“ਗਰੀਬ ਲੋਕਾਂ ਨੇ ਉਹੀ ਕਮਾਉਣਾ ਹੁੰਦਾ ਹੈ ਤੇ ਉਹੀ ਖਾਣਾ ਹੁੰਦਾ ਹੈ। ਜੇਕਰ ਮਹਿੰਗਾਈ ਥਾਂ ਸਿਰ ਰਹੇ ਤਾਂ ਹੀ ਉਹ”
(21 ਅਕਤੂਬਰ 2024)
ਵਿਸ਼ਵ ਭਰ ਵਿੱਚ ਜਨਤਾ ਮਹਿੰਗਾਈ ਨਾਲ ਜੂਝ ਰਹੀ ਹੈ। ਮਹਿੰਗਾਈ ਸਾਰਿਆਂ ’ਤੇ ਹਾਵੀ ਹੈ। ਇੰਡੋਨੇਸ਼ੀਆਂ ਵਿੱਚ ਹਰੇ ਪਿਆਜ ਦੀਆਂ ਕੀਮਤਾਂ ਤੋਂ ਲੈ ਕੇ ਯੂਰਪ ਭਰ ਵਿੱਚ ਈਧਨ ਦੀ ਮਹਿੰਗਾਈ ਤਕ ਖਾਣ-ਪੀਣ, ਊਰਜਾ ਅਤੇ ਬੁਨਿਆਦੀ ਸਹੂਲਤਾਂ ਦੀਆਂ ਵਧਦੀਆਂ ਕੀਮਤਾਂ ਨੇ ਪੂਰੀ ਦੁਨੀਆਂ ਵਿੱਚ ਲੋਕਾਂ ਦੇ ਜੀਵਨ ਪੱਧਰ ’ਤੇ ਖ਼ਾਸਾ ਅਸਰ ਪਾਇਆ ਹੈ। ਦੁਨੀਆਂ ਭਰ ਵਿੱਚ ਆਰਥਿਕ ਨੀਤੀਆਂ ਬਣਾਉਣ ਵਾਲੇ ਮੰਨ ਰਹੇ ਹਨ ਕਿ ਮਹਿੰਗਾਈ ਹੌਲੀ-ਹੌਲੀ ਆਮ ਵਾਂਗ ਹੁੰਦੀ ਦਿਖਾਈ ਦੇ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਵੀ ਇਸ ’ਤੇ ਕਾਬੂ ਨਹੀਂ ਪਾਇਆ ਜਾ ਸਕਿਆ ਅਤੇ ਕਈ ਅਰਥ ਵਿਵਸਥਾਵਾਂ ਦੇ ਬਿਖਰਨ ਦਾ ਡਰ ਬਣਿਆ ਹੋਇਆ ਹੈ। ਕੇਂਦਰੀ ਬੈਂਕਾਂ ਦੇ ਸਮੂਹ ਆਫ ਇੰਟਰਨੈਸ਼ਨਲ ਸੈਟਲਮੈਂਟਸ ਦੇ ਪ੍ਰਮੁੱਖ ਅਗਸਟਿਨ ਕਾਰਸਟੇਂਸ ਨੇ ਜੂਨ ਵਿੱਚ ਚਿਤਾਵਣੀ ਦਿੱਤੀ ਸੀ ਕਿ ਜੇਕਰ ਕਈ ਤਰ੍ਹਾਂ ਦੇ ਤਬਾਅ ਪਏ ਤਾਂ ਵਿਸ਼ਵ ਭਰ ਦੀ ਅਰਥ ਵਿਵਸਥਾ ਲੀਹੋਂ ਲੱਥ ਸਕਦੀ ਹੈ। ਵਿਸ਼ਵ ਭਰ ਵਿੱਚ ਮਹਿੰਗਾਈ ਬੇਲਗਾਮ ਹੁੰਦੀ ਜਾ ਰਹੀ ਹੈ।
ਭਾਰਤ ਵਿੱਚ ਇੱਕ ਪਾਸੇ ਜਿੱਥੇ ਇੱਕ ਤਿਹਾਈ ਅਬਾਦੀ ਦਾ ਆਰਥਿਕ ਵਿਕਾਸ ਤੇ ਤਰੱਕੀ ਹੋ ਰਹੀ ਹੈ, ਉੱਥੇ ਦੋ ਤਿਹਾਈ ਅਬਾਦੀ ਇਨ੍ਹੀਂ ਦਿਨੀਂ ਮਹਿੰਗਾਈ ਨੂੰ ਲੈ ਕੇ ਪ੍ਰੇਸ਼ਾਨ ਹੀ ਨਹੀਂ, ਸਗੋਂ ਮੁਸ਼ਕਿਲ ਵਿੱਚ ਵੀ ਹੈ। ਦੇਸ਼ ਦੀ ਅਬਾਦੀ ਦਾ ਇੱਕ ਬਹੁਤ ਵੱਡਾ ਹਿੱਸਾ ਮਹਿੰਗਾਈ ਦਾ ਸਤਾਇਆ ਹੋਇਆ ਹੈ। ਮਹਿੰਗਾਈ ਦੇ ਆਮ ਉਭਾਰ ਵਿੱਚ ਸਭ ਤੋਂ ਜ਼ਿਆਦਾ ਕੀਮਤਾਂ ਖ਼ੁਰਾਕੀ ਵਸਤਾਂ ਦੀਆਂ ਵਧ ਰਹੀਆਂ ਹਨ। ਭਾਰਤ ਵਿੱਚ ਪਿਛਲੇ ਸਾਲ ਤੋਂ ਖ਼ੁਰਾਕੀ ਪਦਾਰਥਾਂ ਦੀਆਂ ਕੀਮਤਾਂ 65 ਤੋਂ 70 ਫ਼ੀਸਦੀ ਵਧ ਚੁੱਕੀਆਂ ਹਨ। ਦਾਲਾਂ ਦੀਆਂ ਕੀਮਤਾਂ ਵਿੱਚ 27 ਫ਼ੀਸਦੀ ਦਾ ਵਾਧਾ ਹੋ ਚੁੱਕਾ ਹੈ। ਪਿਆਜ ਦੀਆਂ ਕੀਮਤਾਂ ਵਿੱਚ 65 ਫ਼ੀਸਦੀ ਵਾਧਾ ਅਤੇ ਆਲੂ ਦੀਆਂ ਕੀਮਤਾਂ ਵਿੱਚ 44 ਫ਼ੀਸਦੀ ਦਾ ਵਾਧਾ ਹੋ ਚੁੱਕਾ ਹੈ। ਤਾਜ਼ਾ ਸਰਵੇਖਣ ਅਨੁਸਾਰ ਪਿਛਲੇ ਦੋ ਸਾਲਾਂ ਵਿੱਚ ਰੋਜ਼ਾਨਾ ਘਰੇਲੂ ਵਰਤੋਂ ਦੇ ਸਮਾਨ ਦੀ ਕੀਮਤ 19 ਫ਼ੀਸਦੀ ਵਧ ਗਈ ਹੈ।
ਆਟੇ ਅਤੇ ਮੈਦੇ ਤੋਂ ਬਣਨ ਵਾਲੇ ਉਤਪਾਦਾਂ ਦੀਆਂ ਵਧੀਆਂ ਕੀਮਤਾਂ ਨੇ ਵੀ ਲੋਕਾਂ ਦੇ ਮੱਥੇ ’ਤੇ ਪਸੀਨਾ ਲਿਆ ਦਿੱਤਾ ਹੈ। ਕਣਕ ਦੀ ਭਾਰੀ ਕਮੀ ਕਰਕੇ ਅਤੇ ਲਗਾਤਾਰ ਮਹਿੰਗੀ ਹੋਣ ਕਰਕੇ ਸਿਰਫ਼ ਢਾਈ ਮਹੀਨੇ ਵਿੱਚ ਹੀ ਕਣਕ ਦੀਆਂ ਕੀਮਤਾਂ ਵਿੱਚ 600 ਰੁਪਏ ਤੋਂ ਲੈ ਕੇ 700 ਰੁਪਏ ਕੁਵਿੰਟਲ ਵਿੱਚ ਤੇਜ਼ੀ ਆਈ ਹੈ। ਐੱਫ ਸੀ.ਆਈ. ਵੱਲੋਂ ਖੁੱਲ੍ਹੇ ਬਾਜ਼ਾਰ ਵਿੱਚ ਜਾਰੀ ਕੀਤੀ ਜਾਣ ਵਾਲੀ ਕਣਕ 2275 ਰੁਪਏ ਪ੍ਰਤੀ ਕਵਿੰਟਲ ਤੋਂ ਵਧਕੇ 2750 ਰੁਪਏ ਤੋਂ ਲੈਕੇ 2800 ਰੁਪਏ ਪ੍ਰਤੀ ਕਵਿੰਟਲ ਤਕ ਪੁੱਜ ਗਈ ਹੈ। ਕੁਝ ਦਾਲਾਂ ਅਤੇ ਬੇਸਣ ਦੀਆਂ ਕੀਮਤਾਂ ਨੇ ਲੋਕਾਂ ਦਾ ਸਾਰਾ ਬੱਜਟ ਹੀ ਹਿਲਾ ਦਿੱਤਾ ਹੈ। ਚਨੇ ਦੀ ਦਾਲ 25 ਦਿਨ ਪਹਿਲਾਂ 72 ਰੁਪਏ ਕਿਲੋ ਵਿਕ ਰਹੀ ਸੀ ਜੋ ਹੁਣ 96 ਰੁਪਏ ਪ੍ਰਤੀ ਕਿਲੋ ਪੁੱਜ ਗਈ ਹੈ। ਕਾਲੇ ਛੋਲੇ 67 ਰੁਪਏ ਤੋਂ 92 ਰੁਪਏ, ਵੇਸਨ 80 ਰੁਪਏ ਤੋਂ ਵਧਕੇ 100 ਰੁਪਏ ਪ੍ਰਤੀ ਕਿਲੋ ਵਿਕ ਰਹੇ ਹਨ। 70 ਰੁਪਏ ਵਾਲੇ ਚਿੱਟੇ ਛੋਲੇ 120 ਤੋਂ 125 ਰੁਪਏ ਪ੍ਰਤੀ ਕਿਲੋ, ਚੰਗੇ ਛੋਲੇ ਪਹਿਲਾਂ 85 ਰੁਪਏ ਕਿਲੋ ਤੇ ਹੁਣ 160 ਰੁਪਏ ਤੋਂ 180 ਰੁਪਏ ਪ੍ਰਤੀ ਕਿਲੋ ਥੋਕ ਵਿੱਚ ਵਿਕ ਰਹੇ ਹਨ। ਚਿੱਟੇ ਛੋਲਿਆਂ ਦੀ ਕੀਮਤ ਤਾਂ ਆਉਣ ਵਾਲੇ ਸਮੇਂ ਵਿੱਚ 200 ਰੁਪਏ ਪ੍ਰਤੀ ਕਿਲੋ ਤਕ ਜਾ ਸਕਦੀ ਹੈ। ਦੱਸਿਆ ਜਾਂਦਾ ਹੈ ਕਿ ਜਿਨ੍ਹਾਂ ਦਾਲਾਂ ਦੀਆਂ ਕੀਮਤਾਂ ਵਿੱਚ ਤੇਜ਼ੀ ਹੈ, ਉਨ੍ਹਾਂ ਦੀਆਂ ਫਸਲਾਂ ’ਤੇ ਅਸਰ ਪੈਣ ਕਰਕੇ ਕੀਮਤਾਂ ਵਿੱਚ ਵਾਧਾ ਹੋਇਆ ਹੈ। ਕੀਮਤਾਂ ਵਧਣ ਕਾਰਨ ਤਿਓਹਾਰੀ ਸ਼ੀਜਨ ਮਹਿੰਗਾ ਹੀ ਰਹਿਣ ਦੀ ਸੰਭਾਵਨਾ ਹੈ।
ਸਬਜ਼ੀਆਂ ਅਤੇ ਫਲਾਂ ਦੀਆਂ ਕੀਮਤਾਂ ਦੁੱਗਣੀਆਂ ਹੋ ਗਈਆਂ ਹਨ। ਇਸ ਸਮੇਂ ਪਿਆਜ, ਟਮਾਟਰ, ਸਬਜ਼ੀਆਂ, ਦੁੱਧ, ਫਲ਼, ਦਾਲ਼, ਚਾਵਲ, ਆਟਾ, ਆਲੂ, ਤੇਲ ਆਦਿ ਖ਼ੁਰਾਕੀ ਪਦਾਰਥਾਂ ਦੀਆਂ ਕੀਮਤਾਂ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੁੰਦੀਆਂ ਜਾ ਰਹੀਆਂ ਹਨ। ਦੇਸ਼ ਦੇ ਉੱਪਰਲੇ ਤਬਕੇ ਨੂੰ ਛੱਡ ਕੇ ਜੋ ਕਿ ਅਬਾਦੀ ਦਾ ਮੁਸ਼ਕਿਲ ਨਾਲ 20 ਫ਼ੀਸਦੀ ਹੋਵੇਗਾ, ਹੇਠਾਂ ਦੀ ਸਾਰੀ ਦੀ ਸਾਰੀ ਅਬਾਦੀ ਅੱਜ ਖਾਣ-ਪੀਣ ਵਾਲੀਆਂ ਵਸਤਾਂ ਦੀ ਮਹਿੰਗਾਈ ਤੋਂ ਦੁਖੀ ਹੈ। ਆਮ ਅਤੇ ਗਰੀਬ ਤਬਕੇ ਦੇ ਲੋਕਾਂ ਹੱਥੋਂ ਪੌਸ਼ਟਿਕ ਖੁਰਾਕ ਨਿਕਲਦੀ ਜਾ ਰਹੀ ਹੈ, ਜਿਸ ਨਾਲ ਉਨ੍ਹਾਂ ਨੂੰ ਅਗਾਂਹ ਜਾ ਕੇ ਕਈ ਤਰ੍ਹਾਂ ਦੀਆਂ ਔਕੜਾਂ ਘੇਰ ਸਕਦੀਆਂ ਹਨ। ਗਰੀਬ ਅਤੇ ਹੇਠਲੇ ਮੱਧ ਵਰਗ ਦੇ ਲੋਕ ਆਪਣੀ ਆਮਦਨ ਦਾ 70 ਫ਼ੀਸਦੀ ਖ਼ਰਚ ਖ਼ੁਰਾਕੀ ਵਸਤਾਂ ’ਤੇ ਕਰਦੇ ਹਨ। ਸਰਕਾਰ ਨੇ ਪੈਮਾਨਾ ਬਦਲਕੇ ਵੱਡੀ ਅਬਾਦੀ ਨਾਲ ਧ੍ਰੋਹ ਕਮਾਇਆ ਹੈ। ਆਮ ਭਾਰਤੀ ਮਹਿੰਗਾਈ ਹੇਠ ਪਿਸ ਰਿਹਾ ਹੈ। ਮਹਿੰਗਾਈ ਅਰਥਚਾਰੇ ਲਈ ਵੀ ਵੱਡੀ ਚੁਣੌਤੀ ਹੈ। ਮਹਿੰਗਾਈ ਨਾਲ ਵਿਕਾਸ ਯੋਜਨਾਵਾਂ ਦੀਆਂ ਲਾਗਤਾਂ ਵੀ ਵਧ ਜਾਂਦੀਆਂ ਹਨ।
ਖ਼ੁਰਾਕੀ ਵਸਤਾਂ ਦੀ ਮਹਿੰਗਾਈ ਆਮ ਭਾਰਤੀਆਂ ਲਈ ਸਹਿਣੀ ਮੁਸ਼ਕਿਲ ਬਣ ਚੁੱਕੀ ਹੈ। ਸਧਾਰਨ ਦੇਸ਼ ਵਾਸੀ ਪਹਿਲਾਂ ਹੀ ਆਪਣੀ ਖੁਰਾਕ ਵਿੱਚ ਕਟੌਤੀ ਕਰ ਚੁੱਕੇ ਹਨ। ਦਿਨੋ ਦਿਨ ਵਧ ਰਹੀ ਮਹਿੰਗਾਈ ਨੇ ਆਮ ਆਦਮੀ ਦੀ ਥਾਲੀ ਖ਼ਾਲੀ ਕਰ ਦਿੱਤੀ ਹੈ। ਸਰਕਾਰਾਂ ਦਾ ਮਹਿੰਗਾਈ ’ਤੇ ਕੋਈ ਕੰਟਰੋਲ ਨਹੀਂ ਰਿਹਾ। ਪਹਿਲਾਂ ਕਿਰਤੀਆਂ-ਕਾਮਿਆਂ ਦੇ ਚੌਂਕੇ-ਚੁੱਲ੍ਹੇ ਵਿੱਚ ਰਿੱਝਦੀ ਪੀਲੀ ਤੇ ਹਰੀ ਮੂੰਗੀ ਦੀ ਦਾਲ ਉਨ੍ਹਾਂ ਦੀ ਖਰੀਦ ਸ਼ਕਤੀ ਤੋਂ ਬਾਹਰ ਹੋ ਗਈ। ਪ੍ਰੰਤੂ ਹੁਣ ਆਮ ਆਦਮੀ ਦੀ ਥਾਲੀ ਵਿੱਚੋਂ ਦਾਲ ਦੇ ਨਾਲ-ਨਾਲ ਸਬਜ਼ੀ ਵੀ ਗਾਇਬ ਹੋ ਗਈ ਹੈ। ਆਲੂ, ਪਿਆਜ, ਟਮਾਟਰ, ਅਧਰਕ ਦੀਆਂ ਕੀਮਤਾਂ ਨੂੰ ਅੱਗ ਲੱਗੀ ਹੋਈ ਹੈ। ਨਿੱਤ ਰੋਜ਼ ਕਮਾ ਕੇ ਖਾਣ ਵਾਲਿਆਂ ਲਈ ਮਹਿੰਗਾਈ ਕਾਲ਼ ਬਣਕੇ ਆਈ ਹੈ, ਜਿਸ ਨੇ ਉਨ੍ਹਾਂ ਦੇ ਖਾਣ ਅਤੇ ਜਿਊਣ ਦੇ ਸੁਪਨੇ ਦਾ ਗਲਾ ਘੁੱਟ ਰੱਖਿਆ ਹੈ। ਸਰਕਾਰਾਂ ਦੀਆਂ ਨੀਤੀਆਂ ਕਾਰਨ ਕਾਰਪੋਰੇਟ ਘਰਾਣੇ, ਚੀਜ਼ਾਂ ਮਨਮਰਜ਼ੀ ਦੇ ਭਾਅ ਵੇਚ ਕੇ ਲੋਕਾਂ ਨੂੰ ਲੁੱਟ ਰਹੇ ਹਨ ਤੇ ਸਰਕਾਰਾਂ ਅੱਖਾਂ ਮੀਚੀ ਬੈਠੀਆਂ ਹਨ। ਨਿੱਤ ਵਰਤੋਂ ਦੀਆਂ ਵਸਤਾਂ ਦੇ ਅਸਮਾਨੀ ਛੂਹ ਰਹੇ ਭਾਅ ਆਮ ਲੋਕਾਂ ਲਈ ਵੱਡੀ ਸਿਰਦਰਦੀ ਬਣੇ ਹੋਏ ਹਨ।
ਜੀ ਐੱਸ ਟੀ ਵਰਗੇ ਹੋਰ ਕਰਾਂ ਦੀਆਂ ਭਾਰੀ ਦਰਾਂ ਵੀ ਮਹਿੰਗਾਈ ਵਧਣ ਦਾ ਕਾਰਨ ਹਨ। ਸੜਕ ਟਰਾਂਸਪੋਰਟ ਨੂੰ ਟੋਲ ਟੈਕਸ ਦੀਆਂ ਭਾਰੀ ਦਰਾਂ ਨੇ ਹੋਰ ਮਹਿੰਗਾ ਕੀਤਾ ਹੈ, ਕਿਉਂਕਿ ਜ਼ਿਆਦਾ ਜ਼ਰੂਰੀ ਖ਼ੁਰਾਕੀ ਵਸਤਾਂ ਦੀ ਢੋਆ-ਢੁਆਈ ਸੜਕਾਂ ਰਾਹੀਂ ਹੀ ਹੁੰਦੀ ਹੈ। ਟੋਲ ਟੈਕਸ ਕਾਰਨ ਘਰ ਬਣਾਉਣ, ਸੈਰ-ਸਪਾਟਾ ਅਤੇ ਹੋਰ ਰੋਜ਼ਮਰ੍ਹਾ ਦੇ ਕੰਮਾਂਕਾਰਾਂ ਲਈ ਆਉਣ-ਜਾਣ ਦੇ ਖ਼ਰਚੇ ਵਿੱਚ ਬੇਤਹਾਸ਼ਾ ਵਾਧਾ ਹੋਇਆ ਹੈ। ਆਮ ਖਪਤਕਾਰ ਨੂੰ ਛੱਡਕੇ ਬਾਕੀ ਸਭ ਨੂੰ ਮਹਿੰਗਾਈ ਤੋਂ ਫ਼ਾਇਦਾ ਹੈ। ਦੇਸ਼ ਦੀ ਇੱਕ ਤਿਹਾਈ ਅਬਾਦੀ ਦਾ ਆਰਥਿਕ ਵਿਕਾਸ ਤੇ ਤਰੱਕੀ ਹੋ ਰਹੀ ਹੈ। ਦੇਸ਼ ਦੀਆਂ ਸਾਰੀਆਂ ਨੀਤੀਆਂ, ਯੋਜਨਾਵਾਂ ਅਤੇ ਪ੍ਰੋਗਰਾਮਾਂ ’ਤੇ ਇਨ੍ਹਾਂ ਦਾ ਕੰਟਰੋਲ ਹੈ। ਦੇਸ਼ ਦੇ ਤਿੰਨ ਚੌਥਾਈ ਸਾਧਨਾਂ ਉੱਤੇ ਇਨ੍ਹਾਂ ਦਾ ਕਬਜ਼ਾ ਹੈ। ਇਸ ਇੱਕ ਤਿਹਾਈ ਅਬਾਦੀ ਵਿੱਚ ਵੱਡੇ ਕਾਰੋਬਾਰੀ, ਕਾਰਪੋਰੇਟ ਘਰਾਣੇ, ਸਿਆਸੀ ਨੇਤਾ, ਸਰਕਾਰੀ ਤੇ ਗੈਰ-ਸਰਕਾਰੀ ਅਧਿਕਾਰੀ, ਕਾਰਪੋਰੇਟ ਕੰਪਨੀ ਆਦਿ ਵੱਡੇ ਹਿੱਸੇਦਾਰ ਹੁੰਦੇ ਹਨ।
ਗਰੀਬ ਲੋਕਾਂ ਨੇ ਉਹੀ ਕਮਾਉਣਾ ਹੁੰਦਾ ਹੈ ਤੇ ਉਹੀ ਖਾਣਾ ਹੁੰਦਾ ਹੈ। ਜੇਕਰ ਮਹਿੰਗਾਈ ਥਾਂ ਸਿਰ ਰਹੇ ਤਾਂ ਹੀ ਉਹ ਆਪਣੀ ਜੀਵਨ ਸਹੀ ਢੰਗ ਨਾਲ ਬਸਰ ਕਰ ਸਕਦੇ ਹਨ। ਮਹਿੰਗਾਈ ਵਿੱਚ ਅੰਧਾ ਧੁੰਦ ਹੋ ਰਹੇ ਵਾਧੇ ਕਾਰਨ ਆਮ ਲੋਕਾਂ ਦਾ ਜਿਊਣਾ ਦੁੱਭਰ ਹੋ ਗਿਆ ਹੈ। ਮਹਿੰਗਾਈ ਵਧਣ ਨਾਲ ਲੋਕਾਂ ’ਤੇ ਮਾਨਸਿਕ ਦਬਾਅ ਵਧ ਰਿਹਾ ਹੈ, ਜਿਸ ਕਾਰਨ ਮਾਨਸਿਕ ਰੋਗੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਸਰਕਾਰਾਂ ਨੂੰ ਲੋਕਾਂ ਦੀ ਆਰਥਿਕ ਹਾਲਤ ਇੰਨੀ ਕਮਜ਼ੋਰ ਨਹੀਂ ਕਰਨੀ ਚਾਹੀਦੀ ਕਿ ਉਨ੍ਹਾਂ ਦੀਆਂ ਥਾਲੀਆਂ ਵਿੱਚੋਂ ਦਾਲ-ਰੋਟੀ ਤੇ ਸਬਜ਼ੀ ਗਾਇਬ ਹੋ ਜਾਵੇ। ਮਹਿੰਗਾਈ ਨਾਲ ਲੋਕ ਹਾਲੋਂ ਬੇਹਾਲ ਹੋਏ ਪਏ ਹਨ। ਸਬਜ਼ੀਆਂ, ਦਾਲਾਂ, ਫਲਾਂ, ਦੁੱਧ, ਡੀਜ਼ਲ, ਪੈਟਰੋਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਅਤੇ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ਦਿਨੋ-ਦਿਨ ਅਸਮਾਨ ਛੂੰਹਦੀਆਂ ਜਾ ਰਹੀਆਂ ਹਨ। ਲੋਕਾਂ ਨੂੰ ਰਸੋਈ ਚਲਾਉਣੀ ਔਖੀ ਹੋ ਗਈ ਹੈ।
ਦੇਸ਼ ਦੀ ਜ਼ਿਆਦਾਤਰ ਅਬਾਦੀ ਗਰੀਬੀ ਰੇਖਾ ਤੋਂ ਵੀ ਹੇਠਾਂ ਜੀਵਨ ਬਸਰ ਕਰਨ ਲਈ ਮਜਬੂਰ ਹੈ। ਉਸਦਾ ਬੱਜਟ ਤਾਂ ਪਹਿਲਾਂ ਹੀ ਹਿੱਲਿਆ ਹੋਇਆ ਹੈ। ਮਹਿੰਗਾਈ ਵਧਣ ਨਾਲ ਅਮੀਰਾਂ ਨੂੰ ਤਾਂ ਬਹੁਤਾ ਫ਼ਰਕ ਨਹੀਂ ਪੈਂਦਾ ਪਰ ਹੇਠਲੇ ਅਤੇ ਮੱਧ ਵਰਗ ਦਾ ਕਚੂੰਮਰ ਨਿਕਲ ਜਾਂਦਾ ਹੈ। ਮਹਿੰਗਾਈ ਵਧਣ ਦੇ ਬਾਵਜੂਦ ਸਰਕਾਰ ਖਾਮੋਸ਼ ਹੈ। ਮਹਿੰਗਾਈ ’ਤੇ ਕਾਬੂ ਪਾਉਣਾ ਸਰਕਾਰਾਂ ਦੀ ਕੰਮ ਹੈ। ਪਰ ਜਿਹੜੀ ਸਰਕਾਰ ਮਹਿੰਗਾਈ ਨੂੰ ਕੰਟਰੋਲ ਨਹੀਂ ਕਰ ਸਕਦੀ, ਉਸਦੇ ਕੰਮ ਕਰਨ ਦੇ ਤਰੀਕੇ ਅਤੇ ਨੀਅਤ ਲੋਕ ਪੱਖੀ ਨਹੀਂ ਹੁੰਦੇ। ਮਹਿੰਗਾਈ ਘਟਾਉਣ ਲਈ ਸਰਕਾਰ ਨੂੰ ਕਾਲਾ ਬਜ਼ਾਰੀਆਂ ਨੂੰ ਨੱਥ ਪਾਉਣੀ ਚਾਹੀਦੀ ਹੈ, ਕਿਉਂਕਿ ਮਹਿੰਗਾਈ ਵਧਾਉਣ ਲਈ ਉਹ ਜ਼ਿੰਮੇਵਾਰ ਹਨ। ਸਰਕਾਰ ਨੂੰ ਜਲਦੀ ਹੀ ਮਹਿੰਗਾਈ ਨੂੰ ਠੱਲ੍ਹ ਪਾਉਣ ਲਈ ਸੰਜੀਦਾ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਆਮ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਮਿਲ ਸਕੇ। ਲੋਕਾਂ ਦਾ ਖਿਆਲ ਰੱਖਣਾ ਅਤੇ ਉਹਨਾਂ ਦੀ ਚਿੰਤਾ ਕਰਨੀ ਇੱਕ ਚੰਗੀ ਸਰਕਾਰੀ ਦੀ ਮੁਢਲੀ ਜ਼ਿੰਮੇਵਾਰੀ ਹੈ। ਉਂਜ ਵੀ ਕਿਸੇ ਦੇਸ਼ ਦੀ ਖੁਸ਼ਹਾਲੀ ਉੱਥੋਂ ਦੇ ਨਾਗਰਿਕਾਂ ਦੁਆਰਾ ਹੰਢਾਏ ਜਾ ਰਹੇ ਜੀਵਨ ਪੱਧਰ ’ਤੇ ਨਿਰਭਰ ਕਰਦੀ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5382)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: