“ਇਨ੍ਹਾਂ ਮਾਹਿਰਾਂ ਨੇ ਵਿਸਥਾਰਿਤ ਜਾਂਚ ਕੀਤੀ ਅਤੇ ਇਸ ਨਤੀਜੇ ’ਤੇ ਪਹੁੰਚੇ ਕਿ ਜਿਹੜੇ ਲੋਕ ...”
(4 ਅਪਰੈਲ 2026)
ਦਾਰੂ ਦੀ ਵਰਤੋਂ ਤਾਂ ਬਥੇਰੀ ਕੀਤੀ, ਛੁਟਕਾਰਾ ਕਿਸੇ ਰੋਗ ਤੋਂ ਨਹੀਂ ਹੋਇਆ ...
21ਵੀਂ ਸਦੀ ਦੌਰਾਨ ਵਿਗਿਆਨੀ ਨਵੀਂਆਂ ਨਵੀਆਂ ਕਾਢਾਂ ਕੱਢ ਰਹੇ ਹਨ ਪਰ ਫਿਰ ਵੀ ਬਿਮਾਰੀਆਂ ਵਿੱਚ ਲਗਾਤਾਰ ਵਾਧਾ ਅੱਜ ਇੱਕ ਗੰਭੀਰ ਸਮੱਸਿਆ ਬਣ ਚੁੱਕਾ ਹੈ। ਇਸਦਾ ਮੁੱਖ ਕਾਰਨ ਖਾਣ-ਪੀਣ, ਰਹਿਣ-ਸਹਿਣ ਅਤੇ ਉੱਠਣ ਬੈਠਣ ਹੈ। ਪਹਿਲਾਂ ਲੋਕ ਸਧਾਰਨ ਅਤੇ ਕੁਦਰਤੀ ਜੀਵਨ ਸ਼ੈਲੀ ਜਿਊਂਦੇ ਸਨ। ਉਹ ਸਾਫ ਹਵਾ ਵਿੱਚ ਰਹਿੰਦੇ ਸਨ ਅਤੇ ਸ਼ੁੱਧ ਅਤੇ ਪੌਸ਼ਟਿਕ ਭੋਜਨ ਖਾਂਦੇ ਸਨ, ਜਿਸ ਕਾਰਨ ਉਹ ਬਹੁਤ ਘੱਟ ਬਿਮਾਰ ਹੁੰਦੇ ਸਨ। ਗ਼ਲਤ ਖਾਣ ਪੀਣ ਦੀਆਂ ਆਦਤਾਂ ਅਤੇ ਜ਼ਿਆਦਾਤਰ ਬੈਠਕਦਾਰ ਜੀਵਨ ਸ਼ੈਲੀ ਕਾਰਨ ਕਈ ਨਵੀਂਆਂ ਬਿਮਾਰੀਆਂ ਜਨਮ ਲੈ ਰਹੀਆਂ ਹਨ। ਦਿਲ ਦੀਆਂ ਬਿਮਾਰੀਆਂ, ਸ਼ੂਗਰ, ਮੁਟਾਪਾ ਅਤੇ ਕੈਂਸਰ ਵਰਗੀਆਂ ਸਮੱਸਿਆਵਾਂ ਤੇਜ਼ੀ ਨਾਲ ਵਧ ਰਹੀਆਂ ਹਨ।
ਉਦਯੋਗਾਂ ਅਤੇ ਵਾਹਨਾਂ ਤੋਂ ਨਿਕਲਣ ਵਾਲੇ ਧੂੰਏਂ ਕਾਰਨ ਸਾਹ ਨਾਲ ਸੰਬੰਧਿਤ ਬਿਮਾਰੀਆਂ ਵਿੱਚ ਵੀ ਵਾਧਾ ਹੋ ਰਿਹਾ ਹੈ। ਅੱਜ ਸਮਾਜ ਦਾ ਕੋਈ ਵੀ ਵਰਗ ਤਣਾਅ ਮੁਕਤ ਨਹੀਂ ਹੈ। ਉੱਚ ਵਰਗ ਤੋਂ ਲੈ ਕੇ ਹੇਠਲੇ ਵਰਗ ਤਕ ਸਭ ਤਣਾਅ ਗ੍ਰਸਤ ਰਹਿੰਦੇ ਹਨ। ਅੱਜ ਦੀ ਭੱਜ-ਨੱਠ ਵਾਲੀ ਜੀਵਨ ਸ਼ੈਲੀ ਕਾਰਨ ਹਰ ਪੰਜ ਵਿਅਕਤੀਆਂ ਵਿੱਚੋਂ ਇੱਕ ਵਿਅਕਤੀ ਮਾਨਸਿਕ ਰੋਗਾਂ ਤੋਂ ਪੀੜਿਤ ਹੈ। ਵਿਅਕਤੀ ਦਾ ਵਿਹਾਰ, ਖਾਣ-ਪੀਣ, ਰਹਿਣ-ਸਹਿਣ ਆਦਿ ਨਾਲ ਵੀ ਮਾਨਸਿਕ ਰੋਗ ਪੈਦਾ ਹੋ ਸਕਦੇ ਹਨ। ਮਨੁੱਖ ਦੇ ਵਿਹਾਰ ਨੂੰ ਚੰਗਾ ਜਾਂ ਬੁਰਾ ਬਣਾਉਣ ਅਤੇ ਕੰਟਰੋਲ ਕਰਨ ਵਿੱਚ ਸਮਾਜ, ਸੱਭਿਆਚਾਰ ਅਤੇ ਧਰਮ ਦੀ ਅਹਿਮ ਭੂਮਿਕਾ ਹੁੰਦੀ ਹੈ। ਮਾਨਸਿਕ ਬਿਮਾਰੀਆਂ ਲਾਇਲਾਜ ਨਹੀਂ ਹਨ, ਇਨ੍ਹਾਂ ਦਾ ਇਲਾਜ ਸੰਭਵ ਹੈ। ਸਮਾਜ ਸੇਵੀ ਸੰਸਥਾਵਾਂ ਇਸ ਸਮੱਸਿਆਵਾਂ ਦੇ ਹੱਲ ਵਿੱਚ ਸਹਿਯੋਗ ਦੇ ਸਕਦੀਆਂ ਹਨ।
ਇੱਕ ਪੁਰਾਣੀ ਕਹਾਵਤ ਹੈ ਕਿ ਪਹਿਲਾ ਸੁੱਖ ਨਿਰੋਗੀ ਕਾਇਆ, ਭਾਵ ਸਰੀਰ ਦਾ ਤੰਦਰੁਸਤ ਰਹਿਣਾ ਹੀ ਸਭ ਤੋਂ ਵੱਡਾ ਸੁੱਖ ਹੈ। ਮਨੁੱਖ ਲਈ ਨਰੋਈ ਸਿਹਤ ਅਤੇ ਸਿਹਤਮੰਦ ਜੀਵਨ ਹੀ ਸਭ ਤੋਂ ਵੱਡੀ ਪੂੰਜੀ ਹੈ। ਸਾਦਾ ਖਾਣਾ-ਪੀਣਾ, ਸਰੀਰਕ ਕਸਰਤ, ਤਣਾਅ ਰਹਿਤ ਜੀਵਨ ਅਤੇ ਚੰਗਾ ਸਾਹਿਤ ਪੜ੍ਹਨਾ ਚੰਗੀ ਸਿਹਤ ਦੀ ਨੀਂਹ ਹਨ। ਤੰਦਰੁਸਤ ਸਰੀਰ ਲਈ ਤੰਦਰੁਸਤ ਮਨ ਦਾ ਹੋਣਾ ਜ਼ਰੂਰੀ ਹੈ। ਸਰੀਰ ਅਤੇ ਮਨ ਦੋਨਾਂ ਦੀ ਤੰਦਰੁਸਤੀ ਨਾਲ ਹੀ ਇਨਸਾਨੀ ਜੀਵਨ ਸੱਚਾ ਸੁਖ ਭੋਗ ਸਕਦਾ ਹੈ। ਸਿਹਤਮੰਦ ਜੀਵਨ ਲਈ ਤਣਾਅ ਰਹਿਤ ਰਹਿਣਾ, ਕਸਰਤ ਕਰਨੀ ਅਤੇ ਚੰਗੀ ਖੁਰਾਕ ਨੂੰ ਤਰਜੀਹ ਦੇਣੀ ਚਾਹੀਦੀ ਹੈ। ਤੰਦਰੁਸਤ ਜੀਵਨ ਹੀ ਇੱਕ ਖੁਸ਼ਹਾਲ ਜੀਵਨ ਦੀ ਕੁੰਜੀ ਹੈ। ਸਿਹਤਮੰਦ ਹੋਣਾ ਜ਼ਿੰਦਗੀ ਦਾ ਸਭ ਤੋਂ ਵੱਡਾ ਸਰਮਾਇਆ ਹੈ।
ਸਿਹਤ ਪ੍ਰਤੀ ਮਨੁੱਖ ਨੂੰ ਹਰ ਹਾਲਤ ਵਿੱਚ ਜਾਗਰੂਕ ਹੋਣਾ ਚਾਹੀਦਾ ਹੈ। ਸਿਹਤ ਪ੍ਰਤੀ ਜਾਗਰੂਕਤਾ ਤੋਂ ਭਾਵ ਆਪਣੇ ਸਰੀਰ ਦੀ ਸੰਭਾਲ ਕਰਨਾ, ਸਹੀ ਖੁਰਾਕ ਲੈਣਾ, ਯੋਗਾ ਕਰਨਾ ਅਤੇ ਸਫ਼ਾਈ ਦਾ ਧਿਆਨ ਰੱਖਣਾ ਹੈ। ਸੰਤੁਲਿਤ ਆਹਾਰ ਸਰੀਰ ਨੂੰ ਲੋੜੀਂਦੇ ਪੋਸ਼ਕ ਤੱਤ ਪ੍ਰਦਾਨ ਕਰਦਾ ਹੈ। ਹਰੀਆਂ ਸਬਜ਼ੀਆਂ, ਫਲ, ਦੁੱਧ, ਦਾਲਾਂ ਆਦਿ ਸਰੀਰ ਨੂੰ ਤਾਕਤ ਦਿੰਦੀਆਂ ਹਨ। ਜਦਕਿ ਜੰਕਫੂਡ ਅਤੇ ਬੇਹੱਦ ਤੇਲ-ਮਸਾਲਿਆਂ ਵਾਲੀ ਖੁਰਾਕ ਸਿਹਤ ਲਈ ਹਾਨੀਕਾਰਕ ਹੁੰਦੀ ਹੈ। ਇਸ ਲਈ ਸਾਨੂੰ ਘਰ ਦਾ ਸਾਫ ਅਤੇ ਸੰਤੁਲਿਤ ਖਾਣਾ ਖਾਣਾ ਚਾਹੀਦਾ ਹੈ। ਸੰਤੁਲਿਤ ਖੁਰਾਕ ਖਾਣ ਨਾਲ ਵਿਅਕਤੀ ਦਾ ਪੌਸ਼ਟਿਕ ਪੱਧਰ ਚੰਗਾ ਹੋ ਜਾਂਦਾ ਹੈ। ਸੰਤੁਲਿਤ ਖਰਾਕ ਨਾਲ ਸਰੀਰਕ ਵਾਧੇ ਅਤੇ ਵਿਕਾਸ ਦੇ ਨਾਲ-ਨਾਲ ਬਿਮਾਰੀਆਂ ਨਾਲ ਲੜਨ ਦੀ ਸਰੀਰਕ ਸਮੱਰਥਾ ਵੀ ਬਣੀ ਰਹਿੰਦੀ ਹੈ। ਚੰਗੀ ਖੁਰਾਕ ਅਤੇ ਚੰਗੀ ਸਿਹਤ ਦਾ ਆਪਸ ਵਿੱਚ ਸਿੱਧਾ ਸੰਬੰਧ ਹੈ। ਸੰਤੁਲਿਤ ਖੁਰਾਕ ਦੇਸ਼ ਦੇ ਹਰ ਵਾਸੀ ਦੀ ਮੁੱਖ ਲੋੜ ਹੈ।
ਚੰਗੀ ਸਿਹਤ ਲਈ ਠੀਕ ਖੁਰਾਕ ਦਾ ਮਹੱਤਵਪੂਰਨ ਯੋਗਦਾਨ ਹੁੰਦਾ ਹੈ ਕਿਉਂਕਿ ਜੋ ਵੀ ਅਸੀਂ ਖਾਂਦੇ ਹਾਂ, ਉਸਦਾ ਸਿੱਧਾ ਅਸਰ ਸਾਡੀ ਸਿਹਤ ’ਤੇ ਪੈਂਦਾ ਹੈ। ਖੁਰਾਕ ਠੀਕ ਹੈ ਤਾਂ ਸਿਹਤ ਠੀਕ ਹੈ। ਮਾਹਿਰਾਂ ਅਨੁਸਾਰ ਸਭ ਤੋਂ ਪੌਸ਼ਟਿਕ ਭੋਜਨ ਨਾਸ਼ਤੇ ਵਿੱਚ, ਦੁਪਹਿਰ ਨੂੰ ਥੋੜ੍ਹਾ ਹਲਕਾ ਅਤੇ ਰਾਤ ਨੂੰ ਬਿਲਕੁਲ ਸਾਦਾ ਅਤੇ ਹਲਕਾ ਭੋਜਨ ਖਾਣਾ ਚਾਹੀਦਾ ਹੈ, ਤਾਂ ਹੀ ਪੇਟ ਦੀ ਹਾਲਤ ਠੀਕ ਬਣੀ ਰਹਿੰਦੀ ਹੈ। ਇਸ ਲਈ ਸਾਨੂੰ ਜਿਊਣ ਲਈ ਖਾਣਾ ਚਾਹੀਦਾ ਹੈ ਨਾ ਕਿ ਖਾਣ ਲਈ ਜਿਊਣਾ। ਸਵੇਰੇ ਜਾਗਣ ਤੋਂ ਦੋ ਘੰਟੇ ਦੇ ਵਕਫੇ ਬਾਅਦ ਨਾਸ਼ਤਾ ਕਰ ਲੈਣਾ ਸਿਹਤ ਲਈ ਚੰਗਾ ਹੁੰਦਾ ਹੈ। ਦੁਪਹਿਰ ਦੇ ਖਾਣੇ ਵਿੱਚ ਚੌਲ, ਰੋਟੀ, ਦਾਲ, ਦਹੀਂ, ਸਲਾਦ, ਮੌਸਮੀ ਹਰੀਆਂ ਸਬਜ਼ੀਆਂ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ। ਰਾਤ ਦਾ ਖਾਣਾ 7.30 ਤੋਂ 8 ਵਜੇ ਤਕ ਕਰ ਲੈਣਾ ਚਾਹੀਦਾ ਹੈ ਤਾਂਕਿ ਸੌਣ ਤਕ ਖਾਣਾ ਹਜ਼ਮ ਹੋ ਜਾਵੇ। ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਜਾਂ ਬਾਅਦ ਵਿੱਚ ਪਾਣੀ ਪੀਣਾ ਚਾਹੀਦਾ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਪਾਣੀ ਜ਼ਰੂਰ ਲੋੜ ਮੁਤਾਬਿਕ ਪੀਣਾ ਚਾਹੀਦਾ ਹੈ। ਇਸ ਨਾਲ ਦਿਲ ਦੀ ਸਮੱਸਿਆ ਅਤੇ ਦਿਮਾਗ ਸਟ੍ਰੋਕ ਦੀ ਸਮੱਸਿਆ ਦੀ ਸੰਭਾਵਨਾ ਘਟ ਜਾਂਦੀ ਹੈ।
ਨੀਂਦ ਦੀ ਘਾਟ ਦਾ ਵੀ ਸਿਹਤ ’ਤੇ ਮਾੜਾ ਪ੍ਰਭਾਵ ਪੈਂਦਾ ਹੈ। ਭਾਰਤ ਹੌਲੀ-ਹੌਲੀ ਨੀਂਦ ਦੀ ਘਾਟ ਦੀ ਗੰਭੀਰ ਸਮੱਸਿਆ ਵੱਲ ਵਧਦਾ ਦਿਖਾਈ ਦੇ ਰਿਹਾ ਹੈ। ਦੇਸ਼ ਦੇ ਲਗਭਗ 46 ਫ਼ੀਸਦੀ ਲੋਕਾਂ ਨੂੰ ਰੋਜ਼ਾਨਾ ਛੇ ਘੰਟੇ ਤੋਂ ਵੀ ਘੱਟ ਨੀਂਦ ਮਿਲਦੀ ਹੈ। ਜਦੋਂਕਿ ਡਾਕਟਰੀ ਮਾਹਿਰਾਂ ਵੱਲੋਂ ਸਿਹਤਮੰਦ ਰਹਿਣ ਲਈ ਔਸਤਨ ਅੱਠ ਘੰਟੇ ਦੀ ਨੀਂਦ ਜ਼ਰੂਰੀ ਮੰਨੀ ਜਾਂਦੀ ਹੈ। ਇਹ ਸਰਵੇ ਦਸੰਬਰ 2025 ਤੋਂ ਮਾਰਚ 2026 ਦਰਮਿਆਨ ਦੇਸ਼ ਦੇ 393 ਜ਼ਿਲ੍ਹਿਆਂ ਵਿੱਚ ਕੀਤਾ ਗਿਆ, ਜਿਸ ਵਿੱਚ 89 ਹਜ਼ਾਰ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ। ਸਰਵੇ ਮੁਤਾਬਿਕ ਸਿਰਫ 8 ਫ਼ੀਸਦ ਲੋਕਾਂ ਨੂੰ ਹੀ ਰੋਜ਼ਾਨਾ 8 ਤੋਂ 10 ਘੰਟੇ ਦੀ ਨੀਂਦ ਮਿਲ ਰਹੀ ਹੈ। ਜਦਕਿ 42 ਫ਼ੀਸਦ ਲੋਕ 6 ਤੋਂ 8 ਘੰਟੇ ਸੌਂਦੇ ਹਨ। ਦੂਜੇ ਪਾਸੇ 23 ਫ਼ੀਸਦ ਲੋਕ ਸਿਰਫ 4 ਤੋਂ 6 ਘੰਟੇ ਅਤੇ ਇੰਨੇ ਹੀ ਲੋਕ 4 ਘੰਟੇ ਜਾਂ ਇਸ ਤੋਂ ਘੱਟ ਨੀਂਦ ਲੈਂਦੇ ਹਨ। ਸਰਵੇ ਦੇ ਆਧਾਰ ’ਤੇ ਕਿਹਾ ਜਾ ਸਕਦਾ ਹੈ ਕਿ ਲਗਭਗ 70 ਕਰੋੜ ਭਾਰਤੀ ਉਨੀਂਦਰੇ ਦੇ ਸ਼ਿਕਾਰ ਹਨ।
ਸਰਵੇ ਵਿੱਚ ਸਾਹਮਣੇ ਆਇਆ ਹੈ ਕਿ ਬਿਹਤਰ ਜੀਵਨ ਸ਼ੈਲੀ ਅਪਣਾਉਣ ਨਾਲ ਨੀਂਦ ਗੁਣਵੱਤਾ ਸੁਧਰ ਸਕਦੀ ਹੈ। ਜਿਨ੍ਹਾਂ ਲੋਕਾਂ ਦੀ ਨੀਂਦ ਵਿੱਚ ਸੁਧਾਰ ਹੋਇਆ ਹੈ, ਉਨ੍ਹਾਂ ਵਿੱਚੋਂ ਲਗਭਗ 60 ਫ਼ੀਸਦ ਲੋਕਾਂ ਨੇ ਰਾਤ ਦਾ ਹਲਕਾ-ਫੁਲਕਾ ਭੋਜਨ, ਨਿਯਮਤ ਕਸਰਤ ਅਤੇ ਘਰ ਦਾ ਹਾਂ ਪੱਖੀ ਮਾਹੌਲ ਇਸੇ ਦੇ ਪ੍ਰਮੁੱਖ ਕਾਰਨ ਦੱਸੇ। ਨੀਂਦ ਹਰ ਜੀਵ ਦੀ ਕੁਦਰਤੀ ਜ਼ਰੂਰਤ ਹੈ। ਦਿਨ ਭਰ ਦੀ ਥਕਾਵਟ ਤੋਂ ਬਾਅਦ ਚੰਗੀ ਨੀਂਦ ਲੈਣ ਨਾਲ ਸਾਡੇ ਅੰਦਰ ਊਰਜਾ ਦਾ ਦੁਬਾਰਾ ਸੰਚਾਰ ਹੋ ਜਾਂਦਾ ਹੈ। ਕੰਮ ਦੌਰਾਨ ਸਾਡੀਆਂ ਮਾਸਪੇਸ਼ੀਆਂ ਅਤੇ ਕੋਸ਼ਿਕਾਵਾਂ ਵਿੱਚ ਜੋ ਥਕਾਵਟ ਅਤੇ ਜੜਤਾ ਆਉਣ ਲਗਦੀ ਹੈ, ਨੀਂਦ ਉਨ੍ਹਾਂ ਦੀ ਮੁਰੰਮਤ ਕਰਕੇ ਵਿਕਾਰਾਂ ਨੂੰ ਦੂਰ ਕਰਦੀ ਹੈ। ਠੀਕ ਨੀਂਦ ਨਾਲ ਸਰੀਰ ਵਿੱਚ ਹਾਰਮੋਨ ਸੰਤੁਲਿਤ ਰਹਿੰਦੇ ਹਨ ਅਤੇ ਰੋਗ ਵਿਰੋਧੀ ਸਮੱਰਥਾ ਵਧਦੀ ਹੈ। ਨੀਂਦ ਤਣਾਅ ਨੂੰ ਘੱਟ ਕਰਨ, ਮਨੋਦਸ਼ਾ ਨੂੰ ਸਥਿਰ ਕਰਨ, ਇਕਾਗਰਤਾ ਅਤੇ ਯਾਦ ਸ਼ਕਤੀ ਵਧਾਉਣ ਵਿੱਚ ਸਹਾਈ ਹੁੰਦੀ ਹੈ।
ਨੀਂਦ ਦਿਮਾਗ਼ ਵਿੱਚ ਦਿਨ ਭਰ ਆਏ ਜ਼ਹਿਰੀਲੇ ਪਦਾਰਥਾਂ ਨੂੰ ਸਾਫ ਕਰਦੀ ਹੈ। ਨੀਂਦ ਸਾਡੀ ਭਾਵਨਾਤਮਿਕ ਸਿਹਤ ਲਈ ਇੱਕ ਰੀਸੈੱਟ ਬਟਨ ਦੀ ਤਰ੍ਹਾਂ ਕੰਮ ਕਰਦੀ ਹੈ, ਜਿਸ ਨਾਲ ਰਚਨਾਤਮਕਤਾ ਅਤੇ ਫੈਸਲੇ ਲੈਣ ਦੀ ਸਮੱਰਥਾ ਵਿੱਚ ਸੁਧਾਰ ਹੁੰਦਾ ਹੈ। ਨੀਂਦ ਦੇ ਇਹ ਲਾਭ ਵਿਅਕਤੀ ਨੂੰ ਤਦ ਹੀ ਪ੍ਰਾਪਤ ਹੋ ਸਕਦੇ ਹਨ, ਜਦੋਂ ਉਸਦੀ ਨੀਂਦ ਡੂੰਘੀ ਅਤੇ ਗੁਣਵੱਤਾਪੂਰਨ ਹੋਵੇ। ਅਜਿਹੀ ਨੀਂਦ ਸਰੀਰਕ ਅਤੇ ਮਾਨਸਿਕ ਮਿਹਨਤ ਨਾਲ ਹੋਈ ਥਕਾਵਟ ਤੋਂ ਬਾਅਦ ਹੀ ਆਉਂਦੀ ਹੈ। ਜੇ ਕੋਈ ਵਿਅਕਤੀ ਬਿਨਾਂ ਕਿਸੇ ਮਿਹਨਤ ਦੇ ਸਿਰਫ ਆਲਸ ਕਾਰਨ ਬਿਸਤਰੇ ’ਤੇ ਪਿਆ-ਪਿਆ ਸੌਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸਨੂੰ ਨੀਂਦ ਦੇ ਅਸਲ ਲਾਭ ਸ਼ਾਇਦ ਹੀ ਮਿਲਣ। ਇਸ ਲਈ ਇੱਕ ਸਰਗਰਮ ਅਤੇ ਊਰਜਾਵਾਨ ਜੀਵਨ ਲਈ ਮਨੁੱਖ ਨੂੰ ਆਲਸ ਦਾ ਤਿਆਗ ਕਰਕੇ ਆਪਣੇ ਰੋਜ਼ਾਨਾ ਦੇ ਕੰਮਾਂ ਵਿੱਚ ਕੋਸ਼ਿਸ਼ ਅਤੇ ਮਿਹਨਤ ਕਰਨੀ ਚਾਹੀਦੀ ਹੈ। ਮਿਹਨਤ ਨਾਲ ਨਾ ਸਿਰਫ ਭੌਤਿਕ ਲਾਭ ਹਾਸਲ ਹੋਣਗੇ, ਬਲਕਿ ਇਸ ਨਾਲ ਆਉਣ ਵਾਲੀ ਚੰਗੀ ਨੀਂਦ ਵਿਅਕਤੀ ਨੂੰ ਸਦਾ ਚੁਸਤ ਬਣਾਈ ਰੱਖੇਗੀ।
ਸਵੇਰ ਦੀ ਸੈਰ ਕੁਦਰਤੀ ਦਵਾਈ ਹੈ। ਸੈਰ ਕਰਨ ਨਾਲ ਸਰੀਰ ਨੂੰ ਤਾਜ਼ਗੀ ਮਹਿਸੂਸ ਹੁੰਦੀ ਹੈ ਕਿਉਂਕਿ ਤਾਜ਼ੀ ਹਵਾ ਵਿੱਚ ਔਕਸੀਜ਼ਨ ਦੀ ਮਾਤਰਾ ਵੱਧ ਹੁੰਦੀ ਹੈ। ਜ਼ਿੰਦਗੀ ਜਿਊਣ ਲਈ ਔਕਸੀਜ਼ਨ ਦੀ ਲੋੜ ਹੁੰਦੀ ਹੈ ਜੋ ਸਵੇਰ ਦੀ ਸੈਰ ਕਰਕੇ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ, ਜਿਵੇਂ ਰੇਗਮਾਰ ਨਾਲ ਲੋਹੇ ’ਤੇ ਲੱਗੇ ਜੰਗਾਲ ਨੂੰ ਲਾਹਿਆ ਜਾ ਸਕਦਾ ਹੈ। ਸੈਰ ਕਰਨ ਨਾਲ ਸਰੀਰ ਊਰਜਾਵਾਨ ਅਤੇ ਸਕਾਰਾਤਮਕ ਰਹਿੰਦਾ ਹੈ, ਮਨ ਵਿੱਚ ਸਕਾਰਾਤਮਕ ਵਿਚਾਰ ਆਉਂਦੇ ਹਨ। ਸਾਰਾ ਦਿਨ ਚੰਗਾ ਬਤੀਤ ਹੁੰਦਾ ਹੈ। ਸੈਰ ਕਰਨ ਨਾਲ ਜ਼ਿੰਦਗੀ ਬਦਲ ਜਾਂਦੀ ਹੈ। ਸੈਰ ਤੋਂ ਭਾਵ ਤੁਰਨਾ ਹੈ। ਸਾਨੂੰ ਰੋਜ਼ਾਨਾ ਸੈਰ ਕਰਨੀ ਚਾਹੀਦੀ ਹੈ।
ਸਿਹਤ ਹੈ ਤਾਂ ਜਹਾਨ ਹੈ। ਸਿਹਤ ਅਸਲ ਵਿੱਚ ਮਨ ਦੀ ਖੁਸ਼ੀ ਹੈ ਅਤੇ ਮਨ ਦੀ ਖੁਸ਼ੀ ਰੂਹ ਨੂੰ ਸਵਸਥ ਰੱਖਦੀ ਹੈ। ਸਵੇਰੇ ਜਲਦੀ ਉਠਣਾ ਅਤੇ ਰਾਤ ਨੂੰ ਸਮੇਂ ਸਿਰ ਸੌਣਾ ਚਾਹੀਦਾ ਹੈ। ਛੇਤੀ ਸੌਣ ਅਤੇ ਜਾਗਣ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ। ਹਰ ਰੋਜ਼ ਕਸਰਤ ਕਰਨੀ ਚਾਹੀਦੀ ਹੈ। ਕਸਰਤ ਸਰੀਰ ਲਈ ਲਾਭਕਾਰੀ ਹੈ। ਕਸਰਤ ਨਾਲ ਸਰੀਰ ਵਿੱਚ ਫ਼ੁਰਤੀ ਅਤੇ ਤਾਕਤ ਪੈਦਾ ਹੁੰਦੀ ਹੈ। ਹਮੇਸ਼ਾ ਆਸ਼ਾਵਾਦੀ ਸੋਚ ਅਪਣਾਉਣੀ ਚਾਹੀਦੀ ਹੈ। ਸਦਾ ਚੜ੍ਹਦੀ ਕਲਾ ਵਿੱਚ ਰਹਿਣਾ ਚਾਹੀਦਾ ਹੈ। ਆਪਣੇ ਆਪ ਨੂੰ ਰੁਝੇਵੇਂ ਵਿੱਚ ਰੱਖਣਾ ਚਾਹੀਦਾ ਹੈ। ਚੜ੍ਹਦੀ ਕਲਾ ਅਜਿਹਾ ਮੰਤਰ ਹੈ, ਜਿਹੜਾ ਇਨਸਾਨ ਨੂੰ ਕਦੇ ਵੀ ਨਿਰਾਸ਼ਾ ਅਤੇ ਨਾਂਹਪੱਖੀ ਸੋਚ ਦੇ ਨੇੜੇ ਢੁੱਕਣ ਨਹੀਂ ਦਿੰਦਾ। ਚੜ੍ਹਦੀ ਕਲਾ ਮਨੁੱਖੀ ਹੌਸਲੇ ਦਾ ਪ੍ਰਤੀਕ ਹੁੰਦੀ ਹੈ।
ਸਿਹਤਮੰਦ ਆਦਤਾਂ ਹੀ ਲੰਮੀ ਉਮਰ ਦਾ ਰਾਜ਼ ਹਨ। ਸਿਹਤਮੰਦ ਆਦਤਾਂ ਵਿਅਕਤੀ ਦੇ ਜੀਵਨ ਨੂੰ ਬਿਮਾਰੀ ਰਹਿਤ ਬਣਾਉਂਦੀਆਂ ਹਨ। ਹਾਲ ਹੀ ਵਿੱਚ ਮਾਹਿਰਾਂ ਵੱਲੋਂ ਕੀਤੀ ਗਈ ਇੱਕ ਖੋਜ ਅਨੁਸਾਰ ਸਿਹਤਮੰਦ ਆਦਤਾਂ ਵਿਅਕਤੀ ਦੀ ਉਮਰ ਵੀ ਲੰਮੀ ਕਰਦੀਆਂ ਹਨ। ਇਨ੍ਹਾਂ ਮਾਹਿਰਾਂ ਨੇ ਆਪਣੀ ਖੋਜ ਵਿੱਚ ਲਗਭਗ ਸਤਾਰਾਂ ਸੌ ਵਿਅਕਤੀਆਂ ਦੀਆਂ ਆਦਤਾਂ ਦੀ ਵਿਸਥਾਰਿਤ ਜਾਂਚ ਕੀਤੀ ਅਤੇ ਇਸ ਨਤੀਜੇ ’ਤੇ ਪਹੁੰਚੇ ਕਿ ਜਿਹੜੇ ਲੋਕ ਲਗਾਤਾਰ ਕਸਰਤ ਕਰਦੇ ਹਨ, ਸਹੀ ਖਾਣ-ਪੀਣ ਰੱਖਦੇ ਹਨ, ਉਹ ਜ਼ਿਆਦਾ ਉਮਰ ਜਿਊਂਦੇ ਹਨ ਅਤੇ ਜੀਵਨ ਸ਼ੈਲੀ ਨਾਲ ਸੰਬਧਿਤ ਬਿਮਾਰੀਆਂ, ਜਿਵੇਂ ਦਿਲ ਦੇ ਰੋਗ, ਹਾਈ ਬਲੱਡ ਪ੍ਰੈੱਸ਼ਰ ਆਦਿ ਤੋਂ ਸੁਰੱਖਿਅਤ ਰਹਿੰਦੇ ਹਨ। ਜਦਕਿ ਗ਼ਲਤ ਜੀਵਨ ਸ਼ੈਲੀ ਅਤੇ ਸਿਹਤਮੰਦ ਆਦਤਾਂ ਨਾ ਅਪਣਾਉਣ ਵਾਲੇ ਵਿਅਕਤੀ ਬਿਮਾਰੀਆਂ ਦਾ ਸ਼ਿਕਾਰ ਤਾਂ ਬਣਦੇ ਹੀ ਹਨ, ਨਾਲ ਹੀ ਆਪਣੀ ਉਮਰ ਵੀ ਘੱਟ ਕਰ ਲੈਂਦੇ ਹਨ। ਇਸ ਲਈ ਬਿਮਾਰੀਆਂ ਤੋਂ ਬਚਣ ਅਤੇ ਲੰਮੀ ਉਮਰ ਹਾਸਲ ਕਰਨ ਲਈ ਸਾਨੂੰ ਆਪਣੀਆਂ ਆਦਤਾਂ ਵਿੱਚ ਸੁਧਾਰ ਜ਼ਰੂਰ ਕਰ ਲੈਣਾ ਚਾਹੀਦਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)













































































































