“ਭਵਿੱਖ ਬਾਰੇ ਸੋਚਣਾ ਚੰਗੀ ਗੱਲ ਹੈਪਰ ਭਵਿੱਖ ਨੂੰ ਸੁਰੱਖਿਅਤ ਕਰਦਿਆਂ ਹੋਇਆ ਸਾਨੂੰ ਆਪਣਾ ਵਰਤਮਾਨ ...”
(3 ਜੂਨ 2024)
ਇਸ ਸਮੇਂ ਪਾਠਕ: 255.
ਜ਼ਿੰਦਗੀ ਇੱਕ ਰੰਗ ਮੰਚ ਹੈ, ਜਿੱਥੇ ਹਰ ਕੋਈ ਆਪਣਾ ਰੋਲ ਨਿਭਾ ਕੇ ਚਲਾ ਜਾਂਦਾ ਹੈ। ਦੁੱਖ ਅਤੇ ਸੁਖ ਜ਼ਿੰਦਗੀ ਵਿੱਚ ਨਾਲ-ਨਾਲ ਚਲਦੇ ਹਨ। ਪ੍ਰੰਤੂ ਜ਼ਿੰਦਗੀ ਨੂੰ ਕਿਵੇਂ ਜਿਊਣਾ ਹੈ, ਇਹ ਮਨੁੱਖ ਦੇ ਆਪਣੇ ਹੱਥ ਹੁੰਦਾ ਹੈ। ਕਈ ਲੋਕ ਛੋਟੀਆਂ-ਛੋਟੀਆਂ ਗੱਲਾਂ ਵਿੱਚ ਵੀ ਵੱਡੀਆਂ ਖੁਸ਼ੀਆਂ ਦੀ ਤਲਾਸ਼ ਕਰ ਲੈਂਦੇ ਹਨ ਅਤੇ ਕਈ ਵੱਡੀਆਂ ਖੁਸ਼ੀਆਂ ਨੂੰ ਵੀ ਅਜਾਈਂ ਗਵਾ ਲੈਂਦੇ ਹਨ। ਹਾਂ ਪੱਖੀ ਸੋਚ, ਮਿਹਨਤ, ਪ੍ਰਤੀਬੱਧਤਾ, ਲਗਨ, ਦ੍ਰਿੜ੍ਹ ਵਿਸ਼ਵਾਸ ਦੇ ਸਾਹਮਣੇ ਜ਼ਿੰਦਗੀ ਦੀਆਂ ਸਭ ਮੁਸੀਬਤਾਂ ਸਿਰ ਝੁਕਾ ਦਿੰਦੀਆਂ ਹਨ। ਅਜਿਹੇ ਮਨੁੱਖ ਦਾ ਕੁਦਰਤ ਵੀ ਸਾਥ ਦਿੰਦੀ ਹੈ ਅਤੇ ਉਹ ਖੁਸ਼ ਰਹਿਣਾ ਸਿੱਖ ਜਾਂਦਾ ਹੈ। ਜ਼ਿੰਦਗੀ ਦਾ ਸਭ ਤੋਂ ਵੱਧ ਖੁਸ਼ਹਾਲ ਵਕਤ ਬਚਪਨ ਨੂੰ ਮੰਨਿਆ ਗਿਆ ਹੈ। ਮਨੁੱਖੀ ਜੀਵਨ ਅਨਮੋਲ ਹੈ। ਜੇਕਰ ਮਨੁੱਖ ਸਫਲ-ਸੁਖਾਵਾਂ ਜੀਵਨ ਜਿਊਣਾ ਚਾਹੁੰਦਾ ਹੈ, ਜੀਵਨ ਦੇ ਹਰ ਪਲ ਦਾ ਅਨੰਦ ਮਾਣਨਾ ਚਾਹੁੰਦਾ ਹੈ ਤਾਂ ਉਸ ਨੂੰ ਹਮੇਸ਼ਾ ਖੁਸ਼ ਰਹਿਣ ਦੀ ਆਦਤ ਜ਼ਰੂਰ ਪਾਉਣੀ ਚਾਹੀਦੀ ਹੈ।
ਖੁਸ਼ੀ ਇੱਕ ਅਜਿਹੀ ਚੀਜ਼ ਹੈ ਜੋ ਕਿਤੋਂ ਖਰੀਦੀ ਨਹੀਂ ਜਾ ਸਕਦੀ। ਖੁਸ਼ੀ ਉਸ ਕੋਲ ਹੁੰਦੀ ਹੈ, ਜਿਸਦੇ ਕੋਲ ਸਹਿਜ ਅਵਸਥਾ ਹੁੰਦੀ ਹੈ। ਸਹਿਜ ਦੇ ਵਿੱਚ ਵਿਚਰਨ ਵਾਲਾ ਵਿਅਕਤੀ ਖੁਸ਼ੀਆਂ ਦੇ ਨਾਲ ਭਰਿਆ ਹੁੰਦਾ ਹੈ। ਉਹ ਜਿੱਥੇ ਜਾਂਦਾ ਹੈ, ਉੱਥੇ ਖੁਸ਼ੀਆਂ ਹੀ ਵੰਡਦਾ ਜਾਂਦਾ ਹੈ। ਉਸਦੇ ਚਿਹਰੇ ’ਤੇ ਖੁਸ਼ੀਆਂ ਦਾ ਵਾਸਾ ਹੁੰਦਾ ਹੈ। ਉਸਦਾ ਚਿਹਰਾ ਹਮੇਸ਼ਾ ਹੀ ਹੱਸਦਾ ਰਹਿੰਦਾ ਹੈ। ਉਦਾਸ ਵਿਅਕਤੀ ਵੀ ਉਸ ਨੂੰ ਵੇਖਕੇ ਅਤੇ ਮਿਲਕੇ ਖੁਸ਼ ਹੋ ਜਾਂਦਾ ਹੈ। ਖੁਸ਼ੀਆਂ ਨੂੰ ਸਾਰੇ ਹੀ ਮੰਗਦੇ ਹਨ ਪਰ ਖੁਸ਼ੀਆਂ ਮੰਗਿਆਂ ਨਹੀਂ ਮਿਲਦੀਆਂ। ਜਿਨ੍ਹਾਂ ਦੇ ਅੰਦਰ ਖੁਸ਼ੀਆਂ ਹੁੰਦੀਆਂ ਹਨ, ਉਹ ਤੁਰੇ ਜਾਂਦੇ ਵੀ ਗੁਣ-ਗੁਣਾਉਂਦੇ ਹਨ। ਖੁਸ਼ੀਆਂ ਲੈਣ ਵਾਸਤੇ ਘਰ ਦਾ ਮਾਹੌਲ ਖੁਸ਼ੀਆਂ ਭਰਿਆ ਹੋਣਾ ਚਾਹੀਦਾ ਹੈ।
ਹਰ ਵੇਲੇ ਖੁਸ਼ ਰਹਿਣ ਵਾਲੇ ਦੇ ਨੇੜੇ ਦੁੱਖ, ਕਲੇਸ਼, ਬਿਮਾਰੀ ਨਹੀਂ ਆਉਂਦੀ। ਜਿਸ ਘਰ ਵਿੱਚ ਹਾਸੇ ਦਾ ਮਾਹੌਲ ਹੁੰਦਾ ਹੈ, ਉਹ ਘਰ ਖੁਸ਼ਹਾਲ ਹੁੰਦਾ ਹੈ। ਖੁਸ਼ ਰਹਿਣ ਵਾਲੇ ਦਾ ਹਰ ਕੋਈ ਮਿੱਤਰ ਬਣਨਾ ਚਾਹੁੰਦਾ ਹੈ। ਹੱਸਣਾ ਸਭ ਨੂੰ ਚੰਗਾ ਲਗਦਾ ਹੈ, ਕ੍ਰੋਧੀ ਚਿਹਰਾ ਸਭ ਨੂੰ ਭੈੜਾ ਲਗਦਾ ਹੈ। ਹਸਮੁੱਖ ਵਿਅਕਤੀ ਦੇ ਮੂਹੋਂ ਨਿਕਲੇ ਸ਼ਬਦ ਬਰਫ਼ ਵਾਂਗ ਠੰਢੇ-ਠਾਰ ਹੁੰਦੇ ਹਨ। ਮੁਸਕਰਾਉਂਦੇ ਚਿਹਰੇ ਫੁੱਲਾਂ ਵਾਂਗ ਖੁਸ਼ਬੂ ਬਿਖੇਰਦੇ ਹਨ। ਮੁਸਕਾਨ ਇੱਕ ਕੁਦਰਤੀ ਦਵਾਈ ਹੈ, ਜੋ ਈਰਖਾ, ਗੁੱਸਾ, ਕ੍ਰੋਧ ਵਰਗੀਆਂ ਸਰੀਰ ਨੂੰ ਖਾਣ ਵਾਲੀਆਂ ਬਿਮਾਰੀਆਂ ਨੂੰ ਖਤਮ ਕਰ ਦਿੰਦੀ ਹੈ। ਡਾਕਟਰਾਂ ਦੀ ਰਾਇ ਅਨੁਸਾਰ ਹੱਸਣ ਨਾਲ ਸਰੀਰ ਤਰੋਤਾਜ਼ਾ ਹੋ ਜਾਂਦਾ ਹੈ। ਮਨ ਦਾ ਬੋਝ ਛੂ-ਮੰਤਰ ਹੋ ਜਾਂਦਾ ਹੈ। ਮੁਸਕਰਾਉਣ ਅਤੇ ਹੱਸਣ ਨਾਲ ਜੀਵਨ ਵਿੱਚ ਖੁਸ਼ੀਆਂ ਦਾ ਵਾਧਾ ਹੁੰਦਾ ਹੈ। ਹਸਮੁੱਖ ਸੁਭਾਅ ਲੰਮੀ ਉਮਰ ਦਾ ਰਾਜ਼ ਹੈ। ਦਿਲ ਖੁਸ਼ ਵਿਅਕਤੀ ਨਾ ਕਦੇ ਕਿਸੇ ਦੀ ਵਿਰੋਧਤਾ ਕਰਦਾ ਹੈ ਅਤੇ ਨਾ ਹੀ ਮਾੜਾ ਸੋਚਦਾ ਹੈ।
ਜਾਪਾਨ ਦੇ ਲੋਕ ਆਪਣੇ ਬੱਚਿਆਂ ਨੂੰ ਜਨਮ ਤੋਂ ਹੀ ਹੱਸਦੇ ਰਹਿਣਾ ਸਿਖਾਉਂਦੇ ਹਨ। ਮਨੋਵਿਗਿਆਨਕ ਪ੍ਰਯੋਗਾਂ ਤੋਂ ਪਤਾ ਲੱਗਾ ਹੈ ਕਿ ਜੋ ਬੱਚੇ ਜ਼ਿਆਦਾ ਹੱਸਦੇ ਹਨ, ਉਹ ਜ਼ਿਆਦਾ ਬੁੱਧੀਮਾਨ ਹੁੰਦੇ ਹਨ। ਜਦੋਂ ਇੱਕ ਅਧਿਆਪਕ ਜਮਾਤ ਵਿੱਚ ਹੱਸਦੇ ਚਿਹਰੇ ਨਾਲ ਪ੍ਰਵੇਸ਼ ਕਰਦਾ ਹੈ ਤਾਂ ਬੱਚਿਆਂ ਦੇ ਚਿਹਰੇ ’ਤੇ ਰੌਣਕ ਆ ਜਾਂਦੀ ਹੈ। ਇਸੇ ਤਰ੍ਹਾਂ ਜਦੋਂ ਇੱਕ ਡਾਕਟਰ ਕਿਸੇ ਮਰੀਜ਼ ਨਾਲ ਹੱਸਕੇ ਗੱਲ ਕਰ ਲਵੇ ਤਾਂ ਮਰੀਜ਼ ਅੱਧਾ ਕੁ ਵੈਸੇ ਹੀ ਠੀਕ ਹੋ ਜਾਂਦਾ ਹੈ। ਹਾਸਾ ਵਿਅਕਤੀ ਵਿੱਚ ਸਕਾਰਾਤਮਕ ਊਰਜਾ ਲਿਆਉਂਦਾ ਹੈ ਅਤੇ ਨਕਾਰਾਤਮਕ ਊਰਜਾ ਨੂੰ ਖਤਮ ਕਰਦਾ ਹੈ, ਜਿਸ ਨਾਲ ਵਿਅਕਤੀ ਸ਼ਾਂਤੀ ਨਾਲ ਆਪਣਾ ਜੀਵਨ ਬਤੀਤ ਕਰ ਸਕਦਾ ਹੈ। ਨਿਯਮਿਤ ਤੌਰ ’ਤੇ ਖੁੱਲ੍ਹਕੇ ਹੱਸਣ ਨਾਲ ਸਰੀਰ ਦੇ ਸਾਰੇ ਹਿੱਸਿਆਂ ਨੂੰ ਮਜ਼ਬੂਤੀ ਮਿਲਦੀ ਹੈ ਅਤੇ ਸਰੀਰ ਵਿੱਚ ਖੂਨ ਸੰਚਾਰ ਦੀ ਰਫ਼ਤਾਰ ਵਧਦੀ ਹੈ ਅਤੇ ਪਾਚਨਤੰਤਰ ਵਧੇਰੇ ਕੁਸ਼ਲਤਾ ਨਾਲ ਕੰਮ ਕਰਦਾ ਹੈ।
ਦਿਨ ਵਿੱਚ ਦਸ ਤੋਂ ਪੰਦਰਾਂ ਮਿੰਟ ਹੱਸਣ ਨਾਲ ਲਗਭਗ 40 ਕੈਲੋਰੀਆਂ ਬਰਨ ਹੋ ਸਕਦੀਆਂ ਹਨ। ਹਾਸਾ ਇਮਿਊਨਿਟੀ ਵਧਾਉਣ ਵਿੱਚ ਮਦਦਗਾਰ ਹੁੰਦਾ ਹੈ। ਹਾਸਾ ਦਿਲ ਦੀ ਰੱਖਿਆ ਕਰਨ ਦੇ ਨਾਲ-ਨਾਲ ਸਾਨੂੰ ਦਿਲ ਦੇ ਦੌਰੇ ਅਤੇ ਦਿਲ ਨਾਲ ਸੰਬੰਧਤ ਹੋਰ ਸਮੱਸਿਆਵਾਂ ਤੋਂ ਵੀ ਬਚਾਉਂਦਾ ਹੈ। ਹਾਸਾ ਗੁੱਸੇ ਨੂੰ ਘੱਟ ਕਰਨ ਵਿੱਚ ਵੀ ਸਹਾਈ ਹੁੰਦਾ ਹੈ। ਹੱਸਣ ਨਾਲ ਬਲੱਡ ਪ੍ਰੈੱਸ਼ਰ ਵਧ ਜਾਂਦਾ ਹੈ। ਹਾਸਾ ਸਰੀਰ ਵਿੱਚ ਨਵੀਂ ਊਰਜਾ ਲਿਆਉਂਦਾ ਹੈ। ਹੱਸਣ ਨਾਲ ਆਕਸੀਜਨ ਦਾ ਸੰਚਾਰ ਬਹੁਤ ਤੇਜ਼ ਹੋ ਜਾਂਦਾ ਹੈ, ਜਿਸ ਕਾਰਨ ਸਾਡੇ ਅੰਦਰੋਂ ਦੂਸ਼ਿਤ ਹਵਾ ਕਾਫ਼ੀ ਮਾਤਰਾ ਵਿੱਚ ਬਾਹਰ ਨਿਕਲ ਜਾਂਦੀ ਹੈ। ਹਾਸਾ ਹਰੇਕ ਵਿਅਕਤੀ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਬਹੁਤ ਲਾਭਦਾਇਕ ਹੈ। ਹਾਸਾ ਸਭ ਤੋਂ ਵਧੀਆ ਦਵਾਈ ਹੈ ਜੋ ਹਰ ਸਥਿਤੀ ਵਿੱਚ ਕੰਮ ਆਉਂਦੀ ਹੈ। ਸਾਨੂੰ ਤੰਦਰੁਸਤ ਰਹਿਣ ਲਈ ਹਮੇਸ਼ਾ ਖੁੱਲ੍ਹਕੇ ਹੱਸਣਾ ਚਾਹੀਦਾ ਹੈ। ਕਿਸੇ ਵੀ ਵਿਅਕਤੀ ਦੇ ਚਿਹਰੇ ’ਤੇ ਹਾਸਾ ਉਸ ਵਿਅਕਤੀ ਨੂੰ ਊਰਜਾਵਾਨ ਬਣਾ ਦਿੰਦਾ ਹੈ। ਹਰ ਕੰਮ ਖੁਸ਼ੀ-ਖੁਸ਼ੀ ਕਰਨ ਨਾਲ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਮੁਸ਼ਕਲਾਂ ਆਪਣੇ-ਆਪ ਖ਼ਤਮ ਹੋ ਜਾਂਦੀਆਂ ਹਨ ਅਤੇ ਜੀਵਨ ਚੰਗਾ ਲੱਗਣ ਲੱਗ ਪੈਂਦਾ।
ਮਨੁੱਖ ਆਪਣੇ-ਆਪ ਨੂੰ ਤਣਾਅ ਮੁਕਤ ਤੇ ਖ਼ੁਸ਼ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰਦਾ ਹੈ। ਮਨੁੱਖ ਬਹੁਤ ਸਾਰੀਆਂ ਖ਼ੁਸ਼ੀਆਂ ਦੀਆਂ ਉਮੀਦਾਂ ਸਮਾਜ, ਪਰਿਵਾਰ ਤੇ ਬੱਚਿਆਂ ਤੋਂ ਰੱਖਦਾ ਹੈ। ਪ੍ਰੰਤੂ ਜਦੋਂ ਇਹ ਉਮੀਦਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਮਨੁੱਖ ਦੁਖੀ ਜਾਂਦਾ ਹੈ। ਜਦਕਿ ਤਣਾਅ ਮੁਕਤ ਤੇ ਖ਼ੁਸ਼ ਰਹਿਣ ਲਈ ਮਨੁੱਖ ਨੂੰ ਦੂਸਰਿਆਂ ਬਾਰੇ ਸੋਚਣਾ, ਉਮੀਦਾਂ ਕਰਨੀਆਂ, ਬਿਨ ਮੰਗੀ ਸਲਾਹ ਦੇਣ ਆਦਿ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਸਮੇਂ ਦੇ ਬਦਲਣ ਨਾਲ ਮਨੁੱਖ ਦੀਆਂ ਲੋੜਾਂ, ਸਮਝਣ ਸ਼ਕਤੀ, ਸੁਭਾਅ, ਕੰਮ ਕਰਨ ਦਾ ਢੰਗ ਆਦਿ ਸਭ ਬਦਲ ਜਾਂਦੇ ਹਨ। ਮਨੁੱਖ ਦਾ ਸਭ ਤੋਂ ਵੱਡਾ ਦੋਸਤ ਤੇ ਦੁਸ਼ਮਣ ਉਸਦਾ ਆਪਣਾ ਸੁਭਾਅ ਹੁੰਦਾ ਹੈ। ਮਨੁੱਖ ਨੂੰ ਆਪਣੇ ਕੰਮ ਵੱਧ ਤੋਂ ਵੱਧ ਆਪ ਕਰਨ, ਜ਼ਿੰਦਗੀ ਇਮਾਨਦਾਰੀ ਨਾਲ ਜਿਊਣ ਅਤੇ ਖ਼ੁਸ਼ ਰਹਿਣ ਤੇ ਹੱਸਣ ਦੀ ਆਦਤ ਜ਼ਰੂਰ ਪਾਉਣੀ ਚਾਹੀਦੀ ਹੈ। ਖ਼ੁਸ਼ ਰਹਿਣ ਲਈ ਮਨੁੱਖ ਨੂੰ ਆਪਣੇ ਆਪ ਵਿੱਚ ਸੁਧਾਰ ਜ਼ਰੂਰ ਕਰ ਲੈਣਾ ਚਾਹੀਦਾ ਹੈ। ਖ਼ੁਸ਼ੀਆਂ ਪ੍ਰਾਪਤ ਕਰਨ ਲਈ ਮਨੁੱਖ ਨੂੰ ਆਪਣੇ ਅੰਦਰੋਂ ਕਿਸੇ ਨਾਲ ਈਰਖਾ ਕਰਨੀ ਅਤੇ ਕਿਸੇ ਦੀ ਨਿੰਦਾ ਚੁਗਲੀ ਕਰਨੀ ਆਦਿ ਨੂੰ ਕੱਢ ਦੇਣਾ ਚਾਹੀਦਾ ਹੈ। ਕ੍ਰੋਧ, ਹੰਕਾਰ ਆਦਿ ਵਿਕਾਰਾਂ ਉੱਤੇ ਮਨੁੱਖ ਨੂੰ ਕਾਬੂ ਪਾਉਣਾ ਚਾਹੀਦਾ ਹੈ। ਮਨੁੱਖ ਨੂੰ ਸਭ ਨੂੰ ਪਿਆਰ ਨਾਲ ਬੁਲਾਉਣਾ ਚਾਹੀਦਾ ਹੈ।
ਸਭ ਦਾ ਸਤਿਕਾਰ ਕਰਨਾ ਚਾਹੀਦਾ ਹੈ। ਬੱਚਿਆਂ ਨਾਲ ਬੱਚੇ ਬਣ ਜਾਣਾ ਚਾਹੀਦਾ ਹੈ, ਬਜ਼ੁਰਗਾਂ ਨਾਲ ਬਜ਼ੁਰਗ ਬਣ ਜਾਣਾ ਚਾਹੀਦਾ ਹੈ। ਕਿਸੇ ਭੁੱਖੇ ਨੂੰ ਰੋਟੀ ਦੇਣ ਨਾਲ, ਕਿਸੇ ਡਿਗਦੇ ਨੂੰ ਸਹਾਰਾ ਦੇਣ ਨਾਲ ਵੀ ਖੁਸ਼ੀ ਮਿਲੇਗੀ। ਕਿਸੇ ਅਨਾਥ ਦੀ ਮਾਇਕ ਸਹਾਇਤਾ ਕਰਨ ਨਾਲ ਵੀ ਖੁਸ਼ੀ ਮਿਲੇਗੀ। ਕੋਈ ਚੰਗਾ ਕੰਮ ਕਰਨ ਨਾਲ ਵੀ ਖੁਸ਼ੀ ਮਿਲੇਗੀ ਤੇ ਦਿਲ ਵਿੱਚ ਕੁਝ ਨਿਮਰਤਾ ਆਵੇਗੀ। ਜਦੋਂ ਨਿਮਰਤਾ ਆ ਜਾਵੇ ਤਾਂ ਖ਼ੁਸ਼ੀਆਂ ਆਪਣੇ ਆਪ ਹੀ ਆ ਜਾਂਦੀਆਂ ਹਨ। ਉਹ ਲੋਕ ਕਿੰਨੇ ਖ਼ੁਸ਼ ਨਸੀਬ ਹਨ, ਜਿਨ੍ਹਾਂ ਦੇ ਅੰਦਰ ਖ਼ੁਸ਼ੀਆਂ ਹਨ। ਆਓ ਖ਼ੁਸ਼ੀਆਂ ਨੂੰ ਗੱਲ ਨਾਲ ਲਾਈਏ ਤੇ ਉਦਾਸੀਆਂ ਨੂੰ ਦੂਰ ਭਜਾਈਏ।
ਮਾਹਿਰਾਂ ਅਨੁਸਾਰ ਆਸ਼ਾਵਾਦੀ ਹੋਣਾ ਅਤੇ ਖ਼ੁਸ਼ ਰਹਿਣਾ ਦਿਲ ਦੇ ਰੋਗਾਂ ਦੀ ਸੰਭਾਵਨਾ ਨੂੰ ਘੱਟ ਕਰਨ ਦੀ ਸਭ ਤੋਂ ਸ਼ਕਤੀਸ਼ਾਲੀ ਦਵਾਈ ਹੈ। ਹਾਲ ਹੀ ਵਿੱਚ ਮਾਹਿਰਾਂ ਨੂੰ ਇੱਕ ਵਿਅਕਤੀ ਦੇ ਆਸ਼ਾਵਾਦੀ ਰਹਿਣ ਨਾਲ ਉਸ ’ਤੇ ਪੈਣ ਵਾਲੇ ਪ੍ਰਭਾਵਾਂ ਦਾ ਅਧਿਐਨ ਕੀਤਾ। ਖੋਜਕਾਰਾਂ ਨੇ 65 ਸਾਲ ਦੀ ਉਮਰ ਦੇ 2478 ਲੋਕਾਂ ਦਾ ਛੇ ਸਾਲ ਤਕ ਅਧਿਐਨ ਕੀਤਾ ਅਤੇ ਦੇਖਿਆ ਕਿ ਜੋ ਵਿਅਕਤੀ ਖ਼ੁਸ਼ ਰਹੇ ਤੇ ਆਸ਼ਾਵਾਦੀ ਰਹੇ, ਉਨ੍ਹਾਂ ਵਿੱਚ ਦਿਲ ਦੀ ਬਿਮਾਰੀ ਦੀ ਸੰਭਾਵਨਾ ਘੱਟ ਪਾਈ ਗਈ ਅਤੇ ਜੋ ਲੋਕ ਨਿਰਾਸ਼ਾਵਾਦੀ ਰਹੇ, ਉਨ੍ਹਾਂ ਵਿੱਚ ਦਿਲ ਦੇ ਰੋਗ ਦੀ ਸੰਭਾਵਨਾ ਵੱਧ ਪਾਈ ਗਈ। ਇਸ ਖੋਜ ਦੇ ਖੋਜਕਾਰਾਂ ਦਾ ਮੰਨਣਾ ਹੈ ਕਿ ਆਸ਼ਾਵਾਦੀ ਵਿਅਕਤੀ ਇੱਕ ਸਿਹਤਮੰਦ ਜੀਵਨ ਸ਼ੈਲੀ ਜਿਊਣ ਦੀ ਕੋਸ਼ਿਸ਼ ਕਰਦਾ ਹੈ ਅਤੇ ਕਸਰਤ ਕਰਦਾ ਹੈ। ਜਿਸ ਕਾਰਨ ਬਿਮਾਰੀਆਂ ਤੋਂ ਸੁਰੱਖਿਆਤ ਰਹਿੰਦਾ ਹੈ।
ਸੰਯੁਕਤ ਰਾਸ਼ਟਰ ਵੱਲੋਂ ਪ੍ਰਾਯੋਜਿਤ ਵਰਲਡ ਹੈਪੀਨੈਂਸ ਰਿਪੋਰਟ 2024 ਅਨੁਸਾਰ ਇਸ ਮਾਮਲੇ ਵਿੱਚ ਫਿਨਲੈਂਡ, ਡੈਨਮਾਰਕ, ਆਈਸਲੈਂਡ, ਸਵੀਡਨ, ਇਸਰਾਈਲ, ਨੀਂਦਰਲੈਂਡ, ਨਾਰਵੇ ਆਦਿ ਚੋਟੀ ਦੇ ਖ਼ੁਸ਼ ਦੇਸ਼ਾਂ ਦੀ ਸ਼੍ਰੇਣੀ ਵਿੱਚ ਸ਼ਾਮਲ ਹਨ। ਇਹ ਸੂਚੀ ਹਰ ਸਾਲ ਹਰੇਕ ਦੇਸ਼ ਦੇ ਪ੍ਰਤੀ ਵਿਅਕਤੀ ਕੁੱਲ ਘਰੇਲੂ ਉਤਪਾਦਨ, ਸਮਾਜਿਕ ਮਦਦ, ਤੰਦਰੁਸਤ ਜੀਵਨ ਦੀ ਸੰਭਾਵਨਾ, ਆਜ਼ਾਦੀ, ਦਿਆਲਤਾ ਤੇ ਭ੍ਰਿਸ਼ਟਾਚਾਰ ਜਿਹੇ ਬਹੁਤ ਸਾਰੇ ਤੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਤਿਆਰ ਕੀਤੀ ਜਾਂਦੀ ਹੈ। ਪੂਰੇ 143 ਦੇਸ਼ਾਂ ਦੀ ਇਸ ਸੂਚੀ ਵਿੱਚ ਭਾਰਤ ਦਾ ਸਥਾਨ 126ਵਾਂ ਰਿਹਾ ਹੈ, ਜਦਕਿ ਅਫ਼ਗਾਨਿਸਤਾਨ ਦਾ ਨਾਂ ਸਭ ਤੋਂ ਹੇਠਾਂ ਹੈ। ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਦੁਨੀਆਂ ਦੀ ਸਭਿਅਤਾ ਵਿੱਚ ਵੱਡਾ ਯੋਗਦਾਨ ਪਾਉਣ ਵਾਲੇ ਭਾਰਤ ਦੇ ਲੋਕ ਇਸ ਵੇਲੇ ਖ਼ੁਸ਼ ਕਿਉਂ ਨਹੀਂ ਹਨ। ਸਿਹਤ ਸਹੂਲਤਾਂ ਚੰਗੀਆਂ ਹੋਣ ਦੇ ਬਾਵਜੂਦ ਬਜ਼ੁਰਗ ਨਿਰਾਸ਼ਾ ਅਤੇ ਨੌਜਵਾਨ ਰੁਜ਼ਗਾਰ ਨਾ ਮਿਲਣ ਕਾਰਨ ਨਿਰਾਸ਼ਾ ਦੇ ਵਿੱਚ ਦਿਨ ਕੱਟ ਰਹੇ ਹਨ। ਅੱਵਲ ਰਹਿਣ ਵਾਲੇ ਫਿਨਲੈਂਡ ਦੇ ਲੋਕ ਕੁਦਰਤ ਦੇ ਵਧੇਰੇ ਰਹਿੰਦੇ ਹਨ। ਉਨ੍ਹਾਂ ਦੇ ਆਪਣੇ ਰੋਜ਼ਮੱਰਾ ਦੇ ਕੰਮ-ਕਾਜ ਅਤੇ ਜੀਵਨ ਦਾ ਇੱਕ ਬਹੁਤ ਆਹਲਾ ਦਰਜੇ ਦਾ ਸੰਤੁਲਨ ਕਾਇਮ ਕਰਕੇ ਰੱਖਿਆ ਹੋਇਆ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਬਿਮਾਰੀਆਂ ਤੋਂ ਬਚਾ ਲਈ ਹਮੇਸ਼ਾ ਖ਼ੁਸ਼ ਤੇ ਆਸ਼ਾਵਾਦੀ ਰਹਿਣਾ ਚਾਹੀਦਾ ਹੈ। ਖ਼ੁਸ਼ ਰਹਿਣ ਲਈ ਕੁਝ ਪਲ ਸਾਨੂੰ ਆਪਣੇ ਨਾਲ ਬਿਤਾਉਣੇ ਚਾਹੀਦੇ ਹਨ। ਮਨ ਨੂੰ ਕਾਬੂ ਵਿੱਚ ਰੱਖਣਾ ਚਾਹੀਦਾ ਹੈ। ਆਪਣੀਆਂ ਇੱਛਾਵਾਂ ਨੂੰ ਸੀਮਤ ਰੱਖ ਕੇ ਵਰਤਮਾਨ ਵਿੱਚ ਜੀਵਨ ਬਤੀਤ ਕਰਨਾ ਚਾਹੀਦਾ ਹੈ। ਭਵਿੱਖ ਬਾਰੇ ਸੋਚਣਾ ਚੰਗੀ ਗੱਲ ਹੈ ਪਰ ਭਵਿੱਖ ਨੂੰ ਸੁਰੱਖਿਅਤ ਕਰਦਿਆਂ ਹੋਇਆ ਸਾਨੂੰ ਆਪਣਾ ਵਰਤਮਾਨ ਜੀਵਨ ਬਰਬਾਦ ਨਹੀਂ ਕਰਨਾ ਚਾਹੀਦਾ ਹੈ। ਦੂਸਰਿਆਂ ਦੀਆਂ ਕਹੀਆਂ ਗੱਲਾਂ, ਜਿਨ੍ਹਾਂ ਨਾਲ ਤੁਹਾਡੇ ਮਨ ਨੂੰ ਠੇਸ ਪਹੁੰਚੀ ਹੋਵੇ, ਭੁੱਲ ਜਾਣਾ ਚਾਹੀਦਾ ਹੈ। ਹਮੇਸ਼ਾ ਹਾਂ ਪੱਖੀ ਸੋਚ ਰੱਖ ਕੇ ਜੀਵਨ ਬਤੀਤ ਕਰਨਾ ਚਾਹੀਦਾ ਹੈ। ਇਸ ਲਈ ਚੰਗਾ ਸੋਚੇ, ਚੰਗਾ ਕਰੋ, ਖ਼ੁਸ਼ ਰਹੋ ਤੇ ਖੁਸ਼ੀ-ਖੁਸ਼ੀ ਜ਼ਿੰਦਗੀ ਜਿਓ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5019)
(ਸਰੋਕਾਰ ਨਾਲ ਸੰਪਰਕ ਲਈ:(This email address is being protected from spambots. You need JavaScript enabled to view it.)