ ਵਸਤਾਂ ਦੀਆਂ ਕੀਮਤਾਂ ਵਧਦੀਆਂ ਹਨ ਜੋ ਰਸੋਈ ਦੇ ਬਜਟ ਦਾ ਹਿੱਸਾ ਹਨ ਖਾਣ ਵਾਲੇ ਤੇਲ ਦੀ ਕੀਮਤ ਪਹਿਲਾਂ ਹੀ ਐਨੀ ਵਧ ਚੁੱਕੀ ਹੈ ਕਿ ਗਰੀਬ ਪਰਿਵਾਰਾਂ ਦੀ ਖੁਰਾਕੀ ਤੇਲ ਦੀ ਵਰਤੋਂ ਨਾਮ ਮਾਤਰ ਰਹਿ ਗਈ ਹੈ। ਖੁਰਾਕੀ ਤੇਲ ਦੇ ਨਾਲ ਹੁਣ ਰਸੋਈਆਂ ਵਿੱਚੋਂ ਮਸਾਲੇ ਵੀ ਗਾਇਬ ਹੋਣ ਲੱਗੇ ਹਨ। ਖਾਣ ਪੀਣ ਵਾਲੀਆਂ ਵਸਤਾਂ ਦੀਆਂ ਵਧ ਰਹੀਆਂ ਕੀਮਤਾਂ ਨੂੰ ਰੋਕਣ ਲਈ ਸਰਕਾਰ ਕੁਝ ਵੀ ਠੋਸ ਨਹੀਂ ਕਰ ਰਹੀ ਹੈ।
ਮੱਧ ਵਰਗ ਅਤੇ ਹੇਠਲੇ ਵਰਗ ਦਾ ਬੁਰਾ ਹਾਲ ਹੋ ਚੁੱਕਿਆ ਹੈ। ਲੋਕ ਹਰ ਚੀਜ਼ ਵਿੱਚ ਕਟੌਤੀ ਕਰਨ ਨੂੰ ਮਜਬੂਰ ਹੋ ਚੁੱਕੇ ਹਨ। ਹਰ ਰੋਜ਼ ਚੁੱਪ ਚੁਪੀਤੇ ਚੀਜ਼ਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਜਾਂਦੀਆਂ ਹਨ। ਦੁੱਧ, ਬਰੈੱਡ, ਮੱਖਣ, ਆਂਡੇ ਆਦਿ ਦੀਆਂ ਵਧੀਆਂ ਕੀਮਤਾਂ ਨੇ ਲੋਕਾਂ ਦੀਆਂ ਥਾਲੀਆਂ ਵਿੱਚੋਂ ਬਹੁਤ ਕੁਝ ਘਟਾ ਦਿੱਤਾ ਹੈ। ਇਨ੍ਹਾਂ ਚੀਜ਼ਾਂ ਤੋਂ ਬਗੈਰ ਗੁਜ਼ਾਰਾ ਨਹੀਂ ਹੋ ਸਕਦਾ। ਜਦੋਂ ਲੋਕਾਂ ਦੀਆਂ ਥਾਲੀਆਂ ਵਿੱਚੋਂ ਰੋਟੀ ਗਾਇਬ ਹੋਣ ਲੱਗੇ ਅਤੇ ਲੋਕ ਭੁੱਖਮਰੀ ਦਾ ਸ਼ਿਕਾਰ ਹੋਣ ਲੱਗਣ ਤਾਂ ਇਹ ਸਰਕਾਰਾਂ ਦਾ ਨਿਕੰਮਾਪਣ ਹੁੰਦਾ ਹੈ। ਜਦੋਂ ਲੋਕ ਬੇਰੁਜ਼ਗਾਰੀ ਨਾਲ ਜੂਝ ਰਹੇ ਹੋਣ ਅਤੇ ਮਹਿੰਗਾਈ ਛਿੱਟੇ ਮਾਰ ਰਹੀ ਹੋਵੇ ਤਾਂ ਲੋਕਾਂ ਤੇ ਮਾਨਸਿਕ ਦਬਾਅ ਵਧਦਾ ਹੈ। ਹਕੀਕਤ ਇਹ ਹੈ ਕਿ ਮਹਿੰਗੇ ਕੱਪੜੇ ਜਾਂ ਹੋਰ ਚੀਜ਼ਾਂ ਤੋਂ ਬਗੈਰ ਜ਼ਿੰਦਗੀ ਚਲਾਉਣੀ ਔਖੀ ਨਹੀਂ ਹੁੰਦੀ। ਪਰ ਰਸੋਈ ਦਾ ਬਜਟ ਹਿੱਲਣਾ ਅਤੇ ਰੋਟੀ ਲਈ ਜਾਂ ਪੇਟ ਭਰਨ ਲਈ ਵੀ ਸੋਚਣਾ ਪਵੇ ਤਾਂ ਜ਼ਿੰਦਗੀ ਲੀਹੋਂ ਉੱਤਰ ਜਾਂਦੀ ਹੈ।
ਆਮ ਲੋਕਾਂ ’ਤੇ ਮਹਿੰਗਾਈ ਦੀ ਮਾਰ ਹੋਰ ਵਧਕੇ ਪੈਣ ਵਾਲੀ ਹੈ। ਇਹ ਸਭ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਦਾ ਸਿੱਟਾ ਹੈ। ਮੋਦੀ ਸਰਕਾਰ ਨੇ ਲੋਕਾਂ ਨੂੰ ਲੰਬੇ ਸਮੇਂ ਤਕ ਪੈਟਰੋਲ ਅਤੇ ਡੀਜ਼ਲ ਤੇ ਰਾਹਤ ਦੇਣ ਤੋਂ ਪਾਸਾ ਵੱਟੀ ਰੱਖਿਆ ਅਤੇ ਖਾਣ ਵਾਲੇ ਤੇਲ ਵਿਦੇਸ਼ੋ ਆਉਂਦੇ ਤੇਲਾਂ ਤੇ ਮਹਿਸੂਲ ਵਧਾਈ ਰੱਖਿਆ। ਮਹਿੰਗਾਈ ਬਾਰੇ ਸਰਕਾਰ ਦਾ ਅੱਜ ਵੀ ਇਹੀ ਹਾਲ ਹੈ। ਸਰਕਾਰ ਮਹਿੰਗਾਈ ਬਾਰੇ ਨਾ ਕੋਈ ਗੱਲ ਕਹਿਣਾ ਚਾਹੁੰਦੀ ਹੈ ਅਤੇ ਨਾ ਹੀ ਸੁਣਨਾ ਚਾਹੁੰਦੀ ਹੈ।
ਰਸੋਈ ਗੈਸ ਸਿਲੰਡਰ ਅਤੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਨੇ ਆਮ ਆਦਮੀ ਦੀਆਂ ਮੁਸ਼ਕਲਾਂ ਵਿੱਚ ਹੋਰ ਵਾਧਾ ਕੀਤਾ ਹੈ। ਜੋ ਪਹਿਲਾ ਹੀ ਕਰੋਨਾ ਮਹਾਂਮਾਰੀ ਅਤੇ ਮਹਿੰਗਾਈ ਦੇ ਪ੍ਰਭਾਵ ਨਾਲ ਜੂਝ ਰਹੇ ਹਨ। ਪਹਿਲਾਂ ਹੀ ਨਿੱਜੀ ਨਿਵੇਸ਼ ਸਭ ਤੋਂ ਹੇਠਲੇ ਪੱਧਰ ’ਤੇ ਹੈ ਅਤੇ ਮਹਿੰਗਾਈ ਰਿਕਾਰਡ ਤੋੜ ਰਹੀ ਹੈ ਅਤੇ ਇਸਦੀ ਮਾਰ ਸਭ ਤੋਂ ਜ਼ਿਆਦਾ ਆਮ ਜਨਤਾ ਉੱਪਰ ਪੈ ਰਹੀ ਹੈ। ਕੋਵਿਡ ਕਾਰਨ ਪਹਿਲਾਂ ਹੀ ਬੇਰੁਜ਼ਗਾਰੀ ਸਿਖਰਲੇ ਪੱਧਰ ’ਤੇ ਹੈ ਅਤੇ ਘਰਾਂ ਵਿੱਚ ਆਮਦਨ ਦੇ ਵਸੀਲੇ ਬਹੁਤ ਘੱਟ ਗਏ ਹਨ। ਇਨ੍ਹਾਂ ਬੁਨਿਆਦੀ ਵਸਤਾਂ ਦੀਆਂ ਕੀਮਤਾਂ ਵਿੱਚ ਵਾਧਾ ਲੰਬੇ ਸਮੇਂ ਤਕ ਲੋਕਾਂ ਨੂੰ ਪ੍ਰਭਾਵਿਤ ਕਰੇਗਾ। ਪਹਿਲਾਂ ਜਦੋਂ ਕੌਮਾਂਤਰੀ ਮੰਡੀ ਵਿੱਚ ਤੇਲ ਦੀਆਂ ਕੀਮਤਾਂ ਸਭ ਤੋਂ ਘੱਟ ਸਨ ਤਾਂ ਇਸਦਾ ਲਾਭ ਖਪਤਕਾਰਾਂ ਤਕ ਨਹੀਂ ਪਹੁੰਚਾਇਆ ਗਿਆ ਅਤੇ ਹੁਣ ਜਦੋਂ ਕੌਮਾਂਤਰੀ ਮੰਡੀ ਵਿੱਚ ਤੇਲ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ ਤਾਂ ਇਸਦਾ ਬੋਝ ਸਰਕਾਰ ਨਹੀਂ ਸਗੋਂ ਆਮ ਜਨਤਾ ਝੱਲ ਰਹੀ ਹੈ। ਸੂਬਾ ਸਰਕਾਰਾਂ ਨੂੰ ਕੇਂਦਰ ਸਰਕਾਰ ਨਾਲ ਮਿਲਕੇ ਮਹਿੰਗਾਈ ਨੂੰ ਠੱਲ੍ਹ ਪਾਉਣ ਲਈ ਠੋਸ ਨੀਤੀ ਉਲੀਕਣੀ ਚਾਹੀਦੀ ਹੈ ਤਾਂ ਜੋ ਆਮ ਜਨਤਾ ਨੂੰ ਮਹਿੰਗਾਈ ਤੋਂ ਨਿਜਾਤ ਮਿਲ ਸਕੇ।
ਗਰੀਬ ਲੋਕਾਂ ਨੇ ਉਹੀ ਕਮਾਉਣਾ ਹੁੰਦਾ ਹੈ ਤੇ ਉਹੀ ਖਾਣਾ ਹੁੰਦਾ ਹੈ। ਜੇਕਰ ਮਹਿੰਗਾਈ ਥਾਂ ਸਿਰ ਰਹੇ ਤਾਂ ਹੀ ਉਹ ਆਪਣਾ ਜੀਵਨ ਸਹੀ ਢੰਗ ਨਾਲ ਬਸਰ ਕਰ ਸਕਦੇ ਹਨ। ਸਾਡੇ ਦੇਸ਼ ਦੀ ਜ਼ਿਆਦਾਤਰ ਆਬਾਦੀ ਗਰੀਬੀ ਰੇਖਾ ਤੋਂ ਵੀ ਹੇਠਾਂ ਜੀਵਨ ਬਸਰ ਕਰਨ ਲਈ ਮਜਬੂਰ ਹੈ। ਮਹਿੰਗਾਈ ਵਧਣ ਨਾਲ ਅਮੀਰਾਂ ਨੂੰ ਤਾਂ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਪਰ ਹੇਠਲੇ ਅਤੇ ਮੱਧ ਵਰਗ ਦਾ ਕਚੂਮਰ ਨਿਕਲ ਜਾਂਦਾ ਹੈ। ਮਹਿੰਗਾਈ ਵਧਣ ਦੇ ਬਾਵਜੂਦ ਸਰਕਾਰ ਖਾਮੋਸ਼ ਹੈ। ਮਹਿੰਗਾਈ ’ਤੇ ਕਾਬੂ ਪਾਉਣਾ ਸਰਕਾਰਾਂ ਦਾ ਕੰਮ ਹੈ ਪਰ ਜਿਹੜੀ ਸਰਕਾਰ ਮਹਿੰਗਾਈ ਨੂੰ ਕੰਟਰੋਲ ਨਹੀਂ ਕਰ ਸਕਦੀ ਉਸਦੇ ਕੰਮ ਕਰਨ ਦੇ ਤਰੀਕੇ ਅਤੇ ਨੀਅਤ ਲੋਕ ਪੱਖੀ ਨਹੀਂ ਹੁੰਦੇ।
ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਦਾ ਸਿੱਧਾ ਅਸਰ ਖਾਧ ਪਦਾਰਥਾਂ ਅਤੇ ਹੋਰਨਾਂ ਵਸਤੂਆਂ ਦੀਆਂ ਕੀਮਤਾਂ ਉੱਤੇ ਪੈਂਦਾ ਹੈ ਤੇ ਭਾੜੇ ਵਿੱਚ ਵਾਧਾ ਹੋਣ ਨਾਲ ਮਹਿੰਗਾਈ ਵਧ ਜਾਂਦੀ ਹੈ। ਅਸਲ ਵਿੱਚ ਜਦੋਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧਦੀਆਂ ਹਨ ਤਾਂ ਹਰ ਚੀਜ਼ ਦੀ ਕੀਮਤ ਆਪਣੇ ਆਪ ਵਧ ਜਾਂਦੀ ਹੈ। ਮਹਿੰਗਾਈ ਵਧਾਉਣ ਦੇ ਦੋਸ਼ ਤੋਂ ਸਰਕਾਰ ਮੁਕਤ ਨਹੀਂ ਹੋ ਸਕਦੀ। ਮਹਿੰਗਾਈ ਦੀ ਤੇਜ਼ੀ ਨੂੰ ਕੰਟਰੋਲ ਕਰਨ ਵਿੱਚ ਸਰਕਾਰ ਪੁਰੀ ਤਰ੍ਹਾਂ ਅਸਮਰੱਥ ਨਜ਼ਰ ਆ ਰਹੀ ਹੈ। ਮਹਿੰਗਾਈ ਵਰਗੀ ਭਿਆਨਕ ਸਮੱਸਿਆ ਦਾ ਹੱਲ ਸਮਾਂ ਰਹਿੰਦੇ ਨਾ ਕੱਢਿਆ ਗਿਆ ਤਾਂ ਉਹ ਹੋਰ ਵੀ ਭਿਆਨਕ ਰੂਪ ਧਾਰਨ ਕਰ ਸਕਦੀ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3496)
(ਸਰੋਕਾਰ ਨਾਲ ਸੰਪਰਕ ਲਈ: