“ਭਾਰਤ ਵਿੱਚ ਵੀ ਸੜਕੀ ਹਾਦਸਿਆਂ ਨੂੰ ਰੋਕਣ ਅਤੇ ਸੜਕਾਂ ’ਤੇ ਅਪਰਾਧਾਂ ਦੀ ਰੋਕਥਾਮ ਲਈ ...”
(8 ਫਰਵਰੀ 2022)
ਟਰੈਫਿਕ ਦੀ ਸਮੱਸਿਆ ਪੂਰੀ ਦੁਨੀਆਂ ਦੀ ਸਮੱਸਿਆ ਹੈ। ਟਰੈਫਿਕ ਦੁਨੀਆਂ ਭਰ ਵਿੱਚ ਇਸ ਸਮੇਂ ਬਹੁਤ ਹੀ ਸੰਵੇਦਨਸ਼ੀਲ ਮੁੱਦਾ ਹੈ। ਟਰੈਫਿਕ ਦਾ ਭਾਵ ਆਵਾਜਾਈ। ਸੜਕਾਂ ’ਤੇ ਆਵਾਜਾਈ ਵਧਣ ਅਤੇ ਵਹੀਕਲਾਂ ਦੇ ਬਹੁਤੇ ਤੇਜ਼ ਚੱਲਣ ਕਾਰਨ ਆਵਾਜਾਈ ਨੂੰ ਢੰਗ ਤਰੀਕੇ ਅਤੇ ਨਿਰਵਿਘਨ ਚਲਾਉਣ ਲਈ ਲਗਭਗ ਹਰ ਮੁਲਕ ਵਿੱਚ ਟਰੈਫਿਕ ਪੁਲਿਸ ਦਾ ਗਠਨ ਕੀਤਾ ਹੋਇਆ ਹੈ। ਆਮ ਲੋਕਾਂ ਨੂੰ ਸੜਕੀ ਰਸਤੇ ਰਾਹੀਂ ਸੁਰੱਖਿਅਤ ਆਪਣੀ ਮੰਜ਼ਿਲ ’ਤੇ ਪਹੁੰਚਾਉਣ ਲਈ ਸਾਰਾ ਦਾਰੋਮਦਾਰ ਪੁਲਿਸ ਵਿਭਾਗ ਉੱਪਰ ਹੀ ਹੈ। ਦੁਨੀਆਂ ਭਰ ਵਿੱਚ ਸਾਰੇ ਦੇਸ਼ਾਂ ਵੱਲੋਂ ਆਪੋ ਆਪਣੇ ਦੇਸ਼ ਦੇ ਹਾਲਾਤ ਮੁਤਾਬਕ ਸੜਕੀ ਆਵਾਜਾਈ ਨੂੰ ਸੁਚਾਰੂ ਰੱਖਣ ਅਤੇ ਹਾਦਸਿਆਂ ਦੀ ਰੋਕਥਾਮ ਲਈ ਟਰੈਫਿਕ ਕੰਟਰੋਲ ਨਿਯਮ ਅਤੇ ਵਹੀਕਲ ਐਕਟ ਬਣਾਏ ਗਏ ਹਨ ਅਤੇ ਸਮੇਂ ਸਮੇਂ ’ਤੇ ਇਨ੍ਹਾਂ ਵਿੱਚ ਸੋਧ ਕੀਤੀ ਜਾਂਦੀ ਰਹਿੰਦੀ ਹੈ।
ਭਾਰਤ ਵਿੱਚ ਵੀ ਸੜਕੀ ਹਾਦਸਿਆਂ ਨੂੰ ਰੋਕਣ ਅਤੇ ਸੜਕਾਂ ’ਤੇ ਅਪਰਾਧਾਂ ਦੀ ਰੋਕਥਾਮ ਲਈ ਭਾਰਤੀ ਪੀਨਲ ਕੋਡ 1860 ਤੋਂ ਇਲਾਵਾ ਮੋਟਰ ਵਹੀਕਲ ਐਕਟ 1988, ਰੋਡ ਟਰਾਂਸਪੋਰਟ ਅਤੇ ਸੇਫਟੀ ਬਿੱਲ 2014, ਅਤੇ ਮੋਟਰ ਵਹੀਕਲ ਸੋਧ ਐਕਟ 2019 ਜਿਹੇ ਸਖਤ ਕਾਨੂੰਨ ਬਣਾਏ ਗਏ ਹਨ ਜੋ ਕਿ ਸਾਰੇ ਭਾਰਤ ਵਿੱਚ ਇਕਸਾਰ ਲਾਗੂ ਹਨ। ਇਨ੍ਹਾਂ ਸਾਰੇ ਕਾਨੂੰਨਾਂ ਨੂੰ ਬਣਾਉਣ ਦਾ ਮੁੱਖ ਮਕਸਦ ਹੈ ਕਿ ਸੜਕੀ ਹਾਦਸਿਆਂ ਤੋਂ ਲੋਕ ਜਾਨਾਂ ਨਾ ਗਵਾਉਣ ਅਤੇ ਸੜਕੀ ਆਵਾਜਾਈ ਨੂੰ ਨਿਰਵਿਘਨ ਚਲਾਇਆ ਜਾ ਸਕੇ। ਸਖਤ ਕਾਨੂੰਨ ਬਣਾਉਣ ਦੇ ਬਾਵਜੂਦ ਮੁਲਕ ਭਰ ਵਿੱਚ ਸੜਕਾਂ ’ਤੇ ਵੱਡੇ-ਵੱਡੇ ਜਾਮ ਆਮ ਲੱਗੇ ਦਿਖਾਈ ਦਿੰਦੇ ਹਨ ਅਤੇ ਸਾਡੇ ਆਪਣੇ ਹਾਦਸਿਆਂ ਰੂਪੀ ਮੌਤ ਦਾ ਸ਼ਿਕਾਰ ਹੋ ਰਹੇ ਹਨ। ਸੜਕਾਂ ’ਤੇ ਘੰਟਿਆਂ ਬੰਧੀ ਜਾਮ ਲੱਗਣ ਕਾਰਨ ਲੋਕਾਂ ਅਤੇ ਟਰੈਫਿਕ ਕੰਟਰੋਲ ਕਰ ਰਹੀ ਪੁਲਿਸ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਦਾ ਹੈ। ਸੜਕਾਂ ’ਤੇ ਹਾਦਸੇ ਹੋਣਾ ਅਤੇ ਇਨ੍ਹਾਂ ਕਾਰਨ ਸਾਡੇ ਆਪਣਿਆਂ ਦੀਆਂ ਕੀਮਤੀ ਜਾਨਾਂ ਦਾ ਜਾਣਾ ਆਮ ਗੱਲ ਹੋ ਗਈ ਹੈ।
ਸੜਕ ਹਾਦਸਿਆਂ ਲਈ ਜ਼ਿੰਮੇਵਾਰ ਪ੍ਰਮੁੱਖ ਕਾਰਨਾਂ ਵਿੱਚ ਅਕਸਰ ਟਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨਾ, ਕਾਰ ਚਲਾਉਂਦਿਆਂ ਸੀਟ ਬੈਲਟ ਦੀ ਵਰਤੋਂ ਨਾ ਕਰਨਾ, ਬਾਈਕ ਚਲਾਉਂਦਿਆਂ ਹੈਲਮਟ ਦੀ ਵਰਤੋਂ ਨਾ ਕਰਨਾ, ਸ਼ਰਾਬ ਪੀ ਕੇ ਜਾਂ ਕਿਸੇ ਕਿਸਮ ਦਾ ਨਸ਼ਾ ਕਰਕੇ ਗੱਡੀ ਚਲਾਉਣਾ, ਡਰਾਈਵਰ ਦੀ ਨੀਂਦ ਪੂਰੀ ਨਾ ਹੋਣਾ, ਮਿਆਦ ਪੁਗਾ ਚੁੱਕੀਆਂ ਗੱਡੀਆਂ ਚਲਾਉਣਾ, ਅਕੁਸ਼ਲ ਡਰਾਈਵਰ, ਗਲਤ ਪਾਸੇ ਗੱਡੀ ਚਲਾਉਣਾ, ਕਾਹਲੀ ਕਰਨਾ, ਲਾਪਰਵਾਹੀ ਨਾਲ ਗੱਡੀ ਚਲਾਉਂਦੇ ਸਮੇਂ ਮੋਬਾਇਲ ’ਤੇ ਗੱਲਾਂ ਕਰਨੀਆਂ, ਡਰਾਈਵਿੰਗ ਕਰਦੇ ਸਮੇਂ ਗੱਡੀ ਤੋਂ ਗੱਡੀ ਵਿਚਕਾਰ ਫਾਸਲਾ ਨਾ ਰੱਖਣਾ, ਓਵਰਟੇਕ ਧਿਆਨ ਨਾਲ ਨਾ ਕਰਨਾ, ਓਵਰ ਲੋਡਿੰਗ ਜਿਵੇਂ ਟਰੱਕ, ਮਾਨਸਿਕ ਪਰੇਸ਼ਾਨੀ, ਨਾਬਾਲਗ ਦਾ ਵਾਹਨ ਚਲਾਉਣਾ, ਅਚਾਨਕ ਅਵਾਰਾ ਪਸ਼ੂਆਂ ਦਾ ਸੜਕਾਂ ’ਤੇ ਆ ਜਾਣਾ ਅਤੇ ਟਰੈਫਿਕ ਨਿਯਮਾਂ ਦਾ ਗਿਆਨ ਆਦਿ ਨਾ ਹੋਣਾ ਸੜਕ ਹਾਦਸਿਆਂ ਦੇ ਕਾਰਨ ਹਨ।
ਭਾਰਤ ਵਿੱਚ ਸਾਲ 2020 ਵਿੱਚ ਲਾਪਰਵਾਹੀ ਕਾਰਨ ਹੋਏ ਸੜਕ ਹਾਦਸਿਆਂ ਨਾਲ ਸਬੰਧਿਤ ਮੌਤਾਂ ਦੇ 1.20 ਲੱਖ ਮਾਮਲੇ ਦਰਜ ਕੀਤੇ ਗਏ। ਸਰਕਾਰੀ ਅੰਕੜਿਆਂ ਮੁਤਾਬਿਕ ਕੋਵਿਡ-19 ਤਾਲਾਬੰਦੀ ਦੇ ਬਾਵਜੂਦ ਹਰ ਦਿਨ ਔਸਤਨ 328 ਲੋਕਾਂ ਨੇ ਜਾਨ ਗੁਆਈ। ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐੱਨ.ਸੀ.ਆਰ.ਬੀ.) ਨੇ 2020 ਦੇ ਸਾਲਾਨਾ ਕਾਈਮ ਇੰਡੀਆ ਰਿਪੋਰਟ ਦਾ ਖੁਲਾਸਾ ਕੀਤਾ ਗਿਆ ਕਿ ਲਾਪਰਵਾਹੀ ਕਾਰਨ ਹੋਏ ਸੜਕ ਹਾਦਸਿਆਂ ਵਿੱਚ ਤਿੰਨ ਸਾਲਾਂ ਵਿੱਚ 3.92 ਲੱਖ ਲੋਕਾਂ ਦੀ ਜਾਨ ਗਈ ਹੈ।
ਮੁਲਕ ਭਰ ਵਿੱਚ ਇੱਕ ਦਿਨ ਵਿੱਚ 400 ਤੋਂ ਵੱਧ ਮੌਤਾਂ ਸੜਕ ਹਾਦਸਿਆਂ ਵਿੱਚ ਹੁੰਦੀਆਂ ਹਨ ਅਤੇ ਇੱਕ ਸਾਲ ਵਿੱਚ ਕਰੀਬ 1.50 ਲੱਖ ਸੜਕ ਹਾਦਸਿਆਂ ਵਿੱਚ ਮਰ ਜਾਂਦੇ ਹਨ। ਦੁਨੀਆਂ ਭਰ ਵਿੱਚ ਹੋਣ ਵਾਲੇ ਕੁਲ ਹਾਦਸਿਆਂ ਦਾ 10 ਫੀਸਦੀ ਹਾਦਸੇ ਭਾਰਤ ਵਿੱਚ ਵਾਪਰਦੇ ਹਨ। ਵਿਕਸਤ ਦੇਸ਼ਾਂ ਦੇ ਮੁਕਾਬਲੇ ਘੱਟ ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਾਂ ਵਿੱਚ ਸੜਕ ਹਾਦਸੇ ਵੱਧ ਵਾਪਦੇ ਹਨ। ਧੁੰਦ ਦੇ ਮੌਸਮ ਵਿੱਚ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ। ਧੁੰਦ ਤੇ ਠੰਢ ਦੇ ਮੌਸਮ ਵਿੱਚ ਅਕਸਰ ਸੜਕ ਹਾਦਸੇ ਆਮ ਨਾਲੋਂ ਜ਼ਿਆਦਾ ਹੁੰਦੇ ਹਨ ਕਿਉਂਕਿ ਧੁੰਦ ਦੇ ਮੌਸਮ ਵਿੱਚ ਅਵਾਰਾ ਪਸ਼ੂਆਂ ਦਾ ਸੜਕਾਂ ’ਤੇ ਖੜ੍ਹੇ ਹੋਣਾ, ਟਰੈਫਿਕ ਨਿਯਮਾਂ ਦੇ ਨਿਸ਼ਾਨਾ ਦਾ, ਛੋਟੇ ਛੋਟੇ ਟੋਇਆਂ ਦਾ ਤੇ ਸੜਕਾਂ ਦੇ ਮੋੜਾਂ ਦਾ ਦੂਰ ਤੋਂ ਪਤਾ ਨਾ ਲੱਗਣਾ ਆਦਿ ਸੜਕ ਹਾਦਸਿਆਂ ਦਾ ਕਾਰਨ ਬਣ ਜਾਂਦੇ ਹਨ। ਇਹਨਾਂ ਮੁਸ਼ਕਲਾਂ ਤੋਂ ਬਚਣ ਲਈ ਬਹੁਤ ਸਾਰੀਆਂ ਸਾਵਧਾਨੀਆਂ ਵਰਤਣ ਦੀ ਲੋੜ ਹੁੰਦੀ ਹੈ। ਧੁੰਦ ਦੇ ਮੌਸਮ ਵਿੱਚ ਗੱਡੀ ਦੀ ਸਪੀਡ ਨੂੰ ਘੱਟ ਰੱਖਣਾ ਚਾਹੀਦਾ ਹੈ। ਗੱਡੀ ਦੀਆਂ ਲਾਈਟਾਂ ਤੇ ਧੁੰਦ ਵਾਲੀਆਂ ਸਪੈਸ਼ਲ ਲਾਈਟ ਦਾ ਸਹੀ ਹੋਣਾ ਬਹੁਤ ਜ਼ਰੂਰੀ ਹੈ। ਧੁੰਦ ਦੇ ਮੌਸਮ ਵਿੱਚ ਛੇਤੀ ਕੀਤੇ ਕਿਸੇ ਵੀ ਗੱਡੀ ਨੂੰ ਪਾਸ ਨਹੀਂ ਕਰਨਾ ਚਾਹੀਦਾ। ਪਰ ਜੇਕਰ ਕੋਈ ਗੱਡੀ ਸਾਨੂੰ ਪਾਸ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਸਾਨੂੰ ਆਪਣੀ ਗੱਡੀ ਦੀ ਸਪੀਡ ਨੂੰ ਘੱਟ ਕਰ ਲੈਣਾ ਚਾਹੀਦਾ ਹੈ ਤਾਂ ਕਿ ਪਿੱਛੇ ਤੋਂ ਆ ਰਹੀ ਗੱਡੀ ਸਾਨੂੰ ਆਸਾਨੀ ਨਾਲ ਪਾਸ ਕਰ ਸਕੇ। ਧੁੰਦ ਵਿੱਚ ਗੱਡੀ ਦੀ ਸਪੀਡ ਨੂੰ ਇੱਕ ਲਿਮਟ ਵਿੱਚ ਹੀ ਰੱਖਣਾ ਚਾਹੀਦਾ ਹੈ ਤਾਂ ਜੋ ਲੋੜ ਪੈਣ ’ਤੇ ਸਮੇਂ ਸਿਰ ਅਸੀਂ ਗੱਡੀ ਨੂੰ ਕੰਟਰੋਲ ਕਰ ਸਕੀਏ।
ਆਮ ਤੌਰ ’ਤੇ ਠੰਢ ਦੇ ਮੌਸਮ ਵਿੱਚ ਘਰੋਂ ਲੇਟ ਚੱਲਣ ਕਾਰਨ ਸਾਡੇ ਵਲੋਂ ਆਪਣੀ ਮੰਜ਼ਿਲ ’ਤੇ ਸਮੇਂ ਸਿਰ ਪਹੁੰਚਣ ਲਈ ਵਾਹਨ ਨੂੰ ਤੇਜ਼ ਸਪੀਡ ਨਾਲ ਚਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੋ ਕਿ ਆਪਣੇ ਤੌਰ ’ਤੇ ਹੋਰਨਾਂ ਲਈ ਖਤਰਾ ਬਣ ਸਕਦਾ ਹੈ। ਠੰਢ ਤੇ ਧੁੰਦ ਦੇ ਮੌਸਮ ਵਿੱਚ ਸਾਨੂੰ ਆਪਣੇ ਘਰ ਤੋਂ ਮਿੱਥੇ ਹੋਏ ਸਮੇਂ ਤੋਂ ਤਕਰੀਬਨ ਅੱਧਾ ਘੰਟਾ ਪਹਿਲਾਂ ਚੱਲਣਾ ਚਾਹੀਦਾ ਹੈ ਤਾਂ ਜੋ ਘੱਟ ਸਪੀਡ ਨਾਲ ਅਸੀਂ ਆਪਣੀ ਮੰਜ਼ਿਲ ’ਤੇ ਸਮੇਂ ਸਿਰ ਪਹੁੰਚ ਸਕੀਏ। ਇਸ ਤੋਂ ਇਲਾਵਾ ਗੱਡੀ ਚਲਾਉਂਦੇ ਸਮੇਂ ਸੀਟ ਬੈਲਟ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਦੋ ਪਹੀਆ ਵਾਹਨ ਚਲਾਉਂਦੇ ਸਮੇਂ ਹੈਲਮਟ ਜ਼ਰੂਰ ਪਹਿਨਣਾ ਚਾਹੀਦਾ ਹੈ। ਗਲਤ ਪਾਸੇ ਗੱਡੀ ਨਹੀਂ ਚਲਾਉਣੀ ਚਾਹੀਦੀ। ਗੱਡੀ ਚਲਾਉਂਦੇ ਸਮੇਂ ਮੋਬਾਇਲ ’ਤੇ ਗੱਲਾਂ ਨਾ ਕਰੀਆਂ ਜਾਣ। ਦਾਰੂ ਪੀ ਕੇ ਜਾਂ ਨਸ਼ੇ ਦਾ ਸੇਵਨ ਕਰਕੇ ਗੱਡੀ ਨਾ ਚਲਾਈ ਜਾਵੇ। ਮਾਨਸਿਕ ਪ੍ਰੇਸ਼ਾਨੀਆਂ ਅਤੇ ਅਨੀਦਰਾਂ ਹੋਣ ’ਤੇ ਗੱਡੀ ਨਾ ਚਲਾਈ ਜਾਵੇ। ਪਿੰਡਾਂ ਵਿੱਚ ਬਣਾਈਆਂ ਲਿੰਕ ਰੋਡਾਂ ’ਤੇ ਸਪੀਡ, ਬਰੇਕਰ ’ਤੇ ਗੱਡੀ ਦੀ ਸਪੀਡ ਘੱਟ ਕਰ ਲਈ ਜਾਵੇ। ਲਿੰਕ ਰੋਡ ਤੋਂ ਮੇਨ ਸੜਕ ’ਤੇ ਚੜ੍ਹਨ ਤੋਂ ਪਹਿਲਾਂ ਸੱਜੇ ਪਾਸੇ ਫਿਰ ਖੱਬੇ ਪਾਸੇ ਵੇਖ ਕੇ ਸੜਕ ਖਾਲੀ ਹੋਣ ’ਤੇ ਹੀ ਗੱਡੀ ਚਾੜ੍ਹੀ ਜਾਵੇ।
ਸ਼ਹਿਰਾਂ ਦੇ ਮੁੱਖ ਮਾਰਗਾਂ ’ਤੇ ਲਾਲ, ਪੀਲੀ ਤੇ ਹਰੀ ਬੱਤੀ ਦਾ ਧਿਆਨ ਜ਼ਰੂਰ ਰੱਖਿਆ ਜਾਵੇ। ਲਾਲ ਬੱਤੀ ਹੋਣ ’ਤੇ ਗੱਡੀ ਰੋਕ ਲਈ ਜਾਵੇ। ਪੀਲੀ ਹੋਣ ’ਤੇ ਗੱਡੀ ਚਲਾਉਣ ਦੀ ਤਿਆਰੀ ਰੱਖੀ ਜਾਵੇ ਤੇ ਹਰੀ ਬੱਤੀ ਹੋਣ ’ਤੇ ਚੌਕ ਪਾਰ ਕਰ ਲਿਆ ਜਾਵੇ। ਟਰੈਫਿਕ ਪੁਲਿਸ ਨੂੰ ਪੂਰਾ ਸਹਿਯੋਗ ਦਿੱਤਾ ਜਾਵੇ। ਗੱਡੀ ਦੇ ਕਾਗਜ਼ ਜਿਵੇਂ ਬੀਮਾ, ਪ੍ਰਦੂਸ਼ਣ, ਆਰ.ਸੀ. (ਗੱਡੀ ਦੀ ਕਾਪੀ) ਡਰਾਈਵਿੰਗ ਲਾਇਸੰਸ ਜ਼ਰੂਰ ਕੋਲ ਰੱਖਿਆ ਜਾਵੇ। ਲੋੜ ਪੈਣ ’ਤੇ ਟਰੈਫਿਕ ਪੁਲਿਸ ਨੂੰ ਦਿਖਾ ਦਿੱਤਾ ਜਾਵੇ। ਰਸਤਾ ਦੇਣ ਲਈ ਇੰਡੀਕੇਟਰ ਆਦਿ ਦੀ ਵਰਤੋਂ ਕੀਤੀ ਜਾਵੇ। ਟਰੈਫਿਕ ਨਿਯਮਾਂ ਵਿੱਚ ਕੀਤੀ ਗਈ ਛੋਟੀ ਜਿਹੀ ਗਲਤੀ ਕਈ ਵਾਰ ਭਾਰੀ ਪੈ ਸਕਦੀ ਹੈ।
ਵਿਸ਼ਵ ਬੈਂਕ ਦੀ ਰਿਪੋਰਟ ਅਨੁਸਾਰ ਸੜਕ ਹਾਦਸਿਆਂ ਵਿੱਚ ਹੋਈਆਂ ਮੌਤਾਂ ਕਾਰਨ ਗਰੀਬ ਪਰਿਵਾਰਾਂ ਦੀ 75 ਫੀਸਦੀ ਆਮਦਨ ਘਟ ਜਾਂਦੀ ਹੈ ਜਦਕਿ ਨੀਵੀਂ ਆਮਦਨ ਵਾਲੇ ਪਰਿਵਾਰਾਂ ਦੀ 64 ਫੀਸਦੀ ਪਰਿਵਾਰਾਂ ਦਾ ਜੀਵਨ ਮਿਆਰ ਹੇਠਾਂ ਆ ਜਾਂਦਾ ਹੈ। ਘਾਤਕ ਹਾਦਸੇ ਬਾਅਦ 50 ਫੀਸਦੀ ਪਰਿਵਾਰ ਮਾਨਸਿਕ ਪ੍ਰੇਸ਼ਾਨੀਆਂ ਵਿੱਚ ਘਿਰ ਜਾਂਦੇ ਹਨ। ਹਾਦਸੇ ਬਾਅਦ ਆਮਦਨ ਘਟ ਜਾਣ ਦਾ ਸਿੱਟਾ 50 ਫੀਸਦੀ ਮਾਮਲਿਆਂ ਵਿੱਚ ਔਰਤਾਂ ਨੂੰ ਭੁਗਤਣਾ ਪਿਆ ਹੈ। ਵਿਸ਼ਵ ਬੈਂਕ ਅਨੁਸਾਰ ਸੜਕ ਹਾਦਸੇ ਗਰੀਬ ਪਰਿਵਾਰਾਂ ਤੇ ਤਬਾਹਕੁਨ ਪ੍ਰਭਾਵ ਪਾ ਸਕਦੇ ਹਨ। ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਡੂੰਘੀ ਗਰੀਬੀ ਵਿੱਚ ਧੱਕ ਸਕਦੇ ਹਨ। ਜਾਨ ਲੇਵਾ ਹਾਦਸੇ ਗਰੀਬੀ ਪਰਿਵਾਰਾਂ ਅਤੇ ਔਰਤਾਂ ਲਈ ਤਬਾਹ ਕੁਨ ਹੁੰਦੇ ਹਨ।
ਅਸੀਂ ਜਾਣੇ ਅਣਜਾਣੇ ਵਿੱਚ ਟਰੈਫਿਕ ਨਿਯਮਾਂ ਨੂੰ ਤੋੜਦੇ ਚਲੇ ਜਾਂਦੇ ਹਾਂ। ਟਰੈਫਿਕ ਨਿਯਮਾਂ ਨੂੰ ਕੋਈ ਹੋਰ ਤੋੜੇ ਤਾਂ ਗੁੱਸਾ ਆਉਂਦਾ ਹੈ ਪਰ ਜਦ ਅਸੀਂ ਖੁਦ ਹੀ ਤੋੜੀਏ ਤਾਂ ਮਜ਼ਾ ਆਉਂਦਾ ਹੈ। ਇਹ ਸੋਚ ਠੀਕ ਨਹੀਂ ਹੈ। ਇਸ ਵਿੱਚ ਸਾਨੂੰ ਸੁਧਾਰ ਕਰਨ ਦੀ ਜ਼ਰੂਰਤ ਹੈ। ਇਸਦੀ ਸ਼ੁਰੂਆਤ ਸਾਨੂੰ ਆਪਣੇ ਆਪ ਤੋਂ ਕਰਨੀ ਚਾਹੀਦੀ ਹੈ। ਲੋਕਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਸਿੱਖਿਅਤ ਕਰਨਾ ਹਰ ਸਰਕਾਰ ਦਾ ਫਰਜ਼ ਹੈ। ਹਰ ਸਾਲ ਲੋਕਾਂ ਨੂੰ ਟਰੈਫਿਕ ਨਿਯਮਾਂ ਸਬੰਧੀ ਜਾਣੂ ਕਰਵਾਉਣ ਲਈ ਸਰਕਾਰਾਂ ਵਲੋਂ ਟਰੈਫਿਕ ਪੁਲਿਸ ਦੇ ਸਹਿਯੋਗ ਨਾਲ ਪੰਦਰਵਾੜਾ ਮਨਾਇਆ ਜਾਂਦਾ ਹੈ। ਇਸ ਪੰਦਰਵਾੜੇ ਦੌਰਾਨ ਵੱਖ ਵੱਖ ਸ਼ਹਿਰਾਂ ਵਿੱਚ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਟਰੈਫਿਕ ਪੁਲਿਸ ਵਲੋਂ ਵਾਹਨਾਂ ਤੇ ਰਿਫਲੈਕਟਰ ਲਾ ਕੇ ਅਤੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਰਾਹਗੀਰਾਂ/ਵਾਹਨ ਚਾਲਕਾਂ ਨੂੰ ਦੱਸਿਆ ਜਾਂਦਾ ਹੈ ਤਾਂ ਜੋ ਸੜਕ ਹਾਦਸੇ ਘਟ ਸਕਣ। ਇਸ ਤੋਂ ਇਲਾਵਾ ਸਮੇਂ-ਸਮੇਂ ’ਤੇ ਸਕੂਲਾਂ, ਕਾਲਿਜਾਂ, ਬੱਸ ਅੱਡਿਆਂ ’ਤੇ ਟਰੈਫਿਕ ਨਿਯਮਾਂ ਤੋਂ ਜਾਣੂ ਕਰਵਾਉਣ ਲਈ ਸੈਮੀਨਰ ਲਗਾਏ ਜਾਂਦੇ ਹਨ।
ਟਰੈਫਿਕ ਨਿਯਮਾਂ ਨੂੰ ਸਕੂਲੀ ਸਲੇਬਸ ਦਾ ਹਿੱਸਾ ਬਣਾਉਣਾ ਚਾਹੀਦਾ ਹੈ ਤਾਂ ਜੋ ਵਿਦਿਆਰਥੀ ਸਕੂਲ ਪੱਧਰ ’ਤੇ ਹੀ ਟਰੈਫਿਕ ਨਿਯਮਾਂ ਨੂੰ ਜੀਵਨ ਦਾ ਹਿੱਸਾ ਬਣਾ ਸਕਣ। ਹਰੇਕ ਦੇਸ਼ ਵਾਸੀ ਦਾ ਫਰਜ਼ ਬਣਦਾ ਹੈ ਕਿ ਉਹ ਟਰੈਫਿਕ ਨਿਯਮਾਂ ਦੀ ਪਾਲਣਾ ਕਰੇ। ਸਾਨੂੰ ਟਰੈਫਿਕ ਨਿਯਮਾਂ ਨੂੰ ਜੀਵਨ ਦਾ ਜ਼ਰੂਰੀ ਅੰਗ ਬਣਾ ਲੈਣਾ ਚਾਹੀਦਾ ਹੈ। ਸਾਨੂੰ ਟਰੈਫਿਕ ਨਿਯਮਾਂ ਪ੍ਰਤੀ ਸੋਚ ਬਦਲਣੀ ਚਾਹੀਦੀ ਹੈ ਤਾਂ ਜੋ ਸੜਕ ਹਾਦਸੇ ਘਟ ਸਕਣ।
ਅਕਸਰ ਹਾਈਵੇ ’ਤੇ ਲੋਕ ਦੌੜ ਲਗਾਉਂਦੇ ਦੇਖੇ ਜਾਂਦੇ ਹਨ। ਨਾਬਾਲਗ ਬੱਚਿਆਂ ਵਲੋਂ ਭੀੜੀਆਂ ਗਲੀਆਂ ਵਿੱਚ ਜਿਸ ਰਫਤਾਰ ਨਾਲ ਬਾਈਕਾਂ ਦੋੜਾਈਆਂ ਜਾਂਦੀਆਂ ਹਨ, ਉਸ ਤੋਂ ਸਾਫ ਹੈ ਕਿ ਹਾਦਸੇ ਘਟਣ ਵਾਲੇ ਨਹੀਂ। ਇਨ੍ਹਾਂ ਹਾਦਸਿਆਂ ਲਈ ਸਿਰਫ ਬਾਈਕ ਜਾ ਗੱਡੀ ਚਲਾਉਣ ਵਾਲੇ ਹੀ ਜ਼ਿੰਮੇਵਾਰ ਨਹੀਂ, ਸਗੋਂ ਮਾਪੇ ਵੀ ਕਾਫੀ ਹੱਦ ਤਕ ਜ਼ਿੰਮੇਵਾਰ ਹਨ। ਕਿਉਂਕਿ ਮਾਪੇ ਸਕੂਲਾਂ ਵਿੱਚ ਪੜ੍ਹਨ ਵਾਲੇ ਆਪਣੇ ਬੱਚਿਆਂ ਨੂੰ ਮੋਪੜ, ਮੋਟਰਸਾਇਕਲ ਆਦਿ ਲੈ ਕੇ ਦਿੰਦੇ ਹਨ। ਮਾਪੇ ਸਿਆਣਪ ਵਰਤਣ ਤਾਂ ਹਾਦਸਿਆਂ ਵਿੱਚ ਕਮੀ ਆ ਸਕਦੀ ਹੈ। ਸਕੂਲਾਂ ਵਾਲਿਆਂ ਨੂੰ ਨਾਬਾਲਗ ਬੱਚਿਆਂ ਨੂੰ ਸਕੂਟਰ ਮੋਟਰ ਸਾਇਕਲਾਂ ’ਤੇ ਸਕੂਲ ਆਉਣ ਤੋਂ ਵਰਜਣਾ ਚਾਹੀਦਾ ਹੈ। ਪੁਲਿਸ ਨੂੰ ਸਕੂਲਾਂ ਵਿੱਚ ਜਾ ਕੇ ਦੇਖਣਾ ਚਾਹੀਦਾ ਹੈ ਕਿ ਕਿਹੜੇ ਨਾਬਾਲਗ ਬੱਚੇ ਸਕੂਟਰ, ਮੋਟਰ ਸਾਇਕਲ ਲੈ ਕੇ ਆਉਂਦੇ ਹਨ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਾਰਨਿੰਗ ਦੇਣੀ ਚਾਹੀਦੀ ਹੈ। ਨਾ ਮੰਨਣ ਤੇ ਮੋਟਾ ਜੁਰਮਾਨਾ ਕਰਨਾ ਚਾਹੀਦਾ ਹੈ। ਬਚਪਨ ਤੋਂ ਮਿਲੀ ਚੰਗੀ ਸਿੱਖਿਆ ਬੱਚਿਆਂ ਨੂੰ ਅੱਗੇ ਚੱਲਕੇ ਸਿਆਣੇ ਚਾਲਕ ਬਣਨ ਵਿੱਚ ਮਦਦ ਕਰੇਗੀ, ਜਿਸ ਨਾਲ ਹਾਦਸਿਆਂ ਵਿੱਚ ਨਿਸ਼ਚੇ ਹੀ ਕਮੀ ਆਵੇਗੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3344)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)