NarinderSZira7“ਖ਼ੁਸ਼ ਰਹਿਣ ਲਈ ਵਿਅਕਤੀ ਨੂੰ ਸਦਾ ਉੱਦਮ ਕਰਦੇ ਰਹਿਣਾ ਚਾਹੀਦਾ ਹੈ। ਖ਼ੁਸ਼ ਮਿਜਾਜ਼ ...”
(22 ਅਕਤੂਬਰ 2026)

 

ਖੁਸ਼ੀ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਹੈ। ਖੁਸ਼ੀ ਮਨ ਦੀ ਸੁਹੱਪਣ ਭਰੀ ਉਹ ਸੰਤੁਲਿਤ ਭਰੀ ਅਵਸਥਾ ਹੈ ਜਿੱਥੇ ਮਨੁੱਖ ਆਪਣੇ ਅੰਦਰਲੇ ਅਤੇ ਬਾਹਰਲੇ ਸੰਸਾਰ ਨਾਲ ਇਕਮਿਕ ਹੋ ਜਾਂਦਾ ਹੈ। ਖੁਸ਼ੀ ਸਾਡੇ ਅੰਦਰ ਵਸਦਾ ਇੱਕ ਸੱਚ ਹੈ। ਖੁਸ਼ੀ ਕੋਈ ਸੁਪਨਾ ਨਹੀਂ ਹੈ। ਖੁਸ਼ੀ ਸਿਰਫ ਆਰਥਿਕ ਵਿਕਾਸ ਨਾਲ ਨਹੀਂ, ਸਗੋਂ ਸੱਭਿਆਚਾਰਕ ਅਤੇ ਆਤਮਿਕ ਸੰਤੁਲਨ ਨਾਲ ਜੁੜੀ ਹੋਈ ਹੈ। ਖੁਸ਼ੀ ਨੂੰ ਸਮਝਣ ਲਈ ਸਾਨੂੰ ਆਪਣੇ ਆਪ ਨਾਲ ਸੰਵਾਦ ਕਰਨਾ ਪੈਂਦਾ ਹੈ। ਮਨੁੱਖੀ ਖੁਸ਼ੀ ਤੁਰੰਤ ਪ੍ਰਾਪਤ ਹੋਣ ਵਾਲੀ ਚੀਜ਼ ਨਹੀਂ ਹੈ, ਸਗੋਂ ਜੀਵਨ ਦੀ ਇੱਕ ਲੰਮੀ ਪ੍ਰਕਿਰਿਆ ਹੈ। ਅੱਜ ਦੇ ਭੱਜ-ਦੌੜ ਭਰੇ ਯੁਗ ਵਿੱਚ ਹਰ ਇਨਸਾਨ ਪੈਸੇ ਦੀ ਅੰਨ੍ਹੀ ਦੌੜ ਵਿੱਚ ਸ਼ਾਮਲ ਹੈ। ਮਹਿੰਗੀਆਂ ਕਾਰਾਂ, ਵੱਡੀਆਂ ਕੋਠੀਆਂ ਅਤੇ ਬੈਂਕ ਬੈਲੈਂਸ ਹੀ ਜ਼ਿੰਦਗੀ ਦਾ ਅੰਤਿਮ ਟੀਚਾ ਬਣ ਗਏ ਹਨ। ਇਸ ਅੰਨ੍ਹੀ ਦੌੜ ਵਿੱਚ ਇਨਸਾਨ ਆਪਣਾ ਸਕੂਨ, ਨੀਂਦ ਅਤੇ ਇੱਥੋਂ ਤਕ ਕਿ ਆਪਣੇ ਪਰਿਵਾਰ ਨੂੰ ਵੀ ਪਿੱਛੇ ਛੱਡ ਦਿੰਦਾ ਹੈ। ਅਸੀਂ ਸਾਰੀ ਉਮਰ ਪੈਸਾ ਕਮਾਉਣ ਲਈ ਆਪਣੀ ਸਿਹਤ ਗੁਆ ਦਿੰਦੇ ਹਾਂ ਅਤੇ ਫਿਰ ਉਸੇ ਸਿਹਤ ਨੂੰ ਵਾਪਸ ਪਾਉਣ ਲਈ ਕਮਾਇਆ ਹੋਇਆ ਪੈਸਾ ਹਸਪਤਾਲਾਂ ਵਿੱਚ ਪਾਣੀ ਵਾਂਗ ਵਹਾਅ ਦਿੰਦੇ ਹਾਂ। ਅਸਲ ਖੁਸ਼ੀ ਦਾ ਰਿਸ਼ਤਾ ਨੋਟਾਂ ਦੀ ਗਿਣਤੀ ਨਾਲ ਨਹੀਂ ਸਗੋਂ ਸਾਡੀ ਜੀਵਨ ਸ਼ੈਲੀ ਅਤੇ ਰਿਸ਼ਤਿਆਂ ਦੀ ਮਿਠਾਸ ਨਾਲ ਹੁੰਦਾ ਹੈ।

ਘਰ ਵਿੱਚ ਕਲੇਸ਼ ਦਾ ਨਾ ਹੋਣਾ, ਨਸ਼ਿਆਂ ਤੋਂ ਮੁਕਤੀ, ਚੰਗੀ ਸਿਹਤ, ਬੱਚਿਆਂ ਦਾ ਆਗਿਆਕਾਰੀ ਅਤੇ ਸੰਸਕਾਰੀ ਹੋਣਾ ਖ਼ੁਸ਼ਹਾਲ ਜੀਵਨ ਦਾ ਅਧਾਰ ਹਨ। ਪਰਿਵਾਰਕ ਮੈਂਬਰਾਂ ਵਿੱਚ ਆਪਸੀ ਪਿਆਰ, ਸਹਿਯੋਗ, ਬਜ਼ੁਰਗਾਂ ਦਾ ਸਤਿਕਾਰ ਸੱਚੀ ਅਮੀਰੀ ਦਾ ਅਧਾਰ ਹਨ। ਨਸ਼ਾ ਸਿਰਫ ਪੈਸਾ ਹੀ ਨਹੀਂ ਸਗੋਂ ਘਰ ਦੀ ਸਾਰੀ ਖ਼ੁਸ਼ਹਾਲੀ ਅਤੇ ਇੱਜ਼ਤ ਤਬਾਹ ਕਰ ਦਿੰਦਾ ਹੈ। ਇੱਕ ਅਮੀਰ, ਬਿਮਾਰ ਆਦਮੀ ਨਾਲੋਂ ਇੱਕ ਗਰੀਬ ਤੰਦਰੁਸਤ ਆਦਮੀ ਕਿਤੇ ਜ਼ਿਆਦਾ ਸੁਖੀ ਹੁੰਦਾ ਹੈ। ਬਿਮਾਰੀਆਂ ਰਹਿਤ ਸਰੀਰ ਹੀ ਜ਼ਿੰਦਗੀ ਦਾ ਅਸਲੀ ਅਨੰਦ ਮਾਣ ਸਕਦਾ ਹੈ। ਸੱਚੀ ਦੌਲਤ ਆਤਮਿਕ ਸੰਤੁਸ਼ਟੀ ਅਤੇ ਪਰਿਵਾਰਕ ਏਕਤਾ ਵਿੱਚ ਹੀ ਵਸਦੀ ਹੈ। ਜੀਵਨ ਨੂੰ ਸੋਹਣਾ ਬਣਾਉਣ ਲਈ ਇਸ ਵਿੱਚ ਖ਼ੁਸ਼ੀਆਂ ਦੇ ਰੰਗ ਭਰਨੇ ਜ਼ਰੂਰੀ ਹਨ। ਭਾਵ, ਸਾਨੂੰ ਆਪਣੇ ਆਲੇ-ਦੁਆਲੇ ਖੁਸ਼ੀ ਦਾ ਮਾਹੌਲ ਬਣਾ ਕੇ ਹੱਖਣਾ ਚਾਹੀਦਾ ਹੈ।

ਵਿਸ਼ਵ ਪ੍ਰਸੰਨਤਾ ਰਿਪੋਰਟ 2026 ਅਨੁਸਾਰ 147 ਦੇਸ਼ਾਂ ਵਿੱਚੋਂ ਭਾਰਤ ਦਾ ਸਥਾਨ 116ਵਾਂ ਹੈ। ਫਿਨਲੈਂਡ ਲਗਾਤਾਰ ਨੌਂਵੇਂ ਸਾਲ ਦੁਨੀਆ ਦਾ ਸਭ ਤੋਂ ਖ਼ੁਸ਼ਹਾਲ ਦੇਸ਼ ਹੈ। ਇਸ ਤੋਂ ਬਾਅਦ ਆਇਸਲੈਂਡ, ਡੈਨਮਾਰਕ, ਕੋਸਟਾਰਿਕਾ ਅਤੇ ਸਵੀਡਨ ਆਉਂਦੇ ਹਨ। ਇਨ੍ਹਾਂ ਦੇ ਨਾਲ ਹੀ ਨਾਰਵੇ ਅਤੇ ਨੈਦਰਲੈਂਡ, ਲਕਸਮਬਰਗ ਅਤੇ ਸਵਿਟਜ਼ਰਲੈਂਡ ਵੀ ਆਮ ਹੀ ਉੱਪਰਲੇ ਦਸ ਮੁਲਕਾਂ ਵਿੱਚ ਰਹਿੰਦੇ ਹਨ। ਇਸ ਸੂਚੀ ਵਿੱਚ ਅਮਰੀਕਾ 23ਵੇਂ ਸਥਾਨ ’ਤੇ, ਕੈਨੇਡਾ 25ਵੇਂ ਸਥਾਨ ’ਤੇ ਅਤੇ ਬ੍ਰਿਟੇਨ 29ਵੇਂ ਸਥਾਨ ’ਤੇ ਹੈ। ਚੀਨ 65ਵੇਂ ਸਥਾਨ ’ਤੇ, ਨਿਪਾਲ 99ਵੇਂ ਸਥਾਨ ’ਤੇ ਅਤੇ ਪਾਕਿਸਤਾਨ 104ਵੇਂ ਸਥਾਨ ’ਤੇ ਹੈ। ਇਸ ਤਰ੍ਹਾਂ ਭਾਰਤ ਆਪਣੇ ਗੁਆਂਢੀ ਮੁਲਕ ਚੀਨ, ਨਿਪਾਲ ਅਤੇ ਪਾਕਿਸਤਾਨ ਤੋਂ ਵੀ ਇਸ ਰਿਪੋਰਟ ਮੁਤਾਬਿਕ ਪਿੱਛੇ ਹੈ।

ਵਿਸ਼ਵ ਪ੍ਰਸੰਨਤਾ ਰਿਪੋਰਟ ਪ੍ਰਤੀ ਵਿਅਕਤੀ ਜੀ ਡੀ ਪੀ, ਜੀਵਨ ਪ੍ਰਤੀ ਉਮੀਦ, ਸਮਾਜਿਕ ਸਹਿਯੋਗ, ਜੀਵਨ ਸੰਬੰਧੀ ਫੈਸਲਾ ਲੈਣ ਦੀ ਅਜ਼ਾਦੀ, ਉਦਾਰਤਾ ਅਤੇ ਭ੍ਰਿਸ਼ਟਾਚਾਰ ਦੀ ਧਾਰਨਾ ਛੇ ਮਾਪਦੰਡਾਂ ਦੇ ਮੁਲਾਂਕਣ ਦੇ ਅਧਾਰ ’ਤੇ ਤਿਆਰ ਕੀਤੀ ਗਈ ਹੈ। ਭਾਰਤ ਵਿੱਚ ਖੁਸ਼ੀ ਦੀ ਘਾਟ ਦਾ ਅਸਲ ਸਰੋਤ ਸਮਾਜਿਕ, ਸਿਆਸੀ ਅਤੇ ਆਰਥਿਕ ਨੀਤੀਆਂ ਅਤੇ ਸਮਾਜਿਕ ਢਾਂਚੇ ਦੀਆਂ ਕੰਮਜ਼ੋਰੀਆਂ ਹਨ। ਮੁਲਕ ਵਿੱਚ ਆਰਥਿਕ ਸੁਰੱਖਿਆ ਦੀ ਵੱਡੇ ਪੈਮਾਨੇ ’ਤੇ ਕਮੀ ਹੈ ਅਤੇ ਦੇਸ਼ ਉਨ੍ਹਾਂ ਮੁਲਕਾਂ ਵਿੱਚ ਸ਼ਾਮਲ ਹੈ, ਜਿਨ੍ਹਾਂ ਵਿੱਚ ਸਭ ਤੋਂ ਵਧੇਰੇ ਆਰਥਿਕ ਨਾਬਰਾਬਰੀ ਪਾਈ ਜਾਂਦੀ ਹੈ।

ਵਿਸ਼ਵ ਪ੍ਰਸੰਨਤਾ ਰਿਪੋਰਟ ਅਨੁਸਾਰ ਜਿਨ੍ਹਾਂ ਮੁਲਕਾਂ ਵਿੱਚ ਸਰਕਾਰਾਂ ਆਪਣੇ ਲੋਕਾਂ ਲਈ ਆਰਥਿਕ ਅਤੇ ਸਮਾਜਿਕ ਸੁਰੱਖਿਆ ਵਾਲਾ ਮਾਹੌਲ ਬਣਾਈ ਰੱਖਦੀਆਂ ਹਨ, ਉਨ੍ਹਾਂ ਮੁਲਕਾਂ ਵਿੱਚ ਖੁਸ਼ੀ ਦਾ ਪੈਮਾਨਾ ਉੱਚਾ ਰਹਿੰਦਾ ਹੈ। ਇਨ੍ਹਾਂ ਮੁਲਕਾਂ ਦੇ ਲੋਕਾਂ ਦੀ ਖੁਸ਼ੀ ਦਾ ਰਾਜ਼ ਸਮਾਜ ਵਿੱਚ ਪਾਈ ਜਾਂਦੀ ਬਰਾਬਰ ਦੀ ਆਰਥਿਕ ਖ਼ੁਸ਼ਹਾਲੀ, ਵਿਆਪਕ ਆਧੁਨਿਕ ਸਿਹਤ ਸਹੂਲਤਾਂ ਅਤੇ ਸਰਕਾਰ ਦੁਆਰਾ ਪ੍ਰਦਾਨ ਕੀਤੀ ਜਬਰਦਸਤ ਸਮਾਜਿਕ ਸੁਰੱਖਿਆ ਹੈ। ਇਨ੍ਹਾਂ ਮੁਲਕਾਂ ਵਿੱਚ ਅਮੀਰ ਅਤੇ ਗਰੀਬ ਦਰਮਿਆਨ ਪਾੜਾ ਘੱਟ ਹੋਣ ਕਾਰਨ ਮੰਦੀ ਜਿਹੇ ਔਖੇ ਦੌਰ ਨੂੰ ਲੋਕ ਅਰਾਮ ਨਾਲ ਲੰਘਾ ਲੈਂਦੇ ਹਨ। ਇਨ੍ਹਾਂ ਹਾਲਾਤ ਨੂੰ ਦੇਖਦਿਆਂ ਲਗਦਾ ਹੈ ਕਿ ਪ੍ਰਸੰਨਤਾ ਦੇ ਮਾਮਲੇ ਵਿੱਚ ਭਾਰਤ ਦੇ ਲੋਕਾਂ ਦੀ ਹਾਲਤ ਬਹੁਤ ਦੁਖਦਾਇਕ ਹੈ।

ਖੁਸ਼ੀ ਕੋਈ ਮੰਜ਼ਿਲ ਨਹੀਂ, ਸਗੋਂ ਸਫਰ ਹੈ। ਇਹ ਸਫਰ ਛੋਟੀਆਂ-ਛੋਟੀਆਂ ਖ਼ੁਸ਼ੀਆਂ ਦੇ ਪਲਾਂ ਨਾਲ ਭਰਿਆ ਹੋਇਆ ਹੈ। ਸਵੇਰ ਦੀ ਪਹਿਲੀ ਕਿਰਨ, ਪੰਛੀਆਂ ਦਾ ਚਹਿਚਹਾਉਣਾ, ਬੱਚਿਆਂ ਦੀ ਮੁਸਕਰਾਹਟ, ਦੋਸਤਾਂ ਨਾਲ ਗੱਲਬਾਤ, ਗਰਮ ਚਾਹ ਦਾ ਕੱਪ ਆਦਿ ਇਹ ਸਭ ਛੋਟੀਆਂ ਛੋਟੀਆਂ ਖ਼ੁਸ਼ੀਆਂ ਹਨ, ਜੋ ਸਾਡੇ ਜੀਵਨ ਨੂੰ ਰੋਸ਼ਨ ਕਰਦੀਆਂ ਹਨ। ਇਨ੍ਹਾਂ ਛੋਟੀਆਂ-ਛੋਟੀਆਂ ਖ਼ੁਸ਼ੀਆਂ ਦਾ ਸਾਡੀ ਮਾਨਸਿਕ ਅਤੇ ਭਾਵਨਾਤਮਿਕ ਸਿਹਤ ਉੱਤੇ ਬਹੁਤ ਡੂੰਘਾ ਪ੍ਰਭਾਵ ਪੈਂਦਾ ਹੈ। ਇਹ ਸਾਨੂੰ ਵਰਤਮਾਨ ਵਿੱਚ ਜਿਊਂਣਾ ਸਿਖਾਉਂਦੀਆਂ ਹਨ। ਕਿਸੇ ਲੋੜਵੰਦ ਦੀ ਮਦਦ ਕਰਨਾ, ਕਿਸੇ ਨੂੰ ਮੁਸਕਰਾਹਟ ਦੇਣਾ, ਕਿਸੇ ਦੀ ਕੰਮ ਵਿੱਚ ਮਦਦ ਕਰਨਾ ਜਾਂ ਕਿਸੇ ਦੇ ਕੰਮ ਆਉਣਾ ਅੰਦਰੂਨੀ ਖੁਸ਼ੀ ਪ੍ਰਦਾਨ ਕਰਦੇ ਹਨ। ਛੋਟੀਆਂ ਛੋਟੀਆਂ ਖ਼ੁਸ਼ੀਆਂ ਨੂੰ ਪਛਾਨਣਾ ਅਤੇ ਮਾਣਨਾ ਇੱਕ ਕਲਾ ਹੈ ਜਿਸਨੂੰ ਅਭਿਆਸ ਨਾਲ ਸਿੱਖਿਆ ਜਾ ਸਕਦਾ ਹੈ।

ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਇਹ ਹੈ ਕਿ ਤੁਹਾਡੀ ਆਤਮਾ ’ਤੇ ਕੋਈ ਮਾਨਸਿਕ ਬੋਝ ਨਹੀਂ। ਅੱਜ-ਕੱਲ੍ਹ ਜ਼ਿਆਦਾ ਬਿਮਾਰੀਆਂ ਦੀ ਜੜ੍ਹ ਮਾਨਸਿਕ ਰੋਗ ਹਨ। ਦੂਜਿਆਂ ਲਈ ਨਫਰਤ ਅਤੇ ਸਾੜੇ ਦੀ ਭਾਵਨਾ ਮਨ ਵਿੱਚ ਰੱਖਣ ਵਾਲੇ ਆਪਣੀ ਸਿਹਤ ਦਾ ਜ਼ਿਆਦਾ ਨੁਕਸਾਨ ਕਰਦੇ ਹਨ। ਸੋ ਖ਼ੁਸ਼ ਰਹੋ ਅਤੇ ਆਪਣੇ ਪਰਿਵਾਰ ਨਾਲ ਖ਼ੁਸ਼ੀਆਂ ਮਾਣੋ। ਕੁਝ ਸਮਾਂ ਇਹ ਦੁਨੀਆ ਦੇ ਝਮੇਲਿਆਂ ਅਤੇ ਕੰਮਕਾਰਾਂ ਨੂੰ ਲਾਂਭੇ ਕਰਕੇ ਗੁਰਬਾਣੀ ਪੜ੍ਹੋ ਅਤੇ ਵਿਚਾਰ ਸਾਂਝੇ ਕਰੋ। ਜੇ ਤੁਹਾਡਾ ਮਨ ਇਸ ਪਾਸੇ ਨੂੰ ਮੁੜ ਗਿਆ ਤਾਂ ਮਾਨਸਿਕ ਸ਼ਾਂਤੀ ਅਤੇ ਸਕੂਨ ਨੂੰ ਮਾਣਿਆ ਜਾ ਸਕਦਾ ਹੈ। ਮਨ ਨੂੰ ਟਿਕਾਉਣ ਲਈ ਇਕਾਗਰ ਹੋ ਕੇ ਅਤੇ ਵਿਚਾਰ ਕੇ ਗੁਰਬਾਣੀ ਪੜ੍ਹਨ ਦੀ ਬਹੁਤ ਲੋੜ ਹੈ। ਜ਼ਿੰਦਗੀ ਇੱਕ ਵਾਰ ਮਿਲੀ ਹੈ, ਇਹ ਮੁੜ ਨਹੀਂ ਲੱਭਣੀ। ਇਸ ਲਈ ਇਸਨੂੰ ਜਿੰਨਾ ਵੀ ਰੱਜ ਕੇ ਮਾਣ ਸਕਦੇ ਹੋ, ਮਾਣੋ।

ਸਾਨੂੰ ਜ਼ਿੰਦਗੀ ਦਾ ਹਰ ਪਲ ਖ਼ੁਸ਼ ਰਹਿ ਕੇ ਗੁਜ਼ਾਰਨਾ ਚਾਹੀਦਾ ਹੈ। ਜ਼ਿੰਦਗੀ ਵਿੱਚ ਉਤਰਾਅ-ਚੜ੍ਹਾ ਆਉਂਦੇ ਹੀ ਰਹਿੰਦੇ ਹਨ। ਖੁਸ਼ੀ ਅਤੇ ਗਮੀ ਜੀਵਨ ਦੇ ਦੋ ਪਹਿਲੂ ਹਨ। ਖੁਸ਼ੀ ਮਨੁੱਖ ਨੂੰ ਨਵੀਂ ਊਰਜਾ ਪ੍ਰਦਾਨ ਕਰਦੀ ਹੈ ਅਤੇ ਹੋਰ ਖ਼ੁਸ਼ੀਆਂ ਪ੍ਰਾਪਤ ਕਰਨ ਲਈ ਉਤਸ਼ਾਹਿਤ ਕਰਦੀ ਹੈ; ਜਦਕਿ ਗਮੀ ਅਤੇ ਉਦਾਸੀ ਸਹਿਜਤਾ ਪੈਦਾ ਕਰਦੀ ਹੈ, ਮਨੁੱਖੀ ਜ਼ਿੰਦਗੀ ਦੇ ਅਰਥ ਸਮਝਾਉਂਦੀ ਹੈ। ਖੁਸ਼ੀ ਦਾ ਸਭ ਤੋਂ ਵੱਡਾ ਮੰਤਰ ਮਨ ਦੀ ਸੰਤੁਸ਼ਟੀ ਹੈ। ਖ਼ੁਸ਼ੀਆਂ ਦੇ ਮੌਕੇ ਆਪ ਪੈਦਾ ਕਰਨੇ ਪੈਂਦੇ ਹਨ। ਖੁਸ਼ੀ ਹਾਸਲ ਕਰਨ ਲਈ ਪਹਿਲਾਂ ਦੂਜੇ ਨੂੰ ਖੁਸ਼ੀ ਵੰਡਣੀ ਪੈਂਦੀ ਹੈ। ਖ਼ੁਸ਼ ਰਹਿਣ ਦਾ ਇਹ ਅਰਥ ਨਹੀਂ ਹੈ ਕਿ ਤੁਹਾਡੀ ਜ਼ਿੰਦਗੀ ਵਿੱਚ ਸਭ ਕੁਝ ਠੀਕ ਹੈ, ਸਗੋਂ ਇਸਦਾ ਮਤਲਬ ਇਹ ਹੈ ਕਿ ਤੁਸੀਂ ਆਪਣੇ ਦੁੱਖਾਂ ਤੋਂ ਉੱਪਰ ਉੱਠ ਕੇ ਜੀਣਾ ਸਿੱਖ ਲਿਆ ਹੈ।

ਆਰਥਿਕ, ਸਮਾਜਿਕ, ਰਾਜਨੀਤਿਕ ਜਾਂ ਸੰਸਾਰਿਕ ਪੱਧਰ ’ਤੇ ਖੁਸ਼ਹਾਲ ਹੋ ਜਾਣ ਦਾ ਮਤਲਬ ਇਹ ਨਹੀਂ ਕਿ ਸੰਬੰਧਿਤ ਵਿਅਕਤੀ ਬਹੁਤ ਖ਼ੁਸ਼ ਹੋਵੇਗਾ; ਸਗੋਂ ਕਾਨਿਆਂ ਦੀ ਛੱਤ ਬਣਾ ਕੇ ਤੇ ਹੱਥ ਉੱਤੇ ਰੱਖ ਕੇ ਰੋਟੀ ਖਾਣ ਵਾਲਾ ਗਰੀਬ ਵਿਅਕਤੀ ਸ਼ਾਇਦ ਮਹਿਲਾਂ ਵਿੱਚ ਬੈਠ ਕੇ ਸੋਨੇ ਚਾਂਦੀ ਦੇ ਬਰਤਨਾਂ ਵਿੱਚ ਛੱਤੀ ਪ੍ਰਕਾਰ ਦੇ ਭੋਜਨ ਖਾਣ ਵਾਲੇ ਧਨਾਢ ਨਾਲੋਂ ਵੱਧ ਸ਼ਾਂਤ, ਸੰਤੁਸ਼ਟ, ਮਾਨਸਿਕ ਤੌਰ ’ਤੇ ਹੌਲਾ, ਖ਼ੁਸ਼ ਅਤੇ ਚੈਨ ਦੀ ਨੀਂਦ ਸੌਂਦਾ ਹੋਵੇ। ਖੁਸ਼ੀ ਪਦਾਰਥਾਂ ਵਿੱਚ ਨਹੀਂ ਸਗੋਂ ਵਿਅਕਤੀ ਦੀ ਮਨੋ ਦਸ਼ਾ ਵਿੱਚ ਸਮਾਈ ਹੋਈ ਹੁੰਦੀ ਹੈ। ਖ਼ੁਸ਼ ਰਹਿਣ ਵਾਲਾ ਇਨਸਾਨ ਆਮ ਇਨਸਾਨ ਨਾਲੋਂ ਜ਼ਿਆਦਾ ਉਮਰ ਭੋਗਦਾ ਹੈ। ਖ਼ੁਸ਼ ਰਹਿਣ ਲਈ ਇਨਸਾਨ ਨੂੰ ਆਪਣੇ ਆਪ ਵਿੱਚ ਸੁਧਾਰ ਕਰ ਲੈਣਾ ਚਾਹੀਦਾ ਹੈ। ਖ਼ੁਸ਼ ਰਹਿਣ ਲਈ ਵਿਅਕਤੀ ਨੂੰ ਸਦਾ ਉੱਦਮ ਕਰਦੇ ਰਹਿਣਾ ਚਾਹੀਦਾ ਹੈ। ਖ਼ੁਸ਼ ਮਿਜਾਜ਼ ਅਤੇ ਖਿੜੇ ਰਹਿਣਾ ਇੱਕ ਕੀਮਤੀ ਗਹਿਣਾ ਹੈ। ਖੁਸ਼ ਰਹੋ, ਅਬਾਦ ਰਹੋ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:
(This email address is being protected from spambots. You need JavaScript enabled to view it.)

About the Author

ਨਰਿੰਦਰ ਸਿੰਘ ਜ਼ੀਰਾ

ਨਰਿੰਦਰ ਸਿੰਘ ਜ਼ੀਰਾ

Retired Lecturer. Zira, Ferozpur, Punjab, India
Phone: (91 - 98146 - 62260)

More articles from this author