“ਨੌਜਵਾਨਾਂ ਨੂੰ ਰੁਜ਼ਗਾਰ ਦੇ ਸਾਧਨ ਅਤੇ ਸਿਹਤ ਸੁਰੱਖਿਆ ਮਿਲਣੀ ਚਾਹੀਦੀ ਹੈ ਤਾਂ ਜੋ ਨੌਜਵਾਨ ...”
(30 ਮਾਰਚ 2022)
ਮਹਿਮਾਨ: 781.
ਕੌਮਾਂਤਰੀ ਪ੍ਰਵਾਸ ਉਹ ਪਹਿਲੂ ਹੈ, ਜਿਹੜਾ ਵਿਕਸਤ ਅਤੇ ਵਿਕਾਸਸ਼ੀਲ ਦੇਸ਼ਾਂ ਦਰਮਿਆਨ ਆਰਥਿਕ ਸਬੰਧਾਂ ਨੂੰ ਪ੍ਰਭਾਵਿਤ ਕਰਦਾ ਹੈ। ਪ੍ਰਵਾਸੀ ਕਾਮੇ ਘਰੇਲੂ ਅਤੇ ਵਿਦੇਸ਼ਾਂ ਦੇ ਆਰਥਿਕ ਅਤੇ ਸਮਾਜਿਕ ਵਿਕਾਸ ਵਿੱਚ ਵੱਡਾ ਯੋਗਦਾਨ ਪਾਉਂਦੇ ਹਨ। ਪ੍ਰਵਾਸ ਕੋਈ ਨਵੀਂ ਧਾਰਨਾ ਨਹੀਂ ਹੈ। ਮਨੁੱਖੀ ਹੋਂਦ ਦੀ ਸ਼ੁਰੂਆਤ ਨਾਲ ਹੀ ਮਨੁੱਖ ਦਾ ਪ੍ਰਵਾਸ ਸ਼ੁਰੂ ਹੋ ਗਿਆ ਸੀ। ਜੰਨਸੰਖਿਆ ਦੇ ਵਧਣ ਅਤੇ ਵੱਖ ਵੱਖ ਦੇਸ਼ਾਂ ਦੇ ਆਰਥਿਕ ਵਿਕਾਸ ਦੇ ਵਖਰੇਵਿਆਂ ਕਾਰਨ ਕੌਮਾਂਤਰੀ ਪ੍ਰਵਾਸ ਹੋਂਦ ਵਿੱਚ ਆਇਆ। ਯੂ.ਐੱਨ.ਓ.ਡੀ.ਸੀ. ਦੀ ਇੱਕ ਰਿਪੋਰਟ 2009 ਅਨੁਸਾਰ ਸ਼ੁਰੂਆਤ ਵਿੱਚ ਭਾਰਤੀ ਪ੍ਰਵਾਸੀਆਂ ਨੇ ਆਪਣੇ ਦੇਸ਼ ਦੇ ਨੇੜਲੇ ਦੇਸ਼ਾਂ ਜਿਵੇਂ ਸ਼ਿੰਗਾਪੁਰ ਅਤੇ ਹਾਂਗਕਾਂਗ ਵਿੱਚ ਪ੍ਰਵਾਸ ਕੀਤਾ। ਪਰ ਬਾਅਦ ਵਿੱਚ ਇਹ ਆਸਟਰੇਲਿਆ, ਕੈਨੇਡਾ ਅਤੇ ਯੂ.ਐੱਸ.ਏ. ਵਰਗੇ ਹੋਰ ਦੂਰ ਦੁਰਾਡੇ ਵਾਲੇ ਦੇਸ਼ਾਂ ਵਿੱਚ ਪ੍ਰਵਾਸ ਕਰਨ ਲੱਗੇ। ਪ੍ਰਵਾਸ ਦਾ ਮੁੱਖ ਕਾਰਨ ਬੇਰੁਜ਼ਗਾਰੀ ਹੈ। ਵਧੇਰੇ ਕਮਾਈ ਕਰਨ ਦੀ ਇੱਛਾ, ਵਧੀਆ ਰਹਿਣ ਸਹਿਣ ਦੀਆਂ ਸਥਿਤੀਆਂ ਅਤੇ ਪ੍ਰਸ਼ਾਸਕੀ ਸਹੂਲਤਾਂ ਕਾਰਨ ਨੌਜਵਾਨ ਪ੍ਰਵਾਸ ਕਰ ਰਹੇ ਹਨ। ਨੌਜਵਾਨ ਵਿਦੇਸ਼ ਜਾਣ ਲਈ ਇੰਨੇ ਉਤਾਵਲੇ ਹਨ ਕਿ ਉਹ ਗੈਰ-ਕਾਨੂੰਨੀ ਢੰਗ ਨਾਲ ਵੀ ਪ੍ਰਵਾਸ ਕਰਨ ਤੋਂ ਸੰਕੋਚ ਨਹੀਂ ਕਰਦੇ।
ਮਨੁੱਖੀ ਲੋੜਾਂ ਦੀ ਪੂਰਤੀ ਲਈ ਪਰਵਾਸ ਕਰਨ ਦਾ ਰੁਝਾਨ ਸਦੀਆਂ ਤੋਂ ਚੱਲਿਆ ਆ ਰਿਹਾ ਹੈ। ਤਿੰਨ ਚਾਰ ਦਹਾਕੇ ਤੋਂ ਲੋਕਾਂ ਦਾ ਬਾਹਰਲੇ ਦੇਸ਼ਾਂ ਵਿੱਚ ਜਾਣ ਦਾ ਰੁਝਾਨ ਹੋਰ ਵੀ ਵਧ ਗਿਆ ਹੈ। ਸਮੇਂ ਦੇ ਨਾਲ ਨਾਲ ਇਸਦਾ ਸਰੂਪ ਵੀ ਬਦਲਦਾ ਰਹਿੰਦਾ ਹੈ। ਜਦੋਂ ਦੇਸ਼ ਅੰਗਰੇਜ਼ੀ ਹਕੂਮਤ ਦੀ ਗੁਲਾਮੀ ਦੀਆਂ ਜੰਜ਼ੀਰਾਂ ਵਿੱਚ ਜਕੜਿਆ ਹੋਇਆ ਸੀ ਤਾਂ ਉਸ ਵੇਲੇ ਵੀ ਲੋਕ ਬਿਹਤਰ ਜ਼ਿੰਦਗੀ ਦਾ ਸੁਪਨਾ ਲੈ ਕੇ ਉੱਚ ਵਿੱਦਿਆ ਹਾਸਲ ਕਰਨ ਲਈ ਵਿਦੇਸ਼ਾਂ ਵੱਲ ਪਰਵਾਸ ਕਰਦੇ ਸਨ। ਉਸ ਸਮੇਂ ਜ਼ਿਆਦਾਤਰ ਅਮੀਰ ਘਰਾਣਿਆਂ ਦੇ ਬੱਚੇ ਹੀ ਉੱਚ ਵਿੱਦਿਆ ਹਾਸਲ ਕਰਨ ਲਈ ਵਿਦੇਸ਼ ਜਾਂਦੇ ਸਨ। ਪਰ ਕੁਝ ਗਰੀਬ ਪਰਿਵਾਰਾਂ ਦੇ ਬੱਚੇ ਕਿਸੇ ਰਾਜੇ ਮਹਾਰਾਜੇ ਦੀ ਸਵੱਲੀ ਨਜ਼ਰ ਪੈਣ ਕਰਕੇ ਬਾਹਰ ਜਾ ਸਕਦੇ ਸਨ। ਆਜ਼ਾਦੀ ਤੋਂ ਬਾਅਦ ਹੌਲੀ ਹੌਲੀ ਜਦੋਂ ਦੇਸ਼ ਤਰੱਕੀ ਕਰਨ ਲੱਗਾ ਤਾਂ ਲੋਕ ਵਿਦੇਸ਼ਾਂ ਵਿੱਚ ਵਸੇ ਆਪਣੇ ਰਿਸ਼ਤੇਦਾਰਾਂ ਰਾਹੀਂ ਕੰਮ ਲਈ ਬਾਹਰ ਜਾਣ ਲੱਗੇ। ਕੇਂਦਰ ਤੇ ਰਾਜ ਸਰਕਾਰਾਂ ਦੀਆਂ ਨੌਜਵਾਨਾਂ ਨੂੰ ਰੁਜ਼ਗਾਰ ਮੁਹਈਆ ਕਰਵਾਉਣ ਲਈ ਠੋਸ ਨੀਤੀਆਂ ਦੀ ਘਾਟ ਕਾਰਨ, ਬੇਰੁਜ਼ਗਾਰੀ ਵਧਣ ਕਾਰਨ ਨੌਜਵਾਨਾਂ ਨੇ ਕੰਮ ਕਰਨ ਲਈ ਜਾਣ ਵਾਸਤੇ ਪੜ੍ਹਾਈ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ। ਬੇਰੁਜ਼ਗਾਰੀ, ਮਹਿੰਗਾਈ, ਨਾਬਰਾਬਰੀ, ਸਰਕਾਰ ਵਿੱਚ ਲੋਕਾਂ ਦਾ ਵਿਸ਼ਵਾਸ ਕਾਨੂੰਨ ਵਿਵਸਥਾ, ਪੜ੍ਹਾਈ ਦਾ ਡਿਗਦਾ ਮਿਆਰ, ਦੇਸ਼ ਵਿੱਚ ਅਸਥਿਰਤਾ ਦਾ ਮਾਹੌਲ ਅਤੇ ਹੋਰ ਵੀ ਕਈ ਕਾਰਨਾਂ ਕਰਕੇ ਨੌਜਵਾਨ ਪਰਵਾਸ ਕਰਦੇ ਹਨ। ਮਾਪੇ ਆਪਣੇ ਬੱਚਿਆਂ ਦੇ ਸੁਨਹਿਰੀ ਭਵਿੱਖ ਦੀ ਖਾਤਰ ਜ਼ਮੀਨ ਜਾਇਦਾਦ ਵੇਚ ਕੇ ਜਾਂ ਆਪਣੀ ਜ਼ਿੰਦਗੀ ਭਰ ਦੀ ਪੂੰਜੀ ਖਰਚ ਕਰ ਕੇ ਅਤੇ ਕਰਜ਼ੇ ਚੁੱਕ ਕੇ ਉਨ੍ਹਾਂ ਨੂੰ ਵਿਦੇਸ਼ ਭੇਜਣ ਲਈ ਮਜਬੂਰ ਹਨ। ਮਾਪੇ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਬੱਚੇ ਇੱਥੇ ਪੜ੍ਹ ਲਿਖਕੇ ਰੁਜ਼ਗਾਰ ਲਈ ਦਰ ਦਰ ਦੀਆਂ ਠੋਕਰਾਂ ਖਾਣ ਅਤੇ ਬੇਰੁਜ਼ਗਾਰੀ ਕਾਰਨ ਨਸ਼ਿਆਂ ਦੀ ਗ੍ਰਿਫਤ ਵਿੱਚ ਆਉਣ।
ਵਿਦੇਸ਼ੀ ਸਰਕਾਰਾਂ ਨੇ ਕੌਮਾਂਤਰੀ ਵਿਦਿਆਰਥੀਆਂ ਲਈ ਕੌਮਾਂਤਰੀ ਪੱਧਰ ਦੀ ਭਾਸ਼ਾ ਦੇ ਗਿਆਨ ਹੋਣ ਦੀ ਸ਼ਰਤ ਲਾਗੂ ਕਰ ਦਿੱਤੀ। ਕੌਮਾਂਤਰੀ ਭਾਸ਼ਾ ਅੰਗਰੇਜ਼ੀ ਦੇ ਗਿਆਨ ਦੀ ਪ੍ਰੀਖਿਆ ਲੈਣ ਲਈ ਸੰਨ 1989 ਆਈ ਡੀ ਪੀ ਬ੍ਰਿਟਿਸ਼ ਕੌਸਲ ਦੀ ਸਥਾਪਨਾ ਹੋਈ। ਹਾਲਾਂਕਿ ਪਿਛਲੇ ਸਾਲ ਬ੍ਰਿਟਿਸ਼ ਕੌਸਲ ਨੇ ਭਾਰਤ ਅੰਦਰ ਆਈਲੈਟਸ ਦੀ ਪ੍ਰੀਖਿਆ ਲੈਣੀ ਬੰਦ ਕਰ ਦਿੱਤੀ। ਹੁਣ ਸਿਰਫ ਆਈ ਡੀ ਪੀ ਹੀ ਆਈਲੈਟਸ ਦਾ ਪ੍ਰਬੰਧ ਕਰ ਰਿਹਾ ਹੈ। ਆਈਲੈਟਸ ਦੀ ਪ੍ਰੀਖਿਆ ਦੇਣ ਲਈ ਵਿਦਿਆਰਥੀਆਂ ਲਈ ਇਸਦੀ ਤਿਆਰੀ ਕਰਵਾਉਣ ਲਈ ਕੋਚਿੰਗ ਲੈਣਾ ਜ਼ਰੂਰੀ ਹੈ। ਕਿਉਂਕਿ ਕੈਨੇਡਾ, ਆਸਟ੍ਰੇਲੀਆ, ਨਿਊਂਜ਼ੀਲੈਡ, ਆਇਰਲੈਂਡ ਅਤੇ ਯੂ.ਕੇ. ਦੀਆਂ ਕਰੀਬ ਦਸ ਹਜ਼ਾਰ ਯੂਨੀਵਰਸਿਟੀਆਂ ਆਈਲੈਟਸ ਪਾਸ ਵਿਦਿਆਰਥੀਆਂ ਨੂੰ ਦਾਖਲਾ ਦਿੰਦੀਆਂ ਹਨ। ਇਸ ਤਰ੍ਹਾਂ ਵਿਦਿਆਰਥੀਆਂ ਦੇ ਆਈਲੈਟਸ ਕਰਨ ਲਈ ਕੋਚਿੰਗ ਸੈਂਟਰ ਦਾ ਕਾਰੋਬਾਰ ਗਿਆਰਾਂ ਸੌ ਕਰੋੜ ਤੋਂ ਵੀ ਵਧ ਚੁੱਕਾ ਹੈ। ਵਿਦੇਸ਼ਾਂ ਵਿੱਚ ਪੜ੍ਹਾਈ ਵਾਸਤੇ ਵਿਦਿਆਰਥੀਆਂ ਦੇ ਮਨਾਂ ਅੰਦਰ ਬੈਂਡਾਂ ਦੀ ਦੌੜ ਲੱਗੀ ਹੋਈ ਹੈ। ਬਿਊਰੋ ਆਫ ਇੰਮੀਗਰੇਸ਼ਨ ਦੇ ਵੇਰਵੇ ਮੁਤਾਬਿਕ ਪਹਿਲੀ ਜਨਵਰੀ 2016 ਤੋਂ ਮਾਰਚ 2021 ਤਕ ਇਕੱਲੇ ਪੰਜਾਬ ਵਿੱਚੋਂ 4.78 ਲੱਖ ਵਿਅਕਤੀ ਰੁਜ਼ਗਾਰ ਵੀਜ਼ੇ ’ਤੇ ਵਿਦੇਸ਼ ਗਏ ਹਨ। ਇਨ੍ਹਾਂ ਵਰ੍ਹਿਆਂ ਦੌਰਾਨ ਪੰਜਾਬ ਵਿੱਚੋ ਹਰ ਮਹੀਨੇ ਔਸਤਨ 7750 ਵਿਅਕਤੀ ਰੁਜ਼ਗਾਰ ਲਈ ਵਿਦੇਸ਼ ਗਏ ਹਨ। ਇਸ ਲਿਹਾਜ਼ ਨਾਲ ਰੋਜ਼ਾਨਾ ਔਸਤਨ 250 ਵਿਅਕਤੀ ਰੁਜ਼ਗਾਰ ਲਈ ਵਿਦੇਸ਼ ਗਏ ਹਨ। ਬੇਸ਼ਕ ਨੌਜਵਾਨ ਪੀੜ੍ਹੀ ਦਾ ਬਾਹਰਲੇ ਦੇਸ਼ਾਂ ਵਿੱਚ ਜਾਣਾ ਸ਼ੌਕ ਨਹੀਂ ਬਲਕਿ ਮਜਬੂਰੀ ਬਣ ਗਈ ਹੈ।
ਨੌਜਵਾਨ ਕਿਸੇ ਵੀ ਰਾਜ ਦਾ ਸਰਮਾਇਆ ਹੁੰਦੇ ਹਨ। ਪ੍ਰੰਤੂ ਇਸ ਪਰਵਾਸ ਤੋਂ ਲੱਗਦਾ ਹੈ ਕਿ ਪੰਜਾਬ ਜਲਦੀ ਹੀ ਬੁੱਢਿਆਂ ਦਾ ਸੂਬਾ ਬਣ ਜਾਵੇਗਾ ਅਤੇ ਸੀਨੀਅਰ ਸਿਟੀਜ਼ਨਾਂ ਦੇ ਇਸ ਰਾਜ ਵਿੱਚ ਖਪਤ ਤੇ ਲਾਗਤ ਦੇ ਵਸੀਲੇ ਇਸ ਕਦਰ ਸਿਮਟ ਜਾਣਗੇ ਕਿ ਨਿੱਕੇ-ਨਿੱਕੇ ਕਾਰੋਬਾਰਾਂ ਤੋਂ ਲੈ ਕੇ ਵੱਡੇ ਕਾਰੋਬਾਰ ਵੀ ਬਜ਼ਾਰ ਵਿੱਚ ਮੰਗ ਨਾ ਰਹਿਣ ਕਾਰਨ ਮੰਦੇ ਦੀ ਲਪੇਟ ਵਿੱਚ ਆ ਜਾਣਗੇ। ਇਹ ਪੰਜਾਬ ਲਈ ਬਹੁਤ ਵੱਡੀ ਆਰਥਿਕ ਮਾਰ ਹੋਵੇਗੀ ਅਤੇ ਇਸ ਨਾਲ ਸਮਾਜਿਕ, ਧਾਰਮਿਕ ਅਤੇ ਰਾਜਨੀਤਕ ਪ੍ਰੰਪਰਾਵਾਂ ਤੇ ਪ੍ਰਸਥਿਤੀਆਂ ਵਿੱਚ ਵੀ ਨਿਘਾਰ ਆਵੇਗਾ। ਇਹ ਪ੍ਰਵਾਸ ਨਹੀਂ ਨਸਲਕੁਸੀ ਹੈ। ਕਿਉਂਕਿ ਰਾਜਸੀ ਲੋਕਾਂ ਨੇ ਸਥਿਤੀ ਇਹ ਬਣਾ ਦਿੱਤੀ ਕਿ ਕਾਬਲ ਬੱਚਿਆਂ ਨੂੰ ਪੰਜਾਬ ਵਿੱਚ ਆਪਣਾ ਭਵਿੱਖ ਧੁੰਦਲਾ ਦਿਸਣ ਲੱਗ ਪਿਆ ਹੈ। ਜਿਸ ਕਾਰਨ ਉਹ ਬਾਹਰ ਜਾ ਰਹੇ ਹਨ।
ਚੰਗੀ ਜ਼ਿੰਦਗੀ ਤੇ ਰੁਜ਼ਗਾਰ ਦੀ ਚਾਹਤ ਕਾਰਨ ਪੰਜਾਬ ਵਿੱਚੋਂ ਵਿਦੇਸ਼ ਜਾਣ ਵਾਲੇ ਨੌਜਵਾਨਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਬੀਤੇ ਕੁਝ ਸਾਲਾਂ ਵਿੱਚ ਨਸ਼ੇ ਵਿੱਚ ਵਾਧਾ ਤੇ ਬੇਰੁਜ਼ਗਾਰੀ ਵਧਣ ਕਾਰਨ ਇਸ ਵਿੱਚ ਤੇਜ਼ੀ ਆਈ ਹੈ। ਪੰਜਾਬ ਦੀ ਕਰੀਬ ਤਿੰਨ ਕਰੋੜ ਆਬਾਦੀ ਹੈ। 1.78 ਕਰੋੜ ਲੋਕਾਂ ਕੋਲ ਪਾਸਪੋਰਟ ਹਨ। ਇੱਕ ਰਿਪੋਰਟ ਮੁਤਾਬਕ ਹਰ ਸਾਲ ਪੰਜਾਬ ਤੋਂ ਵਿਦੇਸ਼ ਵਿੱਚ ਪੜ੍ਹਾਈ ਲਈ ਜਾਣ ਵਾਲੇ ਨੌਜਵਾਨਾਂ ’ਤੇ ਮਾਪੇ 28 ਹਜ਼ਾਰ 5 ਸੌ ਕਰੋੜ ਰੁਪਏ ਖਰਚ ਕਰ ਰਹੇ ਹਨ। ਇਹ ਰਕਮ ਪੰਜਾਬ ਦੇ ਸਾਲਾਨਾ ਬਜਟ ਦਾ ਕਰੀਬ 20 ਫੀਸਦੀ ਹਿੱਸਾ ਬਣਦੀ ਹੈ। ਪੰਜਾਬ ਤੋਂ ਹਰ ਸਾਲ ਡੇਢ ਲੱਖ ਨੌਜਵਾਨ ਸਟਡੀ ਵੀਜ਼ੇ ’ਤੇ ਪੜ੍ਹਨ ਲਈ ਵਿਦੇਸ਼ ਜਾ ਰਹੇ ਹਨ। ਇਹ ਨੌਜਵਾਨ ਪੰਜਾਬ ਤੋਂ ਕੈਨੇਡਾ, ਆਸਟ੍ਰੇਲੀਆ, ਨਿਊਂਜ਼ੀਲੈਡ, ਅਮਰੀਕਾ, ਇਟਲੀ ਅਤੇ ਯੂ.ਕੇ. ਸਮੇਤ ਤਮਾਮ ਦੇਸ਼ਾਂ ਵਿੱਚ ਪੜ੍ਹਾਈ ਲਈ ਜਾ ਰਹੇ ਹਨ। ਇੰਟਰਨੈਸ਼ਨਲ ਜਨਰਲ ਆਫ ਰਿਸਰਚ ਐਂਡ ਐਨਾਲਿਟਿਕਲ ਰੀਵਿਊਜ਼ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 75 ਫੀਸਦੀ ਪੰਜਾਬੀ ਆਪਣੇ ਬੱਚਿਆਂ ਨੂੰ 12ਵੀਂ ਤੋਂ ਬਾਅਦ ਵਿਦੇਸ਼ ਭੇਜਣਾ ਚਾਹੁੰਦੇ ਹਨ। ਉਸ ਤੋਂ ਬਾਅਦ ਉਹ ਖੁਦ ਵਿਦੇਸ਼ ਵਿੱਚ ਸੈਟਲ ਹੋਣ ਵਿੱਚ ਜੁਟ ਜਾਂਦੇ ਹਨ। ਜੇ ਪਰਵਾਸ ਦਾ ਰੁਝਾਨ ਇਸ ਤਰ੍ਹਾਂ ਹੀ ਚੱਲਦਾ ਰਿਹਾ ਤਾਂ 20 ਸਾਲਾਂ ਬਾਅਦ ਪੰਜਾਬ ਵਿੱਚ ਸਿਰਫ ਬਜ਼ੁਰਗ ਹੀ ਰਹਿ ਜਾਣਗੇ। ਪਹਿਲਾਂ ਲੋਕ ਵਿਦੇਸ਼ ਵਿੱਚ ਕਮਾਕੇ ਪੰਜਾਬ ਵਿੱਚ ਜਾਇਦਾਦ ਖਰੀਦਣ ਵਿੱਚ ਨਿਵੇਸ਼ ਕਰਦੇ ਸਨ। ਪਰ ਹੁਣ ਜ਼ਮੀਨ ਵੇਚਕੇ ਬੱਚਿਆਂ ਨੂੰ ਵਿਦੇਸ਼ ਭੇਜ ਰਹੇ ਹਨ।
ਇੱਕ ਰਿਪੋਰਟ ਅਨੁਸਾਰ ਹਰ ਸਾਲ ਅੱਠ ਲੱਖ ਦੇ ਕਰੀਬ ਵਿਦਿਆਰਥੀ ਵਿਦੇਸ਼ ਪੜ੍ਹਨ ਜਾਂਦੇ ਹਨ। ਹਰ ਸਾਲ ਸਾਡੇ ਦੇਸ਼ ਦਾ ਸਵਾ ਦੋ ਲੱਖ ਕਰੋੜ ਰੁਪਇਆ ਵਿਦੇਸ਼ੀ ਯੂਨੀਵਰਸਿਟੀਆਂ ਤੇ ਕਾਲਜ ਬਟੋਰ ਰਹੇ ਹਨ। ਮਾਹਰਾਂ ਮੁਤਾਬਕ ਇਹ ਵਿਦੇਸ਼ਾਂ ਨੂੰ ਜਾ ਰਹੀ ਪੂੰਜੀ ਸਾਲ 2024 ਤਕ ਵਧਕੇ ਛੇ ਲੱਖ ਕਰੋੜ ਰੁਪਏ ਤੋਂ ਉੱਪਰ ਹੋ ਜਾਵੇਗੀ। ਸਾਲ 2016 ਤੋਂ ਸਾਲ 2021 ਤਕ ਭਾਰਤ ਵਿੱਚੋਂ 1 ਕਰੋੜ 37 ਲੱਖ ਲੋਕਾਂ ਨੇ ਦੇਸ਼ ਛੱਡਿਆ ਹੈ। ਪੜ੍ਹਾਈ ਲਈ ਬਾਹਰ ਜਾਣ ਵਾਲਿਆਂ ਦੀ ਗਿਣਤੀ ਵਿੱਚ ਕਾਫੀ ਵਾਧਾ ਹੋਇਆ ਹੈ। ਸਾਲ 2016 ਵਿੱਚ ਚਾਰ ਲੱਖ ਚਾਲੀ ਹਜ਼ਾਰ ਵਿਦਿਆਰਥੀ ਪੜ੍ਹਾਈ ਲਈ ਮੁਲਕ ਵਿੱਚੋਂ ਬਾਹਰ ਗਏ ਸਨ। ਜਦੋਂਕਿ ਸਾਲ 2019 ਵਿੱਚ ਬਾਹਰ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਸੱਤ ਲੱਖ ਸੱਤਰ ਹਜ਼ਾਰ ਹੋ ਗਈ। ਇੱਕ ਅਨੁਮਾਨ ਅਨੁਸਾਰ ਸਾਲ 2024 ਤਕ ਬਾਹਰ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ 20 ਲੱਖ ਤਕ ਪਹੁੰਚ ਜਾਵੇਗੀ।
ਇਸਦਾ ਕਾਰਨ ਭਾਰਤ ਦੀ ਦੋਸ਼ ਪੂਰਨ ਸਿੱਖਿਆ ਪ੍ਰਣਾਲੀਹੈ, ਜੋ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੈ। ਮਿਸਾਲ ਦੇ ਤੌਰ ’ਤੇ ਮੁਲਕ ਭਰ ਵਿੱਚ ਮੈਡੀਕਲ ਵਿਦਿਆਰਥੀਆਂ ਲਈ ਸਿਰਫ ਅੱਸੀ ਹਜ਼ਾਰ ਸੀਟਾਂ ਮੌਜੂਦ ਹਨ ਜਿਨ੍ਹਾਂ ਵਿੱਚੋਂ ਸਰਕਾਰੀ ਕਾਲਜਾਂ ਵਿੱਚ ਐੱਮ.ਬੀ.ਬੀ.ਐੱਸ. ਦੀ ਡਿਗਰੀ ਕਰਨ ਲਈ ਸੱਤਰ/ਅੱਸੀ ਲੱਖ ਰੁਪਏ ਅਤੇ ਨਿੱਜੀ ਕਾਲਜਾਂ ਵਿੱਚ ਇਹ ਖਰਚਾ ਡੇਢ ਕਰੋੜ ਤਕ ਪਹੁੰਚ ਜਾਂਦਾ ਹੈ। ਇਸਦੇ ਮੁਕਾਬਲੇ ਯੂਕਰੇਨ ਵਰਗੇ ਛੋਟੇ ਮੁਲਕਾਂ ਵਿੱਚ ਐੱਮ.ਬੀ.ਬੀ.ਐੱਸ. ਦੀ ਡਿਗਰੀ ਤਕਰੀਬਨ ਪੱਚੀ ਲੱਖ ਰੁਪਏ ਵਿੱਚ ਹੋ ਜਾਂਦੀ ਹੈ। ਅਜਿਹੀ ਸਥਿਤੀ ਵਿੱਚ ਮਜਬੂਰੀ ਵੱਸ ਵਿਦਿਆਰਥੀ ਆਪਣੇ ਪਰਿਵਾਰ ਤੇ ਘਰ ਬਾਹਰ ਛੱਡਕੇ ਵਿਦੇਸ਼ ਚਲੇ ਜਾਂਦੇ ਹਨ। ਬਾਹਰਲੇ ਮੁਲਕਾਂ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਖਰਚ ਕੱਢਣ ਲਈ ਕੰਮ ਕਰਨ ਦੇ ਅਵਸਰ ਵੀ ਮਿਲ ਜਾਂਦੇ ਹਨ।
ਯੂਨੈਸਕੋ ਦੇ ਅੰਕੜਿਆਂ ਅਨੁਸਾਰ ਜਨਵਰੀ 2021 ਦੌਰਾਨ 10 ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਦੁਨੀਆਂ ਦੇ 85 ਦੇਸ਼ਾਂ ਵਿੱਚ ਪੜ੍ਹ ਰਹੇ ਸਨ ਉੱਤੇ ਉਹਨਾਂ ਵਿੱਚੋਂ ਪੰਜਾਬੀ ਵਿਦਿਆਰਥੀ ਜ਼ਿਆਦਤਰ ਅਮਰੀਕਾ, ਕੈਨੇਡਾ, ਇੰਗਲੈਂਡ, ਆਸਟਰੇਲੀਆ ਤੇ ਨਿਊਜ਼ੀਲੈਂਡ ਤੇ ਕੁਝ ਹੋਰ ਯੂਰਪੀਅਨ ਦੇਸ਼ਾਂ ਵਿੱਚ ਹੀ ਪੜ੍ਹਨਾ ਪਸੰਦ ਕਰਦੇ ਹਨ। ਨੌਜਵਾਨਾਂ ਦੇ ਵਿਦੇਸ਼ਾਂ ਵਿੱਚ ਜਾਣ ਦਾ ਵੱਡਾ ਕਾਰਨ ਬੇਰੁਜ਼ਗਾਰੀ ਦੀ ਸਮੱਸਿਆ ਹੈ। ਭਾਰਤ ਵਿੱਚ ਚੰਗੀਆਂ ਡਿਗਰੀਆਂ ਹਾਸਲ ਕਰਨ ਤੋਂ ਬਾਅਦ ਵੀ ਨੌਕਰੀਆਂ ਨਹੀਂ ਮਿਲਦੀਆਂ। ਜੇ ਮਿਲਦੀਆਂ ਵੀ ਹਨ ਤਾਂ ਲੱਖਾਂ ਰੁਪਏ ਦੀ ਰਿਸ਼ਵਤ ਦੇਣ ਤੋਂ ਬਾਅਦ। ਕਿਉਂਕਿ ਇੱਥੇ ਬੇਹੱਦ ਬੇਰੁਜ਼ਗਾਰੀ ਹੈ ਤੇ ਨੌਕਰੀਆਂ ਵਿੱਚ ਰਾਖਵੇਂਕਰਨ ਦੀ ਪ੍ਰਣਾਲੀ ਲਾਗੂ ਹੈ। ਇਸ ਤੋਂ ਇਲਾਵਾ ਸਿੱਖਿਆ ਖੇਤਰ ਵਿੱਚ ਜਾਤ ਆਧਾਰਿਤ ਰਾਖਵਾਂਕਰਨ ਲਾਗੂ ਕੀਤਾ ਗਿਆ ਹੈ। ਬਹੁਤ ਸਾਰੇ ਪ੍ਰੋਫੈਸ਼ਨਲ ਕੋਰਸਾਂ ਵਿੱਚ ਮੈਰਿਟ ’ਤੇ ਆਏ 80 ਤੋਂ 97 ਫੀਸਦੀ ਤਕ ਅੰਕ ਲੈਣ ਵਾਲੇ ਵਿਦਿਆਰਥੀਆਂ ਨੂੰ ਵੀ ਦਾਖਲਾ ਨਹੀਂ ਮਿਲਦਾ। ਜਦਕਿ ਰਾਖਵੇਂਕਰਨ ਦੀ ਸ਼੍ਰੇਣੀ ਅਧੀਨ 40 ਤੋਂ 50 ਫੀਸਦੀ ਅੰਕ ਲੈਣ ਵਾਲੇ ਵਿਦਿਆਰਥੀ ਨੂੰ ਵੀ ਦਾਖਲਾ ਮਿਲ ਜਾਂਦਾ ਹੈ। ਇਸ ਕਾਰਨ ਨਾ ਕੇਵਲ ਮੱਧ ਸ਼੍ਰੇਣੀ ਦੇ ਵਿਦਿਆਰਥੀ ਸਗੋਂ ਅਮੀਰ ਸ਼੍ਰੇਣੀ ਦੇ ਵਿਦਿਆਰਥੀ ਵੀ ਮਜਬੂਰ ਹੋ ਕੇ ਵਿਦੇਸ਼ਾਂ ਵਿੱਚ ਪੜ੍ਹਾਈ ਲਈ ਜਾਣ ਲਈ ਮਜਬੂਰ ਹੁੰਦੇ ਹਨ।
ਮੁਲਕ ਭਰ ਵਿੱਚ ਵੱਖ ਵੱਖ ਪ੍ਰੋਫੈਸਨਲ ਕੋਰਸਾਂ ਵਿੱਚ ਦਾਖਲੇ ਲਈ ਸਖਤ ਟੈਸਟਾਂ ਦੀ ਵਿਵਸਥਾ ਕੀਤੀ ਹੋਈ ਹੈ। ਵਿਦਿਆਰਥੀਆਂ ਨੂੰ ਪ੍ਰੋਫੈਸ਼ਨਲ ਕੋਰਸਾਂ ਵਿੱਚ ਦਾਖਲੇ ਲਈ +2 ਦੇ ਨਾਲ ਹੀ ਇਹ ਟੈਸਟ ਪਾਸ ਕਰਨੇ ਪੈਂਦੇ ਹਨ। ਕਿਸੇ ਵੀ ਪ੍ਰੋਫੈਸਨਲ ਕੋਰਸ ਵਿੱਚ ਦਾਖਲੇ ਲਈ ਦਾਖਲਾ ਟੈਸਟ ਦੇ ਨਾਲ ਨਾਲ +2 ਵਿੱਚੋਂ ਚੰਗੇ ਅੰਕ ਆਉਣੇ ਵੀ ਜ਼ਰੂਰੀ ਹਨ। ਇਸ ਤਰ੍ਹਾਂ +2 ਵਿੱਚ ਵਿਦਿਆਰਥੀਆਂ ਨੂੰ ਗੰਭੀਰ ਮਾਨਸਿਕ ਦਬਾਅ ਅਤੇ ਦੁਬਿਧਾ ਵਿੱਚੋਂ ਗੁਜ਼ਰਨਾ ਪੈਂਦਾ ਹੈ। ਇਸ ਕਾਰਨ ਅਨੇਕਾਂ ਵਿਦਿਆਰਥੀ ਅਸਫਲ ਰਹਿਣ ਦੇ ਡਰ ਕਾਰਨ ਖੁਦਕੁਸ਼ੀਆਂ ਵੀ ਕਰ ਜਾਂਦੇ ਹਨ ਅਤੇ ਪੜ੍ਹਾਈ ਵੀ ਛੱਡ ਦਿੰਦੇ ਹਨ। ਮੁਲਕ ਭਰ ਵਿੱਚ ਤਕਰੀਬਨ ਹਰ ਡੇਢ ਘੰਟੇ ਬਾਅਦ ਇੱਕ ਵਿਦਿਆਰਥੀ ਇਸ ਤਰ੍ਹਾਂ ਦੇ ਦਬਾਅ ਕਾਰਨ ਖੁਦਕੁਸ਼ੀ ਕਰ ਹੀ ਜਾਂਦਾ ਹੈ। ਇਸ ਕਾਰਨ ਵੀ ਵਿਦਿਆਰਥੀ ਵਿਦੇਸ਼ਾਂ ਨੂੰ ਪੜ੍ਹਾਈ ਕਰਨ ਲਈ ਚਲੇ ਜਾਂਦੇ ਹਨ। ਕਿਉਂਕਿ ਵਿਦੇਸ਼ਾਂ ਦੀਆਂ ਬਹੁਤ ਸਾਰੀਆਂ ਯੂਨੀਵਰਸਿਟੀਆਂ ਅਤੇ ਕਾਲਜ ਪ੍ਰੋਫੈਸਨਲ ਕੋਰਸਾਂ ਵਿੱਚ ਬਿਨਾਂ ਕਿਸੇ ਤਰ੍ਹਾਂ ਦੇ ਦਾਖਲਾ ਟੈਸਟਾਂ ਤੋਂ ਵਿਦਿਆਰਥੀਆਂ ਨੂੰ +2 ਦੇ ਅੰਕਾਂ ਦੇ ਆਧਾਰ ’ਤੇ ਸਿੱਧੇ ਦਾਖਲੇ ਦੇ ਦਿੰਦੇ ਹਨ। ਉਹ ਸਿਰਫ ਆਈਲੈਟਸ ਪ੍ਰੀਖਿਆ ਵਿੱਚੋਂ ਹੀ 6 ਤੋਂ 8 ਬੈਂਡ ਤਕ ਦੀ ਮੰਗ ਕਰਦੇ ਹਨ।
ਪੰਜਾਬ ਵਿੱਚ ਲਗਾਤਾਰ ਵਧ ਰਹੇ ਨਸ਼ੇ ਦੇ ਕਾਰੋਬਾਰ ਕਾਰਨ ਲੋਕ ਆਪਣੀ ਅਗਲੀ ਪੀੜ੍ਹੀ ਨੂੰ ਬਚਾਉਣ ਲਈ ਉਨ੍ਹਾਂ ਨੂੰ ਵਿਦੇਸ਼ਾਂ ਵਿੱਚ ਸੈਟਲ ਕਰ ਰਹੇ ਹਨ। ਸਨਅਤੀ ਹਿਜਰਤ ਕਾਰਨ ਨੌਜਵਾਨਾਂ ਨੂੰ ਰੁਜ਼ਗਾਰ ਉਪਲਬਧ ਨਾ ਹੋਣਾ ਵੀ ਵਿਦੇਸ਼ਾਂ ਵਿੱਚ ਜਾਣ ਦਾ ਵੱਡਾ ਕਾਰਨ ਹੈ। ਅਮਨ ਕਾਨੂੰਨ ਦੀ ਮਾੜੀ ਵਿਵਸਥਾ ਵੀ ਵਿਦੇਸ਼ਾਂ ਵੱਲ ਰੁਝਾਨ ਦਾ ਇੱਕ ਕਾਰਨ ਹੈ। ਜੋ ਇੱਕ ਵਾਰ ਵਿਦੇਸ਼ ਜਾ ਆਉਂਦਾ ਹੈ ਉਹ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਵੀ ਲੈ ਜਾਣਾ ਚਾਹੁੰਦਾ ਹੈ। ਬੱਚਿਆਂ ਨੂੰ ਵਿਦੇਸ਼ ਭੇਜਣ ਤੋਂ ਬਾਅਦ ਬਜ਼ੁਰਗ ਨਾ ਚਾਹੁੰਦੇ ਹੋਏ ਵੀ ਪਰਿਵਾਰ ਨਾਲ ਵਿਦੇਸ਼ ਸਿਫਟ ਹੋ ਰਹੇ ਹਨ। ਦੇਸ਼ ਦੀ 140 ਕਰੋੜ ਆਬਾਦੀ ਨੂੰ ਮੁੱਖ ਰੱਖਦਿਆ ਸਾਰੇ ਪ੍ਰੋਫੈਸਨਲ ਕੋਰਸਾਂ ਵਿੱਚ ਵਿਦਿਆਰਥੀਆਂ ਨੂੰ ਦਾਖਲੇ ਦੇਣ ਵਾਸਤੇ ਮਿਆਰੀ ਯੂਨੀਵਰਸਿਟੀਆਂ ਅਤੇ ਕਾਲਜਾਂ ਦਾ ਹੋਰ ਵਿਸਥਾਰ ਸਰਕਾਰ ਨੂੰ ਕਰਨਾ ਚਾਹੀਦਾ ਹੈ। ਸਰਕਾਰੀ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਫੀਸਾਂ ਸਰਕਾਰ ਨੂੰ ਘੱਟ ਕਰ ਦੇਣੀਆਂ ਚਾਹੀਦੀਆਂ ਹਨ। ਵਿਦਿਆਰਥੀਆਂ ਨੂੰ ਸਿੱਖਿਆ ਦੇਣਾ ਸਰਕਾਰ ਦਾ ਮੁੱਖ ਫਰਜ਼ ਮੰਨਿਆ ਜਾਣਾ ਚਾਹੀਦਾ ਹੈ। ਇਸਦੇ ਨਾਲ ਹੀ ਗੈਰ ਸਰਕਾਰੀ ਕਾਲਜਾਂ ਤੇ ਯੂਨੀਵਰਸਿਟੀਆਂ ਦੀਆਂ ਫੀਸਾਂ ਨੂੰ ਤਰਕਸੰਗਤ ਬਣਾਈ ਰੱਖਣ ਲਈ ਕੇਂਦਰ ਅਤੇ ਰਾਜ ਦੇ ਪੱਧਰ ’ਤੇ ਪ੍ਰਭਾਵੀ ਨਿਗਰਾਨ ਕਮੇਟੀਆਂ ਦੀ ਸਥਾਪਨਾ ਹੋਣੀ ਚਾਹੀਦੀ ਹੈ ਤਾਂ ਜੋ ਵਿਦਿਆਰਥੀਆਂ ਨੂੰ ਵਧੇਰੇ ਫੀਸਾਂ ਹੋਣ ਕਾਰਨ ਮਜਬੂਰ ਹੋ ਕੇ ਵਿਦੇਸ਼ਾਂ ਨੂੰ ਸਿੱਖਿਆ ਹਾਸਲ ਕਰਨ ਲਈ ਨਾ ਜਾਣਾ ਪਵੇ।
ਸਰਕਾਰ ਨੂੰ ਨੌਜਵਾਨਾਂ ਲਈ ਵਧੇਰੇ ਨੌਕਰੀ ਦੇ ਮੌਕੇ ਉਪਲਬਧ ਕਰਵਾਉਣੇ ਚਾਹੀਦੇ ਹਨ। ਵਿਦੇਸ਼ਾਂ ਵਾਂਗ ਮੁਲਕ ਭਰ ਵਿੱਚ ਸਫਾਈ ਦਾ ਮਾਹੌਲ ਨੌਜਵਾਨਾਂ ਨੂੰ ਮਿਲਣਾ ਚਾਹੀਦਾ ਹੈ। ਨੌਜਵਾਨਾਂ ਨੂੰ ਰੁਜ਼ਗਾਰ ਦੇ ਸਾਧਨ ਅਤੇ ਸਿਹਤ ਸੁਰੱਖਿਆ ਮਿਲਣੀ ਚਾਹੀਦੀ ਹੈ ਤਾਂ ਜੋ ਨੌਜਵਾਨ ਵਿਦੇਸ਼ ਨਾ ਜਾ ਕੇ ਭਾਰਤ ਵਿੱਚ ਰਹਿਕੇ ਤਰੱਕੀ ਕਰ ਸਕਣ। ਇਸ ਤਰ੍ਹਾਂ ਕਰਨ ਨਾਲ ਭਾਰਤ ਵਿੱਚੋ ਵਿਦੇਸ਼ ਜਾਣ ਵਾਲਾ ਪੈਸਾ ਰੁਕ ਜਾਵੇਗਾ। ਇਨ੍ਹਾਂ ਪੈਸਿਆਂ ਨਾਲ ਨਵੇਂ ਨਵੇਂ ਉਦਯੋਗ ਖੁੱਲ੍ਹ ਸਕਦੇ ਹਨ। ਸਰਕਾਰ ਨੂੰ ਸਮਾਂ ਰਹਿੰਦੇ ਸੋਚਣਾ ਪਵੇਗਾ ਕਿ ਨੌਜਵਾਨਾਂ ਨੂੰ ਭਾਰਤ ਵਿੱਚ ਬਿਹਤਰ ਸਹੂਲਤਾਂ ਕਿਵੇਂ ਦੇ ਸਕਾਂਗੇ। ਮੁਲਕ ਭਰ ਵਿੱਚੋਂ ਨੌਜਵਾਨ ਵਿਦੇਸ਼ ਜਾ ਕੇ ਪੜ੍ਹਾਈ ਕਰਦੇ ਹਨ। ਵਿਦੇਸ਼ਾਂ ਵਿੱਚ ਰਹਿਕੇ ਸਕਿੱਲ ਸਿੱਖਦੇ ਹਨ। ਉਸੇ ਸਕਿੱਲ ਦੀ ਵਰਤੋਂ ਕਰਕੇ ਰੁਜ਼ਗਾਰ ਪ੍ਰਾਪਤ ਕਰਕੇ ਰੁਪਏ ਕਮਾ ਰਹੇ ਹਨ। ਸਰਕਾਰ ਨੂੰ ਨੌਜਵਾਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ। ਸਮੱਸਿਆਵਾਂ ਤੋਂ ਨਜ਼ਰਾਂ ਫੇਰਨ ਨਾਲ ਉਹ ਘਟਦੀਆਂ ਨਹੀਂ, ਸਗੋਂ ਹੋਰ ਵੱਡੀਆਂ ਹੋ ਜਾਂਦੀਆਂ ਹਨ। ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਉਹ ਨੌਜਵਾਨਾਂ ਦੇ ਆਤਮ ਵਿਸ਼ਵਾਸ ਨੂੰ ਮਜ਼ਬੂਤ ਕਰੇ। ਨੌਜਵਾਨ ਦੇਸ਼ ਦਾ ਸਰਮਾਇਆ ਹੁੰਦੇ ਹਨ। ਸਰਕਾਰ ਨੂੰ ਨੌਜਵਾਨਾਂ ਨੂੰ ਸੜਕਾਂ ’ਤੇ ਨਹੀਂ ਰੋਲਣਾ ਚਾਹੀਦਾ ਤਾਂ ਜੋ ਉਹ ਦੇਸ਼ ਛੱਡਣ ਲਈ ਮਜਬੂਰ ਨਾ ਹੋਣ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3467)
(ਸਰੋਕਾਰ ਨਾਲ ਸੰਪਰਕ ਲਈ: